You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: 18 ਮਈ ਤੋਂ ਹੋਵੇਗਾ ਲੌਕਡਾਊਨ 4, ਨਵੇਂ ਨਿਯਮਾਂ ਬਾਰੇ ਜਲਦੀ ਮਿਲੇਗੀ ਜਾਣਕਾਰੀ: ਮੋਦੀ

ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ 41 ਲੱਖ ਤੋਂ ਵੱਧ ਲੋਕ ਲਾਗ ਦਾ ਸ਼ਿਕਾਰ ਹੋ ਗਏ ਹਨ ਜਦਕਿ 2 ਲੱਖ 82 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਲਾਈਵ ਕਵਰੇਜ

  1. ਭਾਰਤ ’ਚ ਦੋ ਦਿਨਾਂ ਦੌਰਾਨ 8000 ਤੋਂ ਵੱਧ ਨਵੇਂ ਕੇਸ

    ਭਾਰਤ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ 4213 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਹ ਇੱਕ ਦਿਨ ਵਿੱਚ ਸਭ ਤੋਂ ਵੱਡਾ ਅਤੇ ਲਗਾਤਾਰ ਦੂਜੇ ਦਿਨ 4000 ਤੋਂ ਵੱਧ ਦਾ ਉਛਾਲ ਹੈ।

    ਭਾਰਤ ਵਿੱਚ ਹੁਣ ਤੱਕ ਕੁੱਲ ਕੇਸ 70000 ਦੇ ਨੇੜੇ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 20,000 ਮਰੀਜ਼ ਠੀਕ ਹੋ ਕੇ ਹਸਪਤਾਲਾਂ ਤੋਂ ਘਰ ਜਾ ਚੁੱਕੇ ਹਨ। ਜਦਕਿ 2206 ਮੌਤਾਂ ਹੋ ਚੁੱਕੀਆਂ ਹਨ।

    ਮੁਲਕ ਵਿੱਚ ਅੰਕੜਾ ਲਗਾਤਾਰ ਵੱਧ ਰਿਹਾ ਹੈ ਅਤੇ ਐਤਵਾਰ-ਸੋਮਵਾਰ ਨੂੰ 8000 ਤੋਂ ਵੱਧ ਮਾਮਲੇ ਦਰਜ ਹੋਏ ਹਨ।

    ਭਾਰਤ ਵਿਚ 17 ਮਈ ਤੱਕ ਤੀਜੀ ਵਾਰ ਵਧਾਏ ਗਏ ਲੌਕਡਾਊਨ ਦੇ ਅੱਧੇ ਦਿਨ ਗੁਜ਼ਰ ਚੁੱਕੇ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ 6 ਘੰਟੇ ਲੰਬੀ ਬੈਠਕ ਕਰਕੇ ਲੌਕਡਾਊਨ ਖ਼ਤਮ ਕਰਨ ਦੇ ਸੁਝਾਅ ਮੰਗੇ।

    ਬਹੁਗਿਣਤੀ ਮੁੱਖ ਮੰਤਰੀਆਂ ਨੇ ਲੌਕਡਾਊਨ ਪੂਰੀ ਤਰ੍ਹਾਂ ਹਟਾਉਣ ਪਰ ਨਿਯਮਾਂ ਵਿੱਚ ਢਿੱਲ ਦੇਣ ਦਾ ਸੁਝਾਅ ਦਿੱਤਾ ਹੈ।

  2. ਇੰਡੋਨੇਸ਼ੀਆ: 45 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਘਰੋਂ ਬਾਹਰ ਕੰਮ ਕਰਨ ਦੀ ਖੁੱਲ੍ਹ ਮਿਲੇਗੀ

    ਇੰਡੋਨੇਸ਼ੀਆ ਦੀ ਵਾਇਰਸ ਟਾਸਕ ਫੋਰਸ ਦੇ ਮੁਖੀ ਮੁਤਾਬਕ 45 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਘਰਾਂ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

    ਧੋਨੀ ਮੌਨਾਰਡੋ ਨੇ ਕਿਹਾ, "45 ਸਾਲ ਤੋਂ ਘੱਟ ਉਮਰ ਵਾਲੇ ਸਰੀਰਕ ਤੌਰ ਉੱਤੇ ਸਿਹਤਮੰਦ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਘੁੰਮਣ-ਫਿਰਨ ਦੀ ਚੰਗੀ ਸ਼ਕਤੀ ਹੁੰਦੀ ਹੈ।"

    "ਜੇਕਰ ਉਹ ਕੋਰੋਨਾ ਦੀ ਲਾਗ ਦਾ ਸ਼ਿਕਾਰ ਹੋ ਵੀ ਜਾਣ ਤਾਂ ਉਨ੍ਹਾਂ ਵਿੱਚ ਲੱਛਣ ਨਹੀਂ ਦਿਖਦੇ ਤੇ ਉਹ ਬਿਮਾਰ ਵੀ ਨਹੀਂ ਹੁੰਦੇ"

    ਜਕਾਰਤਾ ਪੋਸਟ ਮੁਤਾਬਕ ਇੰਡੋਨੇਸ਼ੀਆ ਵਿੱਚ 28 ਲੱਖ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ ਹਨ।

    ਇੰਡੋਨੇਸ਼ੀਆ ਨੇ ਇਹ ਸਾਫ਼ ਨਹੀਂ ਕੀਤਾ ਹੈ ਕਿ ਨੌਜਵਾਨਾਂ ਤੋਂ ਬਜ਼ੁਰਗਾਂ ਵਿੱਚ ਲਾਗ ਫ਼ੈਲਣ ਤੋਂ ਰੋਕਣ ਲਈ ਕੀ ਕੀਤਾ ਜਾਵੇਗਾ, ਕਿਉਂਕਿ ਏਸ਼ੀਆਈ ਮੁਲਕਾਂ ਵਿੱਚ ਬੱਚੇ ਤੇ ਮਾਂ ਪਿਓ ਇਕੱਠੇ ਹੀ ਰਹਿੰਦੇ ਹਨ।

    ਮੁਲਕ ਵਿੱਚ ਹੁਣ ਤੱਕ 14,625 ਕੇਸ ਹਨ ਅਤੇ 991 ਮੌਤਾਂ ਹੋ ਚੁੱਕੀਆਂ ਹਨ।

  3. ਕੋਰੋਨਾਵਾਇਰਸ: ਨਾਈਟ ਲਾਈਫ਼ ਨੇ ਵਿਗਾੜੀ ਦੱਖਣੀ ਕੋਰੀਆ ਦੀ ਖੇਡ

    ਦੱਖਣੀ ਕੋਰੀਆ ਵਿੱਚ ਸਿਓਲ ਦੇ ਨਾਇਟਲਾਇਫ਼ ਵਾਲੇ ਜ਼ਿਲ੍ਹੇ ਵਿੱਚ ਕੋਰੋਨਾ ਲਾਗ ਨਾਲ 94 ਮਾਮਲੇ ਹੋ ਗਏ ਹਨ।

    ਇਹ ਮਾਮਲੇ ਸਰਕਾਰ ਵਲੋਂ ਸੋਸ਼ਲ ਡਿਸਟੈਂਸਿੰਗ ਨਿਯਮ ਵਿੱਚ ਢਿੱਲ ਦੇਣ ਤੋਂ ਬਾਅਦ ਸਾਹਮਣੇ ਆਏ ਹਨ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਲਾਗ ਨੂੰ ਕੰਟਰੋਲ ਕਰਨਾ ਤੇ ਨਾਰਮਲ ਜ਼ਿੰਦਗੀ ਵੱਲ ਪਰਤਣਾ ਕਿੰਨਾ ਔਖ਼ਾ ਹੈ।

    ਹੁਣ ਸਰਕਾਰ ਨੇ ਸਕੂਲਾਂ ਨੂੰ ਇਸ ਹਫ਼ਤੇ ਮੁੜ ਖੋਲਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ।

    ਦੱਖਣੀ ਕੋਰੀਆ ਨੇ ਵਿਆਪਕ ਟੈਸਟਿੰਗ ਤੇ ਟਰੇਸਿੰਗ ਨਾਲ ਕੋਰੋਨਾ ਲਾਗ ਨੂੰ ਬਿਨਾਂ ਲੌਕਡਾਊਨ ਤੋਂ ਸਿੰਗਲ ਅੰਕ ਵਿੱਚ ਲੈ ਆਉਂਦਾ ਸੀ।

    ਪਰ ਕਲੱਬਾਂ ਦੇ ਏਰੀਏ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਵਿੱਚ ਢਿੱਲ ਦੇਣ ਨੇ ਕੀਤੇ ਕਰਾਏ ਉੱਤੇ ਪਾਣੀ ਫੇਰ ਦਿੱਤਾ। ਇਸ ਖੇਤਰ ਵਿੱਚ ਗੇਅ ਕਲੱਬ ਲਾਗ ਦੇ ਫੈਲਾ ਦਾ ਕਾਰਨ ਬਣੇ ਹਨ।

    ਕੁਝ ਲੋਕ ਜੋ ਕਲੱਬਾਂ ਵਿੱਚ ਆਏ ਨੇ ਆਪਣੇ ਨਾਂ ਤੇ ਫੋਨ ਨੰਬਰ ਗਲਤ ਦਰਜ ਕੀਤੇ ਅਤੇ ਹੁਣ ਸਿਹਤ ਮਹਿਕਮਾਂ ਅਣਪਛਾਤਿਆਂ ਨੂੰ ਟੈਸਟ ਦੀ ਪੇਸ਼ਕਸ਼ ਕਰ ਰਿਹਾ ਹੈ।

  4. ਫਰਾਂਸ ਤੇ ਸਪੇਨ ’ਚ ਰਾਹਤ, ਲਿਬਨਾਨ 'ਚ ਕੋਰੋਨਾਵਾਇਰਸ ਦਾ ਦੂਜਾ ਹਮਲਾ

    ਫਰਾਂਸ, ਸਪੇਨ ਤੇ ਹੋਰ ਯੂਰਪੀ ਮੁਲਕ ਕੋਰੋਨਾ ਦੀ ਲਾਗ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ਵਿਚੋਂ ਸਨ ਪਰ ਹੁਣ ਹੌਲੀ ਹੌਲੀ ਇਹ ਮੁਲਕ ਲੌਕਡਾਊਨ ਦੀਆਂ ਪਾਬੰਦੀਆਂ ਖ਼ਤਮ ਰਹੇ ਹਨ।

    ਕੋਰੋਨਾ ਲਾਗ ਦੇ ਫੈਲਣ ਨੂੰ ਰੋਕਣ ਲਈ ਇੱਥੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ।

    ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੀ ਲਾਗ ਦੇ 5632 ਨਵੇਂ ਕੇਸ ਸਾਹਮਣੇ ਆਏ ਹਨ ਅਤੇ 396 ਲੋਕਾਂ ਦੀ ਮੌਤ ਹੋ ਗਈ ਹੈ।

    ਹੁਣ ਤੱਕ ਬ੍ਰਾਜ਼ੀਲ ਵਿੱਚ ਪੌਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 168331 ਤੱਕ ਪਹੁੰਚ ਗਈ ਹੈ ਅਤੇ 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਲਿਬਨਾਨ ਵਿੱਚ ਪ੍ਰਸ਼ਾਸਨ ਨੇ ਕੋਰੋਨਾ ਲਾਗ ਦੇ ਦੂਜੇ ਹਮਲੇ ਦੇ ਸਬੰਧ ਵਿੱਚ ਇੱਕ ਚਿਤਾਵਨੀ ਜਾਰੀ ਕੀਤੀ ਹੈ।

    ਇੱਥੇ ਵੀ ਦੱਖਣੀ ਕੋਰੀਆ ਤੇ ਜਰਮਨੀ ਵਾਂਗ ਲੌਕਡਾਊਨ ਵਿੱਚ ਕੁਝ ਰਾਹਤ ਦੇਣ ਤੋਂ ਬਾਅਦ, ਇੱਕ ਮਹੀਨੇ ਵਿੱਚ ਕੋਰੋਨਾ ਦੀ ਲਾਗ ਦੇ ਕੇਸ ਬਹੁਤ ਤੇਜ਼ੀ ਨਾਲ ਵਧੇ ਹਨ।

  5. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ

    ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਵੀ ਐਲਾਨ ਦਿੱਤਾ ਹੈ। ਅਜਿਹੇ ਵਿੱਚ ਜਾਣੋ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।

    ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਕਈ ਹਾਲਾਤਾਂ 'ਚ ਤਾਂ ਤੁਹਾਨੂੰ ਹਸਪਤਾਲ ਵੀ ਦਾਖ਼ਲ ਹੋਣਾ ਪੈ ਸਕਦਾ ਹੈ।

    ਹਾਲਾਂਕਿ, ਇਨ੍ਹਾਂ ਲੱਛਣਾਂ ਦਾ ਇਹ ਮਤਲਬ ਨਹੀਂ ਹੈ ਕਿ ਜ਼ਰੂਰ ਹੀ ਤੁਹਾਨੂੰ ਕੋਰੋਨਾਵਾਇਰਸ ਦੀ ਲਾਗ ਹੈ।

  6. ਕੋਰੋਨਾ ਸੰਕਟ ਦੌਰਾਨ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਕਾਲ ਕਰੋ

  7. ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ ਇਹ ਹਨ 7 ਤਰੀਕੇ

    ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਕੀਤੇ ਗਏ ਲੌਕਡਾਊਨ ਦੌਰਾਨ ਲੱਖਾਂ ਲੋਕ ਦਫ਼ਤਰ ਜਾਣ ਦੀ ਬਜਾਇ ਘਰੋਂ ਕੰਮ ਕਰ ਰਹੇ ਹਨ।

    ਵਰਕ ਫਰੋਮ ਹੋਮ ਕਰਕੇ ਆਮ ਦਿਨਾਂ ਨਾਲੋਂ ਵੱਧ ਇੰਟਰਨੈਟ ਦੀ ਖ਼ਪਤ ਵੀ ਹੋ ਰਹੀ ਹੈ।

    ਪਰ ਲੰਬੇ ਸਮੇਂ ਲਈ ਘਰ ਬੈਠ ਕੇ ਵੀਡੀਓ ਕਾਨਫਰੰਸਿੰਗ, ਸਰਫ਼ਿੰਗ ਤੇ ਹੋਰ ਸੇਵਾਵਾਂ ਲਈ ਇੰਟਰਨੈੱਟ ਦੀ ਵਰਤੋਂ ਕਰਨ ਕਰਕੇ ਇੰਟਰਨੈੱਟ ਸਪੀਡ ਉੱਤੇ ਫ਼ਰਕ ਪੈਂਦਾ ਹੈ ਤੇ ਇਹ ਆਮ ਦਿਨਾਂ ਨਾਲੋਂ ਘੱਟ ਸਪੀਡ ’ਤੇ ਚਲਦਾ।

  8. ਅਮਰੀਕਾ 'ਚ 80 ਹਜ਼ਾਰ ਤੋਂ ਵੱਧ ਮੌਤਾਂ, ਵ੍ਹਾਈਟ ਹਾਊਸ 'ਚ ਮਾਸਕ ਜ਼ਰੂਰੀ

    ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 80 ਹਜ਼ਾਰ ਨੂੰ ਪਾਰ ਕਰ ਗਈ ਹੈ। ਅਮਰੀਕਾ ਵਿੱਚ ਵਿਸ਼ਵ ਭਰ ਵਿੱਚ ਕੋਰੋਨਾ ਦੀ ਲਾਗ ਦੇ ਸਭ ਤੋਂ ਵੱਧ ਮਾਮਲੇ ਹਨ।

    ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇੱਥੇ ਹੁਣ ਤੱਕ ਲਾਗ ਵਾਲੇ ਲੋਕਾਂ ਦੀ ਕੁੱਲ ਗਿਣਤੀ 1347151 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 80378 ਹੋ ਗਈ ਹੈ।

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਨੂੰ ''ਛੁਪਿਆ ਹੋਇਆ ਦੁਸ਼ਮਣ'' ਕਿਹਾ ਹੈ।

    ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਵਿੱਚ ਵੀ ਇੱਕ ਮੁਲਾਜ਼ਮ ਦੇ ਪੌਜ਼ਿਟਿਵ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਵ੍ਹਾਈਟ ਹਾਊਸ ਵਿੱਚ ਸਾਰੇ ਮੁਲਾਜ਼ਮਾਂ ਨੂੰ ਮਾਸਕ ਪਾਉਣ ਲਈ ਕਿਹਾ ਗਿਆ ਹੈ।

  9. ਸੋਮਵਾਰ ਨੂੰ ਆਏ 54 ਕੇਸਾਂ ਵਿੱਚ 4 ਬੱਚੇ ਵੀ ਸ਼ਾਮਲ

    ਇਸ ਮਹੀਨੇ ਦੇ ਪਹਿਲੇ ਹਫ਼ਤੇ ਪੰਜਾਬ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਆਏ ਉਛਾਲ ਦੀ ਗਤੀ ਥੋੜੀ ਘੱਟ ਹੋਈ ਹੈ। ਸੂਬੇ ਵਿੱਚ ਨਵੇਂ ਕੇਸਾਂ ਦੀ ਗਿਣਤੀ ਥੋੜੀ ਜਿਹੀ ਘਟੀ ਹੈ।

    ਸੋਮਵਾਰ ਨੂੰ ਸੂਬੇ ਵਿੱਚ ਆਏ ਨਵੇਂ 54 ਮਾਮਲਿਆ ਨਾਲ ਕੁੱਲ ਗਿਣਤੀ 1877 ਹੋ ਗਈ ਹੈ। ਸੋਮਵਾਰ ਦੇ 54 ਮਾਮਲਿਆਂ ਵਿੱਚ 4 ਬੱਚੇ ਵੀ ਸ਼ਾਮਲ ਹਨ।

    ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਜਲੰਧਰ ਵਿ੍ਚਰ ਸਭ ਤੋਂ ਵੱਧ 13 ਕੇਸ ਆਏ ਹਨ। ਉਸ ਤੋਂ ਬਾਅਦ ਮਾਨਸਾ ਵਿੱਚ 12, ਫਤਿਹਗੜ੍ਹ ਵਿੱਚ 11, ਗੁਰਦਾਸਪੁਰ ਵਿੱਚ 6, ਮੋਗਾ ਤੇ ਲੁਧਿਆਣਾ ਵਿੱਚ ਦੋ-ਦੋ ਅਤੇ ਤਰਨ ਤਾਰਨ, ਫ਼ਾਜ਼ਿਲਕਾ, ਪਟਿਆਲਾ, ਫਰੀਦਕੋਟ, ਰੋਪੜ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਇੱਕ-ਇੱਕ ਨਵਾਂ ਮਾਮਲਾ ਆਇਆ ਹੈ।

  10. ਕੇਸਾਂ 'ਚ ਵਾਧੇ ਦੇ ਬਾਵਜੂਦ ਰੂਸ ਅੱਜ ਤੋਂ ਖੋਲ੍ਹ ਰਿਹਾ ਲੌਕਡਾਊਨ

    ਰੂਸ ਦੇ ਰਾਸ਼ਟਪਤੀ ਵਾਲਦੀਮੀਰ ਪੁਤਿਨ ਦੇ ਐਲਾਨ ਮੁਤਾਬਕ ਅੱਜ ਤੋਂ ਲੌਕਡਾਊਨ ਖੋਲ੍ਹ ਦਿੱਤਾ ਗਿਆ ਹੈ। ਭਾਵੇਂ ਕਿ ਪਿਛਲੇ ਦਿਨਾਂ ਦੌਰਾਨ ਕੋਰੋਨਾ ਪੌਜ਼ਿਟਿਵ ਕੇਸਾਂ ਵਿੱਚ ਰੋਜ਼ਾਨਾਂ ਦਸ ਹਜ਼ਾਰ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।

    ਪੁਤਿਨ ਨੇ ਕਿਹਾ ਕਿ ਪਿਛਲੇ 6 ਹਫ਼ਤਿਆਂ ਤੋਂ ਕੋਰੋਨਾਵਾਇਰਸ ਕਾਰਨ ਚੱਲ ਰਿਹਾ ਨੌਨ-ਵਰਕਿੰਗ ਪੀਰੀਅਡ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਮੰਗਲਵਾਰ ਤੋਂ ਕਾਰੋਬਾਰੀ ਕੰਮਕਾਜ ਸ਼ੁਰੂ ਕਰ ਰਹੇ ਹਨ।

    ਪੁਤਿਨ ਨੇ ਕਿਹਾ ਕਿ ਲੌਕਡਾਊਨ ਦੀਆਂ ਪਾਬੰਦੀਆਂ ਹਟਾਉਣ ਦਾ ਲਾਭ ਅਰਥਚਾਰੇ ਦੇ ਹਰ ਵਰਗ ਨੂੰ ਮਿਲੇਗਾ, ਪਰ ਕੁਝ ਖੇਤਰਾਂ ਉੱਤੇ ਜੇ ਲਾਜ਼ਮੀ ਹੋਇਆ ਤਾਂ ਸਖ਼ਤੀ ਨਾਲ ਕੰਟਰੋਲ ਕੀਤਾ ਜਾਵੇਗਾ।

    ਰੂਸ ਦੁਨੀਆਂ ਦਾ ਤੀਜਾ ਅਜਿਹਾ ਮੁਲਕ ਹੈ, ਜਿੱਥੇ ਸਭ ਤੋਂ ਵੱਧ ਕੋਰੋਨਾ ਪੌਜ਼ਿਟਿਵ ਕੇਸ ਹਨ।

    ਅਧਿਕਾਰਤ ਅੰਕੜਿਆਂ ਮੁਤਾਬਕ 2,21,234 ਮਰੀਜ਼ ਹਨ ਅਤੇ 11,656 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।

  11. ਕੋਰੋਨਾਵਾਇਰਸ: ਅੱਜ ਤੋਂ 15 ਏਸੀ ਟਰੇਨਾਂ ਸ਼ੁਰੂ, ਕੀ ਹਨ ਸਫ਼ਰ ਦੇ ਨਿਯਮ ਤੇ ਸ਼ਰਤਾਂ

    ਸਰੋਜ ਸਿੰਘ, ਬੀਬੀਸੀ ਪੱਤਰਕਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਵਿਚਾਲੇ ਭਾਰਤ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ। ਭਾਰਤੀ ਰੇਲ ਮੰਤਰਾਲਾ 12 ਮਈ ਤੋਂ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਸ਼ੁਰੂਆਤੀ ਗੇੜ ਵਿੱਚ ਸਿਰਫ਼ 15 ਟਰੇਨਾਂ ਚਲਾਈਆਂ ਜਾਣਗੀਆਂ।

    25 ਮਾਰਚ ਤੋਂ ਪੂਰੇ ਦੇਸ਼ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਹੀ ਪੈਸੇਂਜਰ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਲੌਕਡਾਊਨ-3 ਖ਼ਤਮ ਹੋਣ ਤੋਂ ਪਹਿਲਾਂ ਸਰਕਾਰ ਨੇ ਇਹ ਫ਼ੈਸਲਾ ਕਿਵੇਂ ਕਰ ਲਿਆ, ਇਸ 'ਤੇ ਲੋਕਾਂ ਨੂੰ ਹੈਰਾਨੀ ਜ਼ਰੂਰ ਹੋ ਰਹੀ ਹੈ।

    ਰੇਲ ਮੰਤਰਾਲੇ ਦੇ ਇਸ ਫ਼ੈਸਲੇ ਦਾ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਸਵਾਗਤ ਕੀਤਾ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇਕਲਿੱਕ ਕਰੋ।

  12. ਕੀ ਮੋਟੇ ਬੰਦਿਆਂ ਨੂੰ ਕੋਰੋਨਾਵਾਇਰਸ ਤੋਂ ਜ਼ਿਆਦਾ ਖ਼ਤਰਾ ਹੈ

    ਹੁਣ ਤੱਕ ਸਾਨੂੰ ਇਹ ਪਤਾ ਸੀ ਕਿ ਮੋਟੇ ਲੋਕਾਂ ਨੂੰ ਦਿਲ ਦੀ ਬਿਮਾਰੀ, ਕੈਂਸਰ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

    ਪਰ ਹੁਣ ਸ਼ੁਰੂਆਤੀ ਖੋਜ ਵਿੱਚ ਇਹ ਪਤਾ ਲਗਿਆ ਹੈ ਕਿ ਮੋਟੇ ਲੋਕਾਂ ਵਿੱਚ ਕੋਵਿਡ-19 ਹੋਣ ਦਾ ਖ਼ਤਰਾ ਵੀ ਜ਼ਿਆਦਾ ਹੋ ਸਕਦਾ ਹੈ।

  13. ਕੋਰੋਨਾ ਸੰਕਟ : ਹੁਣ ਤੱਕ ਦੀ ਪੰਜਾਬ ਤੇ ਭਾਰਤ ਸਣੇ ਗਲੋਬਲ ਅਪਡੇਟ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਦੇਸ ਵਿੱਚ ਡੇਢ ਲੱਖ ਤੋਂ ਤਿੰਨ ਲੱਖ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਸਮੇਂ 13 ਲੱਖ 37 ਹਜ਼ਾਰ ਲੋਕ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

    ਵ੍ਹਾਈਟ ਹਾਊਸ ਦਾ ਮੁਲਾਜ਼ਮ ਇੱਕ ਦਿਨ ਪਹਿਲਾ ਨੈਗੇਟਿਵ ਆਇਆ ਸੀ ਹੁਣ ਉਹ ਪੌਜ਼ਿਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਵਾਇਟ ਹਾਊਸ ਮੁਲਾਜ਼ਮਾਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ।

    ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਨੇ ਮੁਲਕ ਦੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇੱਥੇ ਲੌਕਡਾਊਨ 'ਚ ਢਿੱਲ ਤੋਂ ਬਾਅਦ ਕੋਰੋਨਾ ਲਾਗ ਦੀ ਦਰ ਵਧ ਗਈ ਸੀ।

    ਜੌਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਕੋਰੋਨਾ ਲਾਗ ਦਾ ਗਲੋਬਲ ਅੰਕੜਾ 41,74,651 ਹੋ ਗਿਆ ਹੈ। ਜਦਕਿ 2,87,945 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।

    ਬ੍ਰਿਟੇਨ ਵਿੱਚ 24,000 ਤੋਂ ਵੱਧ ਲੋਕ ਲਾਗ ਦਾ ਸ਼ਿਕਾਰ ਹੋਏ ਹਨ, ਜਦੋਂ ਕਿ 32 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

    ਭਾਰਤ ਵਿੱਚ ਕੋਰੋਨਾ ਲਾਗ ਦੀ ਕੁਲ ਗਿਣਤੀ 67 ਹਜ਼ਾਰ ਤੋਂ ਵੱਧ ਹੈ, ਹੁਣ ਤੱਕ 2206 ਵਿਅਕਤੀਆਂ ਦੀ ਮੌਤ ਹੋ ਗਈ, 20,917 ਲੋਕ ਠੀਕ ਹੋਏ ਹਨ।

    ਭਾਰਤੀ ਰੇਲ ਮੰਤਰਾਲਾ ਮੰਗਲਵਾਰ ਤੋਂ 15 ਏਸੀ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਇਹ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਪਟਨਾ, ਰਾਂਚੀ, ਹਾਵੜਾ, ਡਿਬਰੂਗੜ, ਅਗਰਤਲਾ, ਬਿਲਾਸਪੁਰ, ਭੁਵਨੇਸ਼ਵਰ, ਸਿਕੰਦਰਬਾਦ, ਬੰਗਲੌਰ, ਚੇਨਈ, ਤਿਰੂਵਨੰਤਪੁਰਮ, ਮਡਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਲਈ ਜਾਣਗੀਆਂ।

    ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪੰਜਵੀਂ ਵਾਰ ਮੀਟਿੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਪਿੰਡਾਂ ਵਿੱਚ ਕੋਰੋਨਾਵਾਇਰਸ ਫੈਲਣ ਨਾ ਦੇਣਾ ਹੈ।

    ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੇਂਦਰ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਸਮੇਂ ਰਾਜਨੀਤੀ ਨਹੀਂ ਕਰਨੀ ਚਾਹੀਦੀ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਐੱਮ ਨਰਿੰਦਰ ਮੋਦੀ ਨੂੰ ਕਿਹਾ ਕਿ ਜ਼ੋਨਾਂ ਦੀ ਵੰਡ ਦਾ ਕੰਮ ਸੂਬਾ ਸਰਕਾਰ ‘ਤੇ ਹੀ ਛੱਡਣਾ ਚਾਹੀਦਾ ਹੈ।

    ਪੰਜਾਬ ਵਿੱਚ ਮਾਮਲੇ 1823 ਹੋ ਚੁੱਕੇ ਹਨ ਜਦਕਿ 31 ਮੌਤਾਂ ਹੋ ਚੁੱਕੀਆਂ ਹਨ।