ਕੰਟਰੋਲ ਰੇਖਾ ਨੇੜੇ ਗੁਰਦੁਆਰਾ ਸਾਹਿਬ ਵਿੱਚ ਪਾਕਿਸਤਾਨ ਵੱਲੋਂ ਕੀਤੀ ਗੋਲਾਬਾਰੀ ਬਾਰੇ ਸੀਐੱਮ ਭਗਵੰਤ ਮਾਨ ਨੇ ਕੀ ਜਾਣਕਾਰੀ ਦਿੱਤੀ

ਭਾਰਤ ਸਰਕਾਰ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ‘ਆਪ੍ਰੇਸ਼ਨ ਸਿੰਦੂਰ’ ਕੀਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦਾ ਪੂਰਾ ਹੱਕ ਹੈ।

ਸਾਰ

  • ਭਾਰਤ ਸਰਕਾਰ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 'ਆਪ੍ਰੇਸ਼ਨ ਸਿੰਦੂਰ' ਕੀਤਾ ਹੈ।
  • ਭਾਰਤ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 9 ਟਿਕਾਣਿਆਂ ਉੱਤੇ ਹਮਲਾ ਕੀਤਾ ਹੈ।
  • ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ 26 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 46 ਲੋਕ ਜਖ਼ਮੀ ਹੋ ਗਏ ਹਨ। ਭਾਰਤ ਵਲੋਂ ਹਾਲੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ 'ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
  • 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਬਹੁਤ ਤਣਾਅਪੂਰਨ ਹੋ ਗਏ ਹਨ।
  • ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦਾ ਪੂਰਾ ਹੱਕ ਹੈ।
  • ਪੰਜਾਬ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ ਤੇ ਪਠਾਨਕੋਟ ਵਿੱਚ ਅਗਲੇ 72 ਘੰਟਿਆਂ ਲਈ ਸਕੂਲ ਦੇ ਵਿਦਿਅਕ ਸੰਸਥਾਨ ਬੰਦ ਕਰਨ ਦੇ ਹੁਕਮ ਜਾਰੀ ਕੀਤੇ।
  • ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਉੱਤੇ ਸਿਵਿਲ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਲਾਈਵ ਕਵਰੇਜ

ਲਾਈਵ ਰਿਪੋਰਟਿੰਗ: ਜਸਪਾਲ ਸਿੰਘ, ਰਾਜਵੀਰ ਕੌਰ ਗਿੱਲ ਤੇ ਬਰਿੰਦਰ ਸਿੰਘ

  1. ‘ਅਸੀਂ ਹਰ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ’- ਮਨੋਜ ਸਿਨਹਾ

    ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ

    ਤਸਵੀਰ ਸਰੋਤ, @OfficeOfLGJandK/X

    ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ

    ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਜ਼ਿਲ੍ਹਾ ਕੰਟਰੋਲਰਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੇ ਹੁਕਮ ਦਿੱਤੇ ਹਨ।

    ਨਾਲ ਹੀ ਉਨ੍ਹਾਂ ਲੋਕਾਂ ਲਈ ਭੋਜਨ, ਰਿਹਾਇਸ਼, ਡਾਕਟਰੀ ਦੇਖਭਾਲ ਅਤੇ ਆਵਾਜਾਈ ਯਕੀਨੀ ਬਣਾਉਣ ਲਈ ਕਿਹਾ ਹੈ।

    ਮਨੋਜ ਸਿਨਹਾ ਨੇ ਐਕਸ ’ਤੇ ਲਿਖਿਆ ਕਿ ਉਨ੍ਹਾਂ ਨੇ ਸਾਰੇ ਸੀਨੀਅਰ ਪ੍ਰਸ਼ਾਸਨਿਕ, ਪੁਲਿਸ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦੀ ਸਥਿਤੀ ਦੀ ਸਮੀਖਿਆ ਕੀਤੀ ਹੈ।

    ਉਨ੍ਹਾਂ ਲਿਖਿਆ, "ਮੈਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ ਅਤੇ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।"

    “ਅਸੀਂ ਹਰ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ।"

  2. ਭਾਰਤ ਦੇ ਵਿਦੇਸ਼ ਸਕੱਤਰ ਨੇ ਪਾਕਿਸਤਾਨ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਕੀਤੇ ਗਏ ਹਮਲਿਆਂ ਬਾਰੇ ਕੀ ਕਿਹਾ?

    ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ

    ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਹੈ ਕਿ ਭਾਰਤ ਨੇ ਸਰਹੱਦ ਪਾਰ ਤੋਂ ਹੋ ਰਹੇ ਹਮਲਿਆਂ ਦਾ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਅਤੇ ਪਾਕਿਸਤਾਨ ਵਿੱਚ 'ਅੱਤਵਾਦੀ ਬੁਨਿਆਦੀ ਢਾਂਚਿਆਂ' 'ਤੇ ਹਮਲਾ ਕੀਤਾ ਹੈ।

    ਪ੍ਰੈਸ ਬ੍ਰੀਫਿੰਗ ਵਿੱਚ, ਮਿਸਰੀ ਨੇ ਕਿਹਾ, “ਭਾਰਤ ਦੀ ਕਾਰਵਾਈ ਕੇਂਦਰਿਤ, ਗਿਣੀ-ਮਿੱਥੀ ਅਤੇ ਗ਼ੈਰ-ਭੜਕਾਊ ਰਹੀ ਹੈ।”

    ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲਾ ਬਹੁਤ ਹੀ ਵਹਿਸ਼ੀਤਾ ਭਰਿਆ ਸੀ।

    ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦਾ ਮਕਸਦ ਜੰਮੂ-ਕਸ਼ਮੀਰ ਵਿੱਚ ਆਮ ਹੋ ਰਹੀ ਸਥਿਤੀ ਨੂੰ ਵਿਗਾੜਨਾ ਸੀ।

    ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਇਸ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਵਿਕਾਸ ਨੂੰ ਨੁਕਸਾਨ ਪਹੁੰਚਾ ਕੇ ਪਛਾੜ ਕੇ ਰੱਖਣ ਦਾ ਸੀ। ਇਸ ਤੋਂ ਇਲਾਵਾ ਦੇਸ਼ ਵਿੱਚ ਫਿਰਕੂ ਦੰਗੇ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ।

    ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ 'ਅੱਤਵਾਦੀ ਢਾਂਚੇ' ਨੂੰ ਖਤਮ ਕਰਨ ਲਈ ਕੋਈ ਕਦਮ ਨਹੀਂ ਚੁੱਕੇ।

    ਵਿਦੇਸ਼ ਸਕੱਤਰ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਵੀ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਸੀ।

    ਉਨ੍ਹਾਂ ਕਿਹਾ ਕਿ ਭਾਰਤ ਦੀ ਅੱਜ (ਮੰਗਲਵਾਰ ਰਾਤ) ਦੀ ਕਾਰਵਾਈ ਨੂੰ ਇਸੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।

  3. Live: ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ’ਤੇ ਕੀਤੇ ਹਮਲੇ ਬਾਰੇ ਇਹ ਦੱਸਿਆ

    ਭਾਰਤ ਵਲੋਂ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ’ਤੇ ਕੀਤੇ ਹਮਲਿਆਂ ਬਾਰੇ ਭਾਰਤੀ ਸਰਕਾਰ ਦੀ ਪ੍ਰੈਸ ਕਾਨਫ਼ਰੰਸ ਲਾਈਵ ਦੇਖੋ।

    ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ
  4. ‘ਫ਼ੌਜ ’ਤੇ ਮਾਣ ਹੈ’ - ਅਮਿਤ ਸ਼ਾਹ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

    ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਐਕਸ ਅਕਾਉਂਟ 'ਤੇ ਇੱਕ ਪੋਸਟ ਵਿੱਚ ਦੇਸ਼ ਦੇ ਹਥਿਆਰਬੰਦ ਬਲਾਂ ਦੀ ਤਾਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ (ਫ਼ੌਜ) 'ਤੇ ਮਾਣ ਹੈ।

    ਉਨ੍ਹਾਂ ਲਿਖਿਆ ਕਿ ‘ਆਪ੍ਰੇਸ਼ਨ ਸਿੰਦੂਰ’, ਭਾਰਤ ਵੱਲੋਂ ਪਾਕਿਸਤਾਨ 'ਤੇ ਕੀਤੇ ਗਏ ਹਮਲਿਆਂ ਦਾ ਨਾਮ, ਪਹਿਲਗਾਮ ਵਿੱਚ ਸਾਡੇ ਮਾਸੂਮ ਭਰਾਵਾਂ ਦੀ ਬੇਰਹਿਮੀ ਨਾਲ ਕਤਲ’ ਬਦਲੇ ਦੇਸ਼ ਦਾ ਜਵਾਬ ਹੈ।

    ਉਨ੍ਹਾਂ ਅੱਗੇ ਲਿਖਿਆ, "ਮੋਦੀ ਸਰਕਾਰ ਭਾਰਤ ਅਤੇ ਇਸਦੇ ਲੋਕਾਂ 'ਤੇ ਕਿਸੇ ਵੀ ਹਮਲੇ ਦਾ ਢੁਕਵਾਂ ਜਵਾਬ ਦੇਣ ਲਈ ਦ੍ਰਿੜ ਹੈ। ਭਾਰਤ ਅੱਤਵਾਦ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਲਈ ਦ੍ਰਿੜਤਾ ਨਾਲ ਵਚਨਬੱਧ ਹੈ।"

  5. ਚੀਨ ਨੇ ਭਾਰਤ ਦੀ ਕਾਰਵਾਈ ਨੂੰ 'ਅਫ਼ਸੋਸਨਾਕ' ਦੱਸਿਆ

    ਚੀਨੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਵਿਰੁੱਧ ਭਾਰਤ ਦੀ ਫ਼ੌਜੀ ਕਾਰਵਾਈ ਨੂੰ ‘ਅਫ਼ਸੋਸਨਾਕ’ ਦੱਸਿਆ ਹੈ।

    ਦੱਖਣੀ ਏਸ਼ੀਆਈ ਵਿਰੋਧੀਆਂ ਵਿਚਕਾਰ ਵਧਦੇ ਤਣਾਅ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਹ ਮੌਜੂਦਾ ਸਥਿਤੀ ਬਾਰੇ ‘ਚਿੰਤਤ’ ਹਨ ਅਤੇ ਦੋਵਾਂ ਦੇਸ਼ਾਂ ਨੂੰ ‘ਸ਼ਾਂਤ ਰਹਿਣ, ਸੰਜਮ ਵਰਤਣ ਅਤੇ ਅਜਿਹੀਆਂ ਕਾਰਵਾਈਆਂ ਕਰਨ ਤੋਂ ਬਚਣ ਲਈ ਕਿਹਾ ਜੋ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਸਕਦੀਆਂ ਹਨ’।

  6. ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ, ਪੈਟਰੋਲ ਪੰਪਾਂ ’ਤੇ ਲੱਗੀਆਂ ਕਤਾਰਾਂ

    ਬਟਾਲਾ ਪੈਟਰੋਲ ਪੰਪ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਬਟਾਲਾ ਵਿੱਚ ਇੱਕ ਪੈਟਰੋਲ ਪੰਪ ’ਤੇ ਤੇਲ ਭਰਵਾਉਣ ਆਏ ਲੋਕਾਂ ਦੀ ਤਸਵੀਰ

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਲੋਕਾਂ ਵਿੱਚ ਤਣਾਅ ਦਾ ਮਾਹੌਲ ਨਜ਼ਰ ਆਇਆ ਹੈ।

    ਬਟਾਲਾ ਵਿੱਚ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।

  7. ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਗੋਲੀਬਾਰੀ, ਮਾਹੌਲ ਤਣਾਅਪੂਰਨ

    ਭਾਰਤੀ ਫ਼ੌਜ

    ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ ਨੇ ਸ਼੍ਰੀਨਗਰ ਤੋਂ ਦੱਸਿਆ ਕਿ ਪਾਕਿਸਤਾਨ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ 'ਤੇ ਭਾਰਤ ਦੇ ਹਵਾਈ ਹਮਲੇ ਤੋਂ ਬਾਅਦ, ਜੰਮੂ ਅਤੇ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਪੁੰਛ, ਰਾਜੌਰੀ, ਮੇਂਢਰ ਅਤੇ ਉਰੀ ਸੈਕਟਰਾਂ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਹਨ।

    ਗੋਲੀਬਾਰੀ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।

    ਪੁੰਛ ਦੇ ਇੱਕ ਸਥਾਨਕ ਨਿਵਾਸੀ ਜ਼ਮਰੌਦ ਮੁਗਲ ਨੇ ਬੀਬੀਸੀ ਨਿਊਜ਼ ਨੂੰ ਫ਼ੋਨ 'ਤੇ ਦੱਸਿਆ ਕਿ ਜੰਮੂ ਦੇ ਪੁੰਛ ਸੈਕਟਰ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।

    ਉਨ੍ਹਾਂ ਅੱਗੇ ਕਿਹਾ ਕਿ ਲੋਕ ਹਸਪਤਾਲਾਂ ਅਤੇ ਹੋਰ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ।

  8. ਕਈ ਕੌਮਾਂਤਰੀ ਏਅਰਲਾਈਨਾਂ ਨੇ ਪਾਕਿਸਤਾਨ ਜਾਣ ਵਾਲੀਆਂ ਉਡਾਣਾਂ ਰੋਕੀਆਂ

    ਕਤਰ ਏਅਰਲਾਈਨ

    ਤਸਵੀਰ ਸਰੋਤ, Getty Images

    ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਕਤਰ ਏਅਰਵੇਜ਼ ਨੇ ਪਾਕਿਸਤਾਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀਆਂ ਹਨ।

    ਕਤਰ ਏਅਰਵੇਜ਼ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਜਾਣਕਾਰੀ ਦਿੱਤੀ ਗਈ, "ਏਅਰਲਾਈਨ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਆਪਣੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਤਰਜੀਹ ਦੇਣਾ ਜਾਰੀ ਰੱਖੇਗੀ।"

    ਏਅਰਲਾਈਨ ਨੇ ਯਾਤਰੀਆਂ ਨੂੰ ਪ੍ਰਭਾਵਿਤ ਉਡਾਣਾਂ ਬਾਰੇ ਅਗਾਉਂ ਜਾਣਕਾਰੀ ਲਈ ਕਤਰ ਏਅਰਵੇਜ਼ ਦੀ ਅਧਿਕਾਰਤ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਹੈ।

    ਪਾਕਿਸਤਾਨੀ ਅਧਿਕਾਰੀਆਂ ਨੇ ਲਾਹੌਰ ਅਤੇ ਕਰਾਚੀ ਦੇ ਪ੍ਰਮੁੱਖ ਸ਼ਹਿਰਾਂ ਨੂੰ ਕਵਰ ਕਰਨ ਵਾਲੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ

  9. ਭਾਰਤ ਤੇ ਪਾਕਿਸਤਾਨ ਦੇ ਇਨ੍ਹਾਂ ਇਲਾਕਿਆਂ ’ਚ ਸਕੂਲ ਤੇ ਕਾਲਜ ਬੰਦ

    ਭਾਰਤੀ ਫੌਜ

    ਤਸਵੀਰ ਸਰੋਤ, Getty Images

    ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਦੋਵਾਂ ਹੀ ਦੇਸ਼ਾਂ ਦੇ ਕੁਝ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।

    ਬੀਬੀਸੀ ਪੱਤਰਕਾਰ ਅਜ਼ਾਦੇਹ ਮੋਸ਼ਿਰੀ ਦੇ ਮੁਤਾਬਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਅਤੇ ਪੰਜਾਬ ਸੂਬੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ।

    ਕਸ਼ਮੀਰ ਤੋਂ ਬੀਬੀਸੀ ਪੱਤਰਕਾਰ ਸ਼ਫ਼ਤ ਫਾਰੂਕ ਦੀ ਰਿਪੋਰਟ ਮੁਤਾਬਕ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਹਨ।

    ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਕਸ਼ਮੀਰ ਦੇ ਜੰਮੂ, ਸਾਂਬਾ, ਕਠੁਆ, ਰਾਜੌਰੀ ਅਤੇ ਪੁੰਛ ਖੇਤਰਾਂ ਵਿੱਚ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ ਅੱਜ ਬੰਦ ਰਹਿਣਗੇ।

  10. ਪੰਜਾਬ ਵਿੱਚ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦੇ ਆਦੇਸ਼

    ਸਰਕਾਰੀ ਸਕੂਲ

    ਪੰਜਾਬ ਵਿੱਚ ਕਈ ਥਾਵਾਂ ਉਪਰ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

    ਸੂਬੇ ਵਿੱਚ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਫਾਜ਼ਿਲਕਾ ਵਿੱਚ ਸਿੱਖਿਆ ਸੰਸਥਾਵਾਂ ਨੂੰ ਅਗਲੇ 72 ਘੰਟਿਆਂ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

  11. ਭਾਰਤੀ ਏਅਰਲਾਈਨਜ਼ ਕੰਪਨੀਆਂ ਵੱਲੋਂ ਐਡਵਾਇਜ਼ਰੀ, ਕਈ ਉਡਾਣਾਂ ਰੱਦ

    ਏਅਰ ਇੰਡੀਆ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਏਅਰ ਇੰਡੀਆ

    ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਈ ਏਅਰਲਾਈਨਜ਼ ਨੇ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।

    ਏਅਰ ਇੰਡੀਆ, ਸਪਾਈਸਜੈੱਟ ਅਤੇ ਇੰਡੀਗੋ ਨੇ ਟਰੈਵਲ ਐਡਵਾਇਜ਼ਰੀ ਜਾਰੀ ਕਰਕੇ ਦੱਸਿਆ ਹੈ ਕਿ ਕਈ ਖੇਤਰਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਣਗੀਆਂ।

    ਏਅਰ ਇੰਡੀਆ ਨੇ ਐਕਸ ’ਤੇ ਲਿਖਿਆ, "ਮੌਜੂਦਾ ਸਥਿਤੀ ਦੇ ਮੱਦੇਨਜ਼ਰ ਏਅਰ ਇੰਡੀਆ ਨੇ 7 ਮਈ ਨੂੰ ਦੁਪਹਿਰ 12 ਵਜੇ ਤੱਕ ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਤੋਂ ਆਉਣ-ਜਾਣ ਵਾਾਲੀਆ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।"

    ਏਅਰਲਾਈਨ ਨੇ ਅੱਗੇ ਦੱਸਿਆ, “ਅੰਮ੍ਰਿਤਸਰ ਜਾਣ ਵਾਲੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਦਿੱਲੀ ਵੱਲੋਂ ਮੋੜਿਆ ਜਾ ਰਿਹਾ ਹੈ।”

    ਸਪਾਈਸਜੈੱਟ ਨੇ ਪੋਸਟ ਕੀਤਾ, "ਮੌਜੂਦਾ ਸਥਿਤੀ ਦੇ ਕਾਰਨ ਧਰਮਸ਼ਾਲਾ, ਲੇਹ, ਜੰਮੂ, ਸ਼੍ਰੀਨਗਰ ਅਤੇ ਅੰਮ੍ਰਿਤਸਰ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਵਾਈ ਅੱਡੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।"

    ਇੰਡੀਗੋ ਨੇ ਐਕਸ ’ਤੇ ਲਿਖਿਆ, “ਹਵਾਈ ਖੇਤਰ ਦੇ ਬਦਲਦੇ ਹਾਲਾਤਾਂ ਕਾਰਨ ਸ਼੍ਰੀਨਗਰ, ਜੰਮੂ, ਅੰਮ੍ਰਿਤਸਰ, ਲੇਹ, ਚੰਡੀਗੜ੍ਹ ਅਤੇ ਧਰਮਸ਼ਾਲਾ ਤੋਂ ਆਉਣ-ਜਾਣ ਵਾਲੀਆਂ ਸਾਡੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।"”

    ਤਿੰਨਾਂ ਹੀ ਏਅਰਲਾਈਨਜ਼ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਫਲਾਇਟ ਦਾ ਸਟੇਟਸ ਚੈੱਕ ਕਰਕੇ ਹੀ ਏਅਰਪੋਰਟ ਪਹੁੰਚਣ।

  12. ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੀ ਕਿਹਾ

    ਡੌਨਲਡ ਟਰੰਪ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਾਕਿਸਤਾਨ ਦੇ ਅੰਦਰ ਭਾਰਤੀ ਹਮਲਿਆਂ 'ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

    ਟਰੰਪ ਨੇ ਕਿਹਾ, "ਇਹ ਇੱਕ ਸ਼ਰਮਨਾਕ ਗੱਲ ਹੈ। ਮੈਨੂੰ ਲੱਗਦਾ ਹੈ ਕਿ ਲੋਕ ਅਤੀਤ ਦੇ ਆਧਾਰ ’ਤੇ ਜਾਣਦੇ ਸਨ ਕਿ ਕੁਝ ਹੋਣ ਵਾਲਾ ਹੈ। ਜੇ ਤੁਸੀਂ ਇਸ ਬਾਰੇ ਵਿਚਾਰ ਕਰੋ ਤਾਂ ਉਹ ਦਹਾਕਿਆਂ ਤੋਂ ਲੜ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਇਹ ਬਹੁਤ ਜਲਦੀ ਖ਼ਤਮ ਹੋ ਜਾਵੇਗਾ।"

  13. ਪਾਕਿਸਤਾਨ ਦਾ ਦਾਅਵਾ, ਭਾਰਤ ਦੇ ਹਮਲੇ ਵਿੱਚ ਬੱਚਿਆਂ ਸਣੇ 7 ਲੋਕਾਂ ਦੀ ਮੌਤ, ਪੀਐੱਮ ਸ਼ਹਿਬਾਜ਼ ਸ਼ਰੀਫ਼ ਕੀ ਬੋਲੇ

    ਸ਼ਹਿਬਾਜ਼ ਸ਼ਰੀਫ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸ਼ਹਿਬਾਜ਼ ਸ਼ਰੀਫ

    ਪਾਕਿਸਤਾਨੀ ਫੌਜ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਭਾਰਤ ਦੇ ਹਮਲਿਆਂ ਵਿੱਚ ਦੋ ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ ਹੈ।

    ਦੂਜੇ ਪਾਸੇ ਪਾਕਿਸਤਾਨ ਦੇ ਪੀਐੱਮ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਭਾਰਤ ਦੇ ਹਵਾਈ ਹਮਲਿਆਂ ਵਿੱਚ ਮਸਜਿਦ ਸਣੇ ਕਈ ਥਾਂਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

    ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦਾ ਪੂਰਾ ਹੱਕ ਹੈ।

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਹਮਲੇ 'ਤੇ ਪ੍ਰਤੀਕਿਰਿਆ ਦਿੰਦੀਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਇੱਕ ਪੋਸਟ 'ਚ ਲਿਖਿਆ, "ਮੱਕਾਰ ਦੁਸ਼ਮਣ ਨੇ ਪਾਕਿਸਤਾਨ ਦੇ ਪੰਜ ਠਿਕਾਣਿਆਂ 'ਤੇ ਕਾਇਰਤਾਪੂਰਨ ਹਮਲੇ ਕੀਤੇ ਹਨ।"

    "ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੀ ਗਈ ਇਸ ਜੰਗ ਦਾ ਜ਼ੋਰਦਾਰ ਜਵਾਬ ਦੇਣ ਦਾ ਪੂਰਾ ਹੱਕ ਹੈ, ਅਤੇ ਜ਼ੋਰਦਾਰ ਜਵਾਬ ਦਿੱਤਾ ਜਾ ਰਿਹਾ ਹੈ।"

    ਉਨ੍ਹਾਂ ਨੇ ਅੱਗੇ ਲਿਖਿਆ, "ਪੂਰਾ ਦੇਸ਼ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਦੇ ਨਾਲ ਖੜ੍ਹਾ ਹੈ, ਅਤੇ ਪੂਰੇ ਪਾਕਿਸਤਾਨੀ ਰਾਸ਼ਟਰ ਦਾ ਮਨੋਬਲ ਅਤੇ ਭਾਵਨਾ ਮਜ਼ਬੂਤ ਹੈ।"

  14. ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ’ਤੇ ਕੀਤਾ ਮਿਜ਼ਾਇਲ ਨਾਲ ਹਮਲਾ

    ਹਮਲੇ ਦੀਆਂ ਤਸਵੀਰਾਂ

    ਤਸਵੀਰ ਸਰੋਤ, Reuters

    ਭਾਰਤ ਸਰਕਾਰ ਨੇ ਕੁਝ ਸਮਾਂ ਪਹਿਲਾਂ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤੀ ਫੌਜ ਨੇ "ਆਪ੍ਰੇਸ਼ਨ ਸਿੰਦੂਰ" ਸ਼ੁਰੂ ਕਰ ਦਿੱਤਾ ਹੈ।

    ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ, "ਇਸ ਕਾਰਵਾਈ ਹੇਠ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਭਾਰਤ ਉੱਤੇ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਗਿਆ ਸੀ।"

    ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ "ਕੁੱਲ ਨੌਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।"