You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਰਾਜਪੁਰਾ ’ਚ ਇੱਕੋ ਦਿਨ ਵਿੱਚ 18 ਨਵੇਂ ਮਾਮਲੇ, ਇਮਰਾਨ ਖ਼ਾਨ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 25 ਲੱਖ ਪਾਰ, ਸੰਯੁਕਤ ਰਾਸ਼ਟਰ ਨੇ ਕਿਹਾ ਭੁੱਖਮਰੀ ਨਾਲ ਹੋ ਸਕਦੀ ਹੈ ਦੁਗਣੇ ਲੋਕਾਂ ਦੀ ਮੌਤ

ਲਾਈਵ ਕਵਰੇਜ

  1. ਕੋਰੋਨਾਵਾਇਰਸ ਸਬੰਧੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਐਡਵਾਇਜ਼ਰੀ

    ਕਈ ਪੱਤਰਕਾਰਾਂ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਪੁਸ਼ਟੀ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੇ ਪੱਤਰਕਾਰਾਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।

    ਉਨ੍ਹਾਂ ਨੇ ਪੱਤਰਕਾਰਾਂ ਨੂੰ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿਹਤ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਹੈ।

    ਇਸ ਦੇ ਨਾਲ ਹੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਫੀਲਡ ਸਟਾਫ਼ ਦਾ ਖਾਸ ਧਿਆਨ ਰੱਖਣ ਲਈ ਕਦਮ ਚੁੱਕਣ।

  2. ਹਵਾਬਾਜ਼ੀ ਮੰਤਰਾਲੇ ਦਾ ਇੱਕ ਮੁਲਾਜ਼ਮ ਕੋਰੋਨਾਵਾਇਰਸ ਪੌਜ਼ਿਟਿਵ

    ਹਵਾਬਾਜ਼ੀ ਮੰਤਰਾਲੇ ਦਾ ਇੱਕ ਮੁਲਾਜ਼ਮ ਜੋ ਕਿ 15 ਅਪ੍ਰੈਲ ਨੂੰ ਦਫ਼ਤਰ ਆਇਆ ਸੀ, ਕੋਰੋਨਾਵਾਇਰਸ ਪੌਜ਼ਿਟਿਵ ਪਾਇਆ ਗਿਆ ਹੈ।

    21 ਅਪ੍ਰੈਲ ਨੂੰ ਉਸ ਦੀ ਰਿਪੋਰਟ ਪੌਜ਼ਿਟਿਵ ਆਈ ਹੈ।

    ਮੰਤਰਾਲੇ ਮੁਤਾਬਕ ਉਸ ਦੇ ਸੰਪਰਕ ਵਿੱਚ ਸਾਰੇ ਸਹਿਯੋਗੀਆਂ ਨੂੰ ਸੈਲਫ਼ ਆਈਸੋਲੇਸ਼ਨ ਵਿੱਚ ਜਾਣ ਲਈ ਕਿਹਾ ਗਿਆ ਹੈ।

  3. ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਖ਼ਤਮ ਕੀਤਾ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਆਪਣਾ ਵਿਰੋਧ ਵਾਪਸ ਲੈ ਲਿਆ ਹੈ।

    ਇਹ ਫੈਸਲਾ ਉਨ੍ਹਾਂ ਨੇ ਕੇਂਦਰੀ ਗ੍ਰਹਿ ਮਤਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨਾਲ ਬੈਠਕ ਤੋਂ ਬਾਅਦ ਲਿਆ ਹੈ।

  4. ਪੰਜਾਬ ਤੋਂ 80 ਕਸ਼ਮੀਰੀ ਕਸ਼ਮੀਰ ਲਈ ਰਵਾਨਾ

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਬਟਾਲਾ ਵਿਖੇ ਪਿਛਲੇ ਇੱਕ ਮਹੀਨੇ ਤੋਂ ਫਸੇ ਹੋਏ ਕਸ਼ਮੀਰੀ ਨਾਗਰਿਕਾਂ ਵਿੱਚੋਂ ਤਕਰੀਬਨ 80 ਲੋਕਾਂ ਨੂੰ ਜੰਮੂ-ਕਸ਼ਮੀਰ ਰਵਾਨਾ ਕੀਤਾ ਗਿਆ |

