You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ-ਰੂਸ ਜੰਗ : ਪੁਤਿਨ ਦੀ ਸੰਸਾਰ ਨੂੰ ਚੇਤਾਵਨੀ, ਜੇਕਰ ਅਜਿਹਾ ਕੀਤਾ ਤਾਂ ਜੰਗ ਵਿਚ ਸ਼ਾਮਲ ਮੰਨਾਂਗੇ

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ ਦਸਵਾਂ ਦਿਨ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਨਾਟੋ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ

ਲਾਈਵ ਕਵਰੇਜ

  1. ਯੂਕਰੇਨ- ਰੂਸ ਜੰਗ: ਹੁਣ ਤੱਕ ਕੀ ਕੀ ਹੋਇਆ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਦਾ ਅੱਜ ਦਸਵਾਂ ਦਿਨ ਹੈ। ਅੱਜ ਪਹਿਲੀ ਵਾਰ ਰੂਸ ਵੱਲੋਂ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਨੀਵਾਰ ਦੁਪਹਿਰ ਤੱਕ ਇਹ ਖ਼ਾਸ ਹੈ:

    • ਸੰਯੁਕਤ ਰਾਸ਼ਟਰ ਮੁਤਾਬਕ ਹੁਣ ਤੱਕ 12 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।
    • ਅਮਰੀਕੀ ਸੈਨੇਟ ਨੇ ਯੂਕਰੇਨੀ ਰਾਸ਼ਟਰਪਤੀ ਨੂੰ ਜ਼ੂਮ ਰਾਹੀਂ ਬੈਠਕ ਦਾ ਸੱਦਾ ਦਿੱਤਾ ਹੈ।
    • ਰੂਸ ਉਪਰ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ। ਰੂਸੀ ਮੀਡੀਆ ਉਪਰ ਫੇਸਬੁੱਕ, ਟਵਿੱਟਰ ਤੇ ਯੂਟਿਊਬ ਤੋਂ ਬਾਅਦ ਹੁਣ ਟੈਲੀਗ੍ਰਾਮ ਨੇ ਵੀ ਪਾਬੰਦੀ ਲਗਾਈ ਹੈ।
    • ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਕੌਂਸਲ ਦੀ ਬੈਠਕ ਵਿੱਚ ਰੂਸ ਖ਼ਿਲਾਫ਼ ਮਤੇ ਉਤੇ ਭਾਰਤ ਫਿਰ ਗ਼ੈਰਹਾਜ਼ਰ ਰਿਹਾ।
    • ਰੋਮਾਨੀਆ ਅਤੇ ਵੱਖ ਵੱਖ ਉਡਾਣਾਂ ਰਾਹੀਂ ਪੰਜ ਸੌ ਤੋਂ ਵੱਧ ਭਾਰਤੀ ਨਾਗਰਿਕ ਵਾਪਸ ਆਏ ਹਨ।
  2. ਰੂਸ ਯੂਕਰੇਨ ਜੰਗ: ਲੜਾਈ ਦੌਰਾਨ ਕੁਝ ਖੁਸ਼ਨੁਮਾ ਪਲ

    ਰੂਸ ਅਤੇ ਯੂਕਰੇਨ ਦਰਮਿਆਨ ਜੰਗ ਤੋਂ ਬਾਅਦ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕਰੇਨ ਦੀਆਂ ਸਰਹੱਦਾਂ ਉੱਪਰ ਅਤੇ ਰੋਮਾਨੀਆ, ਹੰਗਰੀ ਵਿਖੇ ਮੌਜੂਦ ਹਨ। ਇਹ ਵਿਦਿਆਰਥੀ ਭਾਰਤ ਆਉਣ ਦਾ ਇੰਤਜ਼ਾਰ ਕਰ ਰਹੇ ਹਨ।

    ਸ਼ਨਿੱਚਰਵਾਰ ਸਵੇਰੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਇੱਕ ਭਾਰਤੀ ਵਿਦਿਆਰਥੀ ਕਾਰਤਿਕ ਰੋਮਾਨੀਆ ਯੂਕਰੇਨ ਦੀ ਸਰਹੱਦ 'ਤੇ ਆਪਣਾ ਜਨਮਦਿਨ ਮਨਾ ਰਿਹਾ ਹੈ।

    ਖ਼ਬਰ ਏਜੰਸੀ ਏਐਨਆਈ ਵੱਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਵਿੱਚ ਰੋਮਾਨੀਆ ਦੇ ਅਧਿਕਾਰੀ ਅਤੇ ਹੋਰ ਭਾਰਤੀ ਵਿਦਿਆਰਥੀ ਵੀ ਨਜ਼ਰ ਆ ਰਹੇ ਹਨ।

    ਸ਼ਨਿੱਚਰਵਾਰ ਸਵੇਰੇ ਰੋਮਾਨੀਆ ਤੋਂ ਦੋ ਉਡਾਣਾਂ ਵੀ ਭਾਰਤ ਪਹੁੰਚੀਆਂ ਹਨ।

  3. ਰੂਸ ਵੱਲੋਂ ਦੋ ਸ਼ਹਿਰਾਂ 'ਚ ਗੋਲੀਬੰਦੀ ਦਾ ਐਲਾਨ, ਆਮ ਲੋਕਾਂ ਲਈ ਖੋਲ੍ਹੇ ਜਾਣਗੇ ਲਾਂਘੇ

    ਰੂਸ ਦੇ ਰੱਖਿਆ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰੂਸੀ ਫੌਜ ਮਾਸਕੋ ਦੇ ਸਮੇਂ ਮੁਤਾਬਕ ਸਵੇਰੇ ਦੱਸ ਵਜੇ ਹਮਲੇ ਰੋਕ ਦੇਵੇਗੀ ਤਾਂ ਕਿ ਲੋਕਾਂ ਦੀ ਸਹਾਇਤਾ ਲਈ ਲਾਂਘੇ ਖੋਲ੍ਹੇ ਜਾ ਸਕਣ।

    ਇਹ ਲਾਂਘੇ ਮਾਰੀਊਪੋਲ ਅਤੇ ਵੋਲਨੋਵਾਕਾ ਸ਼ਹਿਰਾਂ ਵਿੱਚ ਖੁੱਲ੍ਹਣਗੇ। ਇਹ ਦੋਵੇਂ ਸ਼ਹਿਰ ਸਭ ਤੋਂ ਵੱਡੀਆਂ ਬੰਦਰਗਾਹਾਂ ਵਾਲੇ ਸ਼ਹਿਰ ਹਨ ਅਤੇ ਰੂਸ ਦੀਆਂ ਫ਼ੌਜਾਂ ਨੇ ਇਨ੍ਹਾਂ ਨੂੰ ਘੇਰਿਆ ਹੋਇਆ ਹੈ।

    ਇਸ ਸਮੇਂ ਦੌਰਾਨ ਨਾਗਰਿਕ ਅਤੇ ਹੋਰ ਲੋਕ ਸੁਰੱਖਿਅਤ ਸ਼ਹਿਰ ਛੱਡ ਕੇ ਜਾ ਸਕਣਗੇ।

    ਰੂਸੀ ਮੀਡੀਆ ਮੁਤਾਬਕ ਇਸ ਬਾਰੇ ਯੂਕਰੇਨੀ ਪ੍ਰਸ਼ਾਸਨ ਨਾਲ ਵੀ ਗੱਲ ਹੋ ਚੁੱਕੀ ਹੈ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਹਮਲੇ ਹੋਏ ਹਨ।

    ਕੀਵ, ਖਾਰਕੀਵ, ਸੂਮੀ ਵਰਗੇ ਸ਼ਹਿਰ ਜ਼ਿਆਦਾ ਪ੍ਰਭਾਵਿਤ ਹਨ।

    ਯੂਕਰੇਨ ਦੇ ਰਾਸ਼ਟਰਪਤੀ ਦੇ ਸਹਿਯੋਗੀ ਮਿਖਾਈਲ ਪੋਦੋਲਿਆਕ ਨੇ ਆਖਿਆ ਸੀ ਕਿ ਲਗਭਗ ਦੋ ਲੱਖ ਲੋਕ ਮਾਰੀਊਪੋਲ ਸ਼ਹਿਰ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।

  4. ਰੂਸ- ਯੂਕਰੇਨ ਜੰਗ ਦੇ ਦਸ ਦਿਨ: 10 ਵੱਡੀਆਂ ਘਟਨਾਵਾਂ

    ਰੂਸ ਅਤੇ ਯੂਕਰੇਨ ਦਰਮਿਆਨ ਜੰਗ ਨੂੰ 10 ਦਿਨ ਹੋ ਗਏ ਹਨ। ਇਨ੍ਹਾਂ ਦਸ ਦਿਨਾਂ ਵਿੱਚ ਇਹ ਚੀਜ਼ਾਂ ਰਹੀਆਂ ਅਹਿਮ:

