ਪ੍ਰਕਾਸ਼ ਸਿੰਘ ਬਾਦਲ : ਭਾਰਤ ਵਿੱਚ ਸਭ ਤੋਂ ਛੋਟੀ ਉਮਰ ਅਤੇ ਵਡੇਰੀ ਉਮਰ ਦੇ ਮੁੱਖ ਮੰਤਰੀ ਹੋਣ ਦਾ ਰਿਕਾਰਡ ਬਣਾਉਣ ਵਾਲੇ ਆਗੂ

ਇਸ ਪੇਜ ਰਾਹੀਂ ਅਸੀਂ ਦੇਸ਼-ਵਿਦੇਸ਼ ਦੀਆਂ ਅਹਿਮ ਖ਼ਬਰਾਂ ਬਾਰੇ ਅਪਡੇਟ ਦੇ ਰਹੇ ਹਾਂ।

ਲਾਈਵ ਕਵਰੇਜ

  1. ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ 'ਤੇ ਕੀ ਬੋਲੇ ਬ੍ਰਿਜ ਭੂਸ਼ਣ ਸ਼ਰਨ ਸਿੰਘ

    Punjab

    ਤਸਵੀਰ ਸਰੋਤ, ANI

    ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਸਿੰਘ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ Yn ਦੇ ਇਲਜ਼ਾਮਾਂ 'ਤੇ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

    ਅੱਜ ਜਦੋਂ ਮੀਡੀਆ ਨੇ ਉਨ੍ਹਾਂ ਨੂੰ ਸਬੰਧਿਤ ਮਾਮਲੇ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ ਕਿ 'ਇਹ ਮਾਮਲਾ ਸੁਪਰੀਮ ਕੋਰਟ 'ਚ ਹੈ, ਇਸ ਲਈ ਉਹ ਇਸ 'ਤੇ ਕੁਝ ਨਹੀਂ ਕਹਿ ਸਕਦੇ।'

    ਦੂਜੇ ਪਾਸੇ, ਪਹਿਲਵਾਨਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪਹਿਲਵਾਨਾਂ ਦੇ ਇਲਜ਼ਾਮ ਬਹੁਤ ਗੰਭੀਰ ਹਨ।

  2. ਭਲਵਾਨਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਜਾਰੀ ਕੀਤਾ ਨੋਟਿਸ, ਸੁਚਿਤਰਾ ਮੋਹੰਤੀ, ਬੀਬੀਸੀ ਹਿੰਦੀ ਲਈ

    ਭਲਵਾਨਾਂ ਦਾ ਧਰਨਾ

    ਤਸਵੀਰ ਸਰੋਤ, ANI

    ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।

    ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪਹਿਲਵਾਨਾਂ ਦੇ ਇਲਜ਼ਾਮ ਬਹੁਤ ਗੰਭੀਰ ਹਨ।

    ਦੱਸ ਦੇਈਏ ਕਿ ਸੱਤ ਕੁਸ਼ਤੀ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

    ਇਨ੍ਹਾਂ ਪਹਿਲਵਾਨਾਂ ਦਾ ਇਲਜ਼ਾਮ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਰਨ ਨੇ ਇਕ ਮਹਿਲਾ ਪਹਿਲਵਾਨ ਦਾ ਜਿਨਸੀ ਸ਼ੋਸ਼ਣ ਕੀਤਾ, ਜਿਨ੍ਹਾਂ ਵਿੱਚ ਇੱਕ ਛੋਟੀ ਉਮਰ ਦੀ ਪਹਿਲਵਾਨ ਵੀ ਸ਼ਾਮਲ ਹੈ।

    ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਅਦਾਲਤ ਨੂੰ ਇਸ ਮਾਮਲੇ 'ਤੇ ਵਿਚਾਰ ਕਰਨ ਦੀ ਲੋੜ ਹੈ।

