You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ : ਅੱਤਵਾਦ ਕਾਨੂੰਨ ਤਹਿਤ ਪੁਲਿਸ ਨੇ ਸਾਬਕਾ ਪ੍ਰਧਾਨ ਮੰਤਰੀ ਉੱਤੇ ਜੋ ਮਾਮਲਾ ਦਰਜ ਕੀਤਾ ਉਹ ਹੈ ਕੀ
- ਲੇਖਕ, ਲੀਓ ਸੈਂਡਜ਼
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕੀਤੇ ਜਾਣ ਦੇ ਕਿਆਸ ਵਿਚਾਲੇ ਇਮਰਾਨ ਖ਼ਾਨ ਨੂੰ ਅਦਾਲਤ ਵੱਲੋਂ ਤਿੰਨ ਦਿਨਾਂ ਦੀ ਜ਼ਮਾਨਤ ਮਿਲ ਗਈ ਹੈ।
ਸ਼ਹਿਜ਼ਾਦ ਮਲਿਕ ਦੀ ਰਿਪੋਰਟ ਮੁਤਾਬਕ, ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਮੋਹਸਿਨ ਅਖ਼ਤਰ ਕਿਆਨੀ ਅਤੇ ਜਸਟਿਸ ਬਾਬਰ ਸੱਤਾਰ 'ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਇਮਰਾਨ ਖ਼ਾਨ ਨੂੰ ਜ਼ਮਾਨਤ ਦੇ ਦਿੱਤੀ ਹੈ।
ਅਦਾਲਤ ਨੇ ਉਨ੍ਹਾਂ ਨੂੰ 25 ਅਗਸਤ ਤੱਕ ਸਬੰਧਤ ਅਦਾਲਤ 'ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ਦਰਅਸਲ, ਇਸਲਾਮਾਬਾਦ ਦੇ ਮਰਗੱਲਾ ਪੁਲਿਸ ਸਟੇਸ਼ਨ 'ਚ ਇਮਰਾਨ ਖ਼ਾਨ ਖ਼ਿਲਾਫ਼ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਮਰਾਨ ਖ਼ਾਨ ਵੱਲੋਂ ਅਦਾਲਤ ਵਿੱਚ ਪਾਈ ਗਈ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਮਰਾਨ ਖਾਨ ਇਸ ਮਾਮਲੇ 'ਚ ਜਾਂਚ ਲਈ ਤਿਆਰ ਹਨ।
ਅਦਾਲਤ ਨੇ ਵੀ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਸਜ਼ਾ ਹੋਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੇ ਫਰਾਰ ਹੋਣ ਜਾਂ ਇਸਤਗਾਸਾ ਪੱਖ ਵੱਲੋਂ ਸਬੂਤ ਖ਼ਰਾਬ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦਿੱਤੀ ਜਾਵੇ।
ਹਾਲਾਂਕਿ, ਰਜਿਸਟਰਾਰ ਦਫ਼ਤਰ ਨੇ ਇਸ ਅਰਜ਼ੀ 'ਤੇ ਇਤਰਾਜ਼ ਕੀਤਾ ਸੀ ਕਿ ਇਮਰਾਨ ਖ਼ਾਨ ਕੋਲ ਬਾਇਓਮੈਟ੍ਰਿਕ ਨਹੀਂ ਹੈ ਅਤੇ ਇਹ ਵੀ ਕਿਹਾ ਕਿ ਇਮਰਾਨ ਖ਼ਾਨ ਅੱਤਵਾਦ ਵਿਰੋਧੀ ਅਦਾਲਤ 'ਚ ਜਾਣ ਦੀ ਬਜਾਏ ਹਾਈਕੋਰਟ 'ਚ ਕਿਉਂ ਆਏ।
ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਤਰਾਜ਼ ਨੂੰ ਖਾਰਜ ਕਰਦਿਆਂ ਇਮਰਾਨ ਖਾਨ ਦੀ ਤਿੰਨ ਦਿਨਾਂ ਲਈ ਜ਼ਮਾਨਤ ਮਨਜ਼ੂਰ ਕਰ ਲਈ ਅਤੇ ਪੁਲਿਸ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕਦੇ ਹੋਏ ਇਮਰਾਨ ਖ਼ਾਨ ਨੂੰ 25 ਅਗਸਤ ਤੱਕ ਅੱਤਵਾਦ ਵਿਰੋਧੀ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ।
ਮਾਮਲਾ ਕੀ ਹੈ?
ਪਾਕਿਸਤਾਨ ਦੀ ਪੁਲਿਸ ਦਾ ਕਹਿਣਾ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪੁਲਿਸ ਜਾਂਚ ਕੀਤੀ ਜਾ ਰਹੀ ਹੈ।
ਇਮਰਾਨ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਦਿੱਤੇ ਆਪਣੇ ਇੱਕ ਸਿਆਸੀ ਭਾਸ਼ਣ ਦੌਰਾਨ ਪੁਲਿਸ ਅਤੇ ਨਿਆਂਪਾਲਿਕਾ ਦੇ ਖਿਲਾਫ ਧਮਕੀ ਭਰੀਆਂ ਗੱਲਾਂ ਕਹੀਆਂ ਹਨ।
ਇਸ ਸਾਰੇ ਮਾਮਲੇ ਨੂੰ ਲੈ ਕੇ ਪਾਕਿਸਤਾਨ ਵਿੱਚ ਤਣਾਅ ਦਾ ਮਾਹੌਲ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਸਮਰਥਕ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਰਹੇ ਹਨ ਅਤੇ ਸਹੁੰ ਚੁੱਕ ਰਹੇ ਹਨ ਕਿ ਜੇਕਰ ਖ਼ਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਹ ਰਾਜਧਾਨੀ 'ਤੇ ''ਕਬਜ਼ਾ ਕਰ'' ਲੈਣਗੇ।
ਬੀਬੀਸੀ ਉਰਦੂ ਦੀ ਖ਼ਬਰ ਮੁਤਾਬਕ, ਪੁਲਿਸ ਦਾ ਕਹਿਣਾ ਹੈ ਕਿ ਨਾ ਤਾਂ ਉਹ ਖ਼ਾਨ ਨੂੰ ਗ੍ਰਿਫਤਾਰ ਕਰਨ ਗਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਜਿਹੇ ਕੋਈ ਆਦੇਸ਼ ਮਿਲੇ ਹਨ।
ਇਸੇ ਸਾਲ ਅਪ੍ਰੈਲ ਵਿੱਚ ਸੱਤਾ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ, ਇਮਰਾਨ ਖ਼ਾਨ ਲਗਾਤਾਰ ਨਵੀਂ ਬਣੀ ਸਰਕਾਰ ਅਤੇ ਦੇਸ਼ ਦੀ ਫੌਜ ਦੀ ਆਲੋਚਨਾ ਕਰਦੇ ਆ ਰਹੇ ਹਨ।
ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਖ਼ਾਨ ਨੇ ਅਧਿਕਾਰੀਆਂ 'ਤੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨੇ ਖ਼ਾਨ ਨਜ਼ਦੀਕੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ।
ਇਮਰਾਨ ਦੇ ਇਸ ਇਲਜ਼ਾਮ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਮਰਾਨ ਨੇ ਆਪਣੇ ਭਾਸ਼ਣ ਵਿੱਚ ਕੀ ਕਿਹਾ ਸੀ
ਸ਼ਨੀਵਾਰ ਨੂੰ ਇੱਕ ਜਨਤਕ ਭਾਸ਼ਣ ਦੌਰਾਨ ਇਮਰਾਨ ਖ਼ਾਨ ਨੇ ਇਸਲਾਮਾਬਾਦ ਦੇ ਪੁਲਿਸ ਮੁਖੀ ਅਤੇ ਇੱਕ ਮਹਿਲਾ ਜੱਜ ਦੀ ਉਨ੍ਹਾਂ ਦੇ ਪਾਰਟੀ ਦੇ ਇੱਕ ਸਹਿਯੋਗੀ ਨੂੰ ਹਿਰਾਸਤ 'ਚ ਲੈਣ ਅਤੇ ਉਸ ਨਾਲ ਕਥਿਤ ਬਦਸਲੂਕੀ ਲਈ ਨਿੰਦਾ ਕੀਤੀ।
ਉਨ੍ਹਾਂ ਦੋਵਾਂ 'ਤੇ ਸਿੱਧਾ ਹਮਲਾ ਕਰਦਿਆਂ ਖ਼ਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਤੁਹਾਡੇ ਵਿਰੁੱਧ ਕਾਰਵਾਈ ਕਰਾਂਗੇ।"
ਪੁਲਿਸ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਨੇ ਦੇਸ਼ ਦੇ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਧਮਕੀਆਂ ਦੇ ਕੇ ਦੇਸ਼ ਦੇ ਅੱਤਵਾਦ ਵਿਰੋਧੀ ਐਕਟ ਦੀ ਉਲੰਘਣਾ ਕੀਤੀ ਹੋ ਸਕਦੀ ਹੈ।
ਘਰ ਬਾਹਰ ਜੁਟ ਰਹੇ ਸਮਰਥਕ
ਜਿਵੇਂ ਹੀ ਸਾਬਕਾ ਪ੍ਰਧਾਨ ਮੰਤਰੀ ਦੀ ਜਾਂਚ ਦੀ ਖ਼ਬਰ ਸਾਹਮਣੇ ਆਈ, ਉਨ੍ਹਾਂ ਦੇ ਸੈਂਕੜੇ ਸਮਰਥਕ ਇਸਲਾਮਾਬਾਦ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋਣ ਲੱਗ ਪਏ।
ਇਨ੍ਹਾਂ ਸਮਰਥਕਾਂ ਦਾ ਕਹਿਣਾ ਹੈ ਕਿ ਜੇ ਪੁਲਿਸ ਨੇ ਇਮਰਾਨ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੋਕ ਰਾਜਧਾਨੀ 'ਤੇ ''ਕਬਜ਼ਾ'' ਕਰ ਲੈਣਗੇ।
ਮੌਕੇ 'ਤੇ ਮੌਜੂਦ ਪੁਲਿਸ ਨੇ ਕਿਹਾ ਕਿ ਉਹ ਸਾਬਕਾ ਆਗੂ ਨੂੰ ਗ੍ਰਿਫਤਾਰ ਕਰਨ ਲਈ ਨਹੀਂ, ਸਗੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਉੱਥੇ ਮੌਜੂਦ ਸਨ।
ਇਮਰਾਨ ਖ਼ਾਨ ਖ਼ਿਲਾਫ਼ ਇਹ ਜਾਂਚ ਅਜਿਹੇ ਸਮੇਂ ਸ਼ੁਰੂ ਹੋਈ ਹੈ ਜਦੋਂ ਪਹਿਲਾਂ ਹੀ ਪਾਕਿਸਤਾਨ ਦੀ ਸਰਕਾਰ ਅਤੇ ਖ਼ਾਨ ਵਿਚਕਾਰ ਤਣਾਅ ਵਧਿਆ ਹੋਇਆ ਹੈ।
ਇਮਰਾਨ ਦੇ ਭਾਸ਼ਣਾਂ ਦੇ ਪ੍ਰਸਾਰਣ 'ਤੇ ਰੋਕ
ਇਸੇ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਹੀ ਇਮਰਾਨ ਖ਼ਾਨ ਦੇਸ਼ ਭਰ 'ਚ ਦੌਰੇ ਕਰ ਰਹੇ ਹਨ ਅਤੇ ਸਖ਼ਤ ਸ਼ਬਦਾਂ ਵਾਲੇ ਭਾਸ਼ਣ ਦੇ ਰਹੇ ਹਨ।
ਉਹ ਲਗਾਤਾਰ ਸਰਕਾਰ ਅਤੇ ਦੇਸ਼ ਦੇ ਫੌਜ ਦੀ ਆਲੋਚਨਾ ਕਰ ਰਹੇ ਹਨ ਅਤੇ ਤਾਜ਼ਾ ਚੋਣਾਂ ਕਰਵਾਉਣ ਦੀ ਮੰਗ ਕਰ ਕਰ ਰਹੇ।
ਸ਼ਨੀਵਾਰ ਨੂੰ, ਪਾਕਿਸਤਾਨ ਦੇ ਮੀਡੀਆ ਰੈਗੂਲੇਟਰ ਨੇ ਖ਼ਾਨ ਦੇ ਖ਼ਿਲਾਫ਼ ਦੇਸ਼ ਦੀਆਂ ਸੰਸਥਾਵਾਂ ਵਿਰੁੱਧ ਨਫ਼ਰਤ ਭਰੇ ਭਾਸ਼ਣ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਘੋਸ਼ਣਾ ਕੀਤੀ ਕਿ ਟੈਲੀਵਿਜ਼ਨ ਚੈਨਲਾਂ 'ਤੇ ਇਹ ਪਾਬੰਦੀ ਲਗਾਈ ਜਾਵੇਗੀ ਕਿ ਉਹ ਖ਼ਾਨ ਦੇ ਭਾਸ਼ਣਾਂ ਦਾ ਲਾਈਵ ਪ੍ਰਸਾਰਣ ਨਾ ਕਰਨ।
ਸਾਬਕਾ ਪ੍ਰਧਾਨ ਮੰਤਰੀ ਦਾਅਵਾ ਕਰ ਰਹੇ ਹਨ ਕਿ ਸਰਕਾਰ ਉਸ ਨੂੰ ਸੈਂਸਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਤਵਾਰ ਨੂੰ ਉਨ੍ਹਾਂ ਨੇ ਰਾਵਲਪਿੰਡੀ ਸ਼ਹਿਰ ਵਿੱਚ ਇੱਕ ਹੋਰ ਸਿਆਸੀ ਰੈਲੀ ਵਿੱਚ ਪਾਬੰਦੀ ਦੀ ਆਲੋਚਨਾ ਵੀ ਕੀਤੀ।
ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ, "ਇਮਰਾਨ ਖ਼ਾਨ ਨੇ ਕਿਹੜਾ ਅਪਰਾਧ ਕੀਤਾ ਹੈ? ਮੈਂ ਕਦੇ ਵੀ ਇਸ ਚੋਰ ਗਿਰੋਹ ਨੂੰ ਸਵੀਕਾਰ ਨਹੀਂ ਕਰਾਂਗਾ।"
ਇਸ ਤੋਂ ਬਾਅਦ ਖ਼ਾਨ ਨੇ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਉਸ ਨੇ ਯੂਟਿਊਬ 'ਤੇ ਉਨ੍ਹਾਂ ਦੇ ਭਾਸ਼ਣ ਨੂੰ ਅੱਧ ਵਿਚਕਾਰ ਹੀ ਬਲੌਕ ਕਰ ਦਿੱਤਾ ਤਾਂ ਜੋ ਲੋਕ ਉਨ੍ਹਾਂ ਨੂੰ ਨਾ ਸੁਨ ਸਕਣ।
ਇਸ ਸਾਲ ਦੇ ਸ਼ੁਰੂ ਵਿੱਚ ਬੇਭਰੋਸਗੀ ਮਤੇ ਤੋਂ ਬਾਅਦ ਸੱਤਾ ਤੋਂ ਬਾਹਰ ਕੀਤੇ ਜਾਣ ਦੇ ਬਾਵਜੂਦ ਖ਼ਾਨ ਨੂੰ ਬਹੁਤ ਸਾਰੇ ਪਾਕਿਸਤਾਨੀ ਵੋਟਰਾਂ ਦਾ ਸਮਰਥਨ ਮਿਲਣਾ ਜਾਰੀ ਹੈ।
ਪਿਛਲੇ ਹੀ ਮਹੀਨੇ, ਉਨ੍ਹਾਂ ਦੀ ਪੀਟੀਆਈ ਪਾਰਟੀ ਨੇ ਪੰਜਾਬ ਵਿੱਚ ਇੱਕ ਮਹੱਤਵਪੂਰਨ ਸੂਬਾਈ ਅਸੈਂਬਲੀ ਦਾ ਕਬਜ਼ਾ ਲੈ ਕੇ ਵਿਰੋਧੀ ਧਿਰ ਨੂੰ ਹੈਰਾਨ ਕਰ ਦਿੱਤਾ।
ਇਨ੍ਹਾਂ ਚੌਣਾਂ ਵਿੱਚ ਇਮਰਾਨ ਦੀ ਪਾਰਟੀ ਨੇ ਪੀਐਮਐਲ-ਐਨ ਪਾਰਟੀ ਨੂੰ ਹਰਾਇਆ ਜੋ ਕਿ ਆਪਣੇ ਲਈ ਆਸਾਨ ਜਿੱਤ ਦੀ ਉਮੀਦ ਕਰ ਰਹੀ ਸੀ।
ਇਨ੍ਹਾਂ ਜ਼ਿਮਨੀ-ਚੋਣਾਂ ਦੀ ਜਿੱਤ ਨੂੰ ਕਈਆਂ ਨੇ ਚੁਣਾਵੀਂ ਮੈਦਾਨ ਵਿੱਚ ਖ਼ਾਨ ਦੀ ਲਗਾਤਾਰ ਪ੍ਰਸਿੱਧੀ ਦੇ ਸੰਕੇਤ ਵਜੋਂ ਦੇਖਿਆ ਅਤੇ ਇਸ ਗੱਲ ਗੱਲ ਦੇ ਵੀ ਕਿਆਸ ਲਗਾਏ ਗਏ ਕਿ ਜੇਕਰ ਇਮਰਾਨ ਦੀ ਇੱਛਾ ਮੁਤਾਬਕ ਚੋਣਾਂ ਛੇਤੀ ਹੁੰਦੀਆਂ ਹਨ ਤਾਂ ਕੀ ਹੋ ਸਕਦਾ ਹੈ।
ਇਮਰਾਨ ਖ਼ਾਨ ਨੂੰ ਸਾਲ 2018 ਵਿੱਚ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ, ਪਰ ਆਪਣੇ ਕਾਰਜਕਾਲ ਦੇ ਅੰਤ ਵਿੱਚ ਉਹ ਪਾਕਿਸਤਾਨ ਦੀ ਸੱਤਾ ਤੋਂ ਬਾਹਰ ਹੋ ਗਏ।