ਸੈਕਸੋਮਨੀਆ ਕੀ ਹੁੰਦਾ ਹੈ, ਜਿਸ ਅਧਾਰ ਉੱਤੇ ਕਈ ਵਾਰ ਬਲਾਤਕਾਰ ਦੇ ਮੁਲਜ਼ਮ ਵੀ ਬਚ ਨਿਕਲਦੇ ਹਨ

- ਲੇਖਕ, ਐਮਾ ਐਲਿਸ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
'ਮੈਂ ਨੀਂਦ ਦੌਰਾਨ ਸੈਕਸ ਕਰਦੀ ਹਾਂ' ਇਸ ਦਾਅਵੇ ਨੇ ਮੇਰਾ ਰੇਪ ਕੇਸ ਕਮਜ਼ੋਰ ਕੀਤਾ।'
ਸਾਲ 2017 ਦੀ ਬਸੰਤ ਚੱਲ ਰਹੀ ਸੀ। ਇੱਕ ਐਤਵਾਰ ਨੂੰ ਅਚਾਨਕ ਇੱਕ ਡੂੰਘੀ ਨੀਂਦ ਤੋਂ ਬਾਅਦ ਦੱਖਣੀ ਲੰਡਨ ਵਿੱਚ ਜੇਡ ਦੀ ਅੱਖ ਖੁੱਲ੍ਹੀ।
ਜੇਡ ਨੂੰ ਲੱਗਿਆ ਕਿ ਉਨ੍ਹਾਂ ਦੇ ਕੱਪੜੇ ਅੱਧੇ ਉੱਤਰੇ ਹੋਏ ਸਨ। ਉਨ੍ਹਾਂ ਦੇ ਗਲੇ ਦਾ ਹਾਰ ਫਰਸ਼ ਤੇ ਟੁੱਟਿਆ ਪਿਆ ਸੀ, ਜਿਵੇਂ ਕਿਸੇ ਨੇ ਖਿੱਚ ਕੇ ਲਾਹਿਆ ਹੋਵੇ।
24 ਸਾਲਾ ਜੇਡ ਨੂੰ ਪੂਰਾ ਵਿਸ਼ਵਾਸ ਸੀ ਕਿ ਜਦੋਂ ਉਹ ਸੌਂ ਰਹੇ ਸਨ ਤਾਂ ਉਨ੍ਹਾਂ ਨਾਲ ਮੈਥੁਨ ਅਤੇ ਬਲਾਤਕਾਰ ਕੀਤਾ ਗਿਆ ਸੀ।
ਤਿੰਨ ਸਾਲ ਬਾਅਦ, ਜਦੋਂ ਕਥਿਤ ਮੁਲਜ਼ਮ ਵਿਅਕਤੀ ਉੱਪਰ ਮੁਕੱਦਮਾ ਸ਼ੁਰੂ ਹੋਣਾ ਸੀ। ਅਚਾਨਕ ਸਰਕਾਰੀ ਵਕੀਲਾਂ ਨੇ ਜੇਡ ਨੂੰ ਥਾਣੇ ਵਿੱਚ ਬੈਠਕ ਲਈ ਸੱਦਿਆ।
ਉਨ੍ਹਾਂ ਦਾ ਮੁਕੱਦਮਾ ਵਾਪਸ ਲਿਆ ਜਾ ਰਿਹਾ ਸੀ। ਵਕੀਲਾਂ ਨੇ ਜੇਡ ਨੂੰ ਸਮਝਾਇਆ ਕਿ ਨੀਂਦ ਦੇ ਮਾਹਿਰਾਂ ਨੇ ਜੇਡ ਦੇ ਕੇਸ ਵਿੱਚ ਆਪਣੀ ਰਾਇ ਦੇ ਦਿੱਤੀ ਹੈ।
ਸੈਕਸੋਮਨੀਆ ਦੇ ਦੌਰੇ ਦਾ ਦਾਅਵਾ
ਮਾਹਰਾਂ ਦੀ ਰਾਇ ਸੀ ਕਿ ਸੰਭਾਵੀ ਤੌਰ 'ਤੇ ਜੇਡ ਜਾਗ ਰਹੇ ਸਨ ਤੇ ਉਨ੍ਹਾਂ ਨੇ ਨੀਂਦ ਦੌਰਾਨ ਸੈਕਸ ਲਈ ਸਹਿਮਤੀ ਦਿੱਤੀ ਹੋ ਸਕਦੀ ਹੈ। ਮਾਹਰਾਂ ਨੂੰ ਲੱਗਦਾ ਸੀ ਕਿ ਜੇਡ ਨੂੰ ਸੈਕਸੋਮੇਨੀਆ ਦਾ ਦੌਰਾ ਪਿਆ ਸੀ।
