ਅਮ੍ਰਿਤਪਾਲ ਦੇ ਜੇਲ੍ਹ ਵਿੱਚ ਬੰਦ ਸਾਥੀਆਂ ਦੇ ਪਰਿਵਾਰਾਂ ਨੂੰ ਮੁਲਾਕਾਤ ਲਈ ਡਿਬਰੂਗੜ੍ਹ ਲੈ ਕੇ ਜਾਵੇਗੀ ਸ਼੍ਰੋਮਣੀ ਕਮੇਟੀ

ਇਸ ਪੇਜ ਰਾਹੀਂ ਦੇਸ-ਵਿਦੇਸ਼ ਦੀਆਂ ਅਹਿਮ ਸਰਗਰਮੀਆਂ ਤੋਂ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ।

ਲਾਈਵ ਕਵਰੇਜ

  1. ਅੱਜ ਦਾ ਘਟਨਾਕ੍ਰਮ

    ਅੱਜ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਦੇਸ-ਵਿਦੇਸ਼ ਦੀਆਂ ਹੋਰ ਖ਼ਬਰਾਂ ਲਈ ਬੀਬੀਸੀ ਪੰਜਾਬੀ ਦੀ ਵੈਬਸਾਈਟ ਨਾਲ ਜੁੜੇ ਰਹੋ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਘਟਨਾਕ੍ਰਮ 'ਤੇ

    • ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਾਰਕੁਨਾਂ ਦੇ ਪਰਿਵਾਰਕ ਮੈਂਬਰ ਹੁਣ ਉਨ੍ਹਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਉਪਰਾਲਾ।
    • ਪੰਜਾਬ ਦੇ ਅਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਥਿਤ ਤੌਰ 'ਤੇ ਇੱਕ ਕੁੜੀ ਨੂੰ ਪ੍ਰਵੇਸ਼ ਨਹੀਂ ਦਿੱਤੇ ਜਾਣ ਨਾਲ ਜੁੜੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਤੋਂ ਬਾਅਦ ਐੱਸਜੀਪੀਸੀ ਨੇ ਲੋਕਾਂ ਨੂੰ ਮਰਯਾਦਾ ਰੱਖਣ ਦੀ ਅਪੀਲ ਕੀਤੀ ਅਤੇ ਨਾਲ ਹੀ ਜਾਂਚ ਵੀ ਆਰੰਭ ਕਰਵਾਈ।
    • ਗੁਜਰਾਤ 'ਚ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਇਟਾਲੀਆ ਨੂੰ ਸੋਮਵਾਰ ਸੂਰਤ ਕ੍ਰਾਈਮ ਬ੍ਰਾਂਚ ਨੇ ਹਿਰਾਸਤ 'ਚ ਲਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ।
    • ਨਸ਼ਾ ਤਸਕਰੀ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੀਪੀਐੱਸ ਅਧਿਕਾਰੀ ਰਾਜਜੀਤ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
    • ਨਵਜੋਤ ਸਿੰਘ ਸਿੱਧੂ ਦੇ ਘਰ ਦੀ ਛੱਤ 'ਤੇ ਇੱਕ ਅਣਪਛਾਤੇ ਵਿਅਕਤੀ ਦਿਖਾਈ ਦੇਣ ਦੇ ਮਾਮਲੇ 'ਚ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ।
  2. ਮੁਹਾਲੀ ਦੇ ਸੈਕਟਰ 89 ਵਿੱਚ ਪੁਲਿਸ ਦੀ ਕਾਰਵਾਈ

    ਮੁਹਾਲੀ ਦੇ ਸੈਕਟਰ 89 ਵਿੱਚ ਸੋਮਵਾਰ ਨੂੰ ਦੇਰ ਸ਼ਾਮ ਇੱਕ ਕੋਠੀ ਨੂੰ ਪੰਜਾਬ ਪੁਲਿਸ ਦੀ ਕਾਊਟਰ ਇੰਟੈਲੀਜੈਂਸ ਦੀ ਟੀਮ ਨੇ ਘੇਰਾ ਪਾਇਆਸੀ।

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਮੁਤਾਬਕ ਅਧਿਕਾਰਤ ਤੌਰ ਉੱਤੇ ਇਸ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨੇ ਮੁਹੱਈਆ ਨਹੀਂ ਕਰਵਾਈ ਹੈ।

    ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਕਾਊਟਰ ਇੰਟੈਲੀਜੈਂਸ ਇਹ ਆਪਰੇਸ਼ਨ ਕੀਤਾ ਸੀ।

  3. ਐੱਸਜੀਪੀਸੀ ਨੂੰ ਆਪਣੇ ਸਟਾਫ਼ ਨੂੰ ਸਿਖਲਾਈ ਦੇਣੀ ਚਾਹੀਦੀ ਹੈ- ਸਿਰਸਾ

    ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਰਬਾਰ ਸਾਹਿਬ ਵਿਖੇ ਕੁੜੀ ਨੂੰ ਰੋਕ ਜਾਣ ਦੀ ਵਾਇਰਲ ਵੀਡੀਓ ਆਪਣਾ ਪ੍ਰਤੀਕਰਮ ਸਾਂਝਾ ਕੀਤੀ ਹੈ।

    ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ, "ਸੇਵਾਦਾਰ ਦਾ ਵਰਤਾਰਾ ਸ਼ਰਧਾਲੂ ਨਾਲ ਠੀਕ ਨਹੀਂ ਸੀ। ਜੇਕਰ ਕੁਝ ਇਤਰਾਜ਼ਯੋਗ ਸੀ ਤਾਂ ਸੇਵਾਦਾਰ ਹਲੀਮੀ ਨਾਲ ਗੱਲ ਕਰਨੀ ਚਾਹੀਦੀ ਸੀ।"

    "ਉਸ ਦੀ ਟਿੱਪਣੀ (ਇਹ ਇੰਡੀਆ ਨਹੀਂ ਹੈ) ਅਤਿ ਨਿੰਦਣਯੋਗ ਹੈ। ਐੱਸਜੀਪੀਸੀ ਨੂੰ ਆਪਣੇ ਉਸ ਸਟਾਫ਼ ਨੂੰ ਸਿਖਲਾਈ ਦੇਣੀ ਚਾਹੀਦੀ ਹੈ ਜੋ ਸ਼ਰਧਾਲੂਆਂ ਨੂੰ ਦੇਖਦੇ ਹਨ।"

