ਕੋਵਿਨ ਐੱਪ: ਪੰਜਾਬ 'ਚ ਇੱਕ ਦਿਨ ਵਿਚ ਮੌਤਾਂ ਦਾ ਟੁੱਟਿਆ ਰਿਕਾਰਡ - 142 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3.6 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ।

ਲਾਈਵ ਕਵਰੇਜ

  1. ਭਾਰਤ ਦੀ ਕੋਵੈਕਸੀਨ ਕੋਰੋਨਾਵਾਇਰਸ ਦੇ ਬੀ.1.617 ਵੇਰੀਐਂਟ ਖ਼ਿਲਾਫ਼ ਅਸਰਦਾਰ: ਡਾ ਫਾਊਚੀ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਵ੍ਹਾਈਟ ਹਾਊਸ ਦੇ ਮੈਡੀਕਲ ਸਲਾਹਕਾਰ ਅਤੇ ਅਮਰੀਕਾ ਦੇ ਚੋਟੀ ਦੇ ਮਹਾਂਮਾਰੀ ਮਾਹਰ ਡਾ. ਐਂਥਨੀ ਫਾਊਚੀ ਨੇ ਕਿਹਾ ਹੈ ਕਿ ਭਾਰਤ ਵਿੱਚ ਬਣੀ ਕੋਵੈਕਸੀਨ ਕੋਰੋਨਾਵਾਇਰਸ ਦੇ ਜਾਨਲੇਵਾ ਵੇਰੀਐਂਟ B.1.167 ਦੇ ਖ਼ਿਲਾਫ਼ ਅਸਰਦਾਰ ਰਹੀ ਹੈ।ਡਾ. ਫਾਊਚੀ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਪ੍ਰੈਸ ਵਾਰਤਾ ਦੌਰਾਨ ਦਿੱਤੀ।

    ਖ਼ਬਰ ਏਜੰਸੀ ਪੀਟੀਆਈ ਅਨੁਸਾਰ ਡਾ. ਫਾਊਚੀ ਨੇ ਕਿਹਾ, "ਅਸੀਂ ਲੋਕ ਦੈਨਿਕ ਆਧਾਰ ’ਤੇ ਅੰਕੜੇ ਦੇਖ ਰਹੇ ਹਾਂ ਪਰ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਕੋਵੈਕਸੀਨ ਦੀ ਵਰਤੋਂ ਕਰਨ ਵਾਲਿਆਂ ਨੂੰ ਫ਼ਾਇਦਾ ਹੋਇਆ ਹੈ। ਇਹ B.1.617 ਵੇਰੀਐਂਟ ਖ਼ਿਲਾਫ਼ ਵੀ ਅਸਰਦਾਰ ਰਹੀ ਹੈ। ਅਜਿਹੇ ਵਿੱਚ ਭਾਰਤ ਵਿੱਚ ਟੀਕਾਕਰਨ ਬਹੁਤ ਹੀ ਅਹਿਮ ਹੈ।"

    ਮੰਗਲਵਾਰ ਨੂੰ ਨਿਊਯਾਰਕ ਟਾਇਮਜ਼ ਦੀ ਰਿਪੋਰਟ ਵਿੱਚ ਵੀ ਕਿਹਾ ਸੀ ਕਿ ਕੋਵੈਕਸੀਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਰੋਗ ਪ੍ਰਤੀਰੋਧਕ ਬਣਾਉਣ ਵਿੱਚ ਮਦਦ ਕਰ ਰਹੀ ਹੈ।ਕੋਵੈਕਸੀਨ ਨੂੰ ਭਾਰਤ ਬਾਇਓਟੈਕ ਨੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੌਲੋਜੀਅਤੇ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ 3 ਜਨਵਰੀ ਨੂੰ ਮਿਲੀ ਸੀ। ਟ੍ਰਾਇਲ ਨਤੀਜਿਆਂ ਵਿੱਚ ਇਸ ਦੀ ਕਾਰਗਰਤਾ ਦਰ 78 ਪ੍ਰਤੀਸ਼ਤ ਦੱਸੀ ਗਈ ਹੈ।

    ਡਾ ਫਾਊਚੀ ਨੇ ਕਿਹਾ,"ਅਸੀਂ ਕੋਵੈਕਸੀਨ ਦੇ ਲਈ ਲੋੜੀਂਦਾ ਕੱਚਾ ਮਾਲ ਭਾਰਤ ਭੇਜ ਰਹੇ ਹਾਂ ਤਾਂ ਕਿ ਉਥੇ ਹੋਰ ਟੀਕਿਆਂ ਦਾ ਉਤਪਾਦਨ ਹੋ ਸਕੇ। ਸਾਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅਹਿਮ ਮਦਦ ਹੈ।"

    ਇਸ ਤੋਂ ਪਹਿਲਾਂ ਭਾਰਤ ਵਿੱਚ ਹੀ ਕੋਵੈਕਸੀਨ ਨੂੰ ਲੈ ਕੇ ਕਈ ਸਵਾਲ ਉੱਠਦੇ ਰਹੇ ਹਨ ਅਤੇ ਛੱਤੀਸਗੜ੍ਹ ਨੇ ਇਸ ਦੀ ਵਰਤੋਂ ਤੋਂ ਇਨਕਾਰ ਕਰ ਦਿੱਤਾ ਸੀ।

    Coronavirus

    ਤਸਵੀਰ ਸਰੋਤ, Getty Images

  2. ਤੇਲੰਗਾਨਾ: ਆਕਸੀਜਨ ਹਾਸਲ ਕਰਨਾ ਸੌਖਾ ਕਾਰਜ ਵੀ ਨਹੀਂ ਰਿਹਾ

    ਤੇਲੰਗਾਨਾ ’ਚ ਕੋਰੋਨਾ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ। ਰਾਜ ਸਰਕਾਰ ਕੋਰੋਨਾ ਲਾਗ ਦੇ ਮਾਮਲਿਆਂ ਦੀ ਗਿਣਤੀ ਰੋਜ਼ਾਨਾਂ 6 ਹਜ਼ਾਰ ਤੋਂ ਉੱਪਰ ਦੱਸ ਰਹੀ ਹੈ।

    26 ਅਪ੍ਰੈਲ ਤੱਕ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4 ਲੱਖ ਨੂੰ ਪਾਰ ਹੋ ਗਈ ਸੀ, ਜਿੰਨ੍ਹਾਂ ’ਚੋਂ 3.40 ਲੱਖ ਮਾਮਲਿਆਂ ਦੀ ਰਿਕਵਰੀ ਵੀ ਹੋ ਗਈ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 26 ਅਪ੍ਰੈਲ ਨੂੰ ਰਾਤ ਦੇ 8 ਵਜੇ ਤੱਕ 2094 ਲੋਕਾਂ ਦੀ ਮੌਤ ਹੋ ਗਈ ਹੈ।

    ਸੂਬੇ ’ਚ 35 ਲੱਖ ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 5 ਲੱਖ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ।

    ਅੱਜ ਤੱਕ ਤੇਲੰਗਾਨਾ ’ਚ ਆਕਸੀਜਨ ਦੀ ਭਾਰੀ ਘਾਟ ਨਹੀਂ ਹੋਈ ਹੈ। ਇਸੇ ਸਮੇਂ ਆਕਸੀਜਨ ਹਾਸਲ ਕਰਨਾ ਸੌਖਾ ਕਾਰਜ ਵੀ ਨਹੀਂ ਰਿਹਾ ਹੈ। ਹਾਲਾਂਕਿ ਰੈਮਡੈਸੇਵੀਅਰ ਅਤੇ ਹੋਰ ਜ਼ਰੂਰੀ ਟੀਕੇ ਹਾਸਲ ਕਰਨ ’ਚ ਮੁਸ਼ਕਲਾਂ ਹੋ ਰਹੀਆਂ ਹਨ।

    ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ’ਚ ਇੰਨ੍ਹਾਂ ਟੀਕਿਆਂ ਦਾ ਭੰਡਾਰ ਕਾਫ਼ੀ ਮਾਤਰਾ ’ਚ ਉਪਲਬਧ ਹੈ। ਪਰ ਜੋ ਲੋਕ ਛੋਟੇ ਜਾਂ ਦਰਮਿਆਨੇ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਹਨ, ਉਨ੍ਹਾਂ ਨੂੰ ਇਹ ਟੀਕੇ ਹਾਸਲ ਕਰਨ ’ਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਉਨ੍ਹਾਂ ਨੂੰ ਇਹ ਟੀਕੇ ਬਲੈਕ ’ਚ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤੇਲੰਗਾਨਾ ਸਰਕਾਰ ਨੇ ਕਿਹਾ, “ ਪਰ ਕੁਝ ਤਕਨੀਕੀ ਮਸਲਿਆਂ ਦੇ ਕਾਰਨ ਇਹ ਸਥਿਤੀ ਬਣੀ ਹੈ ਅਤੇ ਅਸੀਂ ਇਸ ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।”

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  3. ਕਸ਼ਮੀਰ ’ਚ ਕੋਰੋਨਾ ਲਾਗ ਦੀ ਸਥਿਤੀ

    ਮਾਜਿਦ ਜਹਾਂਗੀਰ, ਸ੍ਰੀਨਗਰ ਤੋਂ

    ਕਸ਼ਮੀਰ ’ਚ ਮੰਗਲਵਾਰ ਨੂੰ ਕੋਰੋਨਾ ਦੇ 3,164 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਰਿਹਾ ਹੈ।

    ਸਿਰਫ ਕਸ਼ਮੀਰ ਵਾਦੀ ’ਚ ਹੀ 2,134 ਮਾਮਲੇ ਦਰਜ ਕੀਤੇ ਗਏ, ਜਿਸ ’ਚੋਂ 25 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ’ਚੋਂ 10 ਦਾ ਸਬੰਧ ਕਸ਼ਮੀਰ ਨਾਲ ਹੈ।

    ਪਿਛਲੇ ਇੱਕ ਮਹੀਨੇ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ।

    ਸ੍ਰੀਨਗਰ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਮੰਗਲਵਾਰ ਨੂੰ ਧਾਰਾ 144 ਲਗਾ ਦਿੱਤੀ ਹੈ।

    ਕਸ਼ਮੀਰ ’ਚ ਡਾਕਟਰਾਂ ਦੇ ਇੱਕ ਸੰਗਠਨ ਡਾਕਟਰ ਐਸੋਸੀਏਸ਼ਨ ਕਸ਼ਮੀਰ ਦੇ ਪ੍ਰਧਾਨ ਡਾ. ਨਿਸਾਰ ਉਲ ਹਸਨ ਨੇ ਦੱਸਿਆ ਹੈ ਕਿ ਕਸ਼ਮੀਰ ’ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ’ਚ ਵਾਧੇ ਦਾ ਕਾਰਨ ਇਹ ਹੈ ਕਿ ਲੋਕ ਹਸਪਤਾਲ ’ਚ ਆਉਣ ’ਚ ਦੇਰੀ ਕਰ ਰਹੇ ਹਨ।

    ਉਨ੍ਹਾਂ ਦੱਸਿਆ ਕਿ “ਜਦੋਂ ਲੋਕ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹਨ ਤਾਂ ਉਹ ਹਸਪਤਾਲ ਵੱਲ ਨੂੰ ਭੱਜਦੇ ਹਨ।”

    ਡਾ. ਨਿਸਾਰ ਕਹਿੰਦੇ ਹਨ, “ਕਸ਼ਮੀਰ ਦੇ ਹਸਪਤਾਲਾਂ ’ਚ ਆਈਸੀਯੂ ਬੈੱਡਾਂ ਦੀ ਘਾਟ ਹੋ ਗਈ ਹੈ, ਜਿਸ ਦੇ ਕਾਰਨ ਕੋਰੋਨਾ ਦੇ ਗੰਭੀਰ ਮਰੀਜ਼ ਨੂੰ ਹਸਪਤਾਲ ’ਚ ਲੰਮੇ ਸਮੇਂ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਕਰਕੇ ਮਰੀਜ਼ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਪਾ ਰਿਹਾ ਹੈ ਅਤੇ ਬਿਮਾਰ ਵਿਅਕਤੀ ਦੀਆਂ ਮੁਸ਼ਕਲਾਂ ’ਚ ਇਜ਼ਾਫਾ ਹੋ ਰਿਹਾ ਹੈ।”

    ਕਸ਼ਮੀਰ ’ਚ ਬੀਤੇ ਕੁਝ ਦਿਨਾਂ ’ਚ ਆਕਸੀਜਨ ਦੀ ਮੰਗ ਵੱਧ ਗਈ ਹੈ।

    ਪੂਰੇ ਜੰਮੂ-ਕਸ਼ਮੀਰ ’ਚ ਰਾਤ ਦਾ ਕਰਫਿਊ ਜਾਰੀ ਹੈ। ਕਰਫਿਊ ਦਾ ਸਮਾਂ ਸ਼ਾਮ ਦੇ ਅੱਠ ਵਜੇ ਤੋਂ ਸਵੇਰ ਦੇ ਛੇ ਵਜੇ ਤੱਕ ਹੈ। ਹਾਲਾਂਕਿ ਬੀਤੇ ਐਤਵਾਰ ਨੂੰ ਪੂਰੇ ਜੰਮੂ-ਕਸ਼ਮੀਰ ’ਚ ਦਿਨ ਭਰ ਲਈ ਕੋਰੋਨਾ ਕਰਫਿਊ ਲਾਗੂ ਕੀਤਾ ਗਿਆ ਸੀ।

    ਕੋਰੋਨਾਵਾਇਰਸ
  4. ਲੁਧਿਆਣਾ 'ਚ ਜਿੰਮੀ ਸ਼ੇਰਗਿੱਲ ਸਣੇ 30 ਲੋਕਾਂ ਵਿਰੁੱਧ ਮੁਕੱਦਮਾ ਦਰਜ

    ਗੁਰਮਿੰਦਰ ਸਿੰਘ ਗਰੇਵਾਲ, ਬੀਬੀਸੀ ਪੰਜਾਬੀ ਲਈ

    ਲੁਧਿਆਣਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੋਰੋਨਾ ਲੌਕਡਾਊਨ ਦੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਜਦੋਜਹਿਦ ਦੇ ਚਲਦਿਆਂ ਕਮਿਸ਼ਨਰ ਰੇਂਜ ਲੁਧਿਆਣਾ ਵਲੋਂ ਕੁੱਲ 27 ਮਾਮਲੇ ਦਰਜ ਕੀਤੇ ਗਏ।

    ਇੰਨਾਂ ਵਿੱਚੋਂ ਇੱਕ ਮਾਮਲਾ ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਉਨ੍ਹਾਂ ਦੇ 30 ਸਾਥੀਆਂ ਵਿਰੁੱਧ ਦਰਜ ਕੀਤਾ ਗਿਆ। ਜਿੰਮੀ ਸ਼ੇਰਗਿੱਲ ਕਿਸੇ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਲੁਧਿਆਣਾ ਆਏ ਹੋਏ ਸਨ, ਉਨ੍ਹਾਂ ਵਿਰੁੱਧ ਕੋਰੋਨਾ ਲੌਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਕਰਕੇ ਮਾਮਲਾ ਦਰਜ ਕੀਤਾ ਗਿਆ।

    ਸਬ ਇੰਸਪੈਕਟਰ ਮਨਿੰਦਰ ਕੌਰ ਵੱਲੋਂ ਦਰਜ ਮੁਕੱਦਮੇ 'ਚ ਲਿਖਿਆ ਹੈ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲੁਧਿਆਣਾ ਦੇ ਆਰੀਆ ਸਕੂਲ ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜਿੱਥੇ ਕਿ 100 ਤੋਂ 150 ਵਿਅਕਤੀ ਮੌਜੂਦ ਸਨ।

    Coronavirus
  5. ਆਂਧਰਾ ਪ੍ਰਦੇਸ਼: 'ਹਸਪਤਾਲ ਸਟਾਫ ਹੀ ਆਕਸੀਜਨ ਸਿਲੰਡਰ ਅਤੇ ਰੈਮਡੈਸੇਵੀਅਰ ਬਲੈਕ ’ਚ ਵੇਚਦੇ ਰਹੇ'

    ਆਂਧਰਾ ਪ੍ਰਦੇਸ਼ ’ਚ ਇੱਕ ਹੀ ਮਹੀਨੇ ਦੇ ਅਰਸੇ ਦੌਰਾਨ ਕੋਰੋਨਾ ਮਾਮਲਿਆਂ ਦੀ ਗਿਣਤੀ ’ਚ 150 ਗੁਣਾ ਵਾਧਾ ਦਰਜ ਕੀਤਾ ਗਿਆ ਹੈ।

    ਸਰਕਾਰੀ ਅੰਕੜਿਆਂ ਅਨੁਸਾਰ 27 ਅਪ੍ਰੈਲ ਤੱਕ ਕੋਰੋਨਾ ਪੌਜ਼ੀਟਿਵ ਦਰ 20 ਫੀਸਦ ਉੱਪਰ ਹੋ ਗਈ ਹੈ। ਹੁਣ ਇੱਥੇ ਇੱਕ ਹੀ ਦਿਨ ’ਚ 74,435 ਲੋਕਾਂ ਦੇ ਟੈਸਟ ਤੋਂ ਬਾਅਦ 11,434 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇੱਕ ਮਹੀਨਾ ਪਹਿਲਾਂ ਤੱਕ ਇੱਥੇ ਕੋਰੋਨਾ ਨਾਲ ਸਿਰਫ 4 ਹੀ ਮੌਤਾਂ ਹੋਈਆਂ ਸਨ, ਪਰ ਹੁਣ ਇੱਕ ਮਹੀਨੇ ਬਾਅਦ ਭਾਵ 27 ਅਪ੍ਰੈਲ ਤੱਕ 64 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਅਰਸੇ ਦੌਰਾਨ ਪੌਜ਼ੀਟਿਵ ਮਾਮਲਿਆਂ ’ਚ ਵੀ ਵਾਧਾ ਹੋਇਆ ਹੈ। ਇਸ ਅਰਸੇ ਦੌਰਾਨ ਚੋਣਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਵੇਖਣ ਨੂੰ ਮਿਲਿਆ ਹੈ।

    ਆਮ ਲੋਕਾਂ ਅਤੇ ਕਾਰੋਬਾਰੀ ਤਬਕੇ ਦੇ ਲੋਕਾਂ ਨੇ ਕਈ ਥਾਵਾਂ ’ਤੇ ਸਵੈਇੱਛੁਕ ਲੌਕਡਾਊਨ ਲਗਾ ਦਿੱਤਾ ਹੈ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਸ਼ੁਰੂ ਹੋਣ ’ਤੇ ਹੀ ਕਈ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੋ ਸਕਦਾ ਹੈ ਕਿ ਇਹ ਵਾਇਰਸ ਦੇ ਕੈਰੀਅਰ ਬਣੇ ਹੋਣ।

    ਰਾਜ ’ਚ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਸ ’ਚ ਹਸਪਤਾਲ ਸਟਾਫ ਹੀ ਆਕਸੀਜਨ ਸਿਲੰਡਰ ਅਤੇ ਰੈਮਡੈਸੇਵੀਅਰ ਬਲੈਕ ’ਚ ਵੇਚਦੇ ਪਾਏ ਗਏ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  6. 'ਡਿਊਟੀ ਕਰਦਿਆਂ ਤਾਂ ਪਾਣੀ ਪੀਣ ਦਾ ਵੀ ਸਮਾਂ ਨਹੀਂ ਮਿਲਦਾ'

    ਕੋਵਿਡ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਵਿਚਾਲੇ ਡਿਊਟੀ ਕਰ ਰਹੀਆਂ ਨਰਸਾਂ ਅਤੇ ਡਾਕਟਰਾਂ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਦੀ ਰਿਪੋਰਟ

    ਵੀਡੀਓ ਕੈਪਸ਼ਨ, ਕੋਰੋਨਾ ਦੇ ਦੌਰ ’ਚ ਪੰਜਾਬ ਦੀ ਨਰਸ ਤੇ ਡਾਕਟਰ ਦੀ ਭਾਵੁਕ ਕਹਾਣੀ
  7. ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮਹਾਰਾਸ਼ਟਰ ਦਾ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ: ਪੂਣੇ

    ਰਾਹੁਲ ਗਾਇਕਵਾਡ, ਪੂਣੇ, ਮਹਾਰਾਸ਼ਟਰ ਤੋਂ

    ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਮਹਾਰਾਸ਼ਟਰ ਨੂੰ ਆਪਣੀ ਜਕੜ ਵਿੱਚ ਬਹੁਤ ਬੁਰੀ ਤਰ੍ਹਾਂ ਲਿਆ ਤੇ ਪੂਣੇ ਇਸ ਸੂਬੇ ਦਾ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਰਿਹਾ।

    ਸ਼ਹਿਰ ਨੇ ਕੋਰੋਨਾ ਲਾਗ਼ ਦੇ ਸਭ ਤੋਂ ਵੱਧ ਐਕਟਿਵ ਮਾਮਲਿਆਂ, ਆਕਸੀਜਨ, ਵੈਂਟੀਲੇਟਰ ਬੈੱਡ ਆਦਿ ਦੀ ਕਮੀ ਦੇ ਚਲਦਿਆਂ ਕਈ ਸਭ ਤੋਂ ਬੁਰੇ ਦਿਨ ਦੇਖੇ।

    ਪਰ 19 ਅਪ੍ਰੈਲ ਤੋਂ ਸਥਿਤੀ ਵਿੱਚ ਸੁਧਾਰ ਆਉਣਾ ਸ਼ੁਰੂ ਹੋਇਆ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵੱਧਣ ਲੱਗੀ। ਇਹ ਰੁਝਾਨ ਇੱਕ ਹਫ਼ਤੇ ਤੱਕ ਚਲਦਾ ਰਿਹਾ। ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 54000 ਤੋਂ ਘੱਟ ਕੇ 47000 ਤੱਕ ਪਹੁੰਚ ਚੁੱਕੀ ਹੈ।

    19 ਅਪ੍ਰੈਲ ਦੇ ਅੰਕੜਿਆਂ ਮੁਤਾਬਕ, ਪੁਣੇ ਵਿੱਚ ਕੋਰੋਨਾ ਦੇ 4587 ਨਵੇਂ ਕੇਸ ਆਏ ਅਤੇ 6473 ਮਰੀਜ਼ ਠੀਕ ਹੋਏ। ਇਸੇ ਤਰ੍ਹਾਂ 26 ਅਪ੍ਰੈਲ ਨੂੰ 2538 ਨਵੇਂ ਕੇਸ ਆਏ ਅਤੇ 4351 ਮਰੀਜ਼ ਠੀਕ ਹੋਏ।

    ਪੁਣੇ ਵਿੱਚ ਕੋਰੋਨਾ ਦੇ ਨਵੇਂ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ। ਇਸ ਲਈ ਹਸਪਤਾਲਾਂ ਵਿੱਚ ਬੈੱਡ ਦੀ ਭਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘਟੀ ਹੈ। ਇਸ ਤੋਂ ਹਫ਼ਤਾ ਪਹਿਲਾਂ ਹਸਪਤਾਲ ਵਿੱਚ ਆਕਸੀਜਨ ਬੈੱਡ ਹਾਸਿਲ ਕਰਨਾ ਬਹੁਤ ਔਖਾ ਸੀ।

    ਕੁਝ ਦਿਨ ਪਹਿਲਾਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਕੁਲੈਕਟਰ ਦਫ਼ਤਰ ਮੂਹਰੇ ਧਰਨਾ ਵੀ ਦਿੱਤਾ। ਕੂਲੈਕਟਰ ਦਫ਼ਤਰ ਵਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ। ਉਨ੍ਹਾਂ ਨੇ ਦਵਾਈ ਦੀ ਸਹੀ ਤਰੀਕੇ ਨਾਲ ਵੰਡ ਲਈ ਇੱਕ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ। ਪਰ ਹਾਲੇ ਵੀ ਮਸਲਾ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ।

    Coronavirus

    ਤਸਵੀਰ ਸਰੋਤ, Getty Images

  8. ਕਰਨਾਲ: 'ਆਕਸੀਜਨ ਔਨ ਵੀਲਜ਼' ਪ੍ਰੋਗਰਾਮ ਰਾਹੀਂ ਰਾਹਤ ਪਹੁੰਚਾਉਣ ਦੀ ਕੋਸ਼ਿਸ਼

    ਸਤ ਸਿੰਘ, ਰੋਹਤਕ ਤੋਂ

    ਕਰਨਾਲ ਪ੍ਰਸ਼ਾਸਨ ਨੇ ਆਕਸੀਜਨ ਦੀ ਵੱਧਦੀ ਮੰਗ ਨੂੰ ਪੂਰਿਆਂ ਕਰਨ ਲਈ 'ਆਕਸੀਜਨ ਔਨ ਵੀਲਜ਼' ਨਾਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ।

    ਇੱਕ ਟਰੱਕ ਵਿੱਚ 100 ਆਕਸੀਜਨ ਸਿਲੰਡਰ ਫ਼ਿੱਟ ਕੀਤੇ ਗਏ ਹਨ ਅਤੇ ਇਹ ਉਨ੍ਹਾਂ ਹਸਪਤਾਲਾਂ ਨੂੰ ਆਕਸੀਜਨ ਮੁਹੱਈਆ ਕਰਵਾਏਗਾ ਜਿਨ੍ਹਾਂ ਨੂੰ ਕੋਵਿਡ ਮਰੀਜ਼ਾਂ ਦੇ ਇਲਾਜ਼ ਦੌਰਾਨ ਫ਼ੌਰੀ ਤੌਰ ’ਤੇ ਮੈਡੀਕਲ ਆਕਸੀਜਨ ਦੀ ਲੋੜ ਹੋਵੇਗੀ।

    ਕਰਨਾਲ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ ਕਿ 'ਆਕਸੀਜਨ ਔਨ ਵੀਲਜ਼' ਟਰੱਕ ਦੀਆਂ ਸੇਵਾਵਾਂ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸ਼ੁਰੂ ਕੀਤੀਆਂ ਗਈਆਂ।

    ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਪਾਣੀਪਤ ਤੇ ਰੁੜਕੀ ਤੋਂ ਹੁੰਦੀ ਹੈ ਪਰ ਹਸਪਤਾਲਾਂ ਦੀ ਫ਼ੌਰੀ ਮੰਗ ਨੂੰ ਪੂਰਿਆਂ ਕਰਨ ਲਈ ਆਕਸੀਜਨ ਔਨ ਵੀਲਜ਼ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ।

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਸਪਤਾਲਾਂ ਨੂੰ ਆਕਸੀਜਨ ਪ੍ਰਾਪਤ ਕਰਨ ਲਈ ਇੱਕ ਮੰਗ ਅਰਜ਼ੀ ਜਮ੍ਹਾਂ ਕਰਵਾਉਣੀ ਪਵੇਗੀ।

    ਆਕਸੀਜਨ

    ਤਸਵੀਰ ਸਰੋਤ, BBC/Sat Singh

  9. ਗੁਰਦਾਸਪੁਰ ਦੇ ਸਰਕਾਰੀ ਟੀਚਰ ਕੋਰੋਨਾ ਖਿਲਾਫ਼ ਮੈਦਾਨ 'ਚ

    ਪਿੰਡ ਛੀਨਾ ਦੇ ਰਹਿਣ ਵਾਲੇ ਅਧਿਆਪਕ ਰਣਜੀਤ ਸਿੰਘ ਸਪੀਕਰ ਲਾ ਕੇ ਕੋਰੋਨਾਵਾਇਰਸ ਤੋਂ ਬਚਾਅ ਲਈ ਜਾਗਰੂਕਤਾ ਫੈਲਾ ਰਹੇ ਹਨ।

    (ਰਿਪੋਰਟ - ਗੁਰਪ੍ਰੀਤ ਚਾਵਲਾ, ਐਡਿਟ - ਰਾਜਨ ਪਪਨੇਜਾ)

    ਵੀਡੀਓ ਕੈਪਸ਼ਨ, ਗੁਰਦਾਸਪੁਰ ਦਾ ਸਰਕਾਰੀ ਟੀਚਰ ਕੋਰੋਨਾ ਖਿਲਾਫ਼ ਮੈਦਾਨ 'ਚ
  10. 'ਮੈਂ ਕੋਰੋਨਾ ਖਿਲਾਫ਼ ਜੰਗ ਜਿੱਤੀ, ਮਾਸਕ ਤੇ ਸੈਨੇਟਾਈਜ਼ਰ ਵੰਡ ਕੇ ਜਿਓਂ ਰਿਹਾ ਹਾਂ ਨਵੀਂ ਜ਼ਿੰਦਗੀ’

    ਸੁਰਿੰਦਰ ਮਾਨ, ਮੋਗਾ ਤੋਂ

    ‘‘ਮੈਂ ਜ਼ਿੰਦਗੀ ਤੇ ਮੌਤ ਦਰਮਿਆਨ ਹਸਪਤਾਲ ਦੇ ਬੈਡ ’ਤੇ ਲੜਾਈ ਲੜੀ। ਆਖ਼ਰਕਾਰ ਫ਼ਤਹਿ ਹੋਈ। ਨਵੀਂ ਜ਼ਿੰਦਗੀ ਮਿਲੀ ਤੇ ਫਿਰ ਕਿਉਂ ਨਾ ਇਸ ਨਵੀਂ ਜ਼ਿੰਦਗੀ ਵਿੱਚ ਕੋਰੋਨਾ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਾਂ।’’

    ਇਹ ਸ਼ਬਦ ਮੋਗਾ ਦੇ ਵਸਨੀਕ ਇਕਬਾਲ ਸਿੰਘ ਖਹਿਰਾ ਦੇ ਹਨ, ਜਿਹੜੇ ਪਿਛਲੇ ਸਾਲ ਲੁਧਿਆਣਾ ਦੇ ਇੱਕ ਵੱਡੇ ਹਸਪਤਾਲ ’ਚ ਛਾਤੀ ਗਤੀਵਿਧੀ ਰੁਕਣ ਕਾਰਨ ਦਾਖ਼ਲ ਹੋਏ ਸਨ।

    ਉਹ ਕਹਿੰਦੇ ਹਨ ਕਿ ਭਾਰਤ ਨੇ ਪਿਛਲੇ ਸਾਲ ਫੈਲੀ ਕੋਰੋਨਾ ਦੀ ਬਿਮਾਰੀ ਤੋਂ ‘ਸਬਕ’ ਨਹੀਂ ਸਿੱਖਿਆ, ਜਿਸ ਕਾਰਨ ਅੱਜ ਦੇਸ਼ ਵਾਸੀ ‘ਬੇਹਾਲ’ ਹਨ।

    "ਮੈਂ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਲੋਕਾਂ ਨੂੰ ਮਾਸਕ ਵੰਡਣੇ ਅਤੇ ਲੋਕਾਂ ਨੂੰ ਬਿਨਾਂ ਕੰਮ ਤੋਂ ਘਰੋਂ ਨਾ ਨਿਕਲਣ ਲਈ ਜਾਗਰੂਕ ਕਰਨਾ ਬਣਾ ਲਿਆ ਹੈ। ਪਿਛਲੇ ਸਾਲ ਦੀ ਬੀਮਾਰੀ ਇੰਨੀ ਭਿਆਨਕ ਨਹੀਂ ਸੀ ਜਿੰਨੀ ਇਸ ਵਾਰ ਹੈ ਕਿਉਂਕਿ ਹੁਣ ਸਾਨੂੰ ਨਾ ਲੈਣ ਲਈ ਆਕਸੀਜਨ ਦੀ ਲੋੜ ਪੈ ਰਹੀ ਹੈ। ਮੈਂ ਨਹੀਂ ਚਾਹੁੰਦਾ ਕਿ ਕਰੋਨਾ ਦੀ ਮਾਰ ਹੇਠ ਆ ਕੇ ਕੋਈ ਕੀਮਤੀ ਜਾਨ ਚਲੀ ਜਾਵੇ, ਪਹਿਲਾਂ ਮੈਂ ਆਪਣੇ ਲਈ ਲੜਿਆ ਅਤੇ ਹੁਣ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਲੜਾਂਗਾ!”

    ਇਕਬਾਲ ਸਿੰਘ

    ਤਸਵੀਰ ਸਰੋਤ, BBC/Surinder Mann

  11. ਕੋਰੋਨਾ ਵੈਕਸੀਨ: ਕਿਹੜੇ ਟੀਕੇ ਮੌਜੂਦ ਹਨ ਤੇ ਇਨ੍ਹਾਂ ਦੀ ਲੋੜ ਕਿਉਂ?

    ਕੋਰੋਨਾ ਵੈਕਸੀਨ ਲਈ ਪੂਰੀ ਦੁਨੀਆਂ ਵਿੱਚ ਮੁਹਿੰਮ ਚੱਲ ਰਹੀ ਹੈ।

    ਦੁਨੀਆਂ ਭਰ ਦੇ 151 ਦੇਸਾਂ ਵਿੱਚ 67 ਕਰੋੜ ਤੋਂ ਵੱਧ ਵੈਕਸੀਨ ਡੋਜ਼ਿਜ਼ ਲੋਕਾਂ ਨੂੰ ਲਗਾਈਆਂ ਜਾ ਚੁੱਕੀਆਂ ਹਨ।

    ਲੋਕਾਂ ਦੇ ਬੀਮਾਰ ਹੋਣ, ਹਸਪਤਾਲ ਵਿੱਚ ਇਲਾਜ ਦੀ ਲੋੜ ਅਤੇ ਮੌਤ ਦੀ ਸੰਭਾਵਨਾਂ ਨੂੰ ਘਟਾਉਣ ਲਈ ਵੱਖ-ਵੱਖ ਤਰ੍ਹਾਂ ਦੀ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਹੈ।

    ਰਿਪੋਰਟ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  12. ਰੈੱਡ ਕਰਾਸ ਰਾਹੀਂ ਭਾਰਤ ਦੀ ਮਦਦ ਲਈ ਅੱਗੇ ਆਏ ਕੈਨੇਡਾ ਅਤੇ ਨਿਊਜ਼ੀਲੈਂਡ

    ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਭਾਰਤ ਨੂੰ ਇਸ ਵੇਲੇ ਮਦਦ ਦਾ ਭਰੋਸਾ ਦਿੱਤਾ ਹੈ।

    ਇਸੇ ਦੌਰਾਨ ਕੈਨੇਡਾ ਅਤੇ ਨਿਊਜ਼ੀਲੈਂਡ ਨੇ ਵੀ ਭਾਰਤ ਦੀ ਮਦਦ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਲਿਖਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਤੋਂ ਆ ਰਹੀਆਂ ਤਸਵੀਰਾਂ ਦਰਦਨਾਕ ਹਨ।

    ਉਨ੍ਹਾਂ ਨੇ ਕਿਹਾ ਭਾਰਤ ਦੇ ਮੁਕਾਬਲੇ ਨਿਊਜ਼ੀਲੈਂਡ ਚਾਹੇ ਇੱਕ ਛੋਟਾ ਦੇਸ਼ ਹੈ ਪਰ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਨ੍ਹਾਂ ਨਾਲ ਸਹਾਨੁਭੂਤੀ ਦੀ ਭਾਵਨਾ ਅਤੇ ਮਦਦ ਨਾ ਕਰੀਏ।

    ਉਨ੍ਹਾਂ ਨੇ ਅੱਗੇ ਲਿਖਿਆ ਕਿ ਨਿਊਜ਼ੀਲੈਂਡ ਦਸ ਲੱਖ ਨਿਊਜ਼ੀਲੈਂਡ ਡਾਲਰ ਅੰਤਰਰਾਸ਼ਟਰੀ ਰੈੱਡ ਕਰਾਸ ਨੂੰ ਦਾਨ ਕਰੇਗਾ ਜੋ ਅੱਗੋਂ ਭਾਰਤੀ ਰੈਡ ਕਰਾਸ ਨੂੰ ਕੋਵਿਡ ਦੇ ਇਲਾਜ਼ ਸੰਬੰਧੀ ਦਵਾਈਆਂ, ਆਕਸੀਜਨ ਆਦਿ ਲਈ ਮੁਹੱਈਆ ਕਰਵਾਇਆ ਜਾਵੇਗਾ।

    ਅੰਤਰਰਾਸ਼ਟਰੀ ਰੈੱਡਕਰਾਸ ਫੈੱਡਰੇਸ਼ਨ ਐਂਬੂਲੈਂਸ ਪੀਪੀਈ ਕਿੱਟ ਅਤੇ ਹੋਰ ਜ਼ਰੂਰੀ ਮੈਡੀਕਲ ਵਸਤੂਆਂ ਮੁਹੱਈਆ ਕਰਵਾਉਣ ਲਈ ਵੀ ਭਾਰਤ ਦੀ ਮਦਦ ਕਰੇਗਾ।

    ਕੈਨੇਡਾ ਸਰਕਾਰ ਵੱਲੋਂ ਵੀ ਮਹਾਂਮਾਰੀ ਦੌਰਾਨ ਭਾਰਤ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੈਨੇਡਾ ਸਰਕਾਰ ਇੱਕ ਕਰੋੜ ਕੈਨੇਡੀਅਨ ਡਾਲਰ ਰੈੱਡ ਕਰਾਸ ਨੂੰ ਮੁਹੱਈਆ ਕਰਵਾ ਰਹੀ ਹੈ ਜੋ ਭਾਰਤ ਦੀ ਰੈੱਡ ਕਰਾਸ ਸੋਸਾਇਟੀ ਨੂੰ ਮਹਾਂਮਾਰੀ ਦੌਰਾਨ ਪੇਸ਼ ਆ ਰਹੀ ਮੈਡੀਕਲ ਸਮਾਨ ਦੀ ਕਮੀ ਦੀ ਪੂਰਤੀ ਲਈ ਵਰਤਿਆ ਜਾਵੇਗਾ।

    Coronavirus

    ਤਸਵੀਰ ਸਰੋਤ, Jacinda Ardern/Facebook

  13. ਅਸਾਮ: ਚੋਣਾਂ ਤੋਂ ਬਾਅਦ ਵਧੇ ਲਾਗ ਦੇ ਮਾਮਲੇ

    ਦਿਲੀਪ ਕੁਮਾਰ ਸ਼ਰਮਾਂ, ਗੁਵਾਹਾਟੀ ਤੋਂ

    ਦੇਸ ਦੇ ਪੂਰਵ ਉੱਤਰੀ ਸੂਬੇ ਅਸਾਮ ਵਿੱਚ ਬੀਤੇ ਇੱਕ ਹਫ਼ਤੇ ਤੋਂ ਕੋਰੋਨਾ ਲਾਗ਼ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

    ਪਿਛਲੇ 24 ਘੰਟਿਆਂ ਦੌਰਾਨ ਯਾਨੀ ਮੰਗਲਵਾਰ ਦੇਰ ਸ਼ਾਮ ਤੱਕ ਸੂਬੇ ਵਿੱਚ ਕੋਰੋਨਾ ਦੇ 3132 ਨਵੇਂ ਮਾਮਲੇ ਸਾਹਮਣੇ ਆਏ। ਜਦੋਂ ਕਿ ਮੰਗਲਵਾਰ ਨੂੰ ਮਰਨ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ 18 ਸੀ।

    ਇਸ ਤਰ੍ਹਾਂ ਸੂਬੇ ਵਿੱਚ ਬੀਤੇ ਪੰਜ ਦਿਨਾਂ ਵਿੱਚ 73 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਸਭ ਤੋਂ ਬੁਰਾ ਹਾਲ ਗੁਵਾਹਾਟੀ ਮਹਾਂਨਗਰ ਦੇ ਕਾਮਰੂਪ ਮੈਟ੍ਰੋ ਜ਼ਿਲ੍ਹੇ ਦਾ ਹੈ ਜਿਥੇ ਮੰਗਲਵਾਰ ਨੂੰ 1313 ਮਾਮਲੇ ਸਾਹਮਣੇ ਆਏ।

    ਅਸਲ ’ਚ ਇਸੇ ਮਹੀਨੇ 6 ਅਪ੍ਰੈਲ ਨੂੰ ਅਸਾਮ ਵਿਧਾਨ ਸਭਾ ਵਿੱਚ ਚੋਣਾਂ ਮੁਕੰਮਲ ਹੋਈਆਂ ਅਤੇ ਇਸ ਤੋਂ ਕੁਝ ਦਿਨ ਬਾਅਦ ਹੀ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਅਚਾਨਕ ਸਾਹਮਣੇ ਆਉਣ ਲੱਗੇ।

    ਕਾਮਰੂਪ ਮੈਟ੍ਰੋ ਜ਼ਿਲ੍ਹੇ ਵਿੱਚ ਬੀਤੇ ਪੰਜ ਦਿਨਾਂ ਵਿੱਚ 4752 ਕੇਸ ਆ ਚੁੱਕੇ ਹਨ। ਇਸ ਦੌਰਾਨ ਗੁਵਾਹਾਟੀ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਆ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਪੂਰੇ ਸੂਬੇ ਵਿੱਚ ਰਾਤ 8 ਵਜੇ ਤੋਂ ਸਵੇਰ ਪੰਜ ਵਜੇ ਤੱਕ ਰਾਤ ਦਾ ਕਰਫ਼ਿਊ ਲਗਾ ਦਿੱਤਾ ਹੈ।

    ਇਸ ਤੋਂ ਇਲਾਵਾ ਨਰਸਰੀ ਤੋਂ ਅੱਠਵੀਂ ਤੱਕ ਸਾਰੇ ਸਕੂਲ, ਸਿਖਿਆ ਸੰਸਥਾਵਾਂ ਅਤੇ ਹੌਸਟਲ ਬੰਦ ਕਰ ਦਿੱਤੇ ਗਏ ਹਨ।

    ਦਿੱਲੀ, ਮਹਾਂਰਾਸ਼ਟਰ ਵਿੱਚ ਕੋਰੋਨਾ ਦਾ ਕਹਿਰ ਅਤੇ ਦਵਾਈਆਂ, ਆਕਸੀਜਨ ਦੀ ਪੇਸ਼ ਆਈ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਅਸਾਮ ਦੇ ਸਿਹਤ ਮੰਤਰੀ ਹਿਮੰਤ ਬਿਸਵ ਸਰਮਾ ਸਰਕਾਰ ਹਸਪਤਾਲਾਂ ਤੋਂ ਇਲਾਵਾ ਪ੍ਰਾਈਵੇਟ ਨਰਸਿੰਗ ਹੋਮਜ਼ ਦੇ ਨਾਲ ਮਿਲਕੇ ਮਰੀਜ਼ਾਂ ਲਈ ਵੱਧ ਬੈੱਡਾਂ ਦਾ ਇੰਤਜ਼ਾਮ ਕਰਨ ਵਿੱਚ ਲੱਗੇ ਹਨ ਤਾਂ ਜੋ ਹਾਲਾਤ ਕਾਬੂ ਵਿੱਚ ਰਹਿ ਸਕਣ।

    Coronavirus

    ਤਸਵੀਰ ਸਰੋਤ, Getty Images

  14. ਸਿਰਸਾ: ਧਾਰਾ 144 ਲਾਗੂ, ਘਰਾਂ ਨੂੰ ਪਰਤਣ ਲੱਗੇ ਪਰਵਾਸੀ ਮਜ਼ਦੂਰ

    ਪ੍ਰਭੂ ਦਿਆਲ, ਸਿਰਸਾ ਤੋਂ

    ਪਿਛਲੇ ਚਾਰ ਦਿਨਾਂ ’ਚ ਕੋਰੋਨਾ ਕਾਰਨ 20 ਜਣਿਆਂ ਦੀ ਮੌਤ ਹੋਈ ਹੈ ਜਦਕਿ ਇਨ੍ਹਾਂ ਚਾਰ ਦਿਨਾਂ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 1761 ਮਾਮਲੇ ਆਏ ਹਨ।

    ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੂਰੇ ਹਰਿਆਣਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜਿਸ ਦੇ ਤਹਿਤ ਚਾਰ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾਈ ਗਈ ਹੈ।

    ਸ਼ਹਿਰਾਂ ਤੇ ਕਸਬਿਆਂ ਨੂੰ ਹੁਣ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਕੋਰੋਨਾਵਾਇਰਸ ਦੀ ਲਾਗ ਵਾਲੇ ਮਰੀਜ਼ਾਂ ਦੇ ਇਲਾਜ਼ ਲਈ ਹੁਣ ਆਰਜੀ ਹਸਪਤਾਲ ਬਣਾਏ ਜਾ ਰਹੇ ਹਨ।

    ਇਲਾਕੇ ਵਿੱਚ ਵੱਧ ਰਹੇ ਕੋਰੋਨਾਵਾਇਰਸ ਪੌਜ਼ੀਟਿਵ ਮਾਮਲਿਆਂ ਅਤੇ ਕੰਮਕਾਜ ਬੰਦ ਹੋਣ ਕਾਰਨ ਬਿਹਾਰ, ਉਤਰ ਪ੍ਰਦੇਸ਼ ਤੋਂ ਆਏ ਮਜ਼ਦੂਰਾਂ ਦਾ ਮੁੜ ਆਪਣੇ ਪਿੱਤਰੀ ਸੂਬਿਆਂ ਵੱਲ ਪਰਵਾਸ ਦਾ ਸਿਲਸਿਲਾ ਜਾਰੀ ਹੈ।

    ਲੌਕਡਾਊਨ ਲਾਏ ਜਾਣ ਦੇ ਡਰੋਂ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਆਪਣੇ ਘਰਾਂ ਨੂੰ ਪ੍ਰਾਈਵੇਟ ਬੱਸਾਂ ਤੇ ਹੋਰ ਵਾਹਨਾਂ ’ਤੇ ਜਾ ਰਹੇ ਹਨ।

    ਜ਼ਿਲ੍ਹੇ ਵਿੱਚ ਇਸ ਸਮੇਂ 2462 ਕੋਰੋਨਾ ਪੌਜ਼ੀਟਿਵ ਕੇਸ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Prabhu Dyal/BBC

  15. PM ਕੇਅਰਜ਼ ਫੰਡ ਰਾਹੀਂ ਆਏ ਵੈਂਟੀਲੇਟਰਾਂ ਦਾ ਕੀ ਹਾਲ: ਬੀਬੀਸੀ ਜਾਂਚ

    ਪਿਛਲੇ ਸਾਲ ਪ੍ਰਧਾਨ ਮੰਤਰੀ ਕੇਅਰਜ਼ ਫੰਡ 'ਚੋਂ 2 ਹਜ਼ਾਰ ਕਰੋੜ ਰੁਪਏ ਵੈਂਟੀਲੇਟਰਾਂ ਦੀ ਪੂਰਤੀ ਕਰਨ ਲਈ ਦਿੱਤੇ ਗਏ ਸਨ, ਪਰ ਉਨ੍ਹਾਂ ਵੈਂਟੀਲੇਟਰਾਂ ਦਾ ਕੀ ਹੋਇਆ?

    ਬੀਬੀਸੀ ਨੇ ਆਪਣੀ ਜਾਂਚ 'ਚ ਪਾਇਆ ਕਿ-

    • ਪੀਐਮ ਕੇਅਰਜ਼ ਫੰਡ ਜ਼ਰੀਏ ਆਰਡਰ ਕੀਤੇ ਗਏ 58 ਹਜ਼ਾਰ 850 ਵੈਂਟੀਲਟਰਾਂ 'ਚੋਂ ਤਕਰੀਬਨ 30 ਹਜ਼ਾਰ ਵੈਂਟੀਲੇਟਰ ਹੀ ਖਰੀਦੇ ਗਏ ਸਨ।
    • ਕੋਰੋਨਾ ਦੀ ਪਹਿਲੀ ਲਹਿਰ ਦੇ ਮੱਠਾ ਪੈਣ 'ਤੇ ਵੈਂਟੀਲੇਟਰਾਂ ਦੀ ਖਰੀਦ 'ਚ ਵੀ ਢਿੱਲ ਵਰਤੀ ਗਈ।
    • ਇੱਕ ਹੀ ਸਪੇਸੀਫੀਕੇਸ਼ਨ ਵਾਲੇ ਵੈਂਟੀਲੇਟਰਾਂ ਦੀ ਕੀਮਤ 'ਚ ਭਾਰੀ ਅੰਤਰ।
    • ਬਿਹਾਰ, ਯੂਪੀ, ਛੱਤੀਸਗੜ੍ਹ, ਰਾਜਸਥਾਨ ਵਰਗੇ ਸੂਬਿਆਂ ਦੇ ਕਈ ਹਸਪਤਾਲਾਂ 'ਚ ਪੀਐਮ ਕੇਅਰਜ਼ ਦੇ ਵੈਂਟੀਲੇਟਰ ਬੇਕਾਰ ਪਏ ਹਨ।
    • ਕਈ ਥਾਵਾਂ 'ਤੇ ਤਾਂ ਵੈਂਟੀਲੇਟਰਾਂ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਦੀ ਸ਼ਿਕਾਇਤ ਵੀ ਆ ਰਹੀ ਹੈ।
    • ਕਈ ਥਾਵਾਂ 'ਤੇ ਸਿਖਲਾਈ ਪ੍ਰਾਪਤ ਸਟਾਫ ਦੀ ਕਮੀ ਹੈ ਅਤੇ ਕਈ ਥਾਵਾਂ 'ਤੇ ਵਾਇਰਿੰਗ ਖਰਾਬ ਹੈ ਅਤੇ ਕਿਤੇ ਤਾਂ ਅਡੈਪਟਰ ਹੀ ਨਹੀਂ ਹਨ।

    ਬੀਬੀਸੀ ਦੀ ਇਸ ਪੜਤਾਲ ਨੂੰ ਤਫ਼ਸੀਲ 'ਚ ਇੱਥੇ ਪੜ੍ਹੋ

    ਨਰਿੰਦਰ ਮੋਦੀ

    ਤਸਵੀਰ ਸਰੋਤ, Getty Images

  16. ਭਾਰਤ: 24 ਘੰਟਿਆਂ 'ਚ ਕੋਰੋਨਾ ਦੇ ਮਾਮਲੇ ਸਾਢੇ 3 ਲੱਖ ਤੋਂ ਪਾਰ

    ਕੋਰੋਨਾਵਾਇਰਸ
  17. ਤਾਲਾਬੰਦੀ ਦੇ ਚਲਦਿਆਂ ਗੂਗਲ ਮਾਲਕ ਨੂੰ ਹੋਇਆ ਰਿਕਾਰਡ ਮੁਨਾਫ਼ਾ

    ਗੂਗਲ ਮਾਲਕ ਕੰਪਨੀ ਅਲਫ਼ਾਬੈਟ ਦੀ ਕਮਾਈ ਵਿੱਚ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ ਵਾਧਾ ਦੇਖਣ ਨੂੰ ਮਿਲਿਆ।

    ਇਸ ਪਿੱਛੇ ਕਾਰਨ ਇਹ ਹੈ ਕਿ ਮਹਾਂਮਾਰੀ ਦੇ ਚਲਦਿਆਂ ਤਾਲਾਬੰਦੀ ਹੋਈ ਅਤੇ ਲੋਕਾਂ ਨੇ ਘਰਾਂ ਵਿੱਚ ਰਹਿੰਦਿਆਂ ਇਸ ਦੀਆਂ ਸੇਵਾਵਾਂ ਦੀ ਵਧੇਰੇ ਵਰਤੋਂ ਕੀਤੀ।

    ਮਾਰਚ ਤੱਕ ਤਿੰਨ ਮਹੀਨਿਆਂ ਦੌਰਾਨ ਇਸ਼ਤਿਹਾਰਬਾਜ਼ੀ ਦੀ ਆਮਦਨ ਤੋਂ ਹੋਣ ਵਾਲਾ ਕੁੱਲ ਮੁਨਾਫ਼ਾ 162 ਫ਼ੀਸਦ ਤੱਕ ਉਛਲਿਆ ਤੇ ਰਿਕਾਰਡ ਲਾਭ 1790 ਕਰੋੜ ਤੱਕ ਪਹੁੰਚ ਗਿਆ।

    ਫ਼ਰਮ ਨੇ ਨਤੀਜਿਆਂ ਦਾ ਸਿਹਰਾ, ਉਪਭੋਗਤਾਵਾਂ ਦੀ ਇੰਟਰਨੈੱਟ ਤੇ ਆਨਲਾਈਨ ਗਤੀਵਿਧੀ ਨੂੰ ਦਿੱਤਾ।

    ਅਲਫ਼ਾਬੈੱਟ ਅਤੇ ਗੂਗਲ ਦੇ ਚੀਫ਼ ਐਗਜ਼ੀਕਿਊਟਿਵ ਸੁੰਦਰ ਪਿਚਾਈ ਨੇ ਕਿਹਾ, "ਪਿਛਲੇ ਸਾਲ ਦੌਰਾਨ ਜਾਣਕਾਰੀ ਲੈਣ, ਜੁੜੇ ਰਹਿਣ ਅਤੇ ਮਨੋਰੰਜਨ ਲਈ ਲੋਕਾਂ ਦਾ ਰੁਖ਼ ਗੂਗਲ ਸਰਚ ਅਤੇ ਹੋਰ ਆਨਲਾਈਨ ਸੇਵਾਵਾਂ ਵੱਲ ਹੋਇਆ ਹੈ।"

    ਵਿਸ਼ਲੇਸ਼ਕਾਂ ਨੂੰ ਬਿਹਤਰ ਕਾਰਗੁਜ਼ਾਰੀ ਦੀ ਆਸ ਹੈ ਕਿਉਂਕਿ ਦੁਨੀਆਂ ਭਰ ਵਿੱਚ ਅਰਥਚਾਰੇ ਮੁੜ ਖੁੱਲ੍ਹਣਗੇ ਅਤੇ ਆਨਲਾਈਨ ਇਸ਼ਤਿਹਾਰਬਾਜ਼ੀ ਨੂੰ ਹੋਰ ਉਤਸ਼ਾਹਿਤ ਕਰਨਗੇ।

    ਗੂਗਲ

    ਤਸਵੀਰ ਸਰੋਤ, Getty Images

  18. ਮਹਾਰਾਸ਼ਟਰ: ਜਿੱਥੇ ਆਕਸੀਜਨ ਲੀਕ ਹੋਈ ਉੱਥੋਂ ਤਾਜ਼ਾ ਰਿਪੋਰਟ

    ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਵਿਚਾਲੇ ਮਹਾਰਾਸ਼ਟਰ ਤੋਂ ਬੀਬੀਸੀ ਪੱਤਰਕਾਰ ਅਨਘਾ ਪਾਠਕ ਦੀ ਵਿਸ਼ੇਸ਼ ਰਿਪੋਰਟ

    ਵੀਡੀਓ ਕੈਪਸ਼ਨ, ਮਹਾਰਾਸ਼ਟਰ: ਜਿੱਥੇ ਆਕਸੀਜਨ ਲੀਕ ਹੋਈ ਉੱਥੋਂ ਤਾਜ਼ਾ ਰਿਪੋਰਟ
  19. ਛੱਤੀਸਗੜ੍ਹ: ਅਪ੍ਰੈਲ ਮਹੀਨੇ ਕੋਰੋਨਾ ਮਾਮਲਿਆਂ ਦੀ ਗਿਣਤੀ ਦੇਸ ਭਰ ’ਚ ਦੂਜੇ ਨੰਬਰ 'ਤੇ

    ਆਲੋਕ ਪ੍ਰਕਾਸ਼ ਪੁਤੁਲ, ਰਾਏਪੁਰ, ਛੱਤੀਸਗੜ੍ਹ ਤੋਂ

    ਛੱਤੀਸਗੜ੍ਹ ਵਿੱਚ ਪਿਛਲੇ 24 ਘੰਟਿਆ ਵਿੱਚ ਕੋਰੋਨਾ ਦੇ 14,893 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 236 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ।

    ਦੂਜੇ ਸੂਬਿਆਂ ਅਤੇ ਕੌਮੀ ਪੱਧਰ ’ਤੇ ਲਾਗ਼ ਦਾ ਫ਼ੈਲਾਅ ਤੇਜ਼ ਹੋਣ ਦੀ ਦਰ ਭਾਵੇਂ ਘਟੀ ਹੋਵੇ ਪਰ ਕੋਰੋਨਾ ਪੀੜਤਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਸੂਬੇ ਵਿੱਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧਦੇ ਜਾ ਰਹੇ ਹਨ।

    ਅਪ੍ਰੈਲ ਮਹੀਨੇ ਕੋਰੋਨਾ ਪੀੜਤ ਮਾਮਲਿਆਂ ਵਿੱਚ ਛੱਤੀਸਗੜ੍ਹ ਦੇਸ ਵਿੱਚ ਮਹਾਂਰਾਸ਼ਟਰ ਤੋਂ ਬਾਅਦ ਦੂਜੇ ਨੰਬਰ ’ਤੇ ਸੀ।

    ਅੰਕੜਿਆਂ ਨੂੰ ਦੇਖੀਏ ਤਾਂ ਪੂਰੇ ਸਾਲ ਵਿੱਚ 31 ਮਾਰਚ ਤੱਕ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 3,49,187 ਸੀ। ਜਿਨ੍ਹਾਂ ਵਿੱਚ 4,170 ਲੋਕਾਂ ਦੀ ਮੌਤ ਹੋਈ ਸੀ ਅਤੇ ਐਕਟਿਵ ਮਾਮਲਿਆਂ ਦੀ ਗਿਣਤੀ 25,529 ਸੀ।

    ਪਰ ਅਪ੍ਰੈਲ ਮਹੀਨੇ ਵਿੱਚ ਸਾਰੇ ਰਿਕਾਰਡ ਟੁੱਟ ਗਏ ਅਤੇ ਪਿਛਲੇ 27 ਦਿਨਾਂ ਵਿੱਚ ਹੀ ਕੁੱਲ ਕੋਰੋਨਾ ਮਾਮਲਿਆਂ ਦਾ ਅੰਕੜਾ 6,82,339 ਤੱਕ ਜਾ ਪਹੁੰਚ ਗਿਆ ਅਤੇ ਮੌਤਾ ਦੀ ਗਿਣਤੀ 7,782 ਤੱਕ ਪਹੁੰਚ ਗਈ।

    ਅੱਜ ਦੀ ਤਾਰੀਖ਼ ਵਿੱਚ ਸੂਬੇ ਵਿੱਚ ਕੋਰੋਨਾ ਦੇ ਐਕਟਿਵ ਕੇਸ 1,19,068 ਹਨ।

    ਛੱਤੀਸਗੜ੍ਹ

    ਤਸਵੀਰ ਸਰੋਤ, Getty Images

  20. ਗੁਜਰਾਤ: ਕੋਰੋਨਾਵਾਇਰਸ ਦੀ ਗ੍ਰਿਫ਼ਤ 'ਚ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ

    ਰੌਕਸੀ ਗਾਗਡੇਕਰ, ਅਹਿਮਦਾਬਾਦ

    ਕੋਰੋਨਾਵਾਇਰਸ ਦੀ ਗ੍ਰਿਫ਼ਤ ਵਿੱਚ ਗੁਜਰਾਤ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਆਇਆ ਹੈ। ਇਹ ਸ਼ਹਿਰ ਗੁਜਰਾਤ ਦੇ ਮੁੱਖ ਸ਼ਹਿਰਾਂ ਵਿੱਚੋਂ ਇੱਕ ਹੈ।

    ਪਿਛਲੇ ਇੱਕ ਹਫ਼ਤੇ ਦੇ ਅੰਕੜਿਆਂ ਉੱਪਰ ਨਜ਼ਰ ਮਾਰੀ ਜਾਵੇ ਤਾਂ ਹਰ ਰੋਜ਼ ਔਸਤਨ 5500 ਕੇਸ ਅਤੇ 20 ਤੋਂ 25 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਮਰੀਜ਼ਾਂ ਅਤੇ ਮੌਤਾਂ ਦੇ ਸਹੀ ਅੰਕੜੇ ਨਾ ਦੱਸੇ ਜਾਣ ਦੇ ਦੋਸ਼ ਵੀ ਪ੍ਰਸ਼ਾਸਨ ਉੱਪਰ ਲੱਗੇ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤੇ ਸਾਬਰਮਤੀ ਰਿਵਰ ਫਰੰਟ ਲਈ ਮਸ਼ਹੂਰ ਅਹਿਮਦਾਬਾਦ ਗੁਜਰਾਤ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸ ਦੇ ਸਿਵਲ ਹਸਪਤਾਲ ਦੇ ਬਾਹਰ ਐਂਬੂਲੈਂਸਾਂ ਦੀ ਕਤਾਰ ਦਿਨ ਪ੍ਰਤੀ ਦਿਨ ਲੰਮੀ ਹੁੰਦੀ ਜਾ ਰਹੀ ਹੈ।

    ਸੂਬਾ ਸਰਕਾਰ ਨੇ ਭਾਵੇਂ ਹਸਪਤਾਲਾਂ ਵਿਚ ਬੈੱਡ ਵਧਾ ਦਿੱਤੇ ਹਨ ਪਰ ਮਾਹਰਾਂ ਮੁਤਾਬਕ ਇਹ ਹਾਲੇ ਵੀ ਲੋੜ ਤੋਂ ਘੱਟ ਹਨ।

    ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਮੌਜੂਦ ਹੈ ਪਰ ਉਨ੍ਹਾਂ ਨੂੰ ਇਹ ਚਿੰਤਾ ਹੈ ਕਿ ਜਦੋਂ ਇਹ ਮੁੱਕ ਜਾਵੇਗੀ ਤਾਂ ਕੀ ਸਪਲਾਈ ਜਾਰੀ ਰਹੇਗੀ?

    ਕੁਝ ਨਿੱਜੀ ਹਸਪਤਾਲਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਜੇ ਮਰੀਜ਼ ਦੇ ਸਰੀਰ ਵਿੱਚ ਆਕਸੀਜਨ ਸੈਚੁਰੇਸ਼ਨ ਦਾ ਪੱਧਰ 94-95 ਤੋਂ ਘੱਟ ਹੈ ਤਾਂ ਉਹ ਉਸ ਨੂੰ ਦਾਖਲ ਨਹੀਂ ਕਰਨਗੇ।

    ਸ਼ਹਿਰ ਦੀਆਂ ਕੰਮਕਾਜ ਨਾਲ ਸੰਬੰਧਿਤ ਕਈ ਇਮਾਰਤਾਂ ਨੂੰ 4 ਮਈ ਤੱਕ ਬੰਦ ਕੀਤਾ ਗਿਆ ਹੈ ਅਤੇ ਇੱਕ ਕੰਟਰੋਲ ਰੂਮ ਦੀ ਸਥਾਪਨਾ ਵੀ ਕੀਤੀ ਗਈ ਹੈ ਤਾਂ ਜੋ 24 ਘੰਟੇ ਆਕਸੀਜਨ ਦੀ ਸਪਲਾਈ ਹੁੰਦੀ ਰਹੇ ਪਰ ਸ਼ਹਿਰ ਦੇ ਹਸਪਤਾਲਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images