ਸੈਕਸੋਮੇਨੀਆ ਇੱਕ ਨੀਂਦ ਨਾਲ ਜੁੜੀ ਬੀਮਾਰੀ ਹੈ। ਇਸ ਦੇ ਸ਼ਿਕਾਰ ਨੀਂਦ ਦੀ ਹਾਲਤ ਵਿੱਚ ਜਿਨਸੀ ਸਰਗਰਮੀਆਂ ਕਰਦੇ ਹਨ। ਬਿਲਕੁਲ ਉਵੇਂ ਜਿਵੇਂ ਕੁਝ ਲੋਕ ਨੀਂਦ ਵਿੱਚ ਉੱਠ ਕੇ ਤੁਰ ਪੈਂਦੇ ਹਨ।
ਇੰਗਲੈਂਡ ਅਤੇ ਵੇਲਜ਼ ਦੇ ਕਾਨੂੰਨ ਮੁਤਾਬਕ ਕੋਈ ਸੁੱਤਾ ਹੋਇਆ ਵਿਅਕਤੀ ਸੈਕਸ ਦੀ ਸਹਿਮਤੀ ਨਹੀਂ ਦੇ ਸਕਦਾ।

ਤਸਵੀਰ ਸਰੋਤ, JADE MCCROSSEN-NETHERCOTT
ਇਸ ਦੇ ਨਾਲ ਹੀ ਕਿਸੇ ਨੂੰ ਬਲਾਤਕਾਰ ਦਾ ਮੁਜਰਮ ਕਰਾਰ ਨਹੀਂ ਦਿੱਤਾ ਜਾ ਸਕਦਾ ਜੇ ਉਸ ਨੂੰ ਪੱਕਾ ਯਕੀਨ ਹੋਵੇ ਕਿ ਉਨ੍ਹਾਂ ਨੂੰ ਸਹਿਮਤੀ ਮਿਲੀ ਸੀ।
ਜੇਡ, ਸੈਕਸੋਮੇਨੀਆ, ਇਹ ਸੁਣ ਕੇ ਹੈਰਾਨ ਸਨ। ਉਨ੍ਹਾਂ ਨੇ ਇਹ ਸ਼ਬਦ ਪਹਿਲਾ ਕਦੇ ਨਹੀਂ ਸੁਣਿਆ ਸੀ। ''ਮੇਰੇ ਲਈ ਇਹ ਅਸਮਾਨੋਂ ਡਿੱਗਣ ਵਰਗਾ ਸੀ ਅਤੇ ਇਹ ਪ੍ਰੇਸ਼ਾਨ ਕਰਨ ਵਾਲਾ ਸੀ।''
''ਤੇਰਾਂ ਸਾਲਾਂ ਦੌਰਾਨ ਮੈਂ ਦੋ ਲੰਬੇ ਰਿਸ਼ਤਿਆਂ ਵਿੱਚ ਰਹੀ ਸੀ ਅਤੇ ਮੇਰੇ ਨਾਲ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ।''
ਸਰਕਾਰੀ ਪੱਖ ਦੇ ਫ਼ੈਸਲੇ ਦਾ ਮਤਲਬ ਸੀ ਕਿ ਮੁਕੱਦਮਾ ਬੰਦ ਕਰ ਦਿੱਤਾ ਜਾਵੇਗਾ ਅਤੇ ਮੁਲਜ਼ਮ ਨੂੰ ਬਰੀ ਕਰ ਦਿੱਤਾ ਜਾਵੇਗਾ।
ਪਹਿਲੀ ਵਾਰ ਜੇਡ ਨੂੰ ਉਨ੍ਹਾਂ ਦੀ ਨੀਂਦ ਬਾਰੇ ਇੱਕ ਪੁਲਿਸ ਸਟੇਸ਼ਨ ਵਿੱਚ ਪੁੱਛਿਆ ਗਿਆ ਸੀ, ਜਿੱਥੇ ਉਹ ਆਪਣਾ ਬਿਆਨ ਦਰਜ ਕਰਵਾਉਣ ਗਏ ਸਨ।

ਜੇਡ ਦਾ ਕੀ ਹੈ ਮਾਮਲਾ
- ਆਪਣੇ ਇੱਕ ਦੋਸਤ ਦੇ ਘਰ ਜਦੋਂ ਜੇਡ ਇੱਕ ਦਿਨ ਉੱਠੇ ਤਾਂ ਉਨ੍ਹਾਂ ਦੇ ਲੱਕ ਤੋਂ ਥੱਲੇ ਵਾਲੇ ਕੱਪੜੇ ਨਹੀਂ ਸਨ ਅਤੇ ਉਨ੍ਹਾਂ ਨੂੰ ਯਕੀਨ ਸੀ ਕਿ ਉਨ੍ਹਾਂ ਨਾਲ ਰੇਪ ਹੋਇਆ ਸੀ।
- ਹਾਲਾਂਕਿ ਸਰਕਾਰੀ ਪੱਖ ਨੇ ਕਿਹਾ ਕਿ ਸ਼ਾਇਦ ਜੇਡ ਉਸ ਸਮੇਂ ਸੈਕਸੋਮੇਨੀਆ ਦੇ ਅਸਰ ਹੇਠ ਸਨ ਅਤੇ ਉਸੇ ਹਾਲਤ ਵਿੱਚ ਉਨ੍ਹਾਂ ਨੇ ਸਰੀਰਕ ਰਿਸ਼ਤੇ ਲਈ ਸਹਿਮਤੀ ਦਿੱਤੀ ਹੋਵੇਗੀ।
- ਸੈਕਸੋਮੇਨੀਆ ਇੱਕ ਨੀਂਦ ਨਾਲ ਜੁੜੀ ਬੀਮਾਰੀ ਹੈ। ਇਸ ਦੇ ਸ਼ਿਕਾਰ ਨੀਂਦ ਦੀ ਹਾਲਤ ਵਿੱਚ ਜਿਣਸੀ ਸਰਗਮੀਆਂ ਕਰਦੇ ਹਨ। ਬਿਲਕੁਲ ਉਵੇਂ ਜਿਵੇਂ ਕੁਝ ਲੋਕ ਨੀਂਦ ਵਿੱਚ ਉੱਠ ਕੇ ਤੁਰ ਪੈਂਦੇ ਹਨ।
- ਆਮ ਕਰਕੇ ਬਲਾਤਕਾਰ ਦੇ ਮੁਲਜ਼ਾਮ ਆਪਣੇ ਬਚਾਅ ਵਿੱਚ ਸੈਕਸੋਮੇਨੀਆ ਦੀ ਦਲੀਲ ਦਿੰਦੇ ਹਨ।
- ਜੇਡ ਨੇ ਆਪਣੀ ਸਥਿਤੀ ਬਾਰੇ ਖੁਦ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕੀਤਾ, ਨੀਂਦ ਦੇ ਮਾਹਰ ਨੂੰ ਮਿਲੇ ਅਤੇ ਇੱਕ ਵਕੀਲ ਨਾਲ ਵੀ ਮੁਲਾਕਾਤ ਕੀਤੀ।
- ਵਕੀਲ ਨੇ ਦੱਸਿਆ ਕਿ ਨੀਂਦ ਦੇ ਮਾਹਰ ਕਦੇ ਵੀ ਭਰੋਸੇ ਨਾਲ ਨਹੀਂ ਕਹਿ ਸਕਦੇ ਕਿ ਕਿਸੇ ਸੈਕਸੋਮੇਨੀਆ ਦੇ ਅਸਰ ਹੇਠ ਸੀ।
- ਬਾਅਦ ਵਿੱਚ ਇੱਕ ਸੁਤੰਤਰ ਰਿਵੀਊਕਾਰ ਨੇ ਮੰਨਿਆ ਕਿ ਜੇਡ ਦਾ ਕੇਸ ਅਦਾਲਤ ਵਿੱਚ ਜਾਣਾ ਚਾਹੀਦਾ ਸੀ।

ਜੇਡ ਨਾਲ ਕੀ ਵਾਪਰਿਆ ਸੀ
ਪੁਲਿਸ ਅਫ਼ਸਰ ਦੇ ਸਵਾਲ ਦੇ ਜਵਾਬ ਵਿੱਚ ਜੇਡ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ''ਹਮੇਸ਼ਾ ਡੂੰਘੀ ਨੀਂਦ ਆਉਂਦੀ ਹੈ ਅਤੇ ਕਿਸ਼ੋਰ ਉਮਰ ਵਿੱਚ ਉਹ ਇੱਕ ਦੋ ਵਾਰ ਨੀਂਦ ਵਿੱਚ ਤੁਰੇ ਵੀ ਸਨ।''
ਇਹ ਇੱਕ ਸਰਸਰੀ ਘਟਨਾ ਸੀ, ਜਿਸ ਬਾਰੇ ਉਹ ਭੁੱਲ ਚੁੱਕੇ ਸਨ। ਜਦੋਂ ਤੱਕ ਕਿ ਉਨ੍ਹਾਂ ਦਾ ਆਪਣਾ ਕੇਸ ਇਸ ਵਜ੍ਹਾ ਕਾਰਨ ਵਾਪਸ ਲਏ ਜਾਣ ਦਾ ਫ਼ੈਸਲਾ ਨਹੀਂ ਲੈ ਲਿਆ ਗਿਆ।
ਜੇਡ ਦੀ ਸਹੇਲੀ ਬੇਲ ਨੇ ਪੁਲਿਸ ਨੂੰ ਫੋਨ ਕੀਤਾ ਸੀ ਅਤੇ ਸਾਰੀ ਪ੍ਰਕਿਰਿਆ ਸ਼ੁਰੂ ਕੀਤੀ ਸੀ।
ਦੂਜੇ ਪਾਸਿਓਂ ਬੇਲ ਨੂੰ ਜੇਡ ਦੀ ਅਵਾਜ਼ ਅਜੇ ਵੀ ਯਾਦ ਹੈ। ਅਜਿਹਾ ਮੈਂ ਪਹਿਲਾਂ ਕਦੇ ਨਹੀਂ ਸੁਣਿਆ ਸੀ। ਉਹ ਸਿਸਕੀਆਂ ਲੈ ਰਹੀ ਸੀ ਅਤੇ ਉਸ ਨੂੰ ਕਿਹਾ ਮੈਨੂੰ ਲਗਦਾ ਹੈ ਕਿ ਮੇਰਾ ਰੇਪ ਹੋਇਆ ਹੈ।
''ਜਦੋਂ ਤੁਹਾਡੀ ਸਭ ਤੋਂ ਚੰਗੀ ਸਹੇਲੀ ਤੁਹਾਨੂੰ ਇਹ ਕਹਿੰਦੀ ਹੈ ਤਾਂ ਮੰਨੋ ਜ਼ਮੀਨ ਖਿਸਕ ਜਾਂਦੀ ਹੈ।''
ਇੱਕ ਸ਼ਾਮ ਪਹਿਲਾਂ ਹੀ ਦੋਵੇਂ ਸਹੇਲੀਆਂ ਦੱਖਣੀ ਲੰਡਨ ਦੇ ਇੱਕ ਬਾਰ ਵਿੱਚ ਗਈਆਂ ਸਨ। ਉਹ ਇਕੱਠੀਆਂ ਤਿਆਰ ਹੋਈਆਂ, ਇਕੱਠੀਆਂ ਨੇ ਉੱਥੇ ਸ਼ੁਗਲ-ਮੇਲਾ ਕੀਤਾ ਅਤੇ ਵਾਪਸ ਆ ਗਈਆਂ ਸਨ।
ਇਹ ਇੱਕ ਹਸੀ-ਮਖੌਲ ਨਾਲ ਭਰੀ ਹੋਈ ਸ਼ਾਮ ਸੀ। ਆਖਰ ਬੇਲ ਨੇ ਘਰ ਜਾਣ ਲਈ ਇੱਕ ਟੈਕਸੀ ਬੁਲਾਈ। ਜੇਡ ਨੇ ਆਖਰੀ ਪੈਗ ਲਈ ਕਿਸੇ ਹੋਰ ਦੋਸਤ ਦੇ ਘਰ ਜਾਣ ਦਾ ਫੈਸਲਾ ਕੀਤਾ।
ਸਵੇਰੇ ਦੋ ਵਜੇ ਵੀ ਲੋਕ ਉਸ ਦੇ ਦੁਆਲੇ ਬੈਠਕ ਵਿੱਚ ਨੱਚ-ਗਾ ਰਹੇ ਸਨ। ਆਖਰ ਉਹ ਇੱਕ ਕੰਬਲ ਲੈ ਕੇ ਪੂਰੇ ਕੱਪੜਿਆਂ ਵਿੱਚ ਹੀ ਖੂੰਜੇ ਵਿੱਚ ਪਏ ਇੱਕ ਸੋਫ਼ੇ ਉੱਪਰ ਲੇਟ ਗਏ। ਜਲਦੀ ਹੀ ਉਹ ਡੂੰਘੀ ਨੀਂਦ ਸੌਂ ਗਏ।
ਸਵੇਰੇ ਪੰਜ ਵਜੇ ਉਨ੍ਹਾਂ ਨੇ ਕਿਹਾ ਕਿ ਉਹ ਉੱਠੇ ਅਤੇ ਉਨ੍ਹਾਂ ਨੇ ਆਪਣਾ ਹਾਲ ਦੇਖਿਆ। ਉਨ੍ਹਾਂ ਦੀ ਪੈਂਟ ਉਤਰੀ ਹੋਈ ਸੀ ਅਤੇ ਬਰਾ ਖੁੱਲ੍ਹੀ ਹੋਈ ਸੀ।
ਜੇਡ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਸੋਫ਼ੇ ਦੇ ਦੂਜੇ ਪਾਸੇ ਇੱਕ ਹੋਰ ਵਿਅਕਤੀ ਨੂੰ ਵੀ ਦੇਖਿਆ ਸੀ।
''ਮੈਂ ਉਸ ਨੂੰ ਚੁਣੌਤੀ ਦੇ ਲਹਿਜ਼ੇ ਵਿੱਚ ਪੁੱਛਿਆ ਕਿ ਕੀ ਹੋਇਆ ਸੀ। ਤੂੰ ਕੀ ਕੀਤਾ ਸੀ। ਉਸ ਨੇ ਕੁਝ ਕਿਹਾ ਜੋ ਮੈਨੂੰ ਅਜੀਬ ਲੱਗਿਆ। ਉਸ ਨੇ ਸ਼ਾਇਦ ਕਿਹਾ ਸੀ ਕਿ ਮੈਨੂੰ ਲੱਗਿਆ ਤੂੰ ਜਾਗ ਰਹੀ ਸੀ।''
ਫਿਰ ਉਹ ਉੱਠਿਆ ਅਤੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੀ ਛੱਡ ਕੇ ਚਲਿਆ ਗਿਆ, ਮੈਂ ਆਪਣਾ ਫ਼ੋਨ ਚੁੱਕਿਆ ਅਤੇ ਬੇਲ ਨੂੰ ਕਾਲ ਕੀਤੀ।

ਕੇਸ ਦੀ ਮੁੱਢਲੀ ਜਾਂਚ
ਦੋ ਪੁਲਿਸ ਵਾਲੇ ਆਏ ਅਤੇ ਜੇਡ ਨੂੰ ਫੋਰੈਂਸਿਕ ਜਾਂਚ ਲਈ ਲੈ ਗਏ। ਯੋਨੀ ਦੇ ਨਮੂਨਿਆਂ ਤੋਂ ਵੀਰਜ ਮਿਲਣ ਦੀ ਪੁਸ਼ਟੀ ਹੋਈ। ਬਾਅਦ ਵਿੱਚ ਇਨ੍ਹਾਂ ਨਮੂਨਿਆਂ ਨੂੰ ਸੋਫ਼ੇ ਉੱਪਰ ਬੈਠੇ ਵਿਅਕਤੀ ਨਾਲ ਮਿਲਾਏ ਗਏ।
ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ। ਆਖਰ ਪੁਲਿਸ ਨੇ ਉਸ ਉੱਪਰ ਰੇਪ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਚਲਾਉਣ ਦਾ ਫੈਸਲਾ ਲਿਆ।
ਉਸ ਨੇ ਕਿਹਾ ਕਿ ਉਹ ਬੇਕਸੂਰ ਹੈ। ਸੁਣਵਾਈ ਲਈ ਇੱਕ ਤਰੀਕ ਤੈਅ ਕੀਤੀ ਗਈ। ਪਰ ਕੇਸ ਕਦੇ ਅੱਗੇ ਨਹੀਂ ਵਧ ਸਕਿਆ।
ਜੇਡ ਨੇ ਆਪਣੇ ਪੱਧਰ 'ਤੇ ਸਾਬਤ ਕਰਨਾ ਸੀ ਕਿ ਪੁਲਿਸ ਗਲਤੀ ਕਰ ਰਹੀ ਸੀ। ਹਾਲਾਂਕਿ ਉਨ੍ਹਾਂ ਕੋਲ ਅਪੀਲ ਲਈ ਬਹੁਤ ਸੀਮਤ ਸਮਾਂ ਸੀ।
ਉਨ੍ਹਾਂ ਨੇ ਸਾਰੇ ਸਬੂਤਾਂ ਦੀ ਮੰਗ ਕੀਤੀ। ਪੁਲਿਸ ਦੀ ਪੁੱਛਗਿੱਛ, ਟੌਕਸੀਕੋਲੋਜੀ ਦੇ ਨਤੀਜੇ, ਗਵਾਹੀਆਂ ਅਤੇ ਨੀਂਦ ਦੇ ਮਾਹਰਾਂ ਦੀਆਂ ਰਿਪੋਰਟਾਂ। ਜੇਡ ਨੇ ਉਨ੍ਹਾਂ ਸਾਰਿਆਂ ਦਾ ਅਧਿਐਨ ਕੀਤਾ।
ਜੇਡ ਹੈਰਾਨ ਸਨ ਕਿ ਨੀਂਦ ਦੇ ਮਾਹਰਾਂ ਦੀ ਰਾਇ ਨੂੰ ਕਿੰਨਾ ਮਹੱਤਵ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-

ਕੇਸ ਬੰਦ ਕਰ ਦਿੱਤਾ ਗਿਆ
ਕਿਸੇ ਵੀ ਮਾਹਰ ਨੇ ਜੇਡ ਨਾਲ ਮੁਲਾਕਾਤ ਨਹੀਂ ਕੀਤੀ ਸੀ। ਫਿਰ ਵੀ ਉਨ੍ਹਾਂ ਦੀ ਰਾਇ ਦਾ ਜੇਡ ਦੇ ਕੇਸ ਉੱਪਰ ਬਹੁਤ ਜ਼ਿਆਦਾ ਅਸਰ ਸੀ। ਇੰਨਾ ਕਿ ਉਸ ਦੇ ਅਧਾਰ 'ਤੇ ਉਨ੍ਹਾਂ ਦਾ ਕੇਸ ਬੰਦ ਕਰ ਦਿੱਤਾ ਗਿਆ।
ਜਿਸ ਪਹਿਲੇ ਮਾਹਰ ਦੀ ਰਾਇ ਪੁਲਿਸ ਨੇ ਲਈ ਉਸ ਦਾ ਕਹਿਣਾ ਸੀ ਕਿ ਇਸ ਗੱਲ ਦੀ ''ਬਹੁਤ ਸੰਭਾਵਨਾ ਸੀ ਕਿ ਜੇਡ ਨੂੰ ਸੈਕਸੋਮੇਨੀਆ ਦਾ ਦੌਰਾ ਪਿਆ ਸੀ''।
ਹੋ ਸਕਦਾ ਹੈ ਕਿ ਜਿਣਸੀ ''ਗਤੀਵਿਧੀ ਦੌਰਾਨ ਇੱਕ ਜਾਗ ਰਹੇ ਵਿਅਕਤੀ ਵਾਂਗ, ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੋਣ ਅਤੇ ਸੁੱਖ ਦਾ ਪ੍ਰਗਟਾਵਾ ਕਰ ਰਹੇ ਹੋਣ।''
ਫਿਰ ਪੁਲਿਸ ਨੇ ਇੱਕ ਹੋਰ ਮਾਹਰ ਨੂੰ ਕੰਮ ਸੌਂਪਿਆ। ਉਸ ਨੇ ਕਿਹਾ ਕਿ ਨੀਂਦ ਵਿੱਚ ਤੁਰਨ ਦੀ ਘਟਨਾ ਭਾਵੇਂ ਇੱਕ ਵਾਰ ਹੀ ਕਿਉਂ ਨਾ ਹੋਈ ਹੋਵੇ। ਸੈਕਸੋਮੈਨੀਆ ਲਈ ਅਧਾਰ ਤਿਆਰ ਕਰਨ ਲਈ ਕਾਫ਼ੀ ਹੈ।
ਜੇਡ ਅਵਾਕ ਸਨ। ਮੈਨੂੰ ਨਹੀਂ ਲਗਦਾ ਕਿ ਇਹ ਸੈਕਸੋਮੇਨੀਆ ਦਾ ਇੱਕ ਵਿਲੋਕਿੱਤਰਾ ਮਾਮਲਾ ਕਿਵੇਂ ਹੋ ਸਕਦਾ ਹੈ। ਉਹ ਵੀ ਉਦੋਂ ਜਦੋਂ ਮੈਂ ਕਿਸੇ ਨੂੰ ਸੈਕਸ ਦੀ ਸਹਿਮਤੀ ਨਹੀਂ ਦਿੱਤੀ ਅਤੇ ਉਸ ਨੇ ਮੇਰੇ ਨਾਲ ਅਜਿਹਾ ਕੀਤਾ।''

ਆਖਰ ਜੇਡ ਨੇ ਆਪਣੇ ਖਰਚੇ ਉੱਪਰ ਲੰਡਨ ਸਲੀਪ ਸੈਂਟਰ ਵਿੱਚ ਡਾ਼ ਇਰਸ਼ਾਦ ਇਬਰਾਹਿਮ ਨਾਲ ਸੰਪਰਕ ਕੀਤਾ।
ਸੈਕਸੋਮੇਨੀਆ ਕੀ ਹੁੰਦਾ ਹੈ
ਡਾ਼ ਇਰਸ਼ਾਦ ਨੇ ਇਸ ਤੋਂ ਪਹਿਲਾਂ ਸਾਰੇ ਕੇਸਾਂ ਵਿੱਚ ਦੇਖਿਆ ਸੀ ਕਿ ਬਚਾਅ ਪੱਖ ਕਹਿੰਦਾ ਸੀ ਕਿ ਉਨ੍ਹਾਂ ਨੂੰ ਸੈਕਸੋਮੇਨੀਆ ਦਾ ਅਟੈਕ ਆਇਆ ਸੀ।
ਸੈਕਸੋਮੇਨੀਆ ਦੇ ਜ਼ਿਆਦਾਤਰ ਮਰੀਜ਼ ਮਰਦ ਸਨ ਅਤੇ ਉਹ ਨੀਂਦ ਵਿੱਚ ਜਿਨਸੀ ਵਿਹਾਰ ਕਰਦੇ ਸਨ।
ਫਿਰ ਜੇਡ ਦੀ ਨੀਂਦ ਦਾ ਟੈਸਟ, ਪੋਲੀਸੋਮਨੋਗਰਾਫ਼ੀ, ਕਰਵਾਇਆ ਗਿਆ। ਇਸ ਵਿੱਚ ਨੀਂਦ ਦੌਰਾਨ ਵਿਅਕਤੀ ਦੇ ਮਰੀਜ਼ ਦੀਆਂ ਦਿਮਾਗੀ ਤਰੰਗਾਂ ਨੂੰ ਦੇਖਿਆ ਜਾਂਦਾ ਹੈ।
ਟੈਸਟ ਵਿੱਚ ਸਾਹਮਣੇ ਆਇਆ ਕਿ ਨੀਂਦ ਦੌਰਾਨ ਜੇਡ ਦੇ ਸਾਹ ਰੁਕ ਅਤੇ ਚੱਲ ਰਹੇ ਸਨ। ਇਹ ਇੱਕ ਅਜਿਹਾ ਕਾਰਕ ਹੈ ਜਿਸ ਕਾਰਨ ਵਿਅਕਤੀ ਨੂੰ ਸੈਕਸੋਮੇਨੀਆ ਦਾ ਦੌਰਾ ਪੈ ਸਕਦਾ ਹੈ।
ਸੋ, ਜੇਡ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੂੰ ਸੈਕਸੋਮੇਨੀਆ ਨਹੀਂ ਹੈ।
ਜੇਡ ਨੇ ਡਾ. ਇਰਸ਼ਾਦ ਨੂੰ ਇਸ ਬਾਰੇ ਹੋਰ ਸਪਸ਼ਟਤਾ ਨਾਲ ਦੱਸਣ ਲਈ ਕਿਹਾ, ''ਕਿ ਕੀ ਵਾਕਈ ਜੋ ਕੁਝ ਉਸ ਦਿਨ ਹੋਇਆ ਉਸ ਲਈ ਸੈਕਸੋਮੇਨੀਆ ਜ਼ਿੰਮੇਵਾਰ ਸੀ।''
ਡਾ. ਇਬਰਾਹਿਮ ਮੁਤਾਬਕ ਇਹੀ ਤਾਂ ਲੱਖ ਰੁਪਏ ਦਾ ਸਵਾਲ ਸੀ।

ਤਸਵੀਰ ਸਰੋਤ, CPC
ਇੱਕ ਸਪਸ਼ਟ, ਬਲੈਕ ਐਂਡ ਵਾਇਟ ਜਵਾਬ ਹਾਸਲ ਕਰਨਾ ਹੈ, ਕਿ ਅਜਿਹਾ ਕੁਝ ਹੋਇਆ ਸੀ ਜਾਂ ਨਹੀਂ, ਇਹ ਪਤਾ ਕਰਨ ਦਾ ਕੋਈ ਤਰੀਕਾ ਨਹੀਂ ਸੀ।
ਜੇਡ ਨੂੰ ਅਜੇ ਵੀ ਯਕੀਨ ਹੈ ਕਿ ਉਨ੍ਹਾਂ ਨੂੰ ਸੈਕਸੋਮੇਨੀਆ ਨਹੀਂ ਸੀ ਪਰ ਹੈਰਾਨ ਹਨ ਕਿ ਮਾਹਰ, ਇਨਕਾਰ ਨਹੀਂ ਕਰ ਰਹੇ।
ਫਿਰ ਇਹ ਜਾਨਣ ਲਈ ਕਿ ਅਦਾਲਤਾਂ ਇਸ ਬੀਮਾਰੀ ਨੂੰ ਕਿਵੇਂ ਦੇਖਦੀਆਂ ਹਨ ਜੇਡ ਨੇ ਵਕੀਲਾਂ ਦਾ ਰੁਖ ਕੀਤਾ।
ਬੈਰਿਸਟਰ ਐਲੀਸਨ ਸਮਰਜ਼ ਕੇਸੀ ਨੇ ਇੱਕ ਅਜਿਹਾ ਕੇਸ ਲੜਿਆ ਸੀ ਜਿਸ ਵਿੱਚ ਮੁਲਜ਼ਮ ਦਾ ਦਾਅਵਾ ਸੀ ਕਿ ਉਸ ਨੇ ਜੋ ਅਪਰਾਧ ਕੀਤਾ ਉਹ ਸੈਕਸੋਮੇਨੀਆ ਦੇ ਪ੍ਰਭਾਵ ਵਿੱਚ ਕੀਤਾ ਸੀ।
ਬੈਰਿਸਟਰ ਨੇ ਦੱਸਿਆ ਕਿ ਨੀਂਦ ਦੇ ਮਾਹਰ ਕਦੇ ਵੀ ਭਰੋਸੇ ਨਾਲ ਨਹੀਂ ਕਹਿ ਸਕਦੇ ਕਿ ਕਿਸੇ ਸੈਕਸੋਮੇਨੀਆ ਦੇ ਅਸਰ ਹੇਠ ਸੀ।
ਫਿਰ ਵੀ ਜਦੋਂ ਉਹ ਕਹਿੰਦੇ ਹਨ ਕਿ ''ਪੂਰੀ ਸੰਭਾਵਨਾ ਹੈ'' ਤਾਂ ਅਦਾਲਤ ਨੂੰ ਮਾਮਲਾ ਰੱਦ ਕਰਨ ਦਾ ਅਧਾਰ ਮਿਲ ਜਾਂਦਾ ਹੈ।

ਕਸੂਰਵਾਰ ਬਰੀ ਹੋ ਜਾਂਦੇ ਹਨ
''ਮੈਂ ਸੋਚਦੀ ਹਾਂ ਕਿ ਇਸ ਦੇ ਨਤੀਜੇ ਵਜੋਂ ਕਸੂਰਵਾਰ ਵੀ ਬਰੀ ਹੋ ਜਾਂਦੇ ਹੋਣਗੇ ਤਾਂ, ਬਿਲਕੁਲ। ਤਾਂ ਇਸ ਦਾ ਮਤਲਬ ਇਹ ਵੀ ਹੈ ਕਿ ਉਹ ਬੇਕਸੂਰਾਂ ਨੂੰ ਸਜ਼ਾ ਦੇ ਰਹੇ ਹਨ।''
ਪੁਲਿਸ ਦੀ ਨਿਯਮਾਵਲੀ ਮੁਤਾਬਕ ਬਚਾਅ ਪੱਖ ਦੀਆਂ ਸੈਕਸੋਮੇਨੀਆ ਅਤੇ ਨੀਂਦ ਵਿੱਚ ਤੁਰਨ ਵਰਗੀਆਂ ਹੋਰ ਦਲੀਲਾਂ ਨੂੰ ਅਦਾਲਤ ਵਿੱਚ ਸਖਤੀ ਨਾਲ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ।
ਫਿਰ ਵੀ ਜੇਡ ਦਾ ਮੁਕੱਦਮਾ ਕਦੇ ਅਦਾਲਤ ਵਿੱਚ ਨਹੀਂ ਪਹੁੰਚਿਆ। ਜੇਡ ਨੇ ਆਪਣੀ ਖੋਜ ਦੇ ਅਧਾਰ ਤੇ ਰਿਵੀਊ ਪਟੀਸ਼ਨ ਪਾਈ।
ਪੁਲਿਸ ਵਿਭਾਗ ਤੋਂ ਸੁਤੰਤਰ ਇੱਕ ਸਰਕਾਰੀ ਵਕੀਲ ਨੇ ਸਾਰੇ ਤੱਥਾਂ ਨੂੰ ਵਾਚਿਆ।
ਉਨ੍ਹਾਂ ਨੇ ਨਤੀਜਾ ਕੱਢਿਆ ਕਿ ਮਾਮਲੇ ਦੀ ਸੁਣਵਾਈ ਹੋਣੀ ਚਾਹੀਦੀ ਸੀ। ਇਸ ਤੋਂ ਇਲਵਾ ਕਿ ਨੀਂਦ ਦੇ ਮਾਹਰਾਂ ਦੀ ਰਾਇ ਅਤੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਣੀ ਚਾਹੀਦੀ ਸੀ।
ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਜੇ ਮਾਮਲਾ ਅਦਾਲਤ ਵਿੱਚ ਜਾਂਦਾ ਤਾਂ ਮੁਲਜ਼ਮ ਨੂੰ ਦੋਸ਼ੀ ਠਹਿਰਾਏ ਜਾਣ ਦੀ ਸੰਭਾਵਨਾ ਉਸ ਨੂੰ ਬਰੀ ਕੀਤੇ ਜਾਣ ਨਾਲੋਂ ਜ਼ਿਆਦਾ ਸੀ। ਜਦਕਿ ਕੇਸ ਅਦਾਲਤ ਵਿੱਚ ਨਾ ਜਾਣ ਕਾਰਨ ਉਹ ਅਜ਼ਾਦ ਰਹਿ ਗਿਆ।
''ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਤੁਹਾਡੇ ਉੱਪਰ ਕੀ ਗੁਜ਼ਰੀ ਹੈ। ਮੈਂ ਕੇਸ ਦੇ ਤੁਹਾਡੇ ਉੱਪਰ ਪਏ ਦੁਸ਼ ਪ੍ਰਭਾਵਾਂ ਬਾਰੇ ਲਿਖਿਆ ਹੈ।।''
''ਮੈਂ ਸਰਕਾਰੀ ਪੱਖ ਵੱਲੋਂ ਇਸ ਬਾਰੇ ਤੁਹਾਡੇ ਤੋਂ ਬੇਝਿਝਕ ਮਾਫ਼ੀ ਮੰਗਦਾ ਹਾਂ, ਸ਼ਾਇਦ ਇਸ ਨਾਲ ਤੁਹਾਨੂੰ ਕੋਈ ਹੌਂਸਲਾ ਮਿਲੇਗਾ।''

ਇਹ ਵੀ ਪੜ੍ਹੋ-