    ਮਨਜਿੰਦਰ ਸਿੰਘ ਸਿਰਸਾ ਦਾ ਟਵੀਟ

    ਤਸਵੀਰ ਸਰੋਤ, Twitter

  4. ਹਰ ਸ਼ਰਧਾਲੂ ਸਾਡੇ ਵਾਸਤੇ ਸਤਿਕਾਰ ਦਾ ਪਾਤਰ ਹੈ- ਰਜਿੰਦਰ ਸਿੰਘ ਮਹਿਤਾ

    ਰਜਿੰਦਰ ਸਿੰਘ ਮਹਿਤਾ

    ਤਸਵੀਰ ਸਰੋਤ, SGPC/FB

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਦਰਬਾਰ ਸਾਹਿਬ ਨਾਲ ਸਬੰਧਤ ਵਾਇਰਲ ਹੋ ਰਹੀ ਵੀਡੀਓ ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਵੀਡੀਓ ਵਿਚ ਲੜਕੀ ਦਾ ਵਤੀਰਾ ਗੁਰੂ ਘਰ ਪ੍ਰਤੀ ਸ਼ਰਧਾ ਵਾਲਾ ਨਹੀਂ ਸੀ।

    ਉਨ੍ਹਾ ਕਿਹਾ, "ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਜੋ ਮੂੰਹ ਤੇ ਤਿਰੰਗੇ ਦਾ ਨਿਸ਼ਾਨ ਬਣਾ ਕੇ ਇੱਕ ਆਦਮੀ ਦੇ ਨਾਲ ਘੰਟਾ-ਘਰ ਡਿਉਡੀ ਵਾਲੀ ਸਾਈਡ ਤੋਂ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਲੱਗੀ ਨੂੰ ਡਿਊਟੀ ਤੇ ਹਾਜ਼ਰ ਸੇਵਾਦਾਰ ਨੇ ਮੂੰਹ 'ਤੇ ਤਿਰੰਗੇ ਦੇ ਬਣਾਏ ਨਿਸ਼ਾਨ ਦਾ ਨੋਟਿਸ ਲੈਂਦਿਆਂ ਅੰਦਰ ਜਾਣ ਤੇ ਇਤਰਾਜ਼ ਕੀਤਾ।"

    "ਇਹ ਲੜਕੀ ਸਬੰਧਤ ਸੇਵਾਦਾਰ ਨਾਲ ਗ਼ਲਤ ਭਾਸ਼ਾ ਨਾਲ ਪੇਸ਼ ਆਈ ਜਿਸ ਦੀ ਸ਼ਬਦਾਵਲੀ ਮੀਡੀਏ 'ਤੇ ਸਪੱਸ਼ਟ ਸੁਣਾਈ ਦੇ ਰਹੀ ਹੈ।"

    ਉਨ੍ਹਾ ਕਿਹਾ ਕਿ ਜਿੰਨਾਂ ਮੁੱਦਾ ਮੀਡੀਏ ਰਾਹੀਂ ਵਾਇਰਲ ਹੋ ਰਿਹਾ ਹੈ ਉਸ ਵਿੱਚ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਇਹ ਸਬੰਧਤ ਕੁੜੀ ਆਪਣੇ ਸਾਥੀ ਨਾਲ ਕਿਸੇ ਸ਼ਰਾਰਤੀ ਤੇ ਸਾਜਿਸ਼ੀ ਨਜ਼ਰੀਏ ਤੋਂ ਹੀ ਸ੍ਰੀ ਦਰਬਾਰ ਸਾਹਿਬ ਆਈ ਸੀ ਕੇਵਲ ਸ਼ਰਧਾ ਭਾਵਨਾ ਨਾਲ ਨਹੀਂ।"

    ਉਨ੍ਹਾ ਕਿਹਾ ਕਿ ਦੂਸਰੀ ਗੱਲ ਇਹ ਵੀ ਸਪੱਸ਼ਟ ਕਰਨਾ ਬਣਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਆਂਉਂਦੀਆਂ ਹਨ। ਕਿਸੇ ਨਾਲ ਕਿਸੇ ਤਰਾਂ ਦਾ ਕੋਈ ਮੱਤ ਭੇਦ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ।

    " ਦਰਬਾਰ ਸਾਹਿਬ ਦਰਸ਼ਨ ਦੀਦਾਰ ਕਰਨ ਆਇਆ ਹਰ ਸ਼ਰਧਾਲੂ ਸਾਡੇ ਵਾਸਤੇ ਸਤਿਕਾਰ ਦਾ ਪਾਤਰ ਹੈ। ਪਰ ਅਜਿਹੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣਾ ਪ੍ਰਬੰਧ ਦਾ ਹਿੱਸਾ ਹੈ।"

  5. ਬਠਿੰਡਾ ਮਿਲਟਰੀ ਸਟੇਸ਼ਨ : 4 ਫੌਜੀਆਂ ਨੂੰ ਕਤਲ ਕੀਤੇ ਜਾਣ ਪਿੱਛੇ ਪੁਲਿਸ ਦੱਸੀ ਇਹ ਕਹਾਣੀ

    ਵੀਡੀਓ ਕੈਪਸ਼ਨ, ਬਠਿੰਡਾ ਮਿਲਟਰੀ ਸਟੇਸ਼ਨ ਹਮਲਾ: ਪੁਲਿਸ ਨੇ ਦੱਸੀ ਪੂਰੀ ਕਹਾਣੀ

    ਕੀ ਹੈ ਮਾਮਲਾ

    • ਬਠਿੰਡਾ ਦਾ ਮਿਲਿਟਰੀ ਸਟੇਸ਼ਨ ਸਭ ਤੋਂ ਵੱਧ ਫੌਜੀ ਅਸਲੇ ਵਾਲੇ ਡਿਪੂਆਂ ਵਿੱਚੋਂ ਇੱਕ ਹੈ
    • ਇਸ ਮਿਲਿਟਰੀ ਸਟੇਸ਼ਨ ਵਿੱਚ 12 ਅਪ੍ਰੈਲ ਨੂੰ ਹੋਈ ਗੋਲੀਬਾਰੀ 'ਚ 4 ਜਵਾਨਾਂ ਦੀ ਮੌਤ
    • ਇਨ੍ਹਾਂ ਵਿੱਚ ਤੋਪਚੀ ਸਾਗਰ ਬੰਨੇ, ਤੋਪਚੀ ਕਮਲੇਸ਼ ਆਰ, ਤੋਪਚੀ ਯੋਗੇਸ਼ ਕੁਮਾਰ ਜੇ ਅਤੇ ਤੋਪਚੀ ਸੰਤੋਸ਼ ਐੱਮ ਨਾਗਰਲ ਸ਼ਾਮਿਲ ਹਨ।
    • ਵਾਰਦਾਤ ਤੋਂ ਦੋ ਦਿਨ ਪਹਿਲਾਂ ਇੱਥੋਂ ਇੱਕ ਰਾਈਫਲ ਗਾਇਬ ਹੋਈ ਸੀ
    • ਪੁਲਿਸ ਮੁਤਾਬਕ ਇਸ ਦਾ ਇਸਤੇਮਾਲ ਇਸ ਹਮਲੇ ਨੂੰ ਅੰਜ਼ਾਮ ਦੇਣ ਲਈ ਕੀਤਾ ਗਿਆ
    • ਫੌਜ ਨੇ ਦੁਹਰਾਇਆ, ਇਹ ਗੋਲੀਬਾਰੀ ਦਾ ਅੱਤਵਾਦੀ ਹਮਲੇ ਨਾਲ ਕੋਈ ਸਬੰਧ ਨਹੀਂ
  6. ਸ਼੍ਰੋਮਣੀ ਕਮੇਟੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਲਾਕਾਤ ਲਈ ਲੈ ਕੇ ਜਾਵੇਗੀ ਅਸਾਮ

    ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਾਰਕੁਨਾਂ ਦੇ ਪਰਿਵਾਰਕ ਮੈਂਬਰ ਹੁਣ ਉਨ੍ਹਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ।

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਵਿਅਕਤੀਆਂ ਦੀ ਕਾਨੂੰਨੀ ਪੈਰਵੀਂ ਲਈ ਨਿਯੁਕਤ ਕਾਨੂੰਨੀ ਟੀਮ ਦੇ ਮੁਖੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਇਹ ਜਾਣਕਾਰੀ ਇੱਕ ਵੀਡੀਓ ਸੰਦੇਸ਼ ਰਾਹੀ ਸਾਂਝੀ ਕੀਤੀ ਹੈ।

    ਵੀਡੀਓ ਵਿੱਚ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ 10 ਅਪ੍ਰੈਲ ਨੂੰ ਡਿਬਰੂਗੜ੍ਹ ਵਿੱਚ ਉਨ੍ਹਾਂ ਨੇ ਆਪਣੇ ਦੂਜੇ ਵਕੀਲ ਸਾਥੀਆਂ ਨਾਲ ਜਾ ਕੇ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ ਸੀ।

    12 ਅਪ੍ਰੈਲ ਨੂੰ ਉਨ੍ਹਾਂ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਸੀ, ਜਿਸ ਨਾਲ ਹਰੇਕ ਹਵਾਲਾਤੀ ਦੇ 5 ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲ ਸਕਦੇ ਹਨ।

    ਪਰ ਐਕਟ ਮੁਤਾਬਕ ਸਿਰਫ਼ ਵੀਰਵਾਰ ਨੂੰ ਹੀ ਇਹ ਮੁਲਾਕਾਤ ਹੋ ਸਕਦੀ ਹੈ। ਇਸ ਲਈ ਇਨ੍ਹਾਂ ਸਾਰਿਆਂ ਨੂੰ ਬੱਸ ਰਾਹੀ ਉੱਥੇ ਲਿਜਾਇਆ ਜਾਵੇਗਾ ਅਤੇ ਮੁਲਾਕਾਤ ਦੇ ਦਿਨ ਦੇ ਹਿਸਾਬ ਨਾਲ ਹੀ ਇੱਥੋਂ ਚੱਲਿਆ ਜਾਵੇਗਾ।

    ਭਗਵੰਤ ਸਿੰਘ ਸਿਆਲਕਾ

    ਤਸਵੀਰ ਸਰੋਤ, SGPC

  7. ਗੁਜਰਾਤ 'ਚ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਇਟਾਲੀਆ ਗ੍ਰਿਫ਼ਤਾਰ, ਬਾਅਦ 'ਚ ਜ਼ਮਾਨਤ ਵੀ ਮਿਲੀ

    ਆਮ ਆਦਮੀ ਪਾਰਟੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਗੁਜਰਾਤ ਤੋਂ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਇਟਾਲੀਆ

    ਗੁਜਰਾਤ 'ਚ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਇਟਾਲੀਆ ਨੂੰ ਸੋਮਵਾਰ ਸੂਰਤ ਕ੍ਰਾਈਮ ਬ੍ਰਾਂਚ ਨੇ ਹਿਰਾਸਤ 'ਚ ਲਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ।

    ਪਿਛਲੇ ਸਾਲ ਸਤੰਬਰ ਵਿੱਚ ਇਟਾਲੀਆ ਨੇ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਬਾਰੇ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।

    ਜਿਸ ਤੋਂ ਬਾਅਦ ਭਾਜਪਾ ਦੇ ਇੱਕ ਵਰਕਰ ਨੇ ਉਨ੍ਹਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਸੀ।

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਕਿਹਾ, "ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਭਾਜਪਾ ਇੰਨੀ ਹਿੱਲ ਗਈ ਹੈ ਕਿ ਉਸਨੇ ਹੁਣ ਸਾਡੇ ਗੁਜਰਾਤ ਆਗੂ ਗੋਪਾਲ ਇਟਾਲੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ।"

    ਹੁਣ ਭਾਜਪਾ ਦਾ ਇੱਕ ਹੀ ਟੀਚਾ ਹੈ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਵੀ ਖ਼ਤਮ ਕੀਤਾ ਜਾਵੇ। ਇਹ ਲੋਕ ਇੱਕ-ਇੱਕ ਕਰਕੇ ਸਾਰਿਆਂ ਨੂੰ ਜੇਲ੍ਹ ਵਿੱਚ ਡੱਕ ਦੇਣਗੇ।

    ਗੋਪਾਲ ਇਟਾਲੀਆ ਨੂੰ ਉਸ ਸਮੇਂ ਹਿਰਾਸਤ 'ਚ ਲਿਆ ਗਿਆ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਕ ਦਿਨ ਪਹਿਲਾਂ ਹੀ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਸੀਬੀਆਈ ਨੇ ਪੁੱਛਗਿੱਛ ਕੀਤੀ ਸੀ।

    ਜਦੋਂ ਕਿ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ।

  8. ਦਰਬਾਰ ਸਾਹਿਬ ਵਿੱਚ ਕੁੜੀ ਨੂੰ ਰੋਕਣ ਦੇ ਮਾਮਲੇ ਵਿੱਚ ਐੱਸਜੀਪੀਸੀ ਦਾ ਸਪੱਸ਼ਟੀਕਰਨ

    ਵੀਡੀਓ ਕੈਪਸ਼ਨ, ਦਰਬਾਰ ਸਾਹਿਬ ਵਿੱਚ ਕੁੜੀ ਨੂੰ ਰੋਕਣ ਦੇ ਮਾਮਲੇ ਵਿੱਚ ਐੱਸਜੀਪੀਸੀ ਦਾ ਸਪੱਸ਼ਟੀਕਰਨ
  9. ਹਰਿਮੰਦਰ ਸਾਹਿਬ ਵਿੱਚ ਕੁੜੀ ਦੇ ਪ੍ਰਵੇਸ਼ ਨੂੰ ਰੋਕੇ ਜਾਣ ਦਾ ਕੀ ਹੈ ਮਾਮਲਾ, ਐੱਸਜੀਪੀਸੀ ਪ੍ਰਧਾਨ ਨੇ ਕੀ ਕਿਹਾ

