ਤੁਹਾਡਾ ਧੰਨਵਾਦ!
ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦਬੀਬੀਸੀ ਪੰਜਾਬੀ ਉੱਤੇ ਨਵੀਂਆਂ ਤੇ ਤਾਜ਼ਾ ਖ਼ਬਰਾਂ ਦੇਖਣ ਲ਼ਈ ਇਸਲਿੰਕ ਨੂੰ ਕਲਿੱਕ ਕਰੋ :
ਅਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਕਾਰਵਾਈ ਸਣੇ ਹੋਰ ਅਹਿਮ ਖ਼ਬਰਾਂ
ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦਬੀਬੀਸੀ ਪੰਜਾਬੀ ਉੱਤੇ ਨਵੀਂਆਂ ਤੇ ਤਾਜ਼ਾ ਖ਼ਬਰਾਂ ਦੇਖਣ ਲ਼ਈ ਇਸਲਿੰਕ ਨੂੰ ਕਲਿੱਕ ਕਰੋ :
ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਲੱਭ ਰਹੀ ਹੈ।
ਇਸ ਤਹਿਤ ਦੇਰ ਰਾਤ ਫਗਵਾੜਾ-ਹੁਸ਼ਿਆਰਪੁਰ ਰੋਡ ਉੱਤੇ ਪੈਂਦੇ ਪਿੰਡ ਮਰਨਾਈਆਂ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ। ਪੰਜਾਬ ਪੁਲਿਸ ਨੇ ਪਿੰਡ ਦੇ ਕਈ ਘਰਾਂ ਦੀ ਤਲਾਸ਼ੀ ਵੀ ਲਈ, ਰਾਤ 1 ਵਜੇ ਪੁਲਿਸ ਪਾਰਟੀਆਂ ਪਿੰਡ ਵਿੱਚੋਂ ਵਾਪਸ ਮੁੜ ਗਈਆਂ।
ਪਿੰਡ ਦੇ ਕੁਝ ਲੋਕਾਂ ਮੁਤਾਬਕ ਇੱਕ ਇਨੋਵਾ ਕਾਰ ਦਾ ਪਿੱਛਾ ਕਰਦੇ ਹੋਏ ਫਾਰਚੂਨਰ ਗੱਡੀ ਆਈ ਅਤੇ ਪਿੱਛੋਂ ਪੁਲਿਸ ਵੀ ਪਹੁੰਚੀ। ਇਨੋਵਾ ਕਾਰ ਵਿੱਚ ਕੁਝ ਕੁਝ ਅਣਪਛਾਤੇ ਸ਼ਖਸ ਦੱਸੇ ਗਏ।
28 ਮਾਰਚ ਦੀ ਦੇਰ ਸ਼ਾਮ ਤੋਂ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੇ ਸਰਚ ਅਭਿਆਨ ਚਲਾਇਆ ਹੋਇਆ ਸੀ।
ਪੰਜਾਬ ਪੁਲਿਸ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਕਰ ਰਹੀ ਹੈ, ਪਰ ਕਾਮਯਾਬੀ ਨਹੀਂ ਮਿਲੀ ਹੈ।
ਅਮ੍ਰਿਤਪਾਲ ਅਤੇ ਉਸਦੇ ਸਾਥੀਆਂ ਉੱਤੇ ਪੰਜਾਬ ਪੁਲਿਸ ਦੀ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ।
ਅਮ੍ਰਿਤਪਾਲ ਸਿੰਘ ਦੇ ਕਈ ਸਾਥੀਆਂ ਉੱਤੇ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ ਅਤੇ ਕਈਆਂ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਹਨ।
23 ਫ਼ਰਵਰੀ ਨੂੰ ਅਜਨਾਲਾ ਪੁਲਿਸ ਸਟੇਸ਼ਨ ਬਾਹਰ ਹਿੰਸਾ ਮਗਰੋਂ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਪੁਲਿਸ ਕਾਰਵਾਈਕਰ ਰਹੀ ਹੈ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 'ਬੇਕਸੂਰ' ਨੌਜਵਾਨਾਂ ਦੀ ਰਿਹਾਈ ਲਈ ਅਲਟੀਮੇਟਮ ਵਾਲਾ ਬਿਆਨ 27 ਮਾਰਚ ਨੂੰ ਪੰਥਕ ਵਿਦਵਾਨਾਂ ਨਾਲ ਕੀਤੀ ਬੈਠਕ ਤੋਂ ਬਾਅਦ ਦਿੱਤਾ ਸੀ।
ਜਥੇਦਾਰ ਦੇ ਬਿਆਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ ਤੇ ਅੱਗੋ ਮੁੜ ਜਥੇਦਾਰ ਨੇ ਇੱਕ ਹੋਰ ਬਿਆਨ ਜਾਰੀ ਕਰ ਦਿੱਤਾ। ਇਹ ਵਾਰ-ਪਲਟਵਾਰ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਲੈ ਕੇ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਵਿਚਾਲੇ ਹੋ ਰਹੇ ਹਨ।
ਵੀਡੀਓ- ਪ੍ਰਿਅੰਕਾ ਧੀਮਾਨ ਐਡਿਟ- ਅਸਮਾ ਹਾਫਿਜ਼

ਪੰਜਾਬ ਡਰੱਗ ਮਾਮਲੇ ਵਿੱਚ ਹਾਈ ਕੋਰਟ ਨੇ ਐੱਸਆਈਟੀ ਵੱਲੋਂ ਦਾਖ਼ਲ ਕੀਤੀਆਂ ਗਈਆਂ ਸੀਲ ਬੰਦ ਚਾਰੇ ਰਿਪੋਰਟਾਂ ਖੋਲ੍ਹ ਦਿੱਤੀਆਂ ਹਨ। ਐਡਵੋਕੇਟ ਨਵਕਿਰਨ ਸਿੰਘ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲ ਕਰਦਿਆਂ ਇਸ ਗੱਲ ਦੀ ਤਸਦੀਕ ਕੀਤੀ ਅਤੇ ਕਿਹਾ ਕਿ ਉਸ ਵਿੱਚੋਂ ਤਿੰਨ ਰਿਪੋਰਟਾਂ, ਜਿਨ੍ਹਾਂ 'ਤੇ ਸਿਧਾਰਥ ਚਟੋਪਾਧਿਆਇ ਅਤੇ ਦੋ ਮੈਂਬਰਾਂ ਦੇ ਹਸਤਾਖ਼ਰ ਸੀ ਉਸ 'ਤੇ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ।
ਇਸ ਤੋਂ ਇਲਾਵਾ ਜਿਸ ਰਿਪੋਰਟ 'ਤੇ ਚਟੋਪਾਧਿਆਇ ਦੇ ਹਸਤਾਖ਼ਰ ਹਨ, ਉਹ ਪੈਂਡਿੰਗ ਰੱਖੀ ਹੈ। ਉਸ 'ਤੇ ਚਟੋਪਾਧਿਆਇ ਅਤੇ ਸਾਬਕਾ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਸੂਬੇ ਵਿੱਚ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੇ ਮੁੱਦੇ ਨੂੰ ਲੈ ਕੇ ਵਾਰ-ਪਲਟਵਾਰ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ‘ਬੇਕਸੂਰ’ ਨੌਜਵਾਨਾਂ ਦੀ ਰਿਹਾਈ ਲਈ ਦਿੱਤੇ 24 ਘੰਟੇ ਦੇ ਅਲਟੀਮੇਟਮ ਉਪਰ ਆਪਣੇ ਪ੍ਰਤੀਕਰਮ ਕਰਨ ਤੋਂ ਕੁੱਝ ਸਮਾਂ ਬਾਅਦ ਜਥੇਦਾਰ ਦਾ ਬਿਆਨ ਆਇਆ ਹੈ।
ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਨੇ ਫੇਸਬੁੱਕ ਉਪਰ ਲਿਖਿਆ, “ਭਗਵੰਤ ਮਾਨ ਜੀ, ਜਿਵੇਂ ਤੁਸੀਂ ਪੰਜਾਬ ਦੀ ਨੁੰਮਾਇਦਗੀ ਕਰਦੇ ਹੋ, ਉਸੇ ਤਰ੍ਹਾਂ ਮੈਂ ਵੀ ਅਪਣੀ ਕੌਮ ਦਾ ਨਿਮਾਣਾ ਜਿਹਾ ਨੁੰਮਾਇਦਾ ਹਾਂ। ਮੈਂਨੂੰ ਵੀ ਅਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ ਵੀ।”
ਉਨ੍ਹਾਂ ਅੱਗੇ ਲਿਖਿਆ, “ਤੁਸੀਂ ਠੀਕ ਕਿਹਾ ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਕ ਲੋਕ ਵਰਤ ਜਾਂਦੇ ਆ। ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ। ਪਰ ਤੁਸੀਂ ਧਿਆਨ ਰੱਖੋ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰੱਖਣ ਲਈ ਆਪ ਜੀ ਵਰਗੇ ਰਾਜਨੀਤਕ ਲੋਕਾਂ ਨੂੰ ਸਿਆਸੀ ਲੋਕ ਨਾ ਵਰਤ ਜਾਣ।”
“ਰਾਜਨੀਤੀ ਲਈ ਸੰਵਾਦ ਬਾਅਦ ਵਿਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਜੇਲ੍ਹੀ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਤੇ ਅਸੀਸ ਲਈਏ। ਵਾਹਿਗੁਰੂ ਭਲੀ ਕਰੇ।”
ਉੱਧਰ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਖੇਦਾਰ ਅਕਾਲ ਤਖਤ ਬਾਰੇ ਕੀਤੀ ਟਿੱਪਣੀ ਦੀ ਨਿੰਦਾ ਕੀਤੀ ਹੈ।
ਸੁਖਪਾਲ ਖਹਿਰਾ ਨੇ ਆਪਣੇ ਟਵੀਟ ਵਿੱਚ ਲਿਖਿਆ, “ਬੜੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਦਮਨ ਚੱਕਰ ਦੇ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਨੂੰ ਇਨਸਾਫ਼ ਦੇਣ ਦੇ ਬਜਾਏ ਉਲਟਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਝੇਡਾਂ ਕਰ ਰਿਹਾ ਹੈ। ਇੰਜ ਲੱਗਦਾ ਹੈ ਕਿ ਦਿੱਲੀ ਦੇ ਇਸ਼ਾਰਿਆਂ ਉੱਪਰ ਚੱਲਦਿਆਂ ਸੱਤਾ ਦੇ ਨਸ਼ੇ ਵਿੱਚ ਚੂਰ ਹੈ ਅਤੇ ਰੱਬ ਨੂੰ ਵੀ ਭੁੱਲ ਗਿਆ ਹੈ।”

ਤਸਵੀਰ ਸਰੋਤ, Twitter

ਤਸਵੀਰ ਸਰੋਤ, Social Media
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਵੱਲੋਂ ਗ੍ਰਿਫ਼ਤਾਰ ਕੀਤੇ ‘ਬੇਕਸੂਰ’ ਨੌਜਵਾਨਾਂ ਦੀ ਰਿਹਾਈ ਲਈ ਦਿੱਤੇ 24 ਘੰਟੇ ਦੇ ਅਲਟੀਮੇਟਮ ਉਪਰ ਆਪਣੇ ਪ੍ਰਤੀਕਰਮ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰਕੇ ਲਿਖਿਆ ਹੈ, “ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ। ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ।”

ਸੋਮਵਾਰ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਦੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਵਿੱਚ ਗ੍ਰਿਫ਼ਤਾਰ ਕੀਤੇ ‘ਬੇਕਸੂਰ’ਨੌਜਨਾਵਾਂ ਨੂੰ 24 ਘੰਟਿਆਂ ਵਿੱਚ ਰਿਹਾਅ ਕਰਨ ਦੀ ਮੰਗ ਕੀਤੀ ਸੀ।
ਉਹਨਾਂ ਰਿਹਾਈ ਨਾ ਹੋਣ ’ਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਵਹੀਰ ਕੱਢਣ ਦੀ ਗੱਲ ਆਖੀ ਸੀ।
ਪੰਜਾਬ ਸਰਕਾਰ ਦੀ ਤਰਫੋਂ ਇਸ ਤੋਂ ਪਹਿਲਾਂ ਡੀਜੀਪੀ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ 353 ਵਿਅਕਤੀ ਹਿਰਾਸਤ ਵਿੱਚ ਲਏ ਗਏ ਸਨ, ਜਿਨ੍ਹਾਂ ਵਿੱਚੋਂ 197 ਰਿਹਾਅ ਕੀਤੇ ਜਾ ਚੁੱਕੇ ਹਨ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਮੁਤਾਬਕ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਧ ਘਈ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕਿਹਾ ਕਿ ਅਮ੍ਰਿਤਪਾਲ ਸਿੰਘ ਉਹਨਾਂ ਦੀ ਹਿਰਾਸਤ ਵਿੱਚ ਨਹੀਂ ਹੈ ਪਰ ਉਹ ਉਸ ਨੂੰ ਫੜਨ ਦੇ ਬਹੁਤ ਨੇੜੇ ਹਨ।
ਇਸ ਦੇ ਨਾਲ ਹੀ ਉਹਨਾਂ ਨੇ ਲਾਅ ਅਫ਼ਸਰਾਂ ਨੂੰ ਕਿਸੇ ਤਰ੍ਹਾਂ ਦੀ ਅਬਜ਼ਰਬੇਸ਼ਨ ਨਾ ਦੇਣ ਲਈ ਕਿਹਾ ਹੈ।
ਜੱਜਾਂ ਨੇ ਕਿਹਾ ਕਿ ਉਹ ਇਸ ਗੱਲ ਦੀ ਆਗਿਆ ਨਹੀਂ ਦੇਣਗੇ ਕਿ ਕੋਈ ਲਾਅ ਅਫ਼ਸਰ ਅਬਜ਼ਰਬੇਸ਼ਨ ਦੇਵੇ ਅਤੇ ਸਭ ਨੂੰ ਪੇਪਰ ਬੁੱਕ ਮੁਤਾਬਕ ਹੀ ਚੱਲਣਾ ਪਵੇਗਾ।

ਪਟੀਸ਼ਨਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਅਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿੱਚ ਹੈ ਜਿਸ ਦਾ ਅਦਾਲਤ ਵੱਲੋਂ ਸਬੂਤ ਵੀ ਮੰਗਿਆ ਗਿਆ।
ਇਸ ਦਾ ਜਵਾਬ ਵਿੱਚ ਪਟੀਸ਼ਨਰ ਦੇ ਵਕੀਲ ਨੇ ਖ਼ਬਰਾਂ ਦਾ ਹਵਾਲਾ ਦਿੱਤਾ ਜਿਸ ਨੂੰ ਅਦਾਲਤ ਨੇ ਕਿਹਾ ਕਿ ਖ਼ਬਰਾਂ ਦਾ ਨੋਟਿਸ ਨਹੀਂ ਲਿਆ ਜਾ ਸਕਦਾ।
ਇਸ ਮਾਮਲੇ ਉਪਰ ਪੰਜਾਬ ਸਰਕਾਰ ਨੂੰ ਬੁੱਧਵਾਰ ਨੂੰ ਹਲਫੀਆ ਬਿਆਨ ਦੇਣ ਲਈ ਕਿਹਾ ਹੈ ਜਿਸ ਉਪਰ ਆਈਜੀ ਪੱਧਰ ਦਾ ਅਫਸਰ ਬਿਆਨ ਦੇਵਗਾ।
ਦੂਜੇ ਪਾਸੇ ਜੇਕਰ ਪਟੀਸ਼ਨਰ ਕੋਲ ਕੋਈ ਸਬੂਤ ਹੈ ਤਾਂ ਉਹ ਵੀ ਇਸ ਉਪਰ ਹਲਫੀਆ ਬਿਆਨ ਦੇਣਗੇ।
ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੈਬਕਸ ਕਾਰਪਸ ਪਟੀਸ਼ਨ ਲਗਾਈ ਹੋਈ ਹੈ।
ਜਲੰਧਰ ਤੋਂ ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ ਅਮ੍ਰਿਤਪਾਲ ਸਿੰਘ ਨੂੰ ਮੋਟਰ ਸਾਇਕਲਾਂ ਮੁਹੱਈਆ ਕਰਾਉਣ ਅਤੇ ਮੋਟਰ ਸਾਇਕਲ ਦੇ ਮਾਲਕ ਨੂੰ ਅਦਾਲਤ ਨੇ 14 ਦਿਨਾਂ ਦੇ ਅਦਾਲਤੀ ਰਿਮਾਂਡ ਉੱਤੇ ਜੇਲ੍ਹ ਭੇਜ ਦਿੱਤਾ ਹੈ।
ਸ਼ਾਹਕੋਟ ਐਸ ਐਚ ਓ ਗੁਰਿੰਦਰਜੀਤ ਸਿੰਘ ਨਾਗਰਾ ਅਨੁਸਾਰ ਉਹਨਾਂ 6 ਮੁਲਜ਼ਮਾਂ ਨੂੰ ਅੱਜ ਸਵੇਰੇ ਨਕੋਦਰ ਮਾਣਯੋਗ ਅਦਾਲਤ ਚ ਪੇਸ਼ ਕੀਤਾ ਸੀ।
ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦਾ ਜ਼ੁਡੀਸ਼ੀਅਲ ਰਿਮਾਂਡ ਦੇ ਕੇ ਜੇਲ੍ਹ ਭੇਜ ਦਿੱਤਾ ਹੈ

ਤਸਵੀਰ ਸਰੋਤ, Getty Images
“ਜੇਕਰ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਅਮ੍ਰਿਤਪਾਲ ਕਾਬੂ ਨਹੀਂ ਆਉਂਦਾ ਤਾਂ ਸਾਨੂੰ ਆਖਣ ਅਸੀਂ 10 ਮਿੰਟ ਵਿੱਚ ਉਸ ਨੂੰ ਬੰਦੇ ਦਾ ਪੁੱਤ ਬਣਾ ਦੇਵਾਂਗੇ।‘’
ਇਹ ਬਿਆਨ ਅਕਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਜਨਾਲਾ ਵਿਖੇ ਪੁਲਿਸ ਥਾਣੇ ਉੱਤੇ ਹੋਏ ਹਮਲੇ ਮਗਰੋਂ ਪੱਤਰਕਾਰਾਂ ਨੂੰ ਦਿੱਤਾ ਸੀ।
ਉਸ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਕਾਨੂੰਨ ਵਿਵਸਥਾ ਉੱਤੇ ਕੰਟਰੋਲ ਰੱਖਣ ਵਿੱਚ ਨਾਕਾਮਯਾਬ ਹੋ ਚੁੱਕੇ ਹਨ ਇਸ ਲਈ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਅਤੇ ਅਮ੍ਰਿਤਪਾਲ ਸਿੰਘ ਵਿਚਾਲੇ ਫਿਕਸ ਮੈਚ ਚੱਲ ਰਿਹਾ ਹੈ ਤੇ ਸਭ ਆਪਸ ਵਿੱਚ ਰਲੇ ਹੋਏ ਹਨ।
ਇੱਥੇ ਹੀ ਬੱਸ ਨਹੀਂ ਹੁੰਦੀ ਪਾਰਟੀ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਮ੍ਰਿਤਪਾਲ ਸਿੰਘ ਦੀਆਂ ਪੰਜਾਬ ਵਿੱਚ ਭੜਕਾਊ ਤਕਰੀਰਾਂ ਉੱਤੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਚੁੱਪੀ ਉੱਤੇ ਸਵਾਲ ਵੀ ਚੁੱਕੇ ਸਨ।

ਤਸਵੀਰ ਸਰੋਤ, Getty Images
ਅਮਰੀਕਾ ਦੇ ਟੈਨੇਸੀ ਸੂਬੇ ਦੇ ਨੈਸ਼ਵਿਲ ਸਕੂਲ ’ਚ ਗੋਲੀਬਾਰੀ ਦੌਰਾਨ ਤਿੰਨ ਬੱਚਿਆਂ ਸਮੇਚ 6 ਲੋਕਾਂ ਦੀ ਮੌਤ ਹੋਈ ਹੈ।
ਇਸ ਗੋਲੀਬਾਰੀ ’ਚ ਮਾਰੇ ਗਏ ਬੱਚਿਆਂ ਦੀ ਉਮਰ ਕਰੀਬ 8 ਤੋਂ 9 ਸਾਲ ਹੈ, ਜਦਕਿ ਦੂਜੇ ਮ੍ਰਿਤਕਾਂ ਦੀ ਉਮਰ 60-61 ਸਾਲ ਦੇ ਕਰੀਬ ਹੈ।
ਪੁਲਿਸ ਦੀ ਜਵਾਬੀ ਕਾਰਵਾਈ ਵਿੱਚ 28 ਸਾਲਾ ਹਮਲਾਵਰ ਔਡਰੇ ਹੇਲ ਦੀ ਮੌਤ ਹੋ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਟਰਾਂਸਜੈਂਡਰ ਹੈ।
ਗੋਲੀਬਾਰੀ ਦੀ ਘਟਨਾ ਜਿਸ ਸਕੂਲ ਵਿੱਚ ਹੋਈ ਉੱਥੇ 11 ਸਾਲ ਦੀ ਉਮਰ ਤੱਕ ਦੇ ਬੱਚੇ ਪੜ੍ਹਦੇ ਹਨ।
ਇਸ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਹਥਿਆਰ ਰੱਖਣ ਦੇ ਕਾਨੂੰਨ ਵਿੱਚ ਬਦਲਾਅ ਦੀ ਬਹਿਸ ਫਿਰ ਤੋਂ ਤੇਜ਼ ਹੋ ਗਈ ਹੈ।
ਰਾਸ਼ਟਰਪਤੀ ਜੋਅ ਬਾਇਡਨ ਨੇ ਘਟਨਾ ’ਤੇ ਦੁੱਖ਼ ਪ੍ਰਗਟ ਕਰਦਿਆਂ ਮਾਰਚ ਮਹੀਨੇ ਦੇ ਅੰਤ ਤੱਕ ਕੌਮੀ ਝੰਡਾ ਅੱਧਾ ਝੁਕਾਉਣ ਦਾ ਆਦੇਸ਼ ਦਿੱਤਾ ਹੈ
ਅਮ੍ਰਿਤਪਾਲ ਸਿੰਘ ਤੇ ਸਾਥੀਆਂ ਖ਼ਿਲਾਫ਼ ਪੁਲਿਸ ਕਾਰਵਾਈ, ਪੰਜਾਬ ਅਤੇ ਭਾਰਤ ਸਣੇ ਦੂਜੀਆਂ ਕੌਮੀਂ ਤੇ ਕੌਮਾਂਤਰੀ ਖ਼ਬਰਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਖ਼ੁਸ਼ਹਾਲ ਲਾਲੀ ਅਤੇ ਅਵਤਾਰ ਸਿੰਘ ਤੁਹਾਡੇ ਨਾਲ ਤਾਜ਼ਾ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਨ। ਕੱਲ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।