    ਕਸ਼ਮੀਰੀਆਂ ਨੂੰ ਪੰਜਾਬ ਰੋਡਵੇਜ਼ ਦੀਆਂ ਤਿੰਨ ਵਿਸ਼ੇਸ਼ ਬੱਸਾਂ ਰਾਹੀਂ ਜੰਮੂ-ਕਸ਼ਮੀਰ ਭੇਜਿਆ ਗਿਆ ਹੈ।

  5. ਕੋਰੋਨਾਵਾਇਸ ਫੈਲਾਉਣ ਦੇ ਇਲਜ਼ਾਮਾਂ ਨੂੰ ਚੀਨ ਨੇ ਕਈ ਵਾਰੀ ਰੱਦ ਕੀਤਾ

    ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੂਨਿੰਗ ਨੇ 12 ਅਪ੍ਰੈਲ ਨੂੰ ਦਾਅਵਾ ਕੀਤਾ ਸੀ ਕਿ ਚੀਨ ਨੇ ਪਾਰਦਰਸ਼ਿਤਾ ਤੇ ਜ਼ਿੰਮੇਵਾਰੀ ਨਾਲ ਕੋਰੋਨਾਵਾਇਰਸ ਬਾਰੇ ਦੱਸਿਆ ਸੀ।

    ਉਨਾਂ ਦਾਅਵਾ ਕੀਤਾ ਕਿ ਜਨਵਰੀ ਦੀ ਸ਼ੁਰੂਆਤ ਵਿੱਚ ਹੀ ਅਮਰੀਕਾ ਨੂੰ ਕੋਰੋਨਾਵਾਇਰਸ ਬਾਰੇ ਜਾਣਕਾਰੀ ਦੇ ਦਿੱਤੀ ਸੀ।

    ਅਮਰੀਕੀ ਮਾਹਿਰ ਜਨਵਰੀ ਦੇ ਅਖੀਰ ਵਿੱਚ ਚੀਨ ਆਏ ਸਨ। ਅਮਰੀਕਾ ਨੇ 2 ਫਰਵਰੀ ਨੂੰ ਚੀਨ ਨਾਲ ਲੱਗਦਾ ਬਾਰਡਲ ਸੀਲ ਕਰ ਦਿੱਤਾ ਸੀ।

  6. ਡਾਕਟਰਾਂ ਨੂੰ ਸੁਰੱਖਿਆ ਦਾ ਭਰੋਸਾ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ।

    ਇਸ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।

    ਦੋਹਾਂ ਮੰਤਰੀਆਂ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸੰਕੇਤਕ ਵਿਰੋਧ ਪ੍ਰਦਰਸ਼ਨ ਵੀ ਨਾ ਕਰਨ ਅਤੇ ਸਰਕਾਰ ਕੋਰੋਨਾਵਾਇਰਸ ਖਿਲਾਫ਼ ਜੰਗ ਵਿੱਚ ਉਨ੍ਹਾਂ ਦੇ ਨਾਲ ਹੈ।

  7. ਸੰਗਰੂਰ ਵਿੱਚ ਘਰ-ਘਰ ਸਕ੍ਰੀਨਿੰਗ

    ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਨੇ ਟਵੀਟ ਕਰਕੇ ਦੱਸਿਆ, "ਸੰਗਰੂਰ ਵਿੱਚ 51 ਸਿਹਤ ਟੀਮਾਂ ਨੇ 23,698 ਘਰਾਂ ਦਾ ਸਰਵੇਖਣ ਕੀਤਾ।

    ਟੀਮ ਨੇ ਘਰ-ਘਰ ਜਾ ਕੇ ਬੁਖਾਰ, ਖੰਘ ਤੇ ਜ਼ੁਕਾਮ ਦੇ ਮਾਮਲਿਆਂ ਦੀ ਜਾਂਚ ਕੀਤੀ। 92 ਮਾਮਲੇ ਹਲਕੀ ਖੰਘ ਦੇ ਸਨ ਅਤੇ ਸਭ ਨੂੰ ਦਵਾਈ ਦੇ ਦਿੱਤੀ ਗਈ।"

  8. ਕੋਵਿਡ-19 ਬਾਰੇ ਉਹ ਜ਼ਰੂਰੀ ਗੱਲਾਂ ਜੋ ਅਸੀਂ ਨਹੀਂ ਜਾਣਦੇ

    ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਲੌਕਡਾਊਨ ਹੈ ਅਤੇ ਕਈ ਦੇਸ਼ਾਂ ਨੇ ਕਰਫਿਊ ਲਗਾ ਦਿੱਤਾ ਹੈ। ਜ਼ਿਆਦਾਤਰ ਦੇਸਾਂ ਨੇ ਆਪਣੀਆਂ ਸਰਹੱਦਾਂ ਲਗਭਗ ਸੀਲ ਕਰ ਦਿੱਤੀਆਂ ਹਨ।

    ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ।

    ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ।

    ਪੂਰੀ ਖ਼ਬਰ ਤਫ਼ਸੀਲ ਵਿੱਚ ਇਸ ਲਿੰਕ 'ਤੇ ਪੜ੍ਹੋ ਕੋਵਿਡ-19 ਬਾਰੇ ਜ਼ਰੂਰੀ ਗੱਲਾਂ

  9. ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈਂ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।

  10. ਟਰੰਪ ਤੇ ਹਾਰਵਰਡ ਯੂਨੀਵਰਸਿਟੀ ਵਿਚਾਲੇ ਫੰਡ 'ਤੇ ਵਿਵਾਦ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਨੂੰ 9 ਮਿਲੀਅਨ ਡਾਲਰ ਦੀ ਰਕਮ ਵਾਪਸ ਕਰਕੇ ਕੋਰੋਨਾਵਾਇਰਸ ਰਿਲੀਫ਼ ਫੰਡ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਹੈ।

    ਉਨ੍ਹਾਂ ਨੇ ਕਿਹਾ ਕਿ ਇਹ ਗਲਤ ਹੈ ਕਿ 40 ਬਿਲੀਅਨ ਡਾਲਰ ਵਾਲੀ ਸੰਸਥਾ ਨੂੰ ਇੰਨੇ ਜ਼ਿਆਦਾ ਫੰਡ ਮਿਲਣ।

    ਹਾਰਵਰਡ ਯੂਨੀਵਰਸਿਟੀ ਨੇ ਟਰੰਪ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ।

    ਉਨ੍ਹਾਂ ਕਿਹਾ ਕਿ 100 ਫੀਸਦ ਫੰਡ ਵਿਦਿਆਰਥੀਆਂ ਦੀ ਵਿੱਤੀ ਮਦਦ ਲਈ ਭੇਜੇ ਜਾਣ ਦੀ ਯੋਜਨਾ ਹੈ ਅਤੇ ਕੋਈ ਵੀ ਫੰਡ ਸੰਸਥਾ ਦੇ ਆਪਣੇ ਖਰਚੇ ਲਈ ਨਹੀਂ ਵਰਤੇ ਜਾਣਗੇ।

    ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਹ ਗ੍ਰਾਂਟ ਸਿੱਖਿਆ ਰਿਲੀਫ਼ ਪ੍ਰੋਗਰਾਮ ਤਹਿਤ ਮਿਲੀ ਹੈ ਜੋ ਕਿ ਮਾਰਚ ਦੇ ਅਖੀਰ ਵਿੱਚ ਪਾਸ ਹੋਏ 2.3 ਟ੍ਰਿਲੀਅਨ ਡਾਲਰ ਦਾ ਹਿੱਸਾ ਸੀ। ਇਸ ਵਿੱਚ ਇੱਕ ਵੱਡਾ ਹਿੱਸਾ ਛੋਟੇ ਸਨਅਤਕਾਰਾਂ ਨੂੰ ਮਦਦ ਦੇਣਾ ਵੀ ਸੀ।

