ਕੈਨੇਡਾ ਵਿੱਚ ਪੜ੍ਹਾਈ ਨਾਲ ਨੌਕਰੀ ਕਰਨ ਵਾਲੇ ਵਿਦਿਆਰਥੀਆਂ ਬਾਰੇ ਸਰਕਾਰ ਨੇ ਲਿਆ ਇਹ ਫ਼ੈਸਲਾ

ਪ੍ਰਕਾਸ਼ਿਤ

ਕੈਨੇਡਾ ਵਿੱਚ ਪੜ੍ਹਨ ਜਾਂਦੇ ਵਿਦਿਆਰਥੀਆਂ ਲਈ ਇੱਕ ਚੰਗੀ ਖ਼ਬਰ ਹੈ, ਪਹਿਲਾਂ ਜਿੱਥੇ ਉਹ ਹਰ ਹਫ਼ਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਸਿਰਫ਼ 20 ਘੰਟੇ ਹੀ ਕੰਮ ਕਰ ਸਕਦੇ ਸਨ, ਹੁਣ ਕੈਨੇਡਾ ਸਰਕਾਰ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ ਹੈ।

ਹੁਣ ਕੌਮਾਂਤਰੀ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟਿਆਂ ਉੱਤੇ ਕੋਈ ਪਾਬੰਦੀ ਨਹੀਂ ਹੈ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪਰਵਾਸ, ਸ਼ਰਨਾਰਥੀਆਂ ਤੇ ਨਾਗਰਿਕਾਂ ਬਾਰੇ ਮੰਤਰੀ ਸ਼ੌਅਨ ਫਰੇਜ਼ਰ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

  • ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੀ 20 ਘੰਟੇ ਕੰਮ ਕਰਨ ਦੀ ਮਿਆਦ ਨੂੰ ਖ਼ਤਮ ਕਰਦਿਆਂ ਇਸ ਨੂੰ ਅਸੀਮਤ ਸਮੇਂ ਲਈ ਕਰ ਦਿੱਤਾ ਹੈ
  • ਪਰਵਾਸ, ਸ਼ਰਨਾਰਥੀਆਂ ਤੇ ਨਾਗਰਿਤਾ ਬਾਰੇ ਮੰਤਰੀ ਸ਼ੌਅਨ ਫਰੇਜ਼ਰ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
  • ਇਹ ਨੀਤੀ ਅਗਲੇ ਮਹੀਨੇ 15 ਨਵੰਬਰ ਤੋਂ ਲਾਗੂ ਹੋ ਰਹੀ ਹੈ ਜੋ ਸਾਲ 2023 ਦੇ ਅੰਤ ਤੱਕ ਜਾਰੀ ਰਹੇਗੀ
  • ਮੰਤਰੀ ਫਰੇਜ਼ਰ ਨੇ ਕਿਹਾ ਕਿ ਇਸ ਪੌਲਿਸੀ ਨਾਲ ਵਿਦਿਆਰਥੀਆਂ ਕੋਲ ਨੌਕਰੀਆਂ ਦੇ ਮੌਕੇ ਵਧਣਗੇ

ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਜਿੰਨੇ ਕਾਮੇ ਹਨ, ਉਨ੍ਹਾਂ ਨਾਲੋਂ ਵੱਧ ਨੌਕਰੀਆਂ ਹਨ ਅਤੇ ਇਹ ਹਾਲ ਕੈਨੇਡਾ ਵਿੱਚ ਹਰ ਪਾਸੇ ਹੈ ਤੇ ਕਾਮਿਆਂ ਦੀ ਕਾਫ਼ੀ ਕਮੀ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਕੁਝ ਵਿਦਿਆਰਥੀ ਸਰਵਿਸ ਜੌਬਸ ਯਾਨੀ ਆਪਣੀ ਫੀਲਡ ਤੋਂ ਵੱਖਰੀ ਨੌਕਰੀਆਂ ਕਰਨਗੇ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਕੁਝ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਨੌਕਰੀ ਮਿਲੇਗੀ।

ਨਵੀਂ ਪਾਲਿਸੀ ਲਾਗੂ ਕਦੋਂ ਹੋ ਰਹੀ

ਇਸ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਇਹ ਨੀਤੀ ਅਗਲੇ ਮਹੀਨੇ ਤੋਂ ਹੀ ਲਾਗੂ ਹੋ ਰਹੀ ਹੈ।

ਨਵੀਂ ਨੀਤੀ 15 ਨਵੰਬਰ ਤੋਂ ਲਾਗੂ ਹੋ ਰਹੀ ਹੈ ਜੋ ਸਾਲ 2023 ਦੇ ਅੰਤ ਤੱਕ ਜਾਰੀ ਰਹੇਗੀ, ਇਹ ਕੈਨੇਡਾ ਸਰਕਾਰ ਦਾ ਅਜੇ ਪਾਇਲਟ ਪ੍ਰੌਜੈਕਟ ਹੈ।

ਪਰਵਾਸ, ਸ਼ਰਨਾਰਥੀਆਂ ਤੇ ਨਾਗਰਿਤਾ ਬਾਰੇ ਮੰਤਰਾਲੇ ਮੁਤਾਬਕ ਇਸ ਬਦਲਾਅ ਦਾ ਤੁਸੀਂ ਫਾਇਦਾ ਤਾਂ ਹੀ ਲੈ ਸਕਦੇ ਹੋ ਜੇ...

  • ਤੁਹਾਨੂੰ ਸਟੱਡੀ ਪਰਮਿਟ ਪਹਿਲਾਂ ਤੋਂ ਜਾਰੀ ਹੋ ਗਿਆ ਹੈ
  • ਤੁਹਾਡਾ ਸਟੱਡੀ ਪਰਮਿਟ ਅਪਰੂਵ ਹੋ ਗਿਆ ਹੈ ਪਰ ਤੁਸੀਂ ਕੈਨੇਡਾ ਨਹੀਂ ਪਹੁੰਚੇ ਹੋ
  • ਤੁਸੀਂ ਕੈਨੇਡਾ ਦੇ ਸਟੱਡੀ ਪਰਮਿਟ ਲਈ 7 ਅਕਤੂਬਰ 2022 ਤੋਂ ਪਹਿਲਾਂ ਅਪਲਾਈ ਕੀਤਾ ਹੈ ਤੇ ਤੁਸੀਂ ਅਪਰੂਵਲ ਦਾ ਇੰਤਜ਼ਾਰ ਕਰ ਰਹੇ ਹੋ

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਕੈਨੇਡਾ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ 20 ਘੰਟੇ ਦੀ ਸੀਮਾ ਉਨ੍ਹਾਂ ਦੇ ਸ਼ੋਸ਼ਣ ਦਾ ਕਾਰਨ ਬਣਦੀ ਹੈ। ਕਿਉਂਕਿ ਉਹ ਬਿਨਾਂ ਕਿਸੇ ਵਾਧੂ ਭੱਤੇ ਦੇ ਕਈ ਘੰਟੇ ਜ਼ਿਆਦਾ ਕੰਮ ਕਰਦੇ ਹਨ।

'ਨਵੀਂ ਨੀਤੀ ਨਾਲ ਵਧਣਗੇ ਮੌਕੇ'

ਮੰਤਰੀ ਫਰੇਜ਼ਰ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਸ ਪੌਲਿਸੀ ਨਾਲ ਵਿਦਿਆਰਥੀਆਂ ਕੋਲ ਨੌਕਰੀਆਂ ਦੇ ਮੌਕੇ ਵਧਣਗੇ ਤੇ ਉਹ ਸ਼ੋਸ਼ਣ ਕਰਨ ਵਾਲੇ ਲੋਕਾਂ ਦੇ ਚੰਗੁਲ ਵਿੱਚ ਫਸਣ ਤੋਂ ਬਚਣਗੇ।

ਫਰੇਜ਼ਰ ਨੇ ਉਨ੍ਹਾਂ ਵੱਲੋਂ ਸਟੱਡੀ ਵੀਜ਼ਾ ਵਧਾਉਣ ਦੀਆਂ ਪੈਂਡਿੰਗ ਐਪਲੀਕਸ਼ਨਾਂ ਨੂੰ ਛੇਤੀ ਨਿਪਟਾਉਣ ਦੀ ਵੀ ਗੱਲ ਕੀਤੀ ਹੈ।

ਜੁਲਾਈ ਵਿੱਚ ਕੈਨੇਡਾ ਵਿੱਚ ਨੌਕਰੀਆਂ ਦੇ ਮੌਕਿਆਂ ਦੀ ਦਰ 5.4 ਫੀਸਦੀ ਸੀ ਜੋ ਅਪ੍ਰੈਲ ਵਿੱਚ ਤਾਂ 6 ਫੀਸਦ ਤੱਕ ਪਹੁੰਚ ਗਈ ਸੀ।

ਰਾਇਟਰਜ਼ ਅਨੁਸਾਰ ਜੁਲਾਈ ਵਿੱਚ ਕਰੀਬ 10 ਲੱਖ ਨੌਕਰੀਆਂ ਲਈ ਕੈਨੇਡਾ ਵਿੱਚ ਲੋਕਾਂ ਦੀ ਭਾਲ ਹੋ ਰਹੀ ਸੀ।

ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੁਕੇਸ਼ਨ ਅਨੁਸਾਰ ਸਾਲ 2021 ਵਿੱਚ ਕੈਨੇਡਾ ਵਿੱਚ 6 ਲੱਖ 21 ਹਜ਼ਾਰ 565 ਵਿਦਿਆਰਥੀ ਪੜ੍ਹ ਰਹੇ ਸਨ।

ਜੇ ਅਸੀਂ ਅੰਕੜਿਆਂ ਦੀ ਹੋਰ ਪੜਚੋਲ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਭਾਰਤ ਵਿੱਚੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨ ਆਉਂਦੇ ਹਨ।

ਕਰੀਬ 35 ਫੀਸਦੀ ਵਿਦਿਆਰਥੀ ਭਾਰਤ ਤੋਂ ਆਉਂਦੇ ਹਨ, ਦੂਜਾ ਨੰਬਰ ਚੀਨ ਦਾ ਹੈ ਜਿੱਥੋਂ 17 ਫੀਸਦੀ ਵਿਦਿਆਰਥੀ ਕੈਨੇਡਾ ਪੜ੍ਹਨ ਆਉਂਦੇ ਹਨ ਅਤੇ ਬਾਕੀ ਕਿਸੇ ਵੀ ਦੇਸ ਦਾ ਹਿੱਸਾ 4 ਫੀਸਦ ਤੋਂ ਵੱਧ ਨਹੀਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)