ਚੋਣਾਂ ਨਹੀਂ ਕਰਾਉਣਗੇ ਤਾਂ ਝਾੜੂ ਫਿਰ ਜਾਵੇਗਾ- ਸ਼ੇਖ ਰਸ਼ੀਦ
ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਚੋਣਾਂ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਬੇਸ਼ੱਕ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੈਰਾਨ ਕਰ ਦੇਵਾਂਗੇ। ਸੁਪਰੀਮ ਕੋਰਟ ਦੇ ਫੈਸਲੇ 'ਤੇ ਵੀ ਕੰਮ ਕੀਤਾ ਜਾਵੇਗਾ ਅਤੇ ਲੋਕਤੰਤਰਿਕ ਤੇ ਸਿਆਸੀ ਸੋਚ 'ਤੇ ਵੀ ਕੰਮ ਕੀਤਾ ਜਾਵੇਗਾ'।
"ਇਹ ਬਹੁਤ ਚਿੰਤਾਜਨਕ, ਡਰਾਉਣੀ ਅਤੇ ਪਰੇਸ਼ਾਨ ਕਰਨ ਵਾਲੀ ਸਥਿਤੀ ਹੈ। ਇਸ ਦਾ ਨਤੀਜਾ ਕੁਝ ਵੀ ਹੋ ਸਕਦਾ ਹੈ। ਕੁਝ ਅਕਲ ਦੇ ਅੰਨ੍ਹੇ ਕੰਧ ਦੇ ਪਿੱਛੇ ਨਹੀਂ ਦੇਖ ਪਾਉਂਦੇ''।
ਉਨ੍ਹਾਂ ਕਿਹਾ ਕਿ ਜਿਨ੍ਹਾਂ 'ਤੇ ਇਲਜ਼ਾਮ ਤੈਅ ਕੀਤੇ ਜਾਣੇ ਹਨ, ਉਹ ਪਿਓ-ਪੁੱਤ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਬਣਨ ਜਾ ਰਹੇ ਹਨ, ਜੋ ਵੱਖ-ਵੱਖ ਮਾਮਲਿਆਂ 'ਚ ਆਰੋਪੀ ਹਨ। ਗਲੀ-ਮੁਹੱਲੇ ਵਿੱਚ ਲੜਾਈ-ਝਗੜਾ ਵਧਦਾ ਜਾ ਰਿਹਾ ਹੈ।
"ਇਸਦਾ ਅੰਜਾਮ ਚੰਗਾ ਨਹੀਂ ਹੋਵੇਗਾ। ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦਾ ਇੱਕ ਹੀ ਤਰੀਕਾ ਹੈ: ਚੋਣਾਂ, ਚੋਣਾਂ ਅਤੇ ਚੋਣਾਂ''।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਚੋਣਾਂ ਨਾ ਹੋਈਆਂ ਤਾਂ ਝਾੜੂ (ਹੂੰਝਾ) ਫਿਰ ਜਾਵੇਗਾ, ਲੜਾਈ ਹੋਵੇਗੀ। ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਦੇਸ਼ 'ਚ ਵੱਡੀ ਗਿਣਤੀ 'ਚ ਅੱਤਵਾਦੀ ਵੀ ਦਾਖਲ ਹੋ ਚੁੱਕੇ ਹਨ।