    ਸੁਪਰੀਮ ਕੋਰਟ ਨੇ ਆਪਣੇ ਨਿਰਦੇਸ਼ 'ਚ ਕਿਹਾ, ''ਪਟੀਸ਼ਨਕਰਤਾਵਾਂ ਦੀ ਪਛਾਣ ਨੂੰ ਸੋਧਣ ਦੀ ਲੋੜ ਹੈ। ਸਿਰਫ਼ ਸੋਧਿਆ ਹੋਇਆ ਹਿੱਸਾ ਹੀ ਜਨਤਕ ਕੀਤਾ ਜਾਣਾ ਚਾਹੀਦਾ ਹੈ। ਦਿੱਲੀ ਪੁਲਿਸ ਨੂੰ ਜਾਰੀ ਨੋਟਿਸ 'ਤੇ ਸ਼ੁੱਕਰਵਾਰ ਤੱਕ ਜਵਾਬ ਆਉਣਾ ਚਾਹੀਦਾ ਹੈ।''

  3. ਖ਼ਾਲਿਸਤਾਨ ਦੀ ਮੰਗ ਕਿੰਨੀ ਪੁਰਾਣੀ ਹੈ ਅਤੇ ਇਹ ਕਦੋਂ -ਕਦੋਂ, ਕਿਸ ਰੂਪ ਵਿੱਚ ਉੱਠਦੀ ਰਹੀ ਹੈ

    ਖ਼ਾਲਿਸਤਾਨ ਦੀ ਮੰਗ

    ਤਸਵੀਰ ਸਰੋਤ, Getty Images

    'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨੀ ਹਿਮਾਇਤੀ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।

    ਅਮ੍ਰਿਤਪਾਲ 'ਤੇ ਐਨਐਸਏ ਸਣੇ 16 ਮਾਮਲੇ ਦਰਜ ਹਨ।

    ਅਮ੍ਰਿਤਪਾਲ ਸਿੰਘ ਪੁਰਜ਼ੋਰ ਤਰੀਕੇ ਨਾਲ ਖ਼ਾਲਿਸਤਾਨ ਦੀ ਮੰਗ ਚੁੱਕਣ ਦੇ ਚਲਦਿਆਂ ਵਿਵਾਦਾਂ ਵਿੱਚ ਰਹੇ ਹਨ।

    ਪਰ ਇੱਥੇ ਕੁਝ ਸਵਾਲ ਸਹਿਜ ਹੀ ਦਿਮਾਗ਼ ਵਿੱਚ ਆ ਜਾਂਦੇ ਹਨ ਕਿ ਆਖ਼ਰ ਖ਼ਾਲਿਸਤਾਨ ਹੈ ਕੀ ਅਤੇ ਪਹਿਲੀ ਵਾਰ ਇਸ ਦੀ ਮੰਗ ਕਦੋਂ ਉੱਠੀ ਸੀ।

    ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਲੇਖ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੜ੍ਹੋ ਪੂਰੀ ਰਿਪੋਰਟ

  4. ਸੂਡਾਨ 'ਚ 72 ਘੰਟੇ ਦੀ ਜੰਗਬੰਦੀ 'ਤੇ ਸਹਿਮਤੀ, ਹੁਣ ਤੱਕ 400 ਮੌਤਾਂ

    ਸੂਡਾਨ

    ਤਸਵੀਰ ਸਰੋਤ, Reuters

    ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਸੂਡਾਨ ਵਿੱਚ ਫੌਜ ਅਤੇ ਨੀਮ ਫੌਜੀ ਦਸਤੇ ਰੈਪਿਡ ਸਪੋਰਟ ਫੋਰਸਿਜ਼ ਜੰਗਬੰਦੀ ਲਈ ਸਹਿਮਤ ਹੋ ਗਏ ਹਨ।

    48 ਘੰਟਿਆਂ ਦੀ ਗੱਲਬਾਤ ਤੋਂ ਬਾਅਦ, ਦੋਵੇਂ ਧਿਰਾਂ ਸੋਮਵਾਰ ਅੱਧੀ ਰਾਤ ਤੋਂ ਜੰਗਬੰਦੀ 'ਤੇ ਸਹਿਮਤ ਹੋ ਗਈਆਂ ਹਨ ਅਤੇ ਦੋਵਾਂ ਧਿਰਾਂ ਨੇ ਆਪਣੀ ਤਰਫੋਂ ਜੰਗਬੰਦੀ ਦਾ ਐਲਾਨ ਕੀਤਾ ਹੈ।

    ਸੂਡਾਨ 'ਚ ਚੱਲ ਰਹੀ ਇਸ ਲੜਾਈ 'ਚ ਹੁਣ ਤੱਕ 400 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਇਨ੍ਹਾਂ ਦੋਵਾਂ ਧਿਰਾਂ ਵਿਚਾਲੇ 15 ਅਪ੍ਰੈਲ ਨੂੰ ਝੜਪ ਸ਼ੁਰੂ ਹੋਈ ਅਤੇ ਫਿਰ ਇਹ ਹਥਿਆਰਬੰਦ ਸੰਘਰਸ਼ ਵਿਚ ਬਦਲ ਗਈ।

    ਜਿਸ ਦੇ ਨਤੀਜੇ ਵਜੋਂ ਲੋਕ ਬਿਨਾਂ ਬਿਜਲੀ ਪਾਣੀ ਦੇ ਆਪਣੇ ਘਰਾਂ 'ਚ ਰਹਿਣ ਨੂੰ ਮਜਬੂਰ ਹਨ ਅਤੇ ਸਥਿਤੀ ਮਾੜੀ ਹੈ।

    ਉਮੀਦ ਕੀਤੀ ਜਾ ਰਹੀ ਹੈ ਕਿ ਇਸ ਜੰਗਬੰਦੀ ਦੇ ਐਲਾਨ ਤੋਂ ਬਾਅਦ ਸਥਿਤੀ ਕੁਝ ਹੱਦ ਤੱਕ ਸੁਧਰ ਜਾਵੇਗੀ ਅਤੇ ਵੱਖ-ਵੱਖ ਦੇਸ਼ ਵੀ ਆਪਣੇ ਨਾਗਰਿਕਾਂ ਨੂੰ ਇੱਥੋਂ ਕੱਢ ਸਕਣਗੇ।

  5. ਮੋਰਿੰਡਾ ਵਿੱਚ ਇਸ ਵੇਲੇ ਦੀ ਮਾਹੌਲ ਹੈ, ਧਰਨੇ ਉੱਤੇ ਬੈਠੇ ਲੋਕ

    ਮੋਰਿੰਡਾ ਵਿੱਚ ਪ੍ਰਦਰਸ਼ਨ

    ਮੋਰਿੰਡਾ ਵਿੱਚ ਸੋਮਵਾਰ ਨੂੰ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਇਸ ਵੇਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਮੋਰਿੰਡਾ ਤੋਂ ਕੁਰਾਲੀ ਜਾਣ ਵਾਲੀ ਰੋਡ ਨੂੰ ਪੂਰੇ ਤਰੀਕੇ ਨਾਲ ਮੁਜ਼ਾਹਰਾਕਾਰੀਆਂ ਨੇ ਬੰਦ ਕਰ ਦਿੱਤਾ ਹੈ।

    ਮੁਜ਼ਾਹਰਾਕਾਰੀ ਮੋਰਿੰਡਾ ਦੇ ਵੇਰਕਾ ਚੌਕ ਉੱਤੇ ਬੈਠੇ ਹੋਏ ਹਨ। ਸ਼ਹਿਰ ਵਿੱਚ ਦਾਖਿਲ ਹੋਣ ਵੇਲੇ ਵੀ ਪੁਲਿਸ ਵੱਲੋਂ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।

    ਮੋਰਿੰਡਾ ਵਿੱਚ ਪ੍ਰਦਰਸ਼ਨ
    ਮੋਰਿੰਡਾ ਵਿੱਚ ਸੁਰੱਖਿਆ ਦੇ ਇੰਤਜ਼ਾਮ
  6. ਪਾਕਿਸਤਾਨ 'ਚ ਧਮਾਕਾ: 15 ਦੀ ਮੌਤ, 50 ਤੋਂ ਵੱਧ ਜ਼ਖ਼ਮੀ

    ਪਾਕਿਸਤਾਨ 'ਚ ਧਮਾਕਾ

    ਤਸਵੀਰ ਸਰੋਤ, Rescue 1122

    ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਕਾਬਲ 'ਚ ਇੱਕ ਜ਼ਬਰਦਸਤ ਧਮਾਕੇ ਵਿੱਚ ਹੁਣ ਤੱਕ ਘੱਟੋ-ਘੱਟ 15 ਲੋਕਾਂ ਦੀ ਮੌਤ ਹੋਈ ਗਈ ਹੈ।

    ਇਹ ਧਮਾਕਾ ਸ਼ਹਿਰ ਦੇ ਪੁਲਿਸ ਸਟੇਸ਼ਨ ਦੇ ਅੱਤਵਾਦ ਵਿਰੋਧੀ ਵਿਭਾਗ ਦੀ ਇਮਾਰਤ 'ਚ ਹੋਇਆ।

    ਹੁਣ ਤੱਕ ਬਚਾਅ ਕਰਮਚਾਰੀਆਂ ਨੇ ਮਲਬੇ 'ਚੋਂ 15 ਲਾਸ਼ਾਂ ਨੂੰ ਕੱਢਿਆ ਹੈ।

    ਸੂਬੇ ਦੇ ਸਿਹਤ ਸਕੱਤਰ ਮਹਿਮੂਦ ਅਸਲਮ ਮੁਤਾਬਕ, ਧਮਾਕੇ ਤੋਂ ਬਾਅਦ ਹੁਣ ਤੱਕ 53 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ 'ਚੋਂ ਅੱਠ ਦੀ ਹਾਲਤ ਗੰਭੀਰ ਹੈ।

    ਬਚਾਅ ਅਧਿਕਾਰੀਆਂ ਦਾ ਕਹਿਣਾ ਹੈ ਇਸ ਹਮਲੇ ਵਿੱਚ ਇਮਾਰਤ ਦਾ ਜੋ ਹਿੱਸਾ ਡਿੱਗ ਗਿਆ ਹੈ ਉਸ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਪੁਲਿਸ ਮੁਤਾਬਕ, ਸੀਟੀਡੀ ਪੁਲਿਸ ਸਟੇਸ਼ਨ 'ਚ ਹੋਏ ਇਸ ਧਮਾਕੇ ਦਾ ਅੱਤਵਾਦੀ ਤੱਤਾਂ ਨਾਲ ਸਬੰਧ ਨਹੀਂ ਜਾਪਦਾ।

    ਅਧਿਕਾਰੀਆਂ ਮੁਤਾਬਕ, ਇਹ ਧਮਕਾ ਸ਼ਾਰਟ ਸਰਕਿਟ ਕਾਰਨ ਹੋਇਆ ਹੈ।

    ਪਾਕਿਸਤਾਨ 'ਚ ਧਮਾਕਾ

    ਤਸਵੀਰ ਸਰੋਤ, Rescue 1122

  7. ਮੋਰਿੰਡਾ ਬੇਅਦਬੀ: ਮੁਲਜ਼ਮ 'ਤੇ ਸਖ਼ਤ ਕਾਰਵਾਈ ਦੀ ਮੰਗ, ਸੀਐਮ ਬੋਲੇ 'ਬਖਸ਼ਿਆ ਨਹੀਂ ਜਾਵੇਗਾ'

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

    ਤਸਵੀਰ ਸਰੋਤ, @BHAGWANTMANN

    ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਮਾਮਲੇ 'ਤੇ ਐਸਜੀਪੀਸੀ ਸਣੇ ਹੋਰ ਸਿਆਸੀ ਆਗੂਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ।

    ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਦੇ ਦੋਸ਼ੀ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ।

    ਉਨ੍ਹਾਂ ਕਿਹਾ ਕਿ ਜੇਕਰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿਸੇ ਦੀ ਅਜਿਹਾ ਘਿਨੌਣਾ ਅਪਰਾਧ ਕਰਨ ਦੀ ਹਿੰਮਤ ਨਾ ਪਵੇ।

    ਦੂਜੇ ਪਾਸੇ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨਾਲ ਮਿਲ ਕੇ ਧਰਨੇ 'ਤੇ ਬੈਠ ਗਏ ਸਨ।

    ਸੁਖਬੀਰ ਬਾਦਲ ਅਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ।

    ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

    ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਕਿ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਾਡੇ ਲਈ ਸਭ ਤੋਂ ਪਹਿਲਾਂ ਹੈ' ਅਤੇ ਬੇਅਦਬੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

  8. ਮੋਰਿੰਡਾ ਬੇਅਦਬੀ ਮਾਮਲਾ: ਮੁਲਜ਼ਮ ਦੇ ਘਰ 'ਚ ਵੜੀ ਭੀੜ, ਕੀਤੀ ਭੰਨਤੋੜ

    ਮੋਰਿੰਡਾ ਬੇਅਦਬੀ ਮਾਮਲਾ

    ਤਸਵੀਰ ਸਰੋਤ, Gurminder Singh Grewal/BBC

    ਮੋਰਿੰਡਾ ਦੇ ਇਤਾਹਿਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਮੁਲਜ਼ਮ ਦੀ ਪਛਾਣ 35 ਸਾਲਾ ਜਸਵੀਰ ਸਿੰਘ ਵਜੋਂ ਹੋਈ ਹੈ।

    ਜਾਣਕਾਰੀ ਮੁਤਾਬਕ, ਮੁਲਜ਼ਮ ਮੋਰਿੰਡਾ ਦਾ ਹੀ ਵਸਨੀਕ ਹੈ ਅਤੇ ਸ਼ਹਿਰ 'ਚ ਬਿਜਲੀ ਦੇ ਸਮਾਨ ਦੀ ਇੱਕ ਦੁਕਾਨ ਚਲਾਉਂਦਾ ਹੈ।

    ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ, ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਰੋਹ 'ਚ ਆਏ ਲੋਕ ਮੁਲਜ਼ਮ ਦੇ ਘਰ 'ਚ ਵੜ ਗਏ ਅਤੇ ਤੋੜ-ਭੰਨ ਵੀ ਕੀਤੀ।

    ਮੋਰਿੰਡਾ ਬੇਅਦਬੀ ਮਾਮਲਾ

    ਤਸਵੀਰ ਸਰੋਤ, Gurminder Singh Grewal/BBC

    ਮੋਰਿੰਡਾ ਬੇਅਦਬੀ ਮਾਮਲਾ

    ਤਸਵੀਰ ਸਰੋਤ, Gurminder Singh Grewal/BBC

  9. ਬੇਅਦਬੀ ਮਾਮਲਾ: 'ਇਹ ਪੰਜਾਬ ਨੂੰ ਮੁੜ ਤੋਂ ਹਨੇਰੇ ਵੱਲ ਝੋਕਣ ਦੀ ਕਾਰਵਾਈ ਹੈ'- ਜਥੇਦਾਰ

    ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

    ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋਰਿੰਡਾ ਅਤੇ ਫਰੀਦਕੋਟ ਵਿਖੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿਹਾ 'ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕਾਰਵਾਈ ਹੈ ਤੇ ਪੰਜਾਬ ਨੂੰ ਮੁੜ ਤੋਂ ਹਨ੍ਹੇਰੇ ਵੱਲ ਝੋਕਣ ਦੀ ਕਾਰਵਾਈ ਹੈ।'

    ਉਨ੍ਹਾਂ ਕਿਹਾ, ''ਜਿੰਨਾ ਚਿਰ ਅਜਿਹੇ ਲੋਕਾਂ 'ਤੇ ਸਖ਼ਤ ਕਾਰਵਾਈ ਨਹੀਂ ਹੁੰਦੀ ਓਨਾ ਚਿਰ ਇਹ ਬੇਅਦਬੀਆਂ ਨਹੀਂ ਰੁਕਣੀਆਂ।''

    ''ਇਨ੍ਹਾਂ ਬੇਅਦਬੀਆਂ ਪਿੱਛੇ ਜ਼ਰੂਰ ਕੋਈ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ ਬੇਪਰਦਾ ਕਰਨਾ ਬਹੁਤ ਜ਼ਰੂਰੀ ਹੈ।''

    ਉਨ੍ਹਾਂ ਕਿਹਾ ਕਿ 'ਇਹ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਹਨ ਕਿਉਂਕਿ ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਸਿੱਖ ਬਰਦਾਸਤ ਨਹੀਂ ਕਰ ਪਾਉਂਦੇ ਤੇ ਫਿਰ ਇਹ ਲੋਕ ਕਹਿੰਦੇ ਨੇ ਸਿੱਖ ਮਾਹੌਲ ਖ਼ਰਾਬ ਕਰਦੇ ਹਨ। ਜਦਕਿ ਮਾਹੌਲ ਅਜਿਹੇ ਘਟੀਆ ਇਨਸਾਨ ਖ਼ਰਾਬ ਕਰਦੇ ਹਨ।''

  10. ਮੋਰਿੰਡਾ 'ਚ ਬੇਅਦਬੀ ਅਤੇ ਪਾਕਿਸਤਾਨ 'ਚ ਧਮਾਕੇ ਸਣੇ ਹੋਰ ਅਹਿਮ ਅਪਡੇਟ

    ਬੇਅਦਬੀ
    • ਪੰਜਾਬ ਦੇ ਜ਼ਿਲ੍ਹਾ ਰੋਪੜ ਵਿੱਚ ਪੈਂਦੇ ਮੋਰਿੰਡਾ ਦੇ ਇਤਾਹਿਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਕੱਲ੍ਹ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ
    • ਘਟਨਾ ਦੇ ਵਾਇਰਲ ਹੋਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆਉਂਦਾ ਹੈ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ
    • ਘਟਨਾ ਤੋਂ ਬਾਅਦ ਮੁਲਜ਼ਮ ਨੂੰ ਲੋਕਾਂ ਨੇ ਫੜ੍ਹ ਲਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ
    • ਬੇਅਦਬੀ ਦੀ ਇਸ ਘਟਨਾ ਮਗਰੋਂ ਰੋਹ 'ਚ ਆਏ ਲੋਕਾਂ ਨੇ ਥਾਣੇ ਨੂੰ ਘੇਰਾ ਪਾ ਲਿਆ ਅਤੇ ਸ਼ਹਿਰ ਵਿੱਚ ਧਰਨਾ ਲਗਾਇਆ ਜੋ ਅਜੇ ਵੀ ਜਾਰੀ ਹੈ
    • ਲੋਕਾਂ ਵੱਲੋਂ ਬੇਅਦਬੀ ਦੇ ਮੁਲਜ਼ਮ ਦੇ ਘਰ ਬੁਰੇ ਤਰੀਕੇ ਨਾਲ ਭੰਨਤੋੜ ਕੀਤੀ ਗਈ ਹੈ
    • ਪਾਕਿਸਤਾਨ ਦੇ ਸਵਾਤ ਜ਼ਿਲ੍ਹੇ 'ਚ ਧਮਾਕਾ, ਹੁਣ ਤੱਕ ਘੱਟੋ-ਘੱਟ 15 ਦੀ ਮੌਤ ਤੇ 50 ਤੋਂ ਵੱਧ ਜ਼ਖਮੀ
    • ਪੁਲਿਸ ਮੁਤਾਬਕ, ਸੀਟੀਡੀ ਪੁਲਿਸ ਸਟੇਸ਼ਨ 'ਚ ਹੋਏ ਇਸ ਧਮਾਕੇ ਦਾ ਅੱਤਵਾਦੀ ਤੱਤਾਂ ਨਾਲ ਸਬੰਧ ਨਹੀਂ ਹੈ
  11. ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ, ਇਸ ਪੇਜ ਰਾਹੀਂ ਅਸੀਂ ਤੁਹਾਨੂੰ ਦੇਸ਼-ਵਿਦੇਸ਼ ਦੀਆਂ ਅਹਿਮ ਖ਼ਬਰਾਂ ਬਾਰੇ ਅਪਡੇਟ ਦੇਵਾਂਗੇ। 24 ਅਪ੍ਰੈਲ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।