ਕੋਰੋਨਾਵਇਰਸ ਦੇ ਨਵੇਂ ਰੂਪ ਡੇਲਟਾਕਰੋਨ ਬਾਰੇ ਅਸੀਂ ਹੁਣ ਤੱਕ ਕਿੰਨਾ ਜਾਣਦੇ ਹਾਂ

ਕੋਰੋਨਾਵਇਰਸ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੇਲਟਾਕਰੋਨ ਪਹਿਲੀ ਵਾਰ ਜਨਵਰੀ ਮਹੀਨੇ ਵਿੱਚ ਫਰਾਂਸ ਵਿੱਚ ਦੇਖਿਆ ਗਿਆ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਵਿਸ਼ਵ ਸਿਹਤ ਸੰਗਠਨ ਨੇ ਨੌਂ ਮਾਰਚ ਨੂੰ ਦੱਸਿਆ ਕਿ ਸਾਇੰਸਦਾਨਾਂ ਨੂੰ ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ ਮਿਲਿਆ ਹੈ, ਜਿਸ ਦਾ ਅਣਅਧਿਕਾਰਿਤ ਨਾਮ ਡੇਲਟਾ ਕਰੋਨ ਰੱਖਿਆ ਗਿਆ ਹੈ।

ਇਹ ਨਵਾਂ ਰੂਪ ਕੋਰੋਨਾਵਾਇਰਸ ਦੇ ਡੇਲਟਾ ਅਤੇ ਓਮੀਕਰੋਨ ਰੂਪਾਂ ਦਾ ਮਿਸ਼ਰਣ ਹੈ। ਸੰਗਠਨ ਨੇ ਇਸ ਨੂੰ ਨਾਮ AY.4/BA.1 ਦਿੱਤਾ ਹੈ।

ਹਾਲਾਂਕਿ ਇਸ ਨੂੰ ਅਜੇ ''ਚਿੰਤਾਜਨਕ'' ਨਹੀਂ ਐਲਾਨਿਆ ਗਿਆ ਹੈ ਜੋ ਜਨਤਕ ਸਿਹਤ ਪ੍ਰਣਾਲੀ ਉੱਪਰ ਦਬਾਅ ਪਾ ਸਕੇ ਪਰ ਯੂਰਪ, ਅਮਰੀਕਾ ਤੇ ਦੱਖਣੀ ਅਮਰੀਕਾ ਵਿੱਚ ਇਸ ਦੇ ਕੇਸ ਮਿਲੇ ਹਨ।

ਹਾਲਾਂਕਿ ਸਾਇੰਸਦਾਨ ਅਤੇ ਸਿਹਤ ਮਾਹਰ ਅਜੇ ਵੀ ਇਸ ਵਾਇਰਸ ਦੇ ਅਹਿਮ ਪਹਿਲੂਆਂ ਬਾਰੇ ਅਸਪਸ਼ਟ ਹਨ। ਜਿਵੇਂ ਕਿ ਇਹ ਕਿੰਨਾ ਗੰਭੀਰ ਹੋ ਸਕਦਾ ਹੈ, ਇਹ ਕਿੰਨੀ ਤੇਜ਼ੀ ਨਾਲ ਫੈਲਦਾ ਹੈ, ਕੀ ਟੀਕਿਆਂ ਤੋਂ ਮਿਲੀ ਰੱਖਿਆ ਨੂੰ ਤੋੜ ਸਕਦਾ ਹੈ, ਇਸ ਤੋਂ ਪੈਦਾ ਹੋਣ ਵਾਲੇ ਲੱਛਣ ਕਿੰਨੇ ਗੰਭੀਰ ਹੋ ਸਕਦੇ ਹਨ, ਆਦਿ।

ਇਸ ਬਾਰੇ ਅਸੀਂ ਕਿੰਨਾ ਜਾਣਦੇ ਹਾਂ-

ਉਤਪਤੀ ਤੇ ਫੈਲਾਅ

ਇਹ ਸਭ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਫਰਾਂਸ ਵਿੱਚ ਮਿਲਿਆ ਸੀ। ਉਦੋਂ ਤੋਂ ਲੈ ਕੇ 15 ਮਾਰਚ ਤੱਕ ਇਸ ਦੇ ਮਹਿਜ਼ 47 ਮਾਮਲੇ ਪਛਾਣੇ ਗਏ ਹਨ। ਉਸ ਤੋਂ ਅਨੁਮਾਨ ਲਗਾਇਆ ਗਿਆ ਹੈ ਕਿ ਇਹ ਓਮੀਕਰੋਨ ਅਤੇ ਡੇਲਟਾ ਜਿੰਨਾ ਲਾਗਸ਼ੀਲ ਨਹੀਂ ਹੈ।

ਗਿਆਸੈਡ ਉੱਪਰ ਉਪਲਬਧ ਜਾਣਕਾਰੀ ਮੁਤਾਬਕ ਫਰਾਂਸ ਵਿੱਚ ਪਹਿਲੀ ਵਾਰ ਮਿਲਣ ਤੋਂ ਬਾਅਦ ਇਸ ਦੇ ਕੇਸ ਬੈਲਜੀਅਮ, ਜਰਮਨੀ, ਡੈਨਮਾਰਕ ਅਤੇ ਨੀਦਰਲੈਂਡਸ ਵਿੱਚ ਮਿਲ ਚੁੱਕੇ ਹਨ। ਗਿਆਸੈਡ ਉਹ ਆਨਲਾਈਨ ਪਲੇਟਫਾਰਮ ਹੈ ਜਿੱਥੇ ਕੋਰੋਨਾਵਾਇਰਸ ਉੱਪਰ ਕੰਮ ਕਰ ਰਹੇ ਦੁਨੀਆਂ ਭਰ ਦੇ ਵਿਗਿਆਨੀ ਇਸ ਨਾਲ ਜੁੜੀ ਜਿਨੈਟਿਕ ਜਾਣਕਾਰੀ ਸਾਂਝੀ ਕਰਦੇ ਹਨ।

ਇਹ ਵੀ ਪੜ੍ਹੋ:

ਅਮਰੀਕਾ ਵਿੱਚ ਹੀਲਿਕਸ ਕੰਪਨੀ ਵੱਲੋਂ ਕੋਵਿਡ-19 ਦੇ ਇੱਕ ਅਣਪ੍ਰਕਾਸ਼ਿਤ ਅਧਿਐਨ ਵਿੱਚ ਵੀ ਇਹੀ ਸਾਹਮਣੇ ਆਇਆ ਹੈ ਕਿ ਇਹ ਜ਼ਿਆਦਾ ਲਾਗਸ਼ੀਲ ਨਹੀਂ ਹੈ। ਅਧਿਐਨ ਵਿੱਚ ਸਾਹਮਣੇ ਆਇਆ ਕਿ ਕੁੱਲ ਸੈਂਪਲਾਂ ਵਿੱਚੋਂ ਸਿਰਫ਼ ਦੋ ਵਿੱਚ ਹੀ ਡੇਲਾਕਰੋਨ ਪਾਇਆ ਗਿਆ। ਕੰਪਨੀ ਕੋਲ ਨਵੰਬਰ 2021 ਤੋਂ ਫਰਵਰੀ 2022 ਤੱਕ ਦੇ 29000 ਸੈਂਪਲ ਹਨ।

ਅਧਿਐਨ ਦੇ ਲੇਖਕਾਂ ਮੁਤਾਬਕ ਓਮੀਕਰੋਨ ਅਤੇ ਡੇਲਟਾ ਰੂਪਾਂ ਦੇ ਮੁਕਾਬਲੇ ਇਸ ਵਾਇਰਸ ਦੇ ਜ਼ਿਆਦਾ ਤੇਜ਼ੀ ਨਾਲ ਫੈਲਣ ਦੇ ਫੈਸਲਾਕੁਨ ਸਬੂਤ ਨਹੀਂ ਹਨ।

ਕੋਰੋਨਾਵਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰ ਦੇ ਰੂਪ ਸਾਡੇ ਸਰੀਰ ਦੇ ਸੈਲਾਂ ਰਿਸੈਪਟਰਾਂ (ਨੀਲਾ) ਨਾਲ ਜੁੜਨ ਲਈ ਸਪਾਈਕ ਪ੍ਰੋਟੀਨ (ਲਾਲ) ਦੀ ਵਰਤੋਂ ਕਰਦੇ ਹਨ। ਇਥੋਂ ਹੀ ਲਾਗ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।

ਵੇਰੀਐਂਟ ਮਿਕਸ ਕਿਵੇਂ ਹੁੰਦੇ ਹਨ?

ਬ੍ਰਾਜ਼ੀਲ ਦੇ ਫਿਓਕਰੂਜ਼ ਜੋ ਕਿ ਜਨਤਕ ਸਿਹਤ ਨਾਲ ਜੁੜੀ ਦੇਸ਼ ਦੀ ਪ੍ਰਮੁੱਖ ਇੱਕ ਖੋਜ ਸੰਸਥਾ ਹੈ, ਦੇ ਵਾਇਰਸ ਵਿਗਿਆਨੀ ਫਿਲਿਪ ਨਾਵੇਕਾ ਨੇ ਇਸ ਬਾਰੇ ਬੀਬੀਸੀ ਨੂੰ ਦੱਸਿਆ।

ਉਨ੍ਹਾਂ ਨੇ ਕਿਹਾ, “ਅਜਿਹਾ ਸੰਭਵ ਹੈ ਕਿ ਅਜਿਹਾ ਪਹਿਲਾਂ ਹੀ ਕਈ ਵਾਰ ਹੋ ਚੁੱਕਿਆ ਹੋਵੇ। ਹੁਣ ਕਿਉਂਕਿ ਕੋਰੋਨਾਵਾਇਰਸ ਦੇ ਰੂਪ ਇੱਕ ਦੂਜੇ ਤੋਂ ਜ਼ਿਆਦਾ ਵੱਖਰੇ ਨਹੀਂ ਸਨ ਇਸ ਲਈ ਪਛਾਣ ਕਰਨਾ ਮੁਸ਼ਕਲ ਹੋ ਗਿਆ।”

ਅਜਿਹਾ ਉਦੋਂ ਹੁੰਦਾ ਹੈ ਜਦੋ ਕਿਸੇ ਵਿਅਕਤੀ ਨੂੰ ਦੋਵਾਂ ਵਾਇਰਸਾਂ ਦੀ ਲਾਗ ਲੱਗ ਜਾਵੇ। ਜਿਵੇਂ ਹਾਲ ਫਿਲਹਾਲ ਵਿੱਚ ਡੇਲਟਾ ਅਤੇ ਓਮੀਕਰੋਨ ਦੇ ਮਾਮਲੇ ਫੈਲ ਰਹੇ ਸਨ।

ਫਿਰ ਦੋਵੇਂ ਵਾਇਰਸ ਰੂਪ ਕਿਸੇ ਇੱਕੋ ਸੈਲ ਨੂੰ ਲਾਗ ਲਗਾ ਸਕਦੇ ਹਨ। ਜਿਸ ਦੇ ਨਤੀਜੇ ਵਜੋਂ ਨਵੀਂ ਕਾਪੀਆਂ ਬਣ ਜਾਂਦੀਆਂ ਹਨ ਜੋ ਕਿ ਵਾਇਰਸ ਦਾ ਵੱਖਰਾ ਹੀ ਰੂਪ ਹੁੰਦਾ ਹੈ।

ਸਾਇੰਸਦਾਨਾਂ ਨੇ ਦੇਖਿਆ ਹੈ ਕਿ ਇਸ ਨਵੇਂ ਰੂਪ ਵਿੱਚ ਡੇਲਟਾ ਦੇ ''ਸਰੀਰ'' ਉੱਪਰ ਓਮੀਕਰੋਨ ਦੇ ਸਪਾਈਕਸ ਹਨ।

ਹਾਲਾਂਕਿ ਅਜੇ ਇਹ ਦੇਖਿਆ ਜਾਣਾ ਬਾਕੀ ਹੈ ਕਿ ਇੰਨੇ ਮਹੱਤਵਪੂਰਨ ਵੇਰੀਐਂਟਾਂ ਦੇ ਇੱਕ ਹੋਣ ਨਾਲ ਕਿਤੇ ਸਥਿਤੀ ਗੰਭੀਰ ਤਾਂ ਨਹੀਂ ਹੋ ਜਾਵੇਗੀ।

ਇਹ ਵੀ ਦੇਖਿਆ ਜਾਣਾ ਹੈ ਕਿ ਇਹ ਟੀਕਿਆਂ ਤੋਂ ਮਿਲਣ ਵਾਲੀ ਸੁਰੱਖਿਆ ਦੀਆਂ ਅੱਖਾਂ ਵਿੱਚ ਕਿਸ ਹੱਦ ਤੱਕ ਘੱਟਾ ਪਾ ਸਕਦਾ ਹੈ।

ਭਾਰਤ ਵਿੱਚ ਕੋਈ ਭੀੜ ਵਾਲੀ ਥਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੇਲਟਾਕਰੋਨ ਦੀ ਉਤਪਤੀ ਪਿੱਛੇ ਡੇਲਟਾ ਅਤੇ ਉਮੀਕਰੋਨ ਦੀਆਂ ਲਹਿਰਾਂ ਦਾ ਵੀ ਹੱਥ ਹੈ।

ਕੀ ਫਿਕਰ ਕਰਨ ਦੀ ਲੋੜ ਹੈ?

ਸਿਹਤ ਖੇਤਰ ਦੀਆਂ ਦੇਸੀ-ਵਿਦੇਸ਼ੀ ਅਥਾਰਟੀਆਂ ਨੇ ਨਵੇਂ ਵੇਰੀਐਂਟ ਬਾਰੇ ਧੀਰਜ ਤੋਂ ਕੰਮ ਲੈਣ ਦਾ ਸੱਦਾ ਦਿੱਤਾ ਹੈ।

ਨਾ ਹੀ ਵਿਸ਼ਵ ਸਿਹਤ ਸੰਗਠਨ ਅਤੇ ਨਾ ਹੀ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਡੇਲਟਾਕਰੋਨ ਨੂੰ ਅਜੇ ਤੱਕ ਚਿੰਤਾ ਦਾ ਸਬੱਬ ਘੋਸ਼ਿਤ ਕੀਤਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਅਜੇ ਨਿਗਰਾਨੀ ਅਧੀਨ ਵੇਰੀਐਂਟਸ ਵਾਲੇ ਵਰਗ ਵਿੱਚ ਰੱਖਿਆ ਹੈ।

ਨੌਂ ਮਾਰਚ ਨੂੰ ਵਿਸ਼ਵ ਸਿਹਤ ਸੰਗਠਨ ਦੀ ਕੋਵਿਡ-19 ਬਾਰੇ ਟੈਕਨੀਕਲ ਟੀਮ ਦੀ ਮੁਖੀ ਮਾਰੀਆ ਵਾਨ ਕੇਰਖੋਵ ਨੇ ਦੱਸਿਆ ਕਿ ਇਸ ਵੇਰੀਐਂਟ ਤੋਂ ਬਿਮਾਰੀ ਦੀ ਗੰਭੀਰਤਾ ਜਾਂ ਐਪੀਡਿਮੌਲੋਜੀਕਲ ਨਾਲ ਜੁੜੀਆਂ ਕੋਈ ਤਬਦਲੀਆਂ ਨਹੀਂ ਦੇਖੀਆਂ ਗਈਆਂ ਹਨ।

Women scientists in a lab

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਇੰਸਦਾਨ ਨਵੇਂ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਸਾਨੂੰ ਉਮੀਦ ਹੈ ਕਿ ਸਮੇਂ ਦੇ ਬੀਤਣ ਨਾਲ ਸਾਨੂੰ ਵਾਇਰਸਾਂ ਦੇ ਜੁੜਨ ਤੋਂ ਪੈਦਾ ਹੋਏ ਹੋਰ ਵਾਇਰਸ ਦੇਖਣ ਨੂੰ ਮਿਲਣਗੇ।

ਫਿਲਿਪ ਨਾਵੇਕਾ ਕਹਿੰਦੇ ਹਨ ਕਿ ਅਜਿਹੇ ਵਿੱਚ ਜਿਨੋਮ ਸੀਕੁਐਂਸਿੰਗ ਦੀ ਅਹਿਮੀਅਤ ਵਧ ਜਾਂਦੀ ਹੈ।

ਇਹ ਦੇਖਣ ਲਈ ਕਿ ਇਸ ਵੇਰੀਐਂਟ ਦਾ ਕੀ ਅਸਰ ਹੈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਨਮੂਨਿਆਂ ਦੀ ਜਿਨੋਮ ਸਿਕੁਐਂਸਿੰਗ ਕਰਨ ਦੀ ਲੋੜ ਹੈ।

ਫਿਲਿਪ ਨਾਵੇਕਾ ਲੋਕਾਂ ਨੂੰ ਵੀ ਸਲਾਹ ਦਿੰਦੇ ਹਨ ਕਿ ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

''ਸਿਫ਼ਾਰਿਸ਼ਸ਼ੁਦਾ ਖੁਰਾਕਾਂ ਨਾਲ ਆਪਣਾ ਟੀਕਾਕਰਨ ਪੂਰਾ ਕਰਵਾਉਣਾ ਅਹਿਮ ਹੈ।''

ਅਖੀਰ ਵਿੱਚ ਫਿਲਿਪ ਨਾਵੇਕਾ ਕਹਿੰਦੇ ਹਨ ਕਿ ਕੋਰੋਨਾਵਾਇਰਸ ਦੇ ਕਿਸੇ ਵੀ ਵੇਰੀਐਂਟ ਤੋਂ ਲਾਗ ਦਾ ਖ਼ਤਰਾ ਘਟਾਉਣ ਵਿੱਚ ਮਾਸਕ ਪਾ ਕੇ ਰੱਖਣ ਅਤੇ ਹੱਥ ਧੋਂਦੇ ਰਹਿਣ ਦੀ ਅਹਿਮ ਭੂਮਿਕਾ ਕਾਇਮ ਰਹੇਗੀ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)