    • ਖੇਰਸਨ ਪਹਿਲਾ ਅਜਿਹਾ ਸ਼ਹਿਰ ਬਣਿਆ ਜਿਸ ਉੱਪਰ ਰੂਸੀ ਫੌਜ ਨੇ ਕਬਜ਼ਾ ਕੀਤਾ।
    • ਸੰਯੁਕਤ ਰਾਸ਼ਟਰ ਮੁਤਾਬਕ 12 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ। ਜੰਗ ਦੌਰਾਨ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ।
    • ਰੂਸ ਦੀਆਂ ਫ਼ੌਜਾਂ ਨੇ ਦੇਸ਼ ਦੀ ਰਾਜਧਾਨੀ ਕੀਵ ਅਤੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ।
    • ਯੂਕਰੇਨ ਦੀ ਰਾਜਧਾਨੀ ਵੱਲ ਰੂਸ ਦਾ ਵੱਡਾ ਫ਼ੌਜੀ ਹਥਿਆਰਾਂ ਨਾਲ ਲੈਸ ਦਸਤਾ ਵਧ ਰਿਹਾ ਸੀ ਜੋ ਫਿਲਹਾਲ ਰੁਕਿਆ ਹੋਇਆ ਹੈ।
    • ਰੂਸ ਨੇ ਯੂਰਪ ਦੇ ਸਭ ਤੋਂ ਵੱਡੇ ਨਿਊਕਲੀਅਰ ਪਲਾਂਟ ਉੱਪਰ ਕਬਜ਼ਾ ਕੀਤਾ ਗਿਆ।
    • ਰੂਸ ਵੱਲੋਂ ਦੱਖਣੀ ਹਿੱਸੇ ਵਿੱਚ ਮੌਜੂਦ ਮਾਰੀਊਪੋਲ ਬੰਦਰਗਾਹ ਨੂੰ ਆਪਣੇ ਕਬਜ਼ੇ ਵਿੱਚ ਲੈ ਗਿਆ ਅਤੇ ਹੁਣ ਉਹ ਓਡੇਸਾ ਵੱਲ ਵਧ ਰਹੇ ਹਨ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਨਾਟੋ ਦੀ ਨਿਖੇਧੀ ਕੀਤੀ। ਨਾਟੋ ਨੇ ਯੂਕਰੇਨ ਨੂੰ 'ਨੋ ਫਲਾਈ ਜ਼ੋਨ' ਵਿੱਚ ਸ਼ਾਮਲ ਨਹੀਂ ਕੀਤਾ।
    • ਅਮਰੀਕਾ ਅਤੇ ਯੂਰਪੀਨ ਯੂਨੀਅਨ ਨੇ ਰੂਸ ਉਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ। ਇਨ੍ਹਾਂ ਪਾਬੰਦੀਆਂ ਦਾ ਮੰਤਵ ਰੂਸ ਦੇ ਵਪਾਰ ਅਤੇ ਆਰਥਿਕ ਹਾਲਾਤਾਂ ਨੂੰ ਪ੍ਰਭਾਵਿਤ ਕਰਨਾ ਹੈ।
    • ਜੰਗੀ ਅਪਰਾਧਾਂ ਦੇ ਇਲਜ਼ਾਮ ਲੱਗੇ ਅਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਇਸ ਦੀ ਜਾਂਚ ਕਰ ਰਹੀ ਹੈ।
    • ਰੂਸ ਉੱਪਰ ਯੂਕਰੇਨ ਵਿੱਚ ਪੜ੍ਹਦੇ ਹਜ਼ਾਰਾਂ ਭਾਰਤੀ ਵਿਦਿਆਰਥੀ ਵੀ ਪ੍ਰਭਾਵਿਤ ਹੋਏ ਅਤੇ ਕਈ ਉਡਾਣਾਂ ਨਾਲ ਉਹ ਦੇਸ਼ ਵਾਪਸ ਆ ਰਹੇ ਹਨ। ਦੋ ਭਾਰਤੀ ਵਿਦਿਆਰਥੀਆਂ ਦੀ ਯੂਕਰੇਨ ਵਿਖੇ ਮੌਤ ਹੋ ਗਈ ਹੈ ਅਤੇ ਇੱਕ ਦੇ ਗੋਲੀ ਲੱਗਣ ਦੀ ਖਬਰ ਹੈ।
  5. ਰੂਸ ਯੂਕਰੇਨ ਜੰਗ: ਜਦੋਂ ਦੋਸਤ ਲਈ ਛੱਡੀ ਭਾਰਤ ਦੀ ਉਡਾਣ

    ਯੂਕਰੇਨ 'ਤੇ ਰੂਸ ਦੇ ਹਮਲੇ ਦੌਰਾਨ ਮਨੁੱਖੀ ਦੁਖਾਂਤ ਦੇ ਨਾਲ-ਨਾਲ ਮਾਨਵਤਾ ਦੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ।

    ਅਜਿਹੀ ਹੀ ਇੱਕ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਮੁਹੰਮਦ ਫੈਸਲ ਅਤੇ ਵਾਰਾਣਸੀ ਦੇ ਕਮਲ ਸਿੰਘ ਰਾਜਪੂਤ ਦੀ।

    ਯੂਕਰੇਨ ਤੇ ਪੋਲੈਂਡ ਸਰਹੱਦ ਤੱਕ ਇਨ੍ਹਾਂ ਦੇ ਪਹੁੰਚਣ ਦੀ ਕਹਾਣੀ ਪੜ੍ਹੋ ਬੀਬੀਸੀ ਦੀ ਇਸ ਰਿਪੋਰਟ ਵਿੱਚ।

  6. 12 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕਰੇਨ- ਸੰਯੁਕਤ ਰਾਸ਼ਟਰ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਾਰਨ ਲੱਖਾਂ ਲੋਕ ਬੇਘਰ ਹੋ ਰਹੇ ਹਨ।

    ਸ਼ਰਨਾਰਥੀਆਂ ਸਬੰਧੀ ਸੰਯੁਕਤ ਰਾਸ਼ਟਰ ਦੀ ਏਜੰਸੀ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਕਰੀਬਨ 12 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।

    ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਪੋਲੈਂਡ ਗਏ ਹਨ। ਵੀਰਵਾਰ ਤੱਕ 6.5 ਲੱਖ ਲੋਕ ਯੂਕਰੇਨ ਤੇ ਪੋਲੈਂਡ ਦੇ ਸਨ ਜਦੋਂ ਕਿ ਡੇਢ ਲੱਖ ਯੂਕਰੇਨੀ ਹੰਗਰੀ ਗਏ ਹਨ।

    ਇਸ ਤੋਂ ਇਲਾਵਾ ਸਲੋਵਾਕੀਆ, ਮੋਲਡੋਵਾ ਅਤੇ ਰੋਮਾਨੀਆ ਵਿੱਚ ਵੀ ਸ਼ਰਨਾਰਥੀ ਪਹੁੰਚ ਰਹੇ ਹਨ।

    ਸੰਯੁਕਤ ਰਾਸ਼ਟਰ ਨੇ ਆਖਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਸਹਾਇਤਾ ਅਤੇ ਸੁਰੱਖਿਆ ਦੀ ਲੋੜ ਹੈ।

    ਉਨ੍ਹਾਂ ਕਿਹਾ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਵਿਗੜਦੇ ਰਹੇ ਤਾਂ 40 ਲੱਖ ਯੂਕਰੇਨੀ ਨਾਗਰਿਕਾਂ ਦੇ ਸ਼ਰਨਾਰਥੀ ਬਣਨ ਦਾ ਖ਼ਤਰਾ ਹੈ।

  7. ਅਮਰੀਕੀ ਸੈਨੇਟ ਨਾਲ ਜ਼ੂਮ 'ਤੇ ਬੈਠਕ ਕਰਨਗੇ ਯੂਕਰੇਨੀ ਰਾਸ਼ਟਰਪਤੀ

    ਅਮਰੀਕਾ ਦੀ ਸੈਨੇਟ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਜ਼ੂਮ ਰਾਹੀਂ ਬੈਠਕ ਦਾ ਸੱਦਾ ਦਿੱਤਾ ਹੈ।

    ਰੂਸ ਅਤੇ ਯੂਕਰੇਨ ਦਰਮਿਆਨ ਜੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੋਲੋਦੀਮੀਰ ਜ਼ੇਲੇਂਸਕੀ ਲਗਾਤਾਰ ਸੰਪਰਕ ਵਿੱਚ ਹਨ ਪਰ ਇਹ ਪਹਿਲੀ ਵਾਰ ਹੈ ਕਿ ਸੈਨੇਟ ਉਨ੍ਹਾਂ ਨਾਲ ਗੱਲ ਕਰੇਗੀ।

    ਪਿਛਲੇ ਹਫ਼ਤੇ ਅਮਰੀਕਾ ਵਿੱਚ ਯੂਕਰੇਨ ਦੇ ਰਾਜਦੂਤ ਓਕਸਾਨਾ ਮਾਰਕੋਵਾ ਨੇ ਸੈਨੇਟ ਮੈਂਬਰਾਂ ਨਾਲ ਬੈਠਕ ਕੀਤੀ ਸੀ ਅਤੇ ਆਖਿਆ ਸੀ ਕਿ ਉਨ੍ਹਾਂ ਦੇ ਦੇਸ਼ ਨੂੰ ਰੂਸ ਨਾਲ ਲੜਨ ਲਈ ਸਹਾਇਤਾ ਦੀ ਲੋੜ ਹੈ।

  8. ਯੂਕਰੇਨ-ਰੂਸ ਜੰਗ: ਨਾਟੋ ਦਾ ਬੋਇੰਗ ਜਹਾਜ਼ ਵਾਲਾ ਰਾਡਾਰ ਕਿਵੇਂ ਕਰ ਰਿਹਾ ਅਸਮਾਨ 'ਚ ਕੰਮ

    ਉਹ ਜਹਾਜ਼ ਜਿਸ ਰਾਹੀਂ ਨਾਟੋ ਅਸਮਾਨ ਦੀ ਨਿਗਰਾਨੀ ਕਰਦਾ ਹੈ। ਬੀਬੀਸੀ ਦੀ ਟੀਮ ਬੋਇੰਗ-707 ਵਿੱਚ ਚੜ੍ਹੀ, ਇਹ ਆਮ ਯਾਤਰੀ ਜਹਾਜ਼ ਨਹੀਂ ਹੈ। ਇਸ ਵਿੱਚ ਕੋਈ ਵੀ ਖਿੜਕੀ ਨਹੀਂ ਹੈ। ਇਹ ਅਸਲ ਵਿੱਚ ਫਲਾਇੰਗ ਦਫਤਰ ਹੈ।

  9. ਸਰਬੀਆ 'ਚ ਹੋਇਆ ਪੁਤਿਨ ਦੇ ਹੱਕ ਵਿੱਚ ਮਾਰਚ

    ਜਿੱਥੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਰੂਸ ਦੁਆਰਾ ਯੂਕਰੇਨ ਉਪਰ ਕੀਤੇ ਹਮਲੇ ਦੀ ਨਿਖੇਧੀ ਅਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਉਥੇ ਹੀ ਸਰਬੀਆ ਵਿੱਚ ਰੂਸ ਦੀ ਕਾਰਵਾਈ ਦਾ ਸਮਰਥਨ ਕੀਤਾ ਗਿਆ।

    ਇਸ ਸਮਰਥਨ ਮਾਰਚ ਵਿੱਚ ਤਕਰੀਬਨ 4000 ਲੋਕਾਂ ਨੇ ਹਿੱਸਾ ਲਿਆ।

    ਸਰਬੀਆ ਦੀ ਰਾਜਧਾਨੀ ਬੈਲਗਰੇਡ ਵਿੱਚ ਹੋਏ ਇਸ ਮਾਰਚ ਵਿੱਚ ਲੋਕਾਂ ਨੇ ਰੂਸੀ ਅਤੇ ਸਰਬੀਅਨ ਰਾਸ਼ਟਰੀ ਗਾਨ ਗਾਏ ਅਤੇ ਦੋਹਾਂ ਦੇਸ਼ਾਂ ਨੂੰ ਭਾਈਵਾਲ ਦੱਸਿਆ।

    ਇਸ ਮਾਰਚ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ।

  10. ਰੂਸ ਉੱਪਰ ਪਾਬੰਦੀਆਂ ਦਾ ਸਿਲਸਿਲਾ ਜਾਰੀ, ਹੁਣ ਟੈਲੀਗ੍ਰਾਮ ਨੇ ਰੂਸੀ ਮੀਡੀਆ ਉੱਤੇ ਲਗਾਈ ਰੋਕ

    ਫੇਸਬੁੱਕ, ਟਵਿੱਟਰ, ਯੂਟਿਊਬ ਅਤੇ ਟਿਕਟਾਕ ਤੋਂ ਬਾਅਦ ਹੁਣ ਟੈਲੀਗ੍ਰਾਮ ਨੇ ਰੂਸੀ ਮੀਡੀਆ ਉਤੇ ਪਾਬੰਦੀ ਲਗਾ ਦਿੱਤੀ ਹੈ।

    ਟੈਲੀਗ੍ਰਾਮ ਮੁਤਾਬਕ ਰੂਸੀ ਮੀਡੀਆ ਜਿਨ੍ਹਾਂ ਵਿੱਚ ਰਸ਼ੀਆ ਟੂਡੇ ਸ਼ਾਮਲ ਹੈ ਨੂੰ ਟੈਲੀਗ੍ਰਾਮ ਉਤੇ ਰੋਕਿਆ ਗਿਆ ਹੈ।

    ਇਸ ਦੀ ਪੁਸ਼ਟੀ ਟੈਲੀਗ੍ਰਾਮ ਦੇ ਬੁਲਾਰੇ ਨੇ ਕੀਤੀ ਹੈ। ਯੂਰੋਪੀਅਨ ਯੂਨੀਅਨ ਵੱਲੋਂ ਟੈਲੀਗ੍ਰਾਮ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਗਿਆ ਸੀ ਕਿ ਇਸ ਮਾਧਿਅਮ ਨੂੰ ਯੁੱਧ ਦੇ ਪ੍ਰਾਪੇਗੰਡੇ ਲਈ ਵਰਤਿਆ ਜਾ ਰਿਹਾ ਹੈ।

    ਇਸ ਦੇ ਨਾਲ ਹੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸੈਮਸੰਗ ਨੇ ਵੀ ਰੂਸ ਵਿੱਚ ਆਪਣੇ ਫੋਨ ਅਤੇ ਫੋਨ ਚਿਪਸ ਵੇਚਣ ਉਪਰ ਰੋਕ ਲਗਾ ਦਿੱਤੀ ਹੈ।