  11. ਚੰਡੀਗੜ੍ਹ ਦੀ ਕੱਚੀ ਕਲੋਨੀ ਵਿੱਚ ਦੁਧ ਦੀ ਸਪਲਾਈ

    ਚੰਡੀਗੜ੍ਹ ਦੇ ਸੈਕਟਰ 30 ਸਥਿਤ ਕੱਚੀ ਕਲੋਨੀ ਵਿੱਚ ਪ੍ਰਸ਼ਾਸਨ ਵੱਲੋਂ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ। ਇਹ ਕਲੋਨੀ ਪੂਰੀ ਤਰ੍ਹਾਂ ਸੀਲ ਹੈ।

  12. ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਕਰ ਸਕਦੇ ਹਨ?

  13. ਕੋਰੋਨਾਵਾਇਰਸ ਦਾ ਇਲਾਜ ਠੀਕ ਹੋਏ ਮਰੀਜ਼ਾਂ ਦੇ ਖ਼ੂਨ ’ਚੋਂ ਲੱਭਣ ਦੀ ਕੋਸ਼ਿਸ਼

    ਮਹਾਂਮਾਰੀ ਵਿਚਾਲੇ ਸਾਰੀਆਂ ਖਬਰਾਂ ਮਾੜੀਆਂ ਨਹੀਂ। ਜ਼ਰਾ ਚੰਗੀ ਖਬਰ ਦੀ ਗੱਲ ਕਰਦੇ ਹਾਂ!

    ਇੰਡੀਅਨ ਕਾਉਂਸਿਲ ਫਾਰ ਮੈਡੀਕਲ ਰਿਸਰਚ ਨੇ ਕੇਰਲਾ ਦੀ ਸਰਕਾਰ ਦੇ ਇੱਕ ਅਜਿਹੇ ਸੁਝਾਅ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਕੋਰੋਨਾਵਾਇਰਸ ਦੇ ਇਲਾਜ ਵੱਲ ਕਦਮ ਪੁੱਟੇ ਜਾ ਸਕਦੇ ਨੇ।

    ਆਓ ਵੇਖਦੇ ਹਾਂ ਇਹ ਸ਼ੈਅ ਕੀ ਹੈ ਤੇ ਗੱਲ ਪਹੁੰਚੀ ਕਿੱਥੇ ਹੈ।

  14. ਭੱਜੀ ਨੇ ਜਲੰਧਰ ਵਿੱਚ ਵੰਡਿਆ ਖਾਣਾ

    ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਅਤੇ ਪਤਨੀ ਗੀਤਾ ਬਸਰਾ ਨੇ 20 ਅਪ੍ਰੈਲ ਨੂੰ ਜਲੰਧਰ ਦੇ 5 ਹਜ਼ਾਰ ਪਰਿਵਾਰਾਂ ਨੂੰ ਭੋਜਨ ਵੰਡਿਆ।

  15. ਦਿੱਲੀ ਤੋਂ ਨੌਇਡਾ ਵਿੱਚ ਦਾਖਲੇ ਦੇ ਨਿਯਮ ਹੋਰ ਸਖ਼ਤ

    ਕੋਰੋਨਾਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਦਿੱਲੀ ਅਤੇ ਨੌਇਡਾ ਦੀ ਸਰਹੱਦ ’ਤੇ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ।

    ਗੌਤਮਬੁੱਧ ਨਗਰ ਦੇ ਜ਼ਿਲ੍ਹਾਧਿਕਾਰੀ ਮੁਤਾਬਕ ਹੁਣ ਸਿਰਫ਼ ਉਹੀ ਲੋਕ ਦਿੱਲੀ ਤੋਂ ਨੌਇਡਾ ਬਾਰਡਰ ਅੰਦਰ ਦਾਖਲ ਹੋ ਸਕਣਗੇ ਜਿਨ੍ਹਾਂ ਨੂੰ ਪਾਸ ਜਾਰੀ ਕੀਤੇ ਜਾਣਗੇ।

    ਹੁਣ ਤੱਕ ਆਈਡੀ ਕਾਰਡ ਦਿਖਾ ਕੇ ਮੀਡੀਆਕਰਮੀ ਅਤੇ ਡਾਕਟਰ ਵੀ ਦਿੱਲੀ ਤੋਂ ਨੌਇਡਾ ਵਿੱਚ ਜਾ ਸਕਦੇ ਸੀ ਪਰ ਨਵੇਂ ਹੁਕਮਾਂ ਮੁਤਾਬਕ ਹੁਣ ਉਨ੍ਹਾਂ ਨੂੰ ਵੀ ਪਾਸ ਲਈ ਅਪਲਾਈ ਕਰਨਾ ਹੋਵੇਗਾ।

  16. ਕੋਰੋਨਾਵਾਇਰਸ ਦੀ ਦੂਜੀ ਲਹਿਰ ਜਿਆਦਾ ਮੁਸੀਬਤ ਲਿਆਏਗੀ: ਸੀਡੀਸੀ

    ਅਮਰੀਕਾ ਦੇ ਸੀਨੀਅਰ ਰੋਗ ਮਾਹਿਰ ਦਾ ਕਹਿਣਾ ਹੈ ਕਿ ਜੇ ਕੋਰੋਨਾਵਾਇਰਸ ਦੀ ਲਹਿਰ ਦੁਬਾਰਾ ਆਈ ਤਾਂ ਹੋਰ ਵੀ ਜ਼ਿਆਦਾ ਮੁਸ਼ਕਿਲ ਹੋਵੇਗੀ।

    ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਦੇ ਡਾਇਰੈਕਟਰ ਰੌਬਰਟ ਰੈਡਫੀਲਡ ਨੇ ਮੰਗਲਵਾਰ ਨੂੰ ਉਦੋਂ ਚੇਤਾਵਨੀ ਜਾਰੀ ਕੀਤੀ ਜਦੋਂ ਅਮਰੀਕਾ ਦੇ ਕਈ ਸੂਬੇ ਲੌਕਡਾਊਨ ਵਿੱਚ ਛੋਟ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ।

    ਰੈਡਫੀਲਡ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਗਲੀਆਂ ਸਰਦੀਆਂ ਵਿੱਚ ਇਹ ਵਾਇਰਸ ਇੱਕ ਵਾਰੀ ਫਿਰ ਦਸਤਕ ਦੇਵੇ ਅਤੇ ਉਦੋਂ ਇਹ ਉਸ ਹਾਲਤ ਤੋਂ ਵੀ ਬੁਰਾ ਹੋਵੇਗਾ ਜਿਸ ਤੋਂ ਅਸੀਂ ਹੁਣ ਲੰਘ ਰਹੇ ਹਾਂ।

    ਉਨ੍ਹਾਂ ਨੇ ਕਿਹਾ, “ਅਸੀਂ ਫਲੂ ਦੀ ਮਹਾਂਮਾਰੀ ਅਤੇ ਕੋਰੋਨਾਵਾਇਰਸ ਮਹਾਂਮਾਰੀ ਦੋਹਾਂ ਨਾਲ ਇੱਕ ਹੀ ਵੇਲੇ ਜੂਝ ਰਹੇ ਹੋਵਾਂਗੇ।”

  17. ਰਮਜ਼ਾਨ ਕਾਰਨ ਸਾਊਦੀ ਅਰਬ ’ਚ ਲੌਕਡਾਊਨ ’ਚ ਰਾਹਤ ’ਤੇ ਵਿਚਾਰ

    ਸਾਊਦੀ ਅਰਬ ਪ੍ਰਸ਼ਾਸਨ ਹੁਣ ਲੌਕਡਾਊਨ ਵਿੱਚ ਰਾਹਤ ਦੇਣ ’ਤੇ ਵਿਚਾਰ ਕਰ ਰਿਹਾ ਹੈ।

    ਰਮਜ਼ਾਨ ਕਾਰਨ ਪ੍ਰਸ਼ਾਸਨ ਲੋਕਾਂ ਨੂੰ ਜ਼ਰੂਰੀ ਸਮਾਨ ਖਰੀਦਣ ਲਈ ਰਾਹਤ ਦੇਣ ’ਤੇ ਵਿਚਾਰ ਕਰ ਰਿਹਾ ਹੈ।

    ਸੋਮਵਾਰ ਰਾਤ ਨੂੰ ਸਾਊਦੀ ਪ੍ਰਸ਼ਾਸਨ ਨੇ ਰਮਜ਼ਾਨ ਨੂੰ ਦੇਖਦੇ ਹੋਏ ਦੋ ਵੱਡੀਆਂ ਪਵਿੱਤਰ ਥਾਵਾਂ ਮੱਕਾ ਅਤੇ ਮਦੀਨਾ ਵਿੱਚ ਨਮਾਜ਼ ਲਈ ਰਾਹਤ ਦਿੱਤੀ ਹੈ।

  18. ਕੋਰੋਨਾਵਾਇਰਸ ਦੇ ਚੀਨ ਦੀ ਲੈਬ ਵਿੱਚ ਪੈਦਾ ਹੋਣ ਦੇ ਸਬੂਤ ਨਹੀਂ: WHO

    ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਜਾਨਵਰਾਂ ਤੋਂ ਹੀ ਇਨਸਾਨਾਂ ਵਿੱਚ ਪਹੁੰਚਿਆ ਹੈ।

    ਸੰਗਠਨ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਸ ਚੀਨ ਦੀ ਲੈਬ ਵਿੱਚ ਪੈਦਾ ਹੋਇਆ ਹੈ।

    ਪਿਛਲੇ ਹਫ਼ਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਉਹ ਇਨ੍ਹਾਂ ਅਸਪਸ਼ਟ ਰਿਪੋਰਟਾਂ ਦੀ ਜਾਂਚ ਕਰ ਰਹੇ ਹਨ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਵੂਹਾਨ ਦੀ ਇੱਕ ਲੈਬ ਵਿੱਚ ਪੈਦਾ ਹੋਇਆ ਹੈ।

  19. ਅਮਰੀਕਾ ਦੇ ਸੂਬੇ ਨੇ ਚੀਨ ’ਤੇ ਮੁਕਦਮਾ ਕੀਤਾ

    ਅਮਰੀਕਾ ਦਾ ਮਿਸੌਰੀ ਸੂਬਾ ਕੋਰੋਨਾਵਾਇਰਸ ਸਬੰਧੀ ਜਾਣਕਾਰੀ ਲੁਕਾਉਣ ਦੇ ਇਲਜ਼ਾਮ ’ਚ ਚੀਨੀ ਸਰਕਾਰ ਅਤੇ ਹਾਕਮ ਧਿਰ ਕਮਿਊਨਿਸਟ ਪਾਰਟੀ ’ਤੇ ਮੁਕਦਮਾ ਕਰ ਰਿਹਾ ਹੈ।

    ਮੀਸੌਰੀ ਅਟਾਰਨੀ ਜਨਰਲ ਏਰਿਕ ਸਮਿੱਟ ਨੇ ਕਿਹਾ, "ਚੀਨ ਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਖ਼ਤਰੇ ਸਬੰਧੀ ਦੁਨੀਆਂ ਨੂੰ ਝੂਠ ਬੋਲਿਆ, ਵ੍ਹਿਸਲਬਲੋਅਰ ਨੂੰ ਚੁੱਪ ਕਰਵਾਇਆ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੁੱਝ ਵੀ ਨਹੀਂ ਕੀਤਾ।"

    "ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।"

  20. ਭਾਰਤ ਵਿੱਚ ਹੁਣ ਤੱਕ 640 ਮੌਤਾਂ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁਲ ਮਾਮਲੇ 19984 ਹੋ ਗਏ ਹਨ। ਇਸ ਮਹਾਂਮਾਰੀ ਕਾਰਨ ਦੇਸ ਵਿੱਚ 640 ਲੋਕਾਂ ਦੀ ਮੌਤ ਹੋਈ ਹੈ।

    ਸਿਹਤ ਮੰਤਰਾਲੇ ਮੁਤਾਬਕ, ਇਲਾਜ ਨਾਲ 3869 ਲੋਕ ਠੀਕ ਹੋ ਚੁੱਕੇ ਹਨ।