    ਹਰਿਮੰਦਰ ਸਾਹਿਬ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਕੁੜੀ ਤੇ ਇੱਕ ਵਿਅਕਤੀ ਨਾਲ ਇੱਕ ਸੇਵਾਦਾਰ ਬਹਿਸ ਰਿਹਾ ਹੈ ਤੇ ਦਰਬਾਰ ਸਾਹਿਬ ਵਿੱਚ ਉਸ ਨੂੰ ਅੰਦਰ ਜਾਣ ਤੋਂ ਰੋਕ ਰਿਹਾ ਹੈ।

    "ਵੀਡੀਓ ਵਿੱਚ ਸੁਣਾਈ ਦਿੰਦਾ ਹੈ ਕਿ ਸੇਵਾਦਾਰ ਕਹਿੰਦਾ ਹੈ ਕਿ ਇਹ ਇੰਡੀਆ ਨਹੀਂ, ਪੰਜਾਬ ਹੈ।"

    ਹਾਲਾਂਕਿ ਇਹ ਵੀਡੀਓ ਕਦੋਂ ਦਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਘਟਨਾ ਉੱਤੇ ਦੁੱਖ ਜਾਹਰ ਕੀਤਾ ਹੈ।

    ਸੋਸ਼ਲ ਮੀਡੀਆ ਉੱਤੇ ਜਿਸ ਯੂਜ਼ਰ ਨੇ ਇਹ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੱਥਾ ਟੇਕਣ ਜਾ ਰਹੀ ਕੁੜੀ ਨੂੰ ਸੇਵਾਦਾਰ ਨੇ ਇਸ ਲਈ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਉਸ ਦੇ ਮੂੰਹ ਉੱਤੇ ਪੇਂਟਿੰਗ ਨਾਲ ਤਿਰੰਗਾ ਬਣਾਇਆ ਗਿਆ ਸੀ।

    ਹਰਜਿੰਦਰ ਸਿੰਘ ਧਾਮੀ

    ਤਸਵੀਰ ਸਰੋਤ, Getty Images

    ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਤੀਕਿਰਿਆ ਦਿੱਤੀ ਹੈ।

    ਜਿਸ ਵਿੱਚ ਉਨ੍ਹਾਂ ਨੇ ਕਿਹਾ, "ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ ਇਕ ਸ਼ਰਧਾਲੂ ਨੂੰ ਪਹਿਰੇਦਾਰ ਵੱਲੋਂ ਰੋਕ ਕੇ ਮਰਿਯਾਦਾ ਦਾ ਪਾਲਣ ਕਰਨ ਲਈ ਆਖਣ ’ਤੇ ਦੋਹਾਂ ਵਿਚਕਾਰ ਹੋਈ ਗੱਲਬਾਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਦੀ ਕਰੜੀ ਨਿੰਦਾ ਕੀਤੀ ਹੈ।"

    ਉਨ੍ਹਾਂ ਨੇ ਅੱਗੇ ਕਿਹਾ ਕਿ ਇਕ ਸ਼ਰਧਾਲੂ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਕ ਪਹਿਰੇਦਾਰ ਵਿਚਕਾਰ ਹੋਈ ਗੱਲਬਾਤ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।

    ਐਡਵੋਕੇਟ ਧਾਮੀ ਅੱਗੇ ਆਖਦੇ ਹਨ, "ਮਹਿਜ ਇਕ ਘਟਨਾ ਨੂੰ ਲੈ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਅਤੇ ਸੰਸਥਾ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮਨਘੜ੍ਹਤ ਅਤੇ ਬੇਬੁਨਿਆਦ ਟਿੱਪਣੀਆਂ ਕਰਨੀਆਂ ਠੀਕ ਨਹੀਂ ਹਨ।"

    "ਹਰਿਮੰਦਰ ਸਾਹਿਬ ਹਰ ਧਰਮ ਦੇ ਲੋਕਾਂ ਦਾ ਸਰਬਸਾਂਝਾ ਅਸਥਾਨ ਹੈ ਅਤੇ ਇਥੇ ਪੁੱਜਣ ਵਾਲੇ ਸ਼ਰਧਾਲੂਆਂ ਦਾ ਸਤਿਕਾਰ ਕੀਤਾ ਜਾਂਦਾ ਹੈ।"

    ਉਨ੍ਹਾਂ ਕਿਹਾ, "ਕਿਸੇ ਵੀ ਘਟਨਾ ’ਤੇ ਗ਼ਲਤ ਪ੍ਰਾਪੇਗੰਡਾ ਕਰਨਾ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਕਾਰਵਾਈ ਹੈ, ਜਿਸ ਤੋਂ ਬਚਣਾ ਚਾਹੀਦਾ ਹੈ।"

    ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਆਰੰਭ ਦਿੱਤੀ ਹੈ।

    ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਗੇ ਗੁਰੂ ਘਰਾਂ ਅੰਦਰ ਪੁੱਜਣ ਸਮੇਂ ਮਰਯਾਦਾ ਦਾ ਖਿਆਲ ਰੱਖਿਆ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

  10. ਨਸ਼ਾ ਤਸਕਰੀ ਮਾਮਲੇ ਵਿੱਚ ਪੀਪੀਐੱਸ ਅਧਿਕਾਰੀ ਬਰਖ਼ਾਸਤ

    ਨਸ਼ਾ ਤਸਕਰੀ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੀਪੀਐੱਸ ਅਧਿਕਾਰੀ ਨੂੰ ਬਰਖ਼ਾਸਤ ਕਰ ਦਿੱਤਾ ਹੈ।

    ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਰਾਹੀ ਦਿੱਤੀ ਹੈ।

    ਟਵੀਟ ਵਿੱਚ ਉਨ੍ਹਾਂ ਅਗਲੇਰੇ ਵੇਰਵੇ ਜਲਦੀ ਸਾਂਝੇ ਕਰਨ ਦੀ ਵੀ ਗੱਲ ਲਿਖੀ ਹੈ।

    ਉਨ੍ਹਾਂ ਨੇ ਲਿਖਿਆ, "ਨਸ਼ਾ ਤਸਕਰੀ ਵਿੱਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ ਪੀਪੀਐੱਸ ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰ ਕੇ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ। ਵਿਜੀਲੈਂਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਜਾਇਦਾਦ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। ਵੇਰਵੇ ਜਲਦੀ।"