  11. ਰੂਸ- ਯੂਕਰੇਨ ਜੰਗ : ਸੰਯੁਕਤ ਰਾਸ਼ਟਰ ਦੇ ਮਤੇ ਦੀ ਵੋਟਿੰਗ ਤੋਂ ਭਾਰਤ ਫ਼ੇਰ ਗ਼ੈਰਹਾਜ਼ਰ

    ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਕੌਂਸਲ ਦੀ ਮੀਟਿੰਗ ’ਚ ਰੂਸ ਵੱਲੋਂ ਯੂਕਰੇਨ ’ਚ ਕੀਤੇ ਜਾ ਰਹੇ ਮਾਨਵੀ ਜ਼ੁਲਮਾਂ ਦੀ ਜਾਂਚ ਲਈ ਨਿਰਪੱਖ ਕੌਮਾਂਤਰੀ ਕਮਿਸ਼ਨ ਬਣਾਉਣ ਦਾ ਫ਼ੈਸਲਾ ਲਿਆ ਗਿਆ।

    47 ਮੈਂਬਰੀ ਕੌਂਸਲ ਵੱਲੋਂ ਪਾਏ ਗਏ ਮਤੇ ਦੀ ਵੋਟਿੰਗ ਦੌਰਾਨ ਭਾਰਤ ਗ਼ੈਰਹਾਜ਼ਰ ਰਿਹਾ।

    ਮਤੇ ’ਚ ਯੂਕਰੇਨ ’ਚ ਮਨੁੱਖੀ ਹੱਕਾਂ ਦੇ ਹਾਲਾਤ ਦਾ ਜ਼ਿਕਰ ਸੀ। ਪੱਖ ’ਚ 32 ਵੋਟਾਂ ਪਈਆਂ ਜਦਕਿ ਰੂਸ ਨੇ ਇਸ ਦਾ ਵਿਰੋਧ ਕੀਤਾ।

    ਭਾਰਤ, ਚੀਨ, ਪਾਕਿਸਤਾਨ, ਸੂਡਾਨ ਤੇ ਵੈਨੇਜ਼ੁਏਲਾ ਸਮੇਤ 13 ਹੋਰ ਗ਼ੈਰਹਾਜ਼ਰ ਰਹੇ।

    ਇਸ ਤੋਂ ਪਹਿਲਾਂ ਭਾਰਤ ਰਾਸ਼ਟਰ ਸੰਯੁਕਤ ਕੌਂਸਲ ਅਤੇ ਜਨਰਲ ਅਸੈਂਬਲੀ ਦੇ ਰੂਸ ਖ਼ਿਲਾਫ਼ ਦੋ ਮਤਿਆਂ ’ਚੋਂ ਗ਼ੈਰਹਾਜ਼ਰ ਰਿਹਾ ਸੀ।

  12. ਰੂਸ- ਯੂਕਰੇਨ ਜੰਗ: 400 ਤੋਂ ਵੱਧ ਨਾਗਰਿਕਾਂ ਨਾਲ ਵਿਸ਼ੇਸ਼ ਉਡਾਣਾਂ ਪੁੱਜੀਆਂ ਭਾਰਤ

    ਭਾਰਤ ਸਰਕਾਰ ਵੱਲੋਂ 'ਆਪ੍ਰੇਸ਼ਨ ਗੰਗਾ' ਤਹਿਤ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਮੁਲਕ ਵਾਪਸ ਲੈ ਕੇ ਆਉਣ ਦਾ ਸਿਲਸਿਲਾ ਜਾਰੀ ਹੈ।

    ਇਸੇ ਤਹਿਤ ਸ਼ਨੀਵਾਰ ਸਵੇਰੇ 3 ਉਡਾਣਾਂ ਭਾਰਤ ਪੁੱਜੀਆਂ ਹਨ। ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਰਤੀ ਹਵਾਈ ਸੈਨਾ ਦੀ ਉਡਾਣ ਰੋਮਾਨੀਆ ਤੋਂ ਭਾਰਤ ਆਈ ਜਿਸ ਵਿੱਚ 210 ਨਾਗਰਿਕ ਸਨ।

    ਰੋਮਾਨੀਆ ਤੋਂ ਹੀ ਆਈ ਦੂਜੀ ਵਿਸ਼ੇਸ਼ ਉਡਾਣ ਵਿੱਚ 229 ਭਾਰਤੀ ਨਾਗਰਿਕ ਸਨ।

    ਇੱਕ ਤੀਸਰੀ ਉਡਾਣ ਰਾਹੀਂ ਵੀ 170 ਵਿਦਿਆਰਥੀ ਭਾਰਤ ਪਹੁੰਚੇ ਹਨ।

  13. ਯੂਕਰੇਨ ਦੇ ਸਮਰਥਨ ਵਿੱਚ ਹੋ ਰਹੀਆਂ ਰੈਲੀਆਂ

    ਯੂਕਰੇਨ ਅਤੇ ਉਸ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਮਰਥਨ ਵਿੱਚ ਕਈ ਦੇਸ਼ਾਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

    ਦੇਖੋ ਇਨ੍ਹਾਂ ਰੈਲੀਆਂ ਦੀਆਂ ਕੁਝ ਤਸਵੀਰਾਂ।

  14. ਰੂਸ ਵਿੱਚ ਸੱਤਾ ਬਦਲਣ ਦਾ ਸਾਡਾ ਕੋਈ ਇਰਾਦਾ ਨਹੀਂ - ਅਮਰੀਕੀ ਵਿਦੇਸ਼ ਮੰਤਰੀ

    ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਿਨ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਆਖਿਆ ਕਿ ਅਮਰੀਕਾ ਰੂਸ ਵਿਚ ਸੱਤਾ ਬਦਲਣ ਦਾ ਕੋਈ ਇਰਾਦਾ ਨਹੀਂ ਰੱਖਦਾ।

    ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਦੁਆਰਾ ਵੀਰਵਾਰ ਨੂੰ ਟਵੀਟ ਵਿੱਚ ਆਖਿਆ ਗਿਆ ਸੀ ਕਿ ਵਲਾਦੀਮੀਰ ਪੁਤਿਨ ਦੀ ਹੱਤਿਆ ਹੋ ਸਕਦੀ ਹੈ, ਇਸ ਤੋਂ ਬਾਅਦ ਵਿਵਾਦ ਪੈਦਾ ਹੋਇਆ।

    ਅਮਰੀਕੀ ਵਿਦੇਸ਼ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਯੂਕਰੇਨ ਰੂਸ ਨੂੰ ਯੁੱਧ ਵਿੱਚ ਹਰਾ ਦੇਵੇਗਾ ਹਾਲਾਂਕਿ ਜੰਗ ਕਿੰਨੀ ਲੰਬੀ ਚੱਲੇਗੀ ਇਹ ਨਹੀਂ ਕਿਹਾ ਜਾ ਸਕਦਾ।

    ਉਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਕਿ ਰੂਸ ਦੀ ਫ਼ੌਜੀ ਸਮਰੱਥਾ ਯੂਕਰੇਨ ਤੋਂ ਜ਼ਿਆਦਾ ਹੈ ਪਰ ਉਨ੍ਹਾਂ ਨੇ ਯੂਕਰੇਨੀ ਲੋਕਾਂ ਦੇ ਜਜ਼ਬੇ ਨੂੰ ਸਲਾਮ ਕੀਤਾ।

  15. ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

  16. ਯੂਕਰੇਨੀ ਰਾਸ਼ਟਰਪਤੀ ਦੇ ਨਾਟੋ ਉਪਰ ਹਮਲੇ, ਕਿਹਾ ਤੁਹਾਡੇ ਕਰਕੇ ਮਰਨਗੇ ਲੋਕ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਾਟੋ ਉੱਪਰ ਯੂਕਰੇਨ ਨੂੰ 'ਨੋ ਫਲਾਈ ਜ਼ੋਨ' ਨਾ ਬਣਾਉਣ ਕਾਰਨ ਤਿੱਖੇ ਸ਼ਬਦੀ ਹਮਲੇ ਕੀਤੇ ਹਨ।

    ਉਹਨਾਂ ਨੇ ਕਿਹਾ, "ਨਾਟੋ ਦੀ ਅੱਜ ਦੀ ਬੈਠਕ, ਇੱਕ ਕਮਜ਼ੋਰ ਬੈਠਕ ਸੀ। ਅੱਜ ਤੋਂ ਬਾਅਦ ਜਿੰਨੇ ਲੋਕ ਮਰਨਗੇ, ਤੁਹਾਡੀ ਕਮਜ਼ੋਰੀ ਕਰ ਕੇ ਮਰਨਗੇ।"

    ਜੇਲੇਂਸਕੀ ਦੇ ਬਿਆਨ ਤੋਂ ਪਹਿਲਾਂ ਬਰੱਸਲਜ਼ ਵਿੱਚ ਨਾਟੋ ਮੁਖੀ ਯੇਨਸ ਸਟੋਲਟੇਨਬਰਗ ਨੇ ਆਖਿਆ ਸੀ ਕਿ ਯੂਕਰੇਨ ਵਿੱਚ 'ਨੋ ਫਲਾਈ ਜ਼ੋਨ' ਨਹੀਂ ਹੋਵੇਗਾ।

    ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਨੋ ਫਲਾਈ ਜ਼ੋਨ ਬਣਨ ਨਾਲ ਰੂਸੀ ਪੱਛਮੀ ਦੇਸ਼ਾਂ ਦੇ ਜਹਾਜ਼ਾਂ ਉਪਰ ਹਮਲਾ ਕਰ ਸਕਦੇ ਹਨ ਅਤੇ ਇਸ ਨਾਲ ਯੁੱਧ ਹੋਰ ਭਿਆਨਕ ਹੋ ਸਕਦਾ ਹੈ।

    ਯੂਰਪ ਵਿੱਚ ਰੂਸ ਦੇ ਹਮਲੇ ਦਾ ਵਿਰੋਧ ਕਰ ਰਹੇ ਲੋਕਾਂ ਬਾਰੇ ਉਨ੍ਹਾਂ ਨੇ ਆਖਿਆ ਕਿ ਜੇਕਰ ਯੂਕਰੇਨ ਨਾ ਬਚਿਆ ਤਾਂ ਯੂਰੋਪ ਵੀ ਨਹੀਂ ਬਚੇਗਾ।

  17. ਯੂਕਰੇਨ ਰੂਸ ਜੰਗ: ਹੁਣ ਤੱਕ ਦੇ ਹਾਲਾਤ

    ਰੂਸ-ਯੂਕਰੇਨ ਜੰਗ ਦੇ ਨੌਵੇਂ ਦਿਨ ਤੱਕ ਯੂਕਰੇਨ ਦੇ ਦੱਖਣੀ, ਪੂਰਬੀ ਅਤੇ ਉੱਤਰੀ ਇਲਾਕਿਆਂ ਵਿੱਚ ਲੜਾਈ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਹੁਣ ਤਕ ਇਹ ਰਿਹਾ ਖ਼ਾਸ:

    • ਬ੍ਰੱਸਲਜ਼ ਵਿੱਚ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਨਾਟੋ ਵੱਲੋਂ ਫ਼ੈਸਲਾ ਲੈ ਗਿਆ ਕਿ ਯੂਕਰੇਨ 'ਨੋ ਫਲਾਈ ਜ਼ੋਨ' ਵਿੱਚ ਸ਼ਾਮਲ ਨਹੀਂ ਹੋਵੇਗਾ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਖਿਆ ਕਿ ਨਾਟੋ ਦਾ ਇਹ ਫ਼ੈਸਲਾ ਯੂਕਰੇਨ 'ਚ ਪਿੰਡਾਂ ਤੇ ਸ਼ਹਿਰਾਂ ਉੱਤੇ ਬੰਬਾਰੀ ਲਈ ਰੂਸ ਨੂੰ ਹਰੀ ਝੰਡੀ ਹੈ।
    • ਸ਼ਨੀਵਾਰ ਸਵੇਰੇ ਰੋਮਾਨੀਆ ਤੋਂ ਭਾਰਤੀ ਹਵਾਈ ਸੈਨਾ ਦਾ ਜਹਾਜ਼ 210 ਨਾਗਰਿਕਾਂ ਸਮੇਤ ਭਾਰਤ ਪਹੁੰਚਿਆ।
    • ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਦੀ ਵੋਟਿੰਗ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਸੁਤੰਤਰ ਕੌਮੀ ਜਾਂਚ ਆਯੋਗ ਦੀ ਸਥਾਪਨਾ ਲਈ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।
    • ਰੂਸ ਨੇ ਫੇਸਬੁੱਕ ਉੱਪਰ ਰੋਕ ਲਗਾ ਦਿੱਤੀ ਹੈ ਅਤੇ ਟਵਿੱਟਰ, ਯੂਟਿਊਬ ਉੱਪਰ ਵੀ ਪਾਬੰਦੀ ਲਗਾਈ ਗਈ ਹੈ।
    • ਯੂਕਰੇਨ ਦੀ ਰਾਜਧਾਨੀ ਕੀਵ ਦੇ ਨਜ਼ਦੀਕ ਵੀ ਧਮਾਕੇ ਹੋਏ ਹਨ।
    • ਰੂਸ ਵਿੱਚ ਬੀਬੀਸੀ ਦੀ ਰੂਸੀ ਸੇਵਾ ਦੀ ਕਵਰੇਜ ਸੀਮਤ ਕੀਤੀ ਗਈ ।
    • ਨਾਟੋ ਨੇ ਪਰਮਾਣੂ ਊਰਜਾ ਪਲਾਂਟ ਦੀ ਗੋਲੀਬਾਰੀ ਸਣੇ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਹੈ।
    • ਹੁਣ ਤੱਕ ਲੱਖਾਂ ਲੋਕ ਯੂਕਰੇਨ ਛੱਡ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਸਰਹੱਦਾਂ ਵੱਲ ਦੇਸ਼ ਛੱਡਣ ਲਈ ਵੱਧ ਰਹੇ ਹਨ।
  18. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ ਦਸਵਾਂ ਦਿਨ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਇਸ ਨਾਲ ਜੁੜੀਆਂ ਅਹਿਮ ਗਤੀਵਿਧੀਆਂ ਸਾਂਝੀਆਂ ਕਰਾਂਗੇ।

    4 ਮਾਰਚ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