ਪਾਕਿਸਤਾਨ ਨੇ ਕਿਹਾ ਭਾਰਤ ਨੇ ਤਿੰਨ ਫੌਜੀ ਹਵਾਈ ਅੱਡਿਆਂ ’ਤੇ ਮਿਜ਼ਾਇਲ ਹਮਲਾ ਕੀਤਾ, ਅੰਮ੍ਰਿਤਸਰ ’ਚ ਸੁਣਾਈ ਦਿੱਤੇ ਧਮਾਕੇ, ਫੌਜ ਨੇ ਕਿਹਾ 26 ਥਾਂਵਾਂ 'ਤੇ ਡਰੋਨ ਦੇਖੇ ਗਏ

ਭਾਰਤ ਵੱਲੋਂ 32 ਹਵਾਈ ਅੱਡਿਆਂ ਨੂੰ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਸਾਰ

  • ਭਾਰਤ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਸ਼ਾਮ ਨੂੰ ਪਾਕਿਸਤਾਨ ਤੋਂ ਆਏ ਡਰੋਨਜ਼ ਅਤੇ ਮਿਜ਼ਾਇਲਾਂ ਵੱਲੋਂ ਜੰਮੂ, ਉਧਮਪੁਰ ਅਤੇ ਪਠਾਨਕੋਟ ਮਿਲਟਰੀ ਸਟੇਸ਼ਨਾਂ ਉੱਤੇ ਹਮਲਾ ਕੀਤਾ ਗਿਆ।
  • ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਸ ਤੋਂ ਇਨਕਾਰ ਕੀਤਾ ਹੈ।
  • ਪੰਜਾਬ ਵਿੱਚ ਸਕੂਲਾਂ, ਕਾਲਜਾਂ ਨੂੰ ਅਗਲੇ 3 ਦਿਨਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
  • ਵੀਰਵਾਰ ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਲੈਕਆਊਟ ਵੀ ਕੀਤਾ ਗਿਆ।
  • ਭਾਰਤ ਸਰਕਾਰ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 6-7 ਮਈ ਦੀ ਦਰਮਿਆਨੀ ਰਾਤ ਨੂੰ 'ਆਪ੍ਰੇਸ਼ਨ ਸਿੰਦੂਰ' ਕੀਤਾ ਸੀ।

ਲਾਈਵ ਕਵਰੇਜ

ਰਿਪੋਰਟ: ਜਸਪਾਲ ਸਿੰਘ ਤੇ ਅਨੁਰੀਤ ਸ਼ਰਮਾ

  1. ਤੁਰਕੀ ਦੇ ਰਾਸ਼ਟਰਪਤੀ ਨੇ ਭਾਰਤ-ਪਾਕਿਸਤਾਨ ਤਣਾਅ ਬਾਰੇ ਕੀ ਕਿਹਾ

    ਰੇਚੇਪ ਤਇਅਪ ਅਰਦੋਆਨ

    ਤਸਵੀਰ ਸਰੋਤ, Getty Images

    ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਇਅਪ ਅਰਦੋਆਨ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਸੋਸ਼ਲ ਮੀਡੀਆ ਐਕਸ ਉੱਤੇ ਪੋਸਟ ਪਾਈ ਹੈ।

    ਅਰਦੋਆਨ ਨੇ ਲਿਖਿਆ, "ਮਿਜ਼ਾਇਲ ਹਮਲਿਆਂ ਵਿੱਚ ਕਈ ਆਮ ਲੋਕਾਂ ਦੀ ਮੌਤ ਤੋਂ ਅਸੀਂ ਇਸ ਗੱਲ ਨੂੰ ਲੈ ਲੇ ਚਿੰਤਤ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਇੱਕ ਗੰਭੀਰ ਸੰਘਰਸ਼ ਵਿੱਚ ਬਦਲ ਸਕਦਾ ਹੈ।"

    ਉਨ੍ਹਾਂ ਨੇ ਲਿਖਿਆ, "ਮੈਂ ਇਨ੍ਹਾਂ ਹਮਲਿਆਂ ਵਿੱਚ ਜਾਨ ਗੁਆਉਣ ਵਾਲੇ ਆਪਣੇ ਭਰਾਵਾਂ ਦੇ ਲਈ ਰੱਬ ਤੋਂ ਮਿਹਰ ਦੀ ਕਾਮਨਾ ਕਰਦਾ ਹੈ ਅਤੇ ਇੱਕ ਵਾਰ ਫਿਰ ਆਪਣੇ ਭਰਾ ਜਿਹੇ ਪਾਕਿਸਤਾਨੀ ਲੋਕਾਂ ਨਾਲ ਅਫ਼ਸੋਸ ਜ਼ਾਹਰ ਕਰਦਾ ਹਾਂ।"

    ਅਰਦੋਆਨ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਫੋਨ ਉੱਤੇ ਗੱਲ ਕੀਤੀ ਸੀ।

  2. ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਭਾਰਤ ਵਿੱਚ ਹਮਲਿਆਂ ਬਾਰੇ ਕੀ ਕਿਹਾ

    ਰੱਖਿਆ ਮੰਤਰੀ ਖਵਾਜਾ ਆਸਿਫ਼

    ਤਸਵੀਰ ਸਰੋਤ, Getty Images

    ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਜੰਮੂ, ਪਠਾਨਕੋਟ ਅਤੇ ਉਧਮਪੁਰ ਦੇ ਮਿਲਟਰੀ ਸਟੇਸ਼ਨਾਂ ਉੱਤੇ ਵੀਰਵਾਰ ਰਾਤ ਨੂੰ ਹਮਲਾ ਕੀਤਾ ਹੈ।

    ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਅਸੀਂ ਇਸ ਤੋਂ ਇਨਕਾਰ ਕਰਦੇ ਹਾਂ, ਅਸੀਂ ਹਾਲੇ ਤੱਕ ਕੁਝ ਨਹੀਂ ਕੀਤਾ ਹੈ, ਜਦੋਂ ਪਾਕਿਸਤਾਨ ਹਮਲਾ ਕਰੇਗਾ ਤਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ।"

    ਸ੍ਰੀਨਗਰ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ ਦੇ ਮੁਤਾਬਕ ਵੀਰਵਾਰ ਰਾਤ 11 ਵਜੇ ਉਰੀ ਸੈਕਟਰ ਵਿੱਚ ਭਾਰੀ ਗੋਲੀਬਾਰੀ ਹੋ ਰਹੀ ਸੀ ਅਤੇ ਸਰਹੱਦ ਦੇ ਨੇੜੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।

    ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਫੋਨ ਉੱਤੇ ਗੱਲ ਕਰਕੇ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ।

  3. ਭਾਰਤ-ਪਾਕਿਸਤਾਨ ਤਣਾਅ: ਨਾਗਰਿਕ ਸੇਵਾਵਾਂ ਲਈ 24 ਹਵਾਈ ਅੱਡੇ ਬੰਦ, ਸੁਰੱਖਿਆ ਵਿੱਚ ਵਾਧਾ

    ਏਅਰ ਇੰਡੀਆ

    ਤਸਵੀਰ ਸਰੋਤ, Getty Images

    ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਗੁਜਰਾਤ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ 24 ਹਵਾਈ ਅੱਡਿਆਂ ਨੂੰ ਨਾਗਰਿਕ ਸੇਵਾਵਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ।

    ਬੰਦ ਕੀਤੇ ਗਏ ਹਵਾਈ ਅੱਡਿਆਂ ਵਿੱਚ ਲੁਧਿਆਣਾ, ਚੰਡੀਗੜ੍ਹ, ਪਟਿਆਲਾ (ਹਵਾਈ ਫੌਜ) ਅਤੇ ਪਠਾਨਕੋਟ ਵੀ ਸ਼ਾਮਲ ਹਨ। 'ਬਿਓਰੋ ਆਫ ਸਿਵਲ ਏਵੀਏਸ਼ਨ' ਨੇ ਦੇਸ਼ ਭਰ ਦੀਆਂ ਏਅਰਲਾਈਨਾਂ ਅਤੇ ਹਵਾਈ ਅੱਡਿਆਂ ਉੱਤੇ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ।

    ਨਿਰਦੇਸ਼ਾਂ ਦੇ ਮੁਤਾਬਕ, ਸਾਰੇ ਹਵਾਈ ਅੱਡਿਆਂ ਉੱਤੇ ਸਾਰੇ ਯਾਤਰੀਆਂ ਦੀ ਸੈਕੈਂਡਰੀ ਲੈਡਰ ਪੋਇੰਟ ਚੈਕਿੰਗ (ਐੱਲਐੱਲਪੀਸੀ) ਕੀਤੀ ਜਾਵੇਗੀ। ਟਰਮਿਨਲ ਬਿਲਡਿੰਗ ਵਿੱਚ ਮੁਲਾਕਾਤ ਕਰਨ ਆਉਣ ਵਾਲੇ ਲੋਕਾਂ ਦੀ ਐਂਟਰੀ ਉੱਤੇ ਰੋਕ ਲਾ ਦਿੱਤੀ ਗਈ ਹੈ।

    ਇਸ ਦੇ ਨਾਲ ਹੀ ਏਅਰ ਮਾਰਸ਼ਲ ਵੀ ਤਾਇਨਾਤ ਕਰਨ ਦੀ ਗੱਲ ਕੀਤੀ ਗਈ ਹੈ।

    ਏਅਰ ਇੰਡੀਆ ਨੇ ਬੀਸੀਏਐੱਸ ਦਾ ਹਵਾਲਾ ਦਿੰਦੇ ਹੋਏ ਐਕਸ ਉੱਤੇ ਜਾਣਕਾਰੀ ਦਿੱਤੀ ਹੈ ਕਿ ਹੁਣ ਘਰੇਲੂ ਯਾਤਰੀਆਂ ਨੂੰ 3 ਘੰਟੇ ਪਹਿਲਾਂ ਏਅਰਪੋਰਟ ਪਹੁੰਚਣਾ ਪਵੇਗਾ ਅਤੇ 75 ਮਿੰਟ ਪਹਿਲਾਂ ਚੈੱਕ-ਇੰਨ ਬੰਦ ਹੋ ਜਾਵੇਗਾ।

  4. ਲੁਧਿਆਣਾ ਦੇ ਡੀਸੀ ਵੱਲੋਂ ਲੋਕਾਂ ਨੂੰ ਅਪੀਲ ਅਤੇ ਜਾਅਲੀ ਖ਼ਬਰਾਂ ਫੈਲਾਉਣ ’ਤੇ ਜਮ੍ਹਾਖੋਰਾਂ ਨੂੰ ਚੇਤਾਵਨੀ

    ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੇ ਸ਼ਾਂਤੀ ਅਤੇ ਚੌਕਸੀ ਦੀ ਅਪੀਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਜਾਅਲੀ ਖ਼ਬਰਾਂ ਫੈਲਾਉਣ ਅਤੇ ਜਮ੍ਹਾਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ।

    ਉਨ੍ਹਾਂ ਨੇ ਕਿਹਾ ਹੈ ਕਿ ਸਰਹੱਦ 'ਤੇ ਮੌਜੂਦਾ ਸਥਿਤੀ ਨਾਲ ਸਬੰਧਤ ਹਾਲੀਆ ਘਟਨਾਵਾਂ ਨੇ ਕੁਝ ਨਾਗਰਿਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। "ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਾਡੇ ਸੁਰੱਖਿਆ ਬਲ ਅਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹਨ, ਤੁਹਾਡੀ ਸੁਰੱਖਿਆ ਅਤੇ ਸ਼ਾਂਤੀ ਦੀ ਰਾਖੀ ਲਈ ਅਣਥੱਕ ਮਿਹਨਤ ਕਰ ਰਹੇ ਹਨ।"

    ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਅਪੀਲ ਵੀ ਕੀਤੀ ਹੈ-

    1. ਕਿਰਪਾ ਕਰ ਕੇ ਸ਼ਾਂਤ ਰਹੋ ਅਤੇ ਇੱਕਜੁੱਟ ਰਹੋ। ਸਿਸਟਮ ਅਤੇ ਸੰਸਥਾਵਾਂ ʼਤੇ ਭਰੋਸਾ ਰੱਖੋ।

    2. ਸਾਂਝਾ ਕਰਨ ਤੋਂ ਪਹਿਲਾਂ ਤਸਦੀਕ ਕਰੋ,- ਸੁਨੇਹਿਆਂ 'ਤੇ ਵਿਸ਼ਵਾਸ ਕਰਨ ਜਾਂ ਅੱਗੇ ਭੇਜਣ ਤੋਂ ਪਹਿਲਾਂ ਅਧਿਕਾਰਤ ਚੈਨਲਾਂ (ਡੀਸੀ ਲੁਧਿਆਣਾ ਹੈਂਡਲ, ਪ੍ਰਮਾਣਿਤ ਮੀਡੀਆ) ਰਾਹੀਂ ਖ਼ਬਰਾਂ ਦੀ ਜਾਂਚ ਕਰੋ।

    3. ਘਬਰਾਹਟ ਵਿੱਚ ਖਰੀਦਦਾਰੀ ਅਤੇ ਜਮ੍ਹਾਖੋਰੀ ਨਹੀਂ ਕਰੋ।

    4. ਕਮੀ, ਸੁਰੱਖਿਆ ਖ਼ਤਰੇ ਜਾਂ ਅਸਥਿਰਤਾ ਬਾਰੇ ਝੂਠੀਆਂ ਅਫ਼ਵਾਹਾਂ ਪੈਦਾ ਕਰਨਾ ਜਾਂ ਪ੍ਰਸਾਰਿਤ ਕਰਨਾ ਇੱਕ ਸਜ਼ਾਯੋਗ ਅਪਰਾਧ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਟਰੈਕ ਕੀਤਾ ਜਾ ਰਿਹਾ ਹੈ। ਗ਼ੁਮਨਾਮੀ ਵੀ ਤੁਹਾਨੂੰ ਨਹੀਂ ਬਚਾ ਸਕੇਗੀ।

  5. ਲੁਧਿਆਣਾ, ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬਿਜਲੀ ਸਪਲਾਈ ਮੁੜ ਸ਼ੁਰੂ

    ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਕਾਰਨ ਚੰਡੀਗੜ੍ਹ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਬਲੈਕ-ਆਊਟ ਕੀਤਾ ਗਿਆ ਸੀ।

    ਫਿਲਹਾਲ ਚੰਡੀਗੜ੍ਹ, ਲੁਧਿਆਣਾ ਅਤੇ ਮੋਹਾਲੀ ਵਿੱਚ ਬਿਜਲੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ।

    ਹਾਲਾਂਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਉਹ ਆਪਣੇ ਪੱਧਰ ਉੱਤੇ ਬਲੈਕ-ਆਊਟ ਲਾਗੂ ਰੱਖਣ।

