ਵਾਤਾਵਰਨ ਤਬਦੀਲੀ : ਗਊਆਂ ਤੋਂ ਨਿਕਲਣ ਵਾਲੀ ਜਿਸ ਗੈਸ ਨੂੰ ਰੋਕਣ ਲਈ ਨਿਊਜ਼ੀਲੈਂਡ ਟੈਕਸ ਲਗਾ ਰਿਹਾ ਉਹ ਕੀ ਹੈ ਤੇ ਕੀ ਅਸਰ ਪਾਉਂਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਪੀਟਰ ਹੋਸਕਿਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਨਿਊਜ਼ੀਲੈਂਡ ਨੇ ਦੇਸ਼ ਦੇ ਗਰੀਨ ਹਾਊਸ ਗੈਸਾਂ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਨਾਲ ਨਜਿੱਠਣ ਲਈ ਭੇਡਾਂ ਅਤੇ ਪਸ਼ੂਆਂ ਤੋਂ ਨਿਕਲਣ ਵਾਲੀ ਮੀਥੇਨ ਗੈਸ 'ਤੇ ਟੈਕਸ ਲਗਾਉਣ ਦੀ ਯੋਜਨਾ ਦੀ ਤਜਵੀਜ਼ ਕੀਤੀ ਹੈ।
ਇਸ ਤਰ੍ਹਾਂ ਇਹ ਪਹਿਲਾ ਅਜਿਹਾ ਦੇਸ਼ ਬਣ ਜਾਵੇਗਾ ਜੋ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਰੱਖੇ ਜਾਨਵਰਾਂ ਤੋਂ ਨਿਕਲਣ ਵਾਲੀ ਮੀਥੇਨ ਨਿਕਾਸੀ ਲਈ ਚਾਰਜ ਕਰੇਗਾ।
ਨਿਊਜ਼ੀਲੈਂਡ ਵਿੱਚ ਲਗਭਗ ਇੱਕ ਕਰੋੜ ਪਸ਼ੂਆਂ ਅਤੇ 2.6 ਕਰੋੜ ਭੇਡਾਂ ਦੇ ਨਾਲ ਸਿਰਫ਼ 50 ਲੱਖ ਲੋਕਾਂ ਦੀ ਆਬਾਦੀ ਹੋਵੇਗੀ।
ਦੇਸ਼ ਦੇ ਕੁੱਲ ਗਰੀਨ ਹਾਊਸ ਗੈਸਾਂ ਦੇ ਨਿਕਾਸ ਦਾ ਲਗਭਗ ਅੱਧਾ ਹਿੱਸਾ ਖੇਤੀਬਾੜੀ ਤੋਂ ਆਉਂਦਾ ਹੈ, ਇਸ ਵਿੱਚ ਮੁੱਖ ਤੌਰ 'ਤੇ ਮੀਥੇਨ ਸ਼ਾਮਲ ਹੈ।
ਹਾਲਾਂਕਿ, ਖੇਤੀਬਾੜੀ ਦੇ ਨਿਕਾਸ ਨੂੰ ਪਹਿਲਾਂ ਨਿਊਜ਼ੀਲੈਂਡ ਦੀ ਨਿਕਾਸ ਵਪਾਰ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਿਸ ਦੀ ਉਨ੍ਹਾਂ ਲੋਕਾਂ ਵੱਲੋਂ ਆਲੋਚਨਾ ਕੀਤੀ ਗਈ ਸੀ ਜੋ ਸਰਕਾਰ ਨੂੰ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਵਧੇਰੇ ਕੁਝ ਕਰਨ ਦੀ ਮੰਗ ਕਰਦੇ ਸਨ।
ਟੈਕਸ ਲਾਉਣ ਬਾਰੇ ਕੀ ਹੈ ਪ੍ਰਸਤਾਵ
ਨਿਊਜ਼ੀਲੈਂਡ ਦੇ ਵਾਤਾਵਰਨ ਤਬਦੀਲੀ ਸਬੰਧੀ ਮੰਤਰੀ ਜੇਮਜ਼ ਸ਼ਾਅ ਨੇ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਮੀਥੇਨ ਦੀ ਮਾਤਰਾ ਨੂੰ ਘੱਟ ਕਰਨ ਦੀ ਲੋੜ ਹੈ, ਜੋ ਅਸੀਂ ਵਾਯੂਮੰਡਲ ਵਿੱਚ ਸੁੱਟ ਰਹੇ ਹਾਂ ਅਤੇ ਅਜਿਹੇ ਵਿੱਚ ਇਸ ਨੂੰ ਪੂਰਾ ਕਰਨ ਲਈ ਖੇਤੀਬਾੜੀ ਲਈ ਇੱਕ ਪ੍ਰਭਾਵੀ ਨਿਕਾਸੀ ਕੀਮਤ ਪ੍ਰਣਾਲੀ ਮੁੱਖ ਭੂਮਿਕਾ ਨਿਭਾਏਗੀ।"
ਤਜਵੀਜ਼ ਦੇ ਤਹਿਤ ਕਿਸਾਨਾਂ ਨੂੰ 2025 ਤੋਂ ਆਪਣੇ ਗੈਸ ਨਿਕਾਸੀ ਦਾ ਭੁਗਤਾਨ ਕਰਨਾ ਹੋਵੇਗਾ।
ਯੋਜਨਾ ਵਿੱਚ ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਗੱਲ ਵੀ ਸ਼ਾਮਲ ਹੈ ਜੋ ਫੀਡ ਐਡਿਟਿਵਜ਼ (ਇੱਕ ਖ਼ਾਸ ਪਦਾਰਥ ਜੋ ਕਿਸੇ ਖ਼ਾਸ ਉਦੇਸ਼ ਲਈ ਘੱਟ ਮਾਤਰਾ ਵਿੱਚ ਕਿਸੇ ਹੋਰ ਪਦਾਰਥ ਵਿੱਚ ਮਿਲਾਇਆ ਜਾਂਦਾ ਹੈ) ਰਾਹੀਂ ਨਿਕਾਸੀ ਨੂੰ ਘਟਾਉਂਦੇ ਹਨ।
ਇਹ ਵੀ ਪੜ੍ਹੋ:
ਜਦਕਿ ਨਿਕਾਸੀ ਦੀ ਭਰਪਾਈ ਨੂੰ ਪੂਰਾ ਕਰਨ ਲਈ ਖੇਤਾਂ ਵਿੱਚ ਰੁੱਖ ਵੀ ਲਗਾਏ ਜਾ ਸਕਦੇ ਹਨ।

ਐਂਡਰਿਊ ਹੌਗਾਰਡ ਇੱਕ ਡੇਅਰੀ ਫਾਰਮਰ ਹਨ ਅਤੇ ਨਿਊਜ਼ੀਲੈਂਡ ਦੇ ਫੈਡਰੇਟੇਡ ਫਾਰਮਰ ਦੇ ਕੌਮੀ ਪ੍ਰਧਾਨ ਹਨ।
ਕਿਸਾਨਾਂ ਦੀ ਕੀ ਹੈ ਦਲੀਲ
ਇਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਵਿਆਪਕ ਤੌਰ 'ਤੇ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਕਈ ਸਾਲਾਂ ਤੋਂ ਸਰਕਾਰ ਅਤੇ ਹੋਰ ਸੰਸਥਾਵਾਂ ਨਾਲ ਇਸ 'ਤੇ ਕੰਮ ਕਰ ਰਹੇ ਹਾਂ ਤਾਂ ਜੋ ਇੱਕ ਅਜਿਹਾ ਦ੍ਰਿਸ਼ਟੀਕੋਣ ਹਾਸਿਲ ਕੀਤਾ ਜਾ ਸਕੇ ਜੋ ਨਿਊਜ਼ੀਲੈਂਡ ਵਿੱਚ ਖੇਤੀ ਨੂੰ ਬੰਦ ਨਾ ਕਰੇ, ਇਸ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ 'ਤੇ ਦਸਤਖ਼ਤ ਕੀਤੇ ਹਨ, ਅਸੀਂ ਇਸ ਨਾਲ ਖੁਸ਼ ਵੀ ਹਾਂ।"
ਉਨ੍ਹਾਂ ਨੇ ਕਿਹਾ, "ਪਰ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਦੇ ਸਮਝੌਤੇ, ਜਿਸ ਵਿੱਚ ਬਹੁਤ ਸਾਰੀਆਂ ਧਿਰਾਂ ਸ਼ਾਮਲ ਹੁੰਦੀਆਂ ਹਨ, ਉਸ ਵਿੱਚ ਤੁਹਾਨੂੰ ਕੁਝ ਕੌੜੇ ਘੁੱਟ ਵੀ ਨਿਗਲਣੇ ਪੈਂਦੇ ਹਨ।"
ਹੌਗਾਰਡ ਨੇ ਇਹ ਵੀ ਦੱਸਿਆ ਕਿ ਯੋਜਨਾ ਦੀ ਤਿਆਰੀ ਦੇ ਵਧੀਆ ਵੇਰਵਿਆਂ 'ਤੇ ਅਜੇ ਸਹਿਮਤੀ ਨਹੀਂ ਬਣੀ ਹੈ।
"ਇਸ ਯੋਜਨਾ ਨੂੰ ਲਾਗੂ ਕੌਣ ਕਰੇਗਾ ਇਸ ਬਾਰੇ ਸਰਕਾਰ ਨਾਲ ਗੱਲਬਾਤ ਅਜੇ ਬਾਕੀ ਹੈ।"
ਟੈਕਸ ਦਾ ਪੈਸਾ ਕਿੱਥੇ ਲੱਗੇਗਾ
ਦੇਸ਼ ਦੇ ਵਾਤਾਵਰਣ ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ਤੋਂ ਇਕੱਠੀ ਹੋਈ ਰਕਮ ਨੂੰ ਕਿਸਾਨਾਂ ਲਈ ਖੋਜ, ਵਿਕਾਸ ਅਤੇ ਸਲਾਹਕਾਰੀ ਸੇਵਾਵਾਂ ਵਿੱਚ ਨਿਵੇਸ਼ ਕੀਤਾ ਜਾਵੇਗਾ।
ਪਿਛਲੇ ਮਹੀਨੇ, ਨਿਊਜ਼ੀਲੈਂਡ ਦੇ ਵਿੱਤ ਮੰਤਰੀ ਨੇ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਪਹਿਲਕਦਮੀਆਂ ਵਜੋਂ 2.9 ਬਿਲੀਅਨ ਨਿਊਜ਼ੀਲੈਂਡ ਡਾਲਰ ਦੇਣ ਦਾ ਵਾਅਦਾ ਕੀਤਾ ਹੈ।
ਇਸ ਨੂੰ ਇੱਕ ਨਿਕਾਸੀ ਵਪਾਰ ਪ੍ਰਣਾਲੀ ਨਾਲ ਫੰਡ ਮਿਲੇਗਾ, ਜੋ ਪ੍ਰਦੂਸ਼ਕਾਂ 'ਤੇ ਟੈਕਸ ਲਗਾਉਣ ਵਾਲੀ ਹੈ।
ਉੱਥੇ ਹੀ ਵੀਰਵਾਰ ਨੂੰ 14 ਟ੍ਰਿਲੀਅਨ ਡਾਲਰ ਦੀ ਜਾਇਦਾਦ ਦਾ ਪ੍ਰਬੰਧਨ ਕਰਨ ਵਾਲੇ ਨਿਵੇਸ਼ਕਾਂ ਨੇ ਸੰਯੁਕਤ ਰਾਸ਼ਟਰ ਨੂੰ ਖੇਤੀਬਾੜੀ ਸੈਕਟਰ ਨੂੰ ਟਿਕਾਊ ਬਣਾਉਣ ਲਈ ਇੱਕ ਵਿਸ਼ਵਵਿਆਪੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਸੀ।

ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਡਾਇਰੈਕਟਰ-ਜਨਰਲ ਨੂੰ ਲਿਖੇ ਪੱਤਰ ਵਿੱਚ, ਐੱਫਏਆਈਆਰਆਰ (FAIRR) ਪਹਿਲਕਦਮੀ ਨੇ ਕਿਹਾ ਕਿ ਏਜੰਸੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਿਕਾਸ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਨੂੰ ਰੋਕਣ ਲਈ ਇੱਕ ਰੋਡ-ਮੈਪ ਬਣਾਉਣ ਲਈ ਅਗਵਾਈ ਕਰਨ ਲਈ ਸਭ ਤੋਂ ਵਧੀਆ ਹੈ।
ਇਹ ਪਹਿਲੀ ਵਾਰ ਰਾਇਟਰਜ਼ ਨਿਊਜ਼ ਏਜੰਸੀ ਵੱਲੋਂ ਰਿਪੋਰਟ ਕੀਤਾ ਗਿਆ ਸੀ।
ਕਾਰਬਨ ਡਾਈਆਕਸਾਈਡ (CO2) ਤੋਂ ਬਾਅਦ ਮੀਥੇਨ ਦੂਜੀ ਸਭ ਤੋਂ ਆਮ ਗ੍ਰੀਨ ਹਾਊਸ ਗੈਸ ਹੈ।
ਇਹ ਮਨੁੱਖੀ ਗਤੀਵਿਧੀਆਂ ਤੋਂ ਮੌਜੂਦਾ ਤਪਸ਼ (ਗਰਮੀ) ਦੇ ਇੱਕ ਤਿਹਾਈ ਲਈ ਸਭ ਤੋਂ ਸ਼ਕਤੀਸ਼ਾਲੀ ਅਤੇ ਜ਼ਿੰਮੇਵਾਰ ਹੈ।
ਇਕੱਲੇ ਕਾਰਬਨ ਡਾਈਆਕਸਾਈਡ ਅਣੂਆਂ ਨਾਲੋਂ ਵਿਅਕਤੀਗਤ ਮੀਥੇਨ ਅਣੂਆਂ ਦਾ ਵਾਯੂਮੰਡਲ 'ਤੇ ਵਧੇਰੇ ਸ਼ਕਤੀਸ਼ਾਲੀ ਵਾਰਮਿੰਗ ਪ੍ਰਭਾਵ ਹੁੰਦਾ ਹੈ।
ਪਿਛਲੇ ਸਾਲ ਗਲਾਸਗੋ ਵਿੱਚ ਹੋਈ ਸੀਓਪੀ26 ਵਾਤਾਵਰਨ ਕਾਨਫਰੰਸ ਵਿੱਚ ਅਮਰੀਕਾ ਅਤੇ ਯੂਰਪੀ ਸੰਘ ਨੇ 2030 ਤੱਕ ਗੈਸ ਦੀ ਨਿਕਾਸੀ ਨੂੰ 30 ਫੀਸਦ ਤੱਕ ਘਟਾਉਣ ਲਈ ਸਹਿਮਤੀ ਦਿੱਤੀ ਸੀ।
ਨਿਊਜ਼ੀਲੈਂਡ ਸਣੇ 100 ਤੋਂ ਵੱਧ ਦੇਸ਼ਾਂ ਨੇ ਵੀ ਪਹਿਲਕਦਮੀ ਲਈ ਹਸਤਾਖ਼ਰ ਕੀਤੇ ਹਨ।
ਮੀਥੇਨ ਕਿਵੇਂ ਨਿਕਲਦਾ ਹੈ?
ਸੀਐੱਚ4 ਦਾ ਲਗਭਗ 40 ਫੀਸਦ ਕੁਦਰਤੀ ਸਰੋਤਾਂ ਜਿਵੇਂ ਕਿ ਵੈਟਲੈਂਡਜ਼ ਤੋਂ ਆਉਂਦਾ ਹੈ ਪਰ ਹੁਣ ਵੱਡਾ ਹਿੱਸਾ ਮਨੁੱਖੀ ਗਤੀਵਿਧੀਆਂ ਤੋਂ ਆਉਂਦਾ ਹੈ, ਖੇਤੀਬਾੜੀ, ਜਿਵੇਂ ਕਿ ਪਸ਼ੂਆਂ ਅਤੇ ਚੌਲਾਂ ਦੇ ਉਤਪਾਦਨ ਤੋਂ ਲੈ ਕੇ ਕੂੜੇ ਦੇ ਡੰਪ ਕਰਨ ਤੱਕ।
ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਕੁਦਰਤੀ ਗੈਸ ਦੇ ਉਤਪਾਦਨ, ਆਵਾਜਾਈ ਅਤੇ ਵਰਤੋਂ ਨਾਲ ਹੈ ਅਤੇ 2008 ਤੋਂ ਮੀਥੇਨ ਦੀ ਨਿਕਾਸੀ ਵਿੱਚ ਇੱਕ ਵੱਡਾ ਵਾਧਾ ਹੋਇਆ ਹੈ।

ਤਸਵੀਰ ਸਰੋਤ, Getty Images
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਗੈਸ ਲਈ ਫਰੇਕਿੰਗ ਵਿੱਚ ਉਛਾਲ ਨਾਲ ਜੁੜਿਆ ਹੋਇਆ ਹੈ।
ਸਾਲ 2019 ਵਿੱਚ ਵਾਯੂਮੰਡਲ ਵਿੱਚ ਮੀਥੇਨ ਰਿਕਾਰਡ ਪੱਧਰ 'ਤੇ ਪਹੁੰਚ ਗਈ, ਜੋ ਕਿ ਪੂਰਬ-ਉਦਯੋਗਿਕ ਯੁੱਗ ਦੇ ਮੁਕਾਬਲੇ ਢਾਈ ਗੁਣਾ ਵੱਧ ਸੀ।
ਵਿਗਿਆਨੀਆਂ ਦੀ ਚਿੰਤਾ ਇਹ ਹੈ ਕਿ ਜਦੋਂ ਗ੍ਰਹਿ ਨੂੰ ਗਰਮ ਕਰਨ ਦੀ ਗੱਲ ਆਉਂਦੀ ਹੈ ਤਾਂ ਮੀਥੇਨ ਦੀ ਉਹ ਅਸਲ ਸ਼ਕਤੀ ਹੁੰਦੀ ਹੈ।
100 ਸਾਲਾਂ ਦੀ ਮਿਆਦ ਵਿੱਚ ਇਹ ਕਾਰਬਨ ਡਾਈਆਕਸਾਈਡ ਨਾਲੋਂ 28-34 ਗੁਣਾ ਵੱਧ ਗਰਮ ਹੁੰਦਾ ਹੈ।
20 ਸਾਲਾਂ ਦੀ ਮਿਆਦ ਵਿੱਚ ਇਹ ਕਾਰਬਨ ਡਾਈਆਕਸਾਈਡ ਦੇ ਪ੍ਰਤੀ ਪੁੰਜ ਦੇ ਪ੍ਰਤੀ ਯੂਨਿਟ ਨਾਲੋਂ ਲਗਭਗ 84 ਗੁਣਾ ਸ਼ਕਤੀਸ਼ਾਲੀ ਹੈ।
ਹਾਲਾਂਕਿ, ਵਾਯੂਮੰਡਲ ਵਿੱਚ ਮੀਥੇਨ ਨਾਲੋਂ ਬਹੁਤ ਜ਼ਿਆਦਾ ਕਾਰਬਨ ਡਾਈਆਕਸਾਈਡ ਹੈ ਅਤੇ ਇਸ ਦੇ ਵਿਅਕਤੀਗਤ ਅਣੂ ਸੈਂਕੜੇ ਸਾਲਾਂ ਤੱਕ ਉੱਥੇ ਰਹਿ ਸਕਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












