ਖਾਲਿਸਤਾਨੀ ਖਾੜਕੂ ਜਥੇਬੰਦੀਆਂ ਨਾਲ ਸਬੰਧਤ ਕੇਸ ਵਿੱਚ ਲਾਰੈਂਸ ਦਾ 7 ਦਿਨਾਂ ਐੱਨਆਈਏ ਰਿਮਾਂਡ

ਖਾਲਿਸਤਾਨ ਪੱਖੀ ਕਾਰਕੁਨਾਂ ਵੱਲੋਂ ਲੰਡਨ ਵਿਖੇ ਭਾਰਤੀ ਸਫ਼ਾਰਤਖਾਨੇ ਤੋਂ ਝੰਡਾ ਉਤਾਰਨ ਦੇ ਮਾਮਲੇ ਵਿੱਚ ਹੁਣ ਐਨਆਈਏ ਜਾਂਚ ਕਰੇਗੀ।

ਲਾਈਵ ਕਵਰੇਜ

  1. ਬਿਲਕਿਸ ਬਾਨੋ ਕੇਸ: ਦੋਸ਼ੀਆਂ ਦੀ ਰਿਹਾਈ ਸਮੇਂ ਅਪਰਾਧ ਦੀ ਗੰਭੀਰਤਾ ਦਾ ਧਿਆਨ ਰੱਖੋ - ਸੁਪਰੀਮ ਕੋਰਟ

    ਬਿਲਕਿਸ ਬਾਨੋ

    ਤਸਵੀਰ ਸਰੋਤ, CHIRANTANA BHATT

    ਤਸਵੀਰ ਕੈਪਸ਼ਨ, ਬਿਲਕਿਸ ਬਾਨੋ

    ਬਿਲਕਿਸ ਬਾਨੋ ਬਲਾਤਕਾਰ ਮਾਮਲੇ 'ਚ 11 ਦੋਸ਼ੀਆਂ ਦੀ ਰਿਹਾਈ ਖਿਲਾਫ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਗੁਜਰਾਤ ਸਰਕਾਰ ਨੂੰ ਅਪਰਾਧ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਣਾ ਚਾਹੀਦਾ ਸੀ।

    ਇਸ ਮਾਮਲੇ ਦੀ ਸੁਣਵਾਈ ਜਸਟਿਸ ਕੇਐਮ ਜੋਸੇਫ ਅਤੇ ਬੀਵੀ ਨਗਰਰਤਨ ਦੀ ਬੈਂਚ ਕਰ ਰਹੀ ਸੀ।

    ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ, "ਸੇਬ ਦੀ ਤੁਲਨਾ ਸੰਗਤਰੇ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਇਸੇ ਤਰ੍ਹਾਂ ਕਤਲੇਆਮ ਦੀ ਤੁਲਨਾ ਇੱਕ ਕਤਲ ਨਾਲ ਨਹੀਂ ਕੀਤੀ ਜਾ ਸਕਦੀ।"

    ਬਿਲਕਿਸ ਬਾਨੋ

    ਤਸਵੀਰ ਸਰੋਤ, Twitter

    ਬੈਂਚ ਨੇ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧਾਂ ਵਿੱਚ ਜਦੋਂ ਰਾਹਤ ਦੇਣ ਬਾਰੇ ਵਿਚਾਰ ਕੀਤਾ ਜਾਂਦਾ ਹੈ ਤਾਂ ਇਸ ਨਾਲ ਸਮੁੱਚਾ ਸਮਾਜ ਪ੍ਰਭਾਵਿਤ ਹੁੰਦਾ ਹੈ ।

    ਅਜਿਹੇ ਮਾਮਲਿਆਂ ਵਿੱਚ ਸ਼ਕਤੀਆਂ ਦੀ ਵਰਤੋਂ ਕਰਦੇ ਸਮੇਂ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

    ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਰਾਜ ਸਰਕਾਰ ਦੇ ਫੈਸਲੇ ਨਾਲ ਸਹਿਮਤ ਸੀ ਤਾਂ ਇਸ ਦਾ ਅਰਥ ਇਹ ਨਹੀਂ ਕਿ ਸੂਬੇ ਨੂੰ ਬਿਲਕੁਲ ਨਹੀਂ ਸੋਚਣਾ ਚਾਹੀਦਾ ਸੀ।

    ਬੈਂਚ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਰੱਖੀ ਹੈ। ਹਾਲਾਂਕਿ ਗੁਜਰਾਤ ਸਰਕਾਰ ਨੇ 11 ਕੈਦੀਆਂ ਨੂੰ ਰਿਹਾਅ ਕਰਨ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ।

