You’re viewing a text-only version of this website that uses less data. View the main version of the website including all images and videos.
ਅਫ਼ਗਾਨ ਯੁੱਧ ਤੋਂ ਇਨ੍ਹਾਂ ਕੰਪਨੀਆਂ ਨੇ ਕਿਵੇਂ ਕਮਾਇਆ ਅਰਬਾਂ ਦਾ ਮੁਨਾਫ਼ਾ
- ਲੇਖਕ, ਆਂਖੇਲ ਬੇਮੁਰਦੇਜ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਅਫਗਾਨਿਸਤਾਨ ਵਿੱਚ ਅਮਰੀਕਾ ਨੇ ਆਪਣੀ ਸਭ ਤੋਂ ਲੰਮੀ ਅਤੇ ਮਹਿੰਗੀ ਜੰਗ ਲੜੀ। ਆਖ਼ਰੀ ਅਮਰੀਕੀ ਸੈਨਿਕ ਦੇ ਕਾਬੁਲ ਛੱਡਣ ਦੇ ਨਾਲ 30 ਅਗਸਤ ਨੂੰ ਇਸ ਲੜਾਈ ਦਾ ਅੰਤ ਹੋ ਗਿਆ।
ਬ੍ਰਾਉਨ ਯੂਨੀਵਰਸਿਟੀ ਦੇ 'ਕੋਸਟ ਆਫ਼ ਵਾਰ' ਪ੍ਰੋਜੈਕਟ ਦੇ ਅਨੁਸਾਰ ਅਮਰੀਕੀ ਖਜ਼ਾਨੇ 'ਤੇ ਇਸ ਜੰਗ ਦਾ ਬੋਝ 2.3 ਅਰਬ ਡਾਲਰ ਆਇਆ।
ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਦੇ ਬਾਅਦ ਤਾਲਿਬਾਨ ਦੀ ਵਧਦੀ ਤਾਕਤ, ਦੇਸ ਉੱਤੇ ਕਬਜੇ ਅਤੇ ਹਫ਼ੜਾ-ਦਫ਼ੜੀ ਦੇ ਮਾਹੌਲ ਨੂੰ ਬਹੁਤ ਸਾਰੇ ਮਾਹਰਾਂ ਨੇ ਅਮਰੀਕਾ ਦੀ ਹਾਰ ਦੱਸਿਆ।
ਕੁਝ ਲੋਕਾਂ ਲਈ ਭਾਵੇਂ ਇਹ ਇੱਕ ਹਾਰੀ ਹੋਈ ਲੜਾਈ ਹੋ ਸਕਦੀ ਹੈ ਪਰ ਕਈਆਂ ਲਈ ਇਹ ਫਾਇਦੇ ਦਾ ਸੌਦਾ ਰਹੀ।
ਸਾਲ 2001 ਤੋਂ 2021 ਦੇ ਵਿਚਕਾਰ ਇਸ ਜੰਗ 'ਤੇ ਖਰਚੇ ਗਏ 2.3 ਅਰਬ ਡਾਲਰ ਵਿੱਚੋਂ ਲਗਭਗ 1.05 ਅਰਬ ਡਾਲਰ ਅਫ਼ਗਾਨਿਸਤਾਨ ਵਿੱਚ ਰੱਖਿਆ ਮੰਤਰਾਲੇ ਦੀਆਂ ਮੁੰਹਿਮਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਕੀਤੇ ਗਏ।
ਇਸ ਰਕਮ ਦਾ ਵੱਡਾ ਹਿੱਸਾ ਉਨ੍ਹਾਂ ਪ੍ਰਾਈਵੇਟ ਕੰਪਨੀਆਂ ਦੀਆਂ ਸੇਵਾਵਾਂ 'ਤੇ ਖਰਚ ਕੀਤਾ ਗਿਆ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਮੁਹਿੰਮਾਂ ਵਿੱਚ ਸਹਿਯੋਗ ਦਿੱਤਾ ਸੀ।
ਇਹ ਵੀ ਪੜ੍ਹੋ:
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿੱਚ ਕੈਨੇਡੀ ਸਕੂਲ ਆਫ਼ ਗਵਰਨੈਂਸ ਦੇ ਪ੍ਰੋਫੈਸਰ ਲਿੰਡਾ ਬਿਲਮਜ਼ ਕਹਿੰਦੇ ਹਨ, "ਇਸ ਲੜਾਈ ਵਿੱਚ ਅਮਰੀਕੀ ਸੈਨਿਕਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਸੀ।"
"ਸਾਰੇ ਵਲੰਟੀਅਰ ਫੌਜੀ ਠੇਕੇਦਾਰਾਂ (ਕਾਨਟ੍ਰੈਕਟਰਜ਼) ਨੇ ਮੁਹੱਈਆ ਕਰਵਾਏ ਸਨ। ਅਮਰੀਕੀ ਸੈਨਿਕਾਂ ਦੇ ਮੁਕਾਬਲੇ ਉੱਥੇ ਠੇਕੇ 'ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਸੀ।"
ਲਿੰਡਾ ਬਿਲਮਸ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਭੇਜੇ ਜਾਣ ਵਾਲੇ ਜਵਾਨਾਂ ਦੀ ਗਿਣਤੀ ਸਿਆਸੀ ਤੌਰ 'ਤੇ ਸੀਮਤ ਕੀਤੀ ਗਈ ਸੀ ਅਤੇ ਇਸੇ ਆਧਾਰ 'ਤੇ ਠੇਕੇਦਾਰਾਂ ਦੀ ਗਿਣਤੀ ਵੀ ਤੈਅ ਕੀਤੀ ਜਾਂਦੀ ਸੀ।
ਉਹ ਦੱਸਦੇ ਹਨ, "ਠੇਕੇਦਾਰ ਉੱਥੇ ਕਈ ਤਰ੍ਹਾਂ ਦੇ ਕੰਮ ਕਰਦੇ ਸਨ ਜਿਵੇਂ ਹਵਾਈ ਜਹਾਜ਼ ਵਿੱਚ ਇੰਧਨ ਭਰਨਾ, ਟਰੱਕ ਚਲਾਉਣਾ, ਖਾਣਾ ਪਕਾਉਣਾ, ਸਫਾਈ ਕਰਨਾ, ਹੈਲੀਕਾਪਟਰ ਚਲਾਉਣਾ ਅਤੇ ਹਰ ਤਰ੍ਹਾਂ ਦੇ ਉਪਕਰਣਾਂ ਤੇ ਸਮਾਨ ਨੂੰ ਲਿਆਉਣਾ-ਲੈ ਕੇ ਜਾਣਾ। ਉਹ ਫੌਜੀ ਟਿਕਾਣਿਆਂ, ਹਵਾਈ ਅੱਡਿਆਂ, ਰਨਵੇ ਆਦਿ ਦਾ ਨਿਰਮਾਣ ਕਾਰਜ ਵੀ ਕਰਦੇ ਸਨ।"
ਇਨ੍ਹਾਂ ਪੰਜ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਲਾਭ
ਅਮਰੀਕਾ ਅਤੇ ਹੋਰ ਦੇਸਾਂ ਦੀਆਂ 100 ਤੋਂ ਵੱਧ ਕੰਪਨੀਆਂ ਨੂੰ ਅਫ਼ਗਾਨਿਸਤਾਨ ਵਿੱਚ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਅਮਰੀਕੀ ਰੱਖਿਆ ਮੰਤਰਾਲੇ ਤੋਂ ਠੇਕੇ ਮਿਲੇ ਸਨ। ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਨੇ ਅਰਬਾਂ ਡਾਲਰ ਤੱਕ ਕਮਾਏ।
'20 ਈਯਰਜ਼ ਆਫ਼ ਵਾਰ' ਪ੍ਰੋਜੈਕਟ ਦੇ ਨਿਰਦੇਸ਼ਕ ਪ੍ਰੋਫੈੱਸਰ ਹੇਦੀ ਪੇਲਟਿਅਰ 'ਕੋਸਟ ਆਫ਼ ਵਾਰ' ਪ੍ਰੋਜੈਕਟ ਦਾ ਵੀ ਹਿੱਸਾ ਹਨ।
ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਅਜਿਹਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ ਜਿਸ ਨਾਲ ਇਹ ਪਤਾ ਲੱਗੇ ਕਿ ਕਿਹੜੀਆਂ ਕੰਪਨੀਆਂ ਨੂੰ ਸਭ ਤੋਂ ਵੱਧ ਲਾਭ ਹੋਇਆ ਹੈ। ਪਰ ਉਨ੍ਹਾਂ ਨੇ ਪ੍ਰੋਜੈਕਟ ਦੇ ਅਨੁਮਾਨ ਬੀਬੀਸੀ ਮੁੰਡੋ ਨਾਲ ਸਾਂਝਾ ਕੀਤੇ, ਜੋ ਅਜੇ ਤੱਕ ਛਪੇ ਨਹੀਂ ਹਨ।
ਇਹ ਅਨੁਮਾਨ ਅਮਰੀਕੀ ਸਰਕਾਰ ਦੀ ਵੈਬਸਾਈਟ usaspending.gov 'ਤੇ ਮੌਜੂਦ ਅੰਕੜਿਆਂ ਦੀ ਸਮੀਖਿਆ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ। ਇਹ ਡਾਟਾ ਅਮਰੀਕੀ ਸਰਕਾਰ ਦੇ ਖਰਚਿਆਂ ਦੀ ਅਧਿਕਾਰਤ ਜਾਣਕਾਰੀ ਦਿੰਦਾ ਹੈ, ਜੋ 2008 ਦੇ ਵਿੱਤੀ ਸੰਕਟ ਤੋਂ ਬਾਅਦ ਤਿਆਰ ਕੀਤਾ ਗਿਆ ਹੈ।
ਹੇਦੀ ਪੇਲਟਿਅਰ ਕਹਿੰਦੇ ਹਨ, "ਇਹ ਅੰਕੜੇ ਮੁੱਖ ਤੌਰ 'ਤੇ 2008 ਤੋਂ 2021 ਤੱਕ ਦੇ ਸਮੇਂ 'ਤੇ ਅਧਾਰਿਤ ਹਨ। ਹਾਲਾਂਕਿ ਕੁਝ ਪ੍ਰੋਜੈਕਟ 2008 ਤੋਂ ਪਹਿਲਾਂ ਦੇ ਹਨ। ਇਸ ਲਈ ਜੇ ਸਾਲ 2001 ਤੋਂ ਦੇਖੀਏ ਤਾਂ ਅਸਲ ਅੰਕੜੇ ਹੋਰ ਜ਼ਿਆਦਾ ਹੋ ਸਕਦੇ ਹਨ।"
ਇਨ੍ਹਾਂ ਅਨੁਮਾਨਾਂ ਅਨੁਸਾਰ, ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀਆਂ ਤਿੰਨ ਸਭ ਤੋਂ ਉੱਪਰਲੀਆਂ ਠੇਕੇਦਾਰ ਕੰਪਨੀਆਂ ਡਾਇਨਕਾਰਪ, ਫਲੂਅਰ ਅਤੇ ਕੇਲੌਗ ਬ੍ਰਾਉਨ ਐਂਡ ਰੂਟ (ਕੇਬੀਆਰ) ਹਨ।
ਇਨ੍ਹਾਂ ਕੰਪਨੀਆਂ ਨੂੰ 'ਲੌਜਿਸਟਿਕਸ ਇਨਕ੍ਰੀਜ਼ ਪ੍ਰੋਗਰਾਮ ਵਿਦ ਸਿਵਲਿਅਨ ਪਰਸੇਨਲ (ਲੌਗਕੈਪ)' ਦੇ ਹਿੱਸੇ ਵਜੋਂ ਇਹ ਠੇਕੇ ਦਿੱਤੇ ਗਏ ਸਨ।
ਹੇਦੀ ਦੱਸਦੇ ਹਨ, "ਲੌਗਕੈਪ ਬਹੁ-ਸਾਲਾ ਵਿਆਪਕ ਠੇਕੇ ਹਨ ਜੋ ਲੌਜਿਸਟਿਕਸ, ਪ੍ਰਬੰਧਨ, ਆਵਾਜਾਈ, ਉਪਕਰਣ ਅਤੇ ਹਵਾਈ ਜਹਾਜ਼ਾਂ ਦੀ ਸਾਂਭ-ਸੰਭਾਲ ਅਤੇ ਸਹਾਇਤਾ ਵਿੱਚ ਕਈ ਸੇਵਾਵਾਂ ਦੇ ਮੌਕੇ ਦਿੰਦੇ ਹਨ।
ਡਾਇਨਕਾਰਪ
ਡਾਇਨਕਾਰਪ ਦੇ ਬਹੁਤ ਸਾਰੇ ਕੰਮਾਂ ਵਿੱਚੋਂ ਇੱਕ ਸੀ - ਅਫ਼ਗਾਨਿਸਤਾਨ ਪੁਲਿਸ ਅਤੇ ਨਸ਼ਾ ਵਿਰੋਧੀ ਬਲਾਂ ਨੂੰ ਸਾਜੋ-ਸਮਾਨ ਅਤੇ ਸਿਖਲਾਈ ਦੇਣਾ। ਹਾਮਿਦ ਕਰਜ਼ਈ ਦੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਰਹਿੰਦਿਆਂ ਕੰਪਨੀ ਉਨ੍ਹਾਂ ਲਈ ਬਾਡੀਗਾਰਡ ਵੀ ਮੁਹੱਈਆ ਕਰਵਾਉਂਦੀ ਸੀ।
ਹੇਦੀ ਪੇਲਟਿਅਰ ਦੀ ਗਣਨਾ ਦੇ ਅਨੁਸਾਰ ਡਾਇਨਕਾਰਪ ਨੂੰ 14.4 ਅਰਬ ਡਾਲਰ ਦੇ ਠੇਕੇ ਮਿਲੇ, ਜਿਸ ਵਿੱਚ ਲੌਗਕੈਪ ਦੇ 7.5 ਅਰਬ ਡਾਲਰ ਸ਼ਾਮਲ ਹਨ।
ਡਾਇਨਕਾਰਪ ਨੂੰ ਹਾਲ ਹੀ ਵਿੱਚ ਅਮੈਂਟਮ ਕੰਸੌਰਸ਼ਿਅਮ ਨੇ ਅਧਿਕਾਰਤ ਕੀਤਾ ਹੈ।
ਡਾਇਨਕਾਰਪ ਦੇ ਬੁਲਾਰੇ ਨੇ ਬੀਬੀਸੀ ਮੁੰਡੋ ਨੂੰ ਆਪਣੀਆਂ ਗਤੀਵਿਧੀਆਂ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ, "2002 ਤੋਂ ਬਾਅਦ ਡਾਇਨਕਾਰਪ ਇੰਟਰਨੈਸ਼ਨਲ ਨੇ ਆਪਣੇ ਸਰਕਾਰੀ ਗਾਹਕਾਂ ਅਤੇ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦੇ ਸਹਿਯੋਗੀਆਂ ਦੇ ਨਾਲ ਇੱਕਜੁਟ ਹੋ ਕੇ ਕੰਮ ਕੀਤਾ।"
ਬੁਲਾਰੇ ਨੇ ਕਿਹਾ ਕਿ ਇੱਕ ਨਿੱਜੀ ਕੰਪਨੀ ਹੋਣ ਦੇ ਨਾਤੇ ਉਹ ਆਪਣੇ ਠੇਕਿਆਂ ਅਤੇ ਹੋਰ ਵਿੱਤੀ ਵੇਰਵਿਆਂ ਦੀ ਜਾਣਕਾਰੀ ਨੂੰ ਜਨਤਕ ਨਹੀਂ ਕਰਦੇ।
ਫਲੂਅਰ
ਫ਼ਲੂਅਰ ਟੈਕਸਸ ਦੀ ਇੱਕ ਕੰਪਨੀ ਹੈ ਜੋ ਦੱਖਣੀ ਅਫ਼ਗਾਨਿਸਤਾਨ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦਾ ਨਿਰਮਾਣ ਕਾਰਜ ਦੇਖਦੀ ਸੀ।
ਕੰਪਨੀ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ 76 ਫਾਰਵਰਡ ਓਪਰੇਟਿੰਗ ਬੇਸ (ਛੋਟੇ ਫੌਜੀ ਟਿਕਾਣੇ) ਵੀ ਸੰਚਾਲਿਤ ਕੀਤੇ।
ਉਨ੍ਹਾਂ ਨੇ ਇੱਕ ਲੱਖ ਸੈਨਿਕਾਂ ਨੂੰ ਸਹਿਯੋਗ ਦਿੱਤਾ ਅਤੇ ਇੱਕ ਦਿਨ ਵਿੱਚ ਇੱਕ ਲੱਖ 91 ਹਜ਼ਾਰ ਤੋਂ ਵੱਧ ਨੂੰ ਭੋਜਨ ਦਿੱਤਾ।
ਹੇਦੀ ਪੇਲਟਿਅਰ ਅਨੁਸਾਰ ਫਲੂਅਰ ਕਾਰਪੋਰੇਸ਼ਨ ਨੂੰ 13.5 ਅਰਬ ਡਾਲਰ ਦੇ ਠੇਕੇ ਮਿਲੇ, ਜਿਨ੍ਹਾਂ ਵਿੱਚੋਂ 12.6 ਅਰਬ ਡਾਲਰ ਦੇ ਠੇਕੇ ਲੌਗਕੈਪ ਦੇ ਅਨੁਰੂਪ ਹਨ।
ਬੀਬੀਸੀ ਮੁੰਡੋ ਨੇ ਫਲੂਅਰ ਕੰਪਨੀ ਤੋਂ ਅਫ਼ਗਾਨਿਸਤਾਨ ਜੰਗ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਸੀ ਪਰ ਇਹ ਲੇਖ ਛਪਣ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ।
ਕੇਬੀਆਰ
ਕੇਲੌਗ ਬ੍ਰਾਉਨ ਰੂਟ (ਕੇਬੀਆਰ), ਅਮਰੀਕੀ ਸੈਨਿਕਾਂ ਦੀ ਸਹਾਇਤਾ ਲਈ ਇੰਜੀਨਿਅਰਿੰਗ ਅਤੇ ਲੌਜਿਸਟਿਕਲ ਕੰਮ ਦੇਖਦੀ ਸੀ। ਕੰਪਨੀ ਉਨ੍ਹਾਂ ਨੂੰ ਅਸਥਾਈ ਰਿਹਾਇਸ਼, ਭੋਜਨ ਅਤੇ ਹੋਰ ਬੁਨਿਆਦੀ ਸੇਵਾਵਾਂ ਦਿੰਦੀ ਸੀ।
ਇਹ ਕੰਪਨੀ ਨੇਟੋ ਦੇ ਹਵਾਈ ਹਮਲਿਆਂ ਲਈ ਅਫ਼ਗਾਨਿਸਤਾਨ ਵਿੱਚ ਕਈ ਹਵਾਈ ਅੱਡਿਆਂ ਨੂੰ ਜ਼ਮੀਨੀ ਪੱਧਰ 'ਤੇ ਸਹਾਇਤਾ ਦਿੰਦੀ ਸੀ।
ਇਸ ਵਿੱਚ ਰਨਵੇਅ ਅਤੇ ਜਹਾਜ