You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਨਾਂਦੇੜ ਤੋਂ ਪੰਜਾਬ ਪਰਤੇ ਸ਼ਰਧਾਲੂਆਂ 'ਚੋਂ ਕਈ ਪੌਜ਼ਿਟਿਵ; ਪੂਰੀ ਦੁਨੀਆਂ 'ਚ ਲਾਗ ਦੇ ਮਾਮਲੇ 30 ਲੱਖ ਦੇ ਪਾਰ

ਇਟਲੀ ਵਿੱਚ ਲਗਾਤਾਰ ਤੀਜੇ ਦਿਨ ਮੌਤਾਂ 'ਚ ਕਮੀ ਵੇਖੀ ਗਈ ਹੈ ਅਤੇ ਕੁਝ ਹੋਰ ਅਮਰੀਕੀ ਸੂਬੇ ਦੇਣਗੇ ਲੌਕਡਾਊਨ ਵਿੱਚ ਰਿਆਇਤ।

ਲਾਈਵ ਕਵਰੇਜ

  1. ਪ੍ਰਧਾਨ ਮੰਤਰੀ ਮੋਦੀ ਅੱਜ ਮੁੱਖ ਮੰਤਰੀਆਂ ਨਾਲ ਕੀ ਗੱਲਬਾਤ ਕਰਨਗੇ?

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ।

    ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਉਹ ਕੋਵਿਡ -19 ਵਿਰੁੱਧ ਅੱਗੇ ਦੀ ਰਣਨੀਤੀ ਬਾਰੇ ਗੱਲ ਹੋਵੇਗੇ। ਇਹ ਗੱਲਬਾਤ ਸਵੇਰੇ 10 ਵਜੇ ਸ਼ੁਰੂ ਹੋਣੀ ਹੈ।

    ਇਸ ਗੱਲਬਾਤ ਦੌਰਾਨ ਇਹ ਵੀ ਵਿਚਾਰ ਕਰਨ ਦੀ ਸੰਭਾਵਨਾ ਹੈ ਕਿ 40 ਦਿਨਾਂ ਦੇ ਲੌਕਡਾਊਨ ਤੋਂ ਕਿਵੇਂ ਬਾਹਰ ਆਇਆ ਜਾਵੇ।

    ਕਈ ਸੂਬਿਆਂ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਲੌਕਡਾਊਨ ਵਧਾਉਣ ਦੀ ਮੰਗ ਕਰਨਗੇ। ਸੂਬਿਆਂ ਵਿੱਚ ਇਹ ਵੀ ਇੱਕ ਰਾਏ ਹੈ ਕਿ ਹਾਲਾਂਕਿ ਪਾਬੰਦੀਆਂ ਵਿੱਚ ਥੋੜ੍ਹੀ-ਬਹੁਤ ਢਿੱਲ ਦਿੱਤੀ ਜਾ ਸਕਦੀ ਹੈ ਪਰ ਲੋਕਾੰ ਦੇ ਵੱਡੇ ਪੱਧਰ 'ਤੇ ਇਕੱਠੇ ਹੋਣ 'ਤੇ ਮਨਾਹੀ ਰਹੇਗੀ। ਵਿਦਿਅਕ ਅਦਾਰੇ ਵੀ ਬੰਦ ਰੱਖਣੇ ਚਾਹੀਦੇ ਹਨ।

  2. ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?

    ਮੀਟ ਖਾਣ ਨਾਲ ਕੋਰੋਨਾਵਾਇਰਸ ਫੈਲਣ ਦੀ ਅਫ਼ਵਾਹ ਸੋਸ਼ਲ ਮੀਡੀਆ ਉੱਤੇ ਫੈਲਾਈ ਜਾ ਰਹੀ ਹੈ। ਇਸ ਕਿਸਮ ਦੇ ਪ੍ਰਚਾਰ ਦਾ ਆਂਧਰਾ ਪ੍ਰਦੇਸ਼ ਦੀ ਪੋਲਟਰੀ ਸਨਅਤ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।

    ਪੋਲਟਰੀ ਏਜੰਸੀਆਂ ਅਤੇ ਸਥਾਨਕ ਮੀਟ ਵਿਕਰੇਤਾ ਦੋਵੇਂ ਹੀ ਇਨ੍ਹਾਂ ਅਫ਼ਵਾਹਾਂ ਕਾਰਨ ਨੁਕਸਾਨ ਝੱਲ ਰਹੇ ਹਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

  3. ਰੋਹਿੰਗਿਆ ਸੰਕਟ: ਸਮੁੰਦਰ ਵਿੱਚ ਕਿਸ਼ਤੀਆਂ 'ਚ ਫਸੇ ਸੈਂਕੜੇ ਸ਼ਰਨਾਰਥੀ

    ਸੈਂਕੜੇ ਰੋਹਿੰਗਿਆ ਸ਼ਰਨਾਰਥੀਆਂ ਦੀ ਇੱਕ ਕਿਸ਼ਤੀ ਨੂੰ ਮਲੇਸ਼ੀਆ ਸਰਕਾਰ ਵਲੋਂ ਕੋਰੋਨਾਵਾਇਰਸ ਦੇ ਡਰ ਦਾ ਹਵਾਲਾ ਦਿੰਦਿਆਂ ਵਾਪਸ ਭੇਜ ਦਿੱਤਾ ਗਿਆ।

    ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਨੇ ਖਤਰਨਾਕ ਯਾਤਰਾ 'ਤੇ ਦਰਜਨਾਂ ਲੋਕਾਂ ਦੀ ਮੌਤ ਤੋਂ ਬਾਅਦ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਜਾਰੀ ਕੀਤੀ ਸੀ।

    ਮੰਨਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਅਜੇ ਵੀ ਸਮੁੰਦਰ 'ਤੇ ਫਸੇ ਹੋਏ ਹਨ।

  4. ਲੌਕਡਾਊਨ: ਸਾਈਕਲ ਖ਼ਰੀਦ,16 ਦਿਨਾਂ ਵਿੱਚ ਕੀਤਾ 1400 ਕਿਲੋਮੀਟਰ ਸਫ਼ਰ

    ਬੀਬੀਸੀ ਪੰਜਾਬੀ ਲਈ ਸਤ ਸਿੰਘ ਦੀ ਰਿਪੋਰਟ: ਹਰਿਆਣਾ ਦੇ ਸੰਜੇ ਰਾਮਪਾਲ ਨੇ ਲੌਕਡਾਊਨ ਦੌਰਾਨ ਸਾਈਕਲ 'ਤੇ 1400 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਸੰਜੇ ਪੇਸ਼ੇ ਵਜੋਂ ਇੱਕ ਕਲਾਕਾਰ ਹਨ।

    ਘਰ ਆਉਣ ਲਈ, ਮੁੰਬਈ ਵਿੱਚ ਪਹਿਲਾਂ ਉਨ੍ਹਾਂ ਨੇ OLX ਤੋਂ ਸਾਈਕਲ ਖਰੀਦਿਆ ਤੇ ਫਿਰ 11 ਅਪ੍ਰੈਲ ਨੂੰ ਆਪਣਾ ਸਫ਼ਰ ਸ਼ੁਰੂ ਕੀਤਾ। 26 ਅਪ੍ਰੈਲ ਨੂੰ ਆਪਣੇ ਘਰ ਪਹੁੰਚੇ ਰਾਮਪਾਲ ਨੇ ਕਿਹਾ ਕਿ ਦਾਦਰੀ ਵਿੱਚ ਉਨ੍ਹਾਂ ਦੇ ਘਰ ਮਾਂ ਦੀ ਦੇਖ-ਭਾਲ ਲਈ ਕੋਈ ਨਹੀਂ ਸੀ, ਜਿਸ ਕਰਕੇ ਉਹ ਵਾਪਸ ਆਉਣਾ ਚਾਹੁੰਦੇ ਸੀ।

    ਰਾਮਪਾਲ ਮੁੰਬਈ ਤੋਂ ਦਾਦਰੀ ਇੱਕ ਵੱਡੀ ਪੱਧਰ 'ਤੇ ਬਣਨ ਵਾਲੀ ਫ਼ਿਲਮ ਲਈ ਔਡੀਸ਼ਨ ਦੇਣ ਗਏ ਸੀ, ਪਰ ਵਾਪਸ ਆਉਣ ਤੋਂ ਪਹਿਲਾਂ ਹੀ ਲੌਕਡਾਊਨ ਲੱਗ ਗਿਆ ਸੀ।

  5. ਕੋਰੋਨਾ ਸੰਕਟ ਉੱਤੇ ਸੰਘ ਮੁਖੀ ਮੋਹਨ ਭਾਗਵਤ ਦਾ 7 ਨੁਕਾਤੀ ਮੰਤਰ

    • ਭਾਰਤ ਦਾ ਇੱਕ ਸੌ ਤੀਹ ਕਰੋੜ ਦਾ ਲੋਕ ਭਾਰਤ ਮਾਤਾ ਦੇ ਪੁੱਤਰ ਹਨ ਤੇ ਸਾਡੇ ਭਰਾ ਹਨ।
    • ਡਰ ਜਾਂ ਕ੍ਰੋਧ ਕਾਰਨ ਕੰਮ ਨਹੀਂ ਕਰਨੇ।
    • ਕਿਸੇ ਇੱਕ ਫਿਰਕੇ ਦੇ ਕੁਝ ਲੋਕਾਂ ਦੀ ਗ਼ਲਤੀ ਕਾਰਨ ਉਸ ਫਿਰਕੇ ਦੇ ਸਾਰੇ ਲੋਕਾਂ ਤੋਂ ਦੂਰੀ ਨਹੀਂ ਬਣਾਉਣੀ ਚਾਹੀਦੀ।
    • ਸਾਨੂੰ ਦੇਸ਼ ਹਿੱਤ ਵਿੱਚ ਸਕਾਰਾਤਮਿਕ ਭਾਵ ਨਾਲ ਅੱਗੇ ਵਧਣਾ ਚਾਹੀਦਾ ਹੈ।
    • ਮਹਾਂਰਾਸ਼ਟਰ ਵਿੱਚ ਹਜੂਮ ਹੱਥੋਂ ਮਾਰੇ ਗਏ ਸਾਧੂਆਂ ਨੂੰ ਸ਼ਰਧਾਂਜਲੀ ਦੇਣ ਲਈ 28 ਅਪ੍ਰੈਲ ਨੂੰ ਦਿੱਤੇ ਗਏ ਵੱਖ –ਵੱਖ ਸੰਸਥਾਵਾਂ ਦੇ ਸੱਦੇ ਦੀ ਹਮਾਇਤ ਕਰਾਂਗੇ।
    • ਬੀਮਾਰੀ ਜਿਵੇਂ ਘਟੇਗੀ ਉਸ ਤਰ੍ਹਾਂ ਲੌਕਡਾਊਨ ਵਿੱਚ ਢਿੱਲ ਦਿੱਤੀ ਜਾਵੇਗੀ। ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਵੀ ਸਰੀਰਕ ਦੂਰੀ ਬਰਕਰਾਰ ਰੱਖਣਾ ਪਵੇਗਾ।
    • ਸਮਾਜ ਵਿੱਚ ਸਹਿਯੋਗ ਤੇ ਸਦਾਚਾਰ ਦਾ ਮਾਹੌਲ ਬਣਨਾ ਚਾਹੀਦਾ ਹੈ।
  6. ਸਪੇਨ ਵਿੱਚ ਘਰਾਂ ਤੋਂ ਬਾਹਰ ਨਿਕਲੇ ਬੱਚੇ

    ਤਕਰੀਬਨ 6 ਹਫਤਿਆਂ ਮਗਰੋਂ ਘਰਾਂ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਤੋਂ ਬਾਅਦ ਸਪੇਨ ਵਿੱਚ ਬੱਚੇ ਇਸ ਤਰ੍ਹਾਂ ਖੁਸ਼ ਦਿਖਾਈ ਦਿੱਤੇ।

    ਸਪੇਨ 'ਚ 14 ਸਾਲ ਤੱਕ ਦੇ ਬੱਚਿਆਂ ਨੂੰ ਲੌਕਡਾਊਨ ਤੋਂ ਕੁਝ ਰਾਹਤ ਦਿੱਤੀ ਗਈ ਹੈ।

    ਹਾਲਾਕਿ ਕੁਝ ਪਾਬੰਦੀਆਂ ਹਨ ਬੱਚਿਆਂ ਉਤੇ ਜਿਵੇਂ ਕਿ ਜਨਤਕ ਪਾਰਕਾਂ ਵਿੱਚ ਨਹੀਂ ਜਾਣਾ ਅਤੇ ਇੱਕ ਕਿੱਲੋਮੀਟਰ ਤੋਂ ਦੂਰ ਨਹੀਂ ਜਾਣਾ।

    ਸਪੇਨ ਵਿੱਚ ਬੀਤੇ 24 ਘੰਟਿਆਂ ਵਿੱਚ 288 ਲੋਕਾਂ ਦੀ ਮੌਤ ਹੋਈ ਹੈ। 20 ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਰੋਨਾਵਾਇਰਸ ਕਰਕੇ ਇੰਨੇ ਘੱਟ ਲੋਕਾਂ ਦੀ ਮੌਤ ਹੋਈ ਹੈ।

    ਸ਼ਨੀਵਾਰ ਨੂੰ ਸਪੇਨ ਵਿੱਚ 378 ਲੋਕਾਂ ਦੀ ਜਾਨ ਗਈ ਸੀ। ਸਪੇਨ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ 23 ਹਜ਼ਾਰ ਤੋਂ ਪਾਰ ਹੋ ਗਈ ਹੈ।

  7. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    • ਅੱਜ ਨਰਿੰਦਰ ਮੋਦੀ ਸਾਰਿਆਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਲੌਕਡਾਊਨ ਤੋਂ ਨਿਕਲਣ ਦੇ ਮਸੌਦੇ ਬਾਰੇ ਗੱਲਬਾਤ ਕੀਤੀ ਜਾਵੇਗੀ
    • ਅਰਥਵਿਵਸਥਾ ਦੇ ਮਾੜੇ ਹਾਲ ਨੂੰ ਵੇਖਦੇ ਹੋਏ ਅਮਰੀਕਾ ਦੇ ਕਈ ਸੂਬੇ ਹੁਣ ਲੌਕਡਾਊਨ ਨੂੰ ਖ਼ਤਮ ਕਰਨ ਜਾ ਰਹੇ ਹਨ।
    • ਇਟਲੀ ਦੇ ਪ੍ਰਧਾਨ ਮੰਤਰੀ ਜੁਜ਼ੇਪੇ ਕੌਂਟੇ ਨੇ ਟੀਵੀ ਉੱਤੇ ਆਪਣੇ ਸੰਬੋਧਨ ਵਿੱਚ 4 ਮਈ ਤੋਂ ਲੌਕਡਾਊਨ ਵਿੱਚ ਢੀਲ ਦੇਣ ਦਾ ਐਲਾਨ ਕੀਤਾ ਹੈ।
    • ਐਤਵਾਰ ਨੂੰ ਠੀਕ ਹੋਣ ਮਗਰੋਂ ਪਹਿਲੀ ਵਾਰ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਡਾਊਨਿੰਗ ਸਟ੍ਰੀਟ ਆਏ। ਹੁਣ ਉਹ ਮੁੜ ਤੋਂ ਸਰਕਾਰ ਦੀ ਕਮਾਨ ਸਾਂਭਣ ਜਾ ਰਹੇ ਹਨ।
    • ਮਿਸਰ ਨੇ ਕੋਰੋਨਾਵਾਇਰਸ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਨਜਿੱਠਣ ਲਈ ਕੌਮਾਂਤਰੀ ਮੁਦਰਾ ਕੋਸ਼ ਤੋਂ ਆਰਥਿਕ ਮਦਦ ਮੰਗੀ ਹੈ।
    • ਜੇ ਰੂਸ ਵਿੱਚ ਲੋਕ ਛੁੱਟਿਆਂ ਦੌਰਾਨ ਲੌਕਡਾਊਨ ਦਾ ਪਾਲਣ ਨਹੀਂ ਕਰਦੇ ਹਨ ਤਾਂ ਉੱਥੇ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਇਜਾਫ਼ਾ ਵੇਖਿਆ ਜਾ ਸਕਦਾ ਹੈ।
    • ਨਿਊ ਯੌਰਕ ਦੇ ਗਵਰਨਰ ਨੇ ਪਾਬੰਦੀਆਂ ਵਿੱਚ ਕੁਝ ਛੋਟ ਦੇਣ ਦਾ ਐਲਾਨ ਕੀਤਾ ਹੈ। ਇੱਥੇ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਘੱਟ ਲੋਕਾਂ ਦੀ ਮੌਤ ਹੋਈ ਹੈ।
    • ਜਰਮਨੀ ਵਿੱਚ ਘਰ ਤੋਂ ਕੰਮ ਕਰਨ ਦੇ ਅਧਿਕਾਰ ਬਾਰੇ ਕਾਨੂੰਨ ਬਣਾਉਣ ਵੱਲ ਕੰਮ ਕੀਤਾ ਜਾ ਰਿਹਾ ਹੈ।
    • ਇਸਰਾਈਲ ਦੇ ਸਿਹਤ ਮੰਤਰੀ ਯਾਕੋਵ ਲੀਜ਼ਮੈਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਉੱਤੇ ਕੋਰੋਨਾਵਾਇਰਸ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਦੇ ਇਲਜ਼ਾਮ ਲਗਾਏ ਗਏ ਹਨ।
  8. ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਬਾਰੇ ਹਰ ਅਹਿਮ ਅਪਡੇਟ ਅਤੇ ਜਾਣਕਾਰੀ ਦੇਵਾਗੇ। ਤੁਸੀਂ 26 ਅਪ੍ਰੈਲ ਤੱਕ ਦੇ ਅਪਡੇਟ ਲਈ ਇੱਥੇ ਕਲਿੱਕ ਕਰ ਸਕਦੇ ਹੋ।