    ਹਾਈ ਕੋਰਟ ਵਿੱਤ ਕੇਸ ਦੀ ਪੈਰਵੀ ਕਰਨ ਵਾਲੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਅਦਾਲਤ ਵਿੱਚ ਜੋ ਤਿੰਨ ਰਿਪੋਰਟਾਂ ਖੋਲੀਆਂ ਗਈਆਂ ਸਨ, ਉਨ੍ਹਾਂ ਤੋਂ ਬਾਅਦ ਇਹ ਕਾਰਵਾਈ ਹੋਈ ਹੈ।

    ਪਰ ਚੌਥੀ ਰਿਪੋਰਟ ਅਜੇ ਅਦਾਲਤ ਵਿੱਚ ਹੀ ਹੈ, ਜਿਸ ਵਿੱਚ ਸਰਗਨਾਵਾਂ ਦੇ ਨਾਂ ਹੋ ਸਕਦੇ ਹਨ। ਦੇਖਣਾ ਹੋਵੇਗਾ ਕਿ ਆਪ ਸਰਕਾਰ ਇੱਥੋਂ ਤੱਕ ਹੀ ਸੀਮਤ ਰਹਿੰਦੀ ਹੈ ਜਾਂ ਸਰਗਨਾਵਾਂ ਨੂੰ ਵੀ ਹੱਥ ਪਾਉਂਦੀ ਹੈ।

    ਭਗਵੰਤ ਮਾਨ ਦਾ ਟਵੀਟ

    ਤਸਵੀਰ ਸਰੋਤ, Bhagwant Mann/Twitter

  11. ਭਾਜਪਾ ਆਗੂ 'ਤੇ ਜਾਨਲੇਵਾ ਹਮਲਾ, ਮਿਲਣ ਪਹੁੰਚੇ ਕੈਬਨਿਟ ਮੰਤਰੀ

    ਐਤਵਾਰ ਰਾਤ ਪੰਜਾਬ ਭਾਜਪਾ ਦੇ ਐੱਸਸੀ ਵਿੰਗ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਉੱਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ।

    ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਗਿੱਲ ਉੱਤੇ ਉਨ੍ਹਾਂ ਦੇ ਘਰ ਵਿੱਚ ਹੀ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤੇ ਗਿਆ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ।

    ਸੁਣੋ ਉਨ੍ਹਾਂ ਨੇ ਹੋਰ ਕੀ-ਕੀ ਕਿਹਾ।

    ਵੀਡੀਓ ਕੈਪਸ਼ਨ, ਭਾਜਪਾ ਆਗੂ 'ਤੇ ਜਾਨਲੇਵਾ ਹਮਲਾ, ਮਿਲਣ ਪਹੁੰਚੇ ਕੈਬਨਿਟ ਮੰਤਰੀ ਕੀ ਬੋਲੇ ਸੁਣੋ
  12. ਨਵਜੋਤ ਸਿੰਘ ਸਿੱਧੂ ਦੇ ਘਰ ਅਣਪਛਾਤੇ ਵਿਅਕਤੀ ਮਾਮਲੇ 'ਚ ਐਫਆਈਆਰ ਦਰਜ

    ਡੀਐਸਪੀ ਪਟਿਆਲਾ ਸਿਟੀ, ਸੰਦੀਪ ਸਿੰਗਲਾ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਡੀਐਸਪੀ ਪਟਿਆਲਾ ਸਿਟੀ, ਸੰਦੀਪ ਸਿੰਗਲਾ

    ਨਵਜੋਤ ਸਿੰਘ ਸਿੱਧੂ ਦੇ ਘਰ ਦੀ ਛੱਤ 'ਤੇ ਇੱਕ ਅਣਪਛਾਤੇ ਵਿਅਕਤੀ ਦਿਖਾਈ ਦੇਣ ਦੇ ਮਾਮਲੇ 'ਚ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ।

    ਡੀਐਸਪੀ ਪਟਿਆਲਾ ਸਿਟੀ, ਸੰਦੀਪ ਸਿੰਗਲਾ ਨੇ ਦੱਸਿਆ, ''ਕੱਲ੍ਹ ਉਨ੍ਹਾਂ ਦੇ ਕੁਕ ਵੱਲੋਂ ਸਾਡੇ ਕੋਲ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਉਸ ਨੇ ਉੱਪਰ ਇੱਕ ਅਣਪਛਾਤੇ ਵਿਅਕਤੀ ਦੇਖਿਆ, ਜਿਸ ਨੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ।''

    ''ਉਸ ਮੁਤਾਬਕ ਉਹ ਚੋਰੀ ਦੇ ਇਰਾਦੇ ਨਾਲ ਆਇਆ ਸੀ।''

    ਡੀਐਸਪੀ ਨੇ ਕਿਹਾ, ਨੇੜੇ ਤੇੜੇ ਦੇ ਸੀਸੀਟੀਵੀ ਫੁਟੇਜ ਚੈਕ ਕੀਤੇ ਜਾ ਰਹੇ ਹਨ। ਅਜੇ ਤੱਕ ਕੋਈ ਤੱਥ ਹੱਥ ਨਹੀਂ ਆਇਆ ਹੈ।

    ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਕ ਦੇ ਬਿਆਨ ਦੇ ਅਧਾਰ 'ਤੇ ਐਫਆਈਆਰ ਦਰਜ ਕਰ ਲਈ ਗਈ ਹੈ।

    ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਣ ਸਿੱਧੂ ਨੇ ਆਪਣੇ ਪਿਤਾ ਦੀ ਸਿਕਿਓਰਿਟੀ ਮਾਮਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ, ''ਇਹ ਪੁਲਿਸ ਦਾ ਮਾਮਲਾ ਹੈ, ਉਨ੍ਹਾਂ ਨੇ ਰੀਵਿਊ ਕਰਕੇ ਸੁਰੱਖਿਆ ਘਟਾਈ ਸੀ। ਮੇਰੇ ਹਿਸਾਬ ਨਾਲ ਵਾਪਸ ਮਿਲਣੀ ਚਾਹੀਦੀ ਹੈ।''

