You’re viewing a text-only version of this website that uses less data. View the main version of the website including all images and videos.
ਕੋਰੋਨਵਾਇਰਸ: ਆਸਟਰੇਲੀਆ ਨੇ ਪਰਵਾਸੀ ਵਿਦਿਆਰਥੀਆਂ ਨੂੰ ਵਤਨ ਪਰਤਣ ਲਈ ਕਿਹਾ, ਪੰਜਾਬ ’ਚ ਕੋਰੋਨਾਵਾਇਰਸ ਕਰਕੇ ਅੱਜ ਹੋਈਆਂ 2 ਮੌਤਾਂ
ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਮਾਮਲੇ ਤਕਰੀਬਨ 12 ਲੱਖ, ਮੌਤਾਂ ਦੀ ਗਿਣਤੀ 60 ਹਜ਼ਾਰ ਤੋਂ ਪਾਰ
ਲਾਈਵ ਕਵਰੇਜ
ਕੋਰੋਨਾਵਾਇਰਸ: ਨੌਜਵਾਨਾਂ ਨੂੰ ਵਾਇਰਸ ਨਾਲ ਕਿੰਨਾ ਖ਼ਤਰਾ
ਕੋਰੋਨਾਵਾਇਰਸ: ਲੌਕਡਾਊਨ ਵਿੱਚ ਦਿੱਤੀ ਢਿੱਲ ਦੇ ਬਾਵਜੂਦ ਇਨ੍ਹਾਂ ਚੀਜ਼ਾ ਦਾ ਰੱਖੋ ਧਿਆਨ
ਉਹ 5 ਮੁਲਕ ਜਿਨ੍ਹਾਂ ਨੇ ਕੋਰੋਨਾਵਾਇਰਸ ਮਹਾਂਮਾਰੀ ਦਾ ਸਫ਼ਲਤਾ ਨਾਲ ਮੁਕਾਬਲਾ ਕੀਤਾ
ਮੋਦੀ ਦੀ ਅਪੀਲ 'ਤੇ ਬੱਤੀ ਨਹੀਂ ਬੁਝਾਈ ਤਾਂ ਹਿੰਦੂ-ਮੁਸਲਮਾਨ ਗੁਆਂਢੀ ਆਪਸ 'ਚ ਭਿੜੇ, ਕਈ ਲੋਕ ਜ਼ਖ਼ਮੀ
'ਮੇਰੇ ਪੋਲਟਰੀ ਫਾਰਮ ਤੋਂ ਇੱਕ ਲੱਖ ਅੰਡੇ ਰੋਜ਼ਾਨਾ ਸਪਲਾਈ ਹੁੰਦੇ ਸਨ, ਹੁਣ ਸਭ ਬੰਦ ਹੈ'
ਸ਼੍ਰੋਮਣੀ ਕਮੇਟੀ ਨੂੰ ਮਿਲੇਗਾ ਪੀਡੀਐੱਸ ਰੇਟਾਂ ਉੱਤੇ ਰਾਸ਼ਣ
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਲੌਕਡਾਊਨ ਦੌਰਾਨ ਲੋੜਵੰਦਾਂ ਲਈ ਲੰਗਰ ਚਲਾਉਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਪੀਡੀਐੱਸ (ਜਨਤਕ ਵੰਡ ਪ੍ਰਣਾਲੀ) ਰੇਟਾਂ ਤਹਿਤ ਰਾਸ਼ਣ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੋਦੀ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਇੱਕ ਵੀਡੀਓ ਸੰਦੇਸ਼ ਰਾਹੀ ਲੌਂਗੋਵਾਲ ਨੇ ਇਸ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਪਹਿਲਕਦਮੀ ਉੱਤੇ ਹੋਇਆ ਫ਼ੈਸਲਾ ਦੱਸਿਆ।
ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਫੈਸਲੇ ਲਈ ਧੰਨਵਾਦ ਕਰਦਾ ਹਾਂ।
ਕੋਰੋਨਵਾਇਰਸ: ਭਾਰਤ ‘ਚ ਬੰਦੇ ਤੀਵੀਆਂ ਨਾਲੋਂ 3 ਗੁਣਾ ਵੱਧ ਲਾਗ ਦੇ ਸ਼ਿਕਾਰ
- ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ (ਕੋਵਿਡ-19 )ਦੀ ਲਾਗ ਦੇ 693 ਨਵੇਂ ਕੇਸ ਭਾਰਤ ਸਾਹਮਣੇ ਆਏ ਹਨ।
- ਹੁਣ ਭਾਰਤ ਵਿੱਚ ਹੁਣ ਕੋਰੋਨਾ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ 4,067 ਤੱਕ ਪਹੁੰਚ ਗਈ ਹੈ।
- ਇਨ੍ਹਾਂ ਕੁੱਲ ਮਰੀਜ਼ਾ ਵਿਚੋਂ 1,445 ਕੇਸ ਦਿੱਲੀ ਦੀ ਨਿਜ਼ਾਮੂਦੀਨ ਵਿਚਲੀ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ ਨਾਲ ਸਬੰਧਤ ਹਨ।
- ਸਿਹਤ ਮੰਤਰਾਲੇ ਦੇ ਅਨੁਸਾਰ, ਮਰੀਜ਼ਾਂ ਵਿਚ 76 ਪ੍ਰਤੀਸ਼ਤ ਮਰਦ ਅਤੇ 24 ਫ਼ੀਸਦ ਔਰਤਾਂ ਹਨ।
- ਇਸ ਦੇ ਨਾਲ ਹੀ ਮਰਨ ਵਾਲਿਆਂ ਵਿਚ 73 ਫੀਸਦ ਮਰਦ ਅਤੇ 27 ਫ਼ੀਸਦ ਔਰਤਾਂ ਹਨ
- ਭਾਰਤ ਵਿਚ ਹੁਣ ਤੱਕ ਕੁੱਲ 109 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 63 ਫ਼ੀਸਦ 60 ਸਾਲ ਤੋਂ ਵੱਧ ਉਮਰ ਦੇ ਦੱਸੇ ਜਾ ਰਹੇ ਹਨ।
ਪੰਜਾਬ ‘ਚ ਕੋਰੋਨਾ ਬਾਰੇ ਅਫ਼ਵਾਹਾ ਫ਼ੈਲਾਉਣ ਵਾਲੇ 4 ਜਣੇ ਹਿਰਾਸਤ ’ਚ ਲਏ ਗਏ
ਪੰਜਾਬ ਪੁਲਿਸ ਨੇ ਸੂਬੇ ਵਿਚ ਕੋਰੋਨਾਵਾਇਰਸ ਬਾਰੇ ਸੋਸ਼ਲ ਮੀਡੀਆ ਉੱਤੇ ਅਫ਼ਵਾਹਾ ਫ਼ੈਲਾਉਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ।
ਚੰਡੀਗੜ੍ਹ ਤੋਂ ਜਾਰੀ ਇੱਕ ਸਰਕਾਰੀ ਬਿਆਨ ਮੁਤਾਬਕ ਪੁਲਿਸ ਨੇ ਗੁਮਰਾਹਕੁਨ ਜਾਰੀ ਫ਼ੈਲਾਉਣ ਦੇ ਮਾਮਲੇ ਵਿਚ 34 ਕੇਸ ਦਰਜ ਕੀਤੇ ਹਨ।
ਪੁਲਿਸ ਨੇ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।
ਇਨ੍ਹਾਂ ਉੱਤੇ ਫੇਸਬੁੱਕ, ਵੱਟਸਐਪ ਉੱਤੇ ਅਫ਼ਵਾਹ ਫ਼ੈਲਾਉਣ ਵਾਲੇ ਸੁਨੇਹੇ ਅੱਗੇ ਵਧਾਉਣ ਦਾ ਇਲਜ਼ਾਮ ਹੈ।
ਪੰਜਾਬ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਮੁਤਾਬਕ 21 ਮਾਰਚ ਤੋਂ 6 ਅਪ੍ਰੈਲ 2020 ਦੌਰਾਨ ਇਹ ਕਾਰਵਾਈ ਕੀਤੀ ਗਈ ਹੈ।
ਪੰਜਾਬ ਦਾ ਜੀਐੱਸਟੀ ਬਕਾਇਆ ਜਾਰੀ ਕਰੋ, ਕੈਪਟਨ ਦੀ ਮੋਦੀ ਨੂੰ ਚਿੱਠੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਪੰਜਾਬ ਦੇ ਜੀਐੱਸਟੀ ਰਿਫੰਡ ਦੇ ਪੈਸੇ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਬਤ ਪੱਤਰ ਲਿਖ ਕੇ ਸਿੱਧੇ ਦਖ਼ਲ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਕੋਰੋਨਾਵਾਇਰਸ ਖ਼ਿਲਾਫ਼ ਪ੍ਰਭਾਵੀ ਲੜਾਈ ਲਈ ਜਰੂਰੀ ਹੈ ਕਿ ਪੰਜਾਬ ਦਾ ਜੀਐੱਸਟੀ ਬਕਾਇਆ ਅਤੇ ਹੋਰ ਅਦਾਇਗੀਆਂ ਤੁਰੰਤ ਨਿਪਟਾਈਆਂ ਜਾਣ
ਕੋਰੋਨਾ ਨਾਲ ਲੜਨ ਲਈ ਅਮਰੀਕਾ ਭਾਰਤ ਨੂੰ ਦੇਵੇਗਾ 29 ਲੱਖ ਡਾਲਰ
ਕੋਵਿਡ -19 ਖ਼ਿਲਾਫ਼ ਭਾਰਤ ਵਲੋਂ ਛੇੜੀ ਜੰਗ ਲਈ ਅਮਰੀਕਾ ਸਰਕਾਰ ਨੇ 29 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।
ਭਾਰਤ ਵਿਚ ਅਮਰੀਕੀ ਰਾਜਦੂਤ ਕੇਂਥ ਜਸਟਰ ਨੇ ਕਿਹਾ ਕਿ ਯੂਐੱਸਏਡ ਤੇ ਦੂਜੀਆਂ ਏਜੰਸੀਆਂ ਮਹਾਮਾਰੀ ਨੂੰ ਰੋਕਣ ਲਈ ਭਾਰਤ ਨਾਲ ਮਿਲ ਕੇ ਕੰਮ ਕਰਨਗੀਆਂ।
ਇੱਕ ਬਿਆਨ ਵਿਚ ਜਸਟਰ ਨੇ ਕਿਹਾ ਕਿ ਕੋਵਿਡ-19 ਇੱਕ ਗੋਲਬਲ ਮਹਾਮਾਰੀ ਹੈ, ਇਸ ਦਾ ਟਾਕਰਾ ਸਰਕਾਰਾਂ ਤੇ ਕੌਮਾਂਤਰੀ ਸੰਸਥਾਵਾਂ ਨੂੰ ਮਿਲਕੇ ਕਰਨਾ ਪਵੇਗਾ।
ਇਸ ਪੈਸੇ ਦੀ ਵਰਤੋਂ ਸਿਹਤ ਸੇਵਾਵਾਂ ਵਿਚ ਸੁਧਾਰ ਲਈ ਯੂਐੱਸਏਡ ਤੇ ਡਬਲਿਯੂਐੱਚਓ ਦੇ ਕਾਰਜਾਂ ਲਈ ਕੀਤੀ ਜਾਵੇਗੀ
ਇਮਰਾਨ ਖ਼ਾਨ ਲੌਕਡਾਊਨ ਨਾ ਕਰਨ ‘ਤੇ ਕਿਉਂ ਅੜੇ ਹੋਏ
ਪਾਕਿਸਤਾਨ ਵਿਚ ਐਤਵਾਰ ਨੂੰ ਇੱਕੋ ਦਿਨ 3000 ਕੋਰੋਨਾ ਪੌਜ਼ਿਟਿਵ ਮਾਮਲੇ ਸਾਹਮਣੇ ਆਏ।
ਮੁਲਕ ਦੇ ਸਿਹਤ ਮੰਤਰਾਲੇ ਨੇ ਸੁਪਰੀਮ ਕੋਰਟ ਵਿਚ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 50,000 ਨੂੰ ਪਾਰ ਕਰ ਸਕਦੀ ਹੈ।
ਪਾਕਿਸਤਾਨ ਦੱਖਣੀ ਏਸ਼ੀਆ ਦਾ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਸਭ ਤੋਂ ਵੱਧ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।
ਦੁਨੀਆਂ ਵਿਚ ਜਦੋਂ ਹਰ ਪਾਸੇ ਲੌਕਡਾਊਨ ਅਤੇ ਕਰਫਿਊ ਲਾਗੂ ਕੀਤੇ ਜਾ ਰਹੇ ਹਨ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲੌਕਡਾਊਨ ਨਾ ਕਰਨ ਉੱਤੇ ਅੜੇ ਹੋਏ ਹਨ।
ਪਾਕਿਸਤਾਨ ਦੇ ਜੰਗ ਅਖ਼ਬਾਰ ਮੁਤਾਬਕ ਇਮਰਾਨ ਖ਼ਾਨ ਦਾ ਕਹਿਣਾ ਹੈ 22 ਕਰੋੜ ਲੋਕਾਂ ਨੂੰ ਘਰਾਂ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ।
ਇਮਰਾਨ ਨੇ ਕਿਹਾ, ‘‘ਕੋਈ ਇਹ ਨਾ ਸਮਝੇ ਕਿ ਪਾਕ ਵਿਚ ਕੋਰੋਨਾ ਦਾ ਖ਼ਤਰਾ ਨਹੀਂ ਹੈ। ਪਰ ਅਸੀਂ 22 ਕਰੋੜ ਲੋਕਾਂ ਨੂੰ ਘਰਾਂ ਵਿਚ ਬੰਦ ਨਹੀਂ ਕਰ ਸਕਦੇ ਕਿਉਂ ਕਿ ਪਾਕਿਸਤਾਨ ਵਿਚ ਇੱਕ ਪਾਸੇ ਕੋਰੋਨਾ ਹੈ ਤਾਂ ਦੂਜੇ ਪਾਸੇ ਭੁੱਖ, ਇੱਥੇ ਲੋਕਾਂ ਦੇ ਭੁੱਖ ਨਾਲ ਮਰਨ ਦਾ ਖ਼ਦਸ਼ਾ ਹੈ, ਲੌਕਡਾਊਨ ਉੱਥੇ ਹੀ ਕੀਤਾ ਗਿਆ ਹੈ, ਜਿੱਥੇ ਭੀੜ ਇਕੱਠੀ ਹੋ ਸਕਦੀ ਹੈ।’’
ਇਮਰਾਨ ਖ਼ਾਨ ਨੇ ਆਪਣੇ ਕੌਮ ਦੇ ਨਾਂ ਸੰਦੇਸ਼ ਵਿਚ ਕਿਹਾ ਸੀ ਕਿ 25 ਫ਼ੀਸਦ ਅਬਾਦੀ ਦੋ ਡੰਗ ਦਾ ਖਾਣਾ ਨਹੀਂ ਖਾ ਸਕਦੀ।
ਜੇਕਰ ਅਸੀਂ ਲੌਕਡਾਊਨ ਕਰ ਦਿੱਤਾ ਤਾਂ ਉਹ ਕਿੱਥੋਂ ਕਮਾਉਣਗੇ ਤੇ ਕੀ ਖਾਣਗੇ, ਜੇਕਰ ਉਨ੍ਹਾਂ ਨੂੰ ਘਰਾਂ ਵਿਚ ਬੰਦ ਕੀਤਾ ਗਿਆ ਤਾਂ ਉਹ ਭੁੱਖ ਨਾਲ ਮਰ ਜਾਣਗੇ।
ਇਮਰਾਨ ਨੇ ਕਿਹਾ ਸੀ ਕਿ ਅਸੀਂ ਸ਼ਹਿਰਾਂ ਨੂੰ ਬੰਦ ਕਰਕੇ ਕੋਰੋਨਾ ਤੋਂ ਤਾਂ ਇਕ ਪਾਸੇ ਲੋਕਾਂ ਨੂੰ ਬਚਾ ਲਵਾਂਗੇ ਪਰ ਉਹ ਭੁੱਖ਼ਮਰੀ ਨਾਲ ਮਰ ਜਾਣਗੇ।
ਇਮਰਾਨ ਖ਼ਾਨ ਨੇ 14 ਅਪ੍ਰੈਲ ਨੂੰ ਇੱਕ ਬੈਠਕ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਰਨਾ ਹੈ।
ਅਦਾਕਾਰਾ ਕਨਿਕਾ ਕਪੂਰ ਨੂੰ ਮਿਲੀ ਛੁੱਟੀ
ਗਾਇਕਾ ਤੇ ਅਦਾਕਾਰਾ ਕਨਿਕਾ ਕਪੂਰ ਦੋ ਹਫ਼ਤੇ ਦੇ ਇਲਾਜ ਤੋਂ ਬਾਅਦ ਕੋਰੋਨਵਾਇਰਸ ਦੀ ਲਾਗ ਤੋਂ ਠੀਕ ਹੋ ਗਈ ਹੈ।
ਲਖਨਊ ਦੇ ਐਸਜੀਪੀਜੀਆਈ ਹਸਪਤਾਲ ਵਿਚ ਦੋ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਕਨਿਕਾ ਦੀ ਰਿਪੋਰਟ ਨੈਗੇਟਿਵ ਆਈ।
20 ਮਾਰਚ ਨੂੰ ਲਖਨਊ ਦੇ ਕਿੰਗ ਜਾਰਜ ਹਸਪਤਾਲ ਵਿਚ ਉਸਦੇ ਕੋਰੋਨਾ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਸੀ
ਦੋ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਉਸਦੀਆਂ ਸੋਮਵਾਰ ਨੂੰ ਦੂਜੀ ਰਿਪੋਰਟ ਨੈਗੇਟਿਵ ਆਈ ਤੇ ਹਸਪਤਾਲ ਤੋਂ ਛੁੱਟੀ ਮਿਲ ਗਈ।
ਭਾਵੇਂ ਕਿ ਹਸਤਪਤਾਲ ਨੇ ਕਨਿਕ ਨੂੰ ਆਪਣੇ ਘਰ ਵਿਚ ਏਕਾਂਤਵਾਸ ਵਿਚ ਰਹਿਣ ਦੀ ਸਲਾਹ ਦਿੱਤੀ ਹੈ।
ਕੋਰੋਨਾਵਾਇਰਸ: ਸੰਸਾਰ ਦਾ ਤਾਜ਼ਾ ਹਾਲ, ਪਾਕਿਸਤਾਨ ਵਿਚ ਅਪ੍ਰੈਲ ਦੌਰਾਨ ਹੋ ਸਕਦੇ ਨੇ 50000 ਮਾਮਲੇ, ਅਮਰੀਕਾ ਵਿਚ ਇੱਕੋ ਦਿਨ 1200 ਮੌਤਾਂ
- ਪਿਛਲੇ ਕੁਝ ਦਿਨਾਂ ਦੌਰਾਨ ਸਪੇਨ ਅਤੇ ਇਟਲੀ ਵਿਚ ਮੌਤਾਂ ਦੀ ਗਿਣਤੀ ਘਟਣ ਨਾਲ ਅਮਰੀਕਾ ਨੂੰ ਵੀ ‘ਆਸ ਦੀ ਕਿਰਨ’ ਦਿਖਾਈ ਦਿੱਤੀ ਹੈ
- ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ 1200 ਮੌਤਾਂ ਹੋਈਆਂ ਹਨ
- ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਕੋਰੋਵਾਇਰਸ ਦੇ ਲੱਛਣਾਂ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ
- ਇੰਗਲੈਂਡ ਦੀ ਮਹਾਰਾਣੀ ਨੇ ਆਪਣੇ ਕਾਰਜਕਾਲ ਦਾ ਚੌਥਾ ਦੇਸ ਦੇ ਨਾਂ ਸੰਬੋਧਨ ਕੀਤਾ ਤੇ ਆਸ ਪ੍ਰਗਟਾਈ ਕਿ ਛੇਤੀ ਹੀ ਕੋਰੋਨਾ ਉੱਤੇ ਜਿੱਤਾ ਹਾਸਲ ਕਰ ਲਈ ਜਾਵੇਗੀ
- ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਨਜ਼ਿਓ ਆਬੇ ਦੇਸ ਵਿਚ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਸਕਦੇ ਹਨ।
- ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਅਪ੍ਰੈਲ ਵਿਚ ਕੋਰੋਨਾਵਾਇਰਸ ਨਾਲ ਪੌਜ਼ਿਟਿਵ ਕੇਸਾਂ ਦੀ ਗਿਣਤੀ 50 ਹਜ਼ਾਰ ਨੂੰ ਟੱਪ ਸਕਦੀ ਹੈ, ਦੱਖਣੀ ਏਸ਼ੀਆਂ ਵਿਚ ਪਾਕਿਸਤਾਨ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਐਤਵਾਰ ਨੂੰ ਇੱਕੋ ਦਿਨ 3000 ਕੇਸ ਵਧੇ ਹਨ।
- ਗਾਜਾ ਪੱਟੀ ਵਿਚ ਲੋਕਾਂ ਕੋਲ ਕੋਰੋਨਾ ਨਾਲ ਲੜਨ ਲਈ ਸਰੋਤ ਨਹੀਂ ਹਨ, ਇੱਥੇ 10 ਪੌਜ਼ਿਟਿਵ ਕੇਸ ਸਾਹਮਣੇ ਆਏ ਹਨ , ਇਸ ਲਈ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ
- ਬੰਗਲਾ ਦੇਸ ਵਿਚ 70 ਪੌਜਿਟਿਵ ਕੇਸ ਹਨ ਅਤੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ 8 ਅਰਬ ਡਾਲਰ ਦੇ ਪੈਕੇਜ਼ ਦਾ ਐਲਾਨ ਕੀਤਾ ਹੈ।
ਪੰਜਾਬ 'ਚ ਫ਼ਸੇ ਯੂਕੇ ਨਾਗਰਿਕ: ਤਨ ਢੇਸੀ ਦੇ ਯੂਕੇ ਸਰਕਾਰ ਨੂੰ 3 ਸਵਾਲ, ਤਨਮਨ ਢੇਸੀ ਤੇ ਵਰਿੰਦਰ ਸ਼ਰਮਾ ਸਣੇ ਕਈ ਸੰਸਦ ਮੈਂਬਰਾਂ ਦੇ ਯੂਕੇ ਸਰਕਾਰ ਨੂੰ ਘੇਰਿਆ
- ਜਦੋਂ ਫਰਾਂਸ, ਸਪੇਨ ਅਤੇ ਅਮਰੀਕਾ ਵਰਗੇ ਮੁਲਕਾਂ ਨੇ ਤੇਜ਼ੀ ਨਾਲ ਦੂਜੇ ਮੁਲਕਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਤਾਂ ਯੂਕੇ ਸਰਕਾਰ ਨੇ ਇਹ ਕਦਮ ਕਿਉਂ ਨਹੀਂ ਲਿਆ।
- ਜੇ ਹੁਣ 7 ਉਡਾਨਾਂ ਭਾਰਤ ਤੋਂ ਆ ਰਹੀਆਂ ਹਨ ਤਾਂ ਉਨ੍ਹਾਂ ਵਿਚੋਂ ਇੱਕ ਵੀ ਪੰਜਾਬ ਜਾਂ ਅੰਮ੍ਰਿਤਸਰ ਤੋਂ ਕਿਉਂ ਨਹੀਂ ਹੈ, ਘੱਟੋ ਘੱਟ ਇੱਕ ਤਾਂ ਪੰਜਾਬ ਤੋਂ ਹੋਣੀ ਚਾਹੀਦੀ ਸੀ। ਅਸੀਂ ਕਈ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਪਹਿਲਾਂ ਹੀ ਕਿਹਾ ਸੀ ਕਿ ਵੱਡੀ ਗਿਣਤੀ ਮੁਸਾਫ਼ਰ ਪੰਜਾਬੀ ਹਨ। ਕਈ ਸਾਰੇ ਬਜੁਰਗ ਹਨ ਤੇ ਉਨ੍ਹਾਂ ਦੀਆਂ ਦਵਾਈਆਂ ਬਗੈਰਾਂ ਮੁੱਕ ਰਹੀਆਂ ਹਨ, ਪਰ ਇੱਕ ਵੀ ਉਡਾਨ ਪੰਜਾਬ ਤੋਂ ਕਿਉਂ ਨਹੀਂ ਰੱਖੀ ਗਈ।
- ਜਦੋਂ ਦੂਜੇ ਮੁਲਕ ਚਾਰਟਡ ਫਲਾਇਟਾਂ ਦੀ ਵਰਤੋਂ ਕਰ ਰਹੇ ਹਨ ਤਾਂ ਯੂਕੇ ਆਪਣੇ ਨਾਗਰਿਕਾਂ ਦੀ ਛਿੱਲ ਨਿੱਜੀ ਕੰਪਨੀਆਂ ਹੱਥੋਂ ਕਿਉਂ ਲੁਹਾ ਰਿਹਾ ਹੈ। 6000-7000 ਪੌਂਡ ਦੀਆਂ ਟਿਕਟਾਂ ਖਰੀਦਣੀਆਂ ਪੈ ਰਹੀਆਂ ਹਨ।ਅਜਿਹਾ ਨਹੀਂ ਹੋਣਾ ਚਾਹੀਦਾ।
ਰਾਜਨ ਦੀ ਮੋਦੀ ਸਰਕਾਰ ਨੂੰ ਸਲਾਹ, ਸਭ ਕੁਝ ਪ੍ਰਧਾਨ ਮੰਤਰੀ ਦਫ਼ਤਰ ਰਾਹੀ ਹੋਵੇਗਾ ਤਾਂ ਦੇਰ ਹੋ ਜਾਵੇਗੀ
ਆਰਬੀਆਈ ਦੇ ਸਾਬਕਾ ਗਵਰਨਰ ਤੇ ਜਾਣੇ-ਪਛਾਣੇ ਆਰਥਿਕ ਮਾਹਰ ਰਘੂਰਾਮ ਰਾਜਨ ਨੇ ਭਾਰਤ ਸਰਕਾਰ ਨੂੰ ਗਰੀਬਾਂ ਉੱਤੇ ਵੱਧ ਖਰਚਾ ਕਰਨ ਅਤੇ ਘੱਟ ਅਹਿਮੀਅਤ ਵਾਲੇ ਖ਼ਰਚਿਆਂ ਵਿਚ ਕਟੌਤੀ ਕਰਨ ਦੀ ਸਲਾਹ ਦਿੱਤੀ ਹੈ।
Linked In ਉਤੇ ਲਿਖੇ ਆਪਣੇ ਬਲੌਗ ਵਿਚ ਰਘੂਰਾਮ ਰਾਜਨ ਨੇ ਮੌਜੂਦਾ ਹਾਲਾਤ ਨੂੰ ਭਾਰਤੀ ਦੀ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਕਰਾਰ ਦਿੱਤਾ ਹੈ।
ਉਨ੍ਹਾਂ ਲਿਖਿਆ ਹੈ ਕਿ ਜੇਕਰ ਸਰਕਾਰ ਸਭ ਕੁਝ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਹੀਂ ਹੀ ਕਰਨਾ ਚਾਹ ਰਹੀ ਹੈ ਤਾਂ ਇਸ ਵਿਚ ਬਹੁਤ ਦੇਰ ਹੋ ਜਾਵੇਗੀ।
ਉਨ੍ਹਾਂ ਲਿਖਿਆ ਹੈ ਕਿ ਜਿਵੇਂ ਅਮਰੀਕਾ ਵਰਗੇ ਦੇਸ਼ ਨੇ ਆਪਣੀ ਜੀਡੀਪੀ ਦੀ 10 ਫ਼ੀਸਦ ਤੋਂ ਵੱਧ ਰਕਮ ਬਿਨਾਂ ਪ੍ਰਵਾਹ ਕੀਤੇ ਖ਼ਰਚ ਕੀਤੀ, ਭਾਰਤ ਨੂੰ ਵੀ ਉਵੇਂ ਹੀ ਆਰਥਿਕ ਵਿਕਾਸ ਦੀ ਫਿਕਰ ਛੱਡ ਕੇ ਗਰੀਬਾਂ ਲਈ ਖ਼ਰਚ ਕਰਨਾ ਚਾਹੀਦਾ ਹੈ, ਕਿਉਂਕਿ ਭਾਰਤ ਤਾਂ ਪਹਿਲਾਂ ਹੀ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਹੈ ਇਸ ਸਮੇਂ ਭਾਰਤ ਦੀ ਪ੍ਰਮੁੱਖਤਾ ਉਨ੍ਹਾਂ ਗਰੀਬਾਂ ਅਤੇ ਤਨਖ਼ਾਹਦਾਰ ਲੋਅਰ ਮਿਡਲ ਕਲਾਸ ਉੱਤੇ ਧਿਆਨ ਕੇਂਦਰਿਤ ਕਰਨ ਦੀ ਹੋਣੀ ਚਾਹੀਦੀ ਹੈ ਜਿੰਨ੍ਹਾਂ ਨੂੰ ਲੌਕਡਾਊਨ ਕਾਰਨ ਕੰਮ ਉੱਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਪੰਜਾਬ ਅਪਡੇਟ : 2 ਸਾਲਾ ਕੋਰੋਨਾ ਮਰੀਜ਼ ਹੋਇਆ ਤੰਦਰੁਸਤ
- ਕੋਰੋਨਾ ਵਾਇਰਸ ਨਾਲ ਸਭ ਤੋਂ ਪਹਿਲਾਂ ਮਰਨ ਵਾਲੇ ਨਵਾਂ ਸ਼ਹਿਰ ਦੇ ਸ਼ਖਸ ਦਾ 2 ਸਾਲਾ ਪੋਤਾ ਇਲਾਜ ਨਾਲ ਠੀਕ ਹੋਇਆ
- ਕਪੂਰਥਲਾ ਦੇ ਜ਼ਿਲ੍ਹਾ ਪ੍ਰਸਾਸ਼ਨ ਮੁਤਾਬਕ ਪਿੰਡ ਕੋਟ ਖਰਾਰ ਖਾਂ ਦਾ 17 ਸਾਲਾ ਨੌਜਵਾਨ ਜਮਾਤੀ ਪੌਜ਼ਿਟਿਵ ਆਇਆ
- ਫ਼ਤਹਿਗੜ੍ਹ ਸਾਹਿਬ ਦੀ ਖ਼ਮਾਣੋ ਤਹਿਸੀਲ ਦੇ ਪਿੰਡ ਮਨੈਲੀ ਦੀਆਂ 2 ਔਰਤਾਂ ਦੀ ਪੌਜ਼ਿਟਿਵ ਰਿਪੋਰਟ ਆਈ, ਇਸ ਪਿੰਡ ਵਿਚ 11 ਜਮਾਤੀ ਦਿੱਲੀ ਤੋਂ ਆਏ ਸਨ
ਅਸੀਂ ਇਹ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਕੱਲ੍ਹ ਫਿਰ ਕੋਰੋਨਾਵਾਇਰਸ ਬਾਰੇ ਤਾਜ਼ਾ ਅਪਡੇਟ ਨਾਲ ਮਿਲਾਂਗੇ।
ਨਵਾਂ ਸ਼ਹਿਰ ’ਚ 2 ਸਾਲਾ ਕੋਰੋਨਾ ਮਰੀਜ਼ ਨੂੰ ਮਿਲਿਆ ਸਰਪ੍ਰਾਇਜ਼ ਗਿਫ਼ਟ
ਸ਼ਨੀਵਾਰ ਨੂੰ 2 ਸਾਲ ਦੋ ਹੋਏ ਕੋਰੋਨਾਵਾਇਰਸ ਨਾਲ ਪੌਜ਼ਿਟਿਵ ਬੱਚੇ ਦਾ ਜਨਮ ਦਿਨ ਹਸਪਤਾਲ ਵਿਚ ਹੈਲਥ ਸਟਾਫ਼ ਨੇ ਮਨਾਇਆ।
ਸਰਕਾਰੀ ਅਧਿਕਾਰੀਆਂ ਮੁਤਾਬਕ ਪੰਜਾਬ ਦੇ ਨਵਾਂ ਸ਼ਹਿਰ ਸਿਵਲ ਹਸਪਤਾਲ ਵਿਚ ਇੱਕ ਮਾਂ ਅਤੇ ਉਸ ਦਾ ਬੱਚਾ ਕੋਰੋਨਾ ਪੌਜ਼ਿਟਿਵ ਹੋਣ ਕਾਰਨ ਦਾਖਲ ਹੈ। ਮਾਂ-ਪੁੱਤ ਨੂੰ ਲਾਗ ਲੱਗਣ ਦੀ ਪੁਸ਼ਟੀ ਤੋਂ ਬਾਅਦ ਇੱਥੇ ਦਾਖ਼ਲ ਕਰਵਾਇਆ ਗਿਆ ਸੀ।
ਸਰਕਾਰੀ ਅਧਿਕਾਰੀਆਂ ਮੁਤਾਬਕ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਮਾਂ ਨਾਲ ਦਾਖਲ ਬੱਚੇ ਦਾ ਸ਼ਨੀਵਾਰ ਨੂੰ ਜਨਮ ਦਿਨ ਸੀ।
ਐੱਸਐੱਮਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਸਟਾਫ਼ ਨੂੰ ਲੱਗਿਆ ਤਾਂ ਉਨ੍ਹਾਂ ਬੱਚੇ ਲਈ ਚੌਕਲੇਟ, ਸੂਟ ਅਤੇ ਟੌਫ਼ੀਆਂ ਤੋਹਫ਼ੇ ਦੇ ਤੌਰ ਉੱਤੇ ਲਿਆਂਦੀਆਂ।
ਡਾਕਟਰ ਤਾਂ ਉਸ ਬੱਚੇ ਲਈ ਕੇਕ ਵੀ ਲਿਆ ਕੇ ਕੱਟਵਾਉਣਾ ਚਾਹੁੰਦੇ ਸਨ, ਪਰ ਕਰਫਿਊ ਹੋਣ ਕਾਰਨ ਇਹ ਮਿਲ ਨਾ ਸਕਿਆ।
ਇਹ ਬੱਚਾ ਨਵਾਂ ਸ਼ਹਿਰ ਦੇ 70 ਸਾਲਾ ਬਜ਼ੁਰਗ ਜਿਸਦੀ ਮੌਤ ਕੁਝ ਦਿਨ ਪਹਿਲਾਂ ਕੋਰੋਨਾਵਾਇਰਸ ਨਾਲ ਹੋਈ ਸੀ, ਉਸ ਦਾ ਪੋਤਰਾ ਹੈ। ਇਸ ਪਰਿਵਾਰ ਦੇ ਕਰੀਬ 14 ਮੈਂਬਰਾਂ ਨੂੰ ਕੋਰੋਨਾ ਦੀ ਲਾਗ ਲੱਗੀ ਹੋਈ ਹੈ।
ਮਹਾਂਮਾਰੀ ਦੇ ਬਾਵਜੂਦ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਹ ਮਿਲੇਗੀ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਬਾਵਜੂਦ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਮਿਲੇਗੀ।
ਉਨ੍ਹਾਂ ਨੇ ਭਰੋਸਾ ਦਵਾਇਆ ਕਿ ਸੂਬੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਇਸ ਔਖੀ ਘੜੀ ਵਿੱਚ ਪੂਰੀ ਮਦਦ ਦੇਵੇਗੀ। ਇਸ ਲਈ ਬਣਦੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਸੂਬੇ ਦੇ ਵਿੱਤੀ ਸੰਕਟ ਦਾ ਅਸਰ ਮਹਾਂਮਾਰੀ ਨਾਲ ਲੜਾਈ ਦੇ ਯਤਨਾਂ ਉੱਤੇ ਨਹੀਂ ਪੈਣ ਦਿੱਤਾ ਜਾਵੇਗਾ।
ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਮੈਡੀਕਲ ਅਤੇ ਹੋਰ ਜ਼ਰੂਰੀ ਉਪਕਰਣਾਂ ਦੀ ਖ਼ਰੀਦ ਲਈ 150 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਉਪਕਰਣ ਅਗਲੇ ਇੱਕ ਹਫ਼ਤੇ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਪਹੁੰਚਾ ਦਿੱਤੇ ਜਾਣਗੇ।
ਉਨ੍ਹਾਂ ਨੇ ਬਠਿੰਡਾ ਪ੍ਰਸ਼ਾਸਨ ਵੱਲੋਂ ਕੀਤੇ ਇੰਤਜ਼ਾਮਾਂ ਤੇ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹਰ ਰੋਜ਼ 25,000 ਲੋਕਾਂ ਨੂੰ ਪੱਕਿਆ-ਪਕਾਇਆ ਖਾਣਾ ਵੰਡਿਆ ਜਾ ਰਿਹਾ ਹੈ। 7900 ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਜਾ ਚੁੱਕਿਆ ਹੈ।
ਇਸ ਤੋਂ ਇਲਾਵਾ ਜਿਨ੍ਹਾਂ 1000 ਪਰਿਵਾਰਾਂ ਨੂੰ ਪਹਿਲਾਂ ਇੱਕ ਹਫ਼ਤੇ ਦਾ ਰਾਸ਼ਨ ਦਿੱਤਾ ਗਿਆ ਸੀ ਉਨ੍ਹਾਂ ਨੂੰ ਹੁਣ ਅਗਲੇ ਹਫ਼ਤੇ ਦਾ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ।
ਕਣਕ ਦੀ ਖ਼ਰੀਦ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਲਈ 22000 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਬਾਰੇ ਸਾਰੀਆਂ ਤਿਆਰੀਆਂ ਮੁਕੰਮਲ ਹਨ। ਕਿਸਾਨਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਨਾਜ ਦੀ ਖ਼ਰੀਦ ਮੌਕੇ ਮੰਡੀਆਂ ਵਿੱਚ ਸਮਾਜਿਕ ਵਕਫ਼ੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਤਾਕੀਦ ਵੀ ਕੀਤੀ।