ਕਿਸਾਨਾਂ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ 'ਚ ਅੰਦੋਲਨ ਦੇ ਛੇ ਮਹੀਨੇ, ਜਾਣੋ ਕਿਸਾਨਾਂ ਨੇ ਕਿਵੇਂ ਜਤਾਇਆ ਰੋਸ

ਕਿਸਾਨ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਉੱਤੇ 'ਕਾਲਾ ਦਿਵਸ' ਮਨਾ ਰਹੇ ਹਨ

ਲਾਈਵ ਕਵਰੇਜ

  1. 'ਖਰਾਬ ਹੋ ਰਿਹਾ ਅਨਾਜ ਕਿਸਾਨਾਂ ਨੇ ਠੀਕ ਕਰਨਾ ਹੈ ਜਾਂ ਸਰਕਾਰ ਨੇ'

    ਖੇਤੀਬਾੜੀ ਸਬੰਧੀ ਅਰਥਸ਼ਾਸਤਰੀ ਰਣਜੀਤ ਸਿੰਘ ਘੁੰਮਣ ਨੇ ਕਿਹਾ, "ਜਿੱਥੋਂ ਤੱਕ ਵਿਸ਼ਵ ਤੇ ਭਾਰਤ ਦੇ ਇਤਿਹਾਸ ਦਾ ਸਬੰਧ ਹੈ, ਕਿਸਾਨਾਂ ਦੇ ਅੰਦੋਲਨ ਤਾਂ ਹੁੰਦੇ ਰਹੇ ਹਨ ਪਰ ਇੰਨੇ ਲੰਮੇ ਸਮੇਂ ਤੋਂ ਇੰਨਾ ਔਰਗੇਨਾਈਜ਼ਡ ਤੇ ਸ਼ਾਂਤਮਈ ਅੰਦੋਲਨ ਭਾਰਤ ਜਾਂ ਦੁਨੀਆਂ ਵਿੱਚ ਚੱਲਿਆ ਹੋਵੇ ਇਸ ਦੀ ਉਦਾਹਰਨ ਨਹੀਂ ਮਿਲਦੀ। ਇਹ ਕਾਬਿਲ-ਏ-ਤਾਰੀਫ ਹੈ।"

    "ਇੱਕ ਪਾਸੇ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਪਰ ਜਿਸ ਤਰ੍ਹਾਂ ਕਈ ਕਿਸਾਨਾਂ ਦੀਆਂ ਜਾਨਾਂ ਗਈਆਂ, ਉਸ ਤੇ ਸਰਕਾਰ ਵੱਲੋਂ ਹਾਅ ਦਾ ਨਾਅਰਾ ਵੀ ਨਾ ਮਾਰਿਆ ਜਾਣਾ ਬੜੀ ਦੁੱਖ ਦੀ ਗੱਲ ਹੈ।"

    ਰਣਜੀਤ ਸਿੰਘ ਘੁੰਮਣ ਨੇ ਅੱਗੇ ਕਿਹਾ, “ਭਾਜਪਾ ਦੇ ਨੁਮਾਇੰਦੇ ਗਰੇਵਾਲ ਸਾਹਿਬ ਕਹਿ ਰਹੇ ਹਨ ਕਿ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ ਪਰ ਉਹਨਾਂ ਨੂੰ ਸਮਝ ਨਹੀਂ ਆ ਰਹੇ। ਗਰੇਵਾਲ ਸਾਹਿਬ ਦੀ ਦਲੀਲ ਮੁਤਾਬਕ ਅਨਾਜ ਬਹੁਤ ਖਰਾਬ ਹੋ ਰਿਹਾ। ਮੈਨੂੰ ਇਹ ਦੱਸਣ ਕਿ ਨਵੇਂ ਕਾਨੂੰਨ ਅਨਾਜ ਖਰਾਬ ਹੋਣ ਤੋਂ ਕਿਵੇਂ ਬਚਾ ਲੈਣਗੇ, ਦੂਜੀ ਗੱਲ ਖਰਾਬ ਹੋ ਰਿਹਾ ਅਨਾਜ ਕਿਸਾਨਾਂ ਨੇ ਠੀਕ ਕਰਨਾ ਹੈ ਜਾਂ ਸਰਕਾਰ ਨੇ।”

    ਬੀਬੀਸੀ ਦਾ ਵੈਬੀਨਾਰ ਇੱਥੇ ਕਲਿੱਕ ਕਰ ਕਰੇ ਦੇਖੋ

    ਕਿਸਾਨ ਅੰਦਲੋਨ

    ਤਸਵੀਰ ਸਰੋਤ, Sukhcharan Preet/BBC

  2. ਭਾਜਪਾ ਆਗੂ ਹਰਜੀਤ ਗਰੇਵਾਲ: ਸਿਆਸਤ ਤੋਂ ਪ੍ਰੇਰਿਤ ਅੰਦੋਲਨ ਬਣ ਗਿਆ ਹੈ

    ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ:

    • ਇਹ ਸਿਆਸਤ ਤੋਂ ਪ੍ਰੇਰਿਤ ਅੰਦੋਲਨ ਹੋ ਗਿਆ ਹੈ। 26-27 ਸੰਗਠਨ ਫੈਸਲੇ ਲੈ ਕੇ ਖ਼ਤਮ ਕਰਨਾ ਚਾਹੁੰਦੇ ਹਨ ਪਰ ਕੁਝ ਆਗੂ ਨਹੀਂ ਮੰਨਣਾ ਚਾਹੁੰਦੇ।
    • ਸਾਡੇ ਵਿਧਾਇਕਾਂ ਦੀ ਮੌਬ ਲਿੰਚਿੰਗ ਹੋਈ। ਮਨੁੱਖੀ ਅਧਿਕਾਰ ਕਾਨੂੰਨ ਕਿੱਥੇ ਹੈ। ਕੋਈ ਇਸ ਵੱਲ ਕਿਉਂ ਨਹੀਂ ਗੱਲ ਕਰ ਰਿਹਾ ਹੈ?
    • ਸਾਡੀ ਸਰਕਾਰ ਤਰਕ ਸੰਗਤ ਗੱਲਾਂ ਮੰਨਣ ਨੂੰ ਤਿਆਰ ਹੈ। ਸਿਆਸਤ ਤੋਂ ਪ੍ਰੇਰਿਤ ਕੁਝ ਲੋਕ ਅੰਦੋਲਨ ਨੂੰ 2024 ਤੱਕ ਲੈ ਕੇ ਜਾਣਾ ਚਾਹੁੰਦੇ ਹਨ।
    • ਜਦੋਂ ਯੋਗਿੰਦਰ ਯਾਦਵ ਨਾਲ ਜੁੜੇ ਤਾਂ ਅਸੀਂ ਸਮਝ ਗਏ ਸੀ ਇਹ ਅੰਦੋਲਨ ਜਲਦੀ ਖ਼ਤਮ ਨਹੀਂ ਹੋਏਗਾ।
    • ਸਾਰੇ ਕਿਸਾਨ ਆਗੂ ਗਲਤ ਨਹੀਂ। ਉਹ ਸੜਕਾਂ ‘ਤੇ ਬੈਠੇ ਹਨ। ਸਰਕਾਰ ਉਨ੍ਹਾਂ ਦੀਆਂ ਗੱਲਾਂ ਮੰਨਣ ਨੂੰ ਤਿਆਰ ਹੈ।
  3. ਕਿਸਾਨ ਦੀ ਮਾੜੀ ਹਾਲਤ ਤਾਂ ਪਿਛਲੇ ਕਾਨੂੰਨਾਂ ਕਾਰਨ- ਭਾਜਪਾ ਆਗੂ ਹਰਜੀਤ ਗਰੇਵਾਲ

    ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ, “ਐੱਮਐੱਸਪੀ ਸੰਭਵ ਨਹੀਂ ਹੈ। ਜਿਸ ਤਰੀਕੇ ਨਾਲ ਦੇਸ ਵਿੱਚ ਅੰਦਲੋਨ ਚੱਲ ਰਿਹਾ ਹੈ। ਸਰਕਾਰ ਉਸ ਦੇ ਸਮਰੱਥ ਹੈ ਜਾਂ ਨਹੀਂ, ਕੋਈ ਨਹੀਂ ਦੇਖ ਰਿਹਾ। ਹਰ ਕੋਈ ਕਿਸਾਨ ਦੇ ਮੋਢਾ 'ਤੇ ਬੰਦੂਕ ਰੱਖ ਰਿਹਾ ਤੇ ਪੀਐੱਮ ਮੋਦੀ ਦਾ ਚਿਹਰਾ ਖ਼ਰਾਬ ਕਰ ਰਹੇ ਹਨ।”

    ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਦੀ ਮਾੜੀ ਹਾਲਤ ਤਾਂ ਪਿਛਲੇ ਕਾਨੂੰਨਾਂ ਕਾਰਨ ਹੈ।

    ਬੀਬੀਸੀ ਦਾ ਵੈਬੀਨਾਰ ਇੱਥੇ ਕਲਿੱਕ ਕਰ ਕਰੇ ਦੇਖੋ

    ਹਰਜੀਤ ਗਰੇਵਾਲ, ਭਾਜਪਾ
  4. 'ਭਾਰਤ ਵਰਗੇ ਦੇਸ ਵਿੱਚ ਐੱਮਐੱਸਪੀ ਤੇ ਏਪੀਐੱਮਸੀ ਬਿਨਾਂ ਗੁਜ਼ਾਰਾ ਸੰਭਵ ਨਹੀਂ'

    ਕਿਸਾਨ ਅੰਦਲੋਨ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਸਬੰਧੀ ਕੀਤੇ ਗਏ ਵੈਬੀਨਾਰ ਦੌਰਾਨ ਖੇਤੀਬਾੜੀ ਸਬੰਧੀ ਅਰਥਸ਼ਾਸਤਰੀ ਰਣਜੀਤ ਸਿੰਘ ਘੁੰਮਣ ਤੋਂ ਪੁੱਛਿਆ ਗਿਆ ਕਿ ਐੱਮਐੱਸਪੀ ਕਿਸਾਨਾਂ ਲਈ ਕਿੰਨੀ ਅਹਿਮ ਹੈ।

    ਰਣਜੀਤ ਸਿੰਘ ਘੁੰਮਣ ਨੇ ਕਿਹਾ, “86 ਫੀਸਦ ਕਿਸਾਨ ਛੋਟੇ ਤੇ ਮਾਰਜੀਨਲ ਕਿਸਾਨ ਹਨ। ਕਿਸਾਨਾਂ ਦੀ ਮੰਗ ਹੈ ਕਿ 23 ਫਸਲਾਂ ਤੇ ਐੱਮਐੱਸਪੀ ਕੀਤੀ ਜਾਵੇ। ਭਾਰਤ ਵਰਗੇ ਦੇਸ ਵਿੱਚ ਐੱਮਐੱਸਪੀ ਤੇ ਏਪੀਐੱਮਸੀ ਬਿਨਾਂ ਗੁਜ਼ਾਰਾ ਸੰਭਵ ਨਹੀਂ।”

    ਆਰ.ਐਸ.ਘੁੰਮਣ ਨੇ ਅੱਗੇ ਕਿਹਾ, "WTO ਯਾਨੀ ਵਿਸ਼ਵ ਵਪਾਰ ਸੰਗਠਨ ਦਾ ਦੋ ਨੁਕਤਿਆਂ ਦੇ ਦਬਾਅ ਹੈ। ਪਹਿਲਾ ਫੂਡ ਸਟੌਕ ਘਟਾਓਣ ਅਤੇ ਦੂਜਾ ਐੱਮਐੱਸਪੀ ਖਤਮ ਕਰਨ ਬਾਰੇ।

    ਕੇਂਦਰ ਸਰਕਾਰ ਸਿੱਧੇ ਤੌਰ 'ਤੇ ਨਹੀਂ ਮੰਨ ਰਹੀ ਪਰ ਅਸਿੱਧੇ ਤੌਰ ਤੇ ਐੱਮਐੱਸਪੀ, ਏਪੀਐੱਮਸੀ ਖ਼ਤਮ ਕਰਨ, ਫੂਟ ਸਟੌਕ ਘਟਾਉਣ ਅਤੇ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਘਟਾਉਣ ਦੇ ਫਰੇਮਵਰਕ ਅਧੀਨ ਕੰਮ ਕਰ ਰਹੀ ਹੈ।"

    ਬੀਬੀਸੀ ਦਾ ਵੈਬੀਨਾਰ ਇੱਥੇ ਕਲਿੱਕ ਕਰ ਕਰੇ ਦੇਖੋ

    ਕਿਸਾਨ ਅੰਦਲੋਨ

    ਤਸਵੀਰ ਸਰੋਤ, Ranjit Singh Ghuman

  5. ਰਾਕੇਸ਼ ਟਿਕੈਤ: ਦੋ ਮੋਰਚਿਆਂ ਦੀ ਲੜਾਈ ਹੈ- ਇੱਕ ਕੋਰੋਨਾ ਤੇ ਦੂਜੀ ਸਰਕਾਰ

    ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੰਚ ਤੋਂ ਸੰਬੋਧਨ ਕੀਤਾ।

    ਉਨ੍ਹਾਂ ਨੇ ਕਿਹਾ, “ਜੇ ਕੋਈ ਸਰਕਾਰ ਕੋਈ ਸ਼ਾਂਤੀਪੂਰਨ ਅੰਦੋਲਨਕਾਰੀਆਂ ਨਾਲ ਗੱਲ ਨਹੀਂ ਕਰਦੀ ਤਾਂ ਲਗਦਾ ਹੈ ਕਿ ਅੰਦਲੋਨ ਹੋਰ ਲੰਬਾ ਚੱਲੇਗਾ। ਅਸੀਂ ਉਹੋ ਜਿਹੀ ਹੀ ਰੂਪਰੇਖਾ ਬਣਾਉਣੀ ਹੈ। ਅੰਦੋਲਨ ਸ਼ਾਂਤੀ ਪੂਰਨ ਲੰਬਾ ਚੱਲੇ।”

    ਇਸ ਤੋਂ ਇਲਾਵਾ ਰਾਕੇਸ਼ ਟਿਕੈਤ ਨੇ ਕਿਹਾ, “ਕੋਰੋਨਾ ਤਾਂ ਇੱਕ ਬਹਾਨਾ ਹੈ ਤਾਂ ਕਿ ਕਾਨੂੰਨ ਬਣੇ ਰਹਿਣ, ਦੇਸ ਵਿੱਚ ਲੁੱਟ ਹੁੰਦੀ ਰਹੇ।”

    ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਤਿਆਰੀ ਰੱਖਣੀ ਹੈ।

    "ਦੋ ਮੋਰਚਿਆਂ ਦੀ ਲੜਾਈ ਹੈ- ਇੱਕ ਕੋਰੋਨਾ ਤੇ ਦੂਜੀ ਸਰਕਾਰ।"

    ਕਿਸਾਨ ਏਕਤਾ ਮੋਰਚਾ, ਰਾਕੇਸ਼ ਟਿਕੈਤ

    ਤਸਵੀਰ ਸਰੋਤ, Kisan Ekta Morcha/FB

  6. 'ਖੇਤੀ ਕਾਨੂੰਨਾਂ 'ਤੇ ਭਾਜਪਾ ਦਾ ਸਟੈਂਡ ਸਾਫ਼, ਕਾਨੂੰਨ ਰੱਦ ਨਾ ਕਰ ਸਕਣਾ ਸਰਕਾਰ ਦੀ ਮਜਬੂਰੀ'

    'ਕਾਨੂੰਨ ਰੱਦ ਨਹੀਂ ਹੁੰਦੇ, ਉਨ੍ਹਾਂ ਵਿੱਚ ਸੋਧ ਹੁੰਦੇ ਹਨ। ਸਰਕਾਰ ਕਾਨੂੰਨ ਰੱਦ ਨਹੀਂ ਕਰ ਸਕਦੀ ਹੈ ਇਹੀ ਉਸਦੀ ਮਜਬੂਰੀ ਹੈ'

    ਪੰਜਾਬ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਕਿਸਾਨਾਂ ਤੇ ਸਰਕਾਰ ਵਿਚਾਲੇ ਵਿਚੋਲਗੀ ਕਰਨ ਵਾਲੇ ਸੁਰਜੀਤ ਕੁਮਾਰ ਜਿਆਣੀ ਨੇ ਖੇਤੀ ਕਾਨੂੰਨਾਂ 'ਤੇ ਆਪਣਾ ਮੌਜੂਦਾ ਸਟੈਂਡ ਦੱਸਿਆ ਹੈ।

    ਇਸ ਅੰਦੋਲਨ ਦੌਰਾਨ ਕਿਸਾਨਾਂ ਅਤੇ ਸਰਕਾਰ ਵਿਚਾਲੇ ਕਈ ਵਾਰ ਗੱਲਬਾਤ ਹੋਈ, ਲੰਬੀਆਂ-ਲੰਬੀਆਂ ਬੈਠਕਾਂ ਹੋਈਆਂ ਪਰ ਸਭ ਬੇਸਿੱਟਾ ਰਿਹਾ।

    ਸਰਕਾਰ ਸੋਧ ਕਰਨ ਉੱਤੇ ਅਤੇ ਕਿਸਾਨ ਕਾਨੂੰਨ ਰੱਦ ਕਰਵਾਉਣ ਉੱਤੇ ਅੜੇ ਰਹੇ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕਿਸਾਨ ਅੰਦੋਲਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, 26 ਨਵੰਬਰ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ
  7. ਦੋਆਬੇ ਦੇ ਪਿੰਡਾਂ 'ਚ ਕਿਸਾਨਾਂ ਨੇ ਪੀਐੱਮ ਮੋਦੀ ਦੇ ਪੁਤਲੇ ਫੂਕੇ

    ਪਾਲ ਸਿੰਘ ਨੌਲੀ, ਜਲੰਧਰ ਤੋਂ

    ਦੋਆਬੇ ਦੇ ਪਿੰਡਾਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

    ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਪਰਿਵਾਰ ਸਮੇਤ ਜਲੰਧਰ ਵਿੱਚ ਆਪਣੇ ਘਰ ‘ਤੇ ਕਾਲਾ ਝੰਡਾ ਬਨ੍ਹਣ ਤੋਂ ਬਾਅਦ ਪਿੰਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਹੋਈਆਂ।

    ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ, "ਅਸਲ ਭਾਰਤ ਪਿੰਡਾਂ ਵਿੱਚ ਵੱਸਦਾ ਹੈ ਤੇ ਅੱਜ ਅਸਲ ਭਾਰਤ ਨੇ ਹਕੂਮਤ ਦਾ ਵਿਰੋਧ ਪਰਗਟਾਉਂਦਿਆ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਹਨ। ਆਮ ਤੌਰ ‘ਤੇ ਰਾਜਨੀਤਿਕ ਪਾਰਟੀਆਂ ਜਾਂ ਹੋਰ ਸੰਗਠਨ ਸ਼ਹਿਰਾਂ ਵਿੱਚ ਤਾਂ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਦੇ ਆ ਰਹੇ ਸਨ ਪਰ ਪਿੰਡਾਂ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ।"

    ਕਿਸਾਨ ਅੰਦਲੋਨ, 26 ਮਈ

    ਤਸਵੀਰ ਸਰੋਤ, Pal Singh Nauli/BBC

  8. ਕਿਸਾਨ ਏਕਤਾ ਮੋਰਚਾ ਵੱਲੋਂ ਦੇਸ ਭਰ 'ਚ ਇੰਝ ਰੋਸ ਪ੍ਰਦਰਸ਼ਨ

    ਕਿਸਾਨ ਏਕਤਾ ਮੋਰਚਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਦੇਸ ਭਰ ਵਿੱਚ ਮਨਾਏ ਜਾ ਰਹੇ 'ਕਾਲਾ ਦਿਵਸ' ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

    ਉਨ੍ਹਾਂ ਫੇਸਬੁੱਕ ਪੋਸਟ ਵਿੱਚ ਲਿਖਿਆ, "ਭਾਰਤ ਦੇ ਨਾਗਰਿਕ ਕਾਲੇ ਝੰਡੇ ਲਹਿਰਾ ਕੇ ਅਤੇ ਪੁਤਲੇ ਫੂਕ ਕੇ ਭਾਰਤ ਸਰਕਾਰ ਦਾ ਵਿਰੋਧ ਜਤਾ ਰਹੇ ਹਨ। 26 ਮਈ ਨੂੰ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਨੂੰ ਛੇ ਮਹੀਨੇ ਹੋ ਗਏ ਹਨ ਜਦੋਂਕਿ ਮੋਦੀ ਸਰਕਾਰ ਨੂੰ ਸੱਤ ਸਾਲ ਪੂਰੇ ਹੋ ਗਏ ਹਨ।"

    ਕਿਸਾਨ ਅੰਦਲੋਨ

    ਤਸਵੀਰ ਸਰੋਤ, Kisan Ekta Morch/FB

    ਤਸਵੀਰ ਕੈਪਸ਼ਨ, 26 ਮਈ ਕਿਸਾਨ ਅੰਦੋਲਨ: ਕਿਸਾਨ ਏਕਤਾ ਮੋਰਚਾ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ
  9. ਕਿਸਾਨ ਅੰਦਲੋਨ ਦੇ ਸਮਰਥਨ 'ਚ ਔਰਤਾਂ ਨੇ ਲਾਇਆ ਪਿੰਕ ਧਰਨਾ

    ਸਤ ਸਿੰਘ, ਰੋਹਤਕ ਤੋਂ

    ਰੋਹਤਕ ਵਿੱਚ ਔਰਤਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਪਿੰਕ ਧਰਨਾ ਸ਼ੁਰੂ ਕਰ ਦਿੱਤਾ ਹੈ।

    ਇਸ ਮੌਕੇ ਮੌਜੂਦ ਗੀਤਾ ਅਹਿਲਾਵਤ ਨੇ ਕਿਹਾ, “ਚਿੱਟੇ ਅਤੇ ਲਾਲ ਰੰਗ ਨਾਲ ਬਣਿਆ ਹੈ ਗੁਲਾਬੀ ਰੰਗ। ਚਿੱਟਾ ਰੰਗ ਸ਼ਾਂਤੀ ਤੇ ਸੁਕੂਨ ਦਾ ਪ੍ਰਤੀਕ ਹੈ ਜਦੋਂਕਿ ਲਾਲ ਰੰਗ ਬਦਲਾਅ ਅਤੇ ਕ੍ਰਾਂਤੀ ਦਾ। ਪਿੰਕ ਰੰਗ ਔਰਤਾਂ ਨੂੰ ਆਪਣੇ ਵੱਲ ਖਿੱਚਦਾ ਹੈ।"

    "ਪਿੰਕ ਧਰਨਾ ਇਸ ਲਈ ਲਾ ਰਹੇ ਹਾਂ ਕਿਉਂਕਿ ਹਰਿਆਣਾ ਵਿੱਚ ਔਰਤਾਂ ਦਾ ਕੋਈ ਧਰਨਾ ਨਹੀਂ ਹੈ। ਇਸ ਲਈ ਅਸੀਂ ਰੋਹਤਕ ਖੇੜੀ ਸਾਧ ਐਈਐੱਮਟੀ ਚੌਂਕ ’ਤੇ ਧਰਨੇ ਦੀ ਪਹਿਲ ਕੀਤੀ। ਕੋਸ਼ਿਸ਼ ਕਰਾਂਗੇ ਕਿ ਪੂਰੇ ਹਰਿਆਣਾ, ਯੂਪੀ ਤੇ ਪੰਜਾਬ ਵਿੱਚ ਔਰਤਾਂ ਦਾ ਧਰਨਾ ਸ਼ੁਰੂ ਹੋਵੇ।”

    ਪਿੰਕ ਧਰਨਾ

    ਤਸਵੀਰ ਸਰੋਤ, Sat Singh/BBC

    ਪਿੰਕ ਧਰਨਾ, ਕਿਸਾਨ ਅੰਦਲੋਨ, 26 ਮਈ

    ਤਸਵੀਰ ਸਰੋਤ, Sat Singh/BBC

  10. ਕਿਸਾਨ ਬੈਰੀਕੇਡ ਤੋੜ ਕੇ ਦੁਸ਼ਯੰਤ ਚੌਟਾਲਾ ਦੇ ਘਰ ਨੇੜੇ ਪਹੁੰਚੇ

    ਪ੍ਰਭੂ ਦਿਆਲ, ਸਿਰਸਾ

    ਸਿਰਸਾ ਵਿੱਚ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧੇ ਅਤੇ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦੇ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

    ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ।

    ਇਸ ਮੌਕੇ ਸਾਬਕਾ ਸਰਪੰਚ ਰਾਮ ਚੰਦਰ ਨੇ ਕਿਹਾ, "ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਕਾਲਾ ਦਿਵਸ ਮਨਾਉਣ ਦਾ ਐਲਾਨ ਸੀ। ਉਸ ਦੇ ਤਹਿਤ ਹਰਿਆਣਾ ਦੇ ਉਪ-ਮੁਖ ਮੰਤਰੀ ਦੁਸ਼ਅੰਤ ਚੌਟਾਲਾ ਦੀ ਰਿਹਾਇਸ਼ ਅੱਗੇ ਪੁਤਲਾ ਫੂਕਣ ਦੀ ਸਾਡੀ ਯੋਜਨਾ ਸੀ। ਇਸ ਲਈ ਅਸੀਂ ਬੈਰੀਕੇਡ ਤੋੜ ਕੇ ਆਪਣੀ ਯੋਜਨਾ ਸਫ਼ਲ ਕੀਤੀ।"

    ਹਰਿਆਣਾ, ਸਿਰਸਾ, ਕਿਸਾਨ

    ਤਸਵੀਰ ਸਰੋਤ, Prabhu Dayal/BBC

  11. ਜੀਟੀ ਰੋਡ 'ਤੇ ਦੋਹਾਂ ਪਾਸੇ ਕਿਸਾਨਾਂ ਨੇ ਕਾਲੇ ਝੰਡੇ ਲਾਏ

    ਗੁਰਮਿੰਦਰ ਸਿੰਘ, ਲੁਧਿਆਣਾ ਤੋਂ

    ਲੁਧਿਆਣਾ ਦੇ ਪਿੰਡ ਚਾਹਲੀਆਂ ਵਿੱਚ ਲੋਕਾਂ ਨੇ ਘਰਾਂ ਦੀਆਂ ਛੱਤਾਂ ਦੇ ਨਾਲ-ਨਾਲ ਸੜਕ ਦੇ ਦੋਹਾਂ ਪਾਸਿਆਂ 'ਤੇ ਵੀ ਕਾਲੇ ਝੰਡੇ ਲਾਏ ਹਨ।

    ਲੁਧਿਆਣਾ-ਚੀਡਗੜ੍ਹ ਜੀਟੀ ਰੋਡ 'ਤੇ ਕਿਸਾਨਾਂ ਨੇ ਕਾਲੇ ਝੰਡੇ ਲਾ ਕੇ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਜਤਾਇਆ।

    ਕਿਸਾਨ ਅੰਦਲੋਨ

    ਤਸਵੀਰ ਸਰੋਤ, Gurminder Singh/BBC

    ਤਸਵੀਰ ਕੈਪਸ਼ਨ, ਜੀਟੀ ਰੋਡ 'ਤੇ ਕਿਸਾਨਾਂ ਨੇ ਕਾਲੇ ਝੰਡੇ ਲਾ ਕੇ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਜਤਾਇਆ
  12. ਕਿਸਾਨ ਅੰਦਲੋਨ 'ਚ ਕੋਰੋਨਾ ਦੇ ਅਸਰ ਬਾਰੇ ਕੀ ਬੋਲੇ ਕਿਸਾਨ

    ਖੁਸ਼ਹਾਲ ਲਾਲੀ, ਸਿੰਘੂ ਬਾਰਡਰ ਤੋਂ

    ਅੰਦੋਲਨ ਦਾ ਮਾਹੌਲ ਪਹਿਲਾਂ ਇੱਕ ਮੇਲੇ ਵਰਗਾ ਸੀ ਪਰ ਹੁਣ ਗੰਭੀਰ ਹੋ ਗਿਆ ਹੈ। ਕੀ ਇਸ ਦਾ ਲੋਕਾਂ ਦੇ ਮਨੋਬਲ ਉੱਪਰ ਅਸਰ ਪਿਆ ਹੈ?

    ਇਸ ਬਾਰੇ ਸਰਪੰਚ ਮਲਕੀਤ ਸਿੰਘ ਨੇ ਕਿਹਾ, "ਜਦੋਂ ਲੰਬੇ ਸਮੇਂ ਦੌਰਾਨ ਸਰਕਾਰ ਦਾ ਵਿਰੋਧ ਹੁੰਦਾ ਹੈ ਤਾਂ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ ਪਰ ਇੱਕ ਸਥਿਰ ਗਿਣਤੀ ਲੋਕਾਂ ਦੀ ਮੋਰਚੇ 'ਤੇ ਮੌਜੂਦ ਹੈ। ਜੇ ਕੋਈ ਕਾਲ ਦਿੱਤੀ ਗਈ ਤਾਂ ਲੋਕ ਉਵੇਂ ਹੀ ਉਮੜ ਆਉਣਗੇ ਜਿਵੇਂ ਛੱਬੀ ਨਵੰਬਰ ਨੂੰ ਆਏ ਸਨ।"

    ਇੱਕ ਨੌਜਵਾਨ ਨੇ ਕਿਹਾ, "ਕੋਰੋਨਾ ਮਹਾਮਾਰੀ ਹੈ, ਕੁਝ ਬਜ਼ੁਰਗਾਂ ਵਿੱਚ ਇਸ ਦੇ ਲੱਛਣ ਦਿਸੇ ਹਨ ਪਰ ਇੱਥੇ ਲੋਕਾਂ ਦਾ ਹੌਂਸਲਾ ਇੰਨਾ ਬੁਲੰਦ ਸੀ ਕਿ ਨੌਜਵਾਨ ਕੋਰੋਨਾ ਵਾਲੇ ਬਜ਼ੁਰਗਾਂ ਨੂੰ ਜੱਫ਼ੀ ਪਾ ਕੇ ਮਿਲਦੇ ਸਨ।"

    ਉਨ੍ਹਾਂ ਨੇ ਕਿਹਾ, "ਜੇ ਕਿਸਾਨ ਅੰਦੋਲਨ ਨਾਲ ਕੋਰੋਨਾ ਫ਼ੈਲਦਾ ਹੈ ਤਾਂ ਪੱਛਮੀ ਬੰਗਾਲ ਦੀਆਂ ਚੋਣਾਂ ਸਮੇਂ ਜਿਹੜੀਆਂ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਉਨ੍ਹਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ।"

    ਸਿੰਘੂ ਬਾਰਡਰ
    ਤਸਵੀਰ ਕੈਪਸ਼ਨ, ਸਿੰਘੂ ਬਾਰਡਰ
  13. ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਕਿਹਾ, 'ਸਰਕਾਰ ਦੇ ਸਾਰੇ ਯੰਤਰ ਫੇਲ੍ਹ ਹੋਏ'

    ਖੁਸ਼ਹਾਲ ਲਾਲੀ, ਸਿੰਘੂ ਬਾਰਡਰ ਤੋਂ

    ਸਿੰਘੂ ਬਾਰਡਰ ਤੋਂ ਇੱਕ ਕਿਸਾਨ ਨੇ ਕਿਹਾ, "ਪਹਿਲੇ ਦਿਨ ਜਦੋਂ ਆਏ ਸੀ ਤਾਂ ਲੋਕ ਕਹਿੰਦੇ ਸੀ ਕਿ ਛੇ ਮਹੀਨਿਆਂ ਦਾ ਰਾਸ਼ਨ ਲਈ ਬੈਠੇ ਹਨ, ਹੁਣ ਭਾਜਪਾ ਦਾ ਆਈਟੀ ਸੱਲ ਥੱਕ ਚੁੱਕਿਆ ਹੈ। ਸਾਰੇ ਯੰਤਰ ਫੇਲ੍ਹ ਹੋ ਗਏ ਹਨ। ਇਹ ਅੰਦੋਲਨ ਤਾਕਤਵਰ ਹੁੰਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਤਾਕਤਵਰ ਹੋਵੇਗਾ।"

    ਆਉਣ ਵਾਲੇ ਦਿਨਾਂ ਵਿੱਚ ਰਾਹ ਕੀ ਬਚਿਆ ਹੈ ਇਸ ਬਾਰੇ ਉਨ੍ਹਾਂ ਕਿਹਾ, "ਆਉਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਲਈ ਸਾਡੀ ਯੋਜਨਾ ਹੈ। ਨੌਜਵਾਨਾਂ ਦੇ 50-50 ਦੇ ਗਰੁੱਪ ਬਣਨਗੇ ਤੇ ਸੂਬਿਆਂ ਵਿੱਚ ਜਾਣਗੇ। ਭਾਰਤ ਦੇ ਨਾਗਰਿਕ ਮੈਨੀਫੋਸਟੋ ਬਣਾਉਣਗੇ ਕਿ ਇਹ ਕਰੋ ਤਾਂ ਪਿੰਡ ਵਿੱਚ ਦਾਖਲ ਹੋ ਸਕਦੇ ਹਨ।"

    ਕਿਸਾਨ ਅੰਦੋਲਨ, ਸਿੰਘੂ ਬਾਰਡਰ
  14. ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਦੱਸੀਆਂ ਪ੍ਰਾਪਤੀਆਂ

    ਖੁਸ਼ਹਾਲ ਲਾਲੀ, ਸਿੰਘੂ ਬਾਰਡਰ ਤੋਂ

    ਕਾਲਾ ਦਿਵਸ ਮਨਾਉਂਦੇ ਹੋਏ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ 'ਤੇ ਮੌਜੂਦ ਹਨ। ਛੇ ਮਹੀਨਿਆਂ ਤੋਂ ਸਿੰਘੂ ਬਾਰਡਰ 'ਤੇ ਉਨ੍ਹਾਂ ਨੇ ਮੋਰਚਾ ਲਾਇਆ ਹੋਇਆ ਹੈ।

    ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਵਿਰੋਧੀ ਨਾਅਰੇ ਲਾਏ।

    ਸਰਪੰਚ ਮਲਕੀਤ ਸਿੰਘ ਨੇ ਗੀਤ ਰਾਹੀਂ ਕਾਲੇ ਝੰਡੇ ਦੀ ਅਹਿਮੀਅਤ ਦੱਸੀ।

    ਮਲਕੀਤ ਸਿੰਘ ਨੇ ਕਿਹਾ, "ਜਿਹੜੇ ਲੋਕ ਪਹਿਲੇ ਦਿਨ ਤੋਂ ਬੈਠੇ ਹਨ ਅਤੇ ਸਮੇਂ ਸਮੇਂ 'ਤੇ ਕਿਸਾਨ ਮੋਰਚੇ ਨਾਲ ਜੁੜੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਸ ਮੋਰਚੇ ਨੇ ਕੀ ਕੁਝ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਇੱਕ ਆਸ ਬਣਿਆ ਹੈ।"

    ਬੀਬੀਸੀ ਦਾ ਲਾਈਵ ਦੇਖਣ ਲਈ ਇੱਥੇ ਕਲਿਕ ਕਰੋ

    ਸਿੰਘੂ ਬਾਰਡਰ
    ਤਸਵੀਰ ਕੈਪਸ਼ਨ, ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਪ੍ਰਦਰਸ਼ਨ
  15. ਬਰਨਾਲਾ ਦੇ ਪਿੰਡਾਂ 'ਚ ਅਰਥੀ ਫੂਕ ਮੁਜ਼ਾਹਰਾ

    ਸੁਖਚਰਨ ਪ੍ਰੀਤ, ਬਰਨਾਲਾ ਤੋਂ

    ਕਾਲੇ ਦਿਵਸ ਵਜੋਂ ਬਰਨਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੇ ਅਰਥੂ ਫੂਕ ਮੁਜ਼ਾਹਰਾ ਕੀਤਾ।

    ਕਿਸਾਨ ਮੋਰਚੇ ਦੇ ਸੱਦੇ ਤਹਿਤ ਬਰਨਾਲਾ ਦੇ ਪਿੰਡ ਫਤਿਹਗੜ੍ਹ ਛੰਨਾ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕੀਤਾ।

    ਉੱਥੇ ਹੀ ਬਰਨਾਲਾ ਦੇ ਪਿੰਡ ਚੀਮਾਂ ਵਿੱਚ ਕਿਸਾਨਾਂ ਵੱਲੋਂ ਅਰਥੀ ਫੂਕ ਮੁਜਾਹਰਾ ਕੀਤਾ ਗਿਆ।

    ਉਨ੍ਹਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਕਾਲੇ ਝੰਡੇ ਲਹਿਰਾਏ।

    ਕਿਸਾਨ ਅੰਦਲੋਨ, ਬਰਨਾਲਾ, ਕਾਲਾ ਦਿਵਸ, 26 ਮਈ

    ਤਸਵੀਰ ਸਰੋਤ, Sukhcharan Preet/BBC

    ਤਸਵੀਰ ਕੈਪਸ਼ਨ, ਬਰਨਾਲਾ ਦੇ ਪਿੰਡ ਫਤਿਹਗੜ ਛੰਨਾ ਵਿੱਚ ਕੇਂਦਰ ਸਰਕਾਰ ਦੀ ਅਰਥੀ ਫੂਕ ਕਿਸਾਨਾਂ ਵੱਲੋਂ ਮੁਜ਼ਾਹਰਾ
    ਕਿਸਾਨ ਅੰਦੋਲਨ

    ਤਸਵੀਰ ਸਰੋਤ, Sukhcharan Preet/BBC

    ਤਸਵੀਰ ਕੈਪਸ਼ਨ, ਬਰਨਾਲਾ ਦੇ ਪਿੰਡ ਚੀਮਾਂ ਵਿੱਚ ਕਿਸਾਨਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ
  16. ਟਿਕਰੀ ਬਾਰਡਰ ਲਈ ਰਵਾਨਾ ਰੋਹਤਕ ਤੋਂ ਕਿਸਾਨ

    ਸਤ ਸਿੰਘ, ਰੋਹਤਕ ਤੋਂ

    ਕਿਸਾਨਾਂ ਦੇ 'ਕਾਲੇ ਦਿਵਸ' ਦੇ ਸੱਦੇ 'ਤੇ ਰੋਹਤਕ ਦੇ ਕਈ ਪਿੰਡਾਂ ਤੋਂ ਕਿਸਾਨ ਟਿਕਰੀ ਬਾਰਡਰ ਲਈ ਰਵਾਨਾ ਹੋਏ।

    ਉਹ ਆਪਣੀਆਂ ਗੱਡੀਆਂ ਤੇ ਮੋਟਰਸਾਈਕਸਲਾਂ 'ਤੇ ਕਾਲੇ ਝੰਡੇ ਲਾ ਕੇ ਨਿਕਲੇ।

    ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, "ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ, ਛੇ ਮਹੀਨੇ ਹੋ ਗਏ ਮੋਰਚੇ। ਲੋਕਾਂ ਨੂੰ ਇਹ ਦੱਸਣ ਲਈ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ। ਮੋਦੀ ਸਰਕਾਰ ਨੂੰ ਸੱਤ ਸਾਲ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਦੇਸ ਦੇ ਅਰਥਚਾਰੇ ਦੀ ਕੀ ਹਾਲਤ ਕਰ ਦਿੱਤੀ ਹੈ।"

    "ਦੂਜੇ ਪਾਸੇ ਕਾਰਪੋਰੇਟ ਸੈਕਟਰ ਨੂੰ ਵੇਚ ਕੇ ਮੰਦਾ ਹਾਲ ਕੀਤਾ ਹੈ ਬੇਰੁਜ਼ਗਾਰੀ ਦਾ, ਜੀਡੀਪੀ ਘੱਟ ਗਈ ਹੈ। ਕੋਰੋਨਾ ਮਹਾਂਮਾਰੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਸ ਵਿੱਚ ਵੀ ਮੋਦੀ ਸਰਕਾਰ ਫੇਲ੍ਹ ਹੋਈ ਹੈ।"

    ਜੋਗਿੰਦਰ ਸਿੰਘ ਉਗਰਾਹਾਂ

    ਤਸਵੀਰ ਸਰੋਤ, Sourced by Sat Singh

    ਕਿਸਾਨ ਅੰਦਲੋਨ

    ਤਸਵੀਰ ਸਰੋਤ, Sourced by Sat Singh

  17. ਬਿਕਰਮ ਸਿੰਘ ਮਜੀਠੀਆ ਨੇ ਕਿਹਾ, 'ਅਸੀਂ ਕਿਸਾਨ ਭਾਈਚਾਰੇ ਨਾਲ ਇੱਕਜੁੱਟਦਾ ਦਾ ਪ੍ਰਗਟਾਵਾ ਕਰਦੇ ਰਹਾਂਗੇ'

    ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਘਰ ਤੇ ਕਾਲਾ ਝੰਡਾ ਲਹਿਰਾ ਕੇ ਕਿਸਾਨਾਂ ਦੀ ਹਿਮਾਇਤ ਕੀਤੀ।

    ਉਨ੍ਹਾਂ ਨੇ ਫੇਸਬੁੱਕ 'ਤੇ ਇੱਕ ਵੀਡੀਓ ਪੋਸਟ ਕਰਦਿਆਂ ਲਿਖਿਆ, "6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਨਾ ਕੀਤੇ 'ਤੇ ਰੋਸ ਦਾ ਪ੍ਰਗਟਾਵਾ ਕਰਦਿਆਂ, ਸਮੁੱਚੇ ਅਕਾਲੀ ਦਲ ਸਮੇਤ ਅਸੀਂ ਵੀ ਅੱਜ ਆਪਣੇ ਘਰ ਦੇ ਬਾਹਰ ਕਾਲਾ ਝੰਡਾ ਲਹਿਰਾਇਆ ਹੈ।"

    "ਕਿਸਾਨੀ ਨੂੰ ਬਰਬਾਦੀ ਦੇ ਰਾਹ 'ਤੇ ਲਿਜਾਣ ਵਾਲੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਜਾਰੀ ਇਸ ਸੰਘਰਸ਼ 'ਚ ਅਸੀਂ ਸਮੂਹ ਕਿਸਾਨ ਭਾਈਚਾਰੇ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਰਹਾਂਗੇ। ਜੈ ਕਿਸਾਨ।"

    ਕਿਸਾਨ ਅੰਦਲੋਨ, ਬਿਕਰਮ ਮਜੀਠੀਆ

    ਤਸਵੀਰ ਸਰੋਤ, Bikram Singh Majithia/FB

    ਤਸਵੀਰ ਕੈਪਸ਼ਨ, ਬਿਕਰਮ ਸਿੰਘ ਮਜੀਠੀਆ ਨੇ ਘਰ 'ਤੇ ਲਹਿਰਾਇਆ ਕਾਲਾ ਝੰਡਾ
  18. ਪ੍ਰਤਾਪ ਸਿੰਘ ਬਾਜਵਾ: ਸਰਕਾਰ 'ਮਨ ਕੀ ਬਾਤ' ਤੋਂ ਇਲਾਵਾ ਹੋਰ ਵੀ ਵਿਚਾਰ ਸੁਣੇ

    ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣੇ।

    ਉਨ੍ਹਾਂ ਨੇ ਕਿਹਾ, "ਸਾਡੇ ਕਿਸਾਨਾਂ ਦੀ ਸੁਰੱਖਿਆ ਲਈ ਜੋ 6 ਮਹੀਨਿਆਂ ਤੋਂ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਹਨ, ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਤੋਂ ਇਲਾਵਾ ਭਾਰਤ ਸਰਕਾਰ ਹੋਰ ਵਿਚਾਰਾਂ ਨੂੰ ਵੀ ਸੁਣੇਗੀ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਤਾਂ ਜੋ ਸਾਡੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਸਕਣ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਜਲੰਧਰ 'ਚ ਪੀਐੱਮ ਮੋਦੀ ਤੇ ਭਾਜਪਾ ਆਗੂਆਂ ਦਾ ਪੁਤਲਾ ਫੂਕਿਆ

    ਪ੍ਰਦੀਪ ਪੰਡਿਤ, ਜਲੰਧਰ ਤੋਂ

    ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਨੂੰ ਛੇ ਮਹੀਨੇ ਪੂਰੇ ਹੋਣ 'ਤੇ ਪੰਜਾਬ ਵਿੱਚ 'ਕਾਲਾ ਦਿਵਸ' ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

    ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਕਿਸ਼ਨਗੜ੍ਹ ਵਿਖੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ।

    ਇਸ ਦੌਰਾਨ ਉਨ੍ਹਾਂ ਨੇ ਪੀਐੱਮ ਮੋਦੀ ਤੇ ਭਾਜਪਾ ਆਗੂਆਂ ਦਾ ਪੁਤਲਾ ਫੂਕਿਆ।

    ਕਿਸਾਨ ਅੰਦਲੋਨ

    ਤਸਵੀਰ ਸਰੋਤ, Manjit Singh

  20. ਕਿਸਾਨ ਅੰਦੋਲਨ ਦੇ ਸਮਰਥਨ 'ਚ ਘਰਾਂ 'ਤੇ ਲਾਏ ਕਾਲੇ ਝੰਡੇ

    ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਲੋਕਾਂ ਨੇ ਆਪਣੇ ਘਰਾਂ 'ਤੇ ਕਾਲੇ ਝੰਡੇ ਲਾਏ।

    ਕਿਸਾਨਾਂ ਵੱਲੋਂ ਮਨਾਏ ਜਾ ਰਹੇ 'ਕਾਲੇ ਦਿਵਸ' ਦੇ ਸਮਰਥਨ ਵਿੱਚ ਲੋਕਾਂ ਨੇ ਆਪਣੇ ਘਰਾਂ ਅਤੇ ਟਰੈਕਟਰਾਂ 'ਤੇ ਕਾਲੇ ਝੰਡੇ ਲਾਏ।

    ਕਿਸਾਨ ਅੰਦੋਲਨ, ਅੰਮ੍ਰਿਤਸਰ

    ਤਸਵੀਰ ਸਰੋਤ, ANI

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post