You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਪੰਜਾਬ ’ਚ ਨਾਂਦੇੜ ਤੋਂ ਆਏ ਲੋਕਾਂ ’ਚ 33 ਪੌਜ਼ਿਟਿਵ, ਦੁਨੀਆਂ ’ਚ 1.5 ਅਰਬ ਲੋਕਾਂ ਨੂੰ ਗੁਆਉਣਾ ਪੈ ਸਕਦਾ ਰੁਜ਼ਗਾਰ

ਅਮਰੀਕਾ ਵਿੱਚ ਲਾਗ ਦੇ ਮਾਮਲੇ 10 ਲੱਖ ਤੋਂ ਪਾਰ, 58355 ਲੋਕਾਂ ਦੀ ਮੌਤ ਹੋ ਚੁੱਕੀ ਹੈ

ਲਾਈਵ ਕਵਰੇਜ

  1. ਕੋਰੋਨਾ ਖ਼ਿਲਾਫ਼ ਲੜਨ ਲਈ ਪੰਜਾਬ ਨੂੰ ਸਿਰਫ਼ 71ਕਰੋੜ ਮਿਲਿਆ

    ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਸੂਬੇ ਨੂੰ ਕੋਵਿਡ-19 ਖ਼ਿਲਾਫ਼ ਲੜਨ ਲਈ ਕੋਈ ਪੈਕੇਜ ਦੇਣ ਦੀਆਂ ਖ਼ਬਰਾਂ ਨੂੰ ਅਫ਼ਵਾਹਾ ਦੱਸਿਆ ਹੈ।

    ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਨੇ ਕਿਹਾ, ‘‘ਪੰਜਾਬ ਨੂੰ ਮੋਦੀ ਸਰਕਾਰ ਵਲੋਂ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਲਈ ਸਿਰਫ਼ 71 ਕਰੋੜ ਹੀ ਦਿੱਤੇ ਹਨ।’’

    ਬਾਦਲ ਨੇ ਕਿਹਾ, ‘‘ਸ਼ਤਰੰਜ ਦੇ 31 ਮੋਹਰੇ ਹਨ ਤੇ ਚਾਲਾਂ ਅਰਬ ਦੇ ਕਰੀਬ ਹੁੰਦੀਆਂ ਹਨ। ਇਸ ਲਈ ਤਾਅਨੇ ਮੇਹਣੇ ਵਾਲਿਆਂ ਨੂੰ ਉਦੋਂ ਹੀ ਜਵਾਬ ਦੇਵਾਂਗੇ, ਜਦੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤ ਜਾਵਾਂਗੇ’’।

  2. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ

    ਕੋਰੋਨਾਵਾਇਰਸ ਦੇ ਲੱਛਣਾਂ ਦੀ ਸ਼ੱਕ ਪੈਂਦਿਆਂ ਹੀ ਮਰੀਜ਼ ਨੂੰ ਏਕਾਂਤਵਾਸ ਭੇਜ ਦਿੱਤਾ ਜਾਂਦਾ ਹੈ।

    ਕੋਰੋਨਾ ਦੀ ਅਜੇ ਤੱਕ ਕੋਈ ਵੈਕਸੀਨ ਤਿਆਰ ਨਹੀਂ ਹੋ ਸਕੀ ਹੈ।

    ਫਿਰ ਵੀ ਮਰੀਜ਼ ਠੀਕ ਹੋ ਰਹੇ ਹਨ। ਇੱਥੇ ਸਵਾਲ ਇਹ ਹੈ ਕਿ ਮਰੀਜ਼ ਦਾ ਸਰੀਰ ਕੋਰੋਨਾ ਨਾਲ ਕਿਵੇਂ ਲੜਦਾ ਹੈ।

  3. ਕੋਰੋਨਾਵਾਇਰਸ: ਬੱਚਿਆਂ ਵਿੱਚ ਵੇਖੇ ਜਾ ਰਹੇ ਹਨ ਇਹ ਲੱਛਣ

    ਮਿਸ਼ੇਲ ਰੌਬਰਟਸਸਿਹਤ ਸੰਪਾਦਕ, ਬੀਬੀਸੀ ਨਿਊਜ਼ ਆਨਲਾਈਨ

    ਐਨਐਚਐਸ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਹੋ ਰਹੀ ਇੱਕ ਦੁਰਲੱਭ ਪਰ ਖ਼ਤਰਨਾਕ ਪ੍ਰਤੀਕ੍ਰਿਆ ਨੂੰ ਜਾਂਚਣ, ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਜੁੜੀ ਹੋ ਸਕਦੀ ਹੈ।

    ਜਨਰਲ ਪ੍ਰੈਕਟਿਸ਼ਨਰਾਂ (ਜੀਪੀ) ਨੂੰ ਭੇਜੀ ਗਈ ਇੱਕ ਜ਼ਰੂਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ 'ਚ ਅਜੀਬ ਲੱਛਣ ਵੇਖੇ ਜਾ ਰਹੇ ਹਨ ।

  4. ਕੋਰੋਨਾ ਕਹਿਰ: ਭਾਰਤ 'ਚ 24 ਘੰਟਿਆਂ ਦੌਰਾਨ 73 ਮੌਤਾਂ

    ਭਾਰਤ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਕੋਰੋਨਾਵਾਇਰਸ ਦੇ ਮਾਮਲੇ 31000 ਨੂੰ ਪਾਰ ਕਰ ਗਏ ਹਨ।

    ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1897 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 73 ਮੌਤਾਂ ਹੋਈਆਂ ਹਨ।

    24 ਘੰਟਿਆਂ ਵਿਚ ਮੌਤਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਤੇ ਕੁੱਲ 1007 ਦੀ ਮੌਤ ਹੋ ਚੁੱਕੀ ਹੈ।

    ਪੌਜ਼ਿਟਿਵ ਮਾਮਲੇ 31332 ਹਨ, ਇਨ੍ਹਾਂ ਵਿਚੋਂ 7696 ਮਾਮਲੇ ਠੀਕ ਹੋ ਚੁੱਕੇ ਹਨ।

    ਮੁਲਕ ਵਿਚ ਰੋਜ਼ਾਨਾਂ ਰਿਕਵਰੀ ਰੇਟ ਵਿਚ ਵਾਧਾ ਹੋ ਰਿਹਾ ਹੈ ਅਤੇ ਇਹ ਸੁਧਰ ਕੇ 24.56% ਹੋ ਗਿਆ ਹੈ।

  5. ਦਿੱਲੀ ਵਿਚ ਡਰੋਨ ਨਾਲ ਹਵਾਈ ਨਿਗਰਾਨੀ

    ਦਿੱਲੀ ਪੁਲਿਸ ਨੇ ਲੌਕਡਾਊਨ ਦੌਰਾਨ ਡਰੋਨ ਨਾਲ ਨਿਗਰਾਨੀ ਕਰਨ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਅਸਮਾਨ ਵਿਚੋਂ ਹੀ ਚੇਤਾਵਨੀ ਦੇਣ ਦਾ ਤਰੀਕਾ ਅਪਣਾਇਆ ਹੈ।

    ਤੁਸੀਂ ਵੀ ਦੇਖੋ ਕਿ ਕਿਵੇਂ ਦਿੱਲੀ ਪੁਲਿਸ ਘਰਾਂ ਤੋਂ ਬਾਹਰ ਨਿਕਲ ਰਹੇ ਲੋਕਾਂ ਦੀ ਨਿਗਰਾਨੀ ਕਰ ਰਹੀ ਹੈ।

  6. ਕੋਰੋਨਾਵਾਇਰਸ : ਦੋ ਕੈਦੀਆਂ ਦੀ ਮੌਤ ਤੋਂ ਬਾਅਦ ਦੰਗਾ, 9 ਹਲਾਕ

    ਪੇਰੂ ਦੀ ਇੱਕ ਜੇਲ੍ਹ ਵਿਚ ਦੋ ਕੈਦੀਆਂ ਦੀ ਕੋਵਿਡ-19 ਨਾਲ ਹੋਈ ਮੌਤ ਤੋਂ ਬਾਅਦ ਭੜਕੇ ਦੰਗਿਆਂ ਵਿਚ 9 ਜਣੇ ਹਲਾਕ ਹੋ ਗਏ।

    ਅਧਿਕਾਰਤ ਸੂਤਰਾਂ ਮੁਤਾਬਕ ਇਹ ਵਾਰਦਾਤ ਲੀਮਾ ਦੀ ਕਾਸਤਰੋ ਕਾਸਤਰੋ ਜੇਲ੍ਹ ਵਿਚ ਵਾਪਰੀ ਹੈ।

    ਵਾਰਦਾਤ ਵਿਚ ਦੋ ਕੈਦੀ, ਪੰਜ ਪੁਲਿਸ ਅਫ਼ਸਰ ਤੇ 60 ਜੇਲ੍ਹ ਗਾਰਡ ਜ਼ਖ਼ਮੀ ਹੋ ਗਏ।

    ਦੱਖਣੀ ਅਮਰੀਕਾ ਦੀਆਂ ਜੇਲ੍ਹਾਂ ਵਿਚ ਕੋਵਿਡ-19 ਕਾਰਨ ਕੈਦੀਆਂ ਵਿਚਾਲੇ ਲਾਗ ਬਹੁਤ ਵੱਡੇ ਪੱਧਰ ਉੱਤੇ ਫ਼ੈਲਣ ਦਾ ਖ਼ਦਸ਼ਾ ਹੈ।

    ਪਿਛਲੇ ਮਹੀਨੇ ਕੋਲੰਬੀਆ ਵਿਚ ਜੇਲ੍ਹ ਵਿਚ ਹੋਏ ਦੰਗੇ ਦੌਰਾਨ 23 ਕੈਦੀ ਮਾਰੇ ਗਏ ਸਨ।

  7. ਕੋਰੋਨਾਵਾਇਰਸ ਲੌਕਡਾਊਨ: ਚਿੱਤਰਾਂ ਰਾਹੀਂ ਬੱਚਿਆਂ ਨੇ ਚਿੱਤਰੇ ਜਜ਼ਬਾਤ

  8. ਪੰਜਾਬ ’ਚ ਨਵੇਂ ਪੌਜ਼ਿਟਿਵ 16 ਮਰੀਜ਼ਾਂ ਵਿਚੋਂ 12 ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ

    ਪੰਜਾਬ ਦੇ ਮੁੱਖ ਵਿਸ਼ੇਸ਼ ਸਕੱਤਰ ਕੇਬੀਐੱਸ ਸਿੱਧੂ ਨੇ ਪੰਜਾਬ ਵਿਚ 16 ਨਵੇਂ ਕੋਰੋਨਾ ਪੌਜ਼ਿਟਿਵ ਮਾਮਲੇ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸਿੱਧੂ ਨੇ ਇੱਕ ਟਵੀਟ ਰਾਹੀ ਦੱਸਿਆ ਕਿ 16 ਵਿਚੋਂ 12 ਮਰੀਜ਼ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂ ਹਨ।

    ਸਿਹਤ ਵਿਭਾਗ ਦੇ ਕੁਝ ਹੋਰ ਸੂਤਰਾਂ ਮੁਤਾਬਕ ਇਨ੍ਹਾਂ ਵਿਚ 4 ਕੋਟਾ ਤੋਂ ਵਾਪਸ ਆਏ ਵਿਦਿਆਰਥੀ ਹਨ।

    ਪੌਜ਼ਿਟਿਵ ਪਾਏ ਗਏ ਮਰੀਜ਼ਾਂ ਵਿਚ ਬਿਮਾਰੀ ਦੇ ਲੱਛਣ ਨਹੀਂ ਸਨ ਅਤੇ ਇਹ ਪੰਜਾਬ ਆਉਣ ਉੱਤੇ ਹੋਈ ਟੈਸਟਿੰਗ ਦੌਰਾਨ ਪੌਜ਼ਿਟਿਵ ਪਾਏ ਗਏ।

  9. ਪੰਜਾਬ: ਕਰਫਿਊ ਵਿਚ ਰੋਜ਼ਾਨਾਂ 4 ਘੰਟੇ ਦੀ ਢਿੱਲ

    ਪੰਜਾਬ ਵਿਚ ਕਰਫਿਊ ਤੇ ਲੌਕਡਾਊਨ ਦੇ 38 ਵੇਂ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਮੁੜ ਸੰਬੋਧਨ ਕੀਤਾ।

    • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕਰਫਿਊ ਦੀ ਮਿਆਦ 2 ਹਫ਼ਤੇ ਹੋਰ ਵਧਾਉਣ ਦਾ ਐਲਾਨ ਕੀਤਾ,ਪਰ ਰੋਜ਼ਾਨਾਂ ਸਵੇਰੇ 4 ਘੰਟੇ ਲਈ ਢਿੱਲ ਵੀ ਦਿੱਤੀ ਗਈ।।
    • ਮੁੱਖ ਮੰਤਰੀ ਨੇ ਕਿਹਾ ਕਿ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਰਫਿਊ ਦੀ ਢਿੱਲ ਦਿੱਤੀ ਜਾਵੇਗੀ ਪਰ ਕਰਫਿਊ 2 ਹਫ਼ਤੇ ਹੋਰ ਜਾਰੀ ਰਹੇਗਾ।
    • ਦੁਕਾਨਾਂ ਖੁੱਲਣ ਸਮੇਂ ਸੋਸ਼ਲ ਡਿਸਟੈਂਸ ਦਾ ਖ਼ਿਲਾਫ ਰੱਖਣ ਪਵੇਗਾ।
    • ਮੁੱਖ ਮੰਤਰੀ ਨੇ ਪੰਜਾਬ ਤੋਂ ਬਾਹਰ ਰਹਿਣ ਵਾਲੇ ਪੰਜਾਬੀਆਂ ਨੂੰ ਘਰਾਂ ਤੱਕ ਲਿਆਉਣ ਦਾ ਜਲਦ ਪ੍ਰਬੰਧ ਕਰਨ ਦੀ ਗੱਲ ਵੀ ਕਹੀ।
    • ਕੈਪਟਨ ਨੇ ਕਿਹਾ ਕਿ ਪੰਜਾਬ ਵਿਚ ਹਾਲਾਤ ਕੰਟਰੋਲ ਹੇਠ ਹਨ ਪਰ ਸਾਰਿਆਂ ਨੂੰ ਜ਼ਾਬਤੇ ਵਿਚ ਰਹਿਣਾ ਪਵੇਗਾ
    • ਕੈਪਟਨ ਨੇ ਕਿਹਾ ਕਿ ਦੁਕਾਨਾਂ ਅਤੇ ਸਨਅਤ, ਖ਼ਾਸਕਰ ਛੋਟੇ ਕਾਰੋਬਾਰਾਂ ਨੂੰ ਖੋਲਣਾਂ ਇਸ ਸਮੇਂ ਦੀ ਜਰੂਰਤ ਹੈ।
  10. ਕੋਰੋਨਾਵਾਇਰਸ ਦੇ ਗਰਮੀ ਆਉਣ 'ਤੇ ਖ਼ਤਮ ਹੋਣ ਦੇ ਦਾਅਵਿਆਂ ਦੀ ਸੱਚਾਈ

    ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਵਿੱਚ ਚੀਨ ਦੇ ਵੁਹਾਨ ਵਿੱਚ ਸਾਹਮਣੇ ਆਇਆ।

    ਉਸ ਤੋਂ ਬਾਅਦ ਇਹ ਵਾਇਰਸ ਹੌਲੀ-ਹੌਲੀ ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਨੂੰ ਲੈ ਕੇ ਦੁਨੀਆਂ ਭਰ ਵਿੱਚ ਸਰਕਾਰਾਂ ਆਪਣੇ ਨਾਗਰਿਕਾਂ ਲਈ ਫ਼ਿਕਰਮੰਦ ਹਨ।

    ਪਰ ਕੋਰੋਨਾਵਾਇਰਸ ਨੂੰ ਲੈ ਕੇ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਵਾਲ ਉੱਠ ਰਹੇ ਹਨ।

  11. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਹੁਣ ਤੱਕ ਦੀ ਜਾਣਕਾਰੀ

    • ਅਮਰੀਕਾ ਵਿੱਚ ਵੀਅਤਨਾਮ ਜੰਗ ਤੋਂ ਵੱਧ ਕੋਰੋਨਾਵਾਇਰਸ ਨਾਲ ਮਰੇ ਲੋਕ, 10 ਲੱਖ ਤੋਂ ਪਾਰ ਹੋਏ ਪੌਜ਼ਿਟਿਵ ਮਾਮਲੇ
    • ਕੋਰੋਨਵਾਇਰਸ ਕਾਰਨ ਮੁਲਤਵੀ ਹੋਈ ਚੀਨ ਦੀ ਐੱਨਸੀਪੀ ਦੀ ਸਾਲਾਨਾ ਬੈਠਕ 22 ਮਈ ਨੂੰ ਹੋਏਗੀ।
    • ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਮੰਨਿਆ ਪੀਪੀਈ ਦੀ ਕਮੀ, ਲੌਕਡਾਊਨ 11 ਮਈ ਤੱਕ ਵਧਾਇਆ।
    • ਫਰਾਂਸ ਵਿੱਚ ਜਨਤਕ ਵਾਹਨਾਂ ਅਤੇ ਸਕੂਲਾਂ ਵਿੱਚ ਮਾਸਕ ਲਾਜ਼ਮੀ, 11 ਮਈ ਤੋਂ ਲੌਕਡਾਊਨ ਵਿੱਚ ਢਿੱਲ ਮਿਲਣੀ ਸ਼ੁਰੂ ਹੋਵੇਗੀ।
    • ਵੀਅਤਨਾਮ ਵਿੱਚ ਜ਼ਿੰਦਗੀ ਫਿਰ ਆਮ ਹੋਣੀ ਸ਼ੁਰੂ ਹੋ ਗਈ ਹੈ ਪਰ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਲਾਜ਼ਮੀ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 31, 332 ਹੋਈ, ਹੁਣ ਤੱਕ 1,007 ਮੌਤਾਂ ਹੋ ਚੁੱਕੀਆਂ ਹਨ।
    • CBSE ਬੋਰਡ ਦੀਆਂ 10ਵੀਂ ਤੇ 12ਵੀਂ ਪ੍ਰੀਖਿਆ ਸਬੰਧੀ ਫੈਸਲੇ 'ਚ ਕੋਈ ਬਦਲਾਅ ਨਹੀਂ
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ 16 ਨਵੇਂ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 12 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।
    • ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਸਵੇਰੇ ਕਤਰ ਏਅਰਵੇਜ਼ ਰਵਾਨਾ ਹੋਈ, 267 ਮੁਸਾਫ਼ਰ
  12. ਕੋਰੋਨਾਵਾਇਰਸ ਟੈਸਟਿੰਗ ਕਿੱਟ ਖ਼ਰੀਦ ਵਿੱਚ ਮੁਨਾਫ਼ਾਖੋਰੀ ਦੇ ਇਲਜ਼ਾਮਾਂ ਦਾ ਪੂਰਾ ਸੱਚ

    ਕੋਰਨਾਵਾਇਰਸ ਦੇ ਟੈਸਟਿੰਗ ਕਿੱਟ ਦੇ ਲਾਗਤ ਦੇ ਸਬੰਧ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) 'ਤੇ ਇੱਕ ਵੱਡਾ ਇਲਜ਼ਾਮ ਲਾਇਆ ਜਾ ਰਿਹਾ ਹੈ।

    ਇਲਜ਼ਾਮ ਇਹ ਹੈ ਕਿ ਇੱਕ ਰੈਪਿਡ ਡਾਇਗਨੋਸਟਿਕ ਕਿੱਟ ਦੀ ਕੀਮਤ 245 ਰੁਪਏ ਹੈ, ਜਿਸ ਨੂੰ ਆਈਸੀਐੱਮਆਰ ਕੰਪਨੀ ਤੋਂ 600 ਰੁਪਏ ਵਿੱਚ ਖਰੀਦ ਰਹੀ ਹੈ।

    ਭਾਵ ਇਸ ਕੋਰੋਨਾਵਾਇਰਸ ਦੇ ਸਮੇਂ ਦੌਰਾਨ ਵੀ ਲੋਕ ਮੁਨਾਫ਼ਾ ਕਮਾਉਣ ਤੋਂ ਖੁੰਝ ਨਹੀਂ ਰਹੇ ਹਨ। ਉਹ ਵੀ 145 ਫੀਸਦ ਜ਼ਿਆਦਾ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  13. ਏਸ਼ੀਆ ਵਿੱਚ ਕੋਰੋਨਾਵਾਇਰਸ ਦੇ ਮਾਮਲੇ

    • ਮੰਗਲਵਾਰ ਨੂੰ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਕਾਰਨ 20 ਮੌਤਾਂ ਹੋਈਆਂ। ਇੱਕ ਦਿਨ ਵਿੱਚ ਪਾਕਿਸਤਾਨ ਵਿੱਚ ਸਭ ਤੋਂ ਵੱਧ ਮੌਤਾਂ ਹਨ।
    • ਇਸ ਤਰ੍ਹਾਂ ਮੌਤਾਂ ਦੀ ਕੁੱਲ ਗਿਣਤੀ 301 ਹੋ ਗਈ ਹੈ। ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 14,000 ਹੋ ਗਏ ਹਨ।
    • ਸ੍ਰੀਲੰਕਾ ਦੇ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਉਹ ਦੇਸ ਦੀ ਕ੍ਰਿਕਟ ਕਮਿਊਨਿਟੀ ਨੂੰ ਪੈਸਾ ਮੁਹੱਈਆ ਕਰਵਾਏਗਾ ਤਾਂ ਜੋ ਸਟੇਡੀਅਮਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਬਰਕਾਰ ਰੱਖਣ ਵਿੱਚ ਮਦਦ ਮਿਲੇ।
    • ਸ੍ਰੀਲੰਕਾ ਵਿੱਚ ਲਗਭਗ 600 ਕੇਸ ਅਤੇ ਸੱਤ ਮੌਤਾਂ ਦੀ ਪੁਸ਼ਟੀ ਹੋਈ ਹੈ।
    • ਭਾਰਤ ਵਿੱਚ ਫਸੇ ਨੇਪਾਲ ਦੇ ਕਾਮੇ ਸਰਹੱਦ ਦੇ ਨਾਲ ਲੱਗਦੀ ਮਹਾਕਾਲੀ ਨਦੀ ਨੂੰ ਤੈਰ ਕੇ ਪਾਰ ਕਰ ਆਪਣੇ ਘਰ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ।
    • ਇਸ ਹਫਤੇ ਘੱਟੋ-ਘੱਟ ਤਿੰਨ ਲੋਕਾਂ ਨੇ ਇਸ ਨੂੰ ਪਾਰ ਕੀਤਾ। ਨੇਪਾਲ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵੱਧ ਕੇ 54 ਹੋ ਗਏ ਹਨ।
  14. ਚੀਨ ਕਾਂਗਰਸ ਦੀ ਬੈਠਕ ਦੀ ਤਰੀਕ ਤੈਅ

    ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ (ਐੱਨਸੀਪੀ) ਕੋਰੋਨਵਾਇਰਸ ਕਾਰਨ ਆਪਣੀ ਬੈਠਕ ਟਾਲਣ ਤੋਂ ਬਾਅਦ ਹੁਣ ਸਾਲਾਨਾ ਬੈਠਕ 22 ਮਈ ਨੂੰ ਕਰਨ ਜਾ ਰਹੀ ਹੈ।

    ਇਹ ਬੈਠਕ ਸ਼ੁਰੂ ਵਿੱਚ 5 ਮਾਰਚ ਨੂੰ ਹੋਣ ਵਾਲੀ ਸੀ।

    ਤਕਰੀਬਨ 3000 ਮੈਂਬਰਾਂ ਦਾ ਵਫ਼ਦ ਆਮ ਤੌਰ 'ਤੇ ਬੀਜਿੰਗ ਵਿੱਚ ਇਸ ਬੈਠਕ ਵਿੱਚ ਮੌਜੂਦ ਹੁੰਦਾ ਹੈ ਪਰ ਇਹ ਸਪਸ਼ਟ ਨਹੀਂ ਹੈ ਕਿ ਕੀ ਇਸ ਵਾਰੀ ਕੁਝ ਬਦਲਾਅ ਕੀਤਾ ਜਾਵੇਗਾ।

  15. ਪੰਜਾਬ ਵਿੱਚ ਕੋਰੋਨਾਵਾਇਰਸ ਦੇ 16 ਨਵੇਂ ਮਾਮਲੇ

    ਪੰਜਾਬ ਵਿੱਚ ਕੋਰੋਨਾਵਾਇਰਸ ਦੇ 16 ਨਵੇਂ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

    ਪੰਜਾਬ ਸਰਕਾਰ ਦੇ ਵਿਸ਼ੇਸ਼ ਵਧੀਕ ਸਕੱਤਰ ਕੇਬੀਐੱਸ ਸਿੱਧੂ ਦਾ ਕਹਿਣਾ ਹੈ ਕਿ ਇਸ ਵਿੱਚੋਂ 12 ਨੰਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।

  16. ਦੁਨੀਆਂ ਭਰ ਦੀਆਂ ਸੜਕਾਂ ਸੁੰਨੀਆਂ

    ਕੋਰੋਨਾਵਾਇਰਸ ਦੌਰਾਨ ਦੁਨੀਆਂ ਭਰ ਦੇ ਦੇਸਾਂ ਵਿੱਚ ਲੌਕਡਾਊਨ ਕਾਰਨ ਸੁੰਨ ਪਸਰੀ ਹੋਈ ਹੈ।

  17. ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਤੋਂ ਬਚਣਾ ਹੈ ਤਾਂ ਸਾਵਧਾਨੀਆਂ ਵਰਤੋਂ। ਵਾਰ-ਵਾਰ ਸਾਬਣ ਨਾਲ ਹੱਥ ਧੋਵੋ।

    ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ।

    ਹੋਰ ਵੀ ਕਈ ਸਾਵਧਾਨੀਆਂ ਵਰਤਣ ਦੀ ਲੋੜ ਹੈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  18. ਦਿੱਲੀ ਵਿੱਚ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਖਿਲਾਫ਼ ਹੈਲਪਲਾਈਨ ਨੰਬਰ

    ਦਿੱਲੀ ਵਿੱਚ ਲੌਕਡਾਊਨ ਦੌਰਾਨ ਜੇ ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ ਤਾਂ ਉਹ ਮਹਿਲਾ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਕਰ ਸਕਦੀ ਹੈ।

    ਟੋਲ ਫ੍ਰੀ ਨੰਬਰ 181 'ਤੇ ਫੋਨ ਜਾਂ 9350-181-181 ਵਟਸਐਪ ਨੰਬਰ 'ਤੇ ਜਾਣਕਾਰੀ ਦੇ ਸਕਦੇ ਹੋ।

  19. CBSE ਬੋਰਡ ਦੀਆਂ 10ਵੀਂ ਤੇ 12ਵੀਂ ਪ੍ਰੀਖਿਆ ਸਬੰਧੀ ਫੈਸਲੇ 'ਚ ਕੋਈ ਬਦਲਾਅ ਨਹੀਂ

    ਸੀਬੀਐੱਸਈ ਨੇ ਸਪਸ਼ਟ ਕੀਤਾ ਹੈ ਕਿ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਫੈਸਲੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

    ਹਾਲਾਂਕਿ 10ਵੀਂ ਦੀਆਂ ਪ੍ਰਿਖਿਆਵਾਂ ਸਬੰਧੀ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸਨ।

    “10ਵੀਂ ਅਤੇ 12ਵੀਂ ਦੀਆਂ ਕਲਾਸਾਂ ਲਈ 29 ਵਿਸ਼ਿਆਂ ਸਬੰਧੀ ਬੋਰਡ ਪ੍ਰੀਖਿਆ ਸਬੰਧੀ ਫੈਸਲਾ 1 ਅਪ੍ਰੈਲ ਨੂੰ ਜਾਰੀ ਸਰਕੁਲਰ ਮੁਤਾਬਕ ਹੀ ਹੋਵੇਗਾ।”

    ਸਰਕੁਲਰ ਵਿੱਚ ਬੋਰਡ ਨੇ ਕਿਹਾ ਸੀ ਕਿ ਪ੍ਰੀਖਿਆ ਕਰਵਾਉਣ ਸਬੰਧੀ ਕੋਈ ਵੀ ਫੈਸਲਾ ਉੱਚ ਸਿੱਖਿਆ ਅਧਿਕਾਰੀਆਂ ਨਾਲ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ।

    ਪ੍ਰੀਖਿਆ ਕਰਵਾਉਣ ਤੋਂ 10 ਦਿਨ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।

  20. ਅੰਮ੍ਰਿਤਸਰ ਤੋਂ ਕਤਰ ਰਵਾਨਾ ਹੋਈ ਉਡਾਣ

    ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਸਵੇਰੇ ਕਤਰ ਏਅਰਵੇਜ਼ ਰਵਾਨਾ ਹੋਈ।

    ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਕੇਬੀਐੱਸ ਸਿੱਧੂ ਦਾ ਕਹਿਣਾ ਹੈ ਕਿ ਕੁੱਲ 267 ਲੋਕ ਇਸ ਵਿੱਚ ਸਵਾਰ ਸਨ।

    222 ਯੂਕੇ ਦੇ ਨਾਗਰਿਕ, 44 ਭਾਰਤੀ ਅਤੇ ਇੱਕ ਚੀਨੀ ਨਾਗਰਿਕ ਇਸ ਉਡਾਣ ਰਾਹੀਂ ਰਵਾਨਾ ਕੀਤੇ ਗਏ।