ਕੋਰੋਨਾਵਾਇਰਸ ਅਪਡੇਟ: ਮਹਾਰਾਸ਼ਟਰ 'ਚ ਵੂਹਾਨ ਨਾਲੋਂ ਵੱਧ ਮਾਮਲੇ, ਪੰਜਾਬ ਦਾ ਕੀ ਹੈ ਤਾਜ਼ਾ ਹਾਲ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 71 ਲੱਖ ਤੋਂ ਪਾਰ, 4 ਲੱਖ 7 ਹਜਾਰ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਵਿਸ਼ਵ ਸਿਹਤ ਸੰਗਠਨ ਦੀ ਪਾਕਿਸਤਾਨ ਨੂੰ ਸਲਾਹ

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲਿਆਂ ਵਿੱਚ ਵਾਧਾ ਜਾਰੀ ਹੈ। ਪੂਰੀ ਦੁਨੀਆਂ ਵਿੱਚ ਲਾਗ ਦੇ ਮਾਮਲੇ 72.72 ਲੱਖ ਤੋਂ ਪਾਰ ਹੋ ਗਏ ਹਨ, ਜਦ ਕਿ 4.11 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

    • ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਵਿੱਚ ਹਨ, ਮੌਤਾਂ ਦੇ ਮਾਮਲਿਆਂ ਵਿੱਚ ਅਮਰੀਕਾ, ਬਰਤਾਨੀਆ ਅਤੇ ਬ੍ਰਾਜ਼ੀਲ ਮੋਹਰੀ ਹਨ।
    • ਮੈਕਸੀਕੋ ਦੇ ਉੱਪ-ਸਿਹਤ ਮੰਤਰੀ ਨੇ ਕਿਹਾ ਹੈ ਕਿ ਦੇਸ ਵਿੱਚ ਅਜੇ ਮਾਮਲਿਆਂ ਦਾ ਸ਼ਿਖ਼ਰ ਆਉਣ ਵਿੱਚ ਹਫ਼ਤੇ ਲੱਗਣਗੇ। ਮੈਕਸੀਕੋ ਵਿੱਚ ਹੁਣ ਤੱਕ 14 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
    • ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਬ੍ਰਾਜ਼ੀਲ ਨੇ ਪੁਰਾਣੇ ਅੰਕੜਿਆਂ ਨੂੰ ਬਹਾਲ ਕਰ ਦਿੱਤਾ ਹੈ। ਬੋਲਸੋਨਾਰੋ ਸਰਕਾਰ ਨੇ ਅਧਿਕਾਰਤ ਵੈਬਸਾਈਟ ਉੱਤੇ ਅੰਕੜੇ ਬਦਲ ਦਿੱਤੇ ਸਨ। ਬ੍ਰਾਜ਼ੀਲ ਵਿੱਚ 38 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
    • ਤੁਰਕੀ ਦੇ ਰਾਸ਼ਟਰਪਤੀ ਰੇਜੇਪ ਤਈਅਪ ਆਰਦੋਆਨ ਨੇ ਕਿਹਾ ਹੈ ਕਿ ਤੁਰਕੀ 65 ਸਾਲ ਤੋਂ ਉੱਪਰ ਦੇ ਲੋਕਾਂ ਲਈ ਘਰ ਵਿੱਚ ਰਹਿਣ ਦੇ ਆਦੇਸ਼ਾਂ ਨੂੰ ਹਟਾ ਰਿਹਾ ਹੈ ਅਤੇ ਨਾਬਲਾਗਾਂ ਲਈ ਵੀ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ। 65 ਸਾਲ ਤੋਂ ਉੱਤੇ ਲੋਕ ਹੁਣ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਘਰੋਂ ਬਾਹਰ ਜਾ ਸਕਣਗੇ।
    • ਵਿਸ਼ਵ ਸਿਹਤ ਸੰਗਠਨ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਨਿਸ਼ਾਨਦੇਹੀ ਵਾਲੇ ਖੇਤਰਾਂ ਵਿੱਚ ʻਰੁੱਕ-ਰੁੱਕ ਕੇ ਲੌਕਡਾਊਨ’ ਲਾਗੂ ਕਰਨ। ਅਜਿਹਾ ਇਸ ਲਈ ਕਿਹਾ ਹੈ ਗਿਆ ਹੈ ਕਿ ਕਿਉਂਕਿ ਸੰਗਠਨ ਦਾ ਮੰਨਣਾ ਹੈ ਕਿ ਪਾਕਿਸਤਾਨ ਨੇ ਉਸ ਦੀਆਂ ਸ਼ਰਤਾਂ ਦੇ ਹਿਸਾਬ ਨਾਲ ਪਾਬੰਦੀਆਂ ਨਹੀਂ ਹਟਾਈਆਂ ਹਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  2. ਕੋਰੋਨਾਵਾਇਰਸ: ਬਰਤਾਨੀਆ ਦੇ ਹਾਲਾਤ

    ਜੌਨ ਹੌਪਕਿਨਸ ਯੂਨੀਵਰਿਸਟੀ ਦੇ ਅੰਕੜਿਆਂ ਮੁਤਾਬਕ ਬਰਤਾਨੀਆ ਵਿੱਚ ਲਾਗ ਦੇ ਮਾਮਲੇ ਵੱਧ ਕੇ 2 ਲੱਖ 9 ਹਜ਼ਾਰ ਤੋਂ ਪਾਰ ਹੋ ਗਏ ਹਨ। ਇਸ ਨੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਕਰੀਬ 41 ਹਜ਼ਾਰ ਤੋਂ ਗਈ ਹੈ।

    ਕੋਰੋਨਾਵਾਇਰਸ ਮਹਾਂਮਾਰੀ ’ਤੇ ਹੋਣ ਵਾਲੀ ਰੌਜ਼ਾਨਾ ਪ੍ਰੈੱਸ ਬ੍ਰੀਫਿੰਗ ਨੂੰ ਮੰਗਲਵਾਰ ਨੂੰ ਬਰਤਾਨੀਆ ਦੇ ਵਪਾਰਕ ਸਕੱਤਰ ਆਲੋਕ ਸ਼ਰਮਾ ਅਤੇ ਹੈਲਥ ਐਂਡ ਸੇਫਟੀ ਐਗਜ਼ੀਕਿਊਟਿਵ ਸੀਈਓ ਸਾਰਾਹ ਐਲਬਨ ਨੇ ਸੰਬੋਧਨ ਕੀਤੀ।

    ਪ੍ਰੈੱਸ ਬ੍ਰੀਫਿੰਗ ਦੇ ਅਹਿਮ ਬਿੰਦੂ

    • ਸੋਮਵਾਰ ਤੋਂ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ ਪਰ ਉਨ੍ਹਾਂ ਲਈ ਕੋਰੋਨਾਵਾਇਰਸ ਲਾਗ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।
    • ਜੋ ਦੁਕਾਨਦਾਰ ਹਦਾਇਤਾਂ ਦਾ ਪਾਲਣ ਨਹੀਂ ਕਰਨਗੇ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
    • ਬਾਰ, ਰੈਸਟੋਰੈਂਟ ਤੇ ਪਬ ਨੂੰ ਚਾਰ ਜੁਲਾਈ ਤੋਂ ਦੁਬਾਰਾ ਖੋਲ੍ਹਣ ਦੀ ਯੋਜਨਾ ਹੈ।
    • ਸੋਸ਼ਲ ਡਿਸਟੈਂਸਿੰਗ ਦੇ ਤਹਿਤ ਦੋ ਮੀਟਰ ਦੀ ਦੂਰੀ ਕਾਇਮ ਰੱਖਣ ਦਾ ਨਿਯਮ ਹੁਣ ਵੀ ਹੈ ਪਰ ਇਸ ਦੀ ਸਮੀਖਿਆ ਕੀਤੀ ਜਾ ਸਕਦੀ ਹੈ।
    ਬਰਤਾਨੀਆ ਦੇ ਹਾਲਾਤ
  3. ਚੀਨ ਨੇ ਆਸਟਰੇਲੀਆ ਵਿੱਚ ਪੜ੍ਹ ਰਹੇ ਆਪਣੇ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ

    ਚੀਨ ਨੇ ਆਸਟਰੇਲੀਆ ਵਿੱਚ ਪੜ੍ਹ ਰਹੇ ਆਪਣੇ ਵਿਦਿਆਰਥੀਆਂ ਨੂੰ ਇਹ ਕਹਿੰਦਿਆਂ ਹੋਇਆ ʻਸਾਵਧਾਨੀ ਵਰਤਣ’ ਦੀ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ʻਨਸਲਵਾਦੀ ਹਮਲਿਆਂ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

    ਚੀਨ ਦੇ ਸਿੱਖਿਆ ਮੰਤਰਾਲੇ ਨੇ ਇਸ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ।

    ਉਨ੍ਹਾਂ ਨੇ ਕਿਹਾ ਹੈ, "ਮਹਾਂਮਾਰੀ ਦੌਰਾਨ, ਆਸਟਰੇਲੀਆ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਨਾਲ ਵਿਤਕਰੇ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿੱਚ ਏਸ਼ੀਆਈ ਲੋਕਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ।"

    "ਵਿਸ਼ਵ ਪੱਧਰ ’ਤੇ, ਕੋਵਿਡ-19 ਦੇ ਸੰਕਟ ਨੂੰ ਹੁਣ ਤੱਕ ਅਸਰਦਾਰ ਢੰਗ ਨਾਲ ਕਾਬੂ ਨਹੀਂ ਕੀਤਾ ਗਿਆ ਹੈ, ਇਸ ਲਈ ਯਾਤਰਾ ਕਰਨਾ ਅਤੇ ਯੂਨੀਵਰਸਿਟੀ ਦੇ ਖੁੱਲ੍ਹਣ ਤੋਂ ਬਾਅਦ ਯੂਨੀਵਰਸਿਟੀ ’ਚ ਘੁੰਮਣਾ ਜੋਖ਼ਮ ਭਰਿਆ ਹੋ ਸਕਦਾ ਹੈ।"

    ਪਰ ਆਸਟਰੇਲੀਆ ਦੇ ਸਿੱਖਿਆ ਮੰਤਰੀ ਡੈਨ ਤੇਹਾਨ ਨੇ ਚੀਨ ਦੇ ਇਸ ਦਾਅਵੇ ਨੂੰ ਗ਼ਲਤ ਦੱਸਿਆ ਹੈ।

    ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਕਿਹਾ, "ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਪੜ੍ਹਾਈ ਦੇ ਲਿਹਾਜ਼ ਨਾਲ ਆਸਟੇਰਲੀਆ ਇੱਕ ਪਸੰਦੀਦਾ ਥਾਂ ਹੈ ਕਿਉਂਕਿ ਅਸੀਂ ਸਫ਼ਲਤਾਪੂਰਵਕ ਅਜਿਹਾ ਕਰ ਸਕੇ ਹਾਂ। ਸਾਡੇ ਇੱਥੇ ਕਈ ਤਰ੍ਹਾਂ ਦੀਆਂ ਸੰਸਕ੍ਰਿਤੀਆਂ ਨਾਲ ਸਬੰਧਤ ਵਿਦਿਆਰਥੀ ਹਨ, ਜੋ ਵਰਲਡ ਕਲਾਸ ਸਿੱਖਿਆ ਲੈ ਰਹੇ ਹਨ।"

    "ਕੋਰੋਨਾਵਇਰਸ ਨੂੰ ਕਾਬੂ ਕਰਨ ਵਿੱਚ ਅਸੀਂ ਵੀ ਸਫ਼ਲ ਰਹੇ ਹਾਂ, ਇਸ ਲਈ ਸਾਡੇ ਕਾਲਜ ਪੂਰੀ ਤਰ੍ਹਾਂ ਸੁਰੱਖਿਅਤ ਹਨ।"

    ਸਾਲ 2019 ਵਿੱਚ ਆਸਟਰੇਲੀਆ ਵਿੱਚ ਪੜ੍ਹਨ ਵਾਲੇ ਚੀਨੀ ਵਿਦਿਆਰਥੀਆਂ ਦੀ ਗਿਣਤੀ 20 ਲੱਖ ਤੋਂ ਵੱਧ ਹੈ।

    ਕੋਰੋਨਾਵਇਰਸ

    ਤਸਵੀਰ ਸਰੋਤ, Getty Images

  4. ਦੇਸ ਤੇ ਦੁਨੀਆਂ ਵਿੱਚ ਹੁਣ ਤੱਕ ਕੀ ਹੋਇਆ

    • ਜੌਹਨਸ ਹੌਪਕਿਨਜ਼ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 71 ਲੱਖ ਤੋਂ ਪਾਰ ਜਦੋਂਕਿ 4 ਲੱਖ 7 ਹਜਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 2,66,598 ਮਾਮਲੇ ਹੋ ਚੁੱਕੇ ਹਨ ਤੇ 7471 ਮੌਤਾਂ ਹੋ ਚੁੱਕੀਆਂ ਹਨ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 2719 ਮਾਮਲੇ ਹੋ ਚੁੱਕੇ ਹਨ ਜਦੋਂਕਿ 2167 ਲੋਕ ਠੀਕ ਹੋ ਚੁੱਕੇ ਹਨ। ਪੰਜਾਬ ਵਿੱਚ ਹੁਣ ਤੱਕ 55 ਮੌਤਾਂ ਹੋ ਚੁੱਕੀਆਂ ਹਨ।
    • ਹਾਰਵਰਡ ਦੇ ਰਿਸਰਚਜ਼ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਸੈਟੇਲਾਈਟ ਤਸਵੀਰਾਂ ਤੋਂ ਮਿਲੇ ਡਾਟਾ ਅਨੁਸਾਰ ਅਗਸਤ 2019 ਤੋਂ ਵੂਹਾਨ ਹਸਪਤਾਲਾਂ ਦੇ ਬਾਹਰ ਟ੍ਰੈਫਿਕ ਵਿੱਚ ਹੋਏ ਵਾਧੇ ਤੋਂ ਸੰਕੇਤ ਮਿਲ ਸਕਦਾ ਹੈ ਕਿ ਕੋਰੋਨਾਵਾਇਰਸ ਇਸ ਖੇਤਰ ਵਿੱਚ ਪਹਿਲਾਂ ਹੀ ਆ ਗਿਆ ਸੀ। ਚੀਨ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ
    • ਆਈਸੀਸੀ ਨੇ ਖੇਡ ਦੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਕਿਸੇ ਮੈਚ ਦੌਰਾਨ ਜੇ ਕਿਸੇ ਖਿਡਾਰੀ ਵਿੱਚ ਕੋਵਿਡ-19 ਦੇ ਲੱਛਣ ਦੇਖਣ ਨੂੰ ਮਿਲਦੇ ਹਨ ਤਾਂ ਟੀਮ ਖਿਡਾਰੀ ਨੂੰ ਬਦਲ ਸਕਦੀ ਹੈ।
    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਵਾਇਰਸ ਟੈਸਟ ਵਿੱਚ ਨੈਗੇਟਿਵ ਨਿਕਲੇ ਹਨ।
    • ਮਨੀਸ਼ ਤਿਵਾੜੀ ਨੇ ਦਿੱਲੀ ਦੇ ਸਿਹਤ ਸਿਸਟਮ ਸਬੰਧੀ ਇਲਜ਼ਾਮ ਲਾਇਆ ਕਿ 'ਅੰਕੜਿਆਂ ਨੂੰ ਘੱਟ ਰੱਖਣ ਲਈ ਟੈਸਟ ਘੱਟ ਕੀਤੇ ਜਾ ਰਹੇ ਹਨ।'
    ਕੋਰੋਨਾਵਾਇਰਸ

    ਤਸਵੀਰ ਸਰੋਤ, EPA

  5. ਕੋਰੋਨਾਵਾਇਰਸ ਬਾਰੇ ਸਾਡੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਦੇਸ ਤੇ ਦੁਨੀਆਂ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਖ਼ਬਰਾਂ ਸਾਂਝੀਆਂ ਕਰਾਂਗੇ। 9 ਜੂਨ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ।