ਮਿਖਾਇਲ ਗੋਰਬਾਚੇਵ ਦਾ ਦੇਹਾਂਤ : ਕਾਮਰੇਡ, ਜਿਸ ਦੀ ਸੱਤਾ ਦੌਰਾਨ ਸੋਵੀਅਤ ਯੂਨੀਅਨ ਖਿੰਡ ਗਿਆ

ਮਿਖਾਇਲ ਗਰਬਾਚੋਵ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਮਿਖਾਇਲ ਗੋਰਬਾਚੇਵ 20ਵੀਂ ਸਦੀ ਦੀਆਂ ਕੁਝ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿਆਸੀ ਹਸਤੀਆਂ ਵਿੱਚੋਂ ਇੱਕ ਸੀ। ਉਹ ਸੋਵੀਅਤ ਯੂਨੀਅਨ ਦੇ ਪਤਨ ਦੇ ਸੂਤਰਧਾਰ ਸੀ, ਉਨ੍ਹਾਂ ਦਾ ਏਸ਼ੀਆ ਅਤੇ ਪੂਰਬੀ ਯੂਰਪ ਦੇ ਵਿਸ਼ਾਲ ਖੇਤਰਾਂ 'ਤੇ ਦਬਦਬਾ ਸੀ।

ਸਾਬਕਾ ਸੋਵੀਅਤ ਸੰਘ ਦੇ ਆਖਰੀ ਆਗੂ ਮਿਖਾਇਲ ਗੋਰਬਾਚੇਵ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਜਦੋਂ ਉਨ੍ਹਾਂ ਨੇ 1985 ਵਿੱਚ ਸੋਵੀਅਤ ਯੂਨੀਅਨ ਜਾਂ ਯੂਐਸਐਸਆਰ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਆਪਣੇ ਸੁਧਾਰਵਾਦੀ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ, ਤਾਂ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਆਪਣੇ ਦੇਸ਼ ਦੀ ਰੁਕੀ ਹੋਈ ਆਰਥਿਕਤਾ ਨੂੰ ਮੁੜ ਲੀਹ 'ਤੇ ਲੈ ਕੇ ਆਉਣਾ ਅਤੇ ਸਿਆਸੀ ਪ੍ਰਕਿਰਿਆਵਾਂ ਨੂੰ ਪੂਰੀ ਤਰ੍ਹਾਂ ਬਦਲਣਾ ਸੀ।

ਗੋਰਬਾਚੇਵ ਦੀਆਂ ਇਹ ਕੋਸ਼ਿਸ਼ਾਂ ਤਰਤੀਬਵਾਰ ਘਟਨਾਵਾਂ ਦੀ ਇੱਕ ਲੜੀ ਦਾ ਨਤੀਜਾ ਸੀ। ਜਿਸ ਕਾਰਨ ਨਾ ਸਿਰਫ਼ ਸੋਵੀਅਤ ਯੂਨੀਅਨ ਦੇ ਅੰਦਰ, ਸਗੋਂ ਇਸਦੇ ਸਿਆਸੀ-ਆਰਥਿਕ ਪ੍ਰਭਾਵ ਹੇਠ ਰਹਿਣ ਵਾਲੇ ਹੋਰ ਦੇਸ਼ਾਂ ਵਿੱਚ ਵੀ ਕਮਿਊਨਿਸਟ ਸ਼ਾਸਨ ਦਾ ਅੰਤ ਹੋਇਆ।

ਮਿਖਾਇਲ ਗਰਬਾਚੇਵ
ਤਸਵੀਰ ਕੈਪਸ਼ਨ, ਮਿਖਾਇਲ ਗਰਬਾਚੇਵ ਦੀ ਪਤਨੀ ਦਾ ਸਲੀਕਾ ਅਤੇ ਪਹਿਰਾਵਾ ਵੀ ਕਿਸੇ ਸਮਾਜਵਾਦੀ ਆਗੂ ਦੀ ਪਤਨੀ ਨਾਲੋਂ ਅਮਰੀਕਾ ਦੀ ਪ੍ਰਥਮ ਮਹਿਲਾ ਵਰਗਾ ਜ਼ਿਆਦਾ ਹੁੰਦਾ ਸੀ

ਮਿਖਾਇਲ ਗੋਰਬਾਚੇਵ ਦਾ ਜਨਮ 2 ਮਾਰਚ 1931 ਨੂੰ ਸਤਾਵਰੋਪੋਲ, ਦੱਖਣੀ ਰੂਸ ਵਿੱਚ ਹੋਇਆ ਸੀ।

ਉਨ੍ਹਾਂ ਦੇ ਮਾਪੇ ਸਮੂਹਿਕ ਖੇਤਾਂ ਵਿੱਚ ਕੰਮ ਕਰਦੇ ਸਨ ਅਤੇ ਕਿਸ਼ੋਰ ਉਮਰ ਵਿੱਚ, ਗੋਰਬਾਚੇਵ ਨੇ ਵੀ ਇਸ ਕੰਮ ਵਿੱਚ ਆਪਣੇ ਮਾਪਿਆਂ ਦਾ ਹੱਥ ਵਟਾਇਆ ਸੀ।

1955 ਵਿੱਚ ਜਦੋਂ ਗੋਰਬਾਚੇਵ ਮਾਸਕੋ ਸਟੇਟ ਯੂਨੀਵਰਸਿਟੀ ਤੋਂ ਗਰੈਜੂਏਟ ਹੋਣ ਦੇ ਸਮੇਂ ਤੱਕ ਤਾਂ ਉਹ ਕਮਿਊਨਿਸਟ ਪਾਰਟੀ ਦੇ ਇੱਕ ਸਰਗਰਮ ਮੈਂਬਰ ਬਣ ਚੁੱਕੇ ਸਨ।

ਆਪਣੀ ਪਤਨੀ ਰਾਇਸਾ ਨਾਲ ਸਟੈਵਰੋਪੋਲ ਵਾਪਸ ਆਉਣ 'ਤੇ, ਉਨ੍ਹਾਂ ਨੇ ਪਾਰਟੀ ਦੀ ਖੇਤਰੀ ਇਕਾਈ ਦੇ ਜ਼ਰੀਏ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ।

ਗੋਰਬਾਚੇਵ ਪਾਰਟੀ ਵਰਕਰਾਂ ਦੀ ਨਵੀਂ ਪੀੜ੍ਹੀ ਦਾ ਹਿੱਸਾ ਸੀ, ਜੋ ਸੋਵੀਅਤ ਯੂਨੀਅਨ ਦੇ ਉੱਚ ਅਹੁਦਿਆਂ 'ਤੇ ਬੈਠੇ ਬਜ਼ੁਰਗ ਆਗੂਆਂ ਨੂੰ ਜਲਦੀ ਲਾਂਭੇ ਕਰਨ ਦੇ ਹਮਾਇਤੀ ਸਨ।

ਮਿਖਾਇਲ ਗਰਬਾਚੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਖਾਇਲ ਗਰਬਾਚੇਵ ਦਾ ਪਾਲਣ-ਪੋਸ਼ਣ ਰੂਸ ਦੇ ਇੱਕ ਪੇਂਡੂ ਇਲਾਕੇ ਵਿੱਚ ਹੋਇਆ

ਸਾਲ 1961 ਤੱਕ, ਉਹ ਯੰਗ ਕਮਿਊਨਿਸਟ ਲੀਗ ਦੇ ਖੇਤਰੀ ਸਕੱਤਰ ਬਣ ਗਏ ਅਤੇ ਪਾਰਟੀ ਦੇ ਕਾਂਗਰਸ ਵਫ਼ਦ ਦੇ ਮੈਂਬਰ ਵੀ ਸੀ।

ਇੱਥੇ ਖੇਤੀਬਾੜੀ ਖੇਤਰ ਨਾਲ ਸਬੰਧਤ ਜ਼ਿੰਮੇਵਾਰੀ ਨੇ ਉਨ੍ਹਾਂ ਨੂੰ ਨਵੇਂ-ਨਵੇਂ ਤਜ਼ਰਬੇ ਕਰਨ ਦਾ ਮੌਕਾ ਦਿੱਤਾ।

ਇਸ ਦੇ ਨਾਲ ਪਾਰਟੀ ਵਿੱਚ ਉਨ੍ਹਾਂ ਦੇ ਵਧਦੇ ਕੱਦ ਨੇ ਉਨ੍ਹਾਂ ਨੂੰ ਪੂਰੇ ਖੇਤਰ ਵਿੱਚ ਆਪਣਾ ਦਬਦਬਾ ਬਣਾਉਣ ਵਿੱਚ ਮਦਦ ਕੀਤੀ।

ਰਾਜਨੀਤੀ ਵਿੱਚ ਤਾਜ਼ੀ ਹਵਾ ਦਾ ਬੁੱਲਾ

ਸਾਲ 1978 ਵਿੱਚ ਗੋਰਬਾਚੇਵ ਖੇਤੀਬਾੜੀ ਖੇਤਰ ਲਈ ਕੰਮ ਕਰਨ ਵਾਲੀ ਕੇਂਦਰੀ ਕਮੇਟੀ ਦੇ ਮੈਂਬਰ ਵਜੋਂ ਮਾਸਕੋ ਪਹੁੰਚੇ। ਸਿਰਫ਼ ਦੋ ਸਾਲ ਬਾਅਦ, ਉਨ੍ਹਾਂ ਨੂੰ ਪੋਲਿਟ ਬਿਊਰੋ ਦਾ ਪੂਰਾ ਮੈਂਬਰ ਬਣਾ ਦਿੱਤਾ ਗਿਆ।

ਮਿਖਾਇਲ ਗਰਬਾਚੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਖਾਇਲ ਗਰਬਾਚੇਵ ਨੇ ਆਪਣੇ ਪੂਰਬਅਧਿਕਾਰੀਆਂ ਦੇ ਮੁਕਾਬਲੇ ਪੱਛਮੀ ਦੇਸਾਂ ਦੇ ਨਾਲ ਸੰਬੰਧ ਸੁਧਾਰਨ ਦੇ ਯਤਨ

ਯੂਰੀ ਆਂਦਰੋਪੋਵ ਦੇ ਜਨਰਲ ਸਕੱਤਰ ਵਜੋਂ ਗੋਰਬਾਚੋਵ ਨੇ ਕਈ ਵਿਦੇਸ਼ ਦੌਰੇ ਕੀਤੇ।

ਇਨ੍ਹਾਂ ਵਿੱਚ 1984 ਦਾ ਲੰਡਨ ਉਹ ਦੌਰਾ ਵੀ ਸ਼ਾਮਲ ਹੈ, ਜਿੱਥੇ ਉਨ੍ਹਾਂ ਨੇ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਆਪਣੀ ਕਾਰਜਸ਼ੈਲੀ ਨਾਲ ਪ੍ਰਭਾਵਿਤ ਕੀਤਾ।

ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਮਾਰਗਰੇਟ ਥੈਚਰ ਨੇ ਦੱਸਿਆ ਕਿ ਕਿਵੇਂ ਉਸ ਦੇ ਸੋਵੀਅਤ ਸੰਘ ਨਾਲ ਭਵਿੱਖੀ ਸਬੰਧਾਂ ਦੀ ਉਮੀਦ ਜਾਗੀ ਸੀ।

ਉਨ੍ਹਾਂ ਨੇ ਕਿਹਾ ਸੀ, "ਮੈਨੂੰ ਗੋਰਬਾਚੇਵ ਪਸੰਦ ਹਨ। ਅਸੀਂ ਇਕੱਠੇ ਕਾਰੋਬਾਰ ਕਰ ਸਕਦੇ ਹਾਂ।"

1984 ਵਿੱਚ ਐਂਡਰੋਪੋਵ ਦੀ ਮੌਤ ਤੋਂ ਬਾਅਦ, ਗੋਰਬਾਚੌਵ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਨਾ ਸੀ, ਪਰ ਕੋਨਸਟੈਂਟਿਨ ਚੇਰਨੇਨਕੋ, ਜੋ ਉਸ ਸਮੇਂ ਬੀਮਾਰ ਸਨ, ਨੂੰ ਇਹ ਅਹੁਦਾ ਦਿੱਤਾ ਗਿਆ ਸੀ।

ਮਿਖਾਇਲ ਗਰਬਾਚੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਟੇਨ ਦੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ

ਆਂਦਰੋਪੋਵ ਦੀ ਵੀ ਇੱਕ ਸਾਲ ਦੇ ਅੰਦਰ-ਅੰਦਰ ਮੌਤ ਹੋ ਗਈ, ਅਤੇ ਪੋਲਿਟ ਬਿਊਰੋ ਦਾ ਸਭ ਤੋਂ ਘੱਟ ਉਮਰ ਦੇ ਮੈਂਬਰ, ਗੋਰਬਾਚੌਵ ਉਨ੍ਹਾਂ ਦੇ ਉੱਤਰਾਧਿਕਾਰੀ ਬਣੇ।

ਗੋਰਬਾਚੇਵ 1917 ਦੀ ਕ੍ਰਾਂਤੀ ਤੋਂ ਬਾਅਦ ਪੈਦਾ ਹੋਏ ਕਮਿਊਨਿਸਟ ਪਾਰਟੀ ਦੇ ਪਹਿਲੇ ਜਨਰਲ ਸਕੱਤਰ ਸਨ ਅਤੇ ਬਹੁਤ ਸਾਰੇ ਬਜ਼ੁਰਗ ਆਗੂਆਂ ਤੋਂ ਬਾਅਦ ਰਾਜਨੀਤੀ ਵਿੱਚ ਤਾਜ਼ੀ ਹਵਾ ਦੇ ਬੁੱਲੇ ਵਜੋਂ ਜਾਣੇ ਜਾਂਦੇ ਸਨ।

ਗੋਰਬਾਚੌਵ ਦਾ ਪਹਿਰਾਵੇ ਤੇ ਖੁੱਲ੍ਹੇ ਰਵੱਈਆ ਨੇ ਉਨ੍ਹਾਂ ਨੂੰ ਆਪਣੇ ਪੂਰਬਲੇ ਸੋਵੀਅਤ ਆਗੂਆਂ ਤੋਂ ਅਲਹਿਦਾ ਖੜ੍ਹਾ ਕਰਦਾ ਸੀ।

ਰਾਇਸਾ ਦੀ ਜੀਵਨ ਸ਼ੈਲੀ ਵੀ ਕਮਿਊਨਿਸਟ ਨੇਤਾ ਦੀ ਪਤਨੀ ਨਾਲੋਂ ਅਮਰੀਕਾ ਦੀ ਪ੍ਰਥਮ ਮਹਿਲਾ ਵਰਗੀ ਜ਼ਿਆਦਾ ਸੀ।

ਖੁੱਲ੍ਹਾ ਬਜ਼ਾਰ

ਗੋਰਬਾਚੇਵ ਲਈ ਪਹਿਲੀ ਚੁਣੌਤੀ ਸੋਵੀਅਤ ਅਰਥਚਾਰੇ ਨੂੰ ਢਹਿ-ਢੇਰੀ ਹੋਣ ਦੀ ਕਗਾਰ ਤੋਂ ਮੋੜ ਕੇ ਮੁਰ ਲੀਹ 'ਤੇ ਲਿਆਉਣਾ ਸੀ।

ਉਨ੍ਹਾਂ ਲਈ ਇਹ ਸਮਝਣਾ ਔਖਾ ਨਹੀਂ ਸੀ ਕਿ ਜੇਕਰ ਉਨ੍ਹਾਂ ਨੇ ਆਪਣੇ ਆਰਥਿਕ ਸੁਧਾਰਾਂ ਨੂੰ ਸਫ਼ਲ ਬਣਾਉਣਾ ਹੈ ਤਾਂ ਇਸ ਲਈ ਕਮਿਊਨਿਸਟ ਪਾਰਟੀ ਵਿੱਚ ਉੱਪਰੋ-ਥੱਲੀ ਤਬਦੀਲੀਆਂ ਕਰਨੀਆਂ ਪੈਣਗੀਆਂ।

ਗੋਰਬਾਚੇਵ ਦੇ ਹੱਲਾਂ ਨੇ ਦੋ ਰੂਸੀ ਸ਼ਬਦਾਂ ਨੂੰ ਆਮ ਬੋਲਚਾਲ ਦਾ ਹਿੱਸਾ ਬਣਾ ਦਿੱਤਾ।

ਮਿਖਾਇਲ ਗਰਬਾਚੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਖਾਇਲ ਗਰਬਾਚੇਵ ਨੇ ਰੋਨਾਲਡ ਰੀਗਨ ਨਾਲ ਇੱਕ ਸਫ਼ਲ ਸਮਝੌਤਾ ਕੀਤਾ

ਉਨ੍ਹਾਂ ਨੇ ਕਿਹਾ ਕਿ ਦੇਸ ਨੂੰ 'ਪੇਰੇਸਤ੍ਰਾਇਕਾ' ਜਾਂ ਪੁਨਰਗਠਨ ਦੀ ਲੋੜ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਉਸ ਨੇ 'ਗਲਾਸਨੋਸਟ' ਜਾਂ ਖੁੱਲ੍ਹੇਪਣ ਨੂੰ ਜ਼ਰੀਆ ਬਣਾਇਆ ਜਾਵੇਗਾ।

ਹਾਲਾਂਕਿ ਉਨ੍ਹਾਂ ਨੇ 1985 ਵਿੱਚ ਪਾਰਟੀ ਦੇ ਨੁਮਾਇੰਦਿਆਂ ਨੂੰ ਇੱਕ ਸੰਬੋਧਨ ਵਿੱਚ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦਾ ਇਰਾਦਾ ਰਾਜ ਨਿਯੰਤਰਿਤ ਪ੍ਰਣਾਲੀ ਨੂੰ ਇੱਕ ਮੁਕਤ ਬਾਜ਼ਾਰ ਅਰਥਚਾਰੇ ਨਾਲ ਬਦਲਣ ਦਾ ਨਹੀਂ ਸੀ।

ਉਸ ਨੇ ਕਿਹਾ, "ਤੁਹਾਡੇ ਵਿੱਚੋਂ ਕੁਝ ਲੋਕ ਆਪਣੀ ਆਰਥਿਕਤਾ ਨੂੰ ਬਚਾਉਣ ਲਈ ਬਾਜ਼ਾਰ ਵੱਲ ਦੇਖਦੇ ਹਨ। ਪਰ ਕਾਮਰੇਡ, ਤੁਹਾਨੂੰ ਜਾਨ ਬਚਾਉਣ ਦੇ ਤਰੀਕਿਆਂ ਦੀ ਨਾਲੋਂ ਜਹਾਜ਼ ਬਾਰੇ ਸੋਚਣਾ ਚਾਹੀਦਾ ਹੈ, ਅਤੇ ਉਹ ਜਹਾਜ਼ ਹੈ ਸਮਾਜਵਾਦ।"

ਬੀਬੀਸੀ

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇੱਕ ਵਾਰ ਲੈਨਿਨਗ੍ਰਾਦ ਵਿੱਚ ਆਪਣੇ ਕਮਿਊਨਿਸਟ ਆਗੂਆਂ ਨੂੰ ਸੰਬੋਧਨ ਕਰਦਿਆਂ ਮਿਖਾਇਲ ਗੋਰਬਾਚੇਵ ਨੇ ਕਿਹਾ, "ਤੁਸੀਂ ਬਾਕੀ ਅਰਥਚਾਰੇ ਨਾਲੋਂ ਪਿਛੜ ਰਹੇ ਹੋ। ਤੁਹਾਡੀਆਂ ਵਸਤਾਂ ਦੀ ਸਸਤੀ ਅਤੇ ਘਟੀਆ ਗੁਣਵੱਤਾ ਵਾਲਾ ਮਾਲ ਸ਼ਰਮ ਦੀ ਗੱਲ ਹੈ।"

ਸਿਸਟਮ ਵਿਚਲੀ ਸੁਸਤੀ ਨੂੰ ਦੂਰ ਕਰਨ ਲਈ ਜਮਹੂਰੀਅਤ ਉਨ੍ਹਾਂ ਦਾ ਦੂਜਾ ਹਥਿਆਰ ਸੀ। ਪਹਿਲੀ ਵਾਰ, ਸੋਵੀਅਤ ਯੂਨੀਅਨ ਦੇ ਸਭ ਤੋਂ ਉੱਚੇ ਅੰਗ, 'ਕਾਂਗਰਸ ਆਫ਼ ਪੀਪਲਜ਼ ਡਿਪਟੀਜ਼' ਵਿੱਚ ਚੋਣਾਂ ਹੋਈਆਂ ਸਨ।

ਸਿਆਸੀ ਜੀਵਨ ਦੀ ਸਭ ਤੋਂ ਔਖੀ ਪ੍ਰੀਖਿਆ

ਦਮਨਕਾਰੀ ਸ਼ਾਸਨ ਤੋਂ ਇਸ ਛੋਟ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਹਲਚਲ ਮਚਾ ਦਿੱਤੀ, ਜੋ ਸੋਵੀਅਤ ਯੂਨੀਅਨ ਦਾ ਹਿੱਸਾ ਸਨ। ਕਜ਼ਾਕਿਸਤਾਨ ਵਿੱਚ ਦਸੰਬਰ 1986 ਦੇ ਦੰਗਿਆਂ ਨੇ ਹੋਰ ਅਸ਼ਾਂਤੀ ਦਾ ਸੰਕੇਤ ਦਿੱਤਾ।

ਗੋਰਬਾਚੇਵ ਸ਼ੀਤ ਯੁੱਧ ਨੂੰ ਖਤਮ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਰੋਨਾਲਡ ਰੀਗਨ ਨਾਲ ਹਥਿਆਰ ਨੂੰ ਹਟਾਉਣ ਬਾਰੇ ਸਫ਼ਲ ਸੰਧੀ ਵੀ ਕੀਤੀ ਸੀ।

ਮਿਖਾਇਲ ਗਰਬਾਚੇਵ
ਤਸਵੀਰ ਕੈਪਸ਼ਨ, ਮਿਖਾਇਲ ਗਰਬਾਚੇਵ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਬੇਹੱਦ ਇਕੱਲੇ ਹੋ ਗਏ ਹਨ

ਹਾਲਾਂ ਕਿ ਉਨ੍ਹਾਂ ਦਾ ਅਸਲ ਇਮਤਿਹਾਨ ਉਨ੍ਹਾਂ ਦੇਸਾਂ ਨੇ ਲਿਆ ਜੋ ਨਾ ਚਾਹੁੰਦੇ ਹੋਏ ਵੀ ਸੋਵੀਅਤ ਯੂਨੀਅਨ ਵਿੱਚ ਸ਼ਾਮਲ ਕੀਤੇ ਗਏ ਸਨ।

ਇਨ੍ਹਾਂ ਦੇ ਖੁੱਲ੍ਹੇ-ਡੁੱਲ੍ਹੇ ਹੋਣ ਅਤੇ ਜਮਹੂਰੀਅਤ ਪੱਖੀ ਹੋਣ ਕਾਰਨ ਇਨ੍ਹਾਂ ਮੁਲਕਾਂ ਵਿੱਚ ਆਜ਼ਾਦੀ ਦੀ ਮੰਗ ਸ਼ੁਰੂ ਹੋ ਗਈ, ਜਿਸ ਨੂੰ ਸ਼ੁਰੂ ਵਿੱਚ ਗੋਰਬਾਚੇਵ ਨੇ ਫ਼ੌਜੀ ਤਾਕਤ ਨਾਲ ਦਬਾਅ ਦਿੱਤਾ।

ਸੋਵੀਅਤ ਯੂਨੀਅਨ ਦੇ ਟੁੱਟਣ ਦੀ ਸ਼ੁਰੂਆਤ ਉੱਤਰ ਵਿੱਚ ਬਾਲਟਿਕ ਗਣਰਾਜਾਂ ਤੋਂ ਹੋਈ।

ਲਾਤਵੀਆ, ਲਿਥੁਆਨੀਆ ਅਤੇ ਐਸਟੋਨੀਆ ਨੇ ਆਪਣੇ ਆਪ ਨੂੰ ਮਾਸਕੋ ਤੋਂ ਮੁਕਤ ਕਰ ਲਿਆ। ਇਸ ਤੋਂ ਬਾਅਦ ਹੌਲੀ-ਹੌਲੀ ਇਸ ਦਾ ਪ੍ਰਭਾਵ ਵਾਰਸਾ ਸਮਝੌਤੇ ਵਿੱਚ ਸ਼ਾਮਲ ਰੂਸ ਦੇ ਸਹਿਯੋਗੀਆਂ ਉੱਪਰ ਵੀ ਦਿਖਾਈ ਦੇਣ ਲੱਗਾ।

ਇਸ ਦੀ ਸਭ ਤੋਂ ਵੱਡੀ ਮਿਸਾਲ 9 ਨਵੰਬਰ 1989 ਨੂੰ ਦੇਖਣ ਨੂੰ ਮਿਲੀ, ਜਦੋਂ ਵਿਸ਼ਾਲ ਮੁਜ਼ਾਹਰਿਆਂ ਤੋਂ ਬਾਅਦ, ਸੋਵੀਅਤ ਯੂਨੀਅਨ ਦੇ ਮਜ਼ਬੂਤ ਸਹਿਯੋਗੀ ਪੂਰਬੀ ਜਰਮਨੀ ਦੇ ਨਾਗਰਿਕਾਂ ਨੂੰ ਪੱਛਮੀ ਜਰਮਨੀ ਵਿੱਚ ਬੇਰੋਕਟੋਕ ਜਾਣ ਦੀ ਖੁੱਲ੍ਹ ਦਿੱਤੀ ਗਈ।

ਮਿਖਾਇਲ ਗਰਬਾਚੇਵ
ਤਸਵੀਰ ਕੈਪਸ਼ਨ, ਸਾਲਨ 1991 ਵਿੱਚ ਵਿਰੋਧ ਪ੍ਰਦਰਸ਼ਨ

ਇਸ ਵਿਰੋਧ ਦੇ ਜਵਾਬ ਵਿੱਚ, ਗੋਰਬਾਚੇਵ ਰਵਾਇਤੀ ਸੋਵੀਅਤ ਸ਼ੈਲੀ ਵਿੱਚ ਉੱਥੇ ਆਪਣੇ ਟੈਂਕਾਂ ਨੂੰ ਤੈਨਾਤ ਕਰ ਸਕਦੇ ਸੀ। ਹਾਲਾਂਕਿ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਸਗੋਂ ਜਰਮਨੀ ਦੇ ਏਕੀਕਰਨ ਨੂੰ ਆਪਣਾ ਅੰਦਰੂਨੀ ਮਾਮਲਾ ਕਿਹਾ ਸੀ।

ਗੋਰਬਾਚੇਵ ਨੂੰ 1990 ਵਿੱਚ 'ਪੂਰਬ-ਪੱਛਮੀ ਦੇਸਾਂ ਦੇ ਸਬੰਧਾਂ' ਵਿੱਚ ਬੁਨਿਆਦੀ ਤਬਦੀਲੀ ਲਿਆਉਣ ਵਿੱਚ ਸਭ ਤੋਂ ਮੋਹਰੀ ਭੂਮਿਕਾ ਨਿਭਾਉਣ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਅਗਸਤ 1991 ਤੱਕ, ਰੂਸ ਵਿੱਚ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂਆਂ ਦੀ ਸਹਿਣਸ਼ਕਤੀ ਜਵਾਬ ਦੇ ਚੁੱਕੀ ਸੀ।

ਇਹਨਾਂ ਆਗੂਆਂ ਨੇ ਇੱਕ ਫੌਜੀ ਤਖ਼ਤਾ ਪਲਟ ਦੀ ਸਾਜ਼ਿਸ਼ ਰਚੀ ਅਤੇ ਕਾਲੇ ਸਾਗਰ ਵਿੱਚ ਛੁੱਟੀਆਂ ਮਨਾਉਣ ਆਏ ਗੋਰਬਾਚੇਵ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਮਿਖਾਇਲ ਗਰਬਾਚੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਖਾਇਲ ਗਰਬਾਚੇਵ ਦੀ ਪਤਨੀ ਰਈਸਾ ਹਮੇਸ਼ਾ ਮੋਹਰੀ ਭੂਮਿਕਾ ਵਿੱਚ ਰਹੇ

ਕਮਿਊਨਿਸਟ ਪਾਰਟੀ ਦੇ ਇੱਕ ਹੋਰ ਆਗੂ ਬੋਰਿਸ ਯੇਲਤਸਿਨ ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ।

ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਤਖ਼ਤਾ ਪਲਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ ਕੈਦ ਗੋਰਬਾਚੇਵ ਨੂੰ ਰਿਹਾਅ ਕਰਨ ਦੀ ਬਜਾਏ, ਉਨ੍ਹਾਂ ਤੋਂ ਸਾਰੀਆਂ ਸਿਆਸੀ ਸ਼ਕਤੀਆਂ ਖੋਹ ਲਈਆਂ ਗਈਆਂ।

ਸਿਰਫ਼ ਛੇ ਮਹੀਨਿਆਂ ਬਾਅਦ ਹੀ, ਗੋਰਬਾਚੇਵ ਨੇ ਅਸਤੀਫ਼ਾ ਦੇ ਦਿੱਤਾ, ਅਤੇ ਕਮਿਊਨਿਸਟ ਪਾਰਟੀ ਨੂੰ ਵੀ ਗੈਰਕਾਨੂੰਨੀ ਕਰਾਰ ਦੇ ਦਿੱਤਾ ਗਿਆ। ਇਸ ਸਮੇਂ ਰੂਸ ਨਵੀਆਂ ਅਨਿਸ਼ਚਿਤਤਾਵਾਂ ਵਿੱਚ ਘਿਰਿਆ ਹੋਇਆ ਸੀ।

ਸੋਵੀਅਤ ਦੇ ਪਤਨ ਤੋਂ ਬਾਅਦ ਦੇ ਸਾਲ

ਸੱਤਾ ਤੋਂ ਬੇਦਖਲ ਹੋਣ ਦੇ ਬਾਵਜੂਦ, ਮਿਖਾਇਲ ਗੋਰਬਾਚੇਵ ਰੂਸ ਦੇ ਨਾਲ-ਨਾਲ ਕੌਮਾਂਤਰੀ ਮਾਮਲਿਆਂ 'ਤੇ ਵੀ ਬੋਲਦੇ ਰਹੇ। ਹਾਲਾਂਕਿ, ਉਨ੍ਹਾਂ ਦਾ ਕੱਦ ਰੂਸ ਨਾਲੋਂ ਦੂਜੇ ਦੇਸ਼ਾਂ ਵਿੱਚ ਉੱਚਾ ਰਿਹਾ।

ਸਾਲ 1996 ਵਿੱਚ, ਉਸਨੇ ਰਾਜਨੀਤੀ ਵਿੱਚ ਆਪਣੀ ਕਿਸਮਤ ਅਜ਼ਮਾਉਂਦੇ ਹੋਏ ਇੱਕ ਵਾਰ ਫਿਰ ਰੂਸ ਦੇ ਰਾਸ਼ਟਰਪਤੀ ਦੀ ਚੋਣ ਲੜੀ। ਇਸ ਵਾਰ ਉਨ੍ਹਾਂ ਨੂੰ ਪੰਜ ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ।

ਸਾਲ 1999 ਵਿਚ ਗੋਰਬਾਚੇਵ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਰਈਸਾ, ਜੋ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਸੀ, ਦੀ ਲਿਊਕੀਮੀਆ ਕਾਰਨ ਮੌਤ ਹੋ ਗਈ।

ਮਿਖਾਇਲ ਗਰਬਾਚੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਖਾਇਲ ਗਰਬਾਚੇਵ ਨੇ ਆਪਣੇ ਜੀਵਨ ਦੀਆਂ ਤ੍ਰਿਕਾਲਾਂ ਆਪਣੇ ਨਾਮ ਉੱਪਰ ਸਥਾਪਿਤ ਫਾਊਂਡੇਸ਼ਨ ਨੂੰ ਸਮਰਪਿਤ ਕੀਤੀਆਂ ਸਨ

ਪੁਤਿਨ ਦੇ ਸਪੱਸ਼ਟ ਆਲੋਚਕ

ਮਿਖਾਇਲ ਗੋਰਬਾਚੇਵ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਖ਼ਤ ਆਲੋਚਕ ਸੀ। ਉਨ੍ਹਾਂ ਨੇ ਪੁਤਿਨ 'ਤੇ ਹਮੇਸ਼ਾ ਦਮਨਕਾਰੀ ਸਰਕਾਰ ਚਲਾਉਣ ਦਾ ਇਲਜ਼ਾਮ ਲਾਇਆ।

ਗੋਰਬਾਚੇਵ ਨੇ ਕਿਹਾ, "ਰਾਜਨੀਤੀ ਤੇਜ਼ੀ ਨਾਲ ਨਕਲੀ ਲੋਕਤੰਤਰ ਵਿੱਚ ਬਦਲ ਰਹੀ ਹੈ, ਜਿੱਥੇ ਸਾਰੀ ਸ਼ਕਤੀ ਇੱਕ ਹੱਥ ਵਿੱਚ ਹੈ।"

ਹਾਲਾਂਕਿ, 2014 ਵਿੱਚ, ਗੋਰਬਾਚੇਵ ਨੇ ਰਫਰੈਂਡਮ ਦੀ ਹਮਾਇਤ ਕੀਤੀ, ਜਿਸ ਨੇ ਕ੍ਰੀਮੀਆ ਦੇ ਰੂਸ ਦੇ ਸ਼ਾਮਲ ਹੋਣ ਦਾ ਰਸਤਾ ਸਾਫ਼ ਕਰ ਦਿੱਤਾ।

ਗੋਰਬਾਚੇਵ ਨੇ ਉਸ ਸਮੇਂ ਕਿਹਾ, "ਪਿਛਲੇ ਸਮੇਂ ਵਿੱਚ ਲੋਕਾਂ ਤੋਂ ਪੁੱਛੇ ਬਿਨਾਂ ਕ੍ਰੀਮੀਆ ਨੂੰ ਸੋਵੀਅਤ ਕਾਨੂੰਨਾਂ ਮੁਤਾਬਕ ਯੂਕਰੇਨ ਵਿੱਚ ਸ਼ਾਮਲ ਕੀਤਾ ਗਿਆ ਸੀ। ਹੁਣ ਲੋਕਾਂ ਨੇ ਖੁਦ ਹੀ ਉਸ ਗਲਤੀ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ ਹੈ।"

ਮਾਰਚ 2021 ਵਿੱਚ ਗੋਰਬਾਚੇਵ ਦੇ 90ਵੇਂ ਜਨਮਦਿਨ 'ਤੇ, ਰਾਸ਼ਟਰਪਤੀ ਪੁਤਿਨ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ "ਆਧੁਨਿਕ ਸਮੇਂ ਦੇ ਸਭ ਤੋਂ ਵਧੀਆ ਰਾਜਨੇਤਾਵਾਂ ਵਿੱਚੋਂ ਇੱਕ, ਜਿਨ੍ਹਾਂ ਦਾ ਰੂਸ ਦੇ ਨਾਲ-ਨਾਲ ਵਿਸ਼ਵ ਇਤਿਹਾਸ ਉੱਤੇ ਡੂੰਘਾ ਪ੍ਰਭਾਵ ਹੈ।" ਉਨ੍ਹਾਂ ਨੇ ਕਿਹਾ ਕਿ ਸ਼ੀਤ ਯੁੱਧ ਨੂੰ ਖਤਮ ਕਰਨ ਅਤੇ ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਦਾ ਫ਼ੈਸਲਾ ਇੱਕ ਸਹੀ ਫ਼ੈਸਲਾ ਸੀ।

ਹਾਲਾਂਕਿ ਤਖ਼ਤਾ ਪਲਟ ਅਤੇ ਸੋਵੀਅਤ ਯੂਨੀਅਨ ਦੇ ਪਤਨ ਨੂੰ ਲੈ ਕੇ ਲੋਕਾਂ ਵਿੱਚ ਅਜੇ ਵੀ ਥੋੜ੍ਹੀ-ਬਹੁਤ ਨਾਰਾਜ਼ਗੀ ਹੈ। ਬਹੁਤ ਸਾਰੇ ਰੂਸੀ ਨਾਗਰਿਕ ਅਜੇ ਵੀ ਗੋਰਬਾਚੇਵ ਨੂੰ ਢਹਿਣ ਲਈ ਜ਼ਿੰਮੇਵਾਰ ਮੰਨਦੇ ਹਨ।

ਇੱਕ ਵਿਹਾਰਕ ਅਤੇ ਤਰਕਸ਼ੀਲ ਰਾਜਨੇਤਾ ਹੋਣ ਦੇ ਬਾਵਜੂਦ, ਮਿਖਾਇਲ ਗੋਰਬਾਚੇਵ ਇਹ ਸਮਝਣ ਵਿੱਚ ਅਸਫ਼ਲ ਰਹੇ ਕਿ ਕੇਂਦਰੀਕ੍ਰਿਤ ਕਮਿਊਨਿਸਟ ਪ੍ਰਣਾਲੀ ਨੂੰ ਖਤਮ ਕੀਤੇ ਬਿਨਾਂ ਆਰਥਿਕਤਾ ਨੂੰ ਖੋਲ੍ਹਣ ਲਈ ਉਨ੍ਹਾਂ ਦੇ ਸੁਧਾਰਾਂ ਨੂੰ ਲਾਗੂ ਕਰਨਾ ਲਗਭਗ ਅਸੰਭਵ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)