    ਨਵਜੋਤ ਸਿੰਘ ਸਿੱਧੂ ਦਾ ਘਰ

    ਤਸਵੀਰ ਸਰੋਤ, ANI

    ਕਰਣ ਸਿੱਧੂ

    ਤਸਵੀਰ ਸਰੋਤ, ANI

  13. ਅਰਵਿੰਦ ਕੇਜਰੀਵਾਲ ਖ਼ਿਲਾਫ਼ ਭਾਜਪਾ ਵਰਕਰਾਂ ਦਾ ਪ੍ਰਦਰਸ਼ਨ

    ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ

    ਤਸਵੀਰ ਸਰੋਤ, ANI

    ਦਿੱਲੀ ਵਿੱਚ ਆਬਕਾਰੀ ਨੀਤੀ ਮਾਮਲੇ 'ਚ ਭਾਜਪਾ ਵਰਕਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

    ਪ੍ਰਦਰਸ਼ਨ ਕਰ ਰਹੇ ਭਾਜਪਾਈ ਵਰਕਰਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰਵਾਲ ਨੂੰ ਇਸ ਮਾਮਲੇ ਵਿੱਚ ਸਜ਼ਾ ਮਿਲਣੀ ਚਾਹੀਦੀ ਹੈ।

    ਇਸ ਤੋਂ ਪਹਿਲਾਂ, ਲੰਘੇ ਦਿਨੀਂ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਤੋਂ ਆਬਕਾਰੀ ਨੀਤੀ 'ਚ ਕਥਿਤ ਘੁਟਾਲੇ ਮਾਮਲੇ 'ਚ 9 ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ।

    ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ

    ਤਸਵੀਰ ਸਰੋਤ, ANI

  14. ਸੂਡਾਨ: ਫੌਜ ਅਤੇ ਅਰਧ ਸੈਨਿਕ ਬਲਾਂ ਵਿਚਕਾਰ ਵਧਿਆ ਤਣਾਅ - 100 ਤੋਂ ਵੱਧ ਮੌਤਾਂ, ਹਜ਼ਾਰ ਤੋਂ ਵੱਧ ਜ਼ਖ਼ਮੀ

    ਸੂਡਾਨ

    ਤਸਵੀਰ ਸਰੋਤ, Reuters

    ਸੂਡਾਨ ਵਿੱਚ ਫੌਜੀ ਸਮੂਹਾਂ ਵਿਚਕਾਰਲਾ ਸੰਘਰਸ਼ ਅਤੇ ਤਣਾਅ ਹੁਣ ਪੂਰੇ ਦੇਸ਼ ਵਿੱਚ ਫੈਲ ਗਿਆ ਹੈ ਅਤੇ ਕਈ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਹਨ।

    ਖਾਰਤੂਮ ਸ਼ਹਿਰ ਇਸ ਸੰਘਰਸ਼ ਦਾ ਮੁੱਖ ਕੇਂਦਰ ਹੈ ਅਤੇ ਇੱਥੋਂ ਦੀਆਂ ਸੜਕਾਂ ਹੁਣ ਸੁੰਨੀਆਂ ਪਈਆਂ ਹਨ।

    ਐਤਵਾਰ ਨੂੰ ਦੋਵੇਂ ਧੜਿਆਂ (ਰੈਪਿਡ ਸਪੋਰਟ ਫੋਰਸ (ਆਰਐੱਸਐੱਫ) ਅਤੇ ਫੌਜ) ਨੇ ਇੱਥੋਂ ਦੀਆਂ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਸੀ।

    ਇਸ ਸੰਘਰਸ਼ 'ਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1000 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ।

    ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੱਗੇ ਜਾ ਕੇ ਇਸ ਸੰਘਰਸ਼ 'ਚ ਫੌਜ ਨੂੰ ਲੀਡ ਮਿਲ ਸਕਦੀ ਹੈ।

    ਹਾਲਾਂਕਿ, ਐਤਵਾਰ ਨੂੰ ਆਰਐਸਐਫ ਨੇ ਰਾਜਧਾਨੀ ਖਾਰਤੂਮ ਅਤੇ ਇਸ ਦੇ ਨਾਲ ਲੱਗਦੇ ਸ਼ਹਿਰ ਓਮਦੁਰਮੈਨ ਦੇ ਨਾਲ-ਨਾਲ ਪੱਛਮ ਵਿੱਚ ਦਾਰਫੁਰ ਅਤੇ ਮਿਰੋਏ ਹਵਾਈ ਅੱਡੇ 'ਤੇ ਕਬਜ਼ੇ ਦਾ ਦਾਅਵਾ ਕੀਤਾ।

    ਰੈਪਿਡ ਸਪੋਰਟ ਫੋਰਸ (ਆਰਐੱਸਐੱਫ) ਅਤੇ ਫੌਜ ਵਿਚਕਾਰ ਇਹ ਸੰਘਰਸ਼ ਪਿਛਲੇ ਕੁਝ ਸਾਲਾਂ ਤੋਂ ਜਾਰੀ ਹੈ

    ਸੂਡਾਨ
  15. ਪੁਲਿਸ ਨੇ ਬਠਿੰਡਾ ਮਿਲਟਰੀ ਸਟੇਸ਼ਨ ’ਚ ਗੋਲੀਬਾਰੀ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ, ਇੱਕ ਗ੍ਰਿਫ਼ਤਾਰ

    ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ
    ਤਸਵੀਰ ਕੈਪਸ਼ਨ, ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਤੇ ਫੌਜੀ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਦੇ ਹੋਏ

    ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ ਵਿੱਚ ਪੁਲਿਸ ਨੇ ਇੱਕ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ।

    ਪੁਲਿਸ ਮੁਤਾਬਕ ਮੁਲਜ਼ਮ ਗੰਨਰ ਦੇਸਾਈ ਮੋਹਨ ਨੂੰ ਗ੍ਰਿਫ਼ਤਾਰ ਕੀਤਾ ਹੈ।

    ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਹ ਵਾਰਦਾਤ ਨੂੰ ਅੰਜਾਮ ਨਿੱਜੀ ਰੰਜਿਸ਼ ਕਰਕੇ ਦਿੱਤਾ ਗਿਆ ਹੈ।

    ਗੁਲਨੀਤ ਸਿੰਘ ਨੇ ਦੱਸਿਆ, “ਕੁਝ ਦਿਨਾਂ ਪਹਿਲਾਂ ਹੀ ਦੇਸਾਈ ਮੋਹਨ ਨੇ ਬੈਰਕ ਨੇੜੇ ਇੱਕ ਸੰਤਰੀ ਤੋਂ ਐੱਲ.ਐੱਮ.ਜੀ ਰਾਇਫਲ ਦੇ 8 ਕਾਰਤੂਸ ਚੋਰੀ ਕੀਤੇ ਸੀ। ਉਸ ਦੇ ਅਗਲੇ ਹੀ ਦਿਨ ਇੱਕ ਇੰਨਸਾਸ ਰਾਇਫਲ, ਇੱਕ ਖਾਲੀ ਮੈਗ਼ਜ਼ੀਨ ਅਤੇ ਇੱਕ 20 ਕਾਰਤੂਸ ਦੀ ਮੈਗਜ਼ੀਨ ਚੋਰੀ ਕੀਤੀ ਸੀ। ਇਸੇ ਰਾਇਫਲ ਤੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।”

