ਆਸਟ੍ਰੇਲੀਆ: ਮੈਲਬਰਨ ਵਿੱਚ ਲੌਕਡਾਊਨ ਲਾਗੂ
ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬਰਨ ਵਿੱਚ ਕੋਰੋਨਾ ਲਾਗ ਦੇ ਵਾਧੇ ਨੂੰ ਦੇਖਦਿਆਂ ਹੋਇਆ ਦੂਜੀ ਵਾਰ ਲੌਕਡਾਊਨ ਲਗਾਇਆ ਗਿਆ ਹੈ।
ਨਵੇਂ ਆਦੇਸ਼ ਦੇ ਤਹਿਤ ਕਰੀਬ 50 ਲੱਖ ਮੈਲਬਰਨ ਵਾਸੀਆਂ ਨੂੰ ਆਪਣੇ ਘਰਾਂ ਤੋਂ ਨਿਕਲਣ ਦੀ ਆਗਿਆ ਨਹੀਂ ਹੋਵੇਗੀ, ਹਾਲਾਂਕਿ, ਜ਼ਰੂਰੀ ਸੇਵਾਵਾਂ ਲਈ ਉਹ ਘਰੋਂ ਨਿਕਲ ਸਕਣਗੇ।
ਸਥਾਨਕ ਪੁਲਿਸ ਮੁਤਾਬਕ ਸ਼ਹਿਰ ਦੇ ਚਾਰੇ ਪਾਸੇ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕਈ ਚੈੱਕਪੁਆਇੰਟ ਵੀ ਬਣਾਏ ਗਏ ਹਨ। ਮੰਗਲਵਾਰ ਨੂੰ ਹੀ ਵਿਕਟੋਰੀਆ ਦੀ ਦੂਜੇ ਸੂਬਿਆਂ ਨਾਲ ਲਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ।
ਮੈਲਬਰਨ ਵਿਕਟੋਰੀਆ ਦੀ ਰਾਜਧਾਨੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਸਕੌਟ ਮਾਰੀਸ਼ਨ ਨੇ ਬੁੱਧਵਾਰ ਨੂੰ ਮੈਲਬਰਨ ਵਾਸੀਆਂ ਨੂੰ ਕਿਹਾ ਹੈ, “ਤੁਸੀਂ ਅਜੇ ਵੀ ਜੋ ਸਹਿ ਰਹੇ ਹੋ, ਉਸ ਦੀ ਕੀਮਤ ਪੂਰਾ ਦੇਸ਼ ਜਾਣਦਾ ਹੈ। ਤੁਸੀਂ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਲਈ ਇਹ ਨਹੀਂ ਸਹਿ ਰਹੇ ਬਲਕਿ ਪੂਰੇ ਆਸਟ੍ਰੇਲੀਆਈ ਭਾਈਚਾਰੇ ਲਈ ਇਹ ਪਾਬੰਦੀ ਸਹਿ ਰਹੇ ਹੋ।”
ਮੰਗਲਵਾਰ ਨੂੰ ਸ਼ਹਿਰ ਵਿੱਚ ਕੋਰੋਨਾਵਾਇਰਸ ਦੇ ਰਿਕਾਰਡ 191 ਮਾਮਲੇ ਸਾਹਮਣੇ ਆਏ ਸਨ, ਜਦ ਕਿ ਬੁੱਧਵਾਰ ਨੂੰ ਮੈਲਬਰਨ ਵਿੱਚ ਕੋਰੋਨਾ ਲਾਗ ਦੇ 134 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ।
ਹੁਣ ਤੱਕ ਆਸਟ੍ਰੇਲੀਆ ਵਿੱਚ ਕੋਰੋਨਾ ਲਾਗ ਦੇ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦ ਕਿ 106 ਲੋਕਾਂ ਦੀ ਮੌਤ ਲਾਗ ਨਾਲ ਹੋਈ ਹੈ।