ਅਮਰੀਕਾ ਗੋਲੀਬਾਰੀ: ਰੌਬਰਟ ਕ੍ਰਿਮੋ ਨਾਂ ਦਾ ਮੁਲਜ਼ਮ ਕੌਣ ਹੈ ਤੇ ਪੁਲਿਸ ਨੇ 8 ਘੰਟੇ ਵਿਚ ਕਿਵੇਂ ਫੜ੍ਹਿਆ
ਅਮਰੀਕਾ ਅਜ਼ਾਦੀ ਡੇਅ ਪਰੇਡ ਮੌਕੇ ਹੋਈ ਅੰਨ੍ਹਵਾਹ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਗੋਲ਼ੀਬਾਰੀ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਸੀ , ਜਦਕਿ ਹਾਈਲੈਂਡ ਪਾਰਕ ਵਿਖੇ ਹੋਈ ਇਸ ਸ਼ੂਟਿੰਗ ਵਿੱਚ 24 ਲੋਕ ਜ਼ਖ਼ਮੀ ਵੀ ਹੋਏ ਹਨ।
ਪੁਲਿਸ ਮੁਤਾਬਕ ਇਸ ਘਟਨਾ ਦੇ ਮੁਲਜ਼ਮ ਰੌਬਰਟ ਈ ਕ੍ਰਾਈਮੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 22 ਸਾਲਾ ਰੌਬਰਟ ਨੂੰ ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ।
ਸਾਲ 2022 ਵਿੱਚ ਤਕਰੀਬਨ ਹਰ ਹਫ਼ਤੇ ਅਮਰੀਕਾ ਵਿੱਚ ਸ਼ੂਟਿੰਗ ਦੀ ਘਟਨਾ ਵਾਪਰੀ ਹੈ। ਘਟਨਾ ਉੱਪਰ ਰਾਸ਼ਟਰਪਤੀ ਜੋਅ ਬਾਇਡਨ ਨੇ ਦੁੱਖ ਜ਼ਾਹਿਰ ਕੀਤਾ ਹੈ।
ਰੌਬਰਟ ਕ੍ਰਿਮੋ ਕਿਵੇਂ ਫੜਿਆ ਗਿਆ ਮੁਲਜ਼ਮ
ਕਰੀਬ ਘੰਟੇ ਦੀ ਭੱਜ ਦੌੜ ਤੋਂ ਬਾਅਦ ਪੁਲਿਸ ਨੇ ਆਖ਼ਰ ਉਸ ਨੂੰ ਫੜ੍ਹ ਹੀ ਲਿਆ।
6 ਵਿਅਕਤੀਆਂ ਦਾ ਕਤਲ ਅਤੇ 30 ਦੇ ਜ਼ਖ਼ਮੀ ਕਰਨ ਦੇ ਇਲਜਾਮ ਵਿਚ ਸ਼ਿਕਾਗੋ ਪੁਲਿਸ ਨੇ ਸੋਮਵਾਰ ਬਾਅਦ ਦੁਪਹਿਰ 22 ਸਾਲਾ ਰੌਬਰਟ ਈ ਕ੍ਰੀਮੋ-III, ਨੂੰ ਗ੍ਰਿਫਤਾਰ ਕੀਤਾ ਹੈ।
ਉਸ ਦੇ ਕਤਲ ਕਰਨ ਪਿੱਛੇ ਦਾ ਮਕਸਦ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ.
ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਸ਼ਿਕਾਗੋ ਦੇ ਉੱਤਰੀ ਖਿੱਤੇ ਵਿਚੋਂ ਗ੍ਰਿਫ਼ਤਾਰ ਕੀਤਾ ਹੈ।
ਉਹ ਲਗਾਤਾਰ ਪੁਲਿਸ ਨਾਲ ਲੁਕਣਮੀਟੀ ਖੇਡ ਰਿਹਾ ਸੀ ਪਰ ਆਖ਼ਰ ਉਸ ਨੂੰ ਕਾਬੂ ਕਰ ਲਿਆ ਗਿਆ। ਭਾਵੇਂ ਕਿ ਇਸ ਤੋਂ ਪਹਿਲਾ ਐੱਫਬੀਆਈ ਨੇ ਕਿਹਾ ਸੀ ਕ੍ਰੀਮੋ ਅਜੇ ਵੀ ਲੋੜੀਂਦਾ ਹੈ, ਪਰ ਬਾਅਦ ਵਿਚ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਗਈ।
ਰੌਬਰਟ ਕ੍ਰਿਮੋ ਦਾ ਕੀ ਹੈ ਹੁਲੀਆ
ਪਾਰਕਲੈਂਡ ਵਿਚ ਵਾਰਦਾਤ ਕਰਕੇ ਭੱਜਣ ਤੋਂ ਬਾਅਦ ਪੁਲਿਸ ਨੇ ਉਸ ਦਾ ਹੁਲ਼ੀਆ ਜਨਤਕ ਕੀਤਾ ਸੀ।
ਪੁਲਿਸ ਨੇ ਕਿਹਾ ਸੀ ਕਿ ਇੱਕ ਨੌਜਵਾਨ ਜੋ ਹੌਂਡਾ ਫਿਟ ਡੀਐੱਮ 8063ਗੱਡੀ ਚਲਾ ਰਿਹਾ ਹੈ। ਉਸਦਾ ਰੰਗ ਗੋਰਾ, ਸਰੀਰ ਪਤਲਾ ਅਤੇ ਅੱਖਾਂ ਭੂਰੀਆਂ ਅਤੇ ਭਾਰ ਕਰੀਬ 120 ਪੌਂਡ ਹੈ, ਤੋਂ ਬਚ ਕੇ ਰਹਿਣ।
ਪੁਲਿਸ ਨੇ ਇਹ ਵੀ ਕਿਹਾ ਸੀ ਕਿ ਇਸ ਵਿਅਕਤੀ ਨੇ ਸਰੀਰ ਉੱਤੇ ਬਹੁਤ ਸਾਰੇ ਟੈਟੂ ਬਣਾਏ ਹੋਏ ਹਨ ਅਤੇ ਇੱਕ ਪੰਜ ਵਰਗਾ ਨਿਸ਼ਾਨ ਵੀ ਹੈ।
ਉਸਦੀ ਗਰਦਨ ਉੱਤੇ ਲਾਲ ਗੁਲਾਬ ਅਤੇ ਹਰੀਆਂ ਪੱਤੀਆਂ ਵਾਲਾ ਟੈਟੂ ਬਣਿਆ ਹੋਇਆ ਹੈ ਅਤੇ ਉਸਦੀ ਦੀ ਖੱਬੀ ਅੱਖ ਉੱਤੇ ਕਰਸਿਵ ਲੈਟਰ ਵੀ ਉਕਰੇ ਹੋਏ ਹਨ।

ਤਸਵੀਰ ਸਰੋਤ, HIGHLAND PARK POLICE
ਰੌਬਰਟ ਕ੍ਰਿਮੋ ਸੋਸ਼ਲ ਮੀਡੀਆ ਗਾਇਕ ਹੈ
ਸਥਾਨਕ ਮੀਡੀਆ ਮੁਤਾਬਕ ਕ੍ਰੀਮੋ ਗਾਉਣ ਦੀ ਵੀ ਸ਼ੌਕੀਨ ਹੈ ਅਤੇ ਗੀਤ ਗਾ ਕੇ ਸੋਸ਼ਲ ਮੀਡੀਆ ਉੱਤੇ ਪਾਉਂਦਾ ਹੈ।
ਉਸ ਦੇ ਨਾਂ ਉੱਤੇ ਕਈ ਰੈਪ ਗੀਤਾਂ ਦੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਦੇਖੇ ਜਾ ਸਕਦੇ ਹਨ।
ਕਈ ਗਾਣਿਆਂ ਵਿਚ ਉਹ ਗੰਨ ਕਲਚਰ ਅਤੇ ਸਕੂਲਾਂ ਵਿਚ ਗੋਲੀਬਾਰੀ ਦੀ ਵਕਾਲਤ ਵੀ ਕਰਦਾ ਦਿਖਦਾ ਹੈ।
ਇਨ੍ਹਾਂ ਗਾਣਿਆਂ ਵਿਚੋਂ ਇੱਕ ਓ ਮਾਈ ਮਾਇਂਡ ਹੈ। ਜਿਸ ਵਿਚ ਉਹ ਫੌਜੀਆਂ ਵਰਗੀ ਵਰਦੀ ਪਾ ਕੇ ਕਲਾਸ ਰੂਮ ਵਿਚ ਗਾਉਂਦਾ ਦਿਖ ਰਿਹਾ ਹੈ।
ਕਿਵੇ ਅੰਜ਼ਾਮ ਦਿੱਤੀ ਵਾਰਦਾਤ
ਸ਼ੱਕੀ ਸ਼ੂਟਰ ਨੇ ਪਰੇਡ ਦੀ ਸ਼ੁਰੂਆਤ ਤੋਂ ਕੁਝ ਮਿੰਟਾਂ ਬਾਅਦ ਹੀ ਲੋਕਾਂ ਉਪਰ ਗੋਲੀਆਂ ਚਲਾ ਦਿੱਤੀਆਂ। ਪਰੇਡ ਦੌਰਾਨ ਕਈ ਸਮਾਗਮ ਹੋਣੇ ਸੀ ਪਰ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ।
ਇਹ ਘਟਨਾ ਵਾਲੀ ਥਾਂ 'ਤੇ ਕੁਰਸੀਆਂ, ਲੋਕਾਂ ਦਾ ਸਾਮਾਨ ਤੇ ਹੋਰ ਕਈ ਕੁਝ ਉਧਰ ਪਿਆ ਨਜ਼ਰ ਆਇਆ।
ਪੁਲਿਸ ਮੁਤਾਬਕ ਪਰੇਡ ਦੇ ਨਜ਼ਦੀਕ ਇੱਕ ਦੁਕਾਨ ਦੀ ਛੱਤ 'ਤੇ ਚੜ੍ਹ ਕੇ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਸ਼ੂਟਿੰਗ ਲਈ ਵਰਤੀ ਗਈ ਵੀ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ।
ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਦੀ ਮੌਤ ਸਥਾਨਕ ਹਸਪਤਾਲ ਵਿਖੇ ਹੋਈ ਹੈ।

ਤਸਵੀਰ ਸਰੋਤ, EPA
ਮੇਅਰ ਨੈਨਸੀ ਰੋਟਰਿੰਗ ਮੁਤਾਬਕ," ਲੋਕ ਇਥੇ ਦੇਸ਼ ਦੀ ਆਜ਼ਾਦੀ ਦਿਹਾੜਾ ਮਨਾਉਣ ਆਏ ਸੀ ਪਰ ਹੁਣ ਇਸ ਤ੍ਰਾਸਦੀ ਤੋਂ ਬਾਅਦ ਅਸੀਂ ਸਦਮੇ ਵਿੱਚ ਹਾਂ।"
ਚਸ਼ਮਦੀਦਾਂ ਨੇ ਦੱਸੇ ਮੌਕੇ ਦੇ ਹਾਲਾਤ
ਪੁਲਿਸ ਮੁਤਾਬਕ ਹਮਲਾਵਰ ਨੇ ਛੱਤ ਉੱਪਰ ਚੜ੍ਹ ਕੇ ਉੱਥੇ ਮੌਜੂਦ ਲੋਕਾਂ ਉੱਪਰ ਅੰਧਾ ਧੁੰਦ ਗੋਲੀਆਂ ਚਲਾਈਆਂ ਹਨ।
ਇਸ ਹਮਲੇ ਵਿੱਚ ਮਾਰੇ ਗਏ 70 ਸਾਲ ਦੇ ਨਿਕਲਸ ਟੋਲੈਡੋ ਕੇਵਲ ਇਸ ਲਈ ਉੱਥੇ ਮੌਜੂਦ ਸਨ ਕਿਉਂਕਿ ਉਨ੍ਹਾਂ ਦਾ ਪਰਿਵਾਰ ਇਸ ਸਮਾਗਮ ਨੂੰ ਦੇਖਣਾ ਚਾਹੁੰਦਾ ਸੀ ਅਤੇ ਆਪਣੀ ਉਮਰ ਕਾਰਨ ਉਹ ਇੱਕਲੇ ਘਰ ਨਹਈਂ ਰਹਿ ਸਕਦੇ ਸਨ।
ਮੌਕੇ 'ਤੇ ਮੌਜੂਦ ਚਸ਼ਮਦੀਦ ਆਨੰਦ ਪੀ ਮੁਤਾਬਕ,"ਅਸੀਂ ਆਪਣੇ ਪਰਿਵਾਰ ਨਾਲ ਬਾਹਰ ਆਏ ਸੀ ਅਤੇ ਇਕਦਮ ਗੋਲੀਆਂ ਦੀ ਆਵਾਜ਼ ਆਈ। ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਹੀ ਕਿਸੇ ਕਾਰ ਦੀ ਆਵਾਜ਼ ਹੈ ਪਰ ਜਦੋਂ ਲੋਕਾਂ ਨੇ ਭੱਜਣਾ ਸ਼ੁਰੂ ਕੀਤਾ ਤਾਂ ਅਸੀਂ ਦੌੜਨ ਲੱਗੇ।"

ਤਸਵੀਰ ਸਰੋਤ, Reuters
ਇੱਕ ਹੋਰ ਚਸ਼ਮਦੀਦ ਨਾਈਲ ਮੁਤਾਬਕ ਉਹ ਆਪਣੇ ਬੇਟੇ ਨੂੰ ਪਰੇਡ ਕੋਲ ਛੱਡ ਕੇ ਸਟਾਰਬੱਕਸ ਵਿੱਚ ਨਾਸ਼ਤਾ ਕਰ ਰਹੇ ਸਨ ਜਦੋਂ ਇਹ ਸਾਰੀ ਘਟਨਾ ਵਾਪਰੀ।
"ਗੋਲੀਆਂ ਚੱਲਣ ਤੋਂ ਬਾਅਦ ਤਕਰੀਬਨ 30 ਲੋਕ ਦੌੜਦੇ ਹੋਏ ਸਟਾਰਬੱਕਸ ਆਏ ਅਤੇ ਇਸ ਦੇ ਵਾਸ਼ਰੂਮ ਵਿੱਚ ਲੁਕ ਗਏ। ਕੁਝ ਸਮੇਂ ਬਾਅਦ ਸਾਨੂੰ ਉਸ ਜਗ੍ਹਾ ਤੋਂ ਕੱਢਿਆ ਗਿਆ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਹਮਲਾਵਰ ਪਿਛਲੇ ਦਰਵਾਜ਼ੇ ਤੋਂ ਇੱਥੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ"
ਸ਼ਿਕਾਗੋ ਨਜ਼ਦੀਕ ਹਾਈਲੈਂਡ ਪਾਰਕ ਵਿਖੇ ਸ਼ੂਟਿੰਗ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਟੈਕਸਸ, ਨਿਊਯਾਰਕ ਅਤੇ ਹੋਰ ਕਈ ਜਗ੍ਹਾ 'ਚ ਵੀ ਸ਼ੂਟਿੰਗ ਦੀਆਂ ਘਟਨਾਵਾਂ ਹੋਈਆਂ ਹਨ।
ਇਲੀਨੋਇ ਦੇ ਗਵਰਨਰ ਜੇ ਰਾਬਰਟ ਨੇ ਆਖਿਆ ਹੈ ਕਿ ਬੰਦੂਕਾਂ ਨਾਲ ਗੋਲੀਬਾਰੀ ਅਮਰੀਕਾ ਦਾ ਹਿੱਸਾ ਬਣਦੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਉਹ ਆਖਦੇ ਹਨ,''ਹਰ ਗੋਲੀਬਾਰੀ ਤੋਂ ਬਾਅਦ ਲੋਕ ਕਹਿਣਗੇ ਕਿ ਅੱਜ ਇਸ ਬਾਰੇ ਚਰਚਾ ਕਰਨ ਦਾ ਦਿਨ ਨਹੀਂ ਹੈ। ਮੇਰੇ ਮੁਤਾਬਕ ਇਸ ਬਾਰੇ ਅੱਜ ਅਤੇ ਹੁਣੇ ਚਰਚਾ ਕਰਨ ਤੋਂ ਜਿਆਦਾ ਕੋਈ ਬਿਹਤਰ ਸਮਾਂ ਨਹੀਂ ਹੈ।''
ਅਮਰੀਕਾ ਦੇ ਰਾਸ਼ਟਰਪਤੀ ਨੇ ਆਖਿਆ ਸੀ ਕਿ ਉਹ ਇਸ ਬਾਰੇ ਹਾਰ ਨਹੀਂ ਮੰਨਣਗੇ ਅਤੇ ਪਿਛਲੇ ਹਫ਼ਤੇ ਉਨ੍ਹਾਂ ਨੇ ਇੱਕ ਮਹੱਤਵਪੂਰਨ ਬਿੱਲ ਉਤੇ ਦਸਤਖ਼ਤ ਵੀ ਕੀਤੇ ਹਨ।
ਬੰਦੂਕਾਂ ਸੰਬੰਧੀ ਸੁਰੱਖਿਆ ਬਾਰੇ ਇਸ ਬਿੱਲ ਉਪਰ ਅਜਿਹਾ ਤਕਰੀਬਨ 30 ਸਾਲਾਂ ਵਿੱਚ ਹੋਇਆ ਹੈ।
ਇਹ ਬਿੱਲ ਹਥਿਆਰਾਂ ਦੀ ਖਰੀਦ ਨੂੰ ਲੈ ਕੇ ਸਖ਼ਤੀ ਬਾਰੇ ਹੈ ਪਰ ਆਲੋਚਕਾਂ ਮੁਤਾਬਕ ਇਹ ਕਦਮ ਬਹੁਤਾ ਸਮਾਂ ਸਫ਼ਲ ਨਹੀਂ ਹੋਣਗੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