  16. ਅਸੀਂ ਆਪਣੇ ਲੋਕਾਂ ਦਾ ਧਿਆਨ ਨਹੀਂ ਰੱਖਦੇ ਇਸ ਲਈ ਮਿਸ਼ਨਰੀ ਫਾਇਦਾ ਚੁੱਕਦੀ ਹੈ: ਮੋਹਨ ਭਾਗਵਤ

    ਮੋਹਨ ਭਾਗਵਤ

    ਤਸਵੀਰ ਸਰੋਤ, ANI

    ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਮਿਸ਼ਨਰੀ ਉਸ ਸਥਿਤੀ ਦਾ ਫਾਇਦਾ ਚੁੱਕਦੀ ਹੈ ਜਿੱਥੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਸਮਾਜ ਉਨ੍ਹਾਂ ਦੇ ਨਾਲ ਨਹੀਂ ਖੜ੍ਹਾ ਹੈ।

    ਖ਼ਬਰ ਏਜੰਸੀ ਪੀਟੀਆਈ ਅਨੁਸਾਰ, ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਧਰਮ ਪਰਿਵਰਤਨ ਵੱਲ ਇਸ਼ਾਰਾ ਕੀਤਾ ਅਤੇ ਕਿਹਾ, "ਅਸੀਂ ਆਪਣੇ ਲੋਕਾਂ ਨੂੰ ਨਹੀਂ ਦੇਖਦੇ ਹਾਂ।"

    ''ਅਸੀਂ ਨਾ ਤਾਂ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ ਅਤੇ ਨਾ ਹੀ ਉਨ੍ਹਾਂ ਬਾਰੇ ਪੁੱਛਦੇ ਹਾਂ। ਪਰ ਕੁਝ ਮਿਸ਼ਨਰੀਆਂ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਆਉਂਦੇ ਹਨ। ਉਨ੍ਹਾਂ ਨਾਲ ਰਹਿੰਦੀਆਂ ਹਨ। ਉਨ੍ਹਾਂ ਨਾਲ ਖਾਣਾ ਖਾਂਦੀਆਂ ਹਨ ਅਤੇ ਉਨ੍ਹਾਂ ਦੀ ਭਾਸ਼ਾ ਬੋਲਦੀਆਂ ਹਨ। ਫਿਰ ਉਹ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਦਿੰਦੀਆਂ ਹਨ।''

    ਉਨ੍ਹਾਂ ਕਿਹਾ, ''ਪਿਛਲੇ 100 ਸਾਲਾਂ ਤੋਂ ਲੋਕ ਇੱਥੇ ਸਭ ਕੁਝ ਬਦਲਣ ਲਈ ਆ ਰਹੇ ਹਨ। ਇੱਥੇ ਉਹ ਸਦੀਆਂ ਤੋਂ ਕੰਮ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲ ਰਿਹਾ ਕਿਉਂਕਿ ਸਾਡੀਆਂ ਜੜ੍ਹਾਂ ਬਹੁਤ ਮਜ਼ਬੂਤ ​​ਹਨ।ਇਹ ਸਾਡੇ ਉੱਤੇ ਸਾਡੇ ਪੁਰਖਿਆਂ ਦੀ ਕਿਰਪਾ ਹੈ।''

    ਭਾਗਵਤ ਨੇ ਕਿਹਾ, ''ਸਾਡੇ ਲੋਕਾਂ ਨੂੰ ਜੜੋਂ ਉਖਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸਮਾਜ ਨੂੰ ਇਸ ਧੋਖੇ ਨੂੰ ਸਮਝਣਾ ਪਵੇਗਾ। ਸਾਨੂੰ ਉਨ੍ਹਾਂ ਦੇ ਵਿਸ਼ਵਾਸ ਨੂੰ ਮਜ਼ਬੂਤ ​​ਕਰਨਾ ਹੋਵੇਗਾ।''

  17. ਅਤੀਕ ਕਤਲ ਕਾਂਡ ਦੀ ਜਾਂਚ ਲਈ ਸੁਪਰੀਮ ਕੋਰਟ ਤੋਂ ਸੁਤੰਤਰ ਕਮੇਟੀ ਬਣਾਉਣ ਦੀ ਮੰਗ

    ਅਤੀਕ ਕਤਲ ਕਾਂਡ

    ਤਸਵੀਰ ਸਰੋਤ, ANI

    ਸਾਬਕਾ ਸੰਸਦ ਮੈਂਬਰ ਅਤੇ ਬਾਹੁਬਲੀ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਦੀ ਜਾਂਚ ਲਈ ਸੁਤੰਤਰ ਮਾਹਿਰ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ।

    ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ 'ਚ ਇਕ ਮਾਹਿਰ ਕਮੇਟੀ ਦਾ ਗਠਨ ਕੀਤਾ ਜਾਵੇ।

    ਇਹ ਪਟੀਸ਼ਨ ਐਡਵੋਕੇਟ ਵਿਸ਼ਾਲ ਤਿਵਾਰੀ ਨੇ ਦਾਇਰ ਕੀਤੀ ਹੈ ਅਤੇ ਇਸ 'ਚ ਉਨ੍ਹਾਂ ਨੇ 2017 ਤੋਂ ਲੈ ਕੇ ਹੁਣ ਤੱਕ ਯੂਪੀ ਵਿੱਚ ਹੋਏ 183 ਪੁਲੀਸ ਮੁਕਾਬਲਿਆਂ ਦੀ ਜਾਂਚ ਦੀ ਮੰਗ ਵੀ ਕੀਤੀ ਹੈ।

    ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਲੰਘੇ ਸ਼ਨੀਵਾਰ ਨੂੰ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਅਸ਼ਰਫ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

    ਪੁਲਿਸ ਮੁਤਾਬਕ, ਹਮਲਾਵਰ ਪੱਤਰਕਾਰ ਬਣ ਕੇ ਆਏ ਸਨ ਅਤੇ ਤਿੰਨੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

    ਇਸ ਦੌਰਾਨ ਮੁੱਖ ਮੰਤਰੀ ਆਦਿੱਤਿਆਨਾਥ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਉੱਚ ਪੱਧਰੀ ਬੈਠਕ ਕੀਤੀ ਹੈ।

  18. ਮਹਾਰਾਸ਼ਟਰ 'ਚ ਸਰਕਾਰੀ ਸਮਾਗਮ ਦੌਰਾਨ ਲੂ ਲੱਗਣ ਕਾਰਨ 11 ਦੀ ਮੌਤ

    ਹਸਪਤਾਲ

    ਤਸਵੀਰ ਸਰੋਤ, ANI

    ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਐਤਵਾਰ ਨੂੰ 'ਮਹਾਰਾਸ਼ਟਰ ਭੂਸ਼ਣ' ਪੁਰਸਕਾਰ ਸਮਾਗਮ ਦੌਰਾਨ ਘੱਟੋ-ਘੱਟ 11 ਲੋਕਾਂ ਦੀ ਲੂ ਲੱਗਣ ਕਾਰਨ ਮੌਤ ਹੋ ਗਈ ਹੈ ਅਤੇ ਕੁਝ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

    ਖ਼ਬਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ, ਇਹ ਸਮਾਗਮ ਇੱਕ ਖੁੱਲ੍ਹੇ ਮੈਦਾਨ 'ਚ ਆਯੋਜਿਤ ਕੀਤਾ ਗਿਆ ਸੀ ਅਤੇ ਇਸ 'ਚ ਵੱਡੀ ਸੰਖਿਆ ਵਿੱਚ ਲੋਕ ਸ਼ਾਮਲ ਹੋਏ ਸਨ।

    ਮੁੰਬਈ ਦੇ ਨੇੜਲੇ ਰਾਏਗੜ੍ਹ ਜ਼ਿਲੇ ਦੇ ਖਾਰਘਰ ਖੇਤਰ 'ਚ ਆਯੋਜਿਤ ਇਸ ਸਮਾਰੋਹ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਐੱਮ ਏਕਨਾਥ ਸ਼ਿੰਦੇ, ਡਿਪਟੀ ਸੀਐਮ ਦੇਵੇਂਦਰ ਫੜਨਵੀਸ ਸਣੇ ਹੋਰ ਆਗੂ ਵੀ ਮੌਜੂਦ ਸਨ।

    ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਅਤੇ ਪਨਵੇਲ ਸ਼ਹਿਰ ਦੇ ਹਸਪਤਾਲਾਂ ਵਿਚ ਕੁਝ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ ਅਤੇ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖੀ ਜਾ ਰਹੀ ਹੈ।

    ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਮਾਮਲੇ 'ਚ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਜ਼ੇਰੇ ਇਲਾਜ ਲੋਕਾਂ ਲਈ ਮੁਫਤ ਇਲਾਜ ਦਾ ਐਲਾਨ ਕੀਤਾ ਹੈ।

  19. ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ : ਪੁਲਿਸ ਨੇ ਇੱਕ ਸਿਪਾਹੀ ਨੂੰ ਹਿਰਾਸਤ ਵਿੱਚ ਲਿਆ

    ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ

    ਬਠਿੰਡਾ ਮਿਲਟਰੀ ਸਟੇਸ਼ਨ 'ਚ ਹੋਈ ਗੋਲ਼ੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸਿਪਾਹੀ ਨੂੰ ਹਿਰਾਸਤ ਵਿੱਚ ਲਿਆ ਹੈ।

    ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਮੁਤਾਬਕ ਨੂੰ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਗ੍ਰਿਫ਼ਤਾਰੀ ਬਾਰੇ ਪੁਸ਼ਟੀ ਕੀਤੀ ਹੈ।

    ਦੱਸ ਦੇਈਏ ਕਿ ਲੰਘੀ 12 ਅਪ੍ਰੈਲ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਸਵੇਰੇ ਲਗਭਰ ਸਾਢੇ 4 ਵਜੇ ਗੋਲ਼ੀਬਾਰੀ ਦੀ ਘਟਨਾ ਵਾਪਰੀ ਸੀ। ਇਸ ਵਿੱਚ ਭਾਰਤੀ ਫੌਜ ਦੇ 4 ਜਵਾਨਾਂ ਦੀ ਮੌਤ ਹੋ ਗਈ ਸੀ।

    ਪੁਲਿਸ ਨੇ ਉਸ ਵੇਲੇ ਦੱਸਿਆ ਸੀ ਕਿ ਇਸ ਘਟਨਾ ਦਾ ਅੱਤਵਾਦੀ ਹਮਲੇ ਨਾਲ ਕੋਈ ਸਬੰਧ ਨਹੀਂ ਹੈ।

    ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਹਮਲੇ ਤੋਂ ਦੋ ਦਿਨ ਪਹਿਲਾਂ ਇੱਥੋਂ ਇੱਕ ਰਾਈਫਲ ਗਾਇਬ ਹੋਈ ਸੀ ਜਿਸ ਨੂੰ ਬਰਾਮਦ ਵੀ ਕੀਤਾ ਗਿਆ ਸੀ ਅਤੇ ਹਮਲੇ ਵਿੱਚ ਇਸ ਦੇ ਇਸਤੇਮਾਲ ਬਾਰੇ ਜਾਂਚ ਕੀਤੀ ਜਾ ਰਹੀ ਸੀ।

  20. ਸਵੇਰ ਦੀਆਂ ਅਹਿਮ ਖ਼ਬਰਾਂ...

    • ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸਿਪਾਹੀ ਨੂੰ ਗ੍ਰਿਫ਼ਤਾਰ ਕੀਤਾ ਹੈ।
    • ਮਹਾਰਾਸ਼ਟਰ ਵਿੱਚ ਇੱਕ ਸਰਕਾਰੀ ਸਮਾਗਮ ਵਿੱਚ ਹਿੱਸਾ ਲੈਣ ਆਏ ਲੋਕਾਂ ਵਿੱਚੋਂ 11 ਲੋਕਾਂ ਦੀ ਲੂ ਲੱਗਣ ਕਾਰਨ ਮੌਤ ਹੋ ਗਈ ਹੈ।
    • ਅਤੀਕ ਅਹਿਮ ਦੇ ਕਤਲ ਮਾਮਲੇ ਦੀ ਜਾਂਚ ਲਈ ਇੱਕ ਸੁਤੰਤਰ ਕਮੇਟੀ ਬਣਾਉਣ ਦੀ ਮੰਗ ਨਾਲ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।
    • ਸੀਬੀਆਈ ਨੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 9 ਘੰਟਿਆਂ ਤੱਕ ਪੁੱਛਗਿੱਛ ਕੀਤੀ।
    • ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਆਈਪੀਐੱਲ ਵਿੱਚ ਆਪਣਾ ਪਹਿਲਾ ਮੈਚ ਖੇਡਿਆ, ਇਸ ਬਾਰੇ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਹੋਈ।