You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਹਵਾਈ ਜਹਾਜ਼ਾਂ ’ਚ ਵਿਚਕਾਰ ਦੀ ਸੀਟ ਖਾਲੀ ਨਹੀਂ ਰੱਖੀ ਜਾ ਸਕਦੀ-ਹਰਦੀਪ ਪੁਰੀ; ਵਿਸ਼ਵ ਬੈਂਕ ਦੀ ਚੇਤਾਵਨੀ - 6 ਕਰੋੜ ਲੋਕ ਹੋਰ ਗਰੀਬ ਹੋ ਸਕਦੇ

ਅਮਰੀਕਾ ਵਿੱਚ ਕੋਰੋਨਾਵਾਇਰਸ ਲਾਗ ਦੇ 15 ਲੱਖ ਕੇਸ ਹਨ ਤੇ 92 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਲਾਈਵ ਕਵਰੇਜ

  1. ਅਦਾਲਤ ਨੇ ਜ਼ੂਮ ਰਾਹੀਂ ਮੌਤ ਦੀ ਸਜ਼ਾ ਦਾ ਐਲਾਨ ਕੀਤਾ

    ਇੱਕ ਮਲੇਸ਼ੀਆਈ ਵਿਅਕਤੀ ਨੂੰ ਸਿੰਗਾਪੁਰ ਦੀ ਇੱਕ ਅਦਾਲਤ ਨੇ ਜ਼ੂਮ ਵੀਡੀਓ ਕਾਲ ਰਾਹੀਂ ਫਾਂਸੀ ਦੀ ਸਜ਼ਾ ਸੁਣਾਈ ਹੈ।

    ਇਹ ਸ਼ਹਿਰ ਸੂਬੇ ਦਾ ਪਹਿਲਾ ਕੇਸ ਹੈ ਜਿਸ ਵਿੱਚ ਮੌਤ ਦੀ ਸਜ਼ਾ ਦਾ ਐਲਾਨ ਦੂਰ ਤੋਂ ਕੀਤਾ ਗਿਆ ਹੈ।

    ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ 37 ਸਾਲਾ ਪੁਨੀਥਨ ਗੈਨਾਸਨ ਨੂੰ 2011 ਵਿੱਚ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ।

    ਹਾਲਾਂਕਿ ਉਹ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਹੈ ਅਤੇ ਉਮੀਦ ਕੀਤੀ ਜੇ ਰਹੀ ਹੈ ਉਹ ਅੱਗੇ ਇਸ ਖਿਲਾਫ਼ ਅਪੀਲ ਕਰੇ।

    ਇਸ ਮਹੀਨੇ ਦੇ ਸ਼ੁਰੂ ਵਿੱਚ ਨਾਈਜੀਰੀਆ ਵਿੱਚ ਇੱਕ ਵਿਅਕਤੀ ਨੂੰ 2018 ਵਿੱਚ ਕਤਲ ਦੇ ਇੱਕ ਮਾਮਲੇ ਵਿਚ ਜ਼ੂਮ ਦੁਆਰਾ ਮੌਤ ਦੀ ਸਜ਼ਾ ਸੁਣਾਈ ਗਈ ਸੀ।

    ਹਿਊਮਨ ਰਾਈਟਸ ਵਾਚ ਨੇ ਇਸ ਫੈਸਲੇ ਨੂੰ "ਜ਼ਾਲਮ ਅਤੇ ਅਣਮਨੁੱਖੀ" ਕਰਾਰ ਦਿੱਤਾ ਹੈ।

  2. ਪੰਜਾਬ 'ਚ ਘਰੇਲੂ ਹਿੰਸਾ ਖਿਲਾਫ਼ ਸ਼ਿਕਾਇਤ ਲਈ ਹੈਲਪਲਾਈਨ ਨੰਬਰ

    ਪੰਜਾਬ ਵਿੱਚ ਜੇ ਕੋਈ ਵੀ ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ ਤਾਂ ਉਸ ਬਾਰੇ 112 'ਤੇ ਫੋਨ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੀ ਹੈ।

    ਜਾਂ ਫਿਰ ਸਖੀ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

    ਲੌਕਡਾਊਨ ਦੌਰਾਨ ਦੇਸ ਦੇ ਕਈ ਹਿੱਸਿਆਂ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਵਧੇ ਹਨ।

  3. ਸੈਨ ਫਰਾਂਸਿਸਕੋ ਵਿੱਚ ਬੇਘਰਿਆਂ ਲਈ 'ਸਲੀਪਿੰਗ ਵਿਲੇਜ'

    ਸੈਨ ਫਰਾਂਸਿਸਕੋ ਨੇ ਦੋ ਹੋਰ "ਸੁਰੱਖਿਅਤ ਸਲੀਪਿੰਗ ਵਿਲੇਜ" ਦਾ ਐਲਾਨ ਕੀਤਾ ਹੈ ਜਿੱਥੇ ਬੇਘਰੇ ਲੋਕ ਸੋਸ਼ਲ਼ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਰਾਤਾਂ ਕੱਟ ਸਕਦੇ ਹਨ।

    ਕੋਵੀਡ -19 ਮਹਾਂਮਾਰੀ ਦੌਰਾਨ ਬੇਘਰਿਆਂ ਦੀ ਗਿਣਤੀ ਵਿੱਚ ਹੋਏ ਵਾਧੇ ਨੂੰ ਲੈ ਕੇ ਜਨਤਕ ਰੋਸ ਨੂੰ ਦੇਖਦਿਆਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਿਟੀ ਹਾਲ ਨੇੜੇ ਪਹਿਲਾ ਸੇਫ਼ ਸਲੀਪਿੰਗ ਵਿਲੇਜ ਖੋਲ੍ਹਿਆ ਗਿਆ ਸੀ।

    ਅਧਿਕਾਰੀਆਂ ਮੁਤਾਬਕ ਇੱਥੇ ਟਾਇਲਟ ਅਤੇ ਹੱਥ ਧੋਣ ਦਾ ਪ੍ਰਬੰਧ ਹੈ। ਇਸ ਦੇ ਨਾਲ ਖਾਣਾ ਵੀ ਦਿੱਤਾ ਜਾਵੇਗਾ।

  4. ਕੋਰੋਨਾਵਾਇਰਸ ਕਾਰਨ ਜਲੰਧਰ ਵਿੱਚ 69 ਸਾਲਾ ਔਰਤ ਦੀ ਮੌਤ

    ਪਾਲ ਸਿੰਘ ਨੌਲੀ, ਬੀਬੀਸੀ ਪੰਜਾਬੀ ਲਈ

    ਕੋਰੋਨਾਵਾਇਰਸ ਕਾਰਨ ਜਲੰਧਰ ਵਿੱਚ ਅੱਜ ਇੱਕ ਹੋਰ 69 ਸਾਲਾਂ ਔਰਤ ਮੌਤ ਹੋ ਗਈ ਹੈ।

    ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।

    ਜਲੰਧਰ ਵਿੱਚ ਦੋ ਹੋਰ ਮਰੀਜ਼ ਪੌਜ਼ਿਟਿਵ ਆਏ ਹਨ। ਇੱਥੇ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ।

    ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਹਰਿੰਦਰ ਪਾਲ ਸਿੰਘ ਨੇ ਦੱਸਿਆ, “69 ਸਾਲਾ ਔਰਤ ਦੀ ਰਿਪੋਰਟ 13 ਮਈ ਨੂੰ ਪੌਜ਼ਟਿਵ ਪਾਏ ਜਾਣ ਤੋਂ ਬਾਅਦ ਸਿਵਲ ਹਸਪਤਾਲ ਲਿਆਂਦਾ ਗਿਆ ਸੀ।”

    “ਕਿਡਨੀ ਦੀ ਬਿਮਾਰੀ ਕਾਰਨ ਸ਼ਹਿਰ ਦੇ ਕਿਡਨੀ ਹਸਪਤਾਲ ਦਾਖਲ ਸੀ। ਇਲਾਜ ਦੌਰਾਨ ਉਸ ਨੂੰ ਸਾਹ ਦੀ ਤਕਲੀਫ ਹੋਣ ਤੋਂ ਬਾਅਦ ਕੋਰੋਨਾ ਦਾ ਟੈਸਟ ਕਰਵਾਇਆ ਗਿਆ ਸੀ।”

  5. ਲੁਧਿਆਣਾ ਵਿੱਚ ਖਾਣੇ ਦੀ ਆਨਲਾਈਨ ਡਿਲੀਵਰੀ ਸ਼ੁਰੂ

    ਲੁਧਿਆਣਾ ਵਿੱਚ ਆਨਲਾਈਨ ਖਾਣੇ ਦੀ ਡਿਲੀਵਰੀ ਲਈ ਦੁਕਾਨਾਂ ਖੁੱਲ੍ਹ ਗਈਆਂ ਹਨ।

    ਸਮੋਸੇ ਵੇਚਣ ਵਾਲੇ ਵਿਪਿਨ ਸ਼ਰਮਾ ਨੇ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ, "ਸਾਨੂੰ ਥੋੜ੍ਹੀ ਰਾਹਤ ਮਿਲੀ ਹੈ ਕਿ ਕੁਝ ਤਾਂ ਖਰਚਾ-ਪਾਣੀ ਨਿਕਲੇਗਾ। ਪਰ ਇਸ ਵੇਲੇ ਸਿਰਫ਼ 20 ਫੀਸਦ ਕੰਮ ਹੀ ਮਿਲ ਰਿਹਾ ਹੈ। ਸਿਰਫ਼ ਆਨਲਾਈਨ ਡਿਲੀਵਰੀ ਦੀ ਇਜਾਜ਼ਤ ਹੈ।"

  6. ਅੰਫ਼ਨ ਤੂਫ਼ਾਨ ਦਾ ਅਸਰ, ਕੋਲਕਾਤਾ ਸਣੇ ਕਈ ਖੇਤਰਾਂ ਵਿੱਚ ਭਾਰੀ ਮੀਂਹ

    ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਚੱਕਰਵਾਤੀ ਤੂਫਾਨ ਅੰਫਨ ਕਾਰਨ ਭਾਰਤ ਅਤੇ ਬੰਗਲਾਦੇਸ਼ ਦੇ ਕੰਢੀ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹਟਾਇਆ ਗਿਆ ਹੈ।

    ਕੋਲਕਾਤਾ ਦੇ ਸਥਾਨਕ ਪੱਤਰਕਾਰ ਪ੍ਰਭਾਕਰ ਮਨੀ ਤਿਵਾੜੀ ਨੇ ਦੱਸਿਆ ਹੈ ਕਿ ਪੱਛਮੀ ਬੰਗਾਲ ਵਿੱਚ ਅੰਫ਼ਨ ਤੂਫਾਨ ਦੇ ਅਸਰ ਕਾਰਨ ਰਾਜਧਾਨੀ ਕੋਲਕਾਤਾ ਸਣੇ ਸੱਤ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ।

    ਸਮੁੰਦਰੀ ਕੰਢਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦੀਘਾ ਵਿੱਚ ਸਮੁੰਦਰੀ ਲਹਿਰਾਂ ਉੱਚੀਆਂ ਹੋ ਰਹੀਆਂ ਹਨ।

    ਚਾਂਦੀਪੁਰ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਪੈ ਰਿਹਾ ਹੈ।

  7. ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਚਾਰ ਦਿਨ ਕੰਮ ਕਰਨ ਨੂੰ ਉਤਸ਼ਾਹਿਤ ਕੀਤਾ

    ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਦੇਸ ਭਰ ਵਿੱਚ ਚਾਰ ਦਿਨ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਹੈ।

    ਜ਼ਿਆਦਾ ਛੁੱਟੀਆਂ ਕਾਰਨ ਲੋਕਾਂ ਨੂੰ ਦੇਸ ਅੰਦਰ ਘੁੰਮਣ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਸੈਰ-ਸਪਾਟਾ ਸਨਅਤ ਤੇ ਅਰਥਚਾਰੇ ਨੂੰ ਉਤਸ਼ਾਹ ਮਿਲੇਗਾ।

    ਪ੍ਰਧਾਨ ਮੰਤਰੀ ਆਰਡਨ ਨੇ ਰੋਟੂਰਾ ਤੋਂ ਵਾਪਸ ਆਉਂਦੇ ਹੋਏ ਫੇਸਬੁੱਕ ਲਾਈਵ ਦੌਰਾਨ ਵੀਡੀਓ ਚੈਟ ਵਿੱਚ ਕਿਹਾ ਹੈ।

    ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਬਹੁਤ ਸਾਰੇ ਲੋਕਾਂ ਦੇ ਸੁਝਾਅ ਦੇਖੇ ਹਨ ਕਿ ਹਫ਼ਤੇ ਵਿੱਚ ਚਾਰ ਦਿਨ ਹੀ ਕੰਮ ਦਾ ਨਿਯਮ ਹੋਵੇ। ਹਾਲਾਂਕਿ ਇਹ ਮੁਲਾਜ਼ਮ ਅਤੇ ਮਾਲਿਕ ਵਿਚਾਲੇ ਹੀ ਨਿਰਭਰ ਕਰਦਾ ਹੈ।।”

    “ਮੈਂ ਲੋਕਾਂ ਨੂੰ ਉਤਸ਼ਾਹਿਤ ਕਰਾਂਗੀ ਕਿ ਜੇ ਤੁਸੀਂ ਮਾਲਿਕ ਹੋ ਤੇ ਅਜਿਹਾ ਕਰ ਸਕਦੇ ਹੋ ਤਾਂ ਜ਼ਰੂਰ ਸੋਚੋ।"

  8. ਇਮਰਾਨ ਖਾਨ ਦੀ ਪਾਰਟੀ ਦੀ ਸੀਨੀਅਰ ਮੈਂਬਰ ਦੀ ਕੋਵਿਡ -19 ਕਾਰਨ ਮੌਤ

    ਪਾਕਿਸਤਾਨ ਦੇ ਸਥਾਨਕ ਮੀਡੀਆ ਅਨੁਸਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਸੀਨੀਅਰ ਮੈਂਬਰ ਅਤੇ ਪੰਜਾਬ ਅਸੈਂਬਲੀ ਦੀ ਮੈਂਬਰ ਸ਼ਾਹੀਨ ਰਜ਼ਾ ਦੀ ਕੋਵਿਡ -19 ਕਾਰਨ ਮੌਤ ਹੋ ਗਈ ਹੈ।

    ਉਹ 69 ਸਾਲਾਂ ਦੇ ਸਨ। ਰੇਡੀਓ ਪਾਕਿਸਤਾਨ ਦੇ ਅਨੁਸਾਰ ਸ਼ਾਹੀਨ ਰਜ਼ਾ ਦਾ ਲਾਹੌਰ ਦੇ ਮੇਯੋ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

    ਪਾਕਿਸਤਾਨ ਦੇ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਸ਼ਾਹੀਨ ਰਜ਼ਾ ਨੂੰ ਪਹਿਲਾਂ ਗੁਜਰਾਂਵਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

    ਕਿਹਾ ਜਾਂਦਾ ਹੈ ਕਿ ਆਪਣੇ ਖੇਤਰ ਦਾ ਦੌਰਾ ਕਰਨ ਵੇਲੇ ਸ਼ਾਹੀਨ ਰਜ਼ਾ ਨੂੰ ਲਾਗ ਲੱਗ ਗਈ ਸੀ।

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਓਸਮਾਨ ਬੁਜ਼ਦਾਰ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ।

  9. ਨੌਜਵਾਨਾਂ ਨੂੰ ਕੋਰੋਨਾਵਾਇਰਸ ਨਾਲ ਕਿੰਨਾ ਖ਼ਤਰਾ

    ਕੋਰੋਨਾਵਾਇਰਸ ਸਭ ਤੋਂ ਵੱਧ ਕਿਸ ਉਮਰ ਵਰਗ ਉੱਤੇ ਹਮਲਾ ਕਰ ਰਿਹਾ ਹੈ, ਇਸ ਵੀਡੀਓ ਰਾਹੀਂ ਜਾਣੋ

  10. ਦੁਨੀਆਂ ਦੇ ਕੁਝ ਦੇਸਾਂ ਵਿੱਚ ਕੋਰੋਨਾਵਾਇਰਸ ਦੇ ਹਾਲਾਤ ਕਿਹੋ ਜਿਹੇ ਹਨ

    ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਕਾਰਨ ਰਿਕਾਰਡ ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਉੱਥੇ ਹੀ ਗੁਆਂਢੀ ਦੇਸ ਅਰਜਨਟੀਨਾ ਵਿੱਚ ਮੁਕਾਬਲੇ ਵਿੱਚ ਮਾਮਲੇ ਕਾਫ਼ੀ ਘੱਟ ਹਨ।

    ਤਸਵੀਰਾਂ ਰਾਹੀਂ ਜਾਣੋ ਹੋਰਨਾਂ ਦੇਸਾਂ ਦਾ ਹਾਲ।

  11. ਸੋਨੇ ਲਈ ਵੈਨੇਜ਼ੁਏਲਾ ਨੇ ਕਾਨੂੰਨੀ ਦਾਅਵਾ ਪੇਸ਼ ਕੀਤਾ

    ਵੈਨੇਜ਼ੁਏਲਾ ਦੇ ਸੈਂਟਰਲ ਬੈਂਕ ਨੇ ਇੰਗਲੈਂਡ ਦੇ ਬੈਂਕ ਨੂੰ 930 ਮਿਲੀਅਨ ਡਾਲਰ ਦਾ ਸੋਨਾ ਜਾਰੀ ਕਰਨ ਲਈ ਕਾਨੂੰਨੀ ਦਾਅਵਾ ਪੇਸ਼ ਕੀਤਾ ਹੈ।

    ਵੈਨੇਜ਼ੁਏਲਾ, ਜੋ ਪਹਿਲਾਂ ਹੀ ਅਮਰੀਕੀ ਪਾਬੰਦੀਆਂ ਅਧੀਨ ਹੈ, ਦਾ ਕਹਿਣਾ ਹੈ ਕਿ ਉਹ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸੋਨੇ ਦੇ ਮੁੱਲ ਦੀ ਵਰਤੋਂ ਕਰਨਾ ਚਾਹੁੰਦੇ ਹਨ।

    ਕੁੱਝ ਹਫ਼ਤੇ ਪਹਿਲਾਂ ਬੇਨਤੀ ਕੀਤੀ ਗਈ ਸੀ ਕਿ ਸੋਨੇ ਜਿੰਨੀ ਕੀਮਤ ਯੂਐੱਨ ਵਿੱਚ ਟਰਾਂਸਫਰ ਕੀਤੀ ਜਾਵੇ।

    ਕਾਨੂੰਨੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਖਾਣਾ ਅਤੇ ਦਵਾਈ ਵਰਗੀਆਂ ਚੀਜ਼ਾਂ ਖਰੀਦਣ ਲਈ “ਜ਼ਰੂਰੀ ਕੰਮ ਦੇ ਰੂਪ ਵਿੱਚ” ਪੈਸੇ ਟਰਾਂਸਫਰ ਕਰਨਾ ਚਾਹੁੰਦੇ ਹਨ।

    ਦੇਸ ਵਿੱਚ ਹੁਣ ਤੱਕ 618 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ 10 ਮੌਤਾਂ ਹੋਈਆਂ ਹਨ।

  12. ਬ੍ਰਾਜ਼ੀਲ ਵਿੱਚ ਰਿਕਾਰਡ ਮੌਤਾਂ

    ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਰਹੇ ਹਨ ਅਤੇ ਇੱਕ ਦਿਨ ਵਿੱਚ ਰਿਕਾਰਡ ਮੌਤਾਂ ਹੋ ਰਹੀਆਂ ਹਨ।

    ਕੋਰੋਨਾਵਾਇਰਸ ਕਾਰਨ ਇੱਕ ਦਿਨ ਵਿੱਚ ਬ੍ਰਾਜ਼ੀਲ ਵਿੱਚ 1179 ਮੌਤਾਂ ਹੋਈਆਂ ਹਨ।

    ਬ੍ਰਾਜ਼ੀਲ ਦੁਨੀਆਂ ਦਾ ਤੀਜਾ ਦੇਸ ਹੈ ਜਿੱਥੇ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ।

    ਹਾਲਾਂਕਿ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਵਾਇਰਸ ਦੇ ਖਤਰੇ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ।

  13. ਪੰਜਾਬ 'ਚ 50 ਫੀਸਦ ਸਵਾਰੀਆਂ ਨਾਲ ਬੱਸਾਂ ਚੱਲੀਆਂ

    ਪੰਜਾਬ ਵਿੱਚ ਕੁੱਝ ਰੂਟਾਂ ਤੇ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ ਪਰ ਸਿਰਫ਼ 50 ਫੀਸਦ ਸਵਾਰੀਆਂ ਹੀ ਬੈਠਾਉਣ ਦੀ ਇਜਾਜ਼ਤ ਹੋਵੇਗੀ।

    ਅੰਮ੍ਰਿਤਸਰ ਵਿੱਚ ਵੀ ਜਦੋਂ ਬੱਸਾਂ ਚੱਲੀਆਂ ਤਾਂ ਸਭ ਸਵਾਰੀਆਂ ਦਾ ਤਾਪਮਾਨ ਚੈੱਕ ਕੀਤਾ ਗਿਆ।

  14. ਭਾਰਤ ਵਿੱਚ ਹੁਣ ਤੱਕ ਕੋਰੋਵਾਇਰਸ ਦੇ ਕਿੰਨੇ ਟੈਸਟ ਹੋਏ?

    ਭਾਰਤ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ 25,12,388 ਸੈਂਪਲ ਟੈਸਟ ਹੋ ਚੁੱਕੇ ਹਨ।

    ਇੰਡੀਅਨ ਕਾਂਉਸਿਲ ਆਫ਼ ਮੈਡੀਕਲ ਰਿਸਰਚ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 1,08,121 ਸੈਂਪਲ ਟੈਸਟ ਕੀਤੇ ਗਏ ਹਨ।

  15. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 49 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ 3.23 ਤੋਂ ਵੱਧ ਮੌਤਾਂ
    • UN ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ 'ਵਿਕਸਤ ਦੇਸ ਅਫਰੀਕਾ ਦੇ ਦੇਸਾਂ ਤੋਂ ਕੋਰੋਨਾਵਾਇਰਸ ਮਹਾਂਮਾਰੀ ਬਾਰੇ ਸਿੱਖ ਸਕਦੇ ਹਨ
    • ਰਾਸ਼ਪਟਰਪਤੀ ਡੌਨਲਡ ਟਰੰਪ ਅਮਰੀਕਾ ਵਿੱਚ ਕੋਵਿਡ 19 ਦੇ ਸਭ ਤੋਂ ਵਧੇਰੇ ਪੁਸ਼ਟ ਮਾਮਲਿਆਂ ਨੂੰ ਉਹ ਮਾਣ ਵਾਲੀ ਗੱਲ ਸਮਝਦੇ ਹਨ।
    • ਦੱਖਣੀ ਕੋਰੀਆ ਦੇ ਹਜ਼ਾਰੋਂ ਸੀਨੀਅਰ ਸਕੈਂਡਰੀ ਵਿਦਿਆਰਥੀ ਅੱਜ ਤੋਂ ਸਕੂਲ ਪਰਤ ਰਹੇ ਹਨ ਪਰ ਤਾਪਮਾਨ ਦੀ ਜਾਂਚ, ਹੱਥ ਧੁਆ ਕੇ ਅਤੇ ਮਾਸਕ ਪੁਆ ਕੇ ਹੀ ਸਕੂਲ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1,06,750 ਹੋ ਗਏ ਹਨ ਜਦੋਂਕਿ ਮੌਤਾਂ ਦੀ ਗਿਣਤੀ 3303 ਹੋ ਗਈ ਹੈ।
    • ਭਾਰਤੀ ਰੇਲਵੇ ਮੁਤਾਬਕ ਪਹਿਲੀ ਜੂਨ ਤੋਂ ਰੋਜ਼ਾਨਾ 200 ਗ਼ੈਰ-ਏਸੀ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1980 ਹੋ ਚੁੱਕੇ ਹਨ ਤੇ 37 ਮੌਤਾਂ ਹੋ ਚੁੱਕੀਆਂ ਹਨ।
    • ਕੈਪਟਨ ਅਮਰਿੰਦਰ ਨੇ ਕਿਹਾ ਹੁਣ ਤੱਕ 2 ਲੱਖ ਪਰਵਾਸੀ ਮਜ਼ਦੂਰ ਪੰਜਾਬ ਛੱਡ ਚੁੱਕੇ ਹਨ।
  16. ਅਫਰੀਕੀ ਦੇਸਾਂ ਤੋਂ ਸਬਕ ਲੈ ਸਕਦੇ ਹਨ ਵਿਕਸਿਤ ਦੇਸ: ਯੂਐਨ

    ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ, "ਵਿਕਸਤ ਦੇਸ ਅਫਰੀਕਾ ਦੇ ਦੇਸਾਂ ਤੋਂ ਕੋਰੋਨਾਵਾਇਰਸ ਮਹਾਂਮਾਰੀ ਬਾਰੇ ਸਿੱਖ ਸਕਦੇ ਹਨ ਕਿ ਉਨ੍ਹਾਂ ਨੇ ਇਸ ਲਾਗ ਦੇ ਪ੍ਰਕੋਪ ਨੂੰ ਕਿਵੇਂ ਕਾਬੂ ਕੀਤਾ ਹੈ।"

    ਬੁੱਧਵਾਰ ਨੂੰ ਫਰਾਂਸ ਦੇ ਇੱਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਕਿਹਾ, "ਮਹਾਂਮਾਰੀ ਬਾਰੇ ਸ਼ੁਰੂ ਵਿੱਚ ਜੋ ਅੰਦਾਜ਼ਾ ਲਗਾਇਆ ਗਿਆ ਸੀ, ਕੋਵਿਡ -19 ਅਫਰੀਕੀ ਦੇਸਾਂ ਵਿੱਚ ਕਾਫੀ ਹੌਲੀ ਰਫ਼ਤਾਰ ਨਾਲ ਅੱਗੇ ਵਧਿਆ ਹੈ।"

    ਉਨ੍ਹਾਂ ਨੇ ਕਿਹਾ, "ਇਸ ਦਾ ਵੱਡਾ ਕਾਰਨ ਇਹ ਹੈ ਕਿ ਜ਼ਿਆਦਾਤਰ ਅਫਰੀਕੀ ਸਰਕਾਰਾਂ ਅਤੇ ਸੰਸਥਾਵਾਂ ਨੇ ਇਸ ਮਹਾਂਮਾਰੀ ਨੂੰ ਦੇਖਦੇ ਹੋਏ ਸਹੀ ਸਮੇਂ ਤੇ ਸਹੀ ਕਦਮ ਚੁੱਕੇ ਹਨ ਅਤੇ ਇਹ ਸਬਕ ਹੈ ਕਿਉਂਕਿ ਵਿਕਸਤ ਦੇਸਾਂ ਨੇ ਅਜਿਹਾ ਨਹੀਂ ਕੀਤਾ।"

    ਅਫਰੀਕੀ ਮਹਾਂਦੀਪ ਵਿੱਚ ਕੋਵਿਡ -19 ਕਾਰਨ ਹੁਣ ਤੱਕ 3,000 ਤੋਂ ਵੀ ਘੱਟ ਮੌਤਾਂ ਅਤੇ 88,000 ਲਾਗ ਦੇ ਕੇਸ ਹੋ ਚੁੱਕੇ ਹਨ।

  17. ਕੀ ਹਰ 15 ਮਿੰਟ ਬਾਅਦ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ

    ਕੋਰੋਨਾਵਾਇਰਸ ਨਾਲੋਂ ਤੇਜ਼ੀ ਨਾਲ ਫੈਲ ਰਹੀਆਂ ਹਨ ਇਸ ਬਾਰੇ ਅਫ਼ਵਾਹਾਂ।

    ਫੇਸਬੁੱਕ ਤੇ ਇੱਕ ਜਪਾਨੀ ਡਾਕਟਰ ਦੇ ਹਵਾਲੇ ਨਾਲ ਇੱਕ ਸਲਾਹ ਦਿੱਤੀ ਜਾ ਰਹੀ ਹੈ ਕਿ ਹਰ 15 ਮਿੰਟ ਬਾਅਦ ਪਾਣੀ ਪੀਂਦੇ ਰਹਿਣ ਨਾਲ ਸਾਡੇ ਮੂੰਹ ਰਾਹੀਂ ਦਾਖ਼ਲ ਹੋਇਆ ਵਾਇਰਸ ਬਾਹਰ ਨਿਕਲ ਜਾਵੇਗਾ।

    ਇਸ ਵਿੱਚ ਕਿੰਨੀ ਹੈ ਸੱਚਾਈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  18. ਭਾਰਤ ਵਿੱਚ ਇੱਕ ਦਿਨ ਵਿੱਚ ਰਿਕਾਰਡ ਮਾਮਲੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1,06,750 ਹੋ ਗਏ ਹਨ ਜਦੋਂਕਿ ਮੌਤਾਂ ਦੀ ਗਿਣਤੀ 3303 ਹੋ ਗਈ ਹੈ।

    ਸਿਹਤ ਮੰਤਰਾਲੇ ਮੁਤਾਬਕ ਇਲਾਜ ਤੋਂ ਬਾਅਦ 42,297 ਲੋਕ ਠੀਕ ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 5611 ਮਾਮਲੇ ਸਾਹਮਣੇ ਆਏ ਹਨ ਜਦੋਂਕਿ 140 ਮੌਤਾਂ ਹੋਈਆਂ ਹਨ।

    ਇੱਕ ਦਿਨ ਵਿੱਚ ਆਉਣ ਵਾਲੇ ਇਹ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ।

  19. ਬਿਮਾਰੀਆਂ ਜੋ ਦਵਾਈ ਦੇ ਬਾਵਜੂਦ ਵੀ ਦੁਨੀਆਂ ਵਿੱਚ ਮੌਜੂਦ ਹਨ

    ਵਿਸ਼ਵ ਸਿਹਤ ਸੰਗਠਨ ਮੁਤਾਬਕ,ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ ਅਤੇ ਸਾਡੇ ਭਾਈਚਾਰਿਆਂ ਵਿੱਚ ਇੱਕ ਹੋਰ ਸਥਾਨਕ ਵਾਇਰਸ (endemic virus) ਬਣ ਜਾਵੇ।

    ਇਹ ਸਥਾਨਕ ਬਿਮਾਰੀਆਂ, ਮਹਾਂਮਾਰੀਆਂ ਤੇ ਦੇਸ਼ ਵਿੱਚ ਫੈਲਣ ਵਾਲੀਆਂ ਮਹਾਂਮਾਰੀਆਂ ਆਖ਼ਰ ਕੀ ਹੁੰਦੀਆਂ ਹਨ।

    ਮਲੇਰੀਆ, ਚੇਚਕ ਆਦਿ ਬਿਮਾਰੀਆਂ ਇਸੇ ਦੀਆਂ ਮਿਸਾਲਾਂ ਹਨ ਜਿਨ੍ਹਾਂ ਦੇ ਵੈਕਸੀਨ ਵੀ ਬਣ ਚੁੱਕੇ ਹਨ। ਬਿਮਾਰੀਆਂ ਖ਼ਤਮ ਨਹੀਂ ਹੁੰਦੀਆਂ ਬਸ ਲੋਕ ਡਰਨਾ ਛੱਡ ਦਿੰਦੇ ਹਨ।

  20. ਪਰਵਾਸੀ ਔਰਤ ਦਾ ਰੇਲ ਵਿੱਚ ਹੋਇਆ ਜਣੇਪਾ

    ਖ਼ਬਰ ਏਜੰਸੀ ਏਐੱਨਆਐਈ ਮੁਤਾਬਕ ਸੂਰਤ (ਗੁਜਰਾਤ) ਤੋਂ ਸੀਤਾਮੜ੍ਹੀ (ਬਿਹਾਰ) ਜਾ ਰਹੀ ਇੱਕ ਪਰਵਾਸੀ ਔਰਤ ਨੇ ਮੰਗਲਵਾਰ ਨੂੰ ਚਲਦੀ ਰੇਲ ਗੱਡੀ ਵਿੱਚ ਬੱਚੇ ਨੂੰ ਜਨਮ ਦਿੱਤਾ। ਦਾਨਾਪੁਰ ਸਟੇਸ਼ਨ ਉੱਪਰ ਜਿਹੜੇ ਡਾਕਟਰਾਂ ਨੇ ਔਰਤ ਦੀ ਜਾਂਚ ਕੀਤੀ ਉਨ੍ਹਾਂ ਮੁਤਾਬਕ ਸਹਿ-ਯਾਤਰੀਆਂ ਨੇ ਔਰਤ ਦੀ ਮਦਦ ਕੀਤੀ। ਡਾਕਟਰਾਂ ਨੇ ਬੱਚੇ ਦੀ ਨਾੜ ਬੰਨ੍ਹੀ। ਮਾਂ ਤੇ ਬੱਚਾ ਤੰਦਰੁਸਤ ਦੱਸੇ ਜਾ ਰਹੇ ਹਨ।