ਯੂ ਟਿਊਬ ਰਾਹੀ ਮੋਟੀ ਕਮਾਈ ਕਰਨ ਦੇ ਇਸ ਕੁੜੀ ਦੇ ਤਰੀਕੇ ਨੂੰ ਜਾਣ ਕੇ ਹੈਰਾਨ ਰਹਿ ਜਾਓਗੇ

ਤਸਵੀਰ ਸਰੋਤ, BAILEY SARIAN
- ਲੇਖਕ, ਡੀਅਰਬੇਲ ਜੌਰਡਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਕੁਝ ਲੋਕਾਂ ਲਈ, ਯੂਟਿਊਬ 'ਤੇ ਮੇਕ-ਅੱਪ ਟਿਊਟੋਰੀਅਲ ਦੇਖਣਾ ਕੁਝ ਪਲਾਂ ਲਈ ਆਰਾਮਦਾਇਕ ਮਹਿਸੂਸ ਕਰਨ ਦਾ ਜ਼ਰੀਆ ਹੁੰਦਾ ਹੈ।
ਫਿਰ ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜੋ ਆਪਣੇ ਮੇਕ-ਅੱਪ ਵੀਡੀਓਜ਼ ਨੂੰ ਕਾਤਲਾਂ ਅਤੇ ਉਨ੍ਹਾਂ ਦੇ ਅਪਰਾਧਾਂ ਦੀਆਂ ਕਹਾਣੀਆਂ ਨਾਲ ਭਰਪੂਰ ਕਰਕੇ ਬਣਾਉਣਾ ਪਸੰਦ ਕਰਦੇ ਹਨ।
ਲਾਸ ਏਂਜਲਸ ਆਧਾਰਿਤ ਮੇਕ ਅਪ ਆਰਟਿਸਟ ਬੇਲੀ ਸੇਰੀਅਨ ਦੇ 64 ਲੱਖ ਸਬਸਕਰਾਈਬਰਜ਼ ਹਨ। ਉਹ ਕ੍ਰਾਈਮ ਆਧਾਰਿਤ ਦੀਆਂ ਕਹਾਣੀਆਂ ਸੁਣਾ ਕੇ ਮੇਕ-ਅੱਪ ਕਰਨ ਵਿੱਚ ਮਾਹਿਰ ਹੈ।
ਇਨ੍ਹਾਂ ਦੋ ਬਿਲਕੁਲ ਵਿਰੋਧੀ ਵਿਸ਼ਿਆਂ ਨੂੰ ਜੋੜਦੇ ਹੋਏ ਉਸ ਦੀ ਯੂਟਿਊਬ ਚੈਨਲ 'ਤੇ 'ਮਰਡਰ, ਮਿਸਟਰੀ ਐਂਡ ਮੇਕਅਪ' ਨਾਂ ਦੀ ਸੀਰੀਜ਼ ਹੈ।
ਉਸ ਦਾ ਇੱਕ ਅਜਿਹਾ ਸ਼ੌਕ ਜੋ ਇੱਕ ਫੁੱਲ-ਟਾਈਮ ਕਰੀਅਰ ਵਿੱਚ ਬਦਲ ਗਿਆ ਹੈ। ਇੰਨਾ ਹੀ ਨਹੀਂ, ਨੈਟਫਲਿੱਕਸ ਨਾਲ ਉਸ ਨੇ ਡੀਲ ਕੀਤੀ ਹੈ।
ਇਹ 33 ਸਾਲਾ ਔਰਤ ਖੁਦ ਹੈਰਾਨ ਹੈ ਕਿ ਯੂਟਿਊਬ ਅਤੇ ਸੱਚੀਆਂ ਅਪਰਾਧਕ ਕਹਾਣੀਆਂ ਉਸ ਦਾ ਰੋਜ਼ ਦਾ ਕੰਮ ਬਣ ਗਿਆ ਹੈ।
ਸੇਰੀਅਨ ਨੇ ਬੀਬੀਸੀ ਨੂੰ ਦੱਸਿਆ, "ਮੈਂ ਸੋਚਿਆ ਕਿ ਯੂਟਿਊਬ ਤੋਂ ਪੈਸੇ ਕਮਾ ਕੇ ਕੁਝ ਬਿੱਲਾਂ ਦਾ ਭੁਗਤਾਨ ਕਰਨਾ ਵਧੀਆ ਹੋਵੇਗਾ।"
"ਹੁਣ ਜਦੋਂ ਮੇਰੇ 64 ਲੱਖ ਤੋਂ ਵੱਧ ਸਬਸਕਰਾਈਬਰਜ਼ ਬਣ ਗਏ ਹਨ ਤਾਂ ਇਹ ਬਹੁਤ ਜ਼ਿਆਦਾ ਹਨ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਜਿਵੇਂ ਅੱਜ ਹੈ, ਕਦੇ ਅਜਿਹਾ ਹੋਵੇਗਾ।"
ਉਸ ਦੀਆਂ ਵੀਡੀਓਜ਼ ਦਾ ਆਧਾਰ ਸਰਲ ਜਿਹਾ ਹੈ। ਸੇਰੀਅਨ ਕੈਮਰੇ ਦੇ ਸਾਹਮਣੇ ਬੈਠਦੀ ਹੈ, ਮੇਕ-ਅੱਪ ਕਰਦੀ ਹੈ ਅਤੇ ਕਿਸੇ ਇੱਕ ਸੱਚੀ ਕ੍ਰਾਈਮ ਸਟੋਰੀ ਬਾਰੇ ਗੱਲਬਾਤ ਕਰਦੀ ਹੈ।
'ਮੈਂ ਖੁਦ ਨੂੰ ਵਿਅਸਤ ਰੱਖਣਾ ਚਾਹੁੰਦੀ ਸੀ'
ਹਰ ਵੀਡੀਓ ਲਈ ਬਹੁਤ ਜ਼ਿਆਦਾ ਖੋਜ ਕੀਤੀ ਜਾਂਦੀ ਹੈ। ਕੰਮ ਇੰਨਾ ਜ਼ਿਆਦਾ ਹੁੰਦਾ ਹੈ ਕਿ ਸੇਰੀਅਨ ਨੇ ਹੁਣ ਆਪਣੀ ਮਦਦ ਕਰਨ ਲਈ ਸਹਾਇਕ ਦੀ ਨਿਯੁਕਤੀ ਕੀਤੀ ਹੈ। ਇਸ ਵਿੱਚ ਉਹ ਅਦਾਲਤੀ ਟਰਾਂਸਕ੍ਰਿਪਟ ਜਾਂ ਪੁਲਿਸ ਇੰਟਰਵਿਊਜ਼ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਸ਼ਾਮਲ ਕਰਦੀ ਹੈ।
ਇਸ ਸੀਰੀਜ਼ ਦੀ ਸਭ ਤੋਂ ਮਸ਼ਹੂਰ ਵੀਡੀਓ ਬਦਨਾਮ ਅਮਰੀਕੀ ਸੀਰੀਅਲ ਕਿਲਰ ਜੈਫਰੀ ਡੇਹਮਰ ਬਾਰੇ ਹੈ, ਜਿਸ ਨੇ 1978 ਤੋਂ 1991 ਦਰਮਿਆਨ 17 ਮਰਦਾਂ ਅਤੇ ਲੜਕਿਆਂ ਦਾ ਕਤਲ ਕੀਤਾ ਸੀ।
ਉਸ ਬਾਰੇ ਸੇਰੀਅਨ ਨਿਊਡ ਲਿਪਸ ਨਾਲ ਅੱਖਾਂ 'ਤੇ ਚਮਕੀਲਾ ਹਰੇ ਰੰਗ ਦਾ ਮੇਕ-ਅੱਪ ਕਰਦੇ ਹੋਏ ਗੱਲ ਕਰਦੀ ਹੈ।
ਉਸ ਵੀਡੀਓ ਨੂੰ 2.2 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਟੀਵੀ ਡਰਾਮਾ 'ਲਾਈਨ ਆਫ਼ ਡਿਊਟੀ' ਦੇ ਫਾਈਨਲ ਸ਼ੋਅ ਨੂੰ ਯੂਕੇ ਵਿੱਚ ਰਿਕਾਰਡ ਤੋੜ 2.8 ਕਰੋੜ ਲੋਕਾਂ ਦੁਆਰਾ ਦੇਖਿਆ ਗਿਆ ਸੀ।
ਕੁੱਲ ਮਿਲਾ ਕੇ ਸੇਰੀਅਨ ਦੇ ਯੂਟਿਊਬ ਵੀਡੀਓਜ਼ ਨੂੰ ਲਗਭਗ 800 ਮਿਲੀਅਨ ਵਾਰ ਦੇਖਿਆ ਗਿਆ ਹੈ।

ਤਸਵੀਰ ਸਰੋਤ, Getty Images
ਪਰ ਇਹ ਇੰਨਾ ਹਿੱਟ ਕਿਉਂ ਹੈ? ਇੱਥੋਂ ਤੱਕ ਕਿ ਸੇਰੀਅਨ ਨੂੰ ਖੁਦ ਵੀ ਇਸ 'ਤੇ ਯਕੀਨ ਨਹੀਂ ਹੈ: "ਇਮਾਨਦਾਰੀ ਨਾਲ ਕਹਾਂ ਤਾਂ, ਇਹੀ ਇੱਕ ਉਹ ਚੀਜ਼ ਹੈ ਜੋ ਅਜੇ ਤੱਕ ਮੈਨੂੰ ਸਮਝ ਨਹੀਂ ਆਈ ਕਿ ਲੋਕ ਵੀਡੀਓਜ਼ ਨੂੰ ਕਿਉਂ ਪਸੰਦ ਕਰਦੇ ਹਨ।"
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਅਚਾਨਕ ਵਾਪਰੀ ਇੱਕ ਘਟਨਾ ਦਾ ਨਤੀਜਾ ਹੈ।
ਲਗਭਗ ਤਿੰਨ ਸਾਲ ਪਹਿਲਾਂ ਤੱਕ ਸੇਰੀਅਨ ਨੇ ਮੁੱਖ ਤੌਰ 'ਤੇ ਆਪਣੇ ਚੈਨਲ 'ਤੇ ਮੇਕ-ਅੱਪ ਟਿਊਟੋਰੀਅਲ ਅਪਲੋਡ ਕੀਤੇ ਸਨ। ਇਨ੍ਹਾਂ ਦੀ ਸ਼ੁਰੂਆਤ ਉਸ ਨੇ 2013 ਵਿੱਚ ਕੀਤੀ ਸੀ।
ਉਹ ਇੱਕ ਪ੍ਰੋਫੈਸ਼ਨਲ ਮੇਕ-ਅੱਪ ਆਰਟਿਸਟ ਵਜੋਂ ਆਪਣੀ ਨੌਕਰੀ ਦੇ ਨਾਲ ਯੂਟਿਊਬ ਵੀਡੀਓ ਬਣਾਉਂਦੀ ਸੀ।
ਬਿਊਟੀ ਸਬਸਕ੍ਰਿਪਸ਼ਨ ਕੰਪਨੀ ਇਪਸੀ ਨਾਲ ਡੀਲ ਕਰਨ ਤੋਂ ਬਾਅਦ ਸੇਰੀਅਨ ਆਪਣੀ ਕਮਾਈ ਵਿੱਚ ਵਾਧਾ ਕਰਨ ਲਈ ਯੂਟਿਊਬ 'ਤੇ ਵਧੇਰੇ ਭਰੋਸਾ ਕਰਨ ਦੇ ਯੋਗ ਹੋ ਗਈ, ਹਾਲਾਂਕਿ ਇਸ ਦੌਰਾਨ ਫ੍ਰੀਲਾਂਸ ਕਰਨਾ ਜਾਰੀ ਰੱਖਿਆ।
ਫਿਰ 2018 ਵਿੱਚ ਕ੍ਰਿਸ ਵਾਟਸ ਨਾਮਕ ਕੋਲੋਰਾਡੋ ਦੇ ਇੱਕ ਵਿਅਕਤੀ ਬਾਰੇ ਇੱਕ ਖ਼ਬਰ ਸਾਹਮਣੇ ਆਈ ਕਿ ਉਸ ਨੂੰ ਉਸ ਦੀ ਗਰਭਵਤੀ ਪਤਨੀ ਸ਼ਾਨਨ ਅਤੇ ਉਨ੍ਹਾਂ ਦੀਆਂ ਦੋ ਜਵਾਨ ਧੀਆਂ ਬੇਲਾ ਅਤੇ ਸੇਲੇਸਟੀ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਇੱਕ ਹੈਰਾਨ ਕਰਨ ਵਾਲਾ ਅਪਰਾਧ ਸੀ ਜਿਸ ਨੂੰ ਦੁਨੀਆ ਭਰ ਵਿੱਚ ਕਵਰੇਜ ਮਿਲੀ, ਪਰ ਸੇਰੀਅਨ ਇਹ ਪਤਾ ਲਗਾਉਣਾ ਚਾਹੁੰਦੀ ਸੀ ਕਿ ਕਿਵੇਂ ਕੋਈ ਵਿਅਕਤੀ ਇੱਕ ਆਦਰਸ਼ ਪਤੀ ਤੋਂ ਆਪਣੇ ਪਰਿਵਾਰ ਨੂੰ ਮਾਰਨ ਵੱਲ ਤੁਰ ਪਿਆ।
ਵੀਡੀਓਜ਼ ਦੇਖਣ ਵਾਲਿਆਂ ਦੀ ਲਗਾਤਾਰ ਵਧਦੀ ਸੰਖਿਆ
ਉਹ ਇਸ ਬਾਰੇ ਗੱਲ ਕਰਨ ਤੋਂ ਕਾਫ਼ੀ ਘਬਰਾਈ ਹੋਈ ਸੀ। ਆਖਿਰ ਔਨਲਾਈਨ ਟ੍ਰੋਲ ਕੋਈ ਮਜ਼ਾਕ ਨਹੀਂ ਹੈ। ਇਸ ਦਾ ਮੁਕਾਬਲਾ ਕਰਨ ਲਈ, ਉਸ ਨੇ ਉਹੀ ਕੀਤਾ ਜੋ ਉਹ ਹਮੇਸ਼ਾ ਕਰਦੀ ਆਈ ਹੈ - ਆਪਣਾ ਮੇਕ-ਅੱਪ ਕਰਨਾ।
ਉਹ ਕਹਿੰਦੀ ਹੈ, "ਮੈਂ ਅਜਿਹਾ ਸਿਰਫ਼ ਇਸ ਲਈ ਕਰ ਰਹੀ ਸੀ ਕਿਉਂਕਿ ਮੈਨੂੰ ਕੈਮਰੇ ਦੇ ਸਾਹਮਣੇ ਬੈਠ ਕੇ ਗੱਲ ਕਰਨਾ ਅਜੀਬ ਲੱਗ ਰਿਹਾ ਸੀ। ਮੈਂ ਖੁਦ ਨੂੰ ਵਿਅਸਤ ਰੱਖਣਾ ਚਾਹੁੰਦੀ ਸੀ।"
ਉਹ ਪ੍ਰਤੀਕਿਰਿਆ ਬਾਰੇ ਅਜੇ ਵੀ ਬਹੁਤ ਘਬਰਾਈ ਹੋਈ ਸੀ, ਜਿਸ ਦੀ ਉਹ ਭਿਆਨਕ ਹੋਣ ਦੀ ਉਮੀਦ ਕਰ ਰਹੀ ਸੀ। "ਕਿਉਂਕਿ ਮੈਂ ਮੇਕ-ਅੱਪ ਕਰ ਰਹੀ ਸੀ ਅਤੇ ਘਿਨੌਣੇ ਅਪਰਾਧਾਂ ਬਾਰੇ ਗੱਲ ਕਰ ਰਹੀ ਸੀ, ਤੁਸੀਂ ਜਾਣਦੇ ਹੀ ਹੋ, ਇਸ ਦਾ ਕੋਈ ਮਤਲਬ ਨਹੀਂ ਬਣਦਾ।''
ਹਾਲਾਂਕਿ ਉਹ ਜਾਣਦੀ ਸੀ ਕਿ ਉਹ ਕੁਝ ਵੱਖਰਾ ਕਰਨ ਜਾ ਰਹੀ ਹੈ ਕਿਉਂਕਿ 24 ਘੰਟਿਆਂ ਦੇ ਅੰਦਰ-ਅੰਦਰ ਇਸ ਨੂੰ ਦੇਖਣ ਵਾਲਿਆਂ ਦੀ ਸੰਖਿਆ ਵਧਦੀ ਜਾ ਰਹੀ ਸੀ। ਆਖਿਰਕਾਰ ਵਾਟਸ ਦੀ ਵੀਡੀਓ ਨੂੰ 10 ਮਿਲੀਅਨ ਲੋਕਾਂ ਨੇ ਦੇਖਿਆ।

ਤਸਵੀਰ ਸਰੋਤ, BAILEY SARIAN
ਸੇਰੀਅਨ ਦੱਸਦੀ ਹੈ, "ਇਸ ਲਈ ਮੈਂ ਸੋਚਿਆ ਕਿ ਮੈਨੂੰ ਇਸ ਨੂੰ ਇੱਕ ਵੱਖਰੀ ਕਹਾਣੀ ਨਾਲ ਫਿਰ ਤੋਂ ਅਜ਼ਮਾਉਣ ਚਾਹੀਦਾ ਹੈ ਅਤੇ ਦੇਖਾਂ ਕਿ, ਕੀ ਇਹ ਉਸੇ ਤਰ੍ਹਾਂ ਕੰਮ ਕਰਦੀ ਹੈ।''
''ਅਤੇ ਵੀਡੀਓ ਕਾਫੀ ਲੋਕਾਂ ਨੇ ਵੇਖਿਆ, ਬਸ ਫਿਰ ਹਰ ਹਫ਼ਤੇ ਸਿਰਫ਼ ਤੇ ਸਿਰਫ਼ ਜ਼ਿਆਦਾ ਸਬਸਕਰਾਈਬਰਜ਼ ਸਨ।''
ਸੰਗੀਨ ਅਪਰਾਧ ਦੇ ਮਾਮਲਿਆਂ 'ਤੇ ਕੰਮ ਕਰ ਚੁੱਕੇ ਯੂਕੇ-ਆਧਾਰਿਤ ਸਲਾਹਕਾਰ ਫੋਰੈਂਸਿਕ ਮਨੋਵਿਗਿਆਨੀ ਡਾ. ਰੂਥ ਟੂਲੀ ਦਾ ਮੰਨਣਾ ਹੈ ਕਿ ਸੁਮੇਲ ਕੰਮ ਕਰਦਾ ਹੈ ਕਿਉਂਕਿ ਅੱਜਕੱਲ੍ਹ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸਮੱਗਰੀ ਨੂੰ ਦੇਖਦੇ ਹਨ।
''ਸਾਡੀ ਇੱਕ ਅੱਖ ਟੈਲੀਵਿਜ਼ਨ 'ਤੇ ਅਤੇ ਦੂਜੀ ਸਾਡੇ ਫੋਨ ਜਾਂ ਟੈਬਲੇਟ 'ਤੇ ਹੋ ਸਕਦੀ ਹੈ, ਇਸ ਨੂੰ "ਮਲਟੀ-ਸਕ੍ਰੀਨਿੰਗ" ਵਜੋਂ ਜਾਣਿਆ ਜਾਂਦਾ ਹੈ।''
ਅਜੀਬੋ-ਗਰੀਬ ਮੇਕਅਪ ਕਰਨ ਵਾਲੀ ਕੁੜੀ ਨੂੰ ਮਿਲੋ
ਡਾ. ਟੂਲੀ ਦਾ ਕਹਿਣਾ ਹੈ, ''ਇੱਕ ਪਾਸੇ ਉਹ ਕੁਝ ਅਜਿਹਾ ਕਰ ਰਹੀ ਹੈ ਜੋ, ਆਪਣੇ ਆਪ ਵਿੱਚ ਲੋਕਾਂ ਨੂੰ ਕਿਸੇ ਨੂੰ ਮੇਕ-ਅੱਪ ਕਰਦੇ ਹੋਏ ਦੇਖਣ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਆਪਣੇ ਵੱਲ ਖਿੱਚ ਸਕਦਾ ਹੈ, ਜਿਵੇਂ ਕਿ ਬੱਚੇ ਅਨਬਾਕਸਿੰਗ ਵੀਡੀਓ ਦੇਖਦੇ ਹਨ।''
''ਇਸ ਲਈ ਲੋਕ ਉਸ ਤੱਤ ਨੂੰ ਖੁਦ ਦੇਖਣ ਵਿੱਚ ਦਿਲਚਸਪੀ ਰੱਖਦੇ ਹਨ, ਪਰ ਉਹ ਨਾਲ ਨਾਲ ਇੱਕ ਕਹਾਣੀ ਵੀ ਦੱਸ ਰਹੀ ਹੈ।''
"ਅਸੀਂ ਉਸ ਅਪਰਾਧ ਦੇ ਤੱਤ ਬਾਰੇ ਸੋਚ ਰਹੇ ਹਾਂ ਜਿਸ ਬਾਰੇ ਉਹ ਚਰਚਾ ਕਰ ਰਹੀ ਹੈ, ਪਰ ਦੇਖਣ ਲਈ ਕੁਝ ਅਜਿਹਾ ਵਿਜ਼ੂਅਲ ਵੀ ਹੈ ਜੋ ਬਹੁਤ ਭਿਆਨਕ ਨਹੀਂ ਹੈ ਜੋ ਅਸਲ ਵਿੱਚ ਕਿਸੇ ਤਰ੍ਹਾਂ ਨਾਲ ਕਾਫ਼ੀ ਮਨਮੋਹਕ ਹੋ ਸਕਦਾ ਹੈ।"
ਇਹ ਵੀ ਪੜ੍ਹੋ:
ਜਨਵਰੀ ਅਤੇ ਜੂਨ 2020 ਦੇ ਵਿਚਕਾਰ ਯੂਟਿਊਬ 'ਤੇ ਸੱਚੀ ਅਪਰਾਧ ਸਮੱਗਰੀ ਨੂੰ ਦੇਖਣ ਵਾਲੇ ਲੋਕਾਂ ਦੇ ਸਨੈਪਸ਼ਾਟ ਵਿੱਚ ਦੇਖਿਆ ਗਿਆ ਕਿ 60% ਔਰਤਾਂ ਸਨ।
ਸੇਰੀਅਨ ਦਾ ਕਹਿਣਾ ਹੈ ਕਿ ਇਹ ਜ਼ਿਆਦਾਤਰ ਔਰਤਾਂ ਹਨ ਜੋ ਉਸ ਦੇ ਵੀਡੀਓ ਦੇਖਦੀਆਂ ਹਨ, ਜਿਨ੍ਹਾਂ ਵਿੱਚ 25 ਤੋਂ 35 ਸਾਲ ਦੀ ਉਮਰ ਦੇ ਸਭ ਤੋਂ ਵੱਡੇ ਸਮੂਹ ਦੇ ਨਾਲ, ਇਸ ਦੇ ਬਾਅਦ 18 ਤੋਂ 25 ਸਾਲ ਦੀ ਉਮਰ ਦੀਆਂ ਲੜਕੀਆਂ ਵੀ ਹਨ।
ਸੱਚੀਆਂ ਘਟਨਾਵਾਂ 'ਤੇ ਆਧਾਰਿਤ ਵੀਡੀਓਜ਼
ਡਾਕਟਰ ਟੂਲੀ ਕਹਿੰਦੀ ਹੈ, "ਇਸ ਬਾਰੇ ਕੁਝ ਵਿਚਾਰ ਹਨ ਕਿ ਵਿਸ਼ੇਸ਼ ਤੌਰ 'ਤੇ ਔਰਤਾਂ ਇਸ ਵੱਲ ਕਿਉਂ ਆਕਰਸ਼ਿਤ ਹੋ ਸਕਦੀਆਂ ਹਨ।''
"ਇਸ ਦਾ ਇੱਕ ਹਿੱਸੇ ਨੂੰ ਸਾਡੀ ਚਿੰਤਾ ਦੀ ਪ੍ਰਕਿਰਿਆ ਦੇ ਇੱਕ ਤਰੀਕੇ ਵਜੋਂ ਦਰਸਾਇਆ ਗਿਆ ਹੈ ਅਤੇ ਇਹ ਖੁਦ ਨੂੰ ਬਚਾਉਣ ਬਾਰੇ ਹੈ। ਇਹ ਕੁਝ ਔਰਤਾਂ ਲਈ ਪ੍ਰਣਾਲੀਆਂ ਵਿੱਚ ਵਿਸ਼ਵਾਸ ਦੀ ਘਾਟ ਕਾਰਨ ਵੀ ਪ੍ਰੇਰਿਤ ਹੋ ਸਕਦਾ ਹੈ।"
ਸੇਰੀਅਨ ਕਹਿੰਦੀ ਹੈ: "ਜਦੋਂ ਮੈਂ ਕਿਸੇ ਚੀਜ਼ ਤੋਂ ਡਰਦੀ ਹਾਂ, ਮੈਂ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀ ਹਾਂ, ਇਹ ਚਿੰਤਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਮੈਂ ਇਸ ਪ੍ਰਤੀ ਜਨੂੰਨੀ ਹੋ ਜਾਂਦੀ ਹਾਂ।"
ਕੋਵਿਡ ਮਹਾਂਮਾਰੀ ਨੇ ਸਬਸਕਰਾਈਬਰਾਂ ਦੀ ਗਿਣਤੀ ਨੂੰ ਵੀ ਵਧਾਇਆ ਕਿਉਂਕਿ ਟੀਵੀ ਸੀਰੀਜ਼, ਫਿਲਮਾਂ ਅਤੇ ਹੋਰ ਕਿਸੇ ਵੀ ਮਾਧਿਅਮ ਨਾਲ ਲੋਕ ਆਪਣਾ ਸਮਾਂ ਲੰਘਾ ਸਕਦੇ ਸਨ।
ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰਚ 2020 ਵਿੱਚ ਰਾਸ਼ਟਰੀ ਐਮਰਜੈਂਸੀ ਲਗਾਈ ਸੀ, ਉਦੋਂ ਸੇਰੀਅਨ ਦੇ ਸਿਰਫ਼ 780,000 ਤੋਂ ਵੱਧ ਸਬਸਕਰਾਈਬਰ ਸਨ। ਸਾਲ ਦੇ ਅੰਤ ਤੱਕ, ਉਹ 35 ਲੱਖ ਤੱਕ ਪਹੁੰਚ ਗਈ ਸੀ ਅਤੇ ਹੁਣ ਇਸ ਤੋਂ ਲਗਭਗ ਦੁੱਗਣੀ ਹੋ ਗਈ ਹੈ।

ਤਸਵੀਰ ਸਰੋਤ, Getty Images
ਸੇਰੀਅਨ ਕਹਿੰਦੀ ਹੈ "ਦੇਖਣ ਲਈ ਕੁਝ ਨਹੀਂ ਸੀ।"
"ਹਰ ਕੋਈ ਯੂਟਿਊਬ 'ਤੇ ਸੀ ਅਤੇ ਲੋਕਾਂ ਨੇ ਮੇਰੇ ਚੈਨਲ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਸਾਰੇ ਵੀਡੀਓਜ਼ ਨੂੰ ਦੇਖਣ ਲੱਗੇ। ਮੈਨੂੰ ਲੋਕਾਂ ਦੇ ਬਹੁਤ ਸਾਰੇ ਮੈਸੇਜ਼ ਅਤੇ ਕੁਮੈਂਟ ਮਿਲੇ, ''ਤੁਸੀਂ ਮੈਨੂੰ ਕੁਆਰੰਟੀਨ ਰਾਹੀਂ ਮਿਲੇ ਹੋ।''
ਇਸ ਨੇ ਉਸ ਦੇ ਕਰੀਅਰ ਨੂੰ ਵੀ ਬੁਲੰਦੀ ਦਿੱਤੀ। ਸੇਰੀਅਨ ਹੁਣ ਡਾਰਕ ਹਿਸਟਰੀ ਨਾਮਕ ਐਵਾਰਡ-ਵਿਜੇਤਾ ਪੋਡਕਾਸਟ ਅਤੇ ਵੀਡੀਓ ਸੀਰੀਜ਼ 'ਤੇ ਔਡੀਓਬੂਮ (Audioboom) ਨਾਲ ਕੰਮ ਕਰਦੀ ਹੈ। ਇਸ ਦੇ ਐਪੀਸੋਡਾਂ ਵਿੱਚ "ਦਾਦੀ ਦਾ ਸਰੀਰ ਕਿਸ ਨੇ ਚੋਰੀ ਕੀਤਾ?! 1788 ਦੇ ਡਾਕਟਰਾਂ ਦੇ ਦੰਗੇ" ਸ਼ਾਮਲ ਹਨ।
ਨੈੱਟਫਲਿਕਸ ਨਾਲ ਉਸ ਦੇ ਯੂਟਿਊਬ ਚੈਨਲ 'ਤੇ ਉਸ ਦੀ ਡੀਲ ਵੀ ਹੈ ਜਿੱਥੇ ਉਹ ਇੱਕ ਫਿਲਮ ਦੇਖਦੀ ਹੈ ਅਤੇ ਹੂਡੁਨਿਟ (ਰਹੱਸਮਈ ਕਹਾਣੀ ਦੱਸਣ ਵਾਲਾ) ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਸ ਬਾਰੇ ਉਹ ਕਹਿੰਦੀ ਹੈ ਕਿ ਇਹ ਉਸ ਨੂੰ ਇਸ ਲਈ ਮਿਲਿਆ ਕਿਉਂਕਿ ਸਟ੍ਰੀਮਿੰਗ ਫਰਮ ਦਾ ਕੋਈ ਵਿਅਕਤੀ ਉਸ ਦੇ ਚੈਨਲ 'ਤੇ ਆਇਆ ਸੀ।
ਉਹ ਸੱਚੀਆਂ ਅਪਰਾਧ ਦੀਆਂ ਕਹਾਣੀਆਂ ਬਾਰੇ ਗੱਲ ਕਰਦੀ ਹੈ ਜੋ ਅਸਲ ਪੀੜਤ ਹਨ।
ਕੀ ਸੇਰੀਅਨ ਕਦੇ ਸ਼ੋਸ਼ਣ ਮਹਿਸੂਸ ਕਰਦੀ ਹੈ?
ਉਹ ਕਹਿੰਦੀ ਹੈ, "ਹੁਣ ਜਦੋਂ ਮੇਰਾ ਚੈਨਲ ਵੱਡਾ ਹੋ ਗਿਆ ਹੈ, ਮੈਨੂੰ ਲੱਗਦਾ ਹੈ ਕਿ ਮੈਂ ਜੋ ਕਹਿੰਦੀ ਹਾਂ, ਉਸ ਬਾਰੇ ਮੇਰੀ ਜ਼ਿਆਦਾ ਜ਼ਿੰਮੇਵਾਰੀ ਹੈ, ਇਸ ਲਈ ਮੇਰੀ ਪਹੁੰਚ ਕਾਤਲਾਂ 'ਤੇ ਜ਼ਿਆਦਾ ਧਿਆਨ ਦੇਣ ਅਤੇ ਪੀੜਤਾਂ ਦਾ ਜ਼ਿਆਦਾ ਜ਼ਿਕਰ ਨਾ ਕਰਨ ਜਾਂ ਉਨ੍ਹਾਂ ਦੀਆਂ ਤਸਵੀਰਾਂ ਦਿਖਾਉਣਾ ਨਹੀਂ ਹੈ।"
"ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਲਈ ਉਦੋਂ ਤੱਕ ਨਹੀਂ ਬੋਲ ਸਕਦੀ ਜਦੋਂ ਤੱਕ ਮੈਂ ਪਰਿਵਾਰ ਨਾਲ ਸਿੱਧੇ ਤੌਰ 'ਤੇ ਗੱਲ ਨਹੀਂ ਕਰ ਰਹੀ। ਉਨ੍ਹਾਂ ਨੇ ਇੰਨੀ ਲੰਬੀ ਜ਼ਿੰਦਗੀ ਬਤੀਤ ਕੀਤੀ ਹੈ, ਇਸ ਇੱਕ ਚੀਜ਼ ਲਈ ਕਿਉਂ ਯਾਦ ਕੀਤਾ ਜਾਵੇ?"
ਦਰਅਸਲ, ਕੁਝ ਮਾਮਲਿਆਂ ਨਾਲ ਜੁੜੇ ਲੋਕਾਂ ਨੇ ਉਸ ਨਾਲ ਸੰਪਰਕ ਕੀਤਾ ਹੈ ਜਿਨ੍ਹਾਂ ਬਾਰੇ ਉਸ ਨੇ ਚਰਚਾ ਕੀਤੀ ਹੈ।
ਉਹ ਕਹਿੰਦੀ ਹੈ, "ਹਮੇਸ਼ਾ ਵਧੀਆ ਫੀਡਬੈਕ ਹੁੰਦੀ ਸੀ ਅਤੇ ਫਿਰ ਉਹ ਕੁਝ ਹੋਰ ਜੋੜਨਾ ਚਾਹੁੰਦੇ ਸਨ।"

ਤਸਵੀਰ ਸਰੋਤ, Getty Images
ਉਹ ਕਹਿੰਦੀ ਹੈ ਕਿ ਜੇ ਕਿਸੇ ਅਪਰਾਧ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀਡੀਓ ਤੋਂ ਠੇਸ ਪੁੱਜਦੀ ਹੈ ਤਾਂ ਉਹ ਇਸ ਨੂੰ "ਬਿਨਾਂ ਕੋਈ ਸਵਾਲ ਪੁੱਛੇ" ਹਟਾ ਦੇਵੇਗੀ।
ਹੁਣ ਅੱਗੇ ਕੀ ਹੈ? ਸੇਰੀਅਨ ਦੀ ਇੱਕ ਹੋਰ ਡਾਰਕ ਹਿਸਟਰੀ ਸੀਰੀਜ਼ 3 ਅਗਸਤ ਨੂੰ ਆ ਰਹੀ ਹੈ ਅਤੇ ਉਹ 'ਮਰਡਰ, ਮਿਸਟਰੀ ਅਤੇ ਮੇਕ-ਅੱਪ' ਨੂੰ ਇੱਕ ਵੱਡੇ ਪਲੈਟਫਾਰਮ 'ਤੇ ਸ਼ਿਫਟ ਹੁੰਦੇ ਦੇਖਣਾ ਚਾਹੁੰਦੀ ਹੈ, ਸ਼ਾਇਦ ਇੱਕ ਸਟ੍ਰੀਮਿੰਗ ਸਰਵਿਸ ਵਿੱਚ।
"ਪਰ ਮੈਨੂੰ ਇਮਾਨਦਾਰੀ ਨਾਲ ਯਕੀਨ ਨਹੀਂ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













