ਹਿੰਦੂਆਂ ਤੇ ਮੁਸਲਮਾਨਾਂ 'ਚ ਤਣਾਅ: ਬਰਮਿੰਘਮ ਵਿੱਚ ਮੰਦਰ ਬਾਹਰ ਪ੍ਰਦਰਸ਼ਨ ਤਾਂ ਲੈਸਟਰ ਵਿੱਚ ਡਰ ਦਾ ਮਾਹੌਲ

- ਲੇਖਕ, ਗਗਨ ਸੱਭਰਵਾਲ ਅਤੇ ਅਸ਼ੀਤਾ ਨਾਗੇਸ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਲੈਸਟਰ ਵਿੱਚ ਹਿੰਦੂ ਮੁਸਲਮਾਨਾਂ ਵਿਚਕਾਰ ਤਣਾਅ ਤੋਂ ਬਾਅਦ ਬਰਮਿੰਘਮ ਦੇ ਸਮੈਥਵਿਕ ਸਥਿਤ ਦੁਰਗਾ ਭਵਨ ਮੰਦਰ ਅਤੇ ਕਮਿਊਨਿਟੀ ਸੈਂਟਰ ਵਿਖੇ ਮੰਗਲਵਾਰ ਨੂੰ ਰੋਸ ਪ੍ਰਦਰਸ਼ਨ ਹੋਏ ਹਨ।
ਮੰਦਰ ਦੇ ਬਾਹਰ ਇਕੱਠੇ ਹੋਏ 200 ਤੋਂ ਵੱਧ ਲੋਕ ਸਾਧਵੀ ਰੀਤੰਬਰਾ ਦਾ ਵਿਰੋਧ ਕਰ ਰਹੇ ਸਨ। ਸਾਧਵੀ ਰੀਤੰਬਰਾ ਮੰਦਰ ਵਿੱਚ ਰੱਖੇ ਇੱਕ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਸਨ।
ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਸੀ ਕਿ ਸਾਧਵੀ ਰੀਤੰਬਰਾ 'ਮੁਸਲਮਾਨ ਵਿਰੋਧੀ' ਹਨ ਅਤੇ ਉਨ੍ਹਾਂ ਦਾ ਬਾਬਰੀ ਮਸਜਿਦ ਨੂੰ ਢਾਹੇ ਜਾਣ ਵਿੱਚ ਰੋਲ ਸੀ।
ਸਾਧਵੀ ਸਾਲ 1990 ਵਿਆਂ ਵਿੱਚ ਚਰਚਾ ਵਿੱਚ ਆਏ ਸਨ ਅਤੇ ਉਹ ਆਰਐੱਸਐੱਸ ਦੀ ਮਹਿਲਾ ਵਿੰਗ ਦੀ ਲੀਡਰ ਸਨ।
ਸਾਧਵੀ ਦਾ ਸਮਾਗਮ ਰੱਦ ਹੋਣ ਦੇ ਬਾਵਜੂਦ ਵੀ ਪ੍ਰਦਰਸ਼ਨਕਾਰੀ ਜਾਣ ਲਈ ਤਿਆਰ ਨਹੀਂ ਸਨ। ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਸਿਹਤ ਦੇ ਕਾਰਨਾਂ ਕਰਕੇ ਸਮਾਗਮ ਵਿੱਚ ਸ਼ਮੂਲੀਅਤ ਰੱਦ ਕੀਤੀ।
ਸਮੈਥਵਿਕ ਅਤੇ ਸੈਂਡਵੈਲ ਵਿੱਚ ਫੇਥਫੁੱਲ ਫ੍ਰੈਂਡਜ਼ ਇੰਟਰਫੇਥ ਦੀ ਟੀਮ ਨੇ ਜਿਸ ਵਿੱਚ ਮੁਸਲਿਮ, ਸਿੱਖ ਅਤੇ ਈਸਾਈ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹਨ, ਦੁਰਗਾ ਭਵਨ ਮੰਦਰ ਵਿੱਚ ਹਿੰਦੂ ਟਰੱਸਟੀਆਂ ਦੇ ਨਾਲ ਇੱਕਜੁੱਟਤਾ ਦਿਖਾਈ।
ਉਨ੍ਹਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, ''ਸਾਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਕੁਝ ਲੋਕ ਨੇ ਬੀਤੀ ਰਾਤ ਸਮੈਥਵਿਕ ਵਿੱਚ ਦੁਰਗਾ ਭਵਨ ਦੇ ਬਾਹਰ ਇੱਕ ਯੋਜਨਾਬੱਧ ਸਮਾਗਮ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ।''
''ਸਮਾਗਮ ਵਿੱਚ ਬੁਲਾਰੇ ਦੇ ਭਾਸ਼ਣ ਦੇ ਰੱਦ ਹੋਣ ਵਾਲਾ ਬਿਆਨ ਪਹਿਲਾਂ ਹੀ ਭੇਜਿਆ ਜਾ ਚੁੱਕਾ ਸੀ।"
"ਅਸੀਂ ਭਾਈਚਾਰਿਆਂ ਵਿਚਕਾਰ ਗੱਲਬਾਤ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਇਹ ਮਤਭੇਦਾਂ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਤੇ ਸੈਂਡਵੈਲ ਵਿੱਚ ਇਸ ਲਈ ਕੰਮ ਕਰਨਾ ਜਾਰੀ ਰੱਖਾਂਗੇ।"
"ਕੁਝ ਅਜਿਹੇ ਸਨ ਜੋ ਸੋਚਦੇ ਸਨ ਕਿ ਹਿੰਸਾ ਉਨ੍ਹਾਂ ਚੀਜ਼ਾਂ ਦਾ ਜਵਾਬ ਦੇਣ ਦਾ ਤਰੀਕਾ ਹੈ ਜਿਸ ਨਾਲ ਉਹ ਅਸਹਿਮਤ ਹਨ।"
ਵੈਲਟ ਮਿੰਡਲੈਂਡ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮੰਦਰ ਕੋਲ ਹੋਣ ਵਾਲੇ ਪ੍ਰਦਰਸ਼ਨ ਬਾਰੇ ਜਾਣੂ ਸਨ ਅਤੇ ਇਲਾਕਾ ਅਤੇ ਪੂਰੇ ਖੇਤਰ ਦੀ ਸਥਿਤੀ ਨੂੰ ਦੇਖ ਰਹੇ ਹਨ।

- ਬਰਮਿੰਘਮ ਵਿੱਚ ਮੰਦਰ ਦੇ ਬਾਹਰ ਪ੍ਰਦਰਸ਼ਨ
- ਲੈਸਟਰ 'ਚ ਹਿੰਦੂ-ਮੁਸਲਮਾਨਾਂ ਵਿਚਕਾਰ ਤਣਾਅ ਤੋਂ ਬਾਅਦ ਡਰ ਦਾ ਵਾਲਾ ਮਹੌਲ
- ਹਿੰਸਾ ਵਿੱਚ ਬਾਹਰੀ ਲੋਕਾਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ
- ਕੁੱਲ 47 ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
- ਅਸ਼ਾਂਤੀ ਦੌਰਾਨ ਵੀ ਲੋਕਾਂ ਨੇ ਦਿਖਾਈ ਹਿੰਦੂ-ਮੁਲਸਮਾਨ ਏਕਤਾ
- ਤਿਉਹਾਰਾਂ ਦੇ ਸੀਜ਼ਨ ਵਿੱਚ ਵਪਾਰ ਉੱਪਰ ਮਾੜੇ ਪ੍ਰਭਾਵ ਦਾ ਦੁਕਾਨਦਾਰਾਂ 'ਚ ਡਰ

ਲੈਸਟਰ ਵਿੱਚ ਡਰ ਵਾਲਾ ਮਹੌਲ
"ਲੋਕ ਬਾਹਰ ਨਹੀਂ ਨਿਕਲ ਰਹੇ। ਉਹ ਡਰੇ ਹੋਏ ਹਨ।"
ਜੈ ਪਟੇਲ ਲੈਸਟਰ ਦੇ ਗੋਲਡ ਮੀਲ ਵਿੱਚ ਸ਼ਨੀਵਾਰ ਰਾਤ ਨੂੰ ਆਪਣੇ ਸ਼ਿਵ ਸਾਗਰ ਨਾਂ ਦੇ ਵੈਸ਼ਨੂੰ ਰੈਸਟੋਰੈਂਟ 'ਤੇ ਭੋਜਨ ਵਰਤਾ ਰਹੇ ਸਨ।
ਉਸ ਸਮੇਂ ਕਰੀਬ 80 ਗਾਹਕਾਂ ਨਾਲ ਇਹ ਭਰਿਆ ਹੋਇਆ ਸੀ। ਜਦੋਂ ਕੁਝ ਨੌਜਵਾਨਾਂ ਦਾ ਇਕੱਠ ਕੂਚ ਕਰਕੇ ਆਇਆ ਤਾਂ ਏਥੇ ਕਈ ਜੋੜੇ, ਪਰਿਵਾਰ ਅਤੇ ਇੱਥੋਂ ਤੱਕ ਕਿ ਲੋਕਲ ਕੌਂਸਲਰ ਬੈਠੇ ਸਨ।
ਪਟੇਲ ਨੇ ਦੱਸਿਆ ਕਿ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਸ ਰਾਤ ਕਈ ਸੌ ਬੰਦੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਮਾਸਕ ਪਾਏ ਹੋਏ ਸਨ ਅਤੇ ਸਿਰ ਤੋਂ ਪੈਰਾਂ ਤੱਕ ਕਾਲਾ ਪਹਿਰਾਵਾ ਸੀ। ਕੁਝ ਹਥਿਆਰਾਂ ਨਾਲ ਵੀ ਆਏ ਸਨ। ਇਹ ਬਹੁਤ ਡਰਾਉਣਾ ਸੀ।
ਉਹ ਕਹਿੰਦੇ ਹਨ, "ਲੋਕ ਇਸ ਪਾਸੇ ਤੋਂ ਦੂਜੇ ਪਾਸੇ ਵੱਲ ਨੂੰ ਭੱਜ ਰਹੇ ਸਨ। ਅਸੀਂ ਸਾਰੇ ਦਰਵਾਜ਼ੇ ਅਤੇ ਪਰਦੇ ਬੰਦ ਕਰ ਲਏ। ਇਹ ਬਹੁਤ ਡਰਾਉਣਾ ਸੀ।"
ਉਹ ਦੱਸਦੇ ਹਨ ਕਿ ਉਸ ਸਮੇਂ ਤੋਂ ਲੋਕ ਫੋਨ ਕਰਕੇ ਆਪਣੀ ਬੁਕਿੰਗ ਰੱਦ ਕਰ ਰਹੇ ਹਨ ਅਤੇ ਸ਼ਿਵ ਸਾਗਰ ਦਾ ਖਾਣ ਵਾਲਾ ਕਮਰਾ ਲਗਭਗ ਖਾਲੀ ਪਿਆ ਹੈ।
ਪਟੇਲ ਇਸ ਨੂੰ ਅਸਧਾਰਨ ਦੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਸ਼ੁਰੂ ਕੀਤੇ ਹੋਏ ਚਾਰ ਸਾਲ ਹੋ ਗਏ ਹਨ ਪਰ ਇਸ ਸਮੇਂ ਰੈਸਟੋਰੈਂਟ ਆਮ ਤੌਰ 'ਤੇ ਭਰਿਆ-ਭਰਿਆ ਹੁੰਦਾ ਸੀ।
ਉਹ ਕਹਿੰਦੇ ਹਨ ਕਿ ਲੋਕ ਆਪਣੇ ਮੇਜ਼ਾਂ ਦੀ ਬੁਕਿੰਗ ਰੱਦ ਕਰ ਰਹੇ ਹਨ ਅਤੇ ਕਹਿੰਦੇ ਹਨ, 'ਅਸੀਂ ਉੱਥੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਇਹ ਸਭ ਹੋ ਰਿਹਾ ਹੈ।"
"ਲੋਕ ਆਮ ਤੌਰ 'ਤੇ ਤਿੰਨ ਅਤੇ ਚਾਰ ਦੇ ਸਮੂਹਾਂ ਵਿੱਚ ਆਉਂਦੇ ਹਨ ਪਰ ਹੁਣ ਕੋਈ ਨਹੀਂ ਹੈ।"
ਕ੍ਰਿਕਟ ਮੈਚ ਅਤੇ ਅਸ਼ਾਂਤੀ
ਲੈਸਟਰ ਦੀ ਅਸ਼ਾਂਤੀ ਸ਼ਹਿਰ ਵਿੱਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਕਾਰ ਕਈ ਹਫ਼ਤਿਆਂ ਤੋਂ ਵੱਧ ਰਹੇ ਤਣਾਅ ਦਾ ਸਿੱਟਾ ਸੀ।
ਇਹ ਕਥਿਤ ਤੌਰ 'ਤੇ ਅਗਸਤ ਦੇ ਅਖੀਰ ਵਿੱਚ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ ਸ਼ੁਰੂ ਹੋਇਆ ਸੀ। ਹਾਲਾਂਕਿ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਸਿਆਸਤ ਨਾਲ ਭਰਿਆ ਹੁੰਦਾ ਹੈ।
ਸਭ ਲੋਕ ਜਿਸ ਸਾਂਝੀ ਗੱਲ ਉਪਰ ਸਹਿਮਤ ਹੁੰਦੇ ਹਨ ਉਹ ਇਹ ਹੈ ਕਿ ਇਸ ਵਿੱਚ ਕੁਝ ਵੀ ਕ੍ਰਿਕਟ ਬਾਰੇ ਨਹੀਂ ਹੈ।
ਹੁਣ ਇਹ ਸਭ ਅਟਕਲਾਂ ਦਾ ਵਿਸ਼ਾ ਹੈ ਕਿ ਕੀ ਮੈਚ ਨੇ ਮੌਜੂਦਾ ਤਣਾਅ ਨੂੰ ਭੜਕਾਇਆ ਜਾਂ ਇਸ ਨੇ ਬਾਹਰੋਂ ਭੜਕਾਉਣ ਵਾਲਿਆਂ ਲਈ ਇੱਕ ਮੌਕੇ ਵਜੋਂ ਕੰਮ ਕੀਤਾ।
ਕੁੱਲ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ 20 ਨੂੰ ਵੀਕੈਂਡ 'ਤੇ ਫੜਿਆ ਗਿਆ। ਕਈਆਂ ਨੂੰ ਹਥਿਆਰ ਰੱਖਣ ਲਈ ਸਜ਼ਾ ਸੁਣਾਈ ਗਈ ਹੈ।
ਲੜਾਈ ਸੋਸ਼ਲ ਮੀਡੀਆ ਉੱਤੇ ਵੀ ਫੈਲ ਗਈ ਹੈ। ਧਰਮ ਦੇ ਕਾਰਨ ਹਮਲਿਆਂ ਦੀ ਗੱਲਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਹਾਲਾਂਕਿ ਇੱਕ ਮਾਮਲੇ ਵਿੱਚ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਅਜਿਹਾ ਨਹੀਂ ਹੋਇਆ ਹੈ।
ਬੁੱਧਵਾਰ ਨੂੰ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਬਿਨਾਂ ਸਬੂਤਾਂ ਅਤੇ ਆਧਾਰ ਉੱਤੇ ਕੁਝ ਵੀ ਸਾਂਝਾ ਨਾ ਕਰਨ।
ਲੈਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਚਾਕੂ ਰੱਖਣ ਦੇ ਦੋਸ਼ ਵਿੱਚ ਇੱਕ ਸ਼ਖ਼ਸ ਨੂੰ ਸਜ਼ਾ ਸੁਣਾਈ ਹੈ। ਇਹ ਵਿਅਕਤੀ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਸੀ।
ਹਿੰਦੂਆਂ ਅਤੇ ਮੁਸਲਮਾਨਾਂ ਦੇ ਇਲਾਕਿਆਂ 'ਚ ਫ਼ਿਰਕੂ ਗਤੀਵਿਧੀਆਂ
ਸੋਸ਼ਲ ਮੀਡੀਆ 'ਤੇ ਹਿੰਦੂਆਂ ਅਤੇ ਮੁਸਲਮਾਨਾਂ ਵੱਲੋਂ ਸਾਂਝੀ ਕੀਤੀ ਗਈ ਫੁਟੇਜ ਕਥਿਤ ਤੌਰ 'ਤੇ ਪਿਛਲੇ ਕੁਝ ਹਫ਼ਤਿਆਂ ਵਿੱਚ ਅਸ਼ਾਂਤੀ ਦੌਰਾਨ ਲਈ ਗਈ ਸੀ।
ਇਸ ਵਿੱਚ ਦੋਵਾਂ ਪਾਸਿਆਂ ਦੇ ਲੋਕ, ਨਕਾਬਪੋਸ਼ ਆਦਮੀ ਹਿੰਦੂ-ਬਹੁਗਿਣਤੀ ਖੇਤਰਾਂ ਵਿੱਚ ਲੋਕਾਂ ਦੀਆਂ ਖਿੜਕੀਆਂ ਨੂੰ ਭੰਨਣ ਦੀ ਕੋਸ਼ਿਸ਼ ਕਰਦੇ ਹਨ ਅਤੇ ਧਾਰਮਿਕ ਸਜਾਵਟ ਨੂੰ ਹੇਠਾਂ ਖਿੱਚਦੇ ਹਨ। ਮੁਸਲਿਮ-ਅਬਾਦੀ ਵਾਲੀਆਂ ਗਲੀਆਂ ਵਿੱਚ "ਜੈ ਸ਼੍ਰੀ ਰਾਮ" ਦੇ ਨਾਅਰੇ ਲਾਉਂਦੇ ਹਨ।
ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਵਿਅਕਤੀ ਬੇਲਗ੍ਰੇਵ ਰੋਡ 'ਤੇ ਇੱਕ ਹਿੰਦੂ ਮੰਦਰ ਦੀ ਛੱਤ 'ਤੇ ਚੜ੍ਹਦਾ ਹੈ ਅਤੇ ਧਾਰਮਿਕ ਝੰਡੇ ਨੂੰ ਹੇਠਾਂ ਖਿੱਚਦਾ ਹੈ।
ਇੱਕ ਹੋਰ ਵੀਡੀਓ ਵਿੱਚ ਜੋ ਕਿ ਮੰਦਰ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਗਈ ਹੈ ਉਸ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਮੰਦਰ ਦੇ ਝੰਡੇ ਨੂੰ ਅੱਗ ਲਗਾ ਦਿੱਤੀ ਹੈ।

ਇਹ ਵੀਡੀਓ ਕਥਿਤ ਤੌਰ 'ਤੇ ਸ਼ਨੀਵਾਰ ਰਾਤ ਨੂੰ ਅਸ਼ਾਂਤੀ ਦੌਰਾਨ ਬਣਾਈਆਂ ਗਈਆਂ ਸਨ। ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਵੀ ਇਸ ਖੇਤਰ ਵਿੱਚ ਡਰ ਦਾ ਮਾਹੌਲ ਹੈ।
ਜਦੋਂ ਬੀਬੀਸੀ ਪੱਤਰਕਾਰ ਮੰਦਰ ਗਈ ਤਾਂ ਦਰਵਾਜ਼ਾ ਬੰਦ ਸੀ। ਇੱਕ ਔਰਤ ਦਰਵਾਜ਼ਾ ਖੋਲ੍ਹਦੀ ਹੈ ਪਰ ਪੱਤਰਕਾਰ ਹੋਣ ਬਾਰੇ ਦੱਸਣ 'ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਪ੍ਰੈੱਸ ਨਾਲ ਗੱਲ ਨਹੀਂ ਕਰ ਰਹੇ ਹਨ। ਮੰਦਰ ਦੀ ਐਂਟਰੀ ਉੱਤੇ ਇੱਕ ਸੜਿਆ ਝੰਡਾ ਲਟਕਿਆ ਹੋਇਆ ਸੀ।
ਕਿਸ਼ੋਰ ਚੌਹਾਨ ਪਿਛਲੇ 45 ਸਾਲਾਂ ਤੋਂ ਮੰਦਰ ਦੇ ਸਾਹਮਣੇ ਦੁਕਾਨ ਚਲਾ ਰਹੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਲੈਸਟਰ ਵਿੱਚ ਅਜਿਹਾ ਕਦੇ ਨਹੀਂ ਦੇਖਿਆ।
"ਇਹ ਅਸਲ ਵਿੱਚ ਡਰਾਉਣ ਵਾਲਾ ਸੀ। ਇਹ ਪਹਿਲੀ ਵਾਰ ਹੈ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੇ ਨਸਲੀ ਦੰਗੇ ਹੋਏ ਹਨ।"

ਇਹ ਵੀ ਪੜ੍ਹੋ:

ਹਿੰਦੂ ਤਿਉਹਾਰ ਆਮ ਤੌਰ 'ਤੇ ਚੌਹਾਨ ਲਈ ਅਤੇ ਗੋਲਡਨ ਮੀਲ ਦੇ ਹੋਰ ਕਾਰੋਬਾਰੀਆਂ ਲਈ ਰੁਝੇਵੇ ਵਾਲਾ ਸਮਾਂ ਹੁੰਦਾ ਹੈ।
ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਚਿੰਤਾ ਹੈ ਕਿ ਅਸ਼ਾਂਤੀ ਲੋਕਾਂ ਨੂੰ ਦੁਕਾਨਾਂ 'ਤੇ ਆਉਣ ਤੋਂ ਰੋਕ ਦੇਵੇਗੀ।
ਨਰਾਤਿਆਂ ਦਾ ਨੌ ਦਿਨਾਂ ਦਾ ਤਿਉਹਾਰ ਅਗਲੇ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਦੀਵਾਲੀ 24 ਅਕਤੂਬਰ ਨੂੰ ਮਨਾਈ ਜਾਣੀ ਹੈ।
ਚੌਹਾਨ ਕਹਿੰਦੇ ਹਨ, "ਮੈਨੂੰ ਉਮੀਦ ਹੈ ਕਿ ਲੋਕ ਹੁਣ ਇਸ ਨੂੰ ਸਮਝਣਾ ਸ਼ੁਰੂ ਕਰ ਦੇਣਗੇ। ਜੇਕਰ ਇਹ ਪੂਰੇ ਸੀਜ਼ਨ ਦੌਰਾਨ ਜਾਰੀ ਰਿਹਾ ਤਾਂ ਕਾਰੋਬਾਰ ਵਿੱਚ ਵਿਘਨ ਪੈ ਜਾਵੇਗਾ।''
''ਕਾਰੋਬਾਰੀ ਪੱਖ ਤੋਂ ਇਲਾਵਾ ਵੀ ਜੇ ਲੈਸਟਰ ਤੋਂ ਬਾਹਰਲੇ ਲੋਕ ਲੈਸਟਰ ਆਉਣ ਤੋਂ ਡਰਦੇ ਹਨ ਤਾਂ ਇਹ ਆਪਣੀ ਹੋਂਦ ਗੁਆ ਦੇਵੇਗਾ। ਇਸਨੇ ਹਮੇਸ਼ਾ ਬਾਹਰੋਂ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ।"

ਭਾਰਤ ਵਿੱਚ ਤਣਅ ਕੋਈ ਨਵੀਂ ਗੱਲ ਨਹੀਂ
ਭਾਰਤ ਵਿੱਚ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਵਿੱਚ ਟਕਰਾਅ ਆਮ ਗੱਲ ਹੈ। ਇਥੇ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ।
ਹਾਲ ਹੀ ਦੇ ਸਾਲਾਂ ਵਿੱਚ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਧੜੇਬੰਦੀ ਅਤੇ ਨਫ਼ਰਤੀ ਅਪਰਾਧਾਂ ਵਿੱਚ ਕਾਫ਼ੀ ਵਾਧਾ ਦੇਖਿਆ ਗਿਆ ਹੈ।
ਘੱਟ ਗਿਣਤੀ ਭਾਈਚਾਰਿਆਂ ਅਤੇ ਮਨੁੱਖੀ ਅਧਿਕਾਰ ਸਮੂਹਾਂ ਵਿੱਚ ਡਰ ਪੈਦਾ ਹੋਇਆ ਹੈ ਕਿ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਵਿੱਚ ਸਥਿਤੀ ਹੋਰ ਵਿਗੜ ਗਈ ਹੈ।
ਪਿਛਲੇ ਸਾਲ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਹਿਊਮਨ ਰਾਈਟਸ ਵਾਚ ਨੇ ਚੇਤਾਵਨੀ ਦਿੱਤੀ ਸੀ ਕਿ 2014 ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੇ "ਵੱਖ-ਵੱਖ ਵਿਧਾਨਕ ਅਤੇ ਹੋਰ ਕਾਰਵਾਈਆਂ ਕੀਤੀਆਂ ਹਨ ਜਿਨ੍ਹਾਂ ਨੇ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਵਿਤਕਰੇ ਨੂੰ ਜਾਇਜ਼ ਠਹਿਰਾਇਆ ਹੈ ਅਤੇ ਹਿੰਸਕ ਹਿੰਦੂ ਰਾਸ਼ਟਰਵਾਦ ਨੂੰ ਸਮਰੱਥ ਬਣਾਇਆ ਹੈ।"
ਫਰਵਰੀ 2020 ਵਿੱਚ ਦਿੱਲੀ ਦੀ ਫਿਰਕੂ ਹਿੰਸਾ ਵਿੱਚ 53 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚੋਂ 40 ਮੁਸਲਮਾਨ ਸਨ। ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਕਈ ਹਫ਼ਤੇ ਸ਼ਾਂਤਮਈ ਪ੍ਰਦਰਸ਼ਨ ਚੱਲੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਡਰ ਸੀ ਕਿ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਫਰਵਰੀ 2002 ਵਿੱਚ ਗੁਜਰਾਤ ਵਿੱਚ ਤਿੰਨ ਦਿਨਾਂ ਦੇ ਮੁਸਲਮਾਨ ਵਿਰੋਧੀ ਦੰਗਿਆਂ ਦੌਰਾਨ 1,000 ਤੋਂ ਵੱਧ ਲੋਕ ਮਾਰੇ ਗਏ ਸਨ।

ਕੀ ਹਿੰਸਾ 'ਤੇ ਬਾਹਰੀ ਪ੍ਰਭਾਵ ਸੀ?
ਇਸ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਹਿੰਸਾ ਵਿੱਚ ਬਾਹਰੀ ਪ੍ਰਭਾਵ ਸ਼ਾਮਲ ਸਨ। ਲੈਸਟਰ ਦੀ ਪੁਲਿਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਵੱਡੀ ਗਿਣਤੀ ਸ਼ਹਿਰ ਦੇ ਨਹੀਂ ਸਨ।
ਸੋਮਵਾਰ ਨੂੰ ਅਸਥਾਈ ਚੀਫ ਕਾਂਸਟੇਬਲ ਰੌਬ ਨਿਕਸਨ ਨੇ ਕਿਹਾ ਕਿ ਉਨ੍ਹਾਂ ਨੇ "ਦੂਜੇ ਸ਼ਹਿਰਾਂ ਤੋਂ ਲੋਕਾਂ ਦਾ ਇੱਕ ਸਮੂਹ ਵਿਘਨ ਪਾਉਣ ਅਤੇ ਨੁਕਸਾਨ ਪਹੁੰਚਾਉਣ ਲਈ ਸ਼ਹਿਰ ਵਿੱਚ ਆਉਂਦੇ ਦੇਖਿਆ ਹੈ।"
ਕੁਝ ਕਾਰਕੁਨਾਂ ਦਾ ਅਨੁਮਾਨ ਹੈ ਕਿ ਭਾਰਤ ਦੇ ਹਿੰਦੂ ਰਾਸ਼ਟਰਵਾਦੀ ਸਮੂਹ ਵੀ ਇਸ ਵਿੱਚ ਸ਼ਾਮਲ ਹਨ।
ਯੂਕੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਹਿੰਸਾ ਬਹੁਤ ਘੱਟ ਹੁੰਦੀ ਹੈ। ਖਾਸ ਕਰਕੇ ਲੈਸਟਰ ਵਿੱਚ ਜੋ ਏਕਤਾ ਦੀ ਆਪਣੀ ਮਜ਼ਬੂਤ ਭਾਵਨਾ ਲਈ ਜਾਣਿਆ ਜਾਂਦਾ ਹੈ।
ਯੂਕੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਲੰਬੇ ਸਮੇਂ ਤੋਂ ਏਕਤਾ ਰਹੀ ਹੈ ਕਿਉਂਕਿ ਦੋਹਾਂ ਘੱਟ-ਗਿਣਤੀ ਭਾਈਚਾਰਿਆਂ ਨੂੰ ਬ੍ਰਿਟੇਨ ਵਿੱਚ ਨਸਲਵਾਦ ਅਤੇ ਵਿਤਕਰੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੰਗਲਵਾਰ ਨੂੰ ਲੈਸਟਰ ਦੀ ਜਾਮਾ ਮਸਜਿਦ ਦੀਆਂ ਪੌੜੀਆਂ 'ਤੇ ਦਿੱਤੇ ਗਏ ਇੱਕ ਸਾਂਝੇ ਬਿਆਨ ਵਿੱਚ ਦੋਵਾਂ ਧਰਮਿਕ ਸਮੂਹਾਂ ਦੇ ਭਾਈਚਾਰੇ ਦੇ ਨੇਤਾਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਹਾ, "ਸਾਡੇ ਦੋਵੇਂ ਧਰਮ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਇਸ ਸ਼ਾਨਦਾਰ ਸ਼ਹਿਰ ਵਿੱਚ ਇਕਸੁਰਤਾ ਨਾਲ ਰਹਿੰਦੇ ਹਨ।"
"ਅਸੀਂ ਇਕੱਠੇ ਇਸ ਸ਼ਹਿਰ ਵਿੱਚ ਆਏ। ਅਸੀਂ ਇੱਕੋ ਜਿਹੀਆਂ ਚੁਣੌਤੀਆਂ ਦਾ ਇਕੱਠੇ ਮਿਲ ਕੇ ਸਾਹਮਣਾ ਕੀਤਾ। ਅਸੀਂ ਨਸਲੀ ਨਫ਼ਰਤ ਕਰਨ ਵਾਲਿਆਂ ਨਾਲ ਮਿਲ ਕੇ ਲੜੇ ਅਤੇ ਅਸੀਂ ਸਮੂਹਿਕ ਤੌਰ 'ਤੇ ਇਸ ਸ਼ਹਿਰ ਨੂੰ ਵਿਭਿੰਨਤਾ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਬਣਾਇਆ।"

ਉਨ੍ਹਾਂ ਦੇ "ਦਿਲ ਟੁੱਟ ਗਏ" ਸਨ ਅਤੇ ਉਹ ਕਹਿੰਦੇ ਹਨ, "ਬੇਕਸੂਰ ਵਿਅਕਤੀਆਂ 'ਤੇ ਸਰੀਰਕ ਹਮਲੇ ਅਤੇ ਜਾਇਦਾਦ ਨੂੰ ਗੈਰ-ਵਾਜਬ ਨੁਕਸਾਨ ਪਹੁੰਚਾਉਣਾ ਇੱਕ ਚੰਗੇ ਸਮਾਜ ਦਾ ਹਿੱਸਾ ਨਹੀਂ ਹਨ।''
''ਅਸਲ ਵਿੱਚ ਇਹ ਸਾਡੇ ਵਿਸ਼ਵਾਸ ਦਾ ਹਿੱਸਾ ਨਹੀਂ ਹੈ। ਅਸੀਂ ਜੋ ਦੇਖਿਆ ਹੈ, ਅਸੀਂ ਉਹ ਨਹੀਂ ਹਾਂ।"
ਫੈਡਰੇਸ਼ਨ ਆਫ਼ ਮੁਸਲਿਮ ਆਰਗੇਨਾਈਜ਼ੇਸ਼ਨਜ਼ ਇਨ ਲੈਸਟਰ ਦੀ ਅਸਮੀਨ ਸੁਰਤੀ ਨੇ ਦੱਸਿਆ ਕਿ ਸਮੱਸਿਆ ਦਾ ਇੱਕ ਕਾਰਨ ਭਾਈਚਾਰੇ ਦੇ ਲੀਡਰਾਂ ਉਪਰ "ਪ੍ਰਾਚੀਨ" ਪ੍ਰਭਾਵ ਦਾ ਹੋਣਾ ਹੈ।
ਉਹ ਕਹਿੰਦੀ ਹੈ, "ਸਾਨੂੰ ਗੱਲਬਾਤ ਕਰਨ ਦੀ ਲੋੜ ਹੈ ਅਤੇ ਸਪੱਸ਼ਟ ਤੌਰ 'ਤੇ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਇਨ੍ਹਾਂ ਨੌਜਵਾਨਾਂ ਤੱਕ ਕਿਵੇਂ ਪਹੁੰਚਦੇ ਹਾਂ ਜੋ ਮਸਜਿਦਾਂ ਅਤੇ ਮੰਦਰਾਂ ਵਿੱਚ ਬਜ਼ੁਰਗਾਂ ਦੇ ਸੰਪਰਕ ਵਿੱਚ ਨਹੀਂ ਹਨ। ਸਾਨੂੰ ਬਹੁਤ ਕੁਝ ਸਿੱਖਣ ਹੋਵੇਗਾ।"
ਮੱਧ ਪੂਰਬ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਲਈ ਫੰਡ ਇਕੱਠਾ ਕਰਨ ਵਾਲੇ ਮਜੀਦ ਫ੍ਰੀਮੈਨ ਨੇ ਕਿਹਾ ਕਿ ਉਹ ਇਸ ਗੱਲ ਕਰਕੇ ਗੁੱਸੇ ਵਿੱਚ ਹੈ ਕਿ ਉਹ ਪੁਲਿਸ ਕਾਰਵਾਈ ਦੀ ਘਾਟ ਸੀ। "ਇਹ ਦੰਗਿਆਂ ਦੇ ਹੋਣ ਦੀ ਉਡੀਕ ਕਰਨ ਵਰਗਾ ਸੀ।"
ਉਸ ਨੇ ਕਿਹਾ ਕਿ ਸ਼ਨੀਵਾਰ ਨੂੰ ਪ੍ਰਦਰਸ਼ਨ 'ਤੇ ਪੁਲਿਸ ਦੇ ਜਵਾਬ ਨੂੰ ਲੈ ਕੇ ਭਾਈਚਾਰੇ ਵਿੱਚ ਕਈ ਸਵਾਲ ਹਨ।
ਹਾਲਾਂਕਿ ਅਸਥਾਈ ਚੀਫ ਕਾਂਸਟੇਬਲ ਰੌਬ ਨਿਕਸਨ ਮਿਸਟਰ ਨਿਕਸਨ ਨੇ ਕਿਹਾ ਹੈ ਕਿ ਪੁਲਿਸ "ਤੁਹਾਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਨਿਆਂ ਤੱਕ ਲਿਆਉਣ ਲਈ ਕੰਮ ਕਰ ਰਹੀ ਹੈ ਜੋ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ।"
ਏਕਤਾ ਦੀਆਂ ਝਲਕੀਆਂ
ਪਟੇਲ ਅਨੁਸਾਰ ਹਿੰਸਾ ਦੇ ਸਿਖਰ 'ਤੇ ਵੀ ਏਕਤਾ ਦੀਆਂ ਝਲਕੀਆਂ ਸਨ।
ਜਿਵੇਂ ਹੀ ਸ਼ਨੀਵਾਰ ਰਾਤ ਨੂੰ ਨਕਾਬਪੋਸ਼ ਬੰਦਿਆਂ ਦੀ ਭੀੜ ਨੇ ਸ਼ਿਵ ਸਾਗਰ ਨੂੰ ਘੇਰ ਲਿਆ ਤਾਂ ਮੁਸਲਮਾਨ ਭਾਈਚਾਰੇ ਦਾ ਇੱਕ ਨੇਤਾ ਵੱਡੀ ਗਿਣਤੀ ਵਿੱਚ ਹਿੰਦੂ ਗਾਹਕਾਂ ਨੂੰ ਸੁਰੱਖਿਅਤ ਢੰਗ ਨਾਲ ਰੈਸਟੋਰੈਂਟ 'ਚੋ ਬਾਹਰ ਕੱਢਣ ਲਈ ਅੰਦਰ ਆਇਆ।
ਪਟੇਲ ਕਹਿੰਦੇ ਹਨ, "ਮੁਸਲਿਮ ਭਾਈਚਾਰੇ ਦੇ ਮੁੰਡਿਆਂ ਵਿੱਚੋਂ ਇੱਕ ਜਿਸ ਦਾ ਮੈਨੂੰ ਨਾਮ ਨਹੀਂ ਪਤਾ ਪਰ ਉਹ ਅੰਦਰ ਆਇਆ ਅਤੇ ਫਿਰ ਇੱਕ-ਇੱਕ ਕਰਕੇ ਉਸ ਨੇ ਹਰੇਕ ਪਰਿਵਾਰ ਨੂੰ ਲਿਆ ਅਤੇ ਉਹਨਾਂ ਨੂੰ ਛੱਡਣ ਲਈ ਨਾਲ ਲੈ ਗਿਆ।"
"ਉਸ ਨੇ ਕਿਹਾ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਇਹ ਮੇਰੀ ਤਰਜੀਹ ਹੈ।''
ਗਾਹਕ ਇੱਕ-ਇੱਕ ਕਰਕੇ ਉਸਦੇ ਨਾਲ ਬਾਹਰ ਚਲੇ ਗਏ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