  2. ਖਾਲਿਸਤਾਨੀ ਖਾੜਕੂ ਜਥੇਬੰਦੀਆਂ ਨਾਲ ਸਬੰਧਤ ਕੇਸ ਵਿੱਚ ਲਾਰੈਂਸ ਦਾ 7 ਦਿਨਾਂ ਰਿਮਾਂਡ, ਸੁਚਿੱਤਰਾ ਮੋਹੰਤੀ, ਬੀਬੀਸੀ ਪੱਤਰਕਾਰ

    ਲਾਰੈਂਸ ਬਿਸ਼ਨੋਈ

    ਤਸਵੀਰ ਸਰੋਤ, Getty Images

    ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ ਨੂੰ 7 ਦਿਨਾਂ ਰਿਮਾਂਡ ਦੇ ਦਿੱਤਾ ਹੈ।

    ਐੱਨਆਈਏ ਲਾਰੈਂਸ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਲਿਬਰੇਸ਼ਨ ਫਰੰਟ ਵਰਗੀਆਂ ਖਾਲਿਸਤਾਨੀ ਖਾੜਕੂ ਜਥੇਬੰਦੀਆਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਭੂਮਿਕਾ ਦੇ ਮਾਮਲੇ ਵਿੱਚ ਪੰਜਾਬ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਈ ਹੈ।

    ਪਿਛਲੇ ਸਾਲ ਦਰਜ ਕੀਤੇ ਗਏ ਇਸ ਕੇਸ ਦੇ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਐੱਨਆਈਏ ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਨੂੰ ਪੰਜਾਬ ਤੋਂ ਦਿੱਲੀ ਲਿਆਈ ਸੀ।

    ਲਾਰੈਂਸ ਬਿਸ਼ਨੋਈ ਉੱਤੇ ਪੌਪ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਣੇ ਪੰਜਾਬ ਵਿੱਚ ਹੋਰ ਕਈ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਸੀ।

    ਦਿੱਲੀ ਵਿੱਚ ਦਰਜ ਜਿਸ ਮਾਮਲੇ ਵਿੱਚ ਲਾਰੈਂਸ ਨੂੰ ਪੰਜਾਬ ਤੋਂ ਲਿਆਂਦਾ ਗਿਆ ਹੈ, ਉਹ ਖਾਲਿਸਤਾਨ ਲਿਬਰੇਸ਼ਨ ਫਰੰਟ, ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਂਡਰੇਸ਼ਨ ਵਰਗੀਆਂ ਖਾੜਕੂ ਜਥੇਬੰਦੀਆਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਹੈ। ਇਨ੍ਹਾਂ ਜਥੇਬੰਦੀਆਂ ਉੱਤੇ ਅਪਰਾਧਿਕ ਗੈਂਗਜ਼ ਨਾਲ ਮਿਲ ਕੇ ਭਾਰਤ ਖ਼ਿਲਾਫ਼ ਜੰਗ ਛੇੜਨ ਦਾ ਇਲਜ਼ਾਮ ਹੈ, ਭਾਵੇਂ ਕਿ ਆਪ ਇਹ ਵਿਦੇਸ਼ੀ ਧਰਤੀ ਤੋਂ ਇਸ ਨੂੰ ਅੰਜ਼ਾਮ ਦੇ ਰਹੀਆਂ ਹਨ।

    NIA

    ਤਸਵੀਰ ਸਰੋਤ, ANI

    ਇਨ੍ਹਾਂ ਉੱਤੇ ਹਥਿਆਰਾਂ ਦੀ ਤਸਕਰੀ, ਧਮਕਾਖੇਜ਼ ਸਮੱਗਰੀ, ਫਿਰੌਤੀ ਲਈ ਕਤਲ ਅਤੇ ਅੱਤਵਾਦੀ ਗਤੀਵਿਧੀਆਂ ਲ਼ਈ ਫੰਡ ਮੁਹੱਈਆ ਕਰਵਾਉਣਾ ਸ਼ਾਮਲ ਹੈ।

    ਇਸ ਕੇਸ ਵਿੱਚ ਦੀਪਕ ਰੰਗਾ ਨਾਂ ਦਾ ਵਿਅਕਤੀ 2023 ਵਿੱਚ ਫੜ੍ਹਿਆ ਗਿਆ ਸੀ, ਪੁੱਛਗਿੱਛ ਦੌਰਾਨ ਉਸ ਦੇ ਲਾਰੈਂਸ ਬਿਸ਼ਨੋਈ ਨਾਲ ਸਬੰਧ ਸਾਹਮਣੇ ਆਏ ਸਨ।

    ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਦੀਪਕ ਰੰਗਾ ਨੇ ਲਾਰੈਸ ਬਿਸ਼ਨੋਈ ਅਤੇ ਉਨ੍ਹਾਂ ਦੀ ਗੈਂਗ ਦੀ ਤਰਫ਼ੋ ਇਹ ਕਤਲ ਕੀਤੇ ਹਨ।

    ਸਰਕਾਰੀ ਵਕੀਲ ਨੇ ਦੱਸਿਆ ਕਿ ਐੱਨਆਈਏ ਦੀ ਜਾਂਚ ਦੌਰਾਨ ਦੀਪਕ ਰੰਗਾ ਨੇ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਹੈ, ਇਸ ਲਈ ਉਸ ਦੀ ਭੂਮਿਕਾ ਦੀ ਜਾਂਚ ਕਰਨ ਲ਼ਈ ਉਸ ਦੇ 07 ਦਿਨ ਦੇ ਰਿਮਾਂਡ ਦੀ ਲੋੜ ਹੈ।

    ਪਰ ਲਾਰੈਂਸ ਬਿਸ਼ਨੋਈ ਦੇ ਤਰਫ਼ੋ ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਇਸ ਮਾਮਲੇ ਵਿੱਚ ਐੱਨਆਈਏ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ, ਇਸ ਲਈ ਰਿਮਾਂਡ ਦੀ ਲੋੜ ਨਹੀਂ ਹੈ।

    ਬਚਾਅ ਪੱਖ਼ ਦੇ ਵਕੀਲ ਦਾ ਕਹਿਣਾ ਹੈ ਕਿ ਜਦੋਂ ਆਖਰੀ ਸਟੇਜ ਉੱਤੇ ਹੈ ਤਾਂ ਉਸੇ ਮੁਲਜ਼ਮ ਦੇ ਪੁਲਿਸ ਰਿਮਾਂਡ ਦੀ ਤੁਕ ਨਹੀਂ ਬਣਦੀ।

    ਪਰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ 7 ਦਿਨਾਂ ਰਿਮਾਂਡ ਦੇ ਦਿੱਤਾ।

  3. ਇੱਕ ਮਹੀਨੇ ਬਾਅਦ ਵੀ ਅਮ੍ਰਿਤਪਾਲ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ, ਹੁਣ ਤੱਕ ਕੀ-ਕੀ ਹੋਇਆ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, THEWARISPANJABDE/INSTAGRAM

    ਪੰਜਾਬ ਪੁਲਿਸ ਨੇ ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ਼ ਠੀਕ ਇੱਕ ਮਹੀਨਾ ਪਹਿਲਾਂ 18 ਮਾਰਚ ਨੂੰ ਕਾਰਵਾਈ ਵਿੱਢੀ ਸੀ, ਪਰ ਅਮ੍ਰਿਤਪਾਲ ਅੱਜ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹੈ।

    ਭਾਵੇਂ ਕਿ ਅਮ੍ਰਿਤਪਾਲ ਸਿੰਘ ਫਰਾਰ ਹੋ ਗਿਆ ਹੈ ਪਰ ਪੁਲਿਸ ਨੇ ਉਸ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

    ਇਸ ਇੱਕ ਮਹੀਨੇ ਦੌਰਾਨ ਅਮ੍ਰਿਤਪਾਲ ਸਿੰਘ ਦੇ ਕਥਿਤ ਤੌਰ ’ਤੇ ਪਹਿਰਾਵੇ ਬਦਲਣ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮਣ ਦੀਆਂ ਤਸਵੀਰਾਂ ਅਤੇ ਵੀਡੀਓ ਮੀਡੀਆ ਰਾਹੀ ਸਾਹਮਣੇ ਆਉਂਦੀਆਂ ਰਹੀਆਂ।

    ਪੁਲਿਸ ਨੇ ਇਨ੍ਹਾਂ ਵੀਡੀਓ ਜਾਂ ਤਸਵੀਰਾਂ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ ਸੀ।

  4. ਯੂਕਰੇਨ-ਰੂਸ ਜੰਗ: ਰਾਸ਼ਟਰਪਤੀ ਪੁਤਿਨ ਵੱਲੋਂ ਕਬਜ਼ੇ ਹੇਠ ਲਏ ਯੂਕਰੇਨ ਦੇ ਸ਼ਹਿਰ ਖੇਰਸਨ ਦਾ ਦੌਰਾ

    ਯੂਕਰੇਨ-ਰੂਸ ਜੰਗ

    ਤਸਵੀਰ ਸਰੋਤ, THE KREMLIN

    ਤਸਵੀਰ ਕੈਪਸ਼ਨ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਫੌਜ ਦੇ ਕਮਾਂਡਰਾਂ ਨਾਲ ਮੀਟਿੰਗ ਦੌਰਾਨ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਬਜ਼ੇ ਹੇਠ ਲਏ ਗਏ ਯੂਕਰੇਨ ਦੇ ਸ਼ਹਿਰ ਖੇਰਸਨ ਪਹੁੰਚੇ ਹਨ।

    ਉਹਨਾਂ ਨੇ ਉੱਥੇ ਫੌਜ ਦੇ ਕਮਾਂਡਰਾਂ ਤੋਂ ਰਿਪੋਰਟ ਲੈਣ ਲਈ ਇੱਕ ਮੀਟਿੰਗ ਵੀ ਕੀਤੀ ਹੈ।

    ਜਾਣਕਾਰੀ ਮੁਤਾਬਕ ਪੁਤਿਨ ਲੁਹਾਨਸਕ ਖੇਤਰ ਦਾ ਦੌਰਾ ਵੀ ਕਰ ਸਕਦੇ ਹਨ।

    ਰੂਸ ਨੇ ਪਿਛਲੇ ਸਾਲ ਖੇਰਸਨ ਅਤੇ ਲੁਹਾਨਸਕ ਨੂੰ ਆਪਣੇ ਨਾਲ ਮਿਲਾ ਲਿਆ ਸੀ।

    ਰੂਸ ਦੇ ਨੇਤਾ ਵੱਲੋਂ ਅਜਿਹੇ ਦੌਰੇ ਘੱਟ ਹੀ ਕੀਤੇ ਜਾਂਦੇ ਹਨ। ਹਾਲਾਂਕਿ ਮਾਰਚ ਵਿੱਚ ਉਨ੍ਹਾਂ ਨੇ ਮੈਰੀਓਪੋਲ ਸ਼ਹਿਰ ਦਾ ਦੌਰਾ ਵੀ ਕੀਤਾ ਸੀ।

    ਰੂਸੀ ਮੀਡੀਆ ਨੇ ਲਿਖਿਆ ਕਿ ਰਾਸ਼ਟਰਪਤੀ ਨੇ ਜ਼ਪੋਰਿਝਜ਼ੀਆ ਖੇਤਰ ਦੀ ਸਥਿਤੀ ਬਾਰੇ ਵੀ ਪੁੱਛਗਿੱਛ ਕੀਤੀ ਹੈ।

    ਜ਼ਪੋਰਿਝਜ਼ੀਆ ਖੇਤਰ ਨੂੰ ਮਾਸਕੋ ਨੇ ਵੀ ਰੂਸ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਹੋਇਆ ਹੈ।

  5. ਜਲੰਧਰ ਜ਼ਿਮਨੀ ਚੋਣ: ਭਾਜਪਾ ਆਗੂ ਇੰਦਰ ਇਕਬਾਲ ਸਿੰਘ ਅਟਵਾਲ ਨੇ ਭਰਿਆ ਨਾਮਜ਼ਦਗੀ ਪੱਤਰ

    ਇੰਦਰ ਇਕਬਾਲ ਸਿੰਘ ਅਟਵਾਲ

    ਤਸਵੀਰ ਸਰੋਤ, DPRO

    ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਉਮੀਦਵਾਰ ਐਲਾਨੇ ਗਏ ਇੰਦਰ ਇਕਬਾਲ ਸਿੰਘ ਅਟਵਾਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ।

    ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਹੇ ਇੰਦਰ ਇਕਬਾਲ ਕੁਝ ਦਿਨ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਹਨ।

    ਉਹ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ।

    ਚਰਨਜੀਤ ਸਿੰਘ ਅਟਵਾਲ ਜਲੰਧਰ ਲੋਕ ਸਭਾ ਸੀਟ ’ਤੇ ਅਕਾਲੀ ਦਲ ਵਲੋਂ ਐੱਮਪੀ ਦੀ ਚੋਣ ਲੜ ਚੁੱਕੇ ਹਨ।

  6. ਪੰਜਾਬ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ

    ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਰੇਲ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

    ਕਿਸਾਨ ਆਪਣੀਆਂ ਖ਼ਰਾਬ ਹੋਈਆਂ ਫਸਲਾਂ ਦੇ ਬਿਹਤਰ ਮੁਆਵਜ਼ੇ ਦੀ ਮੰਗ ਅਤੇ ਕਣਕ ਦੀ ਫ਼ਸਲ ਉੱਪਰ ਵੈਲਿਊ ਕੱਟ ਲਗਾਏ ਜਾਣ ਦਾ ਵਿਰੋਧ ਕਰ ਰਹੇ ਹਨ।

    ਦੇਖੋ ਤਸਵੀਰਾਂ:

    ਕਿਸਾਨ

    ਤਸਵੀਰ ਸਰੋਤ, Surinder Maan/BBC

    ਕਿਸਾਨ

    ਤਸਵੀਰ ਸਰੋਤ, Gurminder Singh Grewal/BBC

    ਕਿਸਾਨ

    ਤਸਵੀਰ ਸਰੋਤ, Surinder Maan/BBC

    ਕਿਸਾਨ

    ਤਸਵੀਰ ਸਰੋਤ, Surinder Maan/BBC

    ਕਿਸਾਨ

    ਤਸਵੀਰ ਸਰੋਤ, Pradeep Sharma/BBC

    ਕਿਸਾਨ

    ਤਸਵੀਰ ਸਰੋਤ, Surinder Maan/BBC

  7. ਅਮ੍ਰਿਤਪਾਲ ਸਿੰਘ : ਭਗੌੜਾ ਹੈ ਜਾਂ ਫਰਾਰ, ਜਾਣੋ ਮਾਹਰ ਕੀ ਫਰਕ ਦੱਸਦੇ ਹਨ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ 18 ਮਾਰਚ ਤੋਂ ਆਪ੍ਰੇਸ਼ਨ ਚਲਾਇਆ ਹੋਇਆ ਹੈ ਪਰ ਹਾਲੇ ਤੱਕ ਪੁਲਿਸ ਉਨ੍ਹਾਂ ਨੂੰ ਫੜ੍ਹ ਨਹੀਂ ਸਕੀ ਹੈ।

    ਪੁਲਿਸ ਨੇ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਉੱਤੇ ਸ਼ਾਂਤੀ ਭੰਗ ਕਰਨਾ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨਾ ਅਤੇ ਪੁਲਿਸ ਨੂੰ ਡਿਊਟੀ ਕਰਨ ਤੋਂ ਰੋਕਣ ਸਣੇ ਵੱਖ-ਵੱਖ ਇਲਜ਼ਾਮਾਂ ਤਹਿਤ ਕਰੀਬ 16 ਮਾਮਲੇ ਦਰਜ ਕੀਤੇ ਹਨ।

    ਪੰਜਾਬ ਪੁਲਿਸ ਅਮ੍ਰਿਤਪਾਲ ਨੂੰ ‘ਫਰਾਰ’ ਕਰਾਰ ਦੇ ਰਹੀ ਹੈ। ਸੋਸ਼ਲ ਮੀਡੀਆ ਉੱਤੇ ਅਤੇ ਕਈ ਮੀਡੀਆ ਅਦਾਰਿਆਂ ਵੱਲੋਂ ਅਮ੍ਰਿਤਪਾਲ ਲਈ ‘ਭਗੌੜਾ’ ਸ਼ਬਦ ਵੀ ਇਸਤੇਮਾਲ ਕੀਤਾ ਗਿਆ।

    ਸੀਆਰਪੀਸੀ (ਕੋਡ ਆਫ਼ ਕ੍ਰਿਮਿਨਲ ਪ੍ਰੋਸੀਜ਼ਰ) ਮੁਤਾਬਕ ਅਮ੍ਰਿਤਪਾਲ ਅਜੇ ਤੱਕ ‘ਭਗੌੜਾ’ ਨਹੀਂ ਹੈ ਅਤੇ ਉਹ ‘ਫਰਾਰ’ ਹੈ।

    ਇਸ ਰਿਪੋਰਟ ਵਿੱਚ ਪੜ੍ਹੋ ਕਿ ਸੀਆਰਪੀਸੀ ਤਹਿਤ ਕਦੋਂ ਕਿਸੇ ਵਿਅਕਤੀ ਨੂੰ ‘ਫਰਾਰ’ ਕਿਹਾ ਜਾਂਦਾ ਹੈ ਤੇ ਕਦੋਂ ਕੋਈ ਵਿਅਕਤੀ ‘ਭਗੌੜਾ’ ਕਰਾਰ ਦਿੱਤਾ ਜਾਂਦਾ ਹੈ।

  8. ਅਤੀਕ-ਅਸ਼ਰਫ਼ ਕਤਲ: ਕਮੇਟੀ ਬਣਾਉਣ ਲਈ ਪਟੀਸ਼ਨ 'ਤੇ 24 ਅਪ੍ਰੈਲ ਨੂੰ ਸੁਪਰੀਮ ਕੋਰਟ 'ਚ ਸੁਣਵਾਈ

    ਅਤੀਕ-ਅਸ਼ਰਫ਼ ਕਤਲ

    ਤਸਵੀਰ ਸਰੋਤ, ANI

    ਸਾਬਕਾ ਸੰਸਦ ਮੈਂਬਰ ਤੇ ਬਾਹੂਬਲੀ ਅਤੀਕ ਅਹਿਮਦ ਅਤੇ ਉਸ ਦੇ ਭਰਾ ਦੇ ਕਤਲ ਮਾਮਲੇ ਵਿੱਚ ਵਕੀਲ ਵਿਸ਼ਾਲ ਤਿਵਾਰੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਗਈ ਹੈ।

    ਇਸ ਦੇ ਤਹਿਤ, ਵਕੀਲ ਵਿਸ਼ਾਲ ਤਿਵਾਰੀ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਕਤਲ ਮਾਮਲੇ ਦੀ ਜਾਂਚ ਲਈ ਇੱਕ ਸੇਵਾ-ਮੁਕਤ ਜੱਜ ਦੀ ਅਗਵਾਈ ਹੇਠ ਮਾਹਿਰਾਂ ਦੀ ਕਮੇਟੀ ਬਣਾਈ ਜਾਵੇ। ਸੁਪਰੀਮ ਕੋਰਟ ਇਸ ਪਟੀਸ਼ਨ 'ਤੇ 24 ਅਪ੍ਰੈਲ ਨੂੰ ਸੁਣਵਾਈ ਕਰੇਗੀ।

    ਵਕੀਲ ਦੀ ਪਟੀਸ਼ਨ ਵਿੱਚ ਉੱਤਰ ਪ੍ਰਦੇਸ਼ 'ਚ ਪੁਲਿਸ ਮੁਕਾਬਲਿਆਂ 'ਤੇ ਸੁਤੰਤਰ ਜਾਂਚ ਦੀ ਵੀ ਮੰਗ ਕੀਤੀ ਗਈ ਹੈ।

    ਬੀਬੀਸੀ ਪੱਤਰਕਾਰ ਸੁਚਿੱਤਰਾ ਕੇ ਮੋਹੰਤੀ ਨਾਲ ਗੱਲਬਾਤ ਕਰਦਿਆਂ ਵਿਸ਼ਾਲ ਤਿਵਾਰੀ ਨੇ ਕਿਹਾ, ''ਅਜਿਹੀਆਂ ਘਟਨਾਵਾਂ ਲੋਕਤੰਤਰ ਅਤੇ ਕਾਨੂੰਨ ਲਈ ਵੱਡਾ ਖਤਰਾ ਹਨ।''

    ਤਿਵਾੜੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਹਿਰਾਸਤੀ ਕਤਲ ਜਾਂ ਝੂਠੇ ਪੁਲਿਸ ਮੁਕਾਬਲਿਆਂ ਵਰਗੀਆਂ ਚੀਜ਼ਾਂ ਦੀ ਲੋਕਤੰਤਰ ਵਿੱਚ ਕੋਈ ਥਾਂ ਨਹੀਂ।

  9. ਫਸਲੀ ਨੁਕਸਾਨ ਨੂੰ ਲੈ ਕੇ ਅੱਜ ਰੇਲਾਂ ਰੋਕਣਗੇ ਕਿਸਾਨ

    ਧਰਨੇ ਉੱਤੇ ਬੈਠੇ ਕਿਸਾਨ
    ਤਸਵੀਰ ਕੈਪਸ਼ਨ, ਧਰਨੇ ਉੱਤੇ ਬੈਠੇ ਕਿਸਾਨ (ਫਾਈਲ ਫੋਟੋ)

    ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ।

    ਦਰਅਸਲ, ਕਿਸਾਨ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੇ ਯੋਗ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਫ਼ਸਲ ਉੱਪਰ ਵੈਲਿਊ ਕੱਟ ਲਾਏ ਜਾਣ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।

    ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ, ਫਰੀਦਕੋਟ ਦੇ ਜੈਤੋਂ ਅਤੇ ਬਠਿੰਡਾ ਵਿੱਚ ਵੀ ਧਰਨਾ ਲਗਾਇਆ ਜਾਵੇਗਾ। ਇਸੇ ਤਰ੍ਹਾਂ, ਅਜੀਤਵਾਲ ਵਿਖੇ ਫਿਰੋਜ਼ਪੁਰ-ਦਿੱਲੀ ਰੇਲ ਟ੍ਰੈਕ ਨੂੰ ਵੀ ਜਾਮ ਕੀਤਾ ਜਾਵੇਗਾ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਅਨੁਸਾਰ, ਇਸ ਦੌਰਾਨ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਰੇਲਵੇ ਟਰੈਕ 'ਤੇ ਚੱਕਾ ਜਾਮ ਕੀਤਾ ਜਾਵੇਗਾ।

    ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ 23-24 ਅਪ੍ਰੈਲ ਨੂੰ ਸੂਬੇ ਭਰ 'ਚ ਰੇਲਾਂ ਰੋਕਣਗੇ।

  10. ਲੰਡਨ 'ਚ ਭਾਰਤੀ ਸਫ਼ਾਰਤਖਾਨੇ ਤੋਂ ਝੰਡਾ ਉਤਾਰਨ ਦੇ ਮਾਮਲੇ 'ਚ ਐਨਆਈਏ ਕਰੇਗੀ ਜਾਂਚ

    ਲੰਡਨ ਵਿਖੇ ਭਾਰਤੀ ਸਫ਼ਾਰਤਖਾਨਾ

    ਤਸਵੀਰ ਸਰੋਤ, Google

    ਖਾਲਿਸਤਾਨ ਪੱਖੀ ਕਾਰਕੁਨਾਂ ਵੱਲੋਂ ਲੰਡਨ ਵਿਖੇ ਭਾਰਤੀ ਸਫ਼ਾਰਤਖਾਨੇ ਤੋਂ ਝੰਡਾ ਉਤਾਰਨ ਦੇ ਮਾਮਲੇ ਵਿੱਚ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਜਾਂਚ ਕਰੇਗੀ।

    ਖ਼ਬਰ ਏਜੰਸੀ ਏਐਨਆਈ ਮੁਤਾਬਕ, ਕੁਝ ਦਿਨ ਪਹਿਲਾਂ ਗ੍ਰਹਿ ਮੰਤਰਾਲੇ ਦੇ ਅੱਤਵਾਦੀ ਰੋਕੂ ਵਿਭਾਗ ਦੁਆਰਾ ਐਨਆਈਏ ਨੂੰ ਇਹ ਕੇਸ ਸੌਂਪ ਦਿੱਤਾ ਗਿਆ ਹੈ, ਤਾਂ ਜੋ ਜਾਂਚ ਕੀਤੀ ਜਾ ਸਕੇ।

    ਐਨਆਈਏ ਨੇ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕਰ ਲਈ ਹੈ। ਫਿਲਹਾਲ ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

    ਦੱਸ ਦੇਈਏ ਕਿ ਅਮ੍ਰਿਤਪਾਲ ਮਾਮਲੇ ਵਿੱਚ, ਮਾਰਚ ਮਹੀਨੇ 'ਚ ਲੰਡਨ ਵਿੱਚ ਪ੍ਰਦਰਸ਼ਨ ਕੀਤੇ ਗਏ ਸਨ।

    ਖਾਲਿਸਤਾਨੀ ਪੱਖੀ ਕਾਰਕੁਨਾਂ ਦੁਆਰਾ ਕੀਤੇ ਗਏ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਇੱਕ ਕਾਰਕੁਨ ਵੱਲੋਂ ਭਾਰਤੀ ਸਫ਼ਾਰਤਖਾਨੇ ਤੋਂ ਤਿਰੰਗਾ ਝੰਡਾ ਉਤਾਰਨ ਦਾ ਵੀਡੀਓ ਸਾਹਮਣੇ ਆਇਆ ਸੀ।

    ਇਨ੍ਹਾਂ ਪ੍ਰਦਰਸ਼ਨਾਂ ਵਿੱਚ ਕਾਰਕੁਨਾਂ ਵੱਲੋਂ ਖਾਲਿਸਤਾਨ ਸਬੰਧਿਤ ਝੰਡੇ ਫਹਿਰਾਏ ਗਏ ਅਤੇ ਨਾਅਰੇ ਵੀ ਲਗਾਏ ਗਏ ਸਨ।

    ਲੰਘੀ 12 ਅਪ੍ਰੈਲ ਨੂੰ ਭਾਰਤ ਅਤੇ ਬ੍ਰਿਟੇਨ ਦੇ ਗ੍ਰਹਿ ਮੰਤਰਾਲਿਆਂ ਵਿਚਕਾਰ ਹੋਈ 5ਵੀਂ ਵਾਰਤਾ ਦੌਰਾਨ ਭਾਰਤ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ।

  11. ਹਰਿਆਣਾ: ਰਾਈਸ ਮਿੱਲ ਦੀ ਇਮਾਰਤ ਢਹਿ ਜਾਣ ਕਾਰਨ 4 ਦੀ ਮੌਤ, ਕਈ ਜ਼ਖ਼ਮੀ

    ਹਰਿਆਣਾ

    ਤਸਵੀਰ ਸਰੋਤ, Kamal Saini/BBC

    ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਵਿੱਚ ਇੱਕ ਰਾਈਸ ਮਿੱਲ ਦੀ ਇਮਾਰਤ ਢਹਿ ਜਾਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹਨ।

    ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ, ਇਹ ਇਮਾਰਤ ਤਿੰਨ ਮੰਜ਼ਿਲਾ ਸੀ ਅਤੇ ਜਿਸ ਵੇਲੇ ਇਹ ਹਾਦਸਾ ਵਾਪਰਿਆ, ਕੁਝ ਮਜ਼ਦੂਰ ਇਮਾਰਤ ਦੇ ਅੰਦਰ ਸੌਂ ਰਹੇ ਸਨ।

    ਖ਼ਬਰ ਏਜੰਸੀ ਏਐਨਆਈ ਮੁਤਾਬਕ,ਕਰਨਾਲ ਦੇ ਡੀਸੀ ਅਨੀਸ਼ ਯਾਦਵ ਨੇ ਦੱਸਿਆ ਕਿ ਹੁਣ ਤੱਕ ਇਸ ਘਟਨਾ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 20 ਜ਼ਖ਼ਮੀ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

    ਉਨ੍ਹਾਂ ਜਾਣਕਾਰੀ ਦਿੱਤੀ ਕਿ ਹਾਦਸੇ ਵੇਲੇ ਲਗਭਗ 150 ਮਜ਼ਦੂਰ ਇਮਾਰਤ ਵਿੱਚ ਮਜੂਦ ਸਨ।

    ਡੀਸੀ ਯਾਦਵ ਨੇ ਦੱਸਿਆ, ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਮਾਰਤ ਵਿੱਚ ਕੁਝ ਦਿੱਕਤਾਂ ਸਨ। ਇਸ ਮਾਮਲੇ ਵਿੱਚ ਜਾਂਚ ਲਈ ਇੱਕ ਕਮੇਟੀ ਬਣਾਈ ਜਾਵੇਗੀ ਅਤੇ ਮਿੱਲ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

    ਫਿਲਹਾਲ ਪੁਲਿਸ, ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਘਟਨਾ ਵਾਲੀ ਥਾਂ 'ਤੇ ਪਹੁੰਚੀਆਂ ਹੋਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ।

  12. 17 ਅਪ੍ਰੈਲ ਦਾ ਮੁੱਖ ਘਟਨਾਕ੍ਰਮ

    ਐੱਸਜੀਪੀਸੀ ਹਰਜਿੰਦਰ ਸਿੰਘ ਧਾਮੀ

    ਤਸਵੀਰ ਸਰੋਤ, Getty Images

    • ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਾਰਕੁਨਾਂ ਦੇ ਪਰਿਵਾਰਕ ਮੈਂਬਰ ਹੁਣ ਉਨ੍ਹਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਉਪਰਾਲਾ।
    • ਪੰਜਾਬ ਦੇ ਅਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿੱਚ ਕਥਿਤ ਤੌਰ 'ਤੇ ਇੱਕ ਕੁੜੀ ਨੂੰ ਪ੍ਰਵੇਸ਼ ਨਹੀਂ ਦਿੱਤੇ ਜਾਣ ਨਾਲ ਜੁੜੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਤੋਂ ਬਾਅਦ ਐੱਸਜੀਪੀਸੀ ਨੇ ਲੋਕਾਂ ਨੂੰ ਮਰਯਾਦਾ ਰੱਖਣ ਦੀ ਅਪੀਲ ਕੀਤੀ ਅਤੇ ਨਾਲ ਹੀ ਜਾਂਚ ਵੀ ਆਰੰਭ ਕਰਵਾਈ।
    • ਗੁਜਰਾਤ 'ਚ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਇਟਾਲੀਆ ਨੂੰ ਸੋਮਵਾਰ ਸੂਰਤ ਕ੍ਰਾਈਮ ਬ੍ਰਾਂਚ ਨੇ ਹਿਰਾਸਤ 'ਚ ਲਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ।
    • ਨਸ਼ਾ ਤਸਕਰੀ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੀਪੀਐੱਸ ਅਧਿਕਾਰੀ ਰਾਜਜੀਤ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
    • ਨਵਜੋਤ ਸਿੰਘ ਸਿੱਧੂ ਦੇ ਘਰ ਦੀ ਛੱਤ 'ਤੇ ਇੱਕ ਅਣਪਛਾਤੇ ਵਿਅਕਤੀ ਦਿਖਾਈ ਦੇਣ ਦੇ ਮਾਮਲੇ 'ਚ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ।
  13. ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਸਾਡੇ ਇਸ ਲਾਈਵ ਪੰਨੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਦੇਵਾਂਗੇ।

    17 ਅਪ੍ਰੈਲ ਦੀਆਂ ਸਰਗਮੀਆਂ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।