  6. ਦਿੱਲੀ ਕੈਪੀਟਲਜ਼ ਅਤੇ ਪੰਜਾਬ ਦਾ ਮੈਚ ਰੱਦ, ਰੇਲ ਰਾਹੀਂ ਦਿੱਲੀ ਪਹੁੰਚਣਗੀਆਂ ਟੀਮਾਂ

    ਧਰਮਸ਼ਾਲਾ ਸਟੇਡੀਅਮ

    ਤਸਵੀਰ ਸਰੋਤ, Getty Images

    ਉੱਤਰੀ ਰੇਲਵੇ ਦੇ ਚੀਫ਼ ਪਬਲਿਕ ਰਿਲੇਸ਼ਨਜ਼ ਅਫ਼ਸਰ ਨੇ ਸੂਚਨਾ ਜਾਰੀ ਕੀਤੀ ਹੈ ਕਿ ਪੰਜਾਬ ਅਤੇ ਦਿੱਲੀ ਦੀਆਂ ਆਈਪੀਐੱਲ ਟੀਮਾਂ ਨੂੰ ਸ਼ੁੱਕਰਵਾਰ ਨੂੰ ਸਪੈਸ਼ਲ ਰੇਲ ਗੱਡੀ ਰਾਹੀਂ ਪਠਾਨਕੋਟ ਤੋਂ ਦਿੱਲੀ ਲਿਜਾਇਆ ਜਾਵੇਗਾ।

    ਦੋਵਾਂ ਟੀਮਾਂ ਵਿਚਾਲੇ ਵੀਰਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ਵਿੱਚ ਹੋ ਰਿਹਾ ਮੈਚ ਵਿਚਾਲੇ ਰੋਕ ਦਿੱਤਾ ਗਿਆ ਸੀ। ਬੀਸੀਸੀਆਈ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਮੈਚ ਨੂੰ 'ਤਕਨੀਕੀ ਕਾਰਨਾਂ' ਕਰਕੇ ਰੱਦ ਕੀਤਾ ਗਿਆ।

    ਭਾਰਤੀ ਰੱਖਿਆ ਮੰਤਰਾਲੇ ਦੇ ਮੁਤਾਬਕ, "ਜੰਮੂ, ਪਠਾਨਕੋਟ, ਅਤੇ ਊਧਮਪੁਰ ਦੇ ਮਿਲਟਰੀ ਬੇਸ ਉੱਤੇ ਪਾਕਿਸਤਾਨ ਦੇ ਵੱਲੋਂ ਡਰੋਨ ਅਤੇ ਮਿਜ਼ਾਇਲ ਹਮਲੇ ਕੀਤੇ ਗਏ ਹਨ, ਇਨ੍ਹਾਂ ਹਮਲਿਆਂ ਨੂੰ ਭਾਰਤ ਵੱਲੋਂ ਨਾਕਾਮ ਕਰ ਦਿੱਤਾ ਗਿਆ ਹੈ।"

    ਉੱਤਰੀ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਦੇ ਚਲਦਿਆਂ ਬਲੈਕ-ਆਊਟ ਕੀਤਾ ਗਿਆ।

  7. ਪੰਜਾਬ ਵਿੱਚ ਅਗਲੇ ਤਿੰਨ ਦਿਨ ਤੱਕ ਸਾਰੇ ਸਕੂਲ-ਕਾਲਜ ਬੰਦ

    ਹਰਜੋਤ ਬੈਂਸ

    ਤਸਵੀਰ ਸਰੋਤ, Harjot Singh Bains/FB

    ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਐਕਸ ਹੈਂਡਲ ʼਤੇ ਪੋਸਟ ਪਾ ਕੇ ਕਿਹਾ ਹੈ ਕਿ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਇਹ ਹੁਕਮ ਦਿੱਤਾ ਜਾਂਦਾ ਹੈ ਕਿ ਪੂਰੇ ਪੰਜਾਬ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ (ਸਰਕਾਰੀ, ਨਿੱਜੀ ਅਤੇ ਏਡਡ) ਅਗਲੇ ਤਿੰਨ ਦਿਨਾਂ ਲਈ ਪੂਰੀ ਤਰ੍ਹਾਂ ਬੰਦ ਰਹਿਣਗੇ।

  8. ਪਾਕਿਸਤਾਨ ਵੱਲੋਂ ਜੰਮੂ ’ਤੇ ਡਰੋਨਜ਼ ਤੇ ਮਿਜ਼ਾਇਲਾਂ ਨਾਲ ਹਮਲਾ: ਰੱਖਿਆ ਸੂਤਰ

    ਐਂਬੂਲੈਂਸ

    ਤਸਵੀਰ ਸਰੋਤ, ANI

    ਡੀਡੀ ਨਿਊਜ਼ ਦੀ ਖਬਰ ਮੁਤਾਬਕ ਰੱਖਿਆ ਸੂਤਰਾਂ ਅਨੁਸਾਰ ਪਾਕਿਸਤਾਨ ਨੇ ਜੰਮੂ ’ਤੇ ਡਰੋਨਜ਼ ਅਤੇ 8 ਮਿਜ਼ਾਇਲਾਂ ਨਾਲ ਹਮਲਾ ਕੀਤਾ ਹੈ ਪਰ ਭਾਰਤ ਨੇ ਇਸ ਹਮਲੇ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਹਮਲੇ ਵਿੱਚ ਹੋਏ ਨੁਕਸਾਨ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

    ਰੱਖਿਆ ਮੰਤਰਾਲੇ ਮੁਤਾਬਕ ਜੰਮੂ ਅਤੇ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ਦੇ ਨੇੜੇ ਜੰਮੂ, ਪਠਾਨਕੋਟ ਅਤੇ ਉਧਮਪੁਰ ਦੇ ਫੌਜ ਦੇ ਸਟੇਸ਼ਨਾਂ ਨੂੰ ਪਾਕਿਸਤਾਨ ਵੱਲੋਂ ਮਿਜ਼ਾਇਲਾਂ ਅਤੇ ਡਰੋਨ ਦੀ ਵਰਤੋਂ ਕਰਕੇ ਨਿਸ਼ਾਨਾ ਬਣਾਇਆ ਗਿਆ। ਕੋਈ ਨੁਕਸਾਨ ਨਹੀਂ ਹੋਇਆ ਹੈ। ਭਾਰਤੀ ਸੁਰੱਖਿਆ ਬਲਾਂ ਨੇ ਗਤੀਸ਼ੀਲ ਅਤੇ ਗੈਰ-ਗਤੀਸ਼ੀਲ ਤਰੀਕਿਆਂ ਨਾਲ ਹਮਲਿਆਂ ਨੂੰ ਨਾਕਾਮ ਕੀਤਾ।

  9. ਪੰਜਾਬ ਸਰਕਾਰ ਵੱਲੋਂ ਕੰਟਰੋਲ ਰੂਮ ਸਥਾਪਤ

    ਭਾਰਤ ਅਤੇ ਪਾਕਿਸਤਾਨ ਦੇ ਤਣਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

    ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿੱਤ ਕਮਿਸ਼ਨਰ ਮਾਲ ਦੇ ਆਫ਼ਤਨ ਪ੍ਰਬੰਧਨ ਕੰਟਰੋਲ ਰੂਮ ਵੱਲੋਂ ਲੋਕਾਂ ਦੀ ਸਹੂਲਤ ਲਈ ਫੋਨ ਨੰਬਰ 0172-2741803 ਤੇ 0172-2749901 ਜਾਰੀ ਕੀਤੇ ਗਏ ਹਨ।

    ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਉਕਤ ਨੰਬਰਾਂ ਉਤੇ ਸੰਪਰਕ ਕੀਤਾ ਜਾ ਸਕਦਾ ਹੈ।

  10. ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਵਿੱਚ ਵੱਜੇ ਸਾਇਰਨ, ਚੰਡੀਗੜ੍ਹ ’ਚ ਬਲੈਕਆਊਟ

    ਚੰਡੀਗੜ੍ਹ ਵਿੱਚ ਹਵਾਈ ਹਮਲੇ ਦੇ ਸਾਇਰਨ ਵਜਾਏ ਗਏ ਹਨ ਅਤੇ ਬਲੈਕਆਊਟ ਕੀਤਾ ਗਿਆ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਸਣੇ ਕਈ ਥਾਵਾਂ ’ਤੇ ਸਾਇਰਨ ਸੁਣਾਈ ਦਿੱਤੇ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਬਲੈਕਆਊਟ ਕੀਤਾ ਗਿਆ ਹੈ।

    ਮੋਹਾਲੀ ਪ੍ਰਸ਼ਾਸਨ ਮੁਤਾਬਕ ਅਗਲੇ ਕੁਝ ਘੰਟਿਆਂ ਤੱਕ ਅਸਥਾਈ ਤੌਰ ’ਤੇ ਬਲੈਕਆਊਟ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨੂੰ ਘਰੇਲੂ ਲਾਈਟਾਂ ਸਣੇ ਗਲੀ ਦੀਆਂ ਲਾਈਟਾਂ ਬੰਦ ਕਰਨ ਤੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।

    ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਇਰਨ ਦੀ ਅਵਾਜ਼ ਸੁਣਦੇ ਹੀ ਤੁਰੰਤ ਲਾਈਟਾਂ ਬੰਦ ਕਰ ਦੇਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਉਹ ਬਾਹਰ ਅਤੇ ਛੱਤਾਂ ਉਪਰ ਨਾ ਜਾਣ।

  11. ਜੰਮੂ ਹਵਾਈ ਅੱਡੇ ’ਤੇ ਧਮਾਕੇ ਦੀ ਖ਼ਬਰ: ਸੂਤਰ

    ਸਾਂਬਾ ਦਾ ਹਸਪਤਾਲ

    ਤਸਵੀਰ ਸਰੋਤ, ANI

    ਜੰਮੂ ਸ਼ਹਿਰ ਦੇ ਗੁੱਜਰ ਨਗਰ ਪੁਲ ’ਤੇ ਇੱਕ ਚਸ਼ਮਦੀਦ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਜੰਮੂ ਹਵਾਈ ਅੱਡੇ ਦੇ ਨੇੜੇ 16 ਵਸਤੂਆਂ ਨੂੰ ਡਿੱਗਦੇ ਹੋਏ ਦੇਖਿਆ।

    ਇਸ ਵਿਚਾਲੇ ਇੱਕ ਸੁਰੱਖਿਆ ਸੂਤਰ ਨੇ ਏਐੱਫਪੀ ਖਬਰ ਏਜੰਸੀ ਨੂੰ ਦੱਸਿਆ ਕਿ ਹਵਾਈ ਅੱਡੇ ’ਤੇ ਧਮਾਕੇ ਹੋਏ ਹਨ।

    ਚਸ਼ਮਦੀਦ ਨੇ ਬੀਬੀਸੀ ਨੂੰ ਦੱਸਿਆ ਕਿ ਬਾਜ਼ਾਰ ਬੰਦ ਹੋ ਗਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਭੱਜਦੇ ਹੋਏ ਦੇਖਿਆ, ਸਾਇਰਨ ਵੱਜੇ ਅਤੇ ਪੂਰੇ ਸ਼ਹਿਰ ਵਿੱਚ ਬਿਜਲੀ ਗੁੱਲ ਹੋ ਗਈ।

    ਬੀਬੀਸੀ ਪੱਤਰਕਾਰ ਦਿਵਿਆ ਆਰਿਆ ਮੁਤਾਬਕ ਲੋਕਾਂ ਨੇ ਜੰਮੂ ਦੀਆਂ ਕਈ ਥਾਵਾਂ ’ਤੇ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ ਹਨ ਅਤੇ ਪੂਰੇ ਸ਼ਹਿਰ ਵਿੱਚ ਬਿਜਲੀ ਗੁੱਲ ਹੈ।

    ਕਠੂਆ ਵਿੱਚ ਨਾਗਰਿਕਾਂ ਨੇ ਦੋ ਥਾਵਾਂ ’ਤੇ ਧਮਾਕੇ ਦੀ ਅਵਾਜ਼ ਸੁਣੀ ਹੈ ਅਤੇ ਇੱਥੇ ਵੀ ਬਿਜਲੀ ਕੱਟ ਦਿੱਤੀ ਗਈ ਹੈ। ਕਠੂਆ ਜੰਮੂ ਤੋਂ ਡੇਢ ਘੰਟੇ ਦੀ ਦੂਰੀ ’ਤੇ ਹੈ। ਇਸ ਸਮੇਂ ਦੋਵੇਂ ਸ਼ਹਿਰ ਪੂਰੀ ਤਰ੍ਹਾਂ ਨਾਲ ਬਲੈਕ ਆਊਟ ਹਨ।

  12. ਮਿਸਰੀ ਨੇ ਤਸਵੀਰ ਦਿਖਾ ਕੇ ਪੁੱਛਿਆ, ‘ਦਹਿਸ਼ਤਗਰਦਾਂ ਦੇ ਜਨਾਜ਼ੇ ਵਿੱਚ ਪਾਕਿਸਤਾਨੀ ਫੌਜ ਕੀ ਕਰ ਰਹੀ ਸੀ?’

    ਪਾਕਿਸਤਾਨੀ ਫੌਜ

    ਤਸਵੀਰ ਸਰੋਤ, MEA

    ਤਸਵੀਰ ਕੈਪਸ਼ਨ, ਅਮਰੀਕਾ ਵੱਲੋਂ ਐਲਾਨੇ ਅੱਤਵਾਦੀ ਅਤੇ ਲਸ਼ਕਰ-ਏ-ਤਾਇਬਾ ਕਮਾਂਡਰ ਹਾਫਿਜ ਅਬਦੁਲ ਰਊਫ ਨੇ ਭਾਰਤ ਦੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਲਈ ਜਨਾਜੇ ਦੀ ਨਮਾਜ਼ ਦੀ ਅਗਵਾਈ ਕੀਤੀ। (ਤਸਵੀਰ-ਭਾਰਤੀ ਵਿਦੇਸ਼ ਮੰਤਰਾਲਾ)

    ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਸ਼ਾਮ ਪ੍ਰੈੱਸ ਬ੍ਰੀਫਿੰਗ ਕੀਤੀ। ਇਸ ਦੌਰਾਨ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਵਿੱਚ ਭਾਰਤ ਦੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਵਿੱਚ ਫੌਜ ਦੀ ਮੌਜੂਦਗੀ ਦਾ ਇਲਜ਼ਾਮ ਲਗਾਉਂਦੇ ਹੋਏ ਸਵਾਲ ਚੁੱਕੇ ਹਨ।

    ਜਨਾਜ਼ੇ ਦੀ ਤਸਵੀਰ ਦਿਖਾਉਂਦੇ ਹੋਏ ਮਿਸਰੀ ਨੇ ਪੁੱਛਿਆ, “ਕੀ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਸਰਕਾਰੀ ਸਨਮਾਨ ਦਿੰਦਾ ਹੈ।”

    ਮਿਸਰੀ ਨੇ ਕਿਹਾ, “ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਦਹਿਸ਼ਤਗਰਦਾਂ ਦੇ ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਅਸੀਂ ਦੇਖੀਆਂ ਹਨ। ਜੇ ਕੇਵਲ ਆਮ ਨਾਗਰਿਕ ਮਾਰੇ ਗਏ ਸਨ ਤਾਂ ਮੈਨੂੰ ਨਹੀਂ ਪਤਾ ਕਿ ਅੰਤਿਮ ਸੰਸਕਾਰ ਦੀ ਤਸਵੀਰ ਕੀ ਸੰਦੇਸ਼ ਦਿੰਦੀ ਹੈ? ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ।”

    ਮਿਸਰੀ ਨੇ ਇੱਕ ਤਸਵੀਰ ਦਿਖਾਈ ਜਿਸ ਵਿੱਚ ਪਾਕਿਸਤਾਨੀ ਫੌਜ ਬਲਾਂ ਦੇ ਅਧਿਕਾਰੀ ਵੀ ਅੰਤਿਮ ਸੰਸਕਾਰ ਵਿੱਚ ਨਜ਼ਰ ਆ ਰਹੇ ਹਨ।

    ਉਨ੍ਹਾਂ ਕਿਹਾ, “ਇਹ ਦੇਖਣਾ ਵੀ ਅਜੀਬ ਸੀ ਕਿ ਇੱਕ ਆਮ ਨਾਗਰਿਕਾਂ ਦਾ ਅੰਤਿਮ ਸੰਸਕਾਰ ਪਾਕਿਸਤਾਨੀ ਝੰਡੇ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾ ਰਿਹਾ ਹੈ।”

    ਇਸ ਵਿਚਾਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਰਾਇਟਰਜ਼ ਨਾਲ ਗੱਲਬਾਤ ਵਿੱਚ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਦਫ਼ਤਰਾਂ ਵਿਚਾਲੇ ਸੰਪਰਕ ਹੋਇਆ ਹੈ।

    ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੌਟਲਾਈਨ ਕੰਮ ਕਰ ਰਹੀ ਹੈ।

    ਇਸ ਬਾਰੇ ਵਿੱਚ ਜਦੋਂ ਦਿੱਲੀ ’ਚ ਪ੍ਰੈੱਸ ਬ੍ਰੀਫਿੰਗ ਕਰ ਰਹੇ ਭਾਰਤ ਦੇ ਵਿਦੇਸ਼ ਸਕੱਤਰ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।

    ਮਿਸਰੀ ਨੇ ਕਿਹਾ, “ਇਸ ਬਾਰੇ ਵਿੱਚ ਮੈਨੂੰ ਕੋਈ ਜਾਣਕਾਰੀ ਨਹੀਂ ਹੈ।”

  13. ਤਣਾਅ ਵਿਚਾਲੇ ਪਾਕਿਸਤਾਨ ਦਾ ਸ਼ੇਅਰ ਬਾਜ਼ਾਰ 6 ਫ਼ੀਸਦ ਡਿੱਗਿਆ, ਭਾਰਤੀ ਬਾਜ਼ਾਰਾਂ ਵਿੱਚ ਵੀ ਗਿਰਾਵਟ

    ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵਧਦੇ ਤਣਾਅ ਵਿਚਾਲੇ ਵੀਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ।

    ਭਾਰਤ ਦੇ ਪ੍ਰਮੁਖ ਸਟਾਕ ਐਕਸਚੇਂਜ ਇੰਡੈਕਸ ਸੇਂਸੇਕਸ ਅਤੇ ਨਿਫਟੀ ਵਿੱਚ ਲਗਭਗ ਅੱਧੇ ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ। ਉਥੇ ਹੀ ਪਾਕਿਸਤਾਨ ਦੇ ਕਰਾਚੀ ਸਟਾਕ ਐਕਸਚੇਂਜ ਵਿੱਚ ਨਿਵੇਸ਼ਕਾਂ ਵਿੱਚ ਘਬਰਾਹਟ ਦੇਖੀ ਗਈ ਅਤੇ ਵਿਕਰੀ ਦਾ ਬੋਲਬਾਲਾ ਰਿਹਾ।

    ਕਾਰੋਬਾਰੀ ਸੈਸ਼ਨ ਦੌਰਾਨ ਟਰੇਡਿੰਗ ਰੋਕਣੀ ਪਈ ਕਿਉਂਕਿ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ।

    ਇਸ ਦਾ ਬੈਂਚਮਾਰਕ ਇੰਡੈਕਸ KSE100 ਟਰੇਡਿੰਗ ਵਿੱਚ 6 ਫ਼ੀਸਦ ਤੋਂ ਵੱਧ ਡਿੱਗ ਗਿਆ। ਮੁਦਰਾ ਬਾਜ਼ਾਰ ਵਿੱਚ ਵੀ ਘਬਰਾਹਟ ਸਾਫ ਦੇਖੀ ਗਈ ਹੈ।

    ਜਿੱਥੇ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਇੱਕ ਫ਼ੀਸਦ ਤੋਂ ਵੱਧ ਖਿਸਕ ਗਿਆ ਹੈ, ਉਥੇ ਹੀ ਪਾਕਿਸਤਾਨੀ ਰੁਪਏ ਵਿੱਚ ਵੀ ਗਿਰਾਵਟ ਰਹੀ। ਨਿਵੇਸ਼ਕਾਂ ਵਿੱਚ ਚਿੰਤਾ ਵਧ ਗਈ ਹੈ ਕਿਉਂਕਿ ਦੋਵੇਂ ਦੇਸ਼ਾਂ ਨੇ ਵੀਰਵਾਰ ਨੂੰ ਇੱਕ-ਦੂਜੇ ’ਤੇ ਡਰੋਨ ਹਮਲਿਆਂ ਦਾ ਇਲਜ਼ਾਮ ਲਗਾਇਆ ਹੈ।

    ਬੁੱਧਵਾਰ ਨੂੰ ਭਾਰਤ ਨੇ ਦੱਸਿਆ ਸੀ ਕਿ ਉਸ ਨੇ ਮੰਗਲਵਾਰ ਦੀ ਰਾਤ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ ਹਨ।

    ਸ਼ੇਅਰ ਬਾਜ਼ਾਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਅਤੇ ਪਾਕਿਸਤਾਨ ਦੇ ਸ਼ੇਅਰ ਬਾਜ਼ਾਰਾਂ ’ਚ ਵੀਰਵਾਰ ਨੂੰ ਗਿਰਾਵਟ ਦਾ ਰੁਖ਼ ਰਿਹਾ। (ਫਾਈਲ ਫੋਟੋ)
  14. ਪਾਕਿਸਤਾਨ ਨੇ ਸਰਹੱਦ ’ਤੇ ਗੋਲਾਬਾਰੀ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ: ਮਿਸਰੀ

    ਵਿਕਰਮ ਮਿਸਰੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ਉਪਰ ਹੈ।

    ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਪੁੰਛ ਸੈਕਟਰ ਵਿੱਚ ਸਰਹੱਦ ’ਤੇ ਗੋਲਾਬਾਰੀ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ।

    ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਗੋਲਾਬਾਰੀ ਵਿੱਚ ਇੱਕ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਸਿੱਖ ਭਾਈਚਾਰੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਪਹਿਲਗਾਮ ਹਮਲੇ ਦੇ ਲਈ ਭਾਰਤ ਦਿ ਰੇਸਿਸਟੈਂਸ ਫਰੰਟ ਯਾਨੀ ਟੀਆਰਐੱਫ ਨੂੰ ਜ਼ਿੰਮੇਦਾਰ ਮੰਨਦਾ ਹੈ।

    ਰਾਜਧਾਨੀ ਦਿੱਲੀ ਵਿੱਚ ਪ੍ਰੈੱਸ ਬ੍ਰੀਫਿੰਗ ਵਿੱਚ ਮਿਸਰੀ ਨੇ ਕਿਹਾ ਕਿ ਟੀਆਰਐੱਫ ਪਾਕਿਸਤਾਨ ਸਥਿਤ ਕੱਟੜਪੰਥੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਫਰੰਟ ਹੈ। ਲਸ਼ਕਰ-ਏ-ਤਾਇਬਾ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਸੰਗਠਨ ਹੈ।

    ਪਾਕਿਸਤਾਨ ਨੇ ਕਿਸੇ ਵੀ ਗਰੁੱਪ ਨੂੰ ਭਾਰਤ ਦੇ ਖ਼ਿਲਾਫ਼ ਆਪਣੀ ਜ਼ਮੀਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਮਿਸਰੀ ਨੇ ਪਾਕਿਸਤਾਨ ਦੇ ਉਸ ਦਾਅਵੇ ਨੂੰ ‘ਸਾਫ ਝੂਠ’ ਕਰਾਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਹਵਾਈ ਹਮਲੇ ਨਾਲ ਨੀਲਮ-ਜੇਹਲਮ ਡੈਮ ਨੂੰ ਨੁਕਸਾਨ ਪਹੁੰਚਿਆ ਹੈ।

    ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਸਿਰਫ ‘ਦਹਿਸ਼ਤਗਰਦਾਂ ਦੇ ਢਾਂਚੇ’ ਨੂੰ ਨਿਸ਼ਾਨਾ ਬਣਾਇਆ ਹੈ।

    ਮਿਸਰੀ ਨੇ ਕਿਹਾ, “ਅਸੀਂ ਤਣਾਅ ਨੂੰ ਵਧਾਉਣਾ ਨਹੀਂ ਚਾਹੰਦੇ, ਇਹ ਜੋ ਸਿਲਸਿਲਾ 22 ਅਪ੍ਰੈਲ ਦੇ ਪਹਿਲਗਾਮ ਦੇ ਹਮਲੇ ਤੋਂ ਸ਼ੁਰੂ ਹੋਇਆ ਹੈ ਅਤੇ ਉਸ ਉਕਸਾਉਣ ਵਾਲੀ ਕਾਰਵਾਈ ਦਾ ਜਵਾਬ ਭਾਰਤ ਨੇ ਕੱਲ੍ਹ (ਮੰਗਲਵਾਰ ਰਾਤ) ਦਿੱਤਾ ਹੈ।”

  15. ਅੰਮ੍ਰਿਤਸਰ ਵਿੱਚ 11 ਮਈ ਅਤੇ ਲੁਧਿਆਣਾ ’ਚ 10 ਤੱਕ ਬੰਦ ਰਹਿਣਗੇ ਵਿਦਿਅਕ ਅਦਾਰੇ

    ਸਕੂਲ ਬੰਦ ਰੱਖਣ ਦੇ ਆਦੇਸ਼

    ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 11 ਮਈ ਤੱਕ ਵਿਦਿਅਕ ਅਦਾਰੇ ਬੰਦ ਰਹਿਣਗੇ।

    ਪ੍ਰਸ਼ਾਸਨ ਨੇ ਬਿਆਨ ਵਿੱਚ ਕਿਹਾ, “ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਕਟਕਾਲ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ 1968 ਅਧੀਨ ਮੌਕ ਡਰਿੱਲ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਸੰਕਟਕਾਲ ਸਥਿਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਆਉਂਦੇ ਸਮੂਹ ਵਿਦਿਅਕ ਅਦਾਰੇ 11 ਮਈ 2025 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।”

    ਇਸ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਵਿੱਚ ਵੀ 9 ਅਤੇ 10 ਮਈ ਨੂੰ ਸਕੂਲ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

  16. ਅਮਰੀਕਾ ਨੇ ਲਾਹੌਰ ’ਚ ਆਪਣੇ ਮੁਲਾਜ਼ਮਾਂ ਨੂੰ ‘ਸੁਰੱਖਿਅਤ ਥਾਵਾਂ’ ’ਤੇ ਜਾਣ ਦੇ ਦਿੱਤੇ ਨਿਰਦੇਸ਼

    ਅਮਰੀਕੀ ਦੂਤਾਵਾਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਸਲਾਮਾਬਾਦ ਸਥਿਤ ਅਮਰੀਕੀ ਦੂਤਾਵਾਸ (ਫਾਇਲ ਫੋਟੋ)

    ਪਾਕਿਸਤਾਨ ਵਿੱਚ ਅਮਰੀਕੀ ਦੂਤਾਵਾਸ ਨੇ ਆਪਣੇ ਕਰਮਚਾਰੀਆਂ ਨੂੰ 'ਸੁਰੱਖਿਅਤ ਥਾਂ' 'ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ।

    ਪਾਕਿਸਤਾਨ ਦੇ ਲਾਹੌਰ ਵਿੱਚ ਅਮਰੀਕੀ ਦੂਤਾਵਾਸ ਨੇ ਲਾਹੌਰ ਅਤੇ ਇਸ ਦੇ ਉਪਨਗਰਾਂ ਦੇ ਹਵਾਈ ਖੇਤਰ ਵਿੱਚ "ਡਰੋਨ ਧਮਾਕੇ" ਅਤੇ ਭਾਰਤ ਦੁਆਰਾ "ਸੰਭਾਵੀ ਹਵਾਈ ਖੇਤਰ ਵਿੱਚ ਘੁਸਪੈਠ" ਦੇ ਮੱਦੇਨਜ਼ਰ ਆਪਣੇ ਸਟਾਫ ਨੂੰ ਸੁਰੱਖਿਅਤ ਸਥਾਨ ’ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ।

    ਕੌਂਸਲੇਟ ਦੀ ਵੈੱਬਸਾਈਟ 'ਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਦੂਤਾਵਾਸ ਨੂੰ ਇਹ ਵੀ ਮੁੱਢਲੀਆਂ ਰਿਪੋਰਟਾਂ ਮਿਲੀਆਂ ਹਨ ਕਿ ਪਾਕਿਸਤਾਨੀ ਅਧਿਕਾਰੀ ਲਾਹੌਰ ਦੇ ਮੁੱਖ ਹਵਾਈ ਅੱਡੇ ਦੇ ਨੇੜੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਸਕਦੇ ਹਨ।"

    ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ ਸੁਝਾਅ ਦਿੱਤਾ ਹੈ ਕਿ, “ਜੋ ਅਮਰੀਕੀ ਨਾਗਰਿਕ ਇਨ੍ਹਾਂ ਖੇਤਰਾਂ ਵਿੱਚ ਹਨ, ਉਨ੍ਹਾਂ ਨੂੰ ਜੇ ਸੰਭਵ ਹੋਵੇ ਤਾਂ ਉਥੋਂ ਨਿਕਲ ਕੇ ਸੁਰੱਖਿਅਤ ਸਥਾਨਾਂ ਉਪਰ ਚਲੇ ਜਾਣਾ ਚਾਹੀਦਾ।”

    ਅਮਰੀਕੀ ਨਾਗਰਿਕਾਂ ਨੂੰ ਕੀ ਕਿਹਾ ਗਿਆ

    • ਸੁਰੱਖਿਅਤ ਥਾਵਾਂ ਉਪਰ ਚਲੇ ਜਾਓ
    • ਜੋ ਅਮਰੀਕੀ ਸਹਾਇਤਾ ਉਪਰ ਨਿਰਭਰ ਨਹੀਂ ਹੈ, ਉਨ੍ਹਾਂ ਕੋਲ ਉਥੋਂ (ਪਾਕਿਸਤਾਨ) ਨਿਕਲਣ ਦੀ ਯੋਜਨਾ ਹੋਵੇ
    • ਟਰੈਵਲ ਦਸਤਾਵੇਜ਼ ਤਿਆਰ ਰੱਖੋ
    • ਆਪਣੇ ਜ਼ਰੂਰੀ ਪਛਾਣ ਪੱਤਰ ਰੱਖੋ ਅਤੇ ਅਧਿਕਾਰੀਆਂ ਨਾਲ ਸਹਿਯੋਗ ਕਰੋ
  17. ਪਾਕਿਸਤਾਨ ਵਿੱਚ ਚਾਰ ਹਵਾਈ ਅੱਡਿਆਂ ’ਤੇ ਫਲਾਇਟਾਂ ਰੱਦ, ਕੀ ਕਾਰਨ ਦੱਸਿਆ?

    ਪਾਕਿਸਤਾਨ ਦਾ ਹਵਾਈ ਅੱਡਾ

    ਤਸਵੀਰ ਸਰੋਤ, AFP

    ਪਾਕਿਸਤਾਨ ਦੀ ਏਅਰਪੋਰਟ ਅਥਾਰਿਟੀ ਨੇ ਕਿਹਾ ਕਿ ਵੀਰਵਾਰ ਦੇ ਸਵੇਰ ‘ਆਪਰੇਸ਼ਨਲ ਕਾਰਨਾਂ’ ਦੇ ਚਲਦੇ ਚਾਰ ਹਵਾਈ ਅੱਡਿਆਂ ’ਤੇ ਸਾਰੀਆਂ ਉਡਾਣਾਂ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

    ਪਾਕਿਸਤਾਨੀ ਏਅਰਪੋਰਟ ਅਥਾਰਿਟੀ ਦੇ ਮੁਤਾਬਕ ਇਸਲਾਮਾਬਾਦ, ਕਰਾਚੀ, ਲਾਹੌਰ ਅਤੇ ਸਿਆਲਕੋਟ ਦੇ ਹਵਾਈ ਅੱਡਿਆਂ ’ਤੇ ਸਾਰੇ ਫਲਾਇਟ ਆਪਰੇਸ਼ਨ ਕੁਝ ਸਮੇਂ ਦੇ ਲਈ ਰੋਕ ਦਿੱਤੇ ਗਏ ਹਨ।

    ਇਹ ਕਦਮ ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ’ਤੇ ਹਵਾਈ ਹਮਲੇ ਕਰਨ ਤੋਂ ਇੱਕ ਦਿਨ ਬਾਅਦ ਚੁੱਕਿਆ ਗਿਆ ਹੈ।

    ਬੁੱਧਵਾਰ ਨੂੰ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਕਈ ਹਵਾਈ ਅੱਡਿਆਂ ਨੂੰ ਬੰਦ ਕਰਨ ਦੀਆਂ ਖਬਰਾਂ ਆਈਆਂ ਸਨ। ਪਰ ਪਾਕਿਸਤਾਨ ਦੇ ਏਅਰਪੋਰਟ ਰੇਗੁਲੇਟਰ ਨੇ ਬਾਅਦ ਵਿੱਚ ਕਿਹਾ ਸੀ ਕਿ ਪਾਕਿਸਤਾਨ ਦਾ ਹਵਾਈ ਖੇਤਰ ਖੁੱਲ੍ਹਾ ਹੈ ਅਤੇ ‘ਸ਼ਹਿਰੀ ਹਵਾਬਾਜ਼ੀ ਗਤੀਵਿਧੀਆਂ ਲਈ ਸੁਰੱਖਿਅਤ ਹੈ।’

  18. ਭਾਰਤ ਨੇ ਲਾਹੌਰ ਦੇ ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰਨ ਦਾ ਕੀਤਾ ਦਾਅਵਾ, ਪਾਕਿਸਤਾਨ ਨੇ 25 ਭਾਰਤੀ ਡਰੋਨ ਡੇਗਣ ਦੀ ਗੱਲ ਆਖੀ

    ਭਾਰਤ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਬੁੱਧਵਾਰ ਰਾਤ ਨੂੰ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਇਲਾਂ ਦੀ ਵਰਤੋਂ ਕਰਕੇ ਭਾਰਤ ਦੇ ਕਈ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।

    ਉਧਰ ਪਾਕਿਸਤਾਨ ਨੇ ਵੀ ਭਾਰਤ ’ਤੇ ਅਜਿਹਾ ਹੀ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਭਾਰਤ ਦੇ 25 ਡਰੋਨ ਮਾਰ ਸੁੱਟੇ ਹਨ। ਬੀਬੀਸੀ ਦੋਵੇਂ ਦੇਸ਼ਾਂ ਦੇ ਕਿਸੇ ਵੀ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕਰਦਾ।

    ਭਾਰਤ ਦੇ ਰੱਖਿਆ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਤਸਾਨ ਨੇ ਡਰੋਨਜ਼ ਦੇ ਰਾਹੀਂ ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੌਦੀ, ਉਤਰਲਾਈ ਅਤੇ ਭੁਜ ਸਣੇ ਉੱਤਰੀ ਅਤੇ ਪੱਛਮੀ ਭਾਰਤ ਦੇ ਕਈ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।

    ਭਾਰਤ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਨ੍ਹਾਂ ਹਮਲਿਆਂ ਨੂੰ ਏਕੀਕ੍ਰਿਤ ਕਾਊਂਟਰ ਯੂਏਐੱਸ ਗਰਿੱਡ ਅਤੇ ਏਅਰ ਡਿਫੈਂਸ ਸਿਸਟਮ ਨੇ ਬੇਅਸਰ ਕਰ ਦਿੱਤਾ। ਭਾਰਤ ਦੇ ਰੱਖਿਆ ਮੰਤਰਾਲਾ ਦੇ ਬਿਆਨ ਵਿੱਚ ਕਿਹਾ ਗਿਆ ਕਿ ਪਾਕਿਸਤਾਨੀ ਡਰੋਨਾਂ ਦੇ ਮਲਬੇ ਹੁਣ ਕਈ ਸਥਾਨਾਂ ਤੋਂ ਬਰਾਮਦ ਕੀਤੇ ਜਾ ਰਹੇ ਹਨ, ਜੋ ਇਸ ਗੱਲ ਨੂੰ ਸਾਬਿਤ ਕਰਦੇ ਹਨ ਕਿ ਪਾਕਿਸਤਾਨ ਨੇ ਹਮਲਾ ਕੀਤਾ ਸੀ।

    ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਵੀ ਪਾਕਿਸਤਾਨ ਨੂੰ ਉਸੇ ਤੀਬਰਤਾ ਨਾਲ ਜਵਾਬ ਦਿੱਤਾ ਹੈ। ਭਾਰਤ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਹਥਿਆਰਬੰਦ ਬਲਾਂ ਨੇ ਵੀਰਵਾਰ ਸਵੇਰ ਪਾਕਿਸਤਾਨ ਵਿੱਚ ਕਈ ਸਥਾਨਾਂ ’ਤੇ ਏਅਰ ਡਿਫੈਂਸ ਰਡਾਰ ਅਤੇ ਸਿਸਟਮ ਨੂੰ ਨਿਸ਼ਾਨਾ ਬਣਾਇਆ।

    ਮੰਤਰਾਲੇ ਨੇ ਦਾਅਵਾ ਕੀਤਾ, “ਭਰੋਸੇਯੋਗ ਜਾਣਕਾਰੀ ਅਨੁਸਾਰ ਲਾਹੌਰ ਦੇ ਇੱਕ ਏਅਰ ਡਿਫੈਂਸ ਸਿਸਟਮ ਨੂੰ ਨਸ਼ਟ ਕੀਤਾ ਗਿਆ ਹੈ।” ਭਾਰਤ ਨੇ 7 ਮਈ ਨੂੰ ‘ਆਪਰੇਸ਼ਨ ਸਿੰਦੂਰ’ ’ਤੇ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਸੀ ਕਿ ਪਾਕਿਸਤਾਨੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।

