ਭਾਰਤ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਬੁੱਧਵਾਰ ਰਾਤ ਨੂੰ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਇਲਾਂ ਦੀ ਵਰਤੋਂ ਕਰਕੇ ਭਾਰਤ ਦੇ ਕਈ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।
ਉਧਰ ਪਾਕਿਸਤਾਨ ਨੇ ਵੀ ਭਾਰਤ ’ਤੇ ਅਜਿਹਾ ਹੀ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਭਾਰਤ ਦੇ 25 ਡਰੋਨ ਮਾਰ ਸੁੱਟੇ ਹਨ।
ਬੀਬੀਸੀ ਦੋਵੇਂ ਦੇਸ਼ਾਂ ਦੇ ਕਿਸੇ ਵੀ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕਰਦਾ।
ਭਾਰਤ ਦੇ ਰੱਖਿਆ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਤਸਾਨ ਨੇ ਡਰੋਨਜ਼ ਦੇ ਰਾਹੀਂ ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੌਦੀ, ਉਤਰਲਾਈ ਅਤੇ ਭੁਜ ਸਣੇ ਉੱਤਰੀ ਅਤੇ ਪੱਛਮੀ ਭਾਰਤ ਦੇ ਕਈ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਭਾਰਤ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਨ੍ਹਾਂ ਹਮਲਿਆਂ ਨੂੰ ਏਕੀਕ੍ਰਿਤ ਕਾਊਂਟਰ ਯੂਏਐੱਸ ਗਰਿੱਡ ਅਤੇ ਏਅਰ ਡਿਫੈਂਸ ਸਿਸਟਮ ਨੇ ਬੇਅਸਰ ਕਰ ਦਿੱਤਾ।
ਭਾਰਤ ਦੇ ਰੱਖਿਆ ਮੰਤਰਾਲਾ ਦੇ ਬਿਆਨ ਵਿੱਚ ਕਿਹਾ ਗਿਆ ਕਿ ਪਾਕਿਸਤਾਨੀ ਡਰੋਨਾਂ ਦੇ ਮਲਬੇ ਹੁਣ ਕਈ ਸਥਾਨਾਂ ਤੋਂ ਬਰਾਮਦ ਕੀਤੇ ਜਾ ਰਹੇ ਹਨ, ਜੋ ਇਸ ਗੱਲ ਨੂੰ ਸਾਬਿਤ ਕਰਦੇ ਹਨ ਕਿ ਪਾਕਿਸਤਾਨ ਨੇ ਹਮਲਾ ਕੀਤਾ ਸੀ।
ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਵੀ ਪਾਕਿਸਤਾਨ ਨੂੰ ਉਸੇ ਤੀਬਰਤਾ ਨਾਲ ਜਵਾਬ ਦਿੱਤਾ ਹੈ।
ਭਾਰਤ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਹਥਿਆਰਬੰਦ ਬਲਾਂ ਨੇ ਵੀਰਵਾਰ ਸਵੇਰ ਪਾਕਿਸਤਾਨ ਵਿੱਚ ਕਈ ਸਥਾਨਾਂ ’ਤੇ ਏਅਰ ਡਿਫੈਂਸ ਰਡਾਰ ਅਤੇ ਸਿਸਟਮ ਨੂੰ ਨਿਸ਼ਾਨਾ ਬਣਾਇਆ।
ਮੰਤਰਾਲੇ ਨੇ ਦਾਅਵਾ ਕੀਤਾ, “ਭਰੋਸੇਯੋਗ ਜਾਣਕਾਰੀ ਅਨੁਸਾਰ ਲਾਹੌਰ ਦੇ ਇੱਕ ਏਅਰ ਡਿਫੈਂਸ ਸਿਸਟਮ ਨੂੰ ਨਸ਼ਟ ਕੀਤਾ ਗਿਆ ਹੈ।”
ਭਾਰਤ ਨੇ 7 ਮਈ ਨੂੰ ‘ਆਪਰੇਸ਼ਨ ਸਿੰਦੂਰ’ ’ਤੇ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਸੀ ਕਿ ਪਾਕਿਸਤਾਨੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।
ਇਹ ਵੀ ਦੁਹਰਾਇਆ ਗਿਆ ਕਿ ਭਾਰਤੀ ਫੌਜ ਦੇ ਟਿਕਾਣਿਆਂ ’ਤੇ ਕਿਸੇ ਵੀ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ।
ਭਾਰਤ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਊਰੀ, ਪੁੰਛ, ਮੇਂਢਰ ਅਤੇ ਰਾਜੌਰੀ ਸੈਕਟਰਾਂ ਵਿੱਚ ਮੋਰਟਾਰ ਅਤੇ ਭਾਰੀ ਤੋਪਾਂ ਦਾ ਇਸਤੇਮਾਲ ਕਰਦੇ ਹੋਏ ਕੰਟਰੋਲ ਰੇਖਾ ’ਤੇ ‘ਬਿਨਾਂ ਉਕਸਾਏ’ ਗੋਲੀਬਾਰੀ ਕੀਤੀ ਹੈ। ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨੀ ਗੋਲੀਬਾਰੀ ਵਿੱਚ ਤਿੰਨ ਔਰਤਾਂ ਅਤੇ ਪੰਜ ਬੱਚਿਆਂ ਸਣੇ 16 ‘ਬੇਕਸੂਰ’ ਲੋਕਾਂ ਦੀ ਜਾਨ ਚਲੀ ਗਈ ਹੈ।
ਉਧਰ, ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਦੇ 25 ਡਰੋਨਜ਼ ਨੂੰ ਮਾਰ ਸੁੱਟਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਡਰੋਨ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੁੱਟੇ ਗਏ ਹਨ।
ਪਾਕਿਸਤਾਨ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਅੱਜ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ 7 ਮਈ ਦੀ ਰਾਤ ਤੋਂ ਹੀ “ਡਰੋਨ ਦੀ ਮਦਦ ਨਾਲ ਘੁਸਪੈਠ ਦੀ ਕੋਸ਼ਿਸ਼” ਕਰ ਰਿਹਾ ਹੈ।
ਜਨਰਲ ਚੌਧਰੀ ਨੇ ਕਿਹਾ ਕਿ ਫੌਜ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਡਰੋਨਜ਼ ਲਾਹੌਰ, ਗੁਜਰਾਂਵਾਲਾ, ਚਕਵਾਲ, ਅਟਕ, ਰਾਵਲਪਿੰਡੀ, ਮਿਆਂਵਾਲੀ ਅਤੇ ਕਰਾਚੀ ਵਿੱਚ ਤਬਾਹ ਕੀਤੇ ਗਏ ਹਨ। ਪਾਕਿਸਤਾਨੀ ਬੁਲਾਰੇ ਦੇ ਇਸ ਬਿਆਨ ’ਤੇ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਬੀਬੀਸੀ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰ ਸਕਿਆ ਹੈ।