ਰੂਸ-ਯੂਕਰੇਨ ਜੰਗ: ਕ੍ਰਾਈਮੀਆ ਨੂੰ ਰੂਸ ਨਾਲ ਜੋੜਨ ਵਾਲਾ ਪੁਲ ਕਿਸ ਨੇ ਅਤੇ ਕਿਉਂ ਉਡਾਇਆ

ਤਸਵੀਰ ਸਰੋਤ, Reuters
- ਲੇਖਕ, ਪੌਲ ਏਡਮ
- ਰੋਲ, ਬੀਬੀਸੀ ਨਿਊਜ਼, ਕੀਵ (ਯੂਕਰੇਨ ਤੋਂ)
- ਪ੍ਰਕਾਸ਼ਿਤ
ਬੀਤੇ ਐਤਵਾਰ ਕ੍ਰਾਈਮੀਆ ਨੂੰ ਰੂਸ ਨਾਲ ਜੋੜਨ ਵਾਲੇ ਪੁਲ 'ਤੇ ਨਾਟਕੀ ਧਮਾਕਾ ਕਿਵੇਂ ਹੋਇਆ?
ਇਸ ਧਮਾਕੇ ਦੇ ਕਾਰਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਭਰੋਸੇ ਲਾਇਕ ਵੀ ਨਹੀਂ ਹਨ।
ਰੂਸ ਨੇ ਇਹ ਸੁਝਾਉਣ ਵਿਚ ਦੇਰੀ ਨਹੀਂ ਕੀਤੀ ਕਿ ਧਮਾਕਾ ਇਕ ਟਰੱਕ ਨਾਲ ਕੀਤਾ ਗਿਆ ਸੀ। ਪਰ ਰੂਸ ਨੇ ਇਹ ਨਹੀਂ ਦੱਸਿਆ ਕਿ ਇਸ ਨੂੰ ਅੰਜ਼ਾਮ ਕਿਸ ਨੇ ਦਿੱਤਾ ਹੈ।
ਵਿਦੇਸ਼ ਮੰਤਰਾਲੇ ਦੀ ਬੁਲਾਰਾ, ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਯੂਕਰੇਨ ਦੇ ਭੜਕਾਊ ਜਵਾਬ ਨੇ ਇਸ ਦਾ "ਅੱਤਵਾਦੀ ਸੁਭਾਅ" ਦਿਖਾਇਆ ਹੈ।
ਸੁਰੱਖਿਆ ਕੈਮਰਿਆਂ 'ਚ ਰਿਕਾਰਡ ਹੋਈ, ਇਕ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਹੋਈ ਹੈ।

ਤਸਵੀਰ ਸਰੋਤ, Satellite image ©2022 Maxar Technologies.
ਇਸ 'ਚ ਇਕ ਟਰੱਕ ਪੁਲ ਤੋਂ ਲੰਘਦਾ ਦਿਖਾਈ ਦੇ ਰਿਹਾ ਹੈ। ਟਰੱਕ ਕਥਿਤ ਤੌਰ 'ਤੇ ਪੁਲ ਤੋਂ ਇਕ ਘੰਟੇ ਦੀ ਦੂਰੀ 'ਤੇ ਸਥਿਤ ਰੂਸ ਦੇ ਸ਼ਹਿਰ ਕ੍ਰਾਸਨੋਦਾਰ ਤੋਂ ਪੱਛਮ ਵੱਲ ਜਾ ਰਿਹਾ ਸੀ।
ਰੂਸੀ ਅਧਿਕਾਰੀਆਂ ਨੇ 25 ਸਾਲਾ ਕ੍ਰਾਸਨੋਦਾਰ ਦੇ ਨੌਜਵਾਨ ਸਮੀਰ ਯੂਸੁਬੋਵ ਦੀ ਪਛਾਣ ਟਰੱਕ ਦੇ ਮਾਲਕ ਵਜੋਂ ਕੀਤੀ ਹੈ।
ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਉਸ ਦਾ ਰਿਸ਼ਤੇਦਾਰ ਮਾਖਿਰ ਯੂਸੁਬੋਵ ਇਸ ਟਰੱਕ ਨੂੰ ਚਲਾ ਰਿਹਾ ਸੀ।
ਪਰ ਜੇਕਰ ਫੁਟੇਜ ਨੂੰ ਨੇੜਿਓਂ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਇਸ ਟਰੱਕ ਦਾ ਧਮਾਕੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

- ਬੀਤੇ ਐਤਵਾਰ ਕ੍ਰਾਈਮੀਆ ਨੂੰ ਰੂਸ ਨਾਲ ਜੋੜਨ ਵਾਲੇ ਪੁਲ 'ਤੇ ਧਮਾਕਾ ਹੋਇਆ।
- ਰੂਸ ਨੇ ਇਹ ਸੁਝਾਉਣ ਵਿਚ ਦੇਰੀ ਨਹੀਂ ਕੀਤੀ ਕਿ ਧਮਾਕਾ ਇਕ ਟਰੱਕ ਨਾਲ ਕੀਤਾ ਗਿਆ ਸੀ।
- ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਟਰੱਕ ਜਿਵੇਂ ਹੀ ਪੁਲ 'ਤੇ ਚੜ੍ਹਨਾ ਸ਼ੁਰੂ ਕਰਦਾ ਹੈ ਤਾਂ ਉਸ ਦੇ ਪਿੱਛਲੇ ਪਾਸੇ ਇੱਕ ਅੱਗ ਦਾ ਵੱਡਾ ਗੋਲਾ ਆਕਾਰ ਲੈਂਦਾ ਨਜ਼ਰ ਆਉਂਦਾ ਹੈ।
- ਧਮਾਕੇ ਦਾ ਇੱਕ ਸੰਭਵ ਕਾਰਨ ਦੱਸਦਿਆਂ ਹੋਇਆ ਧਮਾਕਾ ਪੁਲ ਹੇਠਾਂ ਹੋਇਆ ਵੀ ਦੱਸਿਆ ਜਾ ਰਿਹਾ ਹੈ।
- ਇੱਕ ਰਹੱਸਮਈ ਚਾਲਕਰਹਿਤ ਬੇੜੀ ਕ੍ਰਾਈਮੀਆ ਦੇ ਸੇਵੇਸਤਾਪੋਲ ਸ਼ਹਿਰ ਵਿੱਚ ਸਥਿਤ ਰੂਸੀ ਜਲ ਸੈਨਿਕ ਅੱਡੇ ਕੋਲ ਨਜ਼ਰ ਆਈ ਸੀ।

ਟਰੱਕ ਬੰਬ ਦੀ ਗੱਲ ਕਿੰਨੀ ਸਹੀ
ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਟਰੱਕ ਜਿਵੇਂ ਹੀ ਪੁਲ 'ਤੇ ਚੜ੍ਹਨਾ ਸ਼ੁਰੂ ਕਰਦਾ ਹੈ ਤਾਂ ਉਸ ਦੇ ਪਿੱਛਲੇ ਪਾਸੇ ਇੱਕ ਅੱਗ ਦਾ ਵੱਡਾ ਗੋਲਾ ਆਕਾਰ ਲੈਂਦਾ ਨਜ਼ਰ ਆਉਂਦਾ ਹੈ।
ਜਿਸ ਗਤੀ ਨਾਲ ਰੂਸੀਆਂ ਵਿਚਾਲੇ ਟਰੱਕ ਬੰਬ ਦੀ ਥਿਓਰੀ ਫੈਲੀ, ਉਹ ਬਿਲਕੁਲ ਸ਼ੱਕ 'ਤੇ ਆਧਾਰਿਤ ਸੀ।
ਇਹ ਮੰਨਿਆ ਜਾ ਰਿਹਾ ਹੈ ਕਿ ਰੂਸ ਇਸ ਨੂੰ 'ਅੱਤਵਾਦੀ ਕਾਰਵਾਈ' ਦੱਸਣਾ ਬਿਹਤਰ ਸਮਝਦਾ ਹੈ, ਬਜਾਇ ਇਸ ਦੇ ਕਿ ਲੋਕ ਇਸ ਨੂੰ ਯੂਕਰੇਨ ਦਾ ਇੱਕ ਦਲੇਰੀ ਭਰਿਆ ਹਮਲਾ ਸਮਝਣ।
ਬ੍ਰਿਟੇਨ ਦੀ ਫੌਜ ਵਿੱਚ ਕੰਮ ਕਰ ਚੁੱਕੇ ਵਿਸਫੋਟਕ ਮਾਹਿਰ ਕਹਿੰਦੇ ਹਨ, "ਮੈਂ ਆਪਣੇ ਦੌਰ ਵਿੱਚ ਗੱਡੀਆਂ ਰਾਹੀਂ ਕੀਤੇ ਗਏ ਕਈ ਆਈਈਡੀ ਧਮਾਕੇ ਦੇਖੇ ਹਨ। ਇਹ ਉਹੋ-ਜਿਹਾ ਨਹੀਂ ਨਜ਼ਰ ਆਉਂਦਾ।"
ਇਸ ਧਮਾਕੇ ਦਾ ਇੱਕ ਸੰਭਵ ਕਾਰਨ ਦੱਸਦਿਆਂ ਹੋਇਆ ਉਹ ਕਹਿੰਦੇ ਹਨ ਕਿ ਇਹ ਸੰਭਵ ਧਮਾਕਾ ਪੁਲ ਹੇਠਾਂ ਹੋਇਆ ਹੋਵੇ, ਜਿਸ ਕਾਰਨ ਵਿਸਫੋਟਕ ਖ਼ੁਫ਼ੀਆ ਡਰੋਨ ਰਾਹੀਂ ਪਹੁੰਚਾਇਆ ਗਿਆ ਹੋਵੇ।
ਉਹ ਕਹਿੰਦੇ ਹਨ, "ਆਮ ਤੌਰ 'ਤੇ ਪੁਲਾਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਆਪਣੇ ਉੱਤੇ ਪੈਂਦੇ ਭਾਰ ਅਤੇ ਦੋਵਾਂ ਪਾਸਿਓਂ ਹਵਾ ਦੇ ਦਬਾਅ ਨੂੰ ਝੱਲ ਸਕੇ।"
"ਪਰ ਉਨ੍ਹਾਂ ਨੂੰ ਇਸ ਤਰ੍ਹਾਂ ਡਿਜ਼ਾਇਨ ਨਹੀਂ ਕੀਤਾ ਜਾਂਦਾ ਕਿ ਉਹ ਉੱਪਰ ਵੱਲ ਨੂੰ ਪੈਂਦੇ ਦਬਾਅ ਨੂੰ ਝੱਲ ਸਕੇ। ਮੈਨੂੰ ਲਗਦਾ ਹੈ ਕਿ ਯੂਕਰੇਨ ਦੇ ਇਸ ਹਮਲੇ ਵਿੱਚ ਇਸੇ ਗੱਲ ਦਾ ਲਾਹਾ ਲਿਆ ਹੈ।"
ਕੁਝ ਸੁਪਰਵਾਈਜ਼ਰਾਂ ਨੇ ਸਿਕਿਓਰਿਟੀ ਕੈਮਰਿਆਂ ਵਿੱਚ ਦਰਜ ਧਮਾਕੇ ਨਾਲ ਸਕਿੰਟ ਭਰ ਪਹਿਲਾਂ ਦੇ ਵੀਡੀਓ ਵਿੱਚ ਪੁਲ ਨੂੰ ਸਪੋਰਟ ਦੇਣ ਵਾਲੇ ਢਾਂਚੇ ਦੇ ਨਜ਼ਦੀਕ ਇੱਕ ਬੇੜੀ ਦੇਖੀ ਗਈ ਹੈ।

ਇਹ ਵੀ ਪੜ੍ਹੋ-

ਇਹ ਕਿਸ ਤਰ੍ਹਾਂ ਦੀ ਬੇੜੀ ਹੋ ਸਕਦੀ ਹੈ?
ਬੀਤੇ 21 ਸਤੰਬਰ ਨੂੰ ਰੂਸੀ ਸੋਸ਼ਲ ਮੀਡੀਆ ਚੈਨਲਾਂ 'ਤੇ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਰਹੱਸਮਈ ਚਾਲਕ ਰਹਿਤ ਬੇੜੀ ਕ੍ਰਾਈਮੀਆ ਦੇ ਸੇਵੇਸਤਾਪੋਲ ਸ਼ਹਿਰ ਵਿੱਚ ਸਥਿਤ ਰੂਸੀ ਜਲ ਸੈਨਿਕ ਅੱਡੇ ਕੋਲ ਨਜ਼ਰ ਆਈ ਸੀ।
ਕਾਲੇ ਰੰਗ ਦੀ ਸਮੱਗਰੀ ਨਾਲ ਢਕੀ ਇਹ ਅਜਿਹੀ ਬੇੜੀ ਸੀ ਜਿਸ ਵਿੱਚ ਅੱਗੇ ਵੱਲ ਸੈਂਸਰ ਅਤੇ ਪੈਰਿਸਕੋਪ ਵਰਗੇ ਡਿਵਾਇਸ ਲੱਗੇ ਸਨ।
ਸਥਾਨਕ ਖ਼ਬਰਾਂ ਮੁਤਾਬਕ, ਇਹ ਬੇੜੀ ਪਹਿਲਾਂ ਸਮੁੰਦਰ ਵੱਲ ਲੈ ਕੇ ਗਏ, ਜਿੱਥੇ ਇਸ ਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ।
ਰੂਸੀ ਕੰਟਰੋਲ ਵਾਲੇ ਸੇਵੇਸਤਾਪੋਲ ਦੇ ਗਵਰਨਰ ਨੇ ਕਿਹਾ ਹੈ, "ਇੱਕ ਚਾਲਕ ਰਹਿਤ ਬੇੜੀ ਦਾ ਹਿੱਸਾ ਬਰਾਮਦ ਹੋਇਆ ਸੀ, ਜਿਸ ਨੂੰ ਸਰਵੇਖਣ ਤੋਂ ਬਾਅਦ ਸਮੁੰਦਰ ਵਿੱਚ ਲੈ ਗਏ ਅਤੇ ਧਮਾਕੇ ਨਾਲ ਨਸ਼ਟ ਕਰ ਦਿੱਤਾ ਗਿਆ।"
"ਇਸ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।"
ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਯੂਕਰੇਨ ਕੋਲ ਇਸ ਤਰ੍ਹਾਂ ਦੇ ਖ਼ੁਫ਼ੀਆ ਹਥਿਆਰ ਹੋਣ ਨਾਲ ਜੁੜੀ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਹੋਣ।

ਤਸਵੀਰ ਸਰੋਤ, Getty Images
ਬ੍ਰਿਟੇਨ ਵਿਸਫੋਟਕ ਮਾਹਿਰ ਦੱਸਦੇ ਹਨ, "ਕੁਝ ਖ਼ਬਰਾਂ ਜੋ ਦਰਸਾਉਂਦੀਆਂ ਹਨ ਕਿ ਯੂਕਰੇਨ ਕੋਲ ਨਿਗਰਾਨੀ ਕਰਨ ਅਤੇ ਰਿਮੋਟ ਨਾਲ ਕੰਟਰੋਲ ਕੀਤੇ ਜਾ ਸਕਣ ਵਾਲੇ ਸਮੁੰਦਰੀ ਵਾਹਨ ਹਨ ਅਤੇ ਇਸ ਤਰ੍ਹਾਂ ਦੀ ਮੁਹਿੰਮ ਦਾ ਵਿਚਾਰ ਪਿਛਲੇ ਕੁਝ ਮਹੀਨਿਆਂ ਤੋਂ ਨਹੀਂ, ਸਾਲਾਂ ਵਿੱਚ ਵਿਕਸਿਤ ਹੋਇਆ ਹੈ।"
ਪਰ ਯੂਕਰੇਨ ਜੇਕਰ ਆਪਣੇ ਕੰਟਰੋਲ ਵਾਲੇ ਖੇਤਰ ਤੋਂ ਸੈਂਕੜਿਆਂ ਮੀਲ ਦੂਰ ਸਥਿਤ ਕਰਚ ਪੁਲ 'ਤੇ ਹਮਲਾ ਕਰਨ ਵਿੱਚ ਸਮਰੱਥ ਹੋਇਆ ਹੈ ਤਾਂ ਇਹ ਕੀਵ ਦੇ ਹੁਣ ਤੱਕ ਦੇ ਸਭ ਤੋਂ ਉਤਸ਼ਾਹੀ ਓਪਰੇਸ਼ਨਾਂ ਵਿੱਚੋਂ ਇੱਕ ਹੈ।
ਪਰ ਰਾਜਧਾਨੀ ਵਿੱਚ ਕੁਝ ਚਰਚਾਵਾਂ ਤੋਂ ਇਲਾਵਾ, ਕੋਈ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ।
ਯੂਕਰੇਨ ਦਾ ਪੱਖ
ਇੰਨਾ ਹੀ ਨਹੀਂ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਮਿਖਾਈਲੋ ਪੋਡੋਲਿਆਕ ਆਪਣੇ ਬਿਆਨ 'ਚ ਮਾਸਕੋ ਦੀ ਟਰੱਕ ਬੰਬ ਥਿਓਰੀ ਦਾ ਸਮਰਥਨ ਕਰਦੇ ਨਜ਼ਰ ਆਏ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, "ਇਸ ਦੇ ਜਵਾਬ ਰੂਸ ਵਿੱਚ ਤਲਾਸ਼ੇ ਜਾਣੇ ਚਾਹੀਦੇ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਇਹ ਧਮਾਕਾ ਰੂਸ ਦੀ ਸੁਰੱਖਿਆ ਪ੍ਰਣਾਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਸੰਘਰਸ਼ ਦਾ ਸਿੱਟਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, "ਇਹ ਐੱਫਐੱਸਬੀ (ਰੂਸ ਦੀ ਖ਼ੁਫ਼ੀਆ ਏਜੰਸੀ/ਨਿੱਜੀ ਫੌਜੀ ਕਾਨਟ੍ਰੈਕਟਰ, ਜਿਵੇਂ ਵੇਗਨਰ ਗਰੁੱਪ) ਅਤੇ ਰੱਖਿਆ ਮੰਤਰਾਲੇ ਦੇ ਨਾਲ-ਨਾਲ ਰੂਸੀ ਸੰਘ ਦੇ ਕਰਮੀਆਂ ਵਿਚਾਲੇ ਸੰਘਰਸ਼ ਦਾ ਪੁਖ਼ਤਾ ਸਬੂਤ ਹੈ।"
ਕੀ ਪੋਡੋਲਿਆਕ ਅਜਿਹਾ ਕੁਝ ਜਾਣਦੇ ਹਨ ਜੋ ਹੋਰ ਕੋਈ ਨਹੀਂ ਜਾਣਦਾ? ਜਾਂ ਉਹ ਹਾਲ ਦੇ ਦਿਨਾਂ ਵਿੱਚ ਰੂਸ ਨੂੰ ਮਿਲੀਆਂ ਹਾਰਾਂ ਨੂੰ ਲੈ ਕੇ ਰੂਸ ਦਾ ਮਜ਼ਾਕ ਉਡਾ ਰਹੇ ਸਨ।
ਸੱਚ ਇਹ ਹੈ ਕਿ ਸਾਨੂੰ ਨਹੀਂ ਪਤਾ।
ਪਿਛਲੀਆਂ ਕੁਝ ਘਟਨਾਵਾਂ ਜਿਵੇਂ ਰੂਸ ਦੇ ਬਲੈਕ ਸੀ ਫਲੀਟ ਦੇ ਮੁੱਖ ਜਹਾਜ਼ ਮੋਸਕਵਾ ਦੇ ਡੁੱਬਣ ਅਤੇ ਅਗਸਤ ਵਿੱਚ ਰੂਸੀ ਏਅਰਬੇਸ 'ਤੇ ਹੋਏ ਰਹੱਸਮਈ ਹਮਲੇ ਵਾਂਗ ਯੂਕਰੇਨ ਇਸ ਵਾਰ ਵੀ ਕਿਆਸਬਾਜ਼ੀ ਨਾਲ ਖੁਸ਼ ਹੈ।
ਇਹ ਯੂਕਰੇਨ ਦੀ ਇੱਕ ਬੇਹੱਦ ਸਫ਼ਲ ਸੰਚਾਰ ਮੁਹਿੰਮ ਦਾ ਹਿੱਸਾ ਹੈ, ਜੋ ਫਰਵਰੀ ਵਿੱਚ ਰੂਸ ਦੇ ਨਾਲ ਜੰਗ ਛੇੜਨ ਤੋਂ ਬਾਅਦ ਫੌਜੀ ਵਿਰੋਧ ਨਾਲ ਸ਼ੁਰੂ ਹੋਈ ਸੀ।
ਫਿਲਹਾਲ ਇਹ ਸਫ਼ਲ ਹੁੰਦੀ ਦਿਖ ਰਹੀ ਹੈ।

ਇਹ ਵੀ ਪੜ੍ਹੋ-













