ਕੇਂਦਰ ਨੇ ਅੱਜ ਆਲ ਪਾਰਟੀ ਮੀਟਿੰਗ ਦਾ ਸੱਦਾ
ਦਿੱਤਾ ਸੀ, ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ
ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ਨੂੰ
ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਹੋਈ ਅਤੇ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।
ਮੀਟਿੰਗ ਤੋਂ ਬਾਅਦ, ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਰਾਜ ਸਭਾ ਮੈਂਬਰ ਮਲਿਕਾਰਜੁਨ
ਖੜਗੇ ਨੇ ਕਿਹਾ, "ਮੀਟਿੰਗ ਵਿੱਚ ਜੋ ਉਨ੍ਹਾਂ ਨੇ ਕਿਹਾ,
ਉਹ ਅਸੀਂ ਸੁਣਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਿਤ ਵਿੱਚ ਕੋਈ ਜਾਣਕਾਰੀ ਗੁਪਤ
ਹੈ, ਉਹ ਅਸੀਂ ਨਹੀਂ ਦੱਸ ਸਕਦੇ।''
ਉਨ੍ਹਾਂ ਕਿਹਾ ਕਿ ''ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਸੰਕਟ ਦੀ ਘੜੀ ਵਿੱਚ ਅਸੀਂ ਸਰਕਾਰ
ਦੇ ਨਾਲ ਹਾਂ।''
ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਖੁਦ
ਮੌਜੂਦ ਨਹੀਂ ਸਨ, ਇਸ ਸਵਾਲ 'ਤੇ
ਖੜਗੇ ਨੇ ਕਿਹਾ ਕਿ ''ਇਸ ਸੰਕਟ ਦੇ ਸਮੇਂ ਅਸੀਂ ਕਿਸੇ ਦੀ ਆਲੋਚਨਾ
ਨਹੀਂ ਕਰਨਾ ਚਾਹੁੰਦੇ। ਉਹ ਗੱਲ ਬਾਅਦ 'ਚੋਂ ਕਰਾਂਗੇ। ਫਿਲਹਾਲ ਅਸੀਂ ਸਰਕਾਰ ਦੇ ਨਾਲ
ਹਾਂ।''
ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, "ਮੈਂ ''ਆਪ੍ਰੇਸ਼ਨ ਸਿੰਦੂਰ'' ਨੂੰ ਅੰਜਾਮ ਦੇਣ ਲਈ ਆਪਣੀਆਂ ਹਥਿਆਰਬੰਦ ਸੈਨਾਵਾਂ ਅਤੇ ਸਰਕਾਰ ਦੀ ਸ਼ਲਾਘਾ ਕੀਤੀ ਹੈ।''
''ਮੈਂ ਇਹ ਵੀ ਸੁਝਾਅ ਦਿੱਤਾ ਕਿ ਸਾਨੂੰ ਟੀਆਰਐਫ ਵਿਰੁੱਧ ਇੱਕ ਵਿਸ਼ਵਵਿਆਪੀ ਮੁਹਿੰਮ ਚਲਾਉਣੀ ਚਾਹੀਦੀ ਹੈ। ਮੈਂ ਇਹ ਵੀ ਸੁਝਾਅ ਦਿੱਤਾ ਕਿ ਸਰਕਾਰ ਨੂੰ ਅਮਰੀਕਾ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਇਸਨੂੰ (ਟੀਆਰਐਫ) ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ।''
ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਨੇ ਮੀਟਿੰਗ ਬਾਰੇ ਦੱਸਦਿਆਂ ਕਿਹਾ ਕਿ ਰੱਖਿਆ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਬਾਰੇ, ਹਾਲਾਤਾਂ ਬਾਰੇ ਅਤੇ ਸਰਕਾਰ ਦੇ ਉਦੇਸ਼..ਸਾਰੀਆਂ ਚੀਜ਼ਾਂ ਬਾਰੇ ਆਗੂਆਂ ਨੂੰ ਦੱਸਿਆ।
ਉਨ੍ਹਾਂ ਕਿਹਾ, ''ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਰਕਾਰ ਨੂੰ ਆਪਣਾ ਸਹਿਯੋਗ ਦੇਣ ਦੀ ਗੱਲ ਕਹੀ ਹੈ।''