    ਇਹ ਵੀ ਦੁਹਰਾਇਆ ਗਿਆ ਕਿ ਭਾਰਤੀ ਫੌਜ ਦੇ ਟਿਕਾਣਿਆਂ ’ਤੇ ਕਿਸੇ ਵੀ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਭਾਰਤ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਊਰੀ, ਪੁੰਛ, ਮੇਂਢਰ ਅਤੇ ਰਾਜੌਰੀ ਸੈਕਟਰਾਂ ਵਿੱਚ ਮੋਰਟਾਰ ਅਤੇ ਭਾਰੀ ਤੋਪਾਂ ਦਾ ਇਸਤੇਮਾਲ ਕਰਦੇ ਹੋਏ ਕੰਟਰੋਲ ਰੇਖਾ ’ਤੇ ‘ਬਿਨਾਂ ਉਕਸਾਏ’ ਗੋਲੀਬਾਰੀ ਕੀਤੀ ਹੈ। ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨੀ ਗੋਲੀਬਾਰੀ ਵਿੱਚ ਤਿੰਨ ਔਰਤਾਂ ਅਤੇ ਪੰਜ ਬੱਚਿਆਂ ਸਣੇ 16 ‘ਬੇਕਸੂਰ’ ਲੋਕਾਂ ਦੀ ਜਾਨ ਚਲੀ ਗਈ ਹੈ।

    ਉਧਰ, ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਦੇ 25 ਡਰੋਨਜ਼ ਨੂੰ ਮਾਰ ਸੁੱਟਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਡਰੋਨ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੁੱਟੇ ਗਏ ਹਨ। ਪਾਕਿਸਤਾਨ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਅੱਜ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ 7 ਮਈ ਦੀ ਰਾਤ ਤੋਂ ਹੀ “ਡਰੋਨ ਦੀ ਮਦਦ ਨਾਲ ਘੁਸਪੈਠ ਦੀ ਕੋਸ਼ਿਸ਼” ਕਰ ਰਿਹਾ ਹੈ।

    ਜਨਰਲ ਚੌਧਰੀ ਨੇ ਕਿਹਾ ਕਿ ਫੌਜ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਡਰੋਨਜ਼ ਲਾਹੌਰ, ਗੁਜਰਾਂਵਾਲਾ, ਚਕਵਾਲ, ਅਟਕ, ਰਾਵਲਪਿੰਡੀ, ਮਿਆਂਵਾਲੀ ਅਤੇ ਕਰਾਚੀ ਵਿੱਚ ਤਬਾਹ ਕੀਤੇ ਗਏ ਹਨ। ਪਾਕਿਸਤਾਨੀ ਬੁਲਾਰੇ ਦੇ ਇਸ ਬਿਆਨ ’ਤੇ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਬੀਬੀਸੀ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰ ਸਕਿਆ ਹੈ।

    ਰਾਜਨਾਥ ਸਿੰਘ

    ਤਸਵੀਰ ਸਰੋਤ, Getty Images

  19. ਅੱਜ ਧਰਮਸ਼ਾਲਾ ਵਿੱਚ ਹੋਣ ਵਾਲੇ ਪੰਜਾਬ ਅਤੇ ਦਿੱਲੀ ਦੇ ਮੈਚ ਦਾ ਕੀ ਹੋਵੇਗਾ

    ਜਾਬ ਕਿੰਗਜ਼

    ਤਸਵੀਰ ਸਰੋਤ, Getty Images

    ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਚੇਅਰਮੈਨ ਅਰੁਣ ਧੂਮਲ ਦੇ ਅਨੁਸਾਰ, ਅੱਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਹੋਣ ਵਾਲਾ ਮੈਚ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ।

    ਅੱਜ, ਭਾਵ 8 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਇੱਕ ਮੈਚ ਹੋਣਾ ਹੈ।

    ਮੈਚ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਸੀ, ਕਿਉਂਕਿ ਕੱਲ੍ਹ ਪਾਕਿਸਤਾਨ 'ਤੇ ਭਾਰਤ ਦੇ ਹਮਲੇ ਤੋਂ ਬਾਅਦ ਕਈ ਭਾਰਤੀ ਹਵਾਈ ਅੱਡਿਆਂ 'ਤੇ ਕਮਰਸ਼ੀਅਲ ਉਡਾਣਾਂ ਦਾ ਸੰਚਾਲਨ ਮੁਅੱਤਲ ਕਰ ਦਿੱਤਾ ਗਿਆ ਸੀ।

    ਧਰਮਸ਼ਾਲਾ ਹਵਾਈ ਅੱਡਾ ਵੀ ਉਨ੍ਹਾਂ ਹਵਾਈ ਅੱਡਿਆਂ ਵਿੱਚੋਂ ਇੱਕ ਹੈ। ਇੰਡੀਗੋ ਅਤੇ ਸਪਾਈਸਜੈੱਟ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ।

    ਆਈਪੀਐਲ ਦੇ ਚੇਅਰਮੈਨ ਅਰੁਣ ਧੂਮਲ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਮੈਚ ਤੈਅ ਸਮੇਂ ਤੇ ਸਥਾਨ ਅਨੁਸਾਰ ਹੀ ਹੋਵੇਗਾ।

    ਇਸ ਤੋਂ ਇਲਾਵਾ, 11 ਮਈ ਨੂੰ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਵੀ ਇੱਕ ਮੈਚ ਹੋਣਾ ਹੈ। ਇਸ ਮੈਚ ਬਾਰੇ ਧੂਮਲ ਨੇ ਕਿਹਾ, "ਜਿੱਥੋਂ ਤੱਕ ਪੰਜਾਬ ਬਨਾਮ ਮੁੰਬਈ ਇੰਡੀਅਨਜ਼ ਮੈਚ (11 ਮਈ ਨੂੰ) ਦਾ ਸਵਾਲ ਹੈ, ਇਹ ਅਜੇ ਦੂਰ ਹੈ।"

    ਧੂਮਲ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕੋਈ ਸਲਾਹ ਦਿੱਤੀ ਜਾਂਦੀ ਹੈ, ਤਾਂ ਉਸੇ ਅਨੁਸਾਰ ਹੀ ਅੱਗੇ ਦਾ ਫੈਸਲਾ ਲਿਆ ਜਾਵੇਗਾ।

  20. 'ਭਾਰਤ ਖ਼ਿਲਾਫ਼ ਫੌਜ ਕਾਰਵਾਈ ਕੀਤੀ ਤਾਂ ਸਖ਼ਤ ਜਵਾਬ ਦੇਵਾਂਗੇ': ਐੱਸ ਜੈਸ਼ੰਕਰ

    ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਫੌਜ ਕਾਰਵਾਈ ਕੀਤੀ ਤਾਂ ਇਸ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਜੈਸ਼ੰਕਰ ਨੇ ਇਹ ਬਿਆਨ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਦੇ ਨਾਲ ਬੈਠਕ ਦੌਰਾਨ ਦਿੱਤਾ।

    ਅਰਾਗਚੀ ਭਾਰਤ-ਈਰਾਨ ਮੈਤਰੀ ਸੰਧੀ ਦੀ 75ਵੀਂ ਵਰੇਗੰਢ ’ਤੇ ਦੁਵੱਲੇ ਸਹਿਯੋਗ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਦੌਰੇ ’ਤੇ ਹਨ। ਜੈਸ਼ੰਕਰ ਨੇ X 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

    ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਨੂੰ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, “ਇਸ ਹਮਲੇ ਨੇ ਸਾਨੂੰ ਸਰਹੱਦ ਪਾਰ ਹਮਲਾ ਕਰਨ ਲਈ ਮਜਬੂਰ ਕੀਤਾ।"

    ਜੈਸ਼ੰਕਰ ਨੇ ਕਿਹਾ, “ਅਸੀਂ ਤਣਾਅ ਵਧਾਉਣਾ ਨਹੀਂ ਚਾਹੁੰਦੇ ਪਰ ਜੇ ਸਾਡੇ ਖ਼ਿਲਾਫ਼ ਫੌਜ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਬਹੁਤ ਮਜ਼ਬੂਤੀ ਨਾਲ ਇਸ ਦਾ ਜਵਾਬ ਦੇਵਾਂਗੇ।”

    ਐੱਸ ਜੈਸ਼ੰਕਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