You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੰਜਾਬ 'ਚ NRIs ਤੇ ਰੈਡ ਜ਼ੋਨਜ਼ ਤੋਂ ਆਉਣ ਵਾਲਿਆਂ ਲਈ ਸੰਸਥਾਵਾਂ ਤੇ ਹੋਟਲ ਬਣਨਗੇ ਕੁਆਰੰਟੀਨ ਸੈਂਟਰ; ਟਰੰਪ ਨੇ ਕਿਹਾ, ਕੋਰੋਨਾ ਦੇ ਚੀਨ ਦੀ ਲੈਬ ਤੋਂ ਨਿਕਲਣ ਦੇ ਸਬੂਤ ਜਲਦੀ ਪੇਸ਼ ਕਰਨਗੇ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35 ਲੱਖ ਤੋਂ ਪਾਰ ਪਹੁੰਚ ਗਏ ਹਨ, ਮੌਤਾਂ ਦੀ ਗਿਣਤੀ 2.50 ਲੱਖ ਤੋਂ ਵੱਧ

ਲਾਈਵ ਕਵਰੇਜ

  1. ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾਵਾਇਰਸ ਨਾਲ ਲੜਦੀ ਮੋਗਾ ਦੀ ਬੇਬੇ

    ਸਿਲਾਈ ਮਸ਼ੀਨ ਉੱਤੇ ਮਾਸਕ ਬਣਾਉਂਦੀ ਇਨ੍ਹਾਂ ਬੇਬੇ-ਜੀ ਦੀ ਉਮਰ 98 ਸਾਲ ਹੈ।

    ਉਮਰ ਤਾਂ ਜ਼ਿਆਦਾ ਹੈ ਹੀ ਪਰ ਨਾਲ ਹੀ ਕੋਰੋਨਾਵਾਇਰਸ ਤੋਂ ਬਚਾਅ ਲਈ ਯੋਗਦਾਨ ਪਾਉਣ ਦਾ ਜਜ਼ਬਾ ਵੀ ਕਈਆਂ ਨਾਲੋਂ ਜ਼ਿਆਦਾ ਹੈ।

  2. ਮਹੀਨੇ ਵਿੱਚ ਪਹਿਲੀ ਵਾਰੀ ਅਮਰੀਕਾ 'ਚ ਮੌਤਾਂ ਦੀ ਗਿਣਤੀ ਘਟੀ

    ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਕਾਰਨ 1,015 ਮੌਤਾਂ ਹੋਈਆਂ ਹਨ।

    ਇੱਕ ਮਹੀਨੇ ਵਿੱਚ ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਘੱਟ ਹੈ।

    ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਕੁੱਲ 68,920 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

    ਅਮਰੀਕਾ ਵਿੱਚ 1,180,332 ਕੋਰੋਨਾਵਾਇਰਸ ਪੌਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਇਹ ਮਾਮਲੇ ਸਪੇਨ ਨਾਲੋਂ ਪੰਜ ਗੁਣਾ ਤੋਂ ਵੀ ਜ਼ਿਆਦਾ ਹਨ ਅਤੇ ਚੀਨ ਨਾਲੋਂ 14 ਗੁਣਾ ਜ਼ਿਆਦਾ ਹਨ ਜਿੱਥੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ ਸੀ।

  3. ਚੀਨੀ ਮੀਡੀਆ ਨੇ ਪੌਂਪੀਓ ਦੀ ਲੈਬ ਥਿਓਰੀ ਨੂੰ 'ਪਾਗਲ' ਕਿਹਾ

    ਚੀਨੀ ਮੀਡੀਆ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੀ ਟਿੱਪਣੀ 'ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ‘ਪਾਗਲ ਅਤੇ ਅਸਪਸ਼ਟ ’ਕਿਹਾ ਹੈ।

    ਪੋਂਪਿਓ ਨੇ ਐਤਵਾਰ ਨੂੰ ਕਿਹਾ ਸੀ ਕਿ “ਵੱਡੇ ਸਬੂਤਾਂ” ਤੋਂ ਸਾਬਿਤ ਹੁੰਦਾ ਹੈ ਕਿ ਵਾਇਰਸ ਦੀ ਸ਼ੁਰੂਆਤ ਚੀਨੀ ਸ਼ਹਿਰ ਵੂਹਾਨ ਦੀ ਇੱਕ ਲੈਬ ਵਿੱਚ ਹੋਈ ਸੀ।

    ਏਐਫ਼ਪੀ ਦੀ ਰਿਪੋਰਟ ਦੇ ਅਨੁਸਾਰ ਦੇਸ ਦੇ ਚੈਨਲ ਸੀਸੀਟੀਵੀ ਨੇ ਇੱਕ ਟਿੱਪਣੀ ਦੇ ਨਾਲ ਜਵਾਬ ਦਿੱਤਾ, "ਬਦਮਾਸ਼ ਪੋਂਪੀਓ ਕਠੋਰਤਾ ਨਾਲ ਜ਼ਹਿਰ ਦੇ ਰਿਹਾ ਹੈ ਅਤੇ ਝੂਠ ਫੈਲਾ ਰਿਹਾ ਹੈ।”

    ਸੀਸੀਟੀਵੀ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਥਿਊਰੀ ਇੱਕ ‘ਪੂਰਨ ਝੂਠ ਹੈ’।

    ਅੱਗੇ ਕਿਹਾ ਕਿ "ਅਮਰੀਕੀ ਸਿਆਸਤਦਾਨ ਖੁਦ ਬਚਣ ਲਈ ਇਲਜ਼ਾਮ ਲਾ ਰਹੇ ਹਨ... ਉਹਨਾਂ ਦੀਆਂ ਮਹਾਂਮਾਰੀ ਖਿਲਾਫ਼ ਆਪਣੀਆਂ ਕੋਸ਼ਿਸ਼ਾਂ ਬੇਕਾਰ ਹਨ।”

  4. ਦਿੱਲੀ ਵਿੱਚ ਅੱਜ ਤੋਂ ਮਹਿੰਗੀ ਹੋਵੇਗੀ ਸ਼ਰਾਬ

    ਸੋਮਵਾਰ ਦੀ ਸ਼ਾਮ ਨੂੰ ਦਿੱਲੀ ਸਰਕਾਰ ਨੇ ਸ਼ਰਾਬ 'ਤੇ 70 ਫੀਸਦ ਦੀ 'ਸਪੈਸ਼ਲ ਕੋਰੋਨਾ ਫੀਸ ਲਗਾਈ'।

    ਇਹ ਨਵੀਂ ਕੀਮਤ ਪ੍ਰਿੰਟ ਰੇਟ 'ਤੇ ਲਾਈ ਜਾਵੇਗੀ।

    ਸੋਮਵਾਰ ਨੂੰ ਲੌਕਡਾਊਨ ਵਿੱਚ ਕੁਝ ਰਾਹਤ ਦੇਣ ਤੋਂ ਬਾਅਦ, ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ।

    ਇਸ ਤੋਂ ਬਾਅਦ ਸ਼ਾਮ ਨੂੰ ਕੋਰੋਨਾ ਫੀਸ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।

  5. ਪਰਵਾਸੀਆਂ ਨੂੰ ਵਾਪਸ ਭੇਜਣ ਤੋਂ ਪਹਿਲਾਂ ਟੈਸਟ ਕੀਤਾ ਜਾਵੇ-ਅਭਿਜੀਤ ਬੈਨਰਜੀ

    ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਹਾ ਕਿ ਲੌਕਡਾਊਨ ਤੋਂ ਜਲਦੀ ਬਾਹਰ ਆਉਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ:-

    • ਅਮਰਤਿਆ ਸੇਨ ਮੁਤਾਬਕ ਸਾਰਿਆਂ ਨੂੰ ਟੈਂਪਰੇਰੀ ਰਾਸ਼ਨ ਕਾਰਡ ਦਿਓ। ਇਹ ਜ਼ਰੂਰ ਕਰਨਾ ਚਾਹੀਦਾ ਹੈ।
    • ਅਸੀਂ ਸਭ ਨੂੰ ਨਕਦੀ ਨਹੀਂ ਦੇ ਸਕਦੇ। ਇਸ ਲਈ ਯੋਜਨਾ ਦੀ ਲੋੜ ਹੈ। ਸਭ ਕੋਲ ਖਾਤੇ ਨਹੀਂ ਹੁੰਦੇ।
    • ਸਾਨੂੰ ਸੂਬਾ ਸਰਕਾਰਾਂ ਨੂੰ ਪੈਸੇ ਦੇਣੇ ਚਾਹੀਦੇ ਹਨ ਤਾਂ ਕਿ ਉਹ ਆਪਣੀਆਂ ਯੋਜਨਾਵਾਂ ਰਾਹੀਂ ਲੋੜਵੰਦਾਂ ਦੀ ਮਦਦ ਕਰਨ। ਇਸ ਵਿੱਚ ਐਨਜੀਓ ਦੀ ਮਦਦ ਲਓ।
    • ਪਰਵਾਸੀਆਂ ਦਾ ਮਸਲਾ ਸੂਬਾ ਸਰਕਾਰ ਵੱਲੋਂ ਹੱਲ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਲੋਕਾਂ ਨੂੰ ਇਨਫੈਕਸ਼ਨ ਹੋ ਸਕਦਾ ਹੈ।
    • ਇਸ ਲਈ ਟਰੇਨ ’ਤੇ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਟੈਸਟ ਜ਼ਰੂਰੀ ਹੈ।
    • ਇੰਡੋਨੇਸ਼ੀਆ ਨੇ ਫੈਸਲਾ ਕੀਤਾ ਹੈ ਕਿ ਉਹ ਲੋਕਾਂ ਨੂੰ ਨਕਦੀ ਦੇਣਗੇ ਅਤੇ ਕਿਸ ਨੂੰ ਪੈਸਾ ਦੇਣਾ ਹੈ ਇਹ ਫੈਸਲਾ ਸਮਾਜ ਕਰੇਗਾ।
    • ਬਹਾਦਰ ਹੋਣਾ ਹੀ ਸਾਡੇ ਕੋਲ ਇੱਕੋ ਬਦਲ ਹੈ।
    • ਦੋ ਮੁੱਦੇ ਹਨ-ਦਿਵਾਲੀਆ ਤੋਂ ਕਿਵੇਂ ਬਚਿਆ ਜਾਵੇ ਅਤੇ ਮੰਗ ਵਿੱਚ ਕਮੀ ਲਿਆਉਣਾ।
    • ਲੋਕਾਂ ਦੇ ਕਰਜ਼ੇ ਮਾਫ ਕਰਨਾ ਇੱਕ ਬਦਲ ਹੈ।
    • ਲੋਕਾਂ ਨੂੰ ਪੈਸੇ ਦਿਓ। ਅਮਰੀਕਾ ਇਹ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਹੈ।
  6. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ, ਪੰਜਾਬ ਦੀ ਅਪਡੇਟ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35,84,118 ਹੋ ਗਏ ਹਨ, ਮੌਤਾਂ ਦੀ ਗਿਣਤੀ 2,51,562 ਹੋਈ।
    • ਅਮਰੀਕਾ ਦਾ ਬਜਟ ਵਿਗੜਿਆ, 30 ਖਰਬ ਡਾਲਰ ਦਾ ਕਰਜ਼ਾ ਲਏਗਾ
    • ਕੋਰੋਨਾਵਾਇਰਸ ਦੇ ਟੀਕੇ ਲਈ ਦੁਨੀਆਂ ਭਰ ਦੇ ਕਈ ਦੇਸ ਇੱਕਜੁੱਟ, 8 ਬਿਲੀਅਨ ਡਾਲਰ ਤੋਂ ਵੱਧ ਦੇਣ ਦਾ ਫੈਸਲਾ।
    • ਫਰਾਂਸ ਵਿੱਚ ਪਹਿਲਾ ਕੋਰੋਨਾਵਾਇਰਸ ਦਾ ਮਾਮਲਾ 'ਦਸੰਬਰ ਵਿੱਚ ਆਇਆ'
    • ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾਵਾਇਰਸ ਦੇ 3900 ਮਾਮਲੇ, ਕੁੱਲ ਕੇਸਾਂ ਦੀ ਗਿਣਤੀ 46,430 ਅਤੇ 1568 ਮੌਤਾਂ।
    • ਅਰਥਸ਼ਾਸਤਰੀ ਅਭਿਜੀਤ ਬੈਨਰਜੀ ਮੁਤਾਬਕ ਸਰਕਾਰ ਨੂੰ ਸਿਰਫ਼ ਗਰੀਬਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਲੋਕਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਵਾਉਣ ਦਾ ਭਰੋਸਾ ਦੇਣਾ ਚਾਹੀਦਾ ਹੈ।
    • ਜਲੰਧਰ ਰੇਲਵੇ ਸਟੇਸ਼ਨ ਤੋਂ ਮੰਗਲਵਾਰ ਸ਼ਾਮ ਨੂੰ 1200 ਯਾਤਰੀਆਂ ਲਈ 'ਸ਼੍ਰਮਿਕ ਐਕਸਪ੍ਰੈਸ' ਹੋਵੇਗੀ ਰਵਾਨਾ
  7. ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾਵਾਇਰਸ ਦੇ 3900 ਮਾਮਲੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 46,430 ਹੋਈ।

    ਸਿਹਤ ਮੰਤਰਾਲੇ ਮੁਤਾਬਕ ਕੁੱਲ ਮੌਤਾਂ 1568 ਹੋ ਚੁੱਕੀਆਂ ਹਨ।

    ਇਲਾਜ ਤੋਂ ਬਾਅਦ 12,726 ਲੋਕ ਠੀਕ ਹੋ ਚੁੱਕੇ ਹਨ।

    ਪਿਛਲੇ 24 ਘੰਟਿਆਂ ਵਿੱਚ 3900 ਮਾਮਲੇ ਸਾਹਮਣੇ ਆਏ ਹਨ ਜਦੋਂਕਿ 195 ਮੌਤਾਂ ਹੋਈਆਂ ਹਨ।

    ਇਹ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ।

  8. ਸਰਕਾਰ ਨੂੰ ਸਿਰਫ਼ ਗਰੀਬਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ- ਅਭਿਜੀਤ ਬੈਨਰਜੀ

    ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨਾਲ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੱਲਬਾਤ ਕੀਤੀ।

    ਉਨ੍ਹਾਂ ਨੇ ਲੌਕਡਾਊਨ ਦੇ ਅਸਰ ਬਾਰੇ ਗੱਲਬਾਤ ਕੀਤੀ। ਅਭਿਜੀਤ ਬੈਨਰਜੀ ਨੇ ਕਿਹਾ-

    • ਆਧਾਰ ਨੂੰ ਨੈਸ਼ਨਲ ਬਣਾ ਕੇ ਪੀਡੀਐਸ ਲਈ ਵਰਤੇ ਜਾਣ ਦਾ ਟੀਚਾ ਸੀ।
    • ਅਸਲ ਸਵਾਲ ਹੈ ਕਿ ਕੀ ਅਰਥਚਾਰਾ ਮੁੜ ਸੁਰਜੀਤ ਹੋਵੇਗਾ। ਸਾਨੂੰ ਦੇਸ ਦੀ ਵਿੱਤੀ ਹਾਲਤ ਬਾਰੇ ਆਸ਼ਾਵਾਦੀ ਹੋਣਾ ਚਾਹੀਦਾ ਹੈ।
    • ਸਾਨੂੰ ਪ੍ਰੋਤਸਾਹਨ ਪੈਕੇਜ ਦੀ ਲੋੜ ਹੈ।
    • ਤਿੰਨ ਮਹੀਨੇ ਦੇ ਕਰਜ਼ੇ ਦਾ ਭੁਗਤਾਨ ਸਰਕਾਰ ਕਰਦੀ, ਪੂਰੀ ਤਰ੍ਹਾਂ ਸਰਕਾਰ ਰੱਦ ਕਰਦੀ।
    • ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਪੈਸੇ ਖਾਤੇ ਵਿੱਚ ਪਾਏ ਜਾਣਗੇ, ਭਾਵੇਂ ਹੁਣੇ ਨਹੀਂ।
    • ਇਸ ਵਿੱਚ ਸਿਰਫ਼ ਗਰੀਬਾਂ ਨੂੰ ਸ਼ਾਮਿਲ ਕਰਨਾ ਚਰਚਾ ਦਾ ਵਿਸ਼ਾ ਹੈ।
    • 60 ਫੀਸਦ ਲੋਕਾਂ ਨੂੰ ਪੈਸਾ ਦਿਓਗੇ ਤਾਂ ਕੋਈ ਫਰਕ ਨਹੀਂ ਪਏਗਾ।
    • ਮੈਂ ਗਰੀਬਾਂ ਤੋਂ ਅੱਗੇ ਦੇ ਲੋਕਾਂ ਬਾਰੇ ਸੋਚਾਂਗਾ।
    • ਲੌਕਡਾਊਨ ਤੋਂ ਬਾਅਦ ਕੌਣ ਗਰੀਬ ਹੁੰਦਾ ਹੈ, ਦੇਖਣਾ ਹੋਵੇਗਾ।
    • ਸਾਨੂੰ ਪੂਰੇ ਰਿਟੇਲ ਸੈਕਟਰ ਨੂੰ ਬੰਦ ਕਰਨ ਦੀ ਲੋੜ ਨਹੀਂ।
    • ਜੇ ਲੋਕਾਂ ਨੂੰ ਭਰੋਸਾ ਦਿਵਾਇਆ ਜਾਵੇ ਕਿ ਅਗਲੇ ਦੋ ਮਹੀਨਿਆਂ ਬਾਅਦ ਜਾਂ ਲੌਕਡਾਊਨ ਤੋਂ ਬਾਅਦ ਥੋੜ੍ਹਾ ਪੈਸਾ ਮਿਲੇਗਾ ਤਾਂ ਲੋਕ ਪੈਨਿਕ ਨਹੀਂ ਕਰਨਗੇ।
    • ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਵਧੇਗੀ
    • ਲੌਕਡਾਊਨ ਤੋਂ ਜਲਦੀ ਬਾਹਰ ਆਉਣਾ ਜ਼ਰੂਰੀ ਹੈ।
  9. ਮੁੰਬਈ ਵਿੱਚ ਧਾਰਾ 144 ਲਾਗੂ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੁੰਬਈ ਵਿੱਚ 17 ਮਈ ਤੱਕ ਧਾਰਾ 144 ਲਾਗੂ ਕੀਤੀ ਗਈ ਹੈ।

    ਗੈਰ-ਜ਼ਰੂਰੀ ਸੇਵਾਵਾਂ ਲਈ ਰਾਤ 8 ਵਜੇ ਤੋਂ ਸਵੇਰੇ 7 ਵਜੇ ਤੱਕ ਆਵਾਜਾਈ 'ਤੇ ਰੋਕ ਰਹੇਗੀ।

  10. ਕੋਰੋਨਾਵਾਇਰਸ ਦੇ ਆਮ ਲੱਛਣਾਂ ਤੋਂ ਇਲਾਵਾ ਸੰਭਾਵਿਤ ਲੱਛਣ ਕੀ ਹਨ?

    ਕੋਰੋਨਾਵਾਇਰਸ ਦੇ ਮੁੱਖ ਲੱਛਣ ਬੁਖ਼ਾਰ ਅਤੇ ਸੁੱਕੀ ਖਾਂਸੀ ਹਨ। ਇਹ ਉਹ ਲੱਛਣ ਹਨ ਜਿਨ੍ਹਾਂ ਨੂੰ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

    ਕਈ ਮਾਮਲਿਆਂ ਵਿੱਚ ਗਲੇ ਵਿੱਚ ਦਰਦ, ਸਿਰ ਦਰਦ ਅਤੇ ਦਸਤ ਵੀ ਦੱਸੇ ਗਏ ਹਨ ਅਤੇ ਅਜਿਹੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਕਈਆਂ ਦੀ ਸੁੰਘਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

    ਪਰ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਹਲਕੀ ਠੰਢ ਜਿਵੇਂ ਨੱਕ ਦਾ ਵਗਣਾ ਜਾਂ ਛਿੱਕਣਾ ਵੀ ਕਈ ਰੋਗੀਆਂ ਵਿੱਚ ਲੱਛਣ ਹੋ ਸਕਦੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  11. ਕੋਰੋਨਾ ਵਾਰੀਅਰਜ਼ 'ਤੇ ਕੰਮ ਦਾ ਬੋਝ ਘਟਾਉਣ ਦਾ ਕੈਪਟਨ ਨੇ ਕੀਤਾ ਦਾਅਵਾ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਕੋਰੋਨਾ ਵਾਰੀਅਰਜ਼ ਨਾਲ ਗੱਲਬਾਤ ਕੀਤੀ।

    ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿਹਤ ਮੁਲਾਜ਼ਮਾਂ 'ਤੇ ਇਸ ਵੇਲੇ ਕੰਮ ਦਾ ਵਧੇਰੇ ਬੋਝ ਹੈ, ਇਸ ਦਾ ਹੱਲ ਕੱਢਣ ਲਈ ਜਲਦੀ ਹੀ ਕੁੱਝ ਕੀਤਾ ਜਾਵੇਗਾ।

  12. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ

    ਮਨੁੱਖੀ ਸਰੀਰ ਤੇ ਉਸਦਾ ਇਮੀਊਨ ਸਿਸਟਮ ਕਿਵੇਂ ਕੋਰੋਨਾਵਾਇਰਸ ਨਾਲ ਲੜਦਾ ਹੈ, ਵੇਖੋ ਇਸ ਵੀਡੀਓ ਵਿੱਚ।

  13. ਫਰਾਂਸ ਵਿੱਚ ਪਹਿਲਾ ਕੋਰੋਨਾਵਾਇਰਸ ਦਾ ਮਾਮਲਾ 'ਦਸੰਬਰ ਵਿੱਚ ਆਇਆ'

    ਪੈਰਿਸ ਦੇ ਨੇੜੇ ਏਵੀਸਿਨ ਅਤੇ ਜੀਨ-ਵਰਡੀਅਰ ਹਸਪਤਾਲਾਂ ਵਿੱਚ ਐਮਰਜੈਂਸੀ ਮੈਡੀਸੀਨ ਦੇ ਮੁਖੀ ਡਾ. ਕੋਹੇਨ ਨੇ ਫਰਾਂਸ ਦੇ ਬੀਐਫਐਮਟੀਵੀ ਨੂੰ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਦਸੰਬਰ ਅਤੇ ਜਨਵਰੀ ਵਿੱਚ ਫਲੂ ਵਰਗੇ ਲੱਛਣਾਂ ਨਾਲ ਦਾਖਲ ਮਰੀਜ਼ਾਂ ਦੇ ਸਵੈਬ ਟੈਸਟ ਕੀਤੇ।

    ਕੁੱਲ ਮਿਲਾਕੇ 14 ਮਰੀਜ਼ਾਂ ਦੇ ਸਵੈਬ ਟੈਸਟ ਕੀਤੇ ਗਏ।

    ਇਨ੍ਹਾਂ ਵਿੱਚੋਂ ਇੱਕ ਮਰੀਜ਼ ਜੋ ਕਿ 27 ਦਸੰਬਰ ਨੂੰ ਨਿਮੋਨੀਆ ਤੋਂ ਪੀੜਤ ਪਾਇਆ ਗਿਆ ਸੀ, ਕੋਰੋਨਾਵਾਇਰਸ ਪੌਜ਼ਿਟਿਵ ਨਿਕਲਿਆ ਹੈ।

    ਉਨ੍ਹਾਂ ਕਿਹਾ ਕਿ ਉਸ ਵੇਲੇ ਲਿਆ ਗਿਆ ਸਵੈਬ ਹੁਣ ਟੈਸਟ ਕੀਤਾ ਗਿਆ ਹੈ।

    ਉਹ 50 ਸਾਲਾ ਮਰੀਜ਼ ਜੋ ਕਿ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਹੈ, ਨੂੰ ਕੋਈ ਜਾਣਕਾਰੀ ਨਹੀਂ ਕਿ ਵਾਇਰਸ ਨਾਲ ਇਨਫੈਕਸ਼ਨ ਕਿਵੇਂ ਹੋਇਆ।

    ਇਸ ਤੋਂ ਸਾਬਿਤ ਹੁੰਦਾ ਹੈ ਕਿ ਫਰਾਂਸ ਵਿੱਚ ਵਾਇਰਸ ਦਾ ਪਹਿਲਾ ਮਾਮਲਾ ਦਸੰਬਰ ਵਿੱਚ ਹੀ ਆ ਗਿਆ ਸੀ।

    ਹੁਣ ਤੱਕ ਫਰਾਂਸ ਵਿੱਚ ਪਹਿਲੇ ਤਿੰਨ ਮਾਮਲਿਆਂ ਦੀ ਪੁਸ਼ਟੀ 24 ਜਨਵਰੀ ਹੋਈ ਸੀ।

  14. ਅਮਰੀਕਾ ਤਿੰਨ ਟ੍ਰਿਲੀਅਨ ਡਾਲਰ ਦਾ ਕਰਜ਼ਾ ਲਏਗਾ

    ਅਮਰੀਕਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਰਾਹਤ ਪੈਕੇਜਾਂ ਅਤੇ ਹੋਰ ਖਰਚਿਆਂ ਦੀ ਵਜ੍ਹਾ ਕਰਕੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਉਨ੍ਹਾਂ ਨੂੰ ਤਿੰਨ ਟ੍ਰਿਲੀਅਨ ਡਾਲਰ ਦਾ ਕਰਜ਼ਾ ਲੈਣਾ ਪਏਗਾ।

    ਸਾਲ 2008 ਦੇ ਵਿੱਤੀ ਸੰਕਟ ਸਮੇਂ ਅਮਰੀਕਾ ਨੇ ਇੱਕ ਤਿਮਾਹੀ ਵਿੱਚ ਜਿੰਨਾ ਕਰਜ਼ਾ ਲਿਆ ਸੀ, ਇਹ ਰਕਮ ਉਸ ਤੋਂ ਪੰਜ ਗੁਣਾ ਵੱਧ ਹੈ।

    ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪੈਸਾ ਸਿਹਤ ਸੇਵਾਵਾਂ, ਰਾਹਤ ਪੈਕੇਜ ਜਾਂ ਸਿੱਧੇ ਤੌਰ 'ਤੇ ਲੋਕਾਂ ਨੂੰ ਨਕਦ ਟ੍ਰਾਂਸਫਰ ਕੀਤਾ ਜਾਏਗਾ।

    ਹੁਣ ਅਮਰੀਕਾ 'ਤੇ ਕੁੱਲ ਕਰਜ਼ਾ 25 ਟ੍ਰਿਲੀਅਨ ਡਾਲਰ ਹੈ।

    ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦਿੱਤਾ ਜਾਣ ਵਾਲਾ ਆਰਥਿਕ ਪੈਕੇਜ ਅਮਰੀਕੀ ਅਰਥਚਾਰੇ ਦਾ 14 ਫੀਸਦ ਹੈ।

  15. ਕੋਰੋਨਾਵਾਇਰਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ

    ਕੋਰੋਨਾਵਾਇਰਸ ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ।

    ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ।

    ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  16. ਕੋਰੋਨਾਵਾਇਰਸ ਦੇ ਟੀਕੇ ਲਈ ਦੁਨੀਆਂ ਭਰ ਦੇ ਕਈ ਦੇਸ ਇੱਕਜੁੱਟ

    ਦੁਨੀਆਂ ਭਰ ਦੇ ਕਈ ਦੇਸਾਂ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਟੀਕਾ ਵਿਕਸਤ ਕਰਨ ਅਤੇ ਖੋਜ ਲਈ ਫੰਡ ਵਿੱਚ ਮਦਦ ਕਰਨ ਲਈ 8 ਬਿਲੀਅਨ ਡਾਲਰ ਤੋਂ ਵੱਧ ਦੇਣ ਦਾ ਫੈਸਲਾ ਕੀਤਾ ਗਿਆ ਹੈ।

    ਦਰਅਸਲ ਤਕਰੀਬਨ 40 ਦੇਸਾਂ ਅਤੇ ਡੋਨਰਜ਼ ਨੇ ਯੂਰਪੀ ਯੂਨੀਅਨ ਦੁਆਰਾ ਪ੍ਰਬੰਧਤ ਇੱਕ ਆਨਲਾਈਨ ਸੰਮੇਲਨ ਵਿੱਚ ਹਿੱਸਾ ਲਿਆ।

    ਯੂਰਪੀ ਯੂਨੀਅਨ ਨੇ ਇੱਕ ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ, ਜਪਾਨ ਨੇ 800 ਮਿਲੀਅਨ ਡਾਲਰ ਤੋਂ ਵੱਧ ਦੇਣ ਦਾ ਐਲਾਨ ਕੀਤਾ।

    ਯੂਰਪੀ ਯੂਨੀਅਨ ਦੇ ਮੁਖੀ ਉਰਸੁਲਾ ਵਾਨ ਡੇਰ ਲੀਅਨ ਨੇ ਕਿਹਾ ਕਿ ਇਹ ਪੈਸਾ ਬੇਮਿਸਾਲ ਵਿਸ਼ਵਵਿਆਪੀ ਸਹਿਯੋਗ ਨੂੰ ਸ਼ੁਰੂ ਕਰਨ ਵਿੱਚ ਮਦਦ ਕਰੇਗਾ।

    ਉਨ੍ਹਾਂ ਨੇ ਕਿਹਾ ਕਿ ਇਹ ਏਕਤਾ ਅਤੇ ਮਨੁੱਖਤਾ ਦਾ ਸਹੀ ਮੁੱਲ ਦਰਸਾਉਂਦੀ ਹੈ, ਪਰ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਹੁਤ ਪੈਸੇ ਦੀ ਜ਼ਰੂਰਤ ਪਵੇਗੀ।

    ਯੂਐੱਨ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਮਿਲਾ ਕੇ 30 ਤੋਂ ਵੱਧ ਦੇਸਾਂ ਨੇ ਦਾਨ ਕੀਤਾ।

    ਹਾਲਾਂਕਿ ਅਮਰੀਕਾ ਅਤੇ ਚੀਨ ਨੇ ਇਸ ਵਿੱਚ ਹਿੱਸਾ ਨਹੀਂ ਲਿਆ।

  17. ਲਾਈਵ ਪੇਜ 'ਤੇ ਇੰਦਰਜੀਤ ਕੌਰ ਅਤੇ ਖੁਸ਼ਬੂ ਸੰਧੂ ਵੱਲੋਂ ਤੁਹਾਡਾ ਸਵਾਗਤ ਹੈ।

    ਦਿਨ ਭਰ ਅਸੀਂ ਤੁਹਾਨੂੰ ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਅਤੇ ਪੰਜਾਬ ਦੀ ਖ਼ਬਰ ਦੇਵਾਂਗੇ।

  18. ਸਵਾਗਤ ਹੈ ਤੁਹਾਡਾ, ਇੱਕ ਨਜ਼ਰ ਦੇਸ, ਵਿਦੇਸ਼ ਤੇ ਪੰਜਾਬ ਵਿੱਚ ਹੁਣ ਤੱਕ ਕੀ ਹੋਇਆ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35,80,247 ਹੋ ਗਏ ਹਨ, ਮੌਤਾਂ ਦੀ ਗਿਣਤੀ 2,51,365 ਹੋਈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 42,836 ਹੋ ਚੁੱਕੇ ਹਨ ਜਦੋਂਕਿ 1389 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਅਮਰੀਕਾ 30 ਖਰਬ ਡਾਲਰ ਦਾ ਕਰਜ਼ਾ ਲਏਗਾ।
    • ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਕੁੱਲ ਗਿਣਤੀ ਇੱਕ ਲੱਖ ਦੇ ਪਾਰ ਹੋਈ। ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 4,588 ਮਾਮਲੇ ਮਿਲੇ, 275 ਮੌਤਾਂ ਹੋਈਆਂ।
    • ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਕੋਰੋਨਾਵਾਇਰਸ ਇੱਕ ਚੀਨੀ ਲੈਬ ਤੋਂ ਪੈਦਾ ਹੋਇਆ ਹੈ।
    • ਬੌਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ ਜਰਮਨੀ ਵਿੱਚ ਕੋਰੋਨਾਵਾਇਰਸ ਦੇ 10 ਗੁਣਾ ਵੱਧ ਮਰੀਜ਼ ਹੋਣ ਦਾ ਖਦਸ਼ਾ ਹੈ। ਜਰਮਨੀ ਦੇ 18 ਲੱਖ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਸਕਦੇ ਹਨ।
    • ਅਫ਼ਗਾਨਿਸਤਾਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧੇ ਹਨ ਤੇ ਉੱਥੇ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ
    • ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਵੇਗੀ ਭਾਰਤ ਸਰਕਾਰ। ਇਹ ਕਾਰਵਾਈ 7 ਮਈ 2020 ਤੋਂ ਸ਼ੁਰੂ ਕੀਤੀ ਜਾਵੇਗੀ।
    • ਕਰਫਿਊ ਦੀ ਉਲੰਘਣਾ ਕਰਨ 'ਤੇ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਮਾਮਲਾ ਦਰਜ
    • ਜਲੰਧਰ ਰੇਲਵੇ ਸਟੇਸ਼ਨ ਤੋਂ ਮੰਗਲਵਾਰ ਸ਼ਾਮ ਨੂੰ 1200 ਯਾਤਰੀਆਂ ਨੂੰ 'ਸ਼੍ਰਮਿਕ ਐਕਸਪ੍ਰੈਸ' ਰਾਹੀਂ ਰਵਾਨਾ ਕੀਤਾ ਜਾਵੇਗਾ।

    ਸੋਮਵਾਰ ਦੀ ਹਰ ਅਪਡੇਟ ਲਈ ਇੱਥੇ ਕਲਿੱਕ ਕਰੋ।