ਫ਼ਿਲਮਾਂ ਦੇ ਸੈਂਸਰ ਸਰਟੀਫਿਕੇਟ ਦੇਣ ਦਾ ਬਦਲੇਗਾ ਤਰੀਕਾ, ਦਰਬਾਰ ਸਾਹਿਬ ਦੀ ਵਾਇਰਲ ਵੀਡੀਓ ਵਾਲੀ ਕੁੜੀ ਨੇ ਮੰਗੀ ਮਾਫ਼ੀ

ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਰਾਹੀ ਅਸੀਂ ਤੁਹਾਡੇ ਨਾਲ ਪੰਜਾਬ, ਭਾਰਤ ਸਣੇ ਸੰਸਾਰ ਭਰ ਦੇ ਅਹਿਮ ਘਟਨਾਕ੍ਰਮਾਂ ਬਾਰੇ ਜਾਣੂ ਕਰਵਾ ਰਹੇ ਹਾਂ।

ਲਾਈਵ ਕਵਰੇਜ

  1. ਤੁਹਾਡਾ ਸਭ ਦਾ ਧੰਨਵਾਦ !

    ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਨਵੀਂਆਂ ਅਤੇ ਤਾਜ਼ਾਂ ਖ਼ਬਰਾਂ ਦੀ ਅਪਡੇਟ ਲੈ ਕੇ ਕੱਲ ਸਵੇਰੇ ਮੁੜ ਹਾਜ਼ਰ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ!

    ਜਾਂਦੇ-ਜਾਂਦੇ ਇੱਕ ਨਜ਼ਰ ਹੁਣ ਤੱਕ ਦੀਆ ਸੁਰਖ਼ੀਆਂ ਉੱਤੇ

    -ਕੇਂਦਰੀ ਕੈਬਨਿਟ ਨੇ ਫਿਲਮਾਂ ਨੂੰ ਸਰਟੀਫਿਕੇਟ ਦੇਣ ਦੇ ਤਰੀਕੇ ਵਿੱਚ ਸੋਧ ਬਿੱਲ ਨੂੰ ਮੰਨਜ਼ੂਰੀ ਦੇ ਦਿੱਤੀ ਹੈ

    -ਦਰਬਾਰ ਸਾਹਿਬ ਵਿੱਚ ਦਾਖਲੇ ਤੋ ਰੋਕੇ ਜਾਣ ਵਾਲੀ ਵਾਇਰਲ ਵੀਡੀਓ ਵਾਲੀ ਕੁੜੀ ਨੇ ਆਪਣੇ ਸ਼ਬਦਾਂ ਲ਼ਈ ਮਾਫ਼ੀ ਮੰਗ ਲਈ ਹੈ ਅਤੇ ਲੋਕਾਂ ਨੂੰ ਸਿੱਖਾਂ ਬਾਰੇ ਨਾਂਹਪੱਖ਼ੀ ਟਿੱਪਣੀਆਂ ਬੰਦ ਕਰਨ ਲਈ ਕਿਹਾ ਹੈ

    -ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੇ ਆਪਣੇ ਇੱਕ ਸ਼ੌਅ ਦੌਰਾਨ ਅਨਮੋਲ ਬਿਸ਼ਨੋਈ ਦੇ ਦਿਖਣ ਉੱਤੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਨਹੀ ਪਤਾ ਸੀ ਕਿ ਕੌਣ ਕੌਣ ਨੱਚ ਰਿਹਾ ਸੀ

    -ਵੀਡੀਓ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਕੁਝ ਸਮਾਂ ਪਹਿਲਾਂ ਦਾਅਵਾ ਕੀਤਾ ਸੀ ਕਿ ਅਨਮੋਲ ਬਿਸ਼ਨੋਈ ਨੂੰ ਵਿਦੇਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਨੇ ਝੂਠ ਕਿਉਂ ਬੋਲਿਆ ਸੀ

    -ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੇਕਰ ਇਹ ਸਾਬਤ ਹੋ ਜਾਵੇ ਕਿ ਤ੍ਰਿਣਮੂਲ ਕਾਂਗਰਸ ਦਾ ਰਾਸ਼ਟਰੀ ਪਾਰਟੀ ਦੇ ਰੁਤਬਾ ਘਟ ਕੇ ਸੂਬਾਈ ਬਣਨ ਤੋਂ ਬਾਅਦ ਉਨ੍ਹਾਂ ਅਮਿਤ ਸ਼ਾਹ ਨੂੰ ਫੋਨ ਕੀਤਾ ਸੀ, ਤਾਂ ਉਹ ਅਸਤੀਫ਼ਾ ਦੇ ਦੇਣਗੇ

    -ਕਰਨਾਟਕ ਦੇ ਚੋਣ ਪ੍ਰਚਾਰ ਲਈ ਕਾਂਗਰਸ ਵਲੋਂ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਲ ਨਹੀਂ ਹੈ।

    -ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਸਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ

    -ਪਿਛਲੇ 24 ਘੰਟਿਆਂ ਵਿੱਚ ਦੇਸ਼ 'ਚ ਕੋਰੋਨਾ ਦੇ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ

  2. ਫ਼ਿਲਮਾਂ ਨੂੰ ਸੈਂਸਰ ਸਰਟੀਫਿਕੇਟ ਦੇਣ ਦਾ ਹੁਣ ਬਦਲੇਗਾ ਤਰੀਕਾ

    ਅਨੁਰਾਗ ਠਾਕੁਰ

    ਤਸਵੀਰ ਸਰੋਤ, Anurag thakur

    ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਿਨੇਮੈਟੋਗ੍ਰਾਫ (ਸੋਧ) ਬਿੱਲ 2023ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਇਹ ਬਿੱਲ ਸੰਸਦ ਤੋਂ ਪਾਸ ਹੋ ਜਾਂਦਾ ਹੈ ਤਾਂ ਫਿਲਮਾਂ ਨੂੰ ਸਰਟੀਫਿਕੇਟ ਦੇਣ ਦੇ ਮੌਜੂਦਾ ਤਰੀਕੇ 'ਚ ਬਦਲਾਅ ਆ ਸਕਦਾ ਹੈ।

    ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਇਹ ਬਿੱਲ ਸੰਸਦ ਦੇ ਅਗਲੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।

    ਉਨ੍ਹਾਂ ਕਿਹਾ ਕਿ ਬਿੱਲ ਵਿੱਚ ਫਿਲਮਾਂ ਨੂੰ ਮੌਜੂਦਾ ਵਿਵਸਥਾ 'ਯੂ', 'ਏ' ਅਤੇ 'ਯੂਏ' ਸਰਟੀਫਿਕੇਟ ਦੇਣ ਦੀ ਬਜਾਏ ਉਮਰ ਵਰਗ ਦੇ ਆਧਾਰ 'ਤੇ ਸਰਟੀਫਿਕੇਟ ਦਿੱਤੇ ਜਾਣਗੇ।

