ਅਮ੍ਰਿਤਪਾਲ ਸਿੰਘ ਖ਼ਿਲਾਫ਼ ਹੁਣ ਪੰਜਾਬ ਸਰਕਾਰ ਨੇ ਜਾਰੀ ਕੀਤਾ ਕਿਹੜਾ ਨੋਟਿਸ, ਹਾਈਕੋਰਟ ਨੂੰ ਦਿੱਤੀ ਜਾਣਕਾਰੀ

ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਹੁਸ਼ਿਆਰਪੁਰ ਦੇ ਮਰਨਾਈਆਂ ਪਿੰਡ ਦੁਆਲੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਤਲਾਸ਼ੀ ਮੁਹਿੰਮ ਚਲਾਈ

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ

    • ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸ 'ਤੇ ਹਮਲੇ 'ਤੇ ਕਾਰਵਾਈ ਹੋਵੇਗੀ।
    • ਖਾਲਿਸਤਾਨ ਹਮਾਇਤੀ ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਆਪਣਾ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ।
    • ਵੀਡੀਓ ਬਿਆਨ ਵਿੱਚ ਉਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ।
    • ਪੰਜਾਬ ਪੁਲਿਸ ਨੇ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਪਰ ਇਹ ਕਿਹਾ ਹੈ ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਅਮ੍ਰਿਤਪਾਲ ਸਾਡੀ ਹਿਰਾਸਤ ਵਿੱਚ ਨਹੀਂ ਹੈ।
    • ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਜਥੇਦਾਰ ਵਲੋਂ ਦਿੱਤੇ ਗਏ ਅਲਟੀਮੇਟਮ ਨੂੰ ਗ਼ਲਤ ਪ੍ਰਚਾਰਿਆ ਗਿਆ ਜਦਕਿ ਲੋਕਤੰਤਰ ਵਿੱਚ ਅਲਟੀਮੇਟਮ ਦੇਣਾ ਪਹਿਲਾਂ ਵੀ ਦੇਖਿਆ ਗਿਆ ਹੈ।
  2. ਅਮਿਤ ਸ਼ਾਹ ਨੇ ਕਿਹਾ, 'ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸ 'ਤੇ ਹਮਲੇ 'ਤੇ ਹੋਵੇਗੀ ਕਾਰਵਾਈ'

    ਅਮਿਤ ਸ਼ਾਹ

    ਤਸਵੀਰ ਸਰੋਤ, ANI

    ਅਮਿਤ ਸ਼ਾਹ ਨੇ ਕਿਹਾ, "ਭਾਰਤ ਦਾ ਦੂਤਾਵਾਸ ਦੁਨੀਆਂ ਦੇ ਕਿਸੇ ਵਿੱਚ ਹਿੱਸੇ ਵਿੱਚ ਹੋਵੇ, ਉਹ ਭਾਰਤ ਦਾ ਹਿੱਸਾ ਹੈ ਅਤੇ ਉਹ ਇੱਕ ਤਰੀਕੇ ਨਾਲ ਭਾਰਤ 'ਤੇ ਹਮਲਾ ਹੈ। ਅਸੀਂ ਦਿੱਲੀ ਵਿੱਚ ਐੱਫਆਈਆਰ ਵੀ ਦਰਜ ਕਰਵਾਈ ਹੈ। ਜਿਨ੍ਹਾਂ ਲੋਕਾਂ ਨੇ ਇਹ ਕਾਰਵਾਈ ਕੀਤੀ ਹੈ ਉਨ੍ਹਾਂ 'ਤੇ ਅਸੀਂ ਐਕਸ਼ਨ ਸ਼ੁਰੂ ਵੀ ਕਰ ਦਿੱਤਾ ਹੈ।"

    ਕੇਂਦਰੀ ਗ੍ਰਹਿ ਮੰਤਰੀ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਊਜ਼ 18 ਨਾਲ ਕੀਤੀ ਗੱਲਬਾਤ ਵਿੱਚ ਕੀਤਾ।

    ਉਨ੍ਹਾਂ ਨੇ ਅੱਗੇ ਕਿਹਾ, "ਉਨ੍ਹਾਂ ਉੱਤੇ ਯੂਏਪੀਏ ਲਗਾਇਆ ਹੈ। ਉਥੋਂ ਸਾਰੀ ਰਿਕਾਰਡਿੰਗ ਵੀ ਮੰਗਵਾਈ ਗਈ ਹੈ, ਉਸ ਰਿਕਾਰਡਿੰਗ ਦੇ ਆਧਾਰ 'ਤੇ ਪੁਲਿਸ ਐਕਸ਼ਨ ਲਵੇਗੀ।"

  3. ਅਮ੍ਰਿਤਪਾਲ ਸਿੰਘ :18 ਮਾਰਚ ਤੋਂ ਬਾਅਦ ਪਹਿਲੀ ਵਾਰ ਵੀਡੀਓ ਜਾਰੀ ਕਰਕੇ ਸਰਬੱਤ ਖਾਲਸਾ ਸੱਦਣ ਦੀ ਅਪੀਲ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, viral video

    ਖਾਲਿਸਤਾਨ ਹਮਾਇਤੀ ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਆਪਣਾ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ।

    ਅਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਨੇ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਉਸ ਦਿਨ ਤੋਂ ਹੁਣ ਤੱਕ ਅਮ੍ਰਿਤਪਾਲ ਸਿੰਘ ਫਰਾਰ ਹਨ। ਪੁਲਿਸ ਨੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।

    ਬੁੱਧਵਾਰ ਸ਼ਾਮੀ ਅਚਾਨਕ ਵੱਖ-ਵੱਖ ਡਿਜੀਟਲ ਅਤੇ ਸੈਟੇਲਾਈਟ ਚੈਨਲਾਂ ਉੱਤੇ ਇਹ ਵੀਡੀਓ ਦਿਖਣ ਲੱਗਾ।

    ਇਸ ਦੇ ਸਮੇਂ ਅਤੇ ਸਥਾਨ ਬਾਰੇ ਭਾਵੇਂ ਪੰਜਾਬ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਹੈ, ਪਰ ਇੰਨਾ ਜ਼ਰੂਰ ਕਿਹਾ ਹੈ ਕਿ ਇਸ ਨਾਲ ਪੰਜਾਬ ਪੁਲਿਸ ਦਾ ਸਟੈਂਡ ਸਹੀ ਸਾਬਿਤ ਹੋਇਆ ਹੈ ਕਿ ਉਹ ਪੁਲਿਸ ਹਿਰਾਸਤ ਵਿੱਚ ਨਹੀਂ ਹੈ।

    ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦੇ 26 ਮਾਰਚ ਨੂੰ ਕੀਤੇ ਟਵੀਟ ਮੁਤਾਬਕ ਪੁਲਿਸ ਨੇ 353 ਜਣੇ ਹਿਰਾਸਤ ਵਿੱਚ ਲਏ ਸਨ, ਉਨ੍ਹਾਂ ਵਿੱਚੋਂ 197 ਰਿਹਾਅ ਕੀਤੇ ਗਏ ਹਨ।

  4. ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਸਰਕਾਰ ਨੇ ਜਾਰੀ ਕੀਤਾ ਇੱਕ ਹੋਰ ਨੋਟਿਸ

    ਵੀਡੀਓ ਕੈਪਸ਼ਨ, ਅਮ੍ਰਿਤਪਾਲ ਖਿਲਾਫ਼ ਪੰਜਾਬ ਸਰਕਾਰ ਨੇ ਕਿਹੜਾ ਨੋਟਿਸ ਕੱਢਿਆ
  5. ਅਮ੍ਰਿਤਪਾਲ ਸਿੰਘ ਦੇ ਸਰੰਡਰ ਕਰਨ ਬਾਰੇ ਪੁਲਿਸ ਨੇ ਕੀ ਕਿਹਾ

    ਨੌਨਿਹਾਲ ਸਿੰਘ

    ਅਮ੍ਰਿਤਪਾਲ ਸਿੰਘ ਦੇ ਦਰਬਾਰ ਸਾਹਿਬ ਜਾ ਕੇ ਆਤਮ-ਸਮਰਪਣ ਕਰਨ ਦੀਆਂ ਅਟਕਲਾਂ ਦਾ ਪੰਜਾਬ ਪੁਲਿਸ ਨੇ ਜਵਾਬ ਦਿੱਤਾ ਹੈ। ਦਰਬਾਰ ਸਾਹਿਬ ਪਹੁੰਚੇ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਨਹੀਂ ਹੈ।

    ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਦੌਰਾਨ ਨੌਨਿਹਾਲ ਸਿੰਘ ਨੇ ਕਿਹਾ, ਮੈਂ ਤਾਂ ਇੱਥੇ ਸਿਰਫ਼ ਨਤਮਸਤਕ ਹੋਣ ਆਇਆ ਹਾਂ।

    ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵਧਾਏ ਸੁਰੱਖਿਆ ਪ੍ਰਬੰਧਾਂ ਬਾਰੇ ਕਿਹਾ, "ਇਹ ਸੁਰੱਖਿਆ ਪ੍ਰਬੰਧ ਇੱਥੇ ਆਈ ਹੋਈ ਆਮ ਸੰਗਤ ਵਾਸਤੇ ਕੀਤੇ ਗਏ ਹਨ।"

    "ਫਿਰ ਵੀ ਜੇ ਕਿਸੇ ਦੀ ਮਨਸ਼ਾ ਹੈ ਇੱਥੇ ਆ ਕੇ ਸਰੰਡਰ ਕਰਨ ਦੀ ਤਾਂ ਮੈਂ ਭਰੋਸਾ ਦਿੰਦਾ ਹਾਂ ਕਿ ਉਸ ਖ਼ਿਲਾਫ਼ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸ ਨਾਲ ਕਿਸੇ ਵੀ ਤਰੀਕੇ ਤਰ੍ਹਾਂ ਵਿਤਕਰਾ ਜਾਂ ਵਧੀਕੀ ਨਹੀਂ ਕੀਤੀ ਜਾਵੇਗੀ।"

    "ਜੇਕਰ ਕੋਈ ਵੀ ਅਜਿਹੀ ਅਟਕਲ ਹੈ ਤਾਂ ਉਸ ਦੀ ਮੈਂ ਪੁਸ਼ਟੀ ਨਹੀਂ ਕਰ ਸਕਦਾ ਪਰ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਲਈ ਪਾਬੰਦ ਹਾਂ।"

  6. ਮੁੱਖ ਮੰਤਰੀ ਦੀ ਭਾਸ਼ਾ ਸਿੱਖ ਪੰਥ ਨੂੰ ਸੱਟ ਮਾਰਨ ਵਾਲੀ -ਦਲਜੀਤ ਸਿੰਘ ਚੀਮਾ

    ਅਕਾਲੀ ਦਲ

    ਤਸਵੀਰ ਸਰੋਤ, Dr. Daljit Cheema/FB

    ਤਸਵੀਰ ਕੈਪਸ਼ਨ, ਡਾ. ਦਲਜੀਤ ਸਿੰਘ ਚੀਮਾ
    • ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਗਈ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ,“ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੋ ਮਦਭਾਗੀਆਂ ਘਟਨਵਾਂ ਵਾਪਰੀਆਂ ਤੇ ਕਈ ਅੰਮ੍ਰਿਤ ਛਕੇ ਹੋਏ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ।
    • “ਇਸੇ ਸਬੰਧ ਵਿੱਚ ਸ਼੍ਰੀ ਅਕਾਲ ਤਖ਼ਤ ਉੱਤੇ ਸਾਰੀਆਂ ਧਾਰਮਿਕ ਸ਼ਖ਼ਸ਼ੀਅਤਾਂ, ਵਿਦਵਾਨਾਂ ਦੀ ਤੇ ਨਿੰਹਗ ਜਥੇਬੰਦੀਆਂ ਦੀ ਇੱਕ ਇਕੱਤਰਤਾ ਹੋਈ ਸੀ।”
    • ਉਸ ਇਕੱਤਰਤਾ ਵਿੱਚ ਹਾਲਾਤ ਮੁਤਾਬਕ ਸੰਜਮ ਤੇ ਸਹਿਣਸ਼ੀਲਤਾ ਨਾਲ ਮਸਲਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
    • ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਇਤਰਾਜ਼ਯੋਗ ਭਾਸ਼ਾ ਵਰਤਕੇ ਸਾਰੇ ਸਿੱਖ ਭਾਈਚਾਰੇ ਦੀਆਂ ਭਾਵਨਾਂਵਾਂ ਨੂੰ ਸੱਟ ਮਾਰੀ ਹੈ ਤੇ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ ਹੈ।
    • ਚੀਮਾ ਨੇ ਕਿਹਾ ਜਥੇਦਾਰ ਵਲੋਂ ਦਿੱਤੇ ਗਏ ਅਲਟੀਮੇਟਮ ਨੂੰ ਗ਼ਲਤ ਪ੍ਰਚਾਰਿਆ ਗਿਆ ਜਦਕਿ ਲੋਕਤੰਤਰ ਵਿੱਚ ਅਲਟੀਮੇਟਮ ਦੇਣਾ ਪਹਿਲਾਂ ਵੀ ਦੇਖਿਆ ਗਿਆ ਹੈ।
  7. ਬਥੇਰੇ ਕਾਲ਼ੇ ਦਿਨ ਦੇਖ ਲਏ, ਭੜਕਾਹਟ ਵਾਲਿਆਂ ਤੋਂ ਬਚ ਕੇ – ਭਗਵੰਤ ਮਾਨ ਦੀ ਨਸੀਹਤ

    Bhagwant Mann

    ਤਸਵੀਰ ਸਰੋਤ, Punjab Govt.

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਪਣਾ ਅਮਨ ਸ਼ਾਂਤੀ ਰੱਖਣੀ ਹੈ, ਭਾਈਚਾਰਾ ਰੱਖਣਾ ਹੈ।

    ਉਹ ਮੁਹਾਲੀ ਵਿੱਚ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਕੁਝ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਵਾਲੇ ਸਮਾਗਮ ਵਿੱਚ ਬੋਲ ਰਹੇ ਸਨ।

    ਮੁੱਖ ਮਤੰਰੀ ਨੇ ਕਿਹਾ, ‘‘ਅਸੀਂ ਭਾਈਚਾਰੇ ਨਾਲ ਰਹਿਣ ਵਾਲੇ ਲੋਕ ਹਾਂ, ਬਥੇਰੇ ਕਾਲੇ ਦਿਨ ਦੇਖ ਲਏ, ਹੁਣ ਪੰਜਾਬ ਲੀਡ ਕਰੇਗਾ। ਭਾਵੇਂ ਕਿ ਇਹ ਪਹਿਲਾਂ ਵੀ ਕਰਦਾ ਰਿਹਾ ਹੈ। ਭਾਵੇਂ ਉਹ ਅਜ਼ਾਦੀ ਦੀ ਜੰਗ ਹੋਵੇ, ਭਾਵੇਂ ਹਰਾ ਇਨਕਲਾਬ।’’

    ਉਨ੍ਹਾਂ ਕਿਹਾ,‘‘ਪੰਜਾਬ ਹਮੇਸ਼ਾ ਨਵੇਂ ਆਡੀਏ ਨੂੰ ਅਪਣਾਉਂਦਾ ਹੈ ਅਤੇ ਅਗਵਾਈ ਦਿੰਦਾ ਹੈ। ਹੁਣ ਆਪਣਾ ਟਾਇਮ ਜਿਹੜਾ ਹੈ, ਉਹ ਤਰੱਕੀਆਂ ਦਾ ਹੈ। ਆਹ ਜਿਹੜੇ ਭੜਕਾਉਣ ਵਾਲੇ ਹਨ, ਉਨ੍ਹਾਂ ਤੋਂ ਬਚ ਕੇ ਜਰਾ।’’

  8. ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਹੈ ਨਹੀਂ, ਪਰ ਬਣਾਇਆ ਜ਼ਰੂਰ ਜਾ ਰਿਹਾ ਹੈ-ਮਨਜੀਤ ਸਿੰਘ ਜੀਕੇ

    ਅਕਾਲ ਤਖ਼ਤ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਨਜੀਤ ਸਿੰਘ ਜੀਕੇ

    ਪ੍ਰਧਾਨ ਜਾਗੋ ਪਾਰਟੀ ਮਨਜੀਤ ਸਿੰਘ ਜੀਕੇ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਟਵੀਟ ਨੂੰ ਹਟਾਏ ਜਾਣ ਦਾ ਵਿਰੋਧ ਕੀਤਾ ਹੈ।

    ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੰਟਰਨੈੱਟ ਕਈ ਦਿਨਾਂ ਤੱਕ ਬੰਦ ਕੀਤਾ ਗਿਆ ਤੇ ਕਈ ਲੋਕਾਂ ਦੇ ਬਗ਼ੈਰ ਕਿਸੇ ਨੋਟਿਸ ਦੇ ਸੋਸ਼ਲ ਮੀਡੀਆ ਅਕਾਉਂਟਸ ਵਿਦਹੈਂਡਲ ਕਰ ਦਿੱਤੇ ਗਏ ਹਨ। ਇਹ ਇਨਸਾਫ਼ ਦੇ ਅਧਿਕਾਰ ਦਾ ਘਾਣ ਹੈ।

    ਉਨ੍ਹਾਂ ਦਾਅਵਾ ਕੀਤਾ ਕਿ ਇਹ ਮਹਿਜ ਕਹਾਣੀ ਘੜੀ ਜਾ ਰਹੀ ਹੈ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਰ ਉਥੇ ਲੋਕ ਸ਼ਾਂਤੀ ਨਾਲ ਹੀ ਰਹਿ ਰਹੇ ਹਨ।

    ਜੀਕੇ ਨੇ ਅਕਾਲ ਤਖ਼ਤ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਜਥੇਦਾਰ ਦੇ ਹੁਕਮਾਂ ਦੀ ਹਰ ਕੋਈ ਪਾਲਣਾ ਕਰਦਾ ਹੈ।

  9. ਪੰਜਾਬ ਸਰਕਾਰ ਵਲੋਂ ਐੱਸਐੱਸਪੀ ਜਲੰਧਰ (ਦਿਹਾਤੀ) ਸਮੇਤ ਕਈ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ

    ਪੰਜਾਬ ਸਰਕਾਰ ਵਲੋਂ 29 ਮਾਰਚ ਨੂੰ ਜਲੰਧਰ ਵਿੱਚ ਤੈਨਾਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਲੰਧਰ ਡੀਸੀਪੀ ਹੈੱਡਕੁਆਟਰਜ਼ ਜਲੰਧਰ, ਵਤਸਲਾ ਗੁਪਤਾ ਨੂੰ ਬਦਲੀ ਕਰਕੇ ਡੀਸੀਪੀ ਹੈੱਡਕੁਆਟਰਜ਼ ਅੰਮ੍ਰਿਤਸਰ ਲਗਾਇਆ ਗਿਆ ਹੈ।

    ਇਸੇ ਤਰ੍ਹਾਂ ਜਲੰਧਰ ਦਿਹਾਤੀ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੂੰ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਲਗਾਇਆ ਗਿਆ ਹੈ।

    ਜਲੰਧਰ ਵਿੱਚ ਹੀ ਤੈਨਾਤ ਐੱਸਪੀ ਦਿਹਾਤੀ ਮਨਜੀਤ ਕੌਰ ਨੂੰ ਐੱਸਪੀ ਪੀਆਈਬੀ ਕਪੂਰਥਲਾ ਲਗਾ ਦਿੱਤਾ ਗਿਆ ਹੈ।

    ਏਡੀਸੀਪੀ ਹੈਡਕੁਆਟਰਜ਼ ਜਲੰਧਰ ਜਗਜੀਤ ਸਿੰਘ ਸਰੋਇਆ ਨੂੰ ਐੱਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਲਗਾਇਆ ਗਿਆ ਹੈ।

  10. ਜਲੰਧਰ ਲੋਕ ਸਭਾ ਹਲਕੇ ਦੇ ਜ਼ਿਮਨੀ ਚੋਣ ਅਮਲ ਦਾ ਐਲਾਨ

    ਚੋਣ ਕਮਿਸ਼ਨ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਰਾਜੀਵ ਕੁਮਾਰ, ਚੋਣ ਕਮਿਸ਼ਨਰ, ਭਾਰਤ

    ਭਾਰਤ ਦੇ ਚੋਣ ਕਮਿਸ਼ਨ ਨੇ ਦੱਖਣੀ ਭਾਰਤ ਦੇ ਵੱਡੇ ਸੂਬੇ ਕਰਨਾਟਕ ਵਿੱਚ ਆਮ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿੱਚ 10 ਮਈ ਨੂੰ ਵੋਟਾਂ ਪੈਣਗੀਆਂ।

    ਕਰਨਾਟਕ ਵਿਧਾਨ ਸਭਾ ਵਿੱਚ ਕੁੱਲ 224 ਸੀਟਾਂ ਹਨ (ਇਸ ਤੋਂ ਵਾਧੂ ਇੱਕ ਸੀਟ ਨਾਮਜ਼ਦ ਹੁੰਦੀ ਹੈ) ਅਤੇ 5.22 ਕਰੋੜ ਵੋਟਰ ਹਨ। ਵੋਟਾਂ ਭੁਗਤਾਉਣ ਲਈ 58 ਹਜ਼ਾਰ ਪੋਲਿੰਗ ਬੂਥ ਬਣਾਏ ਗਏ ਹਨ।

    ਚੋਣ ਕਮਿਸ਼ਨ ਨੇ ਕੁਝ ਸੂਬਿਆਂ ਦੀਆਂ ਕੁਝ ਕਈ ਵਿਧਾਨ ਸਭਾਵਾਂ ਅਤੇ ਲੋਕ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਵੀ ਐਲਾਨ ਕੀਤਾ ਹੈ।

    ਪੰਜਾਬ ਦੀ ਜਲੰਧਰ ਲੋਕ ਸਭਾ ਹਲਕੇ ਵਿੱਚ ਜ਼ਿਮਨੀ ਚੋਣ 10 ਮਈ ਨੂੰ ਹੀ ਹੋਵੇਗੀ ਅਤੇ 13 ਮਈ ਨੂੰ ਬਾਕੀ ਵੋਟਾਂ ਨਾਲ ਹੀ ਨਤੀਜਾ ਨੂੰ ਆਵੇਗਾ।

    ਜਲੰਧਰ ਲੋਕ ਸਭਾ ਹਲਕੇ ਦੀ ਸੀਟ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ਼ ਸਿੰਘ ਦੀ ਮੌਤ ਨਾਲ ਖਾਲੀ ਹੋਈ ਸੀ।

    ਮਰਹੂਮ ਆਗੂ ਦੀ ਮੌਤ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ।

    ਕਾਂਗਰਸ ਦੇ ਨੇ ਚੌਧਰੀ ਸੰਤੋਖ਼ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਜਲੰਧਰ ਦੇ ਜ਼ਿਮਨੀ ਚੋਣ ਮੈਦਾਨ ਵਿਚ ਉਤਾਰਿਆ ਹੈ।

  11. ਪੰਜਾਬੀ ਗਾਇਕ ਬੱਬੂਮਾਨ ਦੇ ਟਵਿੱਟਰ ਅਕਾਊਂਟ ਉੱਤੇ ਵੀ ਲੱਗੀ ਰੋਕ

    ਟਵਿੱਟਰ
    ਤਸਵੀਰ ਕੈਪਸ਼ਨ, ਪੰਜਾਬ ਗਾਇਕ ਬੱਬੂ ਮਾਨ

    ਪੰਜਾਬੀ ਗਾਇਕ ਬੱਬੂਮਾਨ ਦੇ ਟਵਿੱਟਰ ਹੈਂਡਲ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ। ਯਾਨੀ ਵਿਦਹੈੱਡਲ ਕਰ ਦਿੱਤਾ ਗਿਆ ਹੈ।

    ਭਾਵੇਂ ਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਕਿਹੜੇ ਟਵੀਟ ਕਾਰਨ ਟਵਿੱਟਰ ਵਲੋਂ ਇਹ ਕਾਰਵਾਈ ਕੀਤੀ ਗਈ ਹੈ।

    ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਚੱਲ ਰਹੀ ਪੁਲਿਸ ਕਾਰਵਾਈ ਦੌਰਾਨ ਕਈ ਕਲਾਕਾਰਾਂ ਤੇ ਪੱਤਰਕਾਰਾਂ ਦੇ ਟਵਿੱਟਰ ਅਕਾਉਂਟਸ ਉੱਪਰ ਰੋਕ ਲਗਾ ਦਿੱਤੀ ਗਈ ਹੈ।

    ਟਵਿੱਟਰ

    ਤਸਵੀਰ ਸਰੋਤ, @BabbuMaan/Twitter

  12. ਅਮ੍ਰਿਤਪਾਲ ਦੀ ਭਾਲ ਵਿੱਚ ਪੁਲਿਸ ਵਲੋਂ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਤਲਾਸ਼ੀ

    ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਲੱਭ ਰਹੀ ਹੈ।

    ਇਸ ਤਹਿਤ ਦੇਰ ਰਾਤ ਫਗਵਾੜਾ-ਹੁਸ਼ਿਆਰਪੁਰ ਰੋਡ ਉੱਤੇ ਪੈਂਦੇ ਪਿੰਡ ਮਰਨਾਈਆਂ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ। ਪੰਜਾਬ ਪੁਲਿਸ ਨੇ ਪਿੰਡ ਦੇ ਕਈ ਘਰਾਂ ਦੀ ਤਲਾਸ਼ੀ ਵੀ ਲਈ, ਰਾਤ 1 ਵਜੇ ਪੁਲਿਸ ਪਾਰਟੀਆਂ ਪਿੰਡ ਵਿੱਚੋਂ ਵਾਪਸ ਮੁੜ ਗਈਆਂ।

    ਪਿੰਡ ਦੇ ਕੁਝ ਲੋਕਾਂ ਮੁਤਾਬਕ ਇੱਕ ਇਨੋਵਾ ਕਾਰ ਦਾ ਪਿੱਛਾ ਕਰਦੇ ਹੋਏ ਫਾਰਚੂਨਰ ਗੱਡੀ ਆਈ ਅਤੇ ਪਿੱਛੋਂ ਪੁਲਿਸ ਵੀ ਪਹੁੰਚੀ। ਇਨੋਵਾ ਕਾਰ ਵਿੱਚ ਕੁਝ ਕੁਝ ਅਣਪਛਾਤੇ ਸ਼ਖਸ ਦੱਸੇ ਗਏ।

    28 ਮਾਰਚ ਦੀ ਦੇਰ ਸ਼ਾਮ ਤੋਂ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ।

    ਪੰਜਾਬ ਪੁਲਿਸ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਕਰ ਰਹੀ ਹੈ, ਪਰ ਕਾਮਯਾਬੀ ਨਹੀਂ ਮਿਲੀ ਹੈ।

    ਅਮ੍ਰਿਤਪਾਲ ਅਤੇ ਉਸਦੇ ਸਾਥੀਆਂ ਉੱਤੇ ਪੰਜਾਬ ਪੁਲਿਸ ਦੀ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ।

    ਵੀਡੀਓ ਕੈਪਸ਼ਨ, ਅਮ੍ਰਿਤਪਾਲ ਸਿੰਘ ਨੂੰ ਲਭਦੀ ਪੁਲਿਸ ਨੇ ਜਦੋਂ ਪਿੰਡ ਨੂੰ ਘੇਰਾ ਪਾਇਆ

    ਅਮ੍ਰਿਤਪਾਲ ਸਿੰਘ ਦੇ ਕਈ ਸਾਥੀਆਂ ਉੱਤੇ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ ਅਤੇ ਕਈਆਂ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਹਨ।

    23 ਫ਼ਰਵਰੀ ਨੂੰ ਅਜਨਾਲਾ ਪੁਲਿਸ ਸਟੇਸ਼ਨ ਬਾਹਰ ਹਿੰਸਾ ਮਗਰੋਂ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਪੁਲਿਸ ਕਾਰਵਾਈ ਕਰ ਰਹੀ ਹੈ

  13. ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਟਵੀਟ ਹਟਾਇਆ ਗਿਆ

    ਅਕਾਲ ਤਖ਼ਤ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

    ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 27 ਮਾਰਚ ਨੂੰ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਇੱਕ ਇਕੱਕਤਰਤਾ ਕੀਤੀ ਗਈ ਸੀ। ਜਿਸ ਦੇ ਸਬੰਧ ਵਿੱਚ ਉਨ੍ਹਾਂ ਨੇ ਇੱਕ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ।

    ਜਥੇਦਾਰ ਨੇ ਇਸ ਟਵੀਟ ਵਿੱਚ ਪੰਜਾਬ ਸਰਕਾਰ ਨੂੰ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚੋਂ ਛੱਡਣ ਲ਼ਈ 24 ਘੰਟੇ ਦਾ ਸਮਾਂ ਦਿੱਤਾ ਸੀ।

    ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਟਵੀਟ ਨੂੰ ਹੁਣ ਟਵਿੱਟਰ ਵਲੋਂ ਹਟਾ ਦਿੱਤਾ ਗਿਆ ਹੈ ਯਾਨੀ ਵਿਦਹੈਡਲ ਕਰ ਦਿੱਤਾ ਗਿਆ ਹੈ।

    ਇਸ ਟਵੀਟ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਤੇ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਅਮ੍ਰਿਤਪਾਲ ਸਿੰਘ ਦੇ ਉਨ੍ਹਾਂ ਦੇ ਖ਼ਿਲਾਫ਼ ਚੱਲ ਰਹੀ ਪੁਲਿਸ ਕਾਰਵਾਈ ਵਿਰੁੱਧ ਭਵਿੱਖੀ ਵਿਉਂਤਬੰਦੀ ਦੀ ਗੱਲ ਕੀਤੀ ਗਈ ਸੀ।

    ਜ਼ਿਕਰਯੋਗ ਹੈ ਕਿ ਅਮ੍ਰਿਤਪਾਲ ਸਿੰਘ ਖ਼ਿਲਾਫ਼ 18 ਮਾਰਚ ਨੂੰ ਪੁਲਿਸ ਕਾਰਵਾਈ ਸ਼ੁਰੂ ਹੋਣ ਦੇ ਅਗਲੇ ਦਿਨ ਤਿੰਨ ਤੋਂ ਹੀ ਪੰਜਾਬ ਨਾਲ ਸਬੰਧਤ ਬਹੁਤ ਸਾਰੇ ਪੱਤਰਕਾਰਾਂ, ਲੇਖਕਾਂ, ਟਿੱਪਣੀਕਾਰਾਂ, ਸਮਾਜਿਕ ਤੇ ਸਿਆਸੀ ਕਾਰਕੁਨਾਂ ਦੇ ਟਵਿੱਟਰ ਅਕਾਊਂਟਸ ਉੱਤੇ ਭਾਰਤ ਵਿੱਚ ਰੋਕ ਲਗਾਈ ਜਾਣ ਲੱਗੀ ਹੈ।

    ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਊਂਟ ਵੀ ਮੰਗਲਵਾਰ ਨੂੰ ਕੁਝ ਸਮੇਂ ਲਈ ਵਿਦਹੈੱਡਲ ਕਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ ਸੀ।

  14. ਅਮ੍ਰਿਤਪਾਲ ਸਿੰਘ ਮਾਮਲਾ ਅਤੇ ਹੋਰ ਤਾਜ਼ਾ ਅਪਡੇਟ

    ਪੰਜਾਬ ਪੁਲਿਸ
    • ਅਕਾਲ ਤਖ਼ਤ ਜਥੇਦਾਰ ਦਾ ਅਲਟੀਮੇਟਮ ਵਾਲੇ ਟਵੀਟ ਉੱਤੇ ਭਾਰਤ ਵਿੱਚ ਰੋਕ
    • ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਅਮ੍ਰਿਤਪਾਲ ਦੀ ਭਾਲ ਵਿੱਚ ਪੁਲਿਸ ਦੀ ਤਲਾਸ਼ੀ ਮੁਹਿੰਮ
    • ਸਿੱਖ ਜਥੇਬੰਦੀਆਂ ਦੇ ਅਲਟੀਮੇਟਮ ਨੂੰ ਲੈ ਕੇ ਅਕਾਲ ਤਖ਼ਤ ਜਥੇਦਾਰ ਅਤੇ ਮੁੱਖ ਮੰਤਰੀ ਆਹਮੋ-ਸਾਹਮਣੇ
    • ਪੰਜਾਬ ਦੇ ਮੁੱਖ ਮੰਤਰੀ ਅਤੇ ਹਿਮਾਚਲ ਦੇ ਮੁੱਖ ਮੰਤਰੀ ਵਿਚਾਲੇ ਚੰਡੀਗੜ੍ਹ ਵਿੱਚ ਮੁਲਾਕਾਤ
    • ਪਾਣੀ ਦੇ ਸੇਮ ਅਤੇ ਸੈਰ-ਸਪਾਟੇ ਉੱਤੇ ਸਹਿਯੋਗ ਲਈ ਗੱਲਬਾਤ
    • ਅਮ੍ਰਿਤਪਾਲ ਸਿੰਘ ਦੇ ਵਕੀਲ ਦੀ ਪਟੀਸ਼ਨ ਉੱਤੇ ਦੋਵੇਂ ਧਿਰਾਂ ਅੱਜ ਦਾਖਲ ਕਰਨਗੀਆਂ ਹਲਫ਼ੀਆ ਬਿਆਨ
  15. ਤੁਹਾਡਾ ਸਵਾਗਤ ਹੈ!

    ਅਮ੍ਰਿਤਪਾਲ ਸਿੰਘ ਤੇ ਸਾਥੀਆਂ ਖ਼ਿਲਾਫ਼ ਪੁਲਿਸ ਕਾਰਵਾਈ, ਪੰਜਾਬ ਨਾਲ ਜੁੜੇ ਘਟਨਾਕ੍ਰਮ ਅਤੇ ਹੋਰ ਕੌਮੀ ਤੇ ਕੌਮਾਂਤਰੀ ਘਟਨਾਵਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਕੱਲ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।