You’re viewing a text-only version of this website that uses less data. View the main version of the website including all images and videos.

Take me to the main website

ਲੋਕ ਸਭਾ ਚੋਣਾਂ 2024, ਰੁਝਾਨ ਤੇ ਨਤੀਜੇ : ਨਰਿੰਦਰ ਮੋਦੀ ਬੋਲੇ, ‘ਸਾਡੇ ਵਿਰੋਧੀ ਇਕੱਠੇ ਹੋ ਕੇ ਵੀ ਇਕੱਲੀ ਭਾਜਪਾ ਜਿੰਨੀਆਂ ਸੀਟਾਂ ਵੀ ਨਹੀਂ ਜਿੱਤ ਸਕੇ’

ਲੋਕ ਸਭਾ ਚੋਣਾਂ 2024 ਦੇ ਚੋਣ ਅਮਲ ਦੇ ਅੱਜ ਫੈਸਲੇ ਦਾ ਦਿਨ ਹੈ। ਸੰਸਦ ਦੇ ਹੇਠਲੇ ਸਦਨ ਦੀਆਂ 543 ਸੀਟਾਂ ਵਿੱਚੋਂ 542 ਦਾ ਨਤੀਜਾ ਅੱਜ ਐਲਾਨਿਆ ਜਾ ਰਿਹਾ ਹੈ।

ਸਾਰ

  • ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਬਹੁਮਤ ਮਿਲਿਆ ਹੈ।
  • ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗਠਜੋੜ ਵੀ ਰੁਝਾਨਾਂ ਵਿੱਚ 200 ਤੋਂ ਸੀਟਾਂ ਉੱਤੇ ਚੱਲ ਰਿਹਾ ਹੈ।
  • ਪੰਜਾਬ ਵਿੱਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ ਜਦਕਿ ਆਮ ਆਦਮੀ ਪਾਰਟੀ ਨੇ 3 ਸੀਟਾਂ ਜਿੱਤੀਆਂ ਹਨ।
  • ਇੱਕ ਸੀਟ ਅਕਾਲੀ ਦਲ ਨੇ ਜਿੱਤੀ ਹੈ।
  • ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਨੇ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਨਾਲ ਜਿੱਤੀ ਹੈ।

ਲਾਈਵ ਕਵਰੇਜ

ਜਸਪਾਲ ਸਿੰਘ ਅਤੇ ਗੁਰਜੋਤ ਸਿੰਘ

  1. ਲੋਕ ਸਭਾ ਚੋਣਾਂ: ਪੰਜਾਬ ਦੇ ਨਤੀਜਿਆਂ ਤੋਂ ਪਹਿਲਾਂ ਸਮਝੋ ਕਿਸ ਪਾਰਟੀ ਦਾ ਕੀ ਲੱਗਿਆ ਹੈ ਦਾਅ ਉੱਤੇ

    ਪੰਜਾਬ ਦੀ ਸਿਆਸਤ ਬਾਰੇ ਕਿਹਾ ਜਾਂਦਾ ਸੀ ਕਿ ਇੱਥੇ ਚੋਣ ਮੁਕਾਬਲਾ ਹਮੇਸ਼ਾ ਦੋ ਧਿਰੀ ਹੀ ਹੁੰਦਾ ਹੈ। ਇੱਥੇ ਤੀਜੀ ਧਿਰ ਲਈ ਕੋਈ ਥਾਂ ਨਹੀਂ ਹੈ।

    2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੀ ਧਿਰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਬਣ ਕੇ ਇਹ ਧਾਰਨਾ ਬਦਲ ਦਿੱਤੀ।

    ਇਸ ਹਵਾਲੇ ਨਾਲ ਲੋਕ ਸਭਾ ਚੋਣਾਂ 2024 ਨੇ ਕਹਾਣੀ ਅੱਗੇ ਤੋਰ ਦਿੱਤੀ ਹੈ ਅਤੇ ਇਸ ਵਾਰ ਪੰਜਾਬ ਵਿੱਚ ਚੋਣ ਲੜਾਈ ਤਿੰਨ ਤੋਂ ਵੀ ਚਾਰ ਧਿਰੀ ਬਣ ਗਈ ਹੈ।

    ਸੂਬੇ ਤੇ ਕੇਂਦਰ ਦੀਆਂ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ, ਦੋਵਾਂ ਥਾਵਾਂ ਉੱਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਅਤੇ ਪੰਜਾਬ ਵਿੱਚ ਸੱਤਾ ਤੇ ਵਿਰੋਧੀ ਧਿਰ ਵਿੱਚ ਰਹਿ ਕੇ ਹਾਸ਼ੀਏ ਉੱਤੇ ਚਲਾ ਗਿਆ ਸ਼੍ਰੋਮਣੀ ਅਕਾਲੀ ਦਲ ਪੂਰੀ ਤਾਕਤ ਨਾਲ ਇੱਕ ਦੂਜੇ ਨੂੰ ਖੁੱਡੇ ਲਾਉਣ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ।

    ਪੰਜਾਬ ਦੀ ਸਿਆਸਤ ਦੇ ਅਜਿਹੇ ਬਹੁਕੌਣੀ ਸਮੀਕਰਨਾਂ ਦੌਰਾਨ ਪੰਜਾਬ ਵਿੱਚ ਕਿਸ ਧਿਰ ਦਾ ਕੀ ਦਾਅ ਉੱਤੇ ਹੈ ਅਤੇ ਕਿਸ ਨੂੰ ਕੀ ਸਾਬਤ ਕਰਨਾ ਪਵੇਗਾ ਜਾਣੋ ਇਸ ਰਿਪੋਰਟ ਵਿੱਚ।

  2. ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਅੱਜ

    ਲੋਕ ਸਭਾ ਚੋਣਾਂ 2024 ਦੇ ਵੋਟ ਅਮਲ ਦੇ ਸੱਤ ਗੇੜਾਂ ਬਾਅਦ ਅੱਜ ਯਾਨੀ 4 ਜੂਨ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾ ਰਿਹਾ ਹੈ।

    ਦੇਸ਼ ਨੇ 543 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਈ ਤੇ ਦੇਸ਼ ਵਿੱਚ ਵੋਟ ਪ੍ਰਤੀਸ਼ਤਤਾ 59.45 ਫ਼ੀਸਦੀ ਰਹੀ ਹੈ।

    ਚੋਣ ਕਮਿਸ਼ਨ ਮੁਤਾਬਕ 542 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਵੇਗੀ।

    ਜ਼ਿਕਰਯੋਗ ਹੈ ਕਿ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਲਈ ਭਾਜਪਾ ਦੇ ਮੁਕੇਸ਼ ਦਲਾਲ ਨੂੰ ਪਹਿਲਾਂ ਹੀ ਨਿਰਵਿਰੋਧ ਜੇਤੂ ਐਲਾਨ ਦਿੱਤਾ ਗਿਆ ਸੀ।

    ਉੱਥੇ ਕਾਂਗਰਸ ਦੇ ਉਮੀਦਵਾਰ ਦੇ ਕਾਗ਼ਜ ਰੱਦ ਹੋਣ ਤੋਂ ਬਾਅਦ ਹੋਰ ਉਮੀਦਵਾਰਾਂ ਨੇ ਆਪੋ-ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ।

    ਪੰਜਾਬ ਦੀਆਂ 13 ਸੀਟਾਂ ਦੀ ਨਤੀਜੇ ਵੀ ਅੱਜ ਐਲਾਨੇ ਜਾਣਗੇ। ਪੰਜਾਬ ਵਿੱਚ ਐਗਜ਼ਿਟ ਪੋਲਜ਼ ਕਾਂਗਰਸ ਨੂੰ ਅੱਗੇ ਦਿਖਾ ਰਹੇ ਹਨ ਜਦਕਿ ਦੇਸ ਭਰ ਵਿੱਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਸੀ।

    ਪਰ ਅਸਲ ਨਤੀਜੇ ਅਗਲੇ ਕੁਝ ਘੰਟਿਆਂ ਤੱਕ ਤਸਵੀਰ ਸਾਫ਼ ਕਰਨਗੇ ਕਿ ਭਾਰਤ ਦੀ ਸੱਤਾ ਅਗਲੇ 5 ਸਾਲ ਲਈ ਕੌਣ ਸੰਭਾਲੇਗਾ।

  3. ਲੋਕ ਸਭਾ ਚੋਣ ਨਤੀਜੇ : ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੰਨੇ ’ਤੇ ਤੁਹਾਡਾ ਸਵਾਗਤ ਹੈ। ਇਸ ਪੰਨੇ ਰਾਹੀ ਅਸੀਂ ਤੁਹਾਨੂੰ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਨਾਲ ਜੁੜੇ ਅੰਕੜੇ ਅਤੇ ਜਾਣਕਾਰੀਆਂ ਨਾਲੋ-ਨਾਲ ਸਾਂਝੀਆਂ ਕਰਾਂਗੇ।