    ਇੱਕ 'ਯੂ' ਸਰਟੀਫਿਕੇਟ ਇੱਕ ਅਜਿਹੀ ਫ਼ਿਲਮ ਨੂੰ ਦਿੱਤਾ ਜਾਂਦਾ ਹੈ, ਜਿਸ ਵਿੱਚ ਕੋਈ ਪਾਬੰਦੀਆਂ ਨਹੀਂ ਹੁੰਦੀਆਂ ਹਨ, ਇੱਕ ਸਰਟੀਫਿਕੇਟ ਸਿਰਫ਼ ਬਾਲਗ ਦਰਸ਼ਕਾਂ ਲਈ ਪਾਸ ਕੀਤੀ ਗਈ ਫ਼ਿਲਮ ਨੂੰ ਦਿੱਤਾ ਜਾਂਦਾ ਹੈ, ਅਤੇ ਇੱਕ UA ਸਰਟੀਫਿਕੇਟ ਇੱਕ ਅਜਿਹੀ ਫ਼ਿਲਮ ਨੂੰ ਦਿੱਤਾ ਜਾਂਦਾ ਹੈ। ਜੋ 12ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹੈ। ਆਪਣੇ ਮਾਤਾ-ਪਿਤਾ ਦੀ ਨਿਗਰਾਨੀ ਹੇਠ ਦੇਖ ਸਕਦੇ ਹੋ।

    ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਬਿੱਲ 'ਤੇ ਸਾਰੀਆਂ ਸਬੰਧਤ ਧਿਰਾਂ ਨਾਲ ਵਿਆਪਕ ਤੌਰ 'ਤੇ ਚਰਚਾ ਕੀਤੀ ਗਈ ਹੈ।

    ਉਨ੍ਹਾਂ ਕਿਹਾ, "ਇਹ ਬਿੱਲ ਉਦਯੋਗ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ... ਹਰ ਕੋਈ ਇਸ ਬਿੱਲ ਤੋਂ ਬਿਨਾਂ ਕਿਸੇ ਵਿਵਾਦ ਦੇ ਸੰਤੁਸ਼ਟ ਹੋਵੇਗਾ।"

  3. ਮਮਤਾ ਬੈਨਰਜੀ ਨੇ ਕਿਹਾ, ਅਸਤੀਫ਼ਾ ਦੇ ਦਿਆਂਗੀ ਜੇ ਕਰ....

    ਮਮਤਾ ਬੈਨਰਜੀ

    ਤਸਵੀਰ ਸਰੋਤ, SANJAY DAS/BBC

    ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਪਾਰਟੀ ਦਾ ਦਰਜਾ ਗੁਆਉਣ ਤੋਂ ਬਾਅਦ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੋਨ ਕੀਤਾ ਸੀ , ਤਾਂ ਉਹ ਅਸਤੀਫਾ ਦੇ ਦੇਣਗੇ।

    ਪੱਛਮੀ ਬੰਗਾਲ ਦੇ ਸੂਬਾ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਨਾਂ ‘ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਹੀ ਰਹੇਗਾ।

    ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਤ੍ਰਿਣਮੂਲ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤੇ ਜਾਣ ਦੇ ਮੁੱਦੇ 'ਤੇ ਮਮਤਾ ਬੈਨਰਜੀ ਨੇ ਅਮਿਤ ਸ਼ਾਹ ਨੂੰ ਫੋਨ ਕੀਤਾ ਸੀ।

    ਸ਼ੁਭੇਂਦੂ ਅਧਿਕਾਰੀ ਦੇ ਦਾਅਵੇ ਨੂੰ ਖਾਰਿਜ ਕਰਦੇ ਹੋਏ ਮਮਤਾ ਬੈਨਰਜੀ ਨੇ ਕੋਲਕਾਤਾ ਵਿੱਚ ਪੱਤਰਕਾਰਾਂ ਨੂੰ ਕਿਹਾ, "ਜੇ ਇਹ ਸਾਬਤ ਹੋ ਜਾਂਦਾ ਹੈ ਕਿ ਮੈਂ ਅਮਿਤ ਸ਼ਾਹ ਨੂੰ ਟੀਐਮਸੀ ਦੀ ਰਾਸ਼ਟਰੀ ਪਾਰਟੀ ਦੇ ਦਰਜੇ ਨੂੰ ਲੈ ਕੇ ਫੋਨ ਕੀਤਾ ਸੀ ਤਾਂ ਮੈਂ ਅਸਤੀਫਾ ਦੇ ਦੇਵਾਂਗੀ।"

    ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕਰਦਿਆਂ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ 200 ਤੋਂ ਵੱਧ ਸੀਟਾਂ ਨਹੀਂ ਜਿੱਤ ਸਕੇਗੀ।

  4. ਕਰਨਾਟਕ ਚੋਣ : ਨਵਜੋਤ ਸਿੱਧੂ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਬਾਹਰ

    ਕਾਂਗਰਸ ਪਾਰਟੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

    ਭਾਵੇਂਕਿ ਸਚਿਨ ਪਾਇਲਟ ਅਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਸੂਚੀ ਵਿੱਚ ਸ਼ਾਮਲ ਨਹੀਂ ਹੈ। ਭਾਵੇਂ ਕਿ ਜਲੰਧਰ ਸੀਟ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦਾ ਨਾਂ ਸ਼ਾਮਲ ਹੈ।

    ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਡੀਕੇ ਸ਼ਿਵਕੁਮਾਰ, ਸਿਧਾਰਮਈਆ, ਕੇਸੀ ਵੇਣੂਗੋਪਾਲ, ਰਣਦੀਪ ਸਿੰਘ ਸੂਰਜੇਵਾਲਾ ਸਮੇਤ 40 ਲੋਕਾਂ ਦੇ ਨਾਮ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਹਨ।

    ਇਸ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਮੁਹੰਮਦ ਅਜ਼ਹਰੂਦੀਨ, ਰਾਜ ਬੱਬਰ ਅਤੇ ਕਨ੍ਹਈਆ ਕੁਮਾਰ ਵੀ ਸ਼ਾਮਲ ਹਨ।

    ਹਾਲ ਹੀ 'ਚ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲ ਪਾਰਟੀ ਦੀ ਚਿਤਾਵਨੀ ਦੇ ਬਾਵਜੂਦ ਅਸ਼ੋਕ ਗਹਿਲੋਤ ਸਰਕਾਰ ਦੇ ਖਿਲਾਫ ਭੁੱਖ ਹੜਤਾਲ 'ਤੇ ਚਲੇ ਗਏ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਇੰਨੀ ਵੱਡੀ ਗੱਲ ਨਹੀਂ ਸੀ ਜੋ ਸੋਸ਼ਲ ਮੀਡੀਆ ਨੇ ਬਣਾ ਦਿੱਤੀ - ਸੰਦਲੀ ਮਹਿਤਾ

    ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾਣ ਤੋਂ ਰੋਕੇ ਜਾਣ ਕਾਰਨ ਜਿਸ ਕੁੜੀ ਦਾ ਵੀਡੀਓ ਵਾਇਰਲ ਹੋਣ ਕਾਰਨ ਵਿਵਾਦ ਹੋਇਆ ਸੀ, ਉਸ ਨੇ ਖੁਦ ਮੀਡੀਆ ਅੱਗੇ ਆ ਕੇ ਸਪੱਸ਼ਟੀਕਰਨ ਦਿੱਤਾ ਹੈ।

    ਸੰਦਲੀ ਮਹਿਤਾ ਨਾਂ ਦੀ ਇਸ ਕੁੜੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇੰਨੀ ਵੱਡੀ ਗੱਲ ਬਣ ਜਾਵੇਗੀ।

    ‘‘ਜਿਵੇਂ ਸਾਰਿਆਂ ਨੇ ਵੀਡੀਓ ਦੇਖਿਆ ਹੈ, ਇੰਨੀ ਵੱਡੀ ਗੱਲ ਨਹੀਂ ਸੀ, ਅਸੀਂ ਇਸ ਬਾਰੇ ਮਾਫ਼ੀ ਮੰਗੀ ਹੈ। ਗੁੱਸੇ ਵਿੱਚ ਆ ਕੇ ਮੈਂ ‘ਬਕਵਾਸ’ ਵਰਗੇ ਸ਼ਬਦ ਵਰਤਣ ਦਾ ਮੈਨੂੰ ਦੁੱਖ ਹੈ।’’

    ਡਰੈਂਸ ਜਾਂ ਟੈਟੂ, ਕਿਸ ਕਾਰਨ ਵਿਵਾਦ ਹੋਇਆ, ਇਹ ਪੁੱਛੇ ਜਾਣ ਉੱਤੇ ਸੰਦਲੀ ਨੇ ਕਿਹਾ,‘‘ਸਾਡੀ ਗੱਲ ਸ਼੍ਰੋਮਣੀ ਕਮੇਟੀ ਨਾਲ ਹੋਈ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਕਾਰਨ ਵੀ ਸਮਝ ਆ ਗਿਆ ਹੈ।’’

    ਸੰਦਲੀ ਨੇ ਕਿਹ, ‘‘ਮੈਂ ਸਿਰਫ਼ ਸੁਰੱਖਿਆ ਦੇ ਉਦੇਸ਼ ਨਾਲ ਇਹ ਵੀਡੀਓ ਗਰੁੱਪ ਵਿੱਚ ਪਾਈ ਸੀ, ਮੇਰਾ ਕੋਈ ਅਜਿਹਾ ਉਦੇਸ਼ ਨਹੀਂ ਸੀ, ਜਿਸ ਤਰ੍ਹਾਂ ਦੇ ਐਂਗਲ ਜੋੜੇ ਜਾ ਰਹੇ ਹਨ।’’

    ਮੇਰੇ ਕੋਲ਼ੋ ਗੁੱਸੇ ਵਿੱਚ ਕੁਝ ਸ਼ਬਦ ਕਹਿ ਗਏ ਮੈਂ ਉਸ ਲਈ ਮਾਫ਼ੀ ਮੰਗਦੀ ਹਾਂ। ਸ਼੍ਰੋਮਣੀ ਕਮੇਟੀ ਨਾਲ ਮੇਰੇ ਗੱਲ ਹੋਈ ਹੈ। ਮੈਨੂੰ ਨਹੀਂ ਪਤਾ ਸੀ ਕਿ ਫਲੈਗ ਕਾਰਨ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੇਟਾ ਜੇਕਰ ਮੈਨੂੰ ਬੁਰਾ ਲੱਗਿਆ ਤਾਂ ਉਹ ਮਾਫ਼ੀ ਮੰਗਦੇ ਹਨ।

    ਮੈਂ ਕਹਿਣਾ ਚਾਹੁੰਦੀ ਹਾਂ, ‘‘ਮਰਿਯਾਦਾ ਦਾ ਸਭ ਨੂੰ ਪਾਲ਼ਣ ਕਰਨਾ ਚਾਹੀਦਾ ਹੈ। ਉੱਥੇ ਸਭ ਦਾ ਸਨਮਾਨ ਹੁੰਦਾ ਹੈ। ਮੈਂ ਦੁਬਾਰਾ ਉੱਥੇ ਜਾਵਾਂਗੀ ਅਤੇ ਕਹਿਣਾ ਚਾਹਾਂਗੀ ਕਿ ਅਜਿਹਾ ਨਹੀਂ ਹੈ ਕਿ ਮੈਂ ਗੁਰਦੁਆਰੇ ਜਾਣਾ ਛੱਡ ਦੇਵਾਂਗੀ।’’

    ‘‘ਸਿੱਖਾਂ ਖ਼ਿਲਾਫ਼ ਚੱਲ ਰਹੀਆਂ ਨਾਂਪੱਖ਼ੀ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਹਨ। ਮੇਰਾ ਕੋਈ ਟਵਿੱਟਰ ਅਕਾਊਂਟ ਦਾ ਨਹੀਂ ਹੈ, ਜਿਸ ਅਕਾਊਂਟ ਨੂੰ ਮੇਰੇ ਨਾਲ ਜੋੜਿਆ ਜਾ ਰਿਹਾ ਹੈ।’’

  6. ਕਰਨ ਔਜਲਾ ਤੇ ਸ਼ੈਰੀ ਮਾਨ ਦਾ ‘ਅਨਮੋਲ ਬਿਸ਼ਨੋਈ ਦੇ ਨਾਲ’ ਵੀਡੀਓ, ਪੂਰਾ ਮਾਮਲਾ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਪਤਾ ਨਹੀਂ ਸਰਕਾਰ ਕਿਸ ਦਬਾਅ ਹੇਠ ਝੂਠ ਬੋਲ ਰਹੀ ਹੈ

    ਵੀਡੀਓ ਕੈਪਸ਼ਨ, ਕਰਨ ਔਜਲਾ ਤੇ ਸ਼ੈਰੀ ਮਾਨ ਦਾ ‘ਅਨਮੋਲ ਬਿਸ਼ਨੋਈ ਦੇ ਨਾਲ’ ਵੀਡੀਓ, ਪੂਰਾ ਮਾਮਲਾ
  7. ਅਨਮੋਲ ਬਿਸ਼ਨੋਈ ਦੀ ਵੀਡੀਓ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦਿੱਤੀ ਆਪਣੀ ਪ੍ਰਤੀਕਿਰਿਆ

    ਬਲਕੌਰ ਸਿੰਘ

    ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਸੋਸ਼ਲ ਮੀਡੀਆ ਉੱਤੇ ਆਪਣੇ ਵਾਇਰਲ ਵੀਡੀਓ ਕਰਕੇ ਵਿਵਾਦਾਂ ਵਿੱਚ ਹਨ।

    ਇਹ ਵਾਇਰਲ ਵੀਡੀਓ ਐਤਵਾਰ ਦਾ ਹੈ ਅਤੇ ਕੈਲੀਫੋਰਨੀਆ ਦੇ ਬੇਕਰਜ਼ਫੀਲਡ ਦੇ ਇੱਕ ਵਿਆਹ ਸਮਾਗਮ ਦਾ ਦੱਸਿਆ ਜਾ ਰਿਹਾ ਹੈ।

    ਜਿਸ ਵਿੱਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਕਿਸੇ ਨਾਲ ਨੱਚਦਾ ਨਜ਼ਰ ਆ ਰਿਹਾ ਹੈ।

    ਇਸ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ।

    ਉਨ੍ਹਾਂ ਨੇ ਕਿਹਾ, "ਬਹੁਤ ਦੁੱਖ ਹੁੰਦਾ ਹੈ ਮਨ ਨੂੰ ਇਸ ਤਰ੍ਹਾਂ ਦੀਆਂ ਰਿਪੋਰਟਾਂ ਦੇਖ ਕੇ ਕਿਉਂਕਿ ਮੇਰੀ ਸਮਝ ਮੁਤਾਬਕ ਤਾਂ ਅਨਮੋਲ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਸੀ। ਮੈਂ ਇਸ ਬਾਰੇ ਰਿਪੋਰਟ ਪੜ੍ਹੀ ਸੀ।"

    "ਪਹਿਲਾਂ ਗੋਲਡੀ ਵਾਲੀ ਗੱਲ ਵੀ ਝੂਠੀ ਹੋ ਗਈ ਅਤੇ ਹੁਣ ਇਹ ਵੀ ਫਰਜ਼ੀ ਲਗਦੀ ਹੈ ਕਿਉਂਕਿ ਉਹ ਤਾਂ ਆਪਾਂ ਬੰਦਾ ਦੇਖ ਰਹੇ ਹਾਂ 17 ਤਰੀਕ ਨੂੰ ਅਮਰੀਕਾ ਵਿਆਹ ਵਿੱਚ ਨੱਚ ਰਿਹਾ ਹੈ।"

    ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਸਰਕਾਰ ਦੇ ਜਿਹੜੇ ਬਿਆਨ ਆਉਂਦੇ ਹਨ, ਪਤਾ ਨਹੀਂ ਉਹ ਸੋਚ ਸਮਝ ਕੇ ਕਰਦੇ ਹਨ ਜਾਂ ਸਿੱਧੂ (ਮੂਸੇਵਾਲਾ) ਦੇ ਚਾਹੁਣ ਵਾਲਿਆਂ ਦੇ ਦਬਾਅ ਹੇਠ ਕਰਦੇ ਹਨ। ਇਹ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ, ਜਦੋਂ ਕੋਈ ਜਾਣਕਾਰੀ ਸਹੀ ਨਹੀਂ ਹੈ।"

    ਹਾਲਾਂਕਿ, ਇਸ ਬਾਰੇ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਇਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨਾਲ ਕੌਣ-ਕੌਣ ਨੱਚ ਰਿਹਾ ਸੀ।

    ਉਹ ਵੀਡੀਓ ਵਿੱਚ ਨਜ਼ਰ ਆ ਰਹੇ ਇਤਰਾਜ਼ਯੋਗ ਵਿਅਕਤੀ ਬਾਰੇ ਨਹੀਂ ਜਾਣਦੇ ਹਨ।

  8. ਅਤੀਕ ਅਹਿਮਦ ਤੇ ਅਸ਼ਰਫ ਦੇ ਕਤਲ ਤੋਂ ਬਾਅਦ ਯੂਪੀ ਪੁਲਿਸ 'ਤੇ ਉੱਠ ਰਹੇ ਗੰਭੀਰ ਸਵਾਲ

    ਅਤੀਕ ਅਹਿਮਦ

    ਤਸਵੀਰ ਸਰੋਤ, ANI

    "ਅੱਜ ਮੈਨੂੰ ਇਲਾਹਾਬਾਦ ਵਿੱਚ ਧਮਕੀ ਦਿੱਤੀ ਗਈ ਹੈ ਕਿ ਦੋ ਹਫ਼ਤਿਆਂ ਦੇ ਅੰਦਰ ਤੁਹਾਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹ ਤੋਂ ਬਾਹਰ ਕੱਢਿਆ ਜਾਵੇਗਾ ਅਤੇ ਤੁਹਾਨੂੰ ਨਿਪਟਾ ਦਿੱਤਾ ਜਾਵੇਗਾ। ਇਹ ਜਾਣਕਾਰੀ ਮੈਨੂੰ ਇੱਕ ਵੱਡੇ ਅਧਿਕਾਰੀ ਨੇ ਦਿੱਤੀ ਹੈ।"

    ਇਹ ਖਦਸ਼ਾ ਅਤੀਕ ਅਹਿਮਦ ਦੇ ਨਾਲ ਮਾਰੇ ਗਏ ਉਸ ਦੇ ਭਰਾ ਅਸ਼ਰਫ ਨੇ 29 ਮਾਰਚ ਨੂੰ ਪੁਲਿਸ ਦੀ ਕਾਰ ਦੇ ਅੰਦਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ ਸੀ।

    ਠੀਕ ਦੋ ਹਫ਼ਤਿਆਂ ਬਾਅਦ, 15 ਅਪ੍ਰੈਲ ਦੀ ਰਾਤ ਨੂੰ ਅਤੀਕ ਅਤੇ ਅਸ਼ਰਫ਼ ਨੂੰ ਪੁਲਿਸ ਸੁਰੱਖਿਆ ਹੇਠ ਮੈਡੀਕਲ ਜਾਂਚ ਲਈ ਲੈ ਕੇ ਜਾਂਦੇ ਸਮੇਂ ਕਤਲ ਕਰ ਦਿੱਤਾ ਗਿਆ।

    ਤਿੰਨ ਹਮਲਾਵਰਾਂ ਨੇ ਪੱਤਰਕਾਰਾਂ ਦੇ ਰੂਪ ਵਿੱਚ ਆ ਕੇ ਲਾਈਵ ਕੈਮਰਿਆਂ ਦੇ ਸਾਹਮਣੇ ਹੀ ਅਤੀਕ ਅਤੇ ਅਸ਼ਰਫ 'ਤੇ ਗੋਲ਼ੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਮਾਰ ਦਿੱਤਾ।

    ਇਸ ਘਟਨਾ ਦੀਆਂ ਵੀਡੀਓਜ਼ ਟੀਵੀ ਚੈਨਲਾਂ 'ਤੇ ਲਗਾਤਾਰ ਪ੍ਰਸਾਰਿਤ ਹੋ ਰਹੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

  9. ਦਰਬਾਰ ਸਾਹਿਬ ਅਤੇ ਗੁਰਦੁਆਰਿਆਂ ’ਚ ਦਰਸ਼ਨਾਂ ਲਈ ਜਾਣ ਦੀ ਕੀ ਹੈ ਮਰਿਆਦਾ

    ਸ੍ਰੀ ਹਰਿਮੰਦਰ ਸਾਹਿਬ

    ਤਸਵੀਰ ਸਰੋਤ, Getty Images

    ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਕੁੜੀ ਨੂੰ ਜਾਣ ਤੋਂ ਕਥਿਤ ਤੌਰ 'ਤੇ ਰੋਕੇ ਜਾਣ ਦਾ ਮਾਮਲਾ ਸੋਸ਼ਲ ਮੀਡੀਆ ਉਪਰ ਤਿੱਖੀ ਬਹਿਸ ਦਾ ਮੁੱਦਾ ਬਣਿਆ ਹੋਇਆ।

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੁਝ ਪੰਥਕ ਵਿਦਵਾਨ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਨਾਲ ਜੋੜ ਰਹੇ ਹਨ, ਪਰ ਕੁਝ ਲੋਕ ਇਸ ਨੂੰ ਤਿਰੰਗੇ ਦੇ ਟੈਟੂ ਅਤੇ ਰਾਸ਼ਟਰਵਾਦ ਨਾਲ ਜੋੜ ਰਹੇ ਹਨ।

    ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸੇਵਾਦਾਰ ਨੇ ਕੁੜੀ ਨੂੰ ਇਸ ਲਈ ਰੋਕਿਆ ਕਿਉਂਕਿ ਉਸ ਦੇ ਸਕਰਟ ਪਾਈ ਹੋਈ ਸੀ, ਜਦਕਿ ਕੁੜੀ ਅਤੇ ਉਸ ਦੀ ਤਰਫ਼ੋਂ ਬਹਿਸ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਕੁੜੀ ਦੇ ਮੂੰਹ ਉੱਤੇ ਤਿੰਰਗਾ ਬਣਿਆ ਹੋਣ ਕਾਰਨ ਉਸ ਨੂੰ ਰੋਕਿਆ ਗਿਆ।

    ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਬਿਰਤਾਂਤ ਦੀ ਨਿੰਦਾ ਕੀਤੀ ਹੈ ਅਤੇ ਧਾਰਮਿਕ ਸਥਾਨ 'ਤੇ ਆਉਣ ਵਾਲੇ ਲੋਕਾਂ ਨੂੰ ਮਰਿਆਦਾ ਦਾ ਖ਼ਿਆਲ ਰੱਖਣ ਦੀ ਅਪੀਲ ਕੀਤੀ ਹੈ।

    ਸਿੱਖ ਰਹਿਤ ਮਰਿਆਦਾ ਵਿੱਚ ਪੰਜਾਂ ਤਖ਼ਤਾ ਅਤੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਮਰਿਯਾਦਾ ਦੇ ਸਨਮਾਨ ਦਾ ਵੇਰਵਾ ਦਿੱਤਾ ਗਿਆ ਹੈ।

    ਇਸ ਤਹਿਤ ਜਾਣੋ, ਦਰਬਾਰ ਸਾਹਿਬ ਅਤੇ ਗੁਰਦੁਆਰਿਆਂ ’ਚ ਦਰਸ਼ਨਾਂ ਲਈ ਜਾਣ ਦੀ ਕੀ ਹੈ ਮਰਿਆਦਾ।

  10. ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਵੀਡੀਓ ਵਿੱਚ ਦਿਖਣ ਉੱਤੇ ਕਰਨ ਔਜਲਾ ਦੀ ਸਫ਼ਾਈ

    ਕਰਨ ਔਜਲਾ

    ਤਸਵੀਰ ਸਰੋਤ, Karan Aujla/FB

    ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਸੋਸ਼ਲ ਮੀਡੀਆ ਉੱਤੇ ਆਪਣੇ ਇੱਕ ਕਥਿਤ ਵਾਇਰਲ ਵੀਡੀਓ ਕਰਕੇ ਵਿਵਾਦਾਂ ਵਿੱਚ ਹਨ।

    ਇਹ ਵਾਇਰਲ ਵੀਡੀਓ ਐਤਵਾਰ ਦਾ ਹੈ ਅਤੇ ਕੈਲੀਫੋਰਨੀਆ ਦੇ ਬੇਕਰਜ਼ਫੀਲਡ ਦੇ ਇੱਕ ਵਿਆਹ ਸਮਾਗਮ ਦਾ ਦੱਸਿਆ ਜਾ ਰਿਹਾ ਹੈ।

    ਇਸ ਵੀਡੀਓ ਵਿੱਚ ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਕਈ ਲੋਕ ਦਿਖਾਈ ਦੇ ਰਹੇ ਹਨ।

    ਉਸ ਵਿੱਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਕਿਸੇ ਨਾਲ ਨੱਚਦਾ ਨਜ਼ਰ ਆ ਰਿਹਾ ਹੈ।

    ਕਰਨ ਔਜਲਾ ਤੇ ਸ਼ੈਰੀ ਮਾਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਇਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨਾਲ ਕੌਣ-ਕੌਣ ਨੱਚ ਰਿਹਾ ਸੀ।

    ਉਹ ਵੀਡੀਓ ਵਿੱਚ ਨਜ਼ਰ ਆ ਰਹੇ ਇਤਰਾਜ਼ਯੋਗ ਵਿਅਕਤੀ ਬਾਰੇ ਨਹੀਂ ਜਾਣਦੇ ਹਨ।

    ਕਰਨ ਔਜਲਾ ਨੇ ਇੰਸਟਾਗ੍ਰਾਮ ਉੱਤੇ ਸਟੋਰੀ ਵਿੱਚ ਲਿਖਿਆ “ਮੈਂ ਐਤਵਾਰ ਨੂੰ ਹੋਏ ਕੈਲੀਫੋਰਨੀਆ ਦੇ ਇੱਕ ਸਮਾਗਮ ਬਾਰੇ ਸਫ਼ਾਈ ਦੇਣਾ ਚਾਹੁੰਦਾ ਹਾਂ। ਮੈਨੂੰ ਤੇ ਸ਼ੈਰੀ ਮਾਨ ਨੂੰ ਇੱਕ ਰਿਸੈਪਸ਼ਨ ਸ਼ੋਅ ਲਈ ਸਾਡੇ ਇੱਕ ਸਾਂਝੇ ਮਿੱਤਰ ਵੱਲੋਂ ਬੁੱਕ ਕੀਤਾ ਗਿਆ ਸੀ।

    ਅਸੀਂ ਇੱਕ ਕਲਾਕਾਰ ਹਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਸਮਾਗਮ ਲਈ ਕਿਸ-ਕਿਸ ਨੂੰ ਸੱਦਾ ਦਿੱਤਾ ਜਾਂਦਾ ਹੈ ਜਾਂ ਕੌਣ ਸਮਾਗਮ ਵਿੱਚ ਹਿੱਸਾ ਲੈ ਰਿਹਾ ਹੁੰਦਾ ਹੈ।

    ਇਹੀ ਕਾਰਨ ਹੈ ਕਿ ਮੈਂ ਵਿਆਹ ਸਮਾਗਮਾਂ ਵਿੱਚ ਜ਼ਿਆਦਾ ਹਿੱਸਾ ਨਹੀਂ ਲੈਂਦਾ ਹਾਂ। ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਇੱਕ ਇਤਰਾਜ਼ਯੋਗ ਵਿਅਕਤੀ ਮੇਰੇ ਤੇ ਸ਼ੈਰੀ ਮਾਨ ਦੀ ਪੇਸ਼ਕਾਰੀ ਦੀ ਵੀਡੀਓ ਵਿੱਚ ਪਿੱਛੇ ਨਜ਼ਰ ਆ ਰਿਹਾ ਹੈ।

    ਮੈਨੂੰ ਨਹੀਂ ਪਤਾ ਸੀ ਉਹ ਵਿਅਕਤੀ ਕੌਣ ਹੈ। ਜਦੋਂ ਮੈਨੂੰ ਕਈ ਮੈਸੇਜ ਆਏ ਤਾਂ ਮੈਨੂੰ ਇਸ ਵਿਅਕਤੀ ਬਾਰੇ ਪਤਾ ਲਗਿਆ।

    ਇੱਕ ਕਲਾਕਾਰ ਵਜੋਂ ਮੇਰਾ ਧਿਆਨ ਪੇਸ਼ਕਾਰੀ ਉੱਤੇ ਹੁੰਦਾ ਹੈ ਤੇ ਸ਼ੋਅ ਕਰਕੇ ਮੈਂ ਨਿਕਲ ਜਾਂਦਾ ਹਾਂ।

    ਸ਼ੋਅ ਵਿੱਚ ਕਈ ਲੋਕ ਮੌਜੂਦ ਹੁੰਦੇ ਹਨ, ਹਰ ਇੱਕ ਉੱਤੇ ਮੈਂ ਧਿਆਨ ਨਹੀਂ ਦਿੰਦਾਂ ਹਾਂ।

    ਮੇਰੇ ਆਲੇ-ਦੁਆਲੇ ਕਈ ਕੈਮਰੇ ਰਿਕਾਰਡਿੰਗ ਕਰ ਰਹੇ ਸਨ। ਮੈਂ ਕਦੇ ਵੀ ਜਾਣਬੁੱਝ ਕੇ ਖੁਦ ਨੂੰ ਅਜਿਹੇ ਕਿਸੇ ਸਮਾਗਮ ਦਾ ਹਿੱਸਾ ਨਹੀਂ ਬਣਾਂਗਾ ਜਿਸ ਨਾਲ ਅਜਿਹੀ ਇਤਰਾਜ਼ਯੋਗ ਗੱਲ ਜੁੜੀ ਹੋਵੇ।

    ਇਸ ਲਈ ਮੇਰੀ ਬੇਨਤੀ ਹੈ ਕਿ ਮੈਨੂੰ ਇਸ ਨਾਲ ਨਾ ਜੋੜਿਆ ਜਾਵੇ।

    ਸ਼ੈਰੀ ਮਾਨ ਨੇ ਵੀ ਇਹੀ ਬਿਆਨ ਆਪਣੇ ਸ਼ੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਹਾਲ ਹੀ ਵਿੱਚ ਮੈਂ ਤੇ ਕਰਨ ਔਜਲਾ ਨੇ ਕੈਲੀਫੋਰਨੀਆ ਦੇ ਬੇਕਰਜ਼ਫੀਲਡ ਵਿੱਚ ਪੇਸ਼ਕਾਰੀ ਦਿੱਤੀ ਸੀ। ਮੇਰੀ ਟੀਮ ਮੇਰੀ ਬੂਕਿੰਗਜ਼ ਕਰਦੀ ਹੈ।

    ਲਾਰੈਂਸ਼ ਬਿਸ਼ਨੋਈ

    ਤਸਵੀਰ ਸਰੋਤ, ANI

    ਮੈਨੂੰ ਮੌਕਾ ਨਹੀਂ ਮਿਲਦਾ ਕਿ ਮੈਂ ਪਤਾ ਕਰ ਸਕਾਂ ਕਿ ਕੌਣ ਮੈਨੂੰ ਬੁੱਕ ਕਰ ਰਿਹਾ ਹੈ ਤੇ ਉਸ ਦਾ ਕੀ ਪਿਛੋਕੜ ਤੇ ਅਕਸ ਹੈ, ਮੈਂ ਕੇਵਲ ਇਹੀ ਪੁੱਛਦਾ ਹਾਂ ਕਿ ਕਿਹੜੇ ਗਾਣੇ ਗਾਉਣੇ ਹਨ।

    ਕਿੰਨੀ ਦੇਰ ਦੀ ਪੇਸ਼ਕਾਰੀ ਦੇਣੀ ਹੈ, ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਸਕਦੇ ਹੋ ਕਿ ਕਲਾਕਾਰਾਂ ਉੱਤੇ ਹਮੇਸ਼ਾ ਓਂਗਲਾਂ ਉਠਦੀਆਂ ਹਨ। ਮੈਂ ਕਈ ਸਾਲ ਪਹਿਲਾਂ ਹੀ ਇਸ ਤਰ੍ਹਾਂ ਜਿਉਣਾ ਸਿੱਖ ਲਿਆ ਹੈ।

    ਅਨਮੋਲ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਤੇ ਖੁਦ ਵੀ ਉਹ ਇਸ ਕਤਲਕਾਂਡ ਵਿੱਚ ਲੋੜੀਂਦਾ ਹੈ।

  11. ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ

    ਚਰਨਜੀਤ ਸਿੰਘ ਅਟਵਾਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚਰਨਜੀਤ ਸਿੰਘ ਅਟਵਾਲ (ਵਿਚਕਾਰ) ਦੀ ਫਾਈਲ ਫੋਟੋ

    ਸਾਬਕਾ ਡਿਪਟੀ ਸਪੀਕਰ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

    ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ, ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜ ਦਿੱਤਾ ਹੈ।

    ਚੇਤੇ ਹੋਵੇ ਕਿ ਇਸ ਤੋਂ ਕੁਝ ਦਿਨ ਪਹਿਲਾਂ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

    ਇੰਦਰ ਅਟਵਾਲ ਹੁਣ ਭਾਜਪਾ 'ਚ ਸ਼ਮਲ ਹੋ ਗਏ ਹਨ ਅਤੇ ਉਨ੍ਹਾਂ ਨੇ ਜਲੰਧਰ ਜ਼ਿਮਨੀ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਵੀ ਦਰਜ ਕਰਵਾ ਦਿੱਤਾ ਹੈ।

  12. ਪਿਛਲੇ 24 ਘੰਟਿਆਂ ਵਿੱਚ ਦੇਸ਼ 'ਚ ਕੋਰੋਨਾ ਦੇ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ

    ਕੋਰੋਨਾ

    ਤਸਵੀਰ ਸਰੋਤ, Getty Images

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਲਾਗ ਦੇ 10,542 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਸ ਸਮੇਂ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 63562 ਹੈ।

    ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਜਾਰੀ ਮਹਾਰਾਸ਼ਟਰ ਦੇ ਸਿਹਤ ਮੰਤਰਾਲੇ ਦੇ ਬੁਲੇਟਿਨ ਵਿੱਚ ਕਿਹਾ ਗਿਆ ਸੀ ਕਿ ਸੂਬੇ ਵਿੱਚ ਇੱਕ ਦਿਨ ਵਿੱਚ ਇਸ ਲਾਗ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ।

    ਇਸ ਤੋਂ ਪਹਿਲਾਂ ਪੱਛਮੀ ਬੰਗਾਲ ਸਰਕਾਰ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਭੀੜ ਜਾਂ ਵੱਡੇ ਇਕੱਠ ਤੋਂ ਬਚਿਆ ਜਾਵੇ।

    ਸਰਕਾਰ ਨੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਔਰਤਾਂ ਅਤੇ ਬਿਮਾਰੀਆਂ ਤੋਂ ਪੀੜਤ ਲੋਕਾਂ ਪ੍ਰਤੀ ਵਧੇਰੇ ਚੌਕਸ ਰਹਿਣ ਦੀ ਗੱਲ ਕਹੀ ਹੈ।

  13. ਵਧਦੀ ਗਰਮੀ: ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

    ਗਰਮੀ

    ਤਸਵੀਰ ਸਰੋਤ, Getty Images

    ਮੰਗਲਵਾਰ ਨੂੰ ਦੇਸ਼ ਦੇ ਪੂਰਬੀ, ਉੱਤਰ-ਪੂਰਬ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਵੱਧ ਰਿਹਾ।

    ਦਿੱਲੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ, ਸਫਦਰਜੰਗ ਆਬਜ਼ਰਵੇਟਰੀ ਦਾ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ।

    ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ।

    ਇਸ ਸਾਲ ਅਪ੍ਰੈਲ ਮਹੀਨੇ ਤੋਂ ਹੀ ਗਰਮੀ ਦੀ ਲਹਿਰ ਸ਼ੁਰੂ ਹੋ ਗਈ ਹੈ।

    ਹਾਲਾਂਕਿ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਨੂੰ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਨਾਲ ਇੱਥੇ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

    ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਹਿਮਾਲੀਆਈ ਖੇਤਰ ਵਿੱਚ ਕੁਝ ਹਿਲਜੁਲ ਕਾਰਨ ਮੰਗਲਵਾਰ ਤੋਂ ਆਉਣ ਵਾਲੇ ਦਿਨਾਂ ਵਿੱਚ ਉੱਤਰ ਪੱਛਮੀ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

  14. ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ 'ਤੇ ਲਗਾਈਆਂ ਪਾਬੰਦੀਆਂ

    ਵਿਦਿਆਰਥੀ

    ਤਸਵੀਰ ਸਰੋਤ, Getty Images

    ਆਸਟਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ 'ਤੇ ਬੈਨ ਜਾਂ ਪਾਬੰਦੀਆਂ ਲਗਾ ਦਿੱਤੀਆਂ ਹਨ।

    ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਵੱਖ-ਵੱਖ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਹ ਪਾਬੰਦੀਆਂ ਦੱਖਣੀ ਏਸ਼ੀਆਂ ਤੋਂ ਆਉਂਦੇ ਵਿਦਿਆਰਥੀਆਂ ਦੀਆਂ 'ਧੋਖੇਬਾਜ਼ੀ ਵਾਲੀਆਂ ਅਰਜ਼ੀਆਂ' ਕਾਰਨ ਲਗਾਈਆਂ ਗਈਆਂ ਹਨ, ਅਜਿਹੇ ਵਿਦਿਆਰਥੀ ਜੋ ਪੜ੍ਹਾਈ ਦੇ ਨਾਮ 'ਤੇ ਕੰਮ ਕਰਨ ਆਉਂਦੇ ਹਨ।

    ਇਸ ਸਾਲ ਭਾਰਤ ਤੋਂ ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਦੇਖਿਆ ਜਾ ਰਿਹਾ ਹੈ ਅਤੇ ਇਸ ਗੱਲ ਨੇ ਦੇਸ਼ ਦੇ ਸਿੱਖਿਆ ਖੇਤਰ ਅਤੇ ਅਧਿਕਾਰੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।

    ਧਿਆਨ ਦੇਣ ਯੋਗ ਹੈ ਕਿ ਇਹ ਪਾਬੰਦੀਆਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬੈਂਜ਼ ਦੇ ਭਾਰਤ ਦੌਰੇ ਤੋਂ ਕੁਝ ਦਿਨ ਬਾਅਦ ਲਗਾਈਆਂ ਗਈਆਂ ਹਨ।

    ਇਸ ਦੌਰੇ ਦੌਰਾਨ ਉਨ੍ਹਾਂ ਸਿੱਖਿਆ ਦੇ ਖੇਤਰ ਵਿੱਚ ਭਾਰਤ-ਆਸਟਰੇਲੀਆ ਦੇ ਸਬੰਧਾਂ ਪ੍ਰਤੀ ਖੁਸ਼ੀ ਜ਼ਾਹਿਰ ਕੀਤੀ ਸੀ।

    ਪਰਥ ਦੀ ਐਡਿਥ ਕੋਵਨ ਯੂਨੀਵਰਸਿਟੀ ਨੇ ਫਰਵਰੀ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੀਆਂ ਅਰਜ਼ੀਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।

    ਮਾਰਚ ਵਿੱਚ, ਵਿਕਟੋਰੀਆ ਯੂਨੀਵਰਸਿਟੀ ਨੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਸਮੇਤ ਅੱਠ ਭਾਰਤੀ ਸੂਬਿਆਂ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਤੇ ਪਾਬੰਦੀਆਂ ਵਧਾਈਆਂ ਹਨ। ਵੋਲੋਂਗੌਂਗ ਯੂਨੀਵਰਸਿਟੀ ਨੇ ਮਾਰਚ ਵਿੱਚ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਲੇਬਨਾਨ, ਮੰਗੋਲੀਆ, ਨਾਈਜੀਰੀਆ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਆਪਣੇ ਐਂਟਰੈਨਸ ਟੈਸਟ 'ਤੇ ਸ਼ਰਤਾਂ ਨੂੰ ਵਧਾ ਦਿੱਤਾ ਹੈ।

  15. ਕੈਲੀਫੋਰਨੀਆ: ਗੁਰਦੁਆਰੇ 'ਚ ਗੋਲੀਬਾਰੀ ਮਾਮਲੇ 'ਚ 17 ਗ੍ਰਿਫ਼ਤਾਰ, 2 ਭਾਰਤ 'ਚ ਕਤਲ ਕੇਸਾਂ 'ਚ ਲੋੜੀਂਦੇ

    ਅਟਾਰਨੀ ਜਨਰਲ ਰੌਬ ਬੋਂਟਾ

    ਤਸਵੀਰ ਸਰੋਤ, @AGRobBonta

    ਕੈਲੀਫੋਰਨੀਆ ਵਿੱਚ ਪੁਲਿਸ ਨੇ ਸਟਾਕਟਨ, ਸੈਕਰਾਮੈਂਟੋ ਅਤੇ ਹੋਰ ਸਥਾਨਾਂ ਦੇ ਗੁਰਦੁਆਰਿਆਂ ਵਿੱਚ ਗੋਲੀਬਾਰੀ ਦੇ ਸਬੰਧ ਵਿੱਚ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 20 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।

    ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਏਕੇ 47, ਹੈਂਡਗਨ ਅਤੇ ਘੱਟੋ-ਘੱਟ ਇੱਕ ਮਸ਼ੀਨ ਗਨ ਵਰਗੇ ਹਥਿਆਰ ਵੀ ਬਰਾਮਦ ਕੀਤੇ ਹਨ।

    ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਇਸ ਸਾਰੀ ਕਾਰਵਾਈ ਦੀ ਜਾਣਕਰੀ ਸਟੇਟ ਅਟਾਰਨੀ ਜਨਰਲ ਰੌਬ ਬੋਂਟਾ ਨੇ ਦਿੱਤੀ ਹੈ।

    ਅਧਿਕਾਰੀਆਂ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਜ਼ਿਆਦਾਤਰ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ।

    ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਦੋ ਮਾਫੀਆ ਮੈਂਬਰ ਹਨ ਜੋ ਭਾਰਤ ਵਿੱਚ "ਕਈ ਕਤਲਾਂ ਵਿੱਚ ਲੋੜੀਂਦੇ" ਹਨ।

    ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੈਂਬਰ, ਵਿਰੋਧੀ ਅਪਰਾਧਿਕ ਸਮੂਹਾਂ ਦਾ ਹਿੱਸਾ ਹਨ, ਜੋ ਕਿ ਸਟਰ, ਸੈਕਰਾਮੈਂਟੋ, ਸੈਨ ਜੋਆਕਿਨ, ਸੋਲਾਨੋ, ਯੋਲੋ ਅਤੇ ਮਰਸਡ ਕਾਉਂਟੀਆਂ ਵਿੱਚ ਪੰਜ ਕਤਲਾਂ ਸਮੇਤ ਕਈ ਹਿੰਸਕ ਅਪਰਾਧਾਂ ਅਤੇ ਗੋਲੀਬਾਰੀ ਦੇ ਮੁਲਜ਼ਮ ਮੰਨੇ ਜਾ ਰਹੇ ਹਨ।

    ਜਾਣਕਾਰੀ ਮੁਤਾਬਕ, ਇਨ੍ਹਾਂ ਸਮੂਹਾਂ ਦੇ ਮੈਂਬਰ ਕਥਿਤ ਤੌਰ 'ਤੇ 27 ਅਗਸਤ, 2022 ਨੂੰ ਸਟਾਕਟਨ ਸਿੱਖ ਗੁਰਦੁਆਰੇ 'ਤੇ ਹੋਈ ਸਮੂਹਿਕ ਗੋਲੀਬਾਰੀ ਅਤੇ 23 ਮਾਰਚ, 2023 ਨੂੰ ਸੈਕਰਾਮੈਂਟੋ ਗੁਰਦੁਆਰੇ 'ਤੇ ਗੋਲੀਬਾਰੀ ਕਰਨ ਵਿੱਚ ਕਥਿਤ ਤੌਰ 'ਤੇ ਸ਼ਾਮਲ ਸਨ।

  16. 18 ਅਪ੍ਰੈਲ ਦਾ ਮੁੱਖ ਘਟਨਾਕ੍ਰਮ

    ਲਾਰੈਂਸ ਬਿਸ਼ਨੋਈ

    ਤਸਵੀਰ ਸਰੋਤ, Getty Images

    • ਖਾਲਿਸਤਾਨੀ ਖਾੜਕੂ ਜਥੇਬੰਦੀਆਂ ਨਾਲ ਸਬੰਧਤ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਲਈ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ ਦੀ ਰਿਮਾਂਡ 'ਚ ਭੇਜਿਆ ਗਿਆ।
    • ਖਾਲਿਸਤਾਨ ਪੱਖੀ ਕਾਰਕੁਨਾਂ ਵੱਲੋਂ ਲੰਡਨ ਵਿਖੇ ਭਾਰਤੀ ਸਫ਼ਾਰਤਖਾਨੇ ਤੋਂ ਝੰਡਾ ਉਤਾਰਨ ਦੇ ਮਾਮਲੇ ਵਿੱਚ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਜਾਂਚ ਕਰੇਗੀ।
    • ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਵਿੱਚ ਇੱਕ ਰਾਈਸ ਮਿੱਲ ਦੀ ਇਮਾਰਤ ਢਹਿ ਜਾਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ।
    • ਭਾਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਰੇਲ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
    • ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਉਮੀਦਵਾਰ ਐਲਾਨੇ ਗਏ ਇੰਦਰ ਇਕਬਾਲ ਸਿੰਘ ਅਟਵਾਲ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ।
  17. ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਸਾਡੇ ਇਸ ਲਾਈਵ ਪੰਨੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਦੇਵਾਂਗੇ।

    18 ਅਪ੍ਰੈਲ ਦੀਆਂ ਸਰਗਮੀਆਂ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।