You’re viewing a text-only version of this website that uses less data. View the main version of the website including all images and videos.

Take me to the main website

ਰੂਸ-ਯੂਕਰੇਨ ਜੰਗ : ਯੂਕਰੇਨ ਉੱਤੇ ਰੂਸੀ ਹਮਲੇ ਤੋਂ ਬਾਅਦ ਗਹਿਗੱਚ ਲੜਾਈ ਦੀ ਰਿਪੋਰਟਾਂ

ਰੂਸ ਤੇ ਯੂਕਰੇਨ ਵਿਚਕਾਰ ਤਣਾਅ ਜਾਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਦੋ ਲੱਖ ਫੌਜੀ ਤਾਇਨਾਤ ਕੀਤੇ ਹਨ।

ਲਾਈਵ ਕਵਰੇਜ

  1. ਹਮਲੇ ਹੇਠ ਯੂਕਰੇਨ: ਵੇਖੋ ਤਸਵੀਰਾਂ

    ਰੂਸ 'ਤੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਧਮਾਕੇ ਅਤੇ ਮਿਜ਼ਾਈਲ ਹਮਲਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

    ਇਹ ਤਸਵੀਰਾਂ ਪੂਰਬੀ ਯੂਕਰੇਨ ਦੇ ਕਸਬੇ ਚੁਹੀਵ ਦੀਆਂ ਹਨ।

  2. ਯੂਕਰੇਨ ਦੇ ਰਾਜਦੂਤ ਨੇ ਆਖਿਆ,’ਪੁਤਿਨ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ ਮੋਦੀ’

    ਵੀਰਵਾਰ ਸਵੇਰੇ ਰੂਸ ਵੱਲੋਂ ਯੂਕਰੇਨ ਉਪਰ ਕੀਤੇ ਗਏ ਹਮਲੇ ਤੋਂ ਬਾਅਦ ਯੂਕਰੇਨ ਦੇ ਭਾਰਤ ਵਿੱਚ ਰਾਜਦੂਤ ਡਾ ਆਇਗਰ ਪੁਲੇਖਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਸ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ ਹੈ।

    ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਪੁਲੇਖਾ ਨੇ ਆਖਿਆ ਕੀ ਮੋਦੀ ਦੁਨੀਆਂ ਦੇ ਤਾਕਤਵਰ ਅਤੇ ਸਨਮਾਨਿਤ ਨੇਤਾਵਾਂ ਵਿੱਚ ਸ਼ਾਮਿਲ ਹਨ।

    ਉਨ੍ਹਾਂ ਨੇ ਕਿਹਾ,"ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਹਰ ਤਰੀਕੇ ਨਾਲ ਪੁਤਿਨ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ।

    ਜੇਕਰ ਮੋਦੀ ਯੂਕਰੇਨ ਦੇ ਸਮਰਥਨ ਵਿੱਚ ਬਿਆਨ ਦਿੰਦੇ ਹਨ ਜਾਂ ਕੋਈ ਸਹਾਇਤਾ ਕਰਦੇ ਹਨ ਤਾਂ ਯੂਕਰੇਨ ਇਸ ਲਈ ਸ਼ੁਕਰਗੁਜ਼ਾਰ ਰਹੇਗਾ।"

    ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਕਰੇਨ ਆਪਣੇ ਸਾਰੇ ਸਾਥੀ ਦੇਸ਼ਾਂ ਤੋਂ ਸਹਾਇਤਾ ਮੰਗ ਰਿਹਾ ਹੈ ਤਾਂ ਕਿ ਜੰਗ ਨੂੰ ਰੋਕਿਆ ਜਾ ਸਕੇ।ਯੂਕਰੇਨ ਇੱਕ ਸ਼ਾਂਤੀ ਪਸੰਦ ਮੁਲਕ ਹੈ।

    ਯੂਕਰੇਨ ਦੇ ਰਾਜਦੂਤ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਦੇ ਬਾਹਰ ਉਨ੍ਹਾਂ ਦੇ ਨਾਗਰਿਕਾਂ ਦੀ ਮੌਤ ਹੋਈ ਹੈ।

    "ਸਾਡੇ ਰੱਖਿਆ ਮੰਤਰਾਲੇ ਮੁਤਾਬਕ ਯੂਕਰੇਨ ਨੇ ਪੰਜ ਰੂਸੀ ਲੜਾਕੂ ਜਹਾਜ਼,ਦੋ ਹੈਲੀਕਾਪਟਰ ਅਤੇ ਦੋ ਟੈਂਕਾਂ ਸਮੇਤ ਕਈ ਟਰੱਕ ਤਬਾਹ ਕੀਤੇ ਹਨ।"

  3. ਰੂਸ ਦਾ ਦਾਅਵਾ: ਹਥਿਆਰ ਸੁੱਟ ਰਹੇ ਹਨ ਯੂਕਰੇਨ ਦੇ ਫੌਜੀ

    ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਫੌਜੀ ਹਥਿਆਰ ਸੁੱਟਕੇ ਜਾ ਰਹੇ ਹਨ।

    ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਤਾਸ ਮੁਤਾਬਕ ਇਹ ਗੱਲ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਆਖੀ ਗਈ ਹੈ।

    ਬਿਆਨ ਵਿੱਚ ਆਖਿਆ ਗਿਆ ਹੈ ਕਿ ਜੋ ਫ਼ੌਜੀ ਹਥਿਆਰ ਸੁੱਟਕੇ ਜਾ ਰਹੇ ਹਨ, ਉਨ੍ਹਾਂ ਦੇ ਟਿਕਾਣਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

    ਵੀਰਵਾਰ ਸਵੇਰੇ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ।

    ਰੂਸੀ ਰਾਸ਼ਟਰਪਤੀ ਨੇ ਆਖਿਆ ਸੀ ਕਿ ਉਨ੍ਹਾਂ ਦਾ ਇਰਾਦਾ ਯੂਕਰੇਨ ਉੱਤੇ ਕਬਜ਼ਾ ਕਰਨ ਦਾ ਨਹੀਂ ਹੈ।

  4. ਰੂਸ ਨੇ ਕਿਹਾ ਯੂਕਰੇਨ ਦੀ ਹਵਾਈ ਰੱਖਿਆ 'ਤੇ ਕਾਬੂ ਕਰ ਲਿਆ ਗਿਆ ਹੈ

    ਰੂਸ ਦੇ ਰੱਖਿਆ ਮੰਤਰਾਲੇ ਨੇ ਰੂਸ ਦੀ ਇੰਟਰਫੈਕਸ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਹੈ ਕਿ "ਯੂਕਰੇਨੀ ਹਥਿਆਰਬੰਦ ਬਲਾਂ ਦੀ ਹਵਾਈ ਰੱਖਿਆ ਨੂੰ ਦਬਾ ਦਿੱਤਾ ਗਿਆ ਹੈ"।

    ਮੰਤਰਾਲੇ ਨੇ ਅੱਗੇ ਕਿਹਾ ਕਿ "ਯੂਕਰੇਨੀ ਸਰਹੱਦੀ ਬਲਾਂ ਨੇ ਰੂਸੀ ਯੂਨਿਟਾਂ ਦਾ ਕੋਈ ਵਿਰੋਧ ਨਹੀਂ ਕੀਤਾ"।

    ਰੂਸ ਦੇ ਇਨ੍ਹਾਂ ਦਾਅਵਿਆਂ ਦੀ ਕੋਈ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।

    ਇਸ ਤੋਂ ਪਹਿਲਾਂ ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਰੂਸੀ ਫੌਜ ਨੇ ਦੇਸ਼ ਦੇ ਪੂਰਬ ਵਿੱਚ "ਤੀਬਰ ਗੋਲਾਬਾਰੀ" ਸ਼ੁਰੂ ਕਰ ਦਿੱਤੀ ਹੈ।

    ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਰੂਸ ਨੇ ਕੀਵ ਨੇੜੇ ਬੋਰਿਸਪਿਲ ਹਵਾਈ ਅੱਡੇ ਅਤੇ ਕਈ ਹੋਰ ਹਵਾਈ ਅੱਡਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਹਨ ਅਤੇ ਯੂਕਰੇਨ ਦੀ ਹਵਾਈ ਸੈਨਾ ਰੂਸ ਦੁਆਰਾ ਕੀਤੇ ਗਏ ਹਵਾਈ ਹਮਲੇ ਦਾ ਮੁਕਾਬਲਾ ਕਰ ਰਹੀ ਹੈ।

  5. ਰੂਸ ਦੀ ਯੂਕਰੇਨ 'ਤੇ ਵਿਸ਼ੇਸ਼ ਫੌਜੀ ਕਾਰਵਾਈ: ਪਿਛਲੇ ਕੁਝ ਘੰਟਿਆਂ ਵਿੱਚ ਕੀ ਕੁਝ ਵਾਪਰਿਆ?

    ਰੂਸ ਨੇ ਯੂਕਰੇਨ 'ਤੇ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ ਅਤੇ ਉਦੋਂ ਤੋਂ ਦੁਨੀਆ ਭਰ ਦੇ ਘਟਨਾਕ੍ਰਮ ਤੇਜ਼ੀ ਨਾਲ ਬਦਲ ਰਹੇ ਹਨ।

    ਰੂਸ -ਯੂਕਰੇਨ ਸੰਕਟ ਬਾਰੇ ਬੀਬੀਸੀ ਪੰਜਾਬੀ ਦੀ ਇਸ ਵਿਸ਼ੇਸ਼ ਕਵਰੇਜ ਵਿੱਚ ਹੁਣੇ-ਹੁਣੇ ਸ਼ਾਮਲ ਹੋਏ ਸਾਡੇ ਪਾਠਕਾਂ ਲਈ ਹੁਣ ਤੱਕ ਦੇ ਮਹੱਤਵਪੂਰਨ ਅਪਡੇਟਸ-

    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਡੋਨਬਾਸ ਖੇਤਰ ਵਿੱਚ 'ਫੌਜੀ ਕਾਰਵਾਈ' ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ ਉਸੇ ਸਮੇਂ ਇੱਕ ਟੈਲੀਵਿਜ਼ਨ ਭਾਸ਼ਣ ਵਿੱਚ ਕੀਤਾ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਉਨ੍ਹਾਂ ਨੂੰ ਰੁਕਣ ਲਈ ਬੇਨਤੀ ਕਰ ਰਹੀ ਸੀ।
    • ਟੈਲੀਵਿਜ਼ਨ ਸੰਬੋਧਨ ਦੌਰਾਨ ਪੁਤਿਨ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਯੂਕਰੇਨ ਦੀ ਫੌਜ ਨੂੰ ਉਥੋਂ ਹਟਾਉਣਾ ਹੈ।
    • ਬੀਬੀਸੀ ਪੱਤਰਕਾਰਾਂ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਨੇ ਰਾਜਧਾਨੀ ਕੀਵ ਅਤੇ ਕਰਾਮਾਤੋਰਸਕ ਅਤੇ ਡੋਨੇਤਸਕ ਵਿੱਚ ਧਮਾਕਿਆਂ ਦੀ ਉੱਚੀ ਅਵਾਜ਼ ਸੁਣੀ ਹੈ।
    • ਯੂਕਰੇਨ ਦੀ ਪੁਲਿਸ ਦਾ ਕਹਿਣਾ ਹੈ ਕਿ ਰੂਸੀ ਬਲਾਂ ਦੁਆਰਾ ਕੀਤੀ ਗਈ ਬੰਬਾਰੀ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 19 ਲੋਕ ਲਾਪਤਾ ਹਨ।
    • ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਰੂਸ ਨੇ ਉਨ੍ਹਾਂ 'ਤੇ "ਵਿਆਪਕ ਹਮਲਾ" ਕੀਤਾ ਹੈ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਪੁਤਿਨ ਨੇ ਪਹਿਲਾਂ ਤੋਂ ਤੈਅ ਜੰਗ ਨੂੰ ਚੁਣਿਆ ਹੈ ਜੋ ਲੋਕਾਂ ਦੀ ਜਾਂ ਲਵੇਗੀ ਅਤੇ ਮਨੁੱਖੀ ਦੁਖਾਂਤ ਦਾ ਕਾਰਨ ਬਣੇਗੀ।
    • ਬ੍ਰਿਟੇਨ, ਯੂਰਪੀ ਸੰਘ, ਸੰਯੁਕਤ ਰਾਸ਼ਟਰ ਅਤੇ ਨਾਟੋ ਦੇ ਆਗੂਆਂ ਨੇ ਵੀ ਰੂਸ ਦੇ ਹਮਲੇ ਦੀ ਸਖਤ ਨਿੰਦਾ ਕੀਤੀ ਹੈ।
    • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਉੱਪਰ ਰੂਸ ਦੀ ਕਾਰਵਾਈ ਨੂੰ ''ਘੋਰ ਭਿਅੰਕਰ ਹਮਲੇ'' ਕਹਿੰਦਿਆਂ ਇਸ ਦੀ ਨਿੰਦਾ ਕੀਤੀ ਹੈ।
    • ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਰੂਸ 'ਤੇ ਤੁਰੰਤ "ਗੰਭੀਰ ਪਾਬੰਦੀਆਂ" ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ "ਪੁਤਿਨ ਨੇ ਹੁਣੇ-ਹੁਣੇ ਯੂਕਰੇਨ 'ਤੇ ਪੂਰੇ ਪੈਮਾਨੇ 'ਤੇ ਹਮਲਾ ਕੀਤਾ ਹੈ।"
    • ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਦੀ ਯੂਕਰੇਨ 'ਤੇ ਕਬਜ਼ਾ ਕਰਨ ਦੀ ''ਕੋਈ ਯੋਜਨਾ ਨਹੀਂ'' ਹੈ। ਵਿਸ਼ੇਸ਼ ਫ਼ੌਜੀ ਕਾਰਵਾਈ ਦਾ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਦੇ ਲੋਕ ਅਜ਼ਾਦੀ ਨਾਲ ਚੋਣ ਕਰ ਸਕਣਗੇ ਕਿ ਦੇਸ਼ ਨੂੰ ਕੋਣ ਚਲਾਵੇ।
  6. ਰੂਸ ਦਾ ਯੂਕਰੇਨ ਉਪਰ ਹਮਲਾ:ਕਿਸ ਨੇ ਕੀ ਆਖਿਆ

    ਵੀਰਵਾਰ ਨੂੰ ਰੂਸ ਵੱਲੋਂ ਯੂਕਰੇਨ ਤੇ ਹਮਲੇ ਤੋਂ ਬਾਅਦ ਦੁਨੀਆਂ ਭਰ ਤੋਂ ਤਿੱਖੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।

    ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਆਖਿਆ ਰਾਸ਼ਟਰਪਤੀ ਪੁਤਿਨ ਨੇ ਜੰਗ ਦਾ ਰਾਹ ਚੁਣਿਆ ਹੈ ਜੋ ਤਬਾਹੀ ਲੈ ਕੇ ਆਵੇਗਾ।

    ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਖਿਆ ਕਿ ਰੂਸ ਨੂੰ ਆਪਣੀ ਫ਼ੌਜੀ ਕਾਰਵਾਈ ਰੋਕਣੀ ਚਾਹੀਦੀ ਹੈ।

    ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਨਾਟੋ ਆਗੂਆਂ ਦੀ ਬੈਠਕ ਸੱਦਣ ਦੀ ਗੱਲ ਕੀਤੀ ਹੈ।

    ਯੂਰਪੀਅਨ ਯੂਨੀਅਨ ਦੇ ਵਿਦੇਸ਼ ਪਾਲਿਸੀ ਮੁਖੀ ਜੋਸਫ ਬੈਰਲ ਨੇ ਆਖਿਆ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਯੂਰਪ ਲਈ ਇਹ ਸਭ ਤੋਂ ਮਾੜਾ ਸਮਾਂ ਹੈ।

  7. ਯੂਕਰੇਨ ਨੇ ਸਾਰੀਆਂ ਨਾਗਰਿਕ ਉਡਾਣਾਂ ਕੀਤੀਆਂ ਰੱਦ

    ਰੂਸ ਵੱਲੋਂ ਯੂਕਰੇਨ ਤੇ ਫ਼ੌਜੀ ਹਮਲੇ ਤੋਂ ਬਾਅਦ ਦੇਸ਼ ਨੇ ਆਪਣੇ ਹਵਾਈ ਖੇਤਰਨੂੰ ਬੰਦ ਕਰ ਦਿੱਤਾ ਹੈ।

    ਕੀਵ ਵੱਲੋਂ 'ਨਾਗਰਿਕ ਉਡਾਣਾਂ ਨੂੰ ਖ਼ਤਰੇ' ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

    ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

    ਰਿਆਨਏਅਰ ਮੁਤਾਬਕ ਘੱਟੋ ਘੱਟ ਅਗਲੇ ਦੋ ਹਫ਼ਤਿਆਂ ਲਈ ਯੂਕਰੇਨ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

  8. ਯੂਕਰੇਨ ਨੇ ਰੂਸ ਨਾਲ ਕੂਟਨੀਤਕ ਰਿਸ਼ਤੇ ਤੋੜੇ

    ਰੂਸ ਦੁਆਰਾ ਯੂਕਰੇਨ ਉਪਰ ਹਮਲੇ ਤੋਂ ਬਾਅਦ ਅਧਿਕਾਰਿਕ ਤੌਰ ਤੇ ਯੂਕਰੇਨ ਨੇ ਰੂਸ ਨਾਲ ਆਪਣੇ ਕੂਟਨੀਤਕ ਸਬੰਧ ਤੋੜ ਲਏ ਹਨ।

    ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਅਰ ਜ਼ੈਲੇਂਸਕੀ ਨੇ ਸਾਂਝੀ ਕੀਤੀ।

    ਰਾਸ਼ਟਰਪਤੀ ਨੇ ਇਹ ਵੀ ਆਖਿਆ ਕਿ ਜਿਸ ਵੀ ਨਾਗਰਿਕ ਨੂੰ ਹਥਿਆਰ ਚਾਹੀਦੇ ਹਨ,ਮੁਹੱਈਆ ਕਰਵਾਏ ਜਾਣਗੇ।

  9. ਯੂਕਰੇਨ ਦੀ ਰਾਜਧਾਨੀ ਕੀਵ ਦੇ ਹਾਲਾਤ: ਵੇਖੋ ਤਸਵੀਰਾਂ

    ਰੂਸ ਦੇ ਯੂਕਰੇਨ ਉੱਤੇ ਹਮਲੇ ਤੋਂ ਬਾਅਦ ਰਾਜਧਾਨੀ ਕੀਵ ਤੋਂ ਨਾਗਰਿਕ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।

    ਯੂਕਰੇਨ ਸਰਕਾਰ ਵੱਲੋਂ ਨਾਗਰਿਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀਆਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

    ਕੋਈ ਵੀ ਗ਼ਲਤ ਜਾਣਕਾਰੀ ਲੋਕਾਂ ਨਾਲ ਸਾਂਝੀ ਨਾ ਕਰਨ ਬਾਰੇ ਵੀ ਹਦਾਇਤ ਦਿੱਤੀ ਗਈ ਹੈ।

  10. ਯੂਕਰੇਨ- ਸ਼ਹਿਰ ਛੱਡ ਕੇ ਭੱਜੇ ਕੀਵ ਨਿਵਾਸੀ

    ਵਲਾਦੀਮੀਰ ਪੁਤਿਨ ਨੇ ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 5 ਵੱਜ ਕੇ 55 ਮਿੰਟ 'ਤੇ ਯੂਕਰੇਨ ਵਿੱਚ ਫੌਜੀ ਕਾਰਵਾਈ ਦੀ ਘੋਸ਼ਣਾ ਕੀਤੀ ਅਤੇ ਰਿਪੋਰਟਾਂ ਅਨੁਸਾਰ, ਇਸ ਤੋਂ ਕੁਝ ਮਿੰਟਾਂ ਬਾਅਦ ਹੀ ਯੂਕਰੇਨ ਵੱਲ ਪਹਿਲੀ ਗੋਲਾਬਾਰੀ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ।

    ਰਾਜਧਾਨੀ ਕੀਵ ਵਿੱਚ ਇੱਕ ਐਮਰਜੈਂਸੀ ਸਾਇਰਨ ਵੱਜਿਆ ਅਤੇ ਸ਼ਹਿਰ ਵਾਸੀਆਂ ਨੇ ਇੱਥੋਂ ਭੱਜਣਾ ਸ਼ੁਰੂ ਕਰ ਦਿੱਤਾ।

    ਤਸਵੀਰਾਂ ਵਿੱਚ ਐਕਸਪ੍ਰੈਸ ਵੇਅ 'ਤੇ ਕਾਰਾਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਜਾ ਸਕਦੀਆਂ ਹਨ।

    ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ਵਿੱਚ ਵੱਧ ਰਹੀ ਦਹਿਸ਼ਤ ਦੀ ਗੱਲ ਕਹੀ ਗਈ, ਜਦਕਿ ਕੁਝ ਪੋਸਟਾਂ ਵਿੱਚ ਕਿਹਾ ਗਿਆ ਹੈ ਕਿ ਲੋਕ ਬੰਬ ਸ਼ੈਲਟਰਾਂ ਅਤੇ ਬੇਸਮੈਂਟਾਂ ਵੱਲ ਤੇਜ਼ੀ ਨਾਲ ਭੱਜ ਰਹੇ ਹਨ।

    ਟੈਲੀਵਿਜ਼ਨ ਫੁਟੇਜ ਵਿੱਚ ਲੋਕਾਂ ਨੂੰ ਗਲੀਆਂ ਵਿੱਚ ਅਤੇ ਸਮੂਹਿਕ ਦੁਆਵਾਂ ਕਰਦੇ ਹੋਏ ਦਿਖਾਇਆ ਗਿਆ।

    ਕੀਵ ਵਿੱਚ ਗਾਰਡੀਅਨ ਦੇ ਪੱਤਰਕਾਰ ਲੂਕ ਹਾਰਡਿੰਗ ਨੇ ਟਵਿੱਟਰ 'ਤੇ ਲਿਖਿਆ ਕਿ ਸੜਕਾਂ 'ਤੇ ਬਹੁਤ ਘੱਟ ਲੋਕ ਹਨ ਅਤੇ ਨਕਦੀ ਕਢਾਉਣ ਵਾਲੀਆਂ ਮਸ਼ੀਨਾਂ 'ਤੇ ਲੋਕਾਂ ਦੀਆਂ ਕਤਾਰਾਂ ਹਨ।

  11. ਰੂਸ ਦਾ ਯੂਕਰੇਨ ਉੱਤੇ ਹਮਲਾ : ਪੁਤਿਨ ਦੇ ਐਲਾਨ ਤੋਂ ਬਾਅਦ ਕੀ-ਕੀ ਹੋਇਆ

    ਰੂਸ ਨੇ ਯੂਕਰੇਨ ਉੱਤੇ ਫੌਜੀ ਹਮਲਾ ਕਰ ਦਿੱਤਾ ਹੈ। ਇਸ ਤੋਂ ਬਾਅਦ ਦੁਨੀਆ ਭਰ ਵਿਚ ਤੇਜ਼ੀ ਨਾਲ ਘਟਨਾਕ੍ਰਮ ਬਦਲੇ ਹਨ।

    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਡੋਨਬਾਸ ਖੇਤਰ ਵਿੱਚ ਫੌਜੀ ਕਾਰਵਾਈ ਦਾ ਐਲਾਨ ਕੀਤਾ। ਇਹ ਐਲਾਨ ਟੀਵੀ ਸੰਬੋਧਨ ਦੌਰਾਨ ਹੋਇਆ।
    • ਉਸ ਵੇਲੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਯੂਕਰੇਨ ਮਾਮਲੇ ਬਾਰੇ ਰੂਸ ਨੂੰ ਸਬਰ ਰੱਖਣ ਦੀ ਗੁਜ਼ਾਰਿਸ਼ ਕੀਤੀ ਸੀ।
    • ਟੀਵੀ ਸੰਬੋਧਨ ਦੌਰਾਨ ਪੁਤਿਨ ਨੇ ਆਖਿਆ ਕਿ ਇਸ ਫੌਜੀ ਕਾਰਵਾਈ ਦਾ ਮਕਸਦ ਯੂਕਰੇਨ ਦੀ ਫੌਜ ਨੂੰ ਹਟਾਉਣਾ ਹੈ।
    • ਯੂਕਰੇਨ ਦੇ ਕਈ ਹਿੱਸਿਆਂ ਉੱਪਰ ਮਿਜ਼ਾਈਲ ਰਾਹੀਂ ਹਮਲਿਆਂ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।
    • ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਰੂਸ ਉੱਤੇ ਵਿਆਪਕ ਹਮਲਾ ਸ਼ੁਰੂ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਹਮਲੇ ਰੋਕਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕੀਤੀ।
    • ਹੁਣ ਤਕ ਯੂਕਰੇਨ ਸਰਕਾਰ ਮੁਤਾਬਕ ਘੱਟੋ ਘੱਟ ਅੱਠ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
    • ਨਾਟੋ ਮੁਲਕਾਂ ਨੇ ਇਸ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਦੱਸਦਿਆਂ ਜਵਾਬ ਦੇਣ ਦੀ ਗੱਲ ਕਹੀ ਹੈ।
  12. 'ਹਮਲਾ ਅੰਤਰਰਾਸ਼ਟਰੀ ਕਾਨੂੰਨ ਦੀ ਘੋਰ ਉਲੰਘਣਾ': ਨਾਟੋ ਸਕੱਤਰ ਜਨਰਲ

    ਨਾਟੋ ਦੇ ਸਕੱਤਰ ਜਨਰਲ ਯੈਂਨਸ ਸਟੋਲਟਨਬਰਗ ਨੇ ਯੂਕਰੇਨ 'ਤੇ ਰੂਸ ਦੇ "ਜਲਦਬਾਜ਼ੀ ਵਾਲੇ ਹਮਲੇ" ਦੀ ਨਿੰਦਾ ਕੀਤੀ ਹੈ।

    ਟਵਿੱਟਰ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ "ਅਣਗਿਣਤ ਨਾਗਰਿਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਂਦਾ ਹੈ"।

    ਉਨ੍ਹਾਂ ਨੇ ਕਿਹਾ, "ਇਹ ਅੰਤਰਰਾਸ਼ਟਰੀ ਕਾਨੂੰਨ ਦੀ ਘੋਰ ਉਲੰਘਣਾ ਹੈ ਅਤੇ ਯੂਰੋ-ਅਟਲਾਂਟਿਕ ਸਲਾਮਤੀ ਲਈ ਗੰਭੀਰ ਖ਼ਤਰਾ ਹੈ"

    ਉਨ੍ਹਾਂ ਨੇ ਕਿਹਾ ਕਿ ਨਾਟੋ ਸਹਿਯੋਗੀ ਮਿਲਣਗੇ ਅਤੇ ਰੂਸ ਦੇ ਇਸ "ਨਵੇਂ ਹਮਲੇ" ਦਾ ਜਵਾਬ ਦੇਣਗੇ।

  13. ਯੂਕਰੇਨ ਨੇ ਕੀਤੀ ਰੂਸ 'ਤੇ 'ਗੰਭੀਰ ਪਾਬੰਦੀਆਂ' ਦੀ ਮੰਗ

    ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਲਈ ਇੱਕ "ਟੂ ਡੂ ਲਿਸਟ" ਤਿਆਰ ਕੀਤੀ ਹੈ।

    ਇੱਕ ਟਵੀਟ ਰਾਹੀਂ ਇਸ ਸੂਚੀ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, "ਸੰਸਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ" ਅਤੇ "ਯੂਰਪ ਤੇ ਦੁਨੀਆ ਦਾ ਭਵਿੱਖ ਦਾਅ 'ਤੇ ਹੈ"।

    ਕੁਲੇਬਾ ਨੇ ਰੂਸ ਦੁਆਰਾ ਸਵਿਫ਼ਟ (SWIFT) ਵਿੱਤੀ ਲੈਣ-ਦੇਣ ਪ੍ਰਣਾਲੀ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਸਮੇਤ ਉਸ 'ਤੇ ਤੁਰੰਤ "ਗੰਭੀਰ ਪਾਬੰਦੀਆਂ" ਲਗਾਉਣ ਦੀ ਮੰਗ ਕੀਤੀ।

    ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵ ਨੂੰ "ਰੂਸ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦੇਣਾ ਚਾਹੀਦਾ ਹੈ", ਜਦਕਿ ਯੂਕਰੇਨ ਨੂੰ ਹਥਿਆਰ, ਸਾਜੋ-ਸਾਮਾਨ, ਵਿੱਤੀ ਸਹਾਇਤਾ ਅਤੇ ਮਾਨਵਤਾਵਾਦੀ ਮਦਦ ਦਿੱਤੀ ਜਾਣੀ ਚਾਹੀਦੀ ਹੈ।

  14. ਰੂਸੀ ਬੰਬਾਰੀ 'ਚ ਸੱਤ ਲੋਕਾਂ ਦੀ ਮੌਤ: ਯੂਕਰੇਨੀ ਪੁਲਿਸ

    ਯੂਕਰੇਨ ਦੀ ਪੁਲਿਸ ਦਾ ਕਹਿਣਾ ਹੈ ਕਿ ਰੂਸੀ ਬਲਾਂ ਦੁਆਰਾ ਕੀਤੀ ਗਈ ਬੰਬਾਰੀ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ।

    ਅਧਿਕਾਰੀਆਂ ਨੇ ਕਿਹਾ ਕਿ ਓਡੇਸਾ ਦੇ ਬਾਹਰ ਪੋਡਿਲਸਕ ਵਿੱਚ ਇੱਕ ਫੌਜੀ ਯੂਨਿਟ 'ਤੇ ਹੋਏ ਹਮਲੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ ਹਨ।

    ਉਨ੍ਹਾਂ ਅੱਗੇ ਕਿਹਾ, ਮਾਰੀਉਪੋਲ ਸ਼ਹਿਰ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ।

    ਇਸ ਤੋਂ ਇਲਾਵਾ, 19 ਲੋਕ ਲਾਪਤਾ ਹਨ।

  15. ਤਣਾਅ ਦੇ ਵਧਣ ਨਾਲ ਤੇਲ ਦੀਆਂ ਕੀਮਤਾਂ ਵਿੱਚ ਉਛਾਲ

    ਮੌਜੂਦਾ ਤਣਾਅ ਦੇ ਮੱਦੇਨਜ਼ਰ ਤੇਲ ਦੀਆਂ ਕੀਮਤਾਂ ਪਿਛਲੇ ਸੱਤਾਂ ਸਾਲਾਂ ਦੌਰਾਨ ਪਹਿਲੀ ਵਾਰ ਸੌ ਡਾਲਰ ਫ਼ੀ ਬੈਰਲ ਤੋਂ ਪਾਰ ਹੋ ਗਈਆਂ ਹਨ।

    ਰੂਸੀ ਕਾਰਵਾਈ ਦੀ ਖ਼ਬਰ ਕਾਰਨ ਏਸ਼ੀਆ ਦੇ ਸ਼ੇਅਰ ਬਾਜ਼ਾਰ ਵੀ ਦੋ ਤੋਂ ਤਿੰਨ ਫ਼ੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ।

    ਜਦੋਂ ਰਾਸ਼ਟਰਪਤੀ ਪੁਤਿਨ ਨੇ ਪੂਰਬੀ ਯੂਕਰੇਨ ਦੇ ਡੋਨੇਤਸਕ ਅਤੇ ਲੁਹਾਂਸਕ ਵਿੱਚ ਫ਼ੌਜੀ ਦਸਤੇ ਭੇਜਣ ਦਾ ਐਲਾਨ ਕੀਤਾ ਸੀ ਤਾਂ ਤੇਲ ਦੀਆਂ ਕੀਮਤਾਂ 98 ਡਾਲਰ ਫ਼ੀ ਬੈਰਲ ਪਹੁੰਚ ਗਈਆਂ ਸਨ।

    ਬੀਬੀਸੀ ਏਸ਼ੀਆ ਦੇ ਕਾਰੋਬਾਰੀ ਪੱਤਰਕਾਰ ਮਾਰੀਕੇ ਓਈ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਵਿੱਚ ਡਰ ਹੈ ਕਿਉਂਕਿ ਤੇਲ ਨੂੰ ਇੱਕ ਸੁਰੱਖਿਅਤ ਨਿਵੇਸ਼ ਸਮਝਿਆ ਜਾਂਦਾ ਹੈ।

    ਪਿਛਲੇ ਇੱਕ ਸਾਲ ਦੌਰਾਨ ਸੋਨਾ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਹੈ ਅਤੇ ਅਮਰੀਕੀ ਡਾਲਰ ਅਤੇ ਜਪਾਨੀ ਯੈਨ ਵੀ ਮਜ਼ਬੂਤੀ ਫੜ ਰਹੇ ਹਨ।

  16. ਰੂਸ ਨੇ ਕੀਤੇ ਮਿਜ਼ਾਈਲ ਹਮਲੇ- ਯੂਕਰੇਨ ਰਾਸ਼ਟਰਪਤੀ

    ਖਬਰ ਏਜੰਸੀ ਰੌਇਟਰਜ਼ ਦੀ ਰਿਪੋਰਟ ਅਨੁਸਾਰ, ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੈਂਸਕੀ ਨੇ ਦੇਸ਼ 'ਤੇ ਮਿਜ਼ਾਈਲ ਹਮਲੇ ਦੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ।

    ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਨੇ ਯੂਕਰੇਨ ਦੇ ਬੁਨਿਆਦੀ ਢਾਂਚੇ ਅਤੇ ਸਰਹੱਦੀ ਚੌਕੀਆਂ 'ਤੇ ਮਿਜ਼ਾਈਲ ਹਮਲੇ ਕੀਤੇ ਹਨ।

    ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਆਪਣੀ ਕੌਮੀ ਸੁਰੱਖਿਆ ਅਤੇ ਰੱਖਿਆ ਕੌਂਸਲ ਨੂੰ ਮਾਰਸ਼ਲ ਲਾਅ ਦਾ ਐਲਾਨ ਕਰਨ ਲਈ ਸੱਦਿਆ ਹੈ।

    ਇਸ ਮੁੱਦੇ 'ਤੇ ਫੈਸਲੇ ਬਾਰੇ ਕੌਂਸਲ ਦੀ ਇੱਕ ਜ਼ਰੂਰੀ ਬੈਠਕ ਬੁਲਾਈ ਜਾ ਸਕਦੀ ਹੈ।

  17. ਰੂਸ ਯੂਕਰੇਨ ਸੰਕਟ: ਕੀਵ ਵਿੱਚ ਕੁਝ ਅਜਿਹੇ ਹਨ ਹਾਲਾਤ, ਦੇਖੋ ਤਸਵੀਰਾਂ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਕੀਵ ਵਿੱਚ ਬਹੁਤ ਸਾਰੇ ਲੋਕ ਪਨਾਹ ਲੈਣ ਲਈ ਭੂਮੀਗਤ ਮੈਟਰੋ ਸਟੇਸ਼ਨਾਂ ਵੱਲ ਭੱਜਣ ਲੱਗੇ

    ਕੁਝ ਹੋਰ ਲੋਕ ਸ਼ਹਿਰ ਛੱਡਣ ਲਈ ਬੱਸਾਂ ਵਿੱਚ ਸਵਾਰ ਹੋ ਗਏ ਅਤੇ ਸਦਕਾਂ 'ਤੇ ਸ਼ਹਿਰੋਂ ਬਾਹਰ ਜਾਣ ਵਾਲੀਆਂ ਕਾਰਾਂ ਦੀਆਂ ਕਤਾਰਾਂ ਹਨ।

    ਇਨ੍ਹਾਂ ਕੁਝ ਤਸਵੀਰਾਂ ਰਾਹੀਂ ਸਮਝੋ ਸ਼ਹਿਰ ਦੇ ਹਾਲਾਤ...

  18. ਰੂਸ ਦਾ ਯੂਕਰੇਨ 'ਤੇ ਹਮਲਾ, ਭਾਰਤ ਅਤੇ ਅਮਰੀਕਾ ਕੀ ਬੋਲੇ

  19. ਯੂਕਰੇਨ: ਬੇਲਾਰੂਸ ਤੋਂ ਫੌਜਾਂ ਅੱਗੇ ਵੱਧ ਰਹੀਆਂ ਹਨ

    ਯੂਕਰੇਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਈ ਰਿਪੋਰਟਾਂ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਬੇਲਾਰੂਸ ਵਿੱਚ ਫੌਜੀ, ਰੂਸੀ ਹਮਲੇ ਵਿੱਚ ਸ਼ਾਮਲ ਹੋ ਰਹੇ ਹਨ। ਇਸਦਾ ਮਤਲਬ ਇਹ ਹੈ ਕਿ ਹਮਲਾਵਰ ਹੁਣ ਯੂਕਰੇਨ ਦੇ ਉੱਤਰ ਤੋਂ ਵੀ ਆ ਰਿਹਾ ਹੈ।

    ਬੇਲਾਰੂਸ, ਜੋ ਕਿ ਯੂਕਰੇਨ ਦੀ ਉੱਤਰੀ ਸਰਹੱਦ 'ਤੇ ਹੈ, ਦਾ ਰੂਸ ਨਾਲ ਲੰਬੇ ਸਮੇਂ ਤੋਂ ਗੱਠਜੋੜ ਹੈ। ਵਿਸ਼ਲੇਸ਼ਕ ਇਸ ਛੋਟੇ ਦੇਸ਼ ਨੂੰ ਰੂਸ ਦੇ "ਕਲਾਇੰਟ ਸਟੇਟ" ਵਜੋਂ ਦੇਖਦੇ ਹਨ।

    ਦੂਜੇ ਪਾਸੇ ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰੂਸੀ ਫੌਜ ਨੇ ਦੇਸ਼ ਦੇ ਪੂਰਬ ਵਿੱਚ "ਤੀਬਰ ਗੋਲਾਬਾਰੀ" ਸ਼ੁਰੂ ਕਰ ਦਿੱਤੀ ਹੈ।

    ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੂਸ ਨੇ ਕੀਵ ਨੇੜੇ ਬੋਰਿਸਪਿਲ ਹਵਾਈ ਅੱਡੇ ਅਤੇ ਕਈ ਹੋਰ ਹਵਾਈ ਅੱਡਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਯੂਕਰੇਨ ਦੀ ਹਵਾਈ ਸੈਨਾ ਰੂਸ ਦੁਆਰਾ ਕੀਤੇ ਗਏ ਹਵਾਈ ਹਮਲੇ ਦਾ ਮੁਕਾਬਲਾ ਕਰ ਰਹੀ ਹੈ।

  20. ਰੂਸ ਦੁਆਰਾ ਕੀਤੀ ਗਈ ਹੁਣ ਤੱਕ ਦੀ ਫੌਜੀ ਕਾਰਵਾਈ ਬਾਰੇ ਜਾਣੋ

    ਕੀਵ ਤੋਂ ਬੀਬੀਸੀ ਪੱਤਰਕਾਰ ਜੇਮਸ ਵਾਟਰਹਾਊਸ ਦਾ ਕਹਿਣਾ ਹੈ ਕਿ ਯੂਕਰੇਨ ਦੇ ਇੱਕ ਸਰਕਾਰੀ ਅਧਿਕਾਰੀ ਨੇ ਹੁਣ ਤੱਕ ਰੂਸੀ ਫੌਜੀ ਕਾਰਵਾਈ ਦੀ ਵਿਆਪਕਤਾ ਦਾ ਸੰਕੇਤ ਦਿੱਤਾ ਹੈ।

    ਅਧਿਕਾਰੀ ਦਾ ਕਹਿਣਾ ਹੈ ਕਿ ਅੱਜ ਸਵੇਰੇ ਕੀਵ 'ਤੇ ਕਰੂਜ਼ ਮਿਜ਼ਾਈਲ ਹਮਲੇ ਕੀਤੇ ਗਏ ਹਨ ਅਤੇ ਨਾਲ ਹੀ ਦੇਸ਼ ਦੇ ਦੱਖਣ ਵੱਲ ਓਡੇਸਾ ਵਿੱਚ ਫੌਜੀ ਗਤੀਵਿਧੀਆਂ ਵੀ ਸ਼ੁਰੂ ਹੋ ਗਈਆਂ ਹਨ।

    ਅਧਿਕਾਰੀ ਮੁਤਾਬਕ, ਰੂਸੀ ਸਰਹੱਦ ਤੋਂ ਲਗਭਗ 25 ਮੀਲ ਦੂਰ ਖਾਰਕੀਵ ਵਿੱਚ ਵੀ ਸੈਨਿਕ ਸਰਹੱਦ ਪਾਰ ਕਰ ਰਹੇ ਹਨ। ਵਾਟਰਹਾਊਸ ਦਾ ਕਹਿਣਾ ਹੈ ਕਿ ਗਵਾਹਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਸ਼ੁਰੂਆਤੀ ਸੰਕੇਤ ਇਹ ਹਨ ਕਿ ਇਹ ਸਾਰੀ ਕਾਰਵਾਈ ਕਾਫ਼ੀ ਵੱਡੇ ਪੱਧਰ 'ਤੇ ਹੈ।

    ਯੂਕਰੇਨ ਦੇ ਗ੍ਰਹਿ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਸਥਾਨਕ ਮੀਡੀਆ ਦੀਆਂ ਕਈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਯੂਕਰੇਨ ਦੇ ਫੌਜੀ ਮਿਜ਼ਾਈਲ ਕਮਾਂਡ ਸੈਂਟਰਾਂ ਅਤੇ ਕੀਵ ਵਿੱਚ ਫੌਜੀ ਹੈੱਡਕੁਆਰਟਰ 'ਤੇ ਵੀ ਕੁਝ ਮਿਜ਼ਾਈਲ ਹਮਲੇ ਕੀਤੇ ਗਏ ਹਨ।

    ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਸ਼ਹਿਰਾਂ 'ਤੇ ਹਮਲਾ ਕਰਨ ਦੀ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਫੌਜੀ ਬੁਨਿਆਦੀ ਢਾਂਚੇ, ਹਵਾਈ ਰੱਖਿਆ (ਏਅਰ ਡਿਫੈਂਸ) ਅਤੇ "ਉੱਚ ਸਮਰੱਥਾ ਵਾਲੇ ਹਥਿਆਰਾਂ" ਵਾਲੀਆਂ ਹਵਾਈ ਫੌਜਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।