You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਸੰਯੁਕਤ ਰਾਸ਼ਟਰ ਅਨੁਸਾਰ ਵਾਇਰਸ ਕਾਰਨ ਆ ਸਕਦੇ ਕਈ ਕਾਲ਼; ਭਾਰਤ ’ਚ ਜੂਨ-ਜੁਲਾਈ ’ਚ ਮਾਮਲੇ ਦੀ ਗਿਣਤੀ ਸ਼ਿਖ਼ਰ ’ਤੇ ਪਹੁੰਚ ਸਕਦੀ – AIIMS ਦੇ ਡਾਇਰੈਕਟਰ

ਯੂਰਪ ਵਿੱਚ ਯੂਕੇ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ । ਦੁਨੀਆਂ ਭਰ ਵਿੱਚ 2.63 ਲੱਖ ਤੋਂ ਵੱਧ ਮੌਤਾਂ। ਲਾਗ ਦੇ ਮਾਮਲੇ ਸਾਢੇ 37 ਲੱਖ ਤੋਂ ਪਾਰ

ਲਾਈਵ ਕਵਰੇਜ

  1. ਕੇਂਦਰ ਵਲੋਂ ਅਲਾਟ ਅਨਾਜ ਦਾ ਪੰਜਾਬ ਨੇ ਸਿਰਫ਼ 01% ਹੀ ਵੰਡਿਆ -ਪਾਸਵਾਨ

    ਕੇਂਦਰੀ ਸਿਵਲ ਸਪਲਾਈ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਪੰਜਾਬ ਸਰਕਾਰ ਉੱਤੇ ਲੌਕਡਾਊਨ ਦੌਰਾਨ ਅਪ੍ਰੈਲ ਦੌਰਾਨ ਭੇਜੇ ਅਨਾਜ ਦਾ ਸਿਰਫ਼ 01% ਹੀ ਵੰਡਣ ਦਾ ਇਲਜ਼ਾਮ ਲਾਇਆ ਹੈ।

    ਆਪਣੇ ਟਵੀਟ ਵਿਚ ਉਨ੍ਹਾਂ ਦੱਸਿਆ ਕਿ ਕੁੱਲ 70,725 ਟਨ ਅਨਾਜ ਪੰਜਾਬ ਨੂੰ ਅਲਾਟ ਕੀਤਾ ਗਿਆ ਸੀ। ਜਿਸ ਵਿਚੋਂ ਸਿਰਫ਼ ਇੱਕ ਫ਼ੀਸਦ 688 ਕੁਇੰਟਲ ਹੀ 1 ਲੱਖ 38 ਹਜ਼ਾਰ ਲੋਕਾਂ ਨੂੰ ਦਿੱਤਾ ਗਿਆ।

    ਪਾਸਵਾਨ ਨੇ ਕੈਪਟਨ ਨੂੰ ਅਨਾਜ ਵੰਡਣ ਲਈ ਤੇਜ਼ੀ ਲਿਆਉਣ ਲਈ ਕਿਹਾ ਹੈ।

  2. ਕੋਰੋਨਵਾਇਰਸ ਨਾਲ ਕਈ ਕਾਲ਼ ਪੈ ਸਕਦੇ ਹਨ- ਯੂਐੱਨਓ

    ਸੰਯੁਕਤ ਰਾਸ਼ਟਰਜ਼ ਨੇ ਕਮਜ਼ੋਰ ਮੁਲਕਾਂ ਵਿਚ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ 4.7 ਅਰਬ ਹੋਰ ਫੰਡਿੰਗ ਲਈ ਅਪੀਲ ਕੀਤੀ ਹੈ।

    ਮਾਰਚ ਮਹੀਨੇ ਵਿਚ ਯੂਐੱਨ ਨੇ 2 ਅਰਬ ਡਾਲਰ ਲਈ ਅਪੀਲ ਕੀਤੀ ਹੈ, ਜਿਸ ਵਿਚੋਂ ਹੁਣ ਤੱਕ ਅੱਧੀ ਹਾਸਲ ਹੋਈ ਹੈ।

    ਮਨੁੱਖਤਾ ਨਾਲ ਸਬੰਧਿਤ ਮਾਮਲਿਆਂ ਦੇ ਯੂਐੱਨ ਸਕੱਤਰ ਜਨਰਲ ਮਾਰਕ ਲੌਵਕੋਕ ਨੇ ਕਿਹਾ, ਕੋਰੋਨਾਵਾਇਰਸ ਸੰਕਟ ਦਾ ਸਭ ਤੋਂ ਭਿਆਨਕ ਅਸਰ ਗਰੀਬ ਮੁਲਕਾਂ ਦੀ ਦੁਨੀਆਂ ਵਿਚ ਦਿਖੇਗਾ।

    ਜੇਕਰ ਅਸੀਂ ਹੁਣੇ ਕੋਈ ਕਦਮ ਨਹੀਂ ਚੁੱਕਦੇ ਤਾਂ ਸਾਨੂੰ ਵਿਵਾਦਾਂ, ਭੁੱਖਮਰੀ ਤੇ ਗਰੀਬੀ ਨਾਲ ਨਿਪਟਣ ਲਈ ਤਿਆਰ ਰਹਿਣਾ ਪਵੇਗਾ। ਇਸ ਸਾਨੂੰ ਕਾਰਗਰ ਕਦਮ ਚੁੱਕਣੇ ਪੈਣਗੇ।

    ਅਫ਼ਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕਾ ਵਿਚ ਟੈਸਟਿੰਗ ਲਈ ਸਾਜੋ-ਸਮਾਨ, ਹੱਥ ਧੌਣ ਲਈ ਸਮੱਗਰੀ ਤੇ ਜਾਗਰੂਕਤਾ ਅਭਿਆਨ ਲਈ ਤੁਰੰਤ ਪੈਸੇ ਦੀ ਲੋੜ ਹੈ। ਕਮਜ਼ੋਰ ਮੁਲਕਾਂ ਦੀ ਸੂਚੀ ਵਿਚ 9 ਹੋਰ ਮੁਲਕ ਜੋੜੇ ਗਏ ਹਨ ਅਤੇ ਇਹ ਗਿਣਤੀ ਹੁਣ 50 ਹੋ ਗਈ ਹੈ।

    ਸੂਚੀ ਵਿਚ ਨਵੇਂ ਸ਼ਾਮਲ ਕੀਤੇ ਗਏ ਮੁਲਕਾਂ ਵਿਚ ਪਾਕਿਸਤਾਨ ਤੇ ਫਿਲਪਾਇਨ ਵੀ ਹਨ।

  3. ਜੋ ਡੇਰੇ ਵਿੱਚ ਕੁਆਰੰਟੀਨ ਨਹੀਂ ਹੋਣਾ ਚਾਹੁੰਦੇ, ਗੁਰਦੁਆਰਿਆਂ ਵਿੱਚ ਸ਼ਿਫ਼ਟ ਕੀਤੇ ਜਾਣ-ਜਥੇਦਾਰ ਹਰਪ੍ਰੀਤ ਸਿੰਘ

    ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੋ ਲੋਕ ਡੇਰੇ ਵਿੱਚ ਕੁਆਰੰਟੀਨ ਕੀਤੇ ਗਏ ਹਨ ਪਰ ਉੱਥੇ ਨਹੀਂ ਰਹਿਣਾ ਚਾਹੁੰਦੇ, ਉਨ੍ਹਾਂ ਨੂੰ ਗੁਰਦੁਆਰਿਆਂ ਵਿੱਚ ਭੇਜ ਦਿੱਤਾ ਜਾਣਾ ਚਾਹੀਦਾ ਹੈ।

    ਉਨ੍ਹਾਂ ਕਿਹਾ, "ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕਈ ਪੌਜ਼ਿਟਿਵ ਮਾਮਲੇ ਆਏ ਹਨ। ਇਹ ਪੀੜਤ ਹਨ, ਇਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਅਭੱਦਰ ਟਿੱਪਣੀ ਨਹੀਂ ਹੋਣੀ ਚਾਹੀਦੀ।"

    "ਇਹ ਬਦਕਿਸਮਤੀ ਹੈ ਕਿ ਪਹਿਲਾਂ ਭਾਈ ਬਲਦੇਵ ਸਿੰਘ ਪਠਵਾਲਾ ਦਾ ਕੇਸ ਆਇਆ ਤਾਂ ਹੋਲੇ ਮਹੱਲੇ ਦੀਆਂ ਸਗਤਾਂ ਨੂੰ ਨਿਸ਼ਾਨਾਂ ਬਣਾਉਣ ਦਾ ਯਤਨ ਕੀਤਾ। ਸੋਸ਼ਲ ਮੀਡੀਆ ਉੱਤੇ ਭੰਡੀ ਪ੍ਰਚਾਰ ਕੀਤਾ।

    ਫਿਰ ਪਰਵਾਸੀ ਭਾਰਤੀਆਂ ਨੂੰ ਨਿਸ਼ਾਨਾ ਬਣਾਇਆ, ਹੁਣ ਹਜ਼ੂਰ ਸਾਹਿਬ ਸੰਗਤ ਗਈ ਸੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਚਾਹੇ ਕੋਈ ਹੋਵੇ ਉਸ ਨਾਲ ਦੋਸ਼ੀਆਂ ਵਰਗਾ ਵਿਹਾਰ ਨਾ ਹੋਵੇ।"

  4. ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ, ਪੰਜਾਬ ਦੀ ਹੁਣ ਤੱਕ ਦੀ ਅਪਡੇਟ

    • ਜੌਹਨ ਹੌਪਕਿਨਜ਼ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 37,54,650 ਮਾਮਲੇ ਹੋਏ ਜਦੋਂਕਿ 2,63,861 ਮੌਤਾਂ।
    • ਈਰਾਨ ਵਿੱਚ ਫਿਰ ਪਰਤਿਆ ਕੋਰੋਨਾਵਾਇਰਸ ਦਾ ਕਹਿਰ, ਬੁੱਧਵਾਰ ਨੂੰ ਲਾਗ ਦੇ 1,680 ਨਵੇਂ ਕੇਸ ਸਾਹਮਣੇ ਆਏ।
    • ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਵਿੱਚ 615 ਲੋਕਾਂ ਦੀ ਮੌਤ। ਹੁਣ ਤੱਕ ਬ੍ਰਾਜ਼ੀਲ ਵਿੱਚ 1.25 ਲੱਖ ਪੌਜਿਟਿਵ ਮਾਮਲੇ ਅਤੇ 8.5 ਹਜ਼ਾਰ ਮੌਤਾਂ ਹੋਈਆਂ।
    • ਕੋਰੋਨਾਵਾਇਰਸ 'ਤੇ ਰਿਸਰਚ ਕਰਨ ਵਾਲੇ ਚੀਨ ਵਿੱਚ ਜਨਮ ਪ੍ਰੋਫੈਸਰ ਦੀ ਅਮਰੀਕਾ ਵਿੱਚ ਮੌਤ ਹੋਣ 'ਤੇ ਦੁਨੀਆਂ ਭਰ ਵਿੱਚ ਇਸ ਨੂੰ ‘ਸਾਜਿਸ਼’ ਵਜੋਂ ਦੇਖਿਆ ਜਾ ਰਿਹਾ ਹੈ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਅਮਰੀਕਾ ਉੱਤੇ ਸਭ ਤੋਂ ਬੁਰਾ ਹਮਲਾ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ 52,952 ਪਹੁੰਚੇ, 1783 ਮੌਤਾਂ
    • 12 ਦੇਸਾਂ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਅੱਜ ਤੋਂ ਸ਼ੁਰੂ।
    • ਇਜਾਜ਼ਤ ਦੇ ਬਾਵਜੂਦ ਗੁਰਦਾਸਪੁਰ 'ਚ ਠੇਕੇ ਨਹੀਂ ਖੋਲ੍ਹੇ ਗਏ, ਆਬਕਾਰੀ ਵਿਭਾਗ ਵੱਲੋਂ ਤੈਅ ਠੇਕਿਆਂ ਦੇ ਰੈਵਨਿਊ ਵਿੱਚ ਕਮੀ ਕਰਨ ਦੀ ਮੰਗ।
    • ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਜਾਂ ਸਵਾਰੀਆਂ ਨੂੰ ਲਿਆਉਣ ਲਈ ਸੋਸ਼ਲ ਡਿਸਟੈਂਸਿੰਗ ਦੇ ਦਿਸ਼ਾ-ਨਿਰਦੇਸ਼ ਜਾਰੀ।
    • ਆਸ਼ਾ ਵਰਕਰਾਂ ਨੇ ਸਰਕਾਰ ਵੱਲੋਂ ਭਰੋਸਾ ਮਿਲਣ ਤੇ ਦੋ ਦਿਨਾਂ ਲਈ ਹੜਤਾਲ ਮੁਲਤਵੀ ਕੀਤੀ।
  5. ਕੋਰੋਨਾਵਾਇਰਸ: 9 ਸਾਲ ਦੇ ਮੁੰਡੇ ਦੀ ਕਾਢ, ਹੱਥ ਧੋਣ ਲਈ ‘ਜੁਗਾੜ’

    ਸਟੀਫ਼ਨ ਨੇ ਹੱਥ ਧੋਣ ਲਈ ਨਵਾਂ ਤਰੀਕਾ ਲੱਭਿਆ ਹੈ।

    ਲੱਕੜਾਂ ਦੀ ਮਦਦ ਨਾਲ ਉਸ ਨੇ ਅਜਿਹਾ ਜੰਤਰ ਤਿਆਰ ਕੀਤਾ ਹੈ ਕਿ ਤੁਸੀਂ ਇਸ ਨੂੰ ਬਿਨਾਂ ਹੱਥ ਲਗਾਏ ਹੀ ਹੱਥ ਧੋ ਸਕਦੇ ਹੋ।

    ਸਟੀਫ਼ਨ ਦੇ ਪਿਤਾ ਆਪਣੇ ਪੁੱਤਰ ਦੀ ‘ਛੋਟੀ ਉਮਰੇ ਵੱਡੀ ਸੋਚ’ ਤੋਂ ਖ਼ੁਸ਼ ਹਨ।

  6. ਸ਼ਰਾਬ ਦੇ ਠੇਕੇ ਖੁੱਲ੍ਹਣ ਨਾਲ ਘਰੇਲੂ ਹਿੰਸਾ ਦੇ ਮਾਮਲੇ ਵਧਣ ਦੀ ਸੰਭਾਵਨਾ-ਜਥੇਦਾਰ ਹਰਪ੍ਰੀਤ ਸਿੰਘ

    ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ:

    ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼ਰਾਬ ਦੀ ਖੁੱਲ੍ਹੀ ਵਰਤੋਂ ਨਹੀਂ ਹੋਣੀ ਚਾਹੀਦੀ।

    “ਅਜਿਹੇ ਮਾਹੌਲ ਵਿੱਚ ਜਦੋਂ ਸਭ ਦੁਕਾਨਾਂ, ਸ਼ਾਪਿੰਗ ਮਾਲ, ਬਜਾਰ ਬੰਦ ਹਨ ਤਾਂ ਇਹ ਸ਼ਰਾਬ ਨੂੰ ਪਹਿਲ ਦੇ ਰਹੇ ਹਨ। ਇਸ ਨਾਲ ਘਰੇਲੂ ਹਿੰਸਾ ਵਧਣ ਦਾ ਖਤਰਾ ਹੈ, ਇਹ ਬੜੀ ਮਾੜੀ ਗੱਲ ਹੈ।”

    “ਇਸ ਵੇਲੇ ਮੰਦਿਰ, ਮਸਜਿਦ, ਗੁਰਦੁਆਰੇ ਬੰਦ ਕਰ ਰੱਖੇ ਹਨ। ਆਸਥਾ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਉਹ ਬੰਦ ਕੀਤੇ ਹੋਏ ਹਨ। ਸ਼ਰਾਬ ਜਿਸ ਕਾਰਨ ਘਰੇਲੂ ਹਿੰਸਾ ਵਿੱਚ ਵਾਧੇ ਦੀ ਸੰਭਾਵਨਾ ਹੈ, ਸਰਕਾਰ ਨੂੰ ਉਸ ਬਾਰੇ ਸੋਚਣਾ ਚਾਹੀਦਾ ਹੈ।”

  7. ਆਸ਼ਾ ਵਰਕਰਾਂ ਨੇ ਦੋ ਦਿਨਾਂ ਲਈ ਹੜਤਾਲ ਮੁਲਤਵੀ ਕੀਤੀ

    ਆਸ਼ਾ ਵਰਕਰਜ਼ ਨੇ ਆਪਣੀ ਅੱਜ ਹੋਣ ਵਾਲੀ ਹੜਤਾਲ ਨੂੰ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਹੈ।

    ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਦੋ ਦਿਨਾਂ ਲਈ ਹੜਤਾਲ ਨੂੰ ਟਾਲਿਆ ਹੈ।

    ਇਨ੍ਹਾਂ ਦੀਆਂ ਕੀ ਹਨ ਮੰਗਾਂ, ਇਸ ਵੀਡੀਓ ਵਿੱਚ ਦੇਖੋ।

  8. ਯੂਕੇ ਵਿੱਚ ਲੌਕਡਾਊਨ ਸਬੰਧੀ ਸਮੀਖਿਆ ਬੈਠਕ, ਮਿਲ ਸਕਦੀ ਹੈ ਢਿੱਲ

    ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇਸ ਵਿੱਚ ਲੌਕਡਾਊਨ ਦੀ ਸਮੀਖਿਆ ਸਬੰਧੀ ਕੈਬਨਿਟ ਨਾਲ ਬੈਠਕ ਕਰਨਗੇ।

    ਸੋਮਵਾਰ ਤੋਂ ਕੁਝ ਨਿਯਮਾਂ ਦੇ ਨਾਲ ਪਾਬੰਦੀਆਂ ਵਿੱਚ ਢਿੱਲ ਮਿਲ ਸਕਦੀ ਹੈ।

    ਕਾਨੂੰਨ ਮੁਤਾਬਕ ਸਰਕਾਰ ਨੂੰ ਹਰ ਤਿੰਨ ਹਫ਼ਤਿਆਂ ਵਿੱਚ ਪਾਬੰਦੀਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ।

    ਹੁਣ ਵੀਰਵਾਰ ਅਗਲੀ ਡੈੱਡਲਾਈਨ ਹੈ।

    ਬੌਰਿਸ ਜੌਹਨਸਨ ਹਫਤੇ ਦੇ ਅਖੀਰ ਵਿੱਚ ਦੇਸ ਨੂੰ ਸੰਬੋਧਨ ਕਰਨਗੇ ਅਤੇ ਲੌਕਡਾਊਨ ਦੇ ਅਗਲੇ ਪੜਾਅ ਦੀਆਂ ਯੋਜਨਾਵਾਂ ਦੀ ਰੂਪ ਰੇਖਾ ਦੱਸਣਗੇ।

    ਇਹ ਕਿਆਸ ਲਾਏ ਜਾ ਰਹੇ ਹਨ ਕਿ ਅਰਥਚਾਰਾ ਮੁੜ ਸ਼ੁਰੂ ਕਰਨ ਲਈ "ਘਰ ਰਹਿਣ" ਨਿਰਦੇਸ਼ ਨੂੰ ਖਤਮ ਕੀਤਾ ਜਾ ਸਕਦਾ ਹੈ।

  9. ਕੋਰੋਨਾਵਾਇਰਸ: ਆਪਣੇ ਮੋਬਾਈਲ ਨੂੰ ਕਿਵੇਂ ਸਾਫ਼ ਰੱਖ ਸਕਦੇ ਹੋ

    ਕੋਰੋਨਾਵਾਇਰਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣਾ ਮੋਬਾਈਲ ਵੀ ਸਾਫ਼ ਰੱਖੋ।

    ਇਸ ਵੀਡੀਓ ਵਿੱਚ ਮੋਬਾਈਲ ਸਾਫ਼ ਕਰਨ ਦਾ ਤਰੀਕਾ ਸਿੱਖੋ।

  10. ਕੀ ਸਾਹ ਰੋਕਣ ਨਾਲ ਵਾਇਰਸ ਬਾਰੇ ਪਤਾ ਲੱਗਦਾ ਹੈ?

    ਸਿਹਤ ਸਬੰਧੀ ਕਈ ਤਰ੍ਹਾਂ ਦੇ ਸੁਝਾਅ ਸੋਸ਼ਲ ਮੀਡੀਆ ਜਾਂ ਹੋਰਨਾਂ ਥਾਵਾਂ 'ਤੇ ਸਾਂਝੇ ਕੀਤੇ ਜਾ ਰਹੇ ਹਨ।

    ਬੀਬੀਸੀ ਰਿਐਲਿਟੀ ਚੈੱਕ ਨੇ ਇਨ੍ਹਾਂ ਤੱਥਾਂ ਦੀ ਪੜਤਾਲ ਕੀਤੀ। ਹੇਠ ਲਿਖੇ ਤੱਥ ਸਹੀ ਹਨ।

    • ਸ਼ਰਾਬ ਪੀਣ ਨਾਲ ਵਾਇਰਸ ਖ਼ਤਮ ਨਹੀਂ ਹੋਏਗਾ
    • ਸਾਹ ਰੋਕਣ ਨਾਲ ਇਹ ਨਹੀਂ ਪਤਾ ਲੱਗਦਾ ਕਿ ਤੁਹਾਡੇ ਵਿੱਚ ਵਾਇਰਸ ਹੈ ਜਾਂ ਨਹੀਂ
    • ਸਰ੍ਹੋਂ ਦੇ ਤੇਲ ਨਾਲ ਕੋਰੋਨਾਵਾਇਰਸ ਦਾ ਇਲਾਜ ਨਹੀਂ ਹੁੰਦਾ
    • ਕਿਸੇ ਚੀਜ਼ 'ਤੇ ਰੋਗਾਣੂਨਾਸ਼ਕ ਦੇ ਸ਼ਿੜਕਾਅ ਨਾਲ ਵਾਇਰਸ ਖ਼ਤਮ ਹੋ ਸਕਦਾ ਹੈ ਪਰ ਉਸ ਨੂੰ ਪੀਣ ਨਾਲ ਜਾਂ ਟੀਕਾ ਲਾਉਣ ਨਾਲ ਮੌਤ ਦਾ ਖਤਰਾ ਹੁੰਦਾ ਹੈ
  11. ਬ੍ਰਾਜ਼ੀਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ

    ਬ੍ਰਾਜ਼ੀਲ ਵਿੱਚ ਕੋਵਿਡ -19 ਕਾਰਨ ਬੁੱਧਵਾਰ ਨੂੰ ਇੱਕੋ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ।

    615 ਲੋਕਾਂ ਦੀ ਮੌਤ ਹੋਈ ਜੋ ਕਿ ਪੂਰੇ ਦੱਖਣੀ ਗੋਲਾਰਧ ਵਿੱਚ ਇੱਕ ਦਿਨ ਵਿਚ ਸਭ ਤੋਂ ਵੱਧ ਮੌਤਾਂ ਹਨ।

    ਬ੍ਰਾਜ਼ੀਲ ਵਿਚ ਕੋਰੋਨਾਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 8500 ਹੋ ਗਈ ਹੈ।

    ਬ੍ਰਾਜ਼ੀਲ ਦੇ ਸਿਹਤ ਮੰਤਰੀ ਨੈਲਸਨ ਟੈਕ ਨੇ ਕਿਹਾ ਹੈ ਕਿ 'ਸਰਕਾਰ ਹੁਣ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ 'ਚ ਲੌਕਡਾਊਨ ਲਾਗੂ ਕਰਨ ਦੀ ਸਿਫਾਰਸ਼ ਕਰ ਸਕਦੀ ਹੈ।'

    ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਹੁਣ ਤੱਕ ਕੋਰੋਨਾਵਾਇਰਸ ਮਹਾਂਮਾਰੀ ਦੀ ਗੰਭੀਰਤਾ ਨੂੰ ਖਾਰਿਜ ਕਰਦੇ ਰਹੇ ਹਨ।

  12. ਇਜਾਜ਼ਤ ਦੇ ਬਾਵਜੂਦ ਗੁਰਦਾਸਪੁਰ 'ਚ ਠੇੇਕੇ ਨਹੀਂ ਖੋਲ੍ਹੇ ਗਏ

    ਗੁਰਦਾਸਪੁਰ ਤੋਂ ਬੀਬੀਸੀ ਲਈ ਗੁਰਪ੍ਰੀਤ ਚਾਵਲਾ:

    ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਐਲਾਨ ਦੇ ਬਾਵਜੂਦ ਗੁਰਦਾਸਪੁਰ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੋਲ੍ਹੇ ਗਏ।

    ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਸੂਬਾ ਸਰਕਾਰ ਤੋਂ ਕਈ ਮੰਗਾਂ ਹਨ ਜਿਸ ਦੇ ਪੂਰਾ ਹੋਣ "ਤੇ ਹੀ ਉਹ ਠੇਕੇ ਖੋਲ੍ਹਣਗੇ।

    ਠੇਕੇਦਾਰਾਂ ਦੀਆਂ ਹੇਠ ਲਿਖੀਆਂ ਮੰਗਾਂ ਹਨ-

    • ਅਬਕਾਰੀ ਵਿਭਾਗ ਵਲੋਂ ਤੈਅ ਠੇਕਿਆਂ ਰੈਵਨਿਊ ਵਿੱਚ ਕਮੀ ਕੀਤੀ ਜਾਵੇ।
    • ਲਾਕਡਾਊਨ ਕਾਰਨ ਉਨ੍ਹਾਂ ਨੂੰ ਕੋਈ ਆਮਦਨ ਨਹੀਂ ਹੋਈ ਅਤੇ ਅੱਗੇ ਵੀ ਹੋਟਲ,ਪੈਲੇਸ, ਵਿਆਹ ਅਤੇ ਹੋਰ ਸਮਾਗਮਾਂ 'ਤੇ ਰੋਕ ਕਾਰਨ ਆਮਦਨ ਵਿੱਚ ਕਮੀ ਰਹੇਗੀ।
    • ਠੇਕਿਆਂ ਦੇ ਖੋਲ੍ਹਣ ਅਤੇ ਬੰਦ ਹੋਣ ਦਾ ਸਮਾਂ ਵੀ ਘੱਟ ਹੈ ।
  13. 98 ਸਾਲ ਦੀ ਉਮਰ ਵਿੱਚ ਮਾਸਕ ਬਣਾਉਂਦੀ ਬੇਬੇ

    ਸਿਲਾਈ ਮਸ਼ੀਨ ਉੱਤੇ ਮਾਸਕ ਬਣਾਉਂਦੀ ਇਨ੍ਹਾਂ ਬੇਬੇ-ਜੀ ਦੀ ਉਮਰ 98 ਸਾਲ ਹੈ।

    ਉਮਰ ਤਾਂ ਜ਼ਿਆਦਾ ਹੈ ਹੀ ਪਰ ਨਾਲ ਹੀ ਕੋਰੋਨਾਵਾਇਰਸ ਤੋਂ ਬਚਾਅ ਲਈ ਯੋਗਦਾਨ ਪਾਉਣ ਦਾ ਜਜ਼ਬਾ ਵੀ ਕਈਆਂ ਨਾਲੋਂ ਜ਼ਿਆਦਾ ਹੈ।

  14. ਪਰਵਾਸੀ ਮਜ਼ਦੂਰਾਂ ਜਾਂ ਸਵਾਰੀਆਂ ਨੂੰ ਲਿਆਉਣ ਲਈ ਦਿਸ਼ਾ-ਨਿਰਦੇਸ਼

    ਹੋਰਨਾਂ ਸੂਬਿਆਂ ਵਿੱਚ ਫਸੇ ਪਰਵਾਸੀਆਂ ਜਾਂ ਲੋਕਾਂ ਨੂੰ ਵਾਪਸ ਲਿਆਉਣ ਵੇਲੇ ਸਾਫ਼-ਸਫ਼ਾਈ ਦਾ ਧਿਆਨ ਰੱਖਣ ਲਈ ਪੰਜਾਬ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ।

    ਪੰਜਾਬ ਸਰਕਾਰ ਅਧੀਨ ਸਟੇਟ ਟਰਾਂਸਪੋਰਟ ਅਦਾਰੇ ਅਤੇ ਪ੍ਰਾਈਵੇਟ ਬੱਸਾਂ 'ਤੇ ਇਨ੍ਹਾਂ ਨੂੰ ਲਿਆਉਣ ਵੇਲੇ ਸਾਫ਼-ਸਫਾਈ ਦੀ ਸਲਾਹ ਦਿੱਤੀ ਗਈ ਹੈ।

    ਸਮਰਥਾ ਨਾਲੋਂ 50 ਫੀਸਦ ਤੋਂ ਵੱਧ ਸਵਾਰੀਆਂ ਨਹੀਂ ਬੈਠਾ ਸਕਦੇ। ਬਸ 'ਤੇ ਚੜ੍ਹਣ ਬੈਠਣ ਅਤੇ ਉਤਰਨ ਵੇਲੇ ਇੱਕ ਮੀਟਰ ਦੀ ਦੂਰੀ ਲਾਜ਼ਮੀ ਹੈ।

  15. ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ

    ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚ ਜਹਿਰੀਲੀ ਗੈਸ ਲੀਕ ਹੋ ਗਈ ਹੈ।

    ਹਾਦਸੇ ਵਿੱਚ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਸੈਂਕੜੇ ਲੋਕ ਪ੍ਰਭਾਵਿਚ ਦੱਸੇ ਜਾ ਰਹੇ ਹਨ।

    ਇਹ ਕੈਮੀਕਲ ਪਲਾਂਟ ਐਲਜੀ ਪੌਲੀਮਰਸ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਹੈ।

    ਸਾਲ 1961 ਵਿੱਚ ਬਣਿਆ ਇਹ ਪਲਾਂਟ ਹਿੰਦੁਸਤਾਨ ਪੌਲੀਮਰਸ ਦਾ ਸੀ ਜਿਸ ਨੂੰ ਦੱਖਣੀ ਕੋਰੀਆ ਦੀ ਕੰਪਨੀ ਐੱਲਜੀ ਨੇ ਸਾਲ 1997 ਵਿੱਚ ਖ਼ਰੀਦ ਲਿਆ ਸੀ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  16. ਅਮਰੀਕਾ ਵਿੱਚ ਚੀਨ ਦੇ ਪ੍ਰੋਫੈੱਸਰ ਦੇ ਕਤਲ ਤੋਂ ਬਾਅਦ ਅਫ਼ਵਾਹਾਂ ਫੈਲੀਆਂ

    ਕੋਰੋਨਾਵਾਇਰਸ 'ਤੇ ਰਿਸਰਚ ਕਰਨ ਵਾਲੇ ਚੀਨ ਵਿੱਚ ਜਨਮੇ ਪ੍ਰੋਫੈਸਰ ਦੀ ਅਮਰੀਕਾ ਵਿੱਚ ਮੌਤ ਹੋਣ 'ਤੇ ਦੁਨੀਆਂ ਭਰ ਵਿੱਚ ਇਸ ਨੂੰ ‘ਸਾਜਿਸ਼’ ਵਜੋਂ ਦੇਖਿਆ ਜਾ ਰਿਹਾ ਹੈ।

    37 ਸਾਲਾ ਬਿੰਗ ਲੀ ਸ਼ਨੀਵਾਰ ਨੂੰ ਆਪਣੇ ਘਰ ਵਿੱਚ ਮ੍ਰਿਤ ਪਾਏ ਗਏ। ਉਹ ਪਿਟਸਬਰਗ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਸੀ।

    ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਕੋਵਿਡ -19 ਬਾਰੇ 'ਅਹਿਮ ਖੋਜ' ਦੇ ਨੇੜੇ ਪਹੁੰਚ ਗਏ ਸਨ।

    ਉਦੋਂ ਤੋਂ ਹੀ ਆਨਲਾਈਨ ਮੀਡੀਆ 'ਤੇ ਬਿੰਗ ਦੇ ਕਤਲ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ।

    ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਅਤੇ ਫਿਰ ਖੁਦਕੁਸ਼ੀ ਦਾ ਮਾਮਲਾ ਹੈ।

    ਸਥਾਨਕ ਪੁਲਿਸ ਅਨੁਸਾਰ, ਪਿਟਸਬਰਗ ਵਿੱਚ ਬਿੰਗ ਲੀ ਦੇ ਸਿਰ, ਧੜ, ਬਾਂਹਾਂ ਅਤੇ ਲੱਤਾਂ ਵਿੱਚ ਗੋਲੀ ਲੱਗੀ ਸੀ। ਗੋਲੀ ਮਾਰਨ ਵਾਲੇ ਦੀ ਪਛਾਣ ਇਕ 46 ਸਾਲਾ ਸਾਫਟਵੇਅਰ ਇੰਜੀਨੀਅਰ ਹਾਓ ਗੁ ਵਜੋਂ ਹੋਈ ਹੈ।

    ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰ ਤੋਂ ਪਰਤਦਿਆਂ ਉਸ ਨੇ ਆਪਣੀ ਜਾਨ ਵੀ ਲੈ ਲਈ।

    ਬਿੰਗ ਲੀ ਅਤੇ ਹਾਓ ਗੁ ਇੱਕ ਦੂਜੇ ਨੂੰ ਜਾਣਦੇ ਸਨ।

    ਜਾਂਚ ਅਧਿਕਾਰੀਆਂ ਮੁਤਾਬਕ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਬਿੰਗ ਲੀ ਦਾ ਕਤਲ ਮੌਜੂਦਾ ਕੋਰੋਨਾ ਰਿਸਰਚ ਕਾਰਨ ਕੀਤਾ ਗਿਆ ਹੈ।

  17. ਕੋਰੋਨਾਵਾਇਰਸ ਤੋਂ ਬਚਾਅ ਲਈ ਵਿਟਾਮਿਨ-ਡੀ ਅਤੇ ਧੁੱਪ ਕਿੰਨੀ ਲਾਹੇਵੰਦ

    ਲੌਕਡਾਊਨ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਜਿਸ ਕਾਰਨ ਉਨ੍ਹਾਂ ਨੂੰ ਤਾਜ਼ੀ ਹਵਾ ਤੇ ਧੁੱਪ ਢੁਕਵੀਂ ਮਾਤਰਾਂ ਵਿੱਚ ਨਹੀਂ ਮਿਲ ਰਹੀ।

    ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਆ ਰਹੀ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  18. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ, ਪੰਜਾਬ ਦੀ ਅਪਡੇਟ

    • ਜੌਹਨ ਹੌਪਕਿਨਜ਼ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 37,55,379 ਮਾਮਲੇ ਹੋਏ ਜਦੋਂਕਿ 2,63,831 ਮੌਤਾਂ।
    • ਈਰਾਨ ਵਿੱਚ ਫਿਰ ਪਰਤਿਆ ਕੋਰੋਨਾਵਾਇਰਸ ਦਾ ਕਹਿਰ, ਬੁੱਧਵਾਰ ਨੂੰ ਲਾਗ ਦੇ 1,680 ਨਵੇਂ ਕੇਸ ਸਾਹਮਣੇ ਆਏ
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਅਮਰੀਕਾ ਉੱਤੇ ਸਭ ਤੋਂ ਬੁਰਾ ਹਮਲਾ ਹੈ।
    • ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਵਿੱਚ 615 ਲੋਕਾਂ ਦੀ ਮੌਤ। ਹੁਣ ਤੱਕ ਬ੍ਰਾਜ਼ੀਲ ਵਿੱਚ 1.25 ਲੱਖ ਪੌਜਿਟਿਵ ਮਾਮਲੇ ਅਤੇ 8.5 ਹਜ਼ਾਰ ਮੌਤਾਂ ਹੋਈਆਂ।
    • ਜਰਮਨੀ ਦੀ ਸਰਕਾਰ ਨੇ ਦੁਕਾਨਾਂ ਅਤੇ ਸਕੂਲ ਖੋਲ੍ਹਣ ਦੇ ਨਾਲ-ਨਾਲ ਬਿਨਾ ਦਰਸ਼ਕਾਂ ਦੇ ਫੁੱਟਬਾਲ ਲੀਗ ਦੁਬਾਰਾ ਸ਼ੁਰੂ ਕਰਨ ਦੀ ਮਨਜੂਰੀ ਦਿੱਤੀ।
    • ਪਾਕਿਸਤਾਨ ਵਿੱਚ ਰੇਲ ਸੇਵਾ 10 ਮਈ ਤੋਂ ਮੁੜ ਹੋਏਗੀ ਸ਼ੁਰੂ।
    • ਨੇਪਾਲਨੇ ਲੌਕਡਾਊਨ ਨੂੰ 10 ਦਿਨ ਵਧਾ ਕੇ 18 ਮਈ ਤੱਕ ਕਰ ਦਿੱਤਾ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ 52,952 ਪਹੁੰਚੇ, 1783 ਮੌਤਾਂ
    • 12 ਦੇਸਾਂ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਅੱਜ ਤੋਂ ਸ਼ੁਰੂ।
    • ਗੁਜਰਾਤ ਦੇ ਅਹਿਮਦਾਬਾਦ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਹੋਣ ਕਾਰਨ ਪੂਰਨ ਲੌਕਡਾਊਨ ਕਰ ਦਿੱਤਾ ਗਿਆ ਹੈ।
    • ਪੰਜਾਬ ਵਿੱਚ ਅੱਜ ਤੋਂ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਅਤੇ ਸ਼ਰਾਬ ਦੀ ਹੋਮ ਡਿਲੀਵਰੀ ਦੀ ਵੀ ਤਿਆਰੀ
    • ਮੁਕਤਸਰ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਸਬੰਧੀ ਹੁਕਮ ਵਿੱਚ ਗਲਤੀ ਲਈ ਡੀਸੀ ਨੇ ਮੰਗੀ ਮਾਫ਼ੀ
  19. ਅਹਿਮਦਾਬਾਦ ਇੱਕ ਹਫ਼ਤੇ ਲਈ ਪੂਰਨ ਬੰਦ

    ਗੁਜਰਾਤ ਦੇ ਅਹਿਮਦਾਬਾਦ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਹੋਣ ਕਾਰਨ ਪੂਰਨ ਲੌਕਡਾਊਨ ਕਰ ਦਿੱਤਾ ਗਿਆ ਹੈ।

    ਵਧੀਕ ਮੁੱਖ ਸਕੱਤਰ ਰਾਜੀਵ ਕੁਮਾਰ ਗੁਪਤਾ ਨੇ ਮੰਗਲਵਾਰ ਨੂੰ ਕਾਰਜਭਾਰ ਸੰਭਾਲਦਿਆਂ ਹੀ ਹੁਕਮ ਦਿੱਤਾ ਕਿ 7 ਮਈ ਸਵੇਰੇ 6 ਵਜੇ ਤੋਂ ਜ਼ਰੂਰੀ ਸੇਵਾਵਾਂ (ਦੁੱਧ ਅਤੇ ਦਵਾਈਆਂ) ਦੀ ਹੋਮ ਡਿਲੀਵਰੀ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।

    ਇੱਕ ਹਫ਼ਤੇ ਤੱਕ ਇਹ ਨਿਯਮ ਲਾਗੂ ਰਹੇਗਾ। ਸਿਹਤ ਮੰਤਰਾਲੇ ਮੁਤਾਬਕ ਗੁਜਰਾਤ ਵਿੱਚ ਹੁਣ ਤੱਕ 6625 ਪੌਜ਼ਿਟਿਵ ਮਾਮਲੇ ਹਨ।

  20. ਪਾਕਿਸਤਾਨ ਵਿੱਚ ਰੇਲ ਸੇਵਾ 10 ਮਈ ਤੋਂ ਹੋਏਗੀ ਸ਼ੁਰੂ- ਏਸ਼ੀਆ ਦੀ ਅਪਡੇਟ

    -ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 40 ਮੌਤਾਂ ਅਤੇ 1,049 ਕੇਸਾਂ ਦੀ ਪੁਸ਼ਟੀ ਹੋਈ ਹੈ।

    ਇਸ ਤਰ੍ਹਾਂ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 22,000 ਤੋਂ ਵੱਧ ਹੋ ਗਏ ਹਨ।

    ਸਥਾਨਕ ਮੀਡੀਆ ਰਿਪੋਰਟਜ਼ ਮੁਤਾਬਕ ਪਾਕਿਸਤਾਨ ਵਿੱਚ10 ਮਈ ਤੋਂ ਰੇਲ ਸੇਵਾ ਮੁੜ ਸ਼ੁਰੂ ਹੋ ਰਹੀ ਹੈ।

    -ਬੰਗਲਾਦੇਸ਼ 'ਚ ਇੱਕ ਦਿਨ ਵਿੱਚ 790 ਮਾਮਲੇ ਸਾਹਮਣੇ ਆਏ। ਇਹ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ।

    ਬੰਗਲਾਦੇਸ ਵਿੱਚ ਪੌਜ਼ਿਟਿਵ ਮਾਮਲੇ 11,000 ਤੋਂ ਪਾਰ ਹੋ ਗਏ ਹਨ।

    -ਨੇਪਾਲ ਨੇ ਲੌਕਡਾਊਨ ਨੂੰ 10 ਦਿਨ ਵਧਾ ਕੇ 18 ਮਈ ਤੱਕ ਕਰ ਦਿੱਤਾ ਹੈ।

    -ਸਥਾਨਕ ਮੀਡੀਆ ਮੁਤਾਬਕ ਸ਼੍ਰੀਲੰਕਾ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਦੇਸ ਦੇ ਸਰਗਰਮ 548 ਕੇਸਾਂ ਵਿੱਚੋਂ 300 ਤੋਂ ਵੱਧ ਮਾਮਲੇ ਜਲ ਸੈਨਾ ਦੇ ਹਨ।

    ਸ੍ਰੀਲੰਕਾ ਵਿੱਚ ਹੁਣ ਤੱਕ 700 ਤੋਂ ਵੱਧ ਲਾਗ ਦੇ ਮਾਮਲੇ ਅਤੇ ਅੱਠ ਮੌਤਾਂ ਦੀ ਹੋ ਚੁੱਕੀਆਂ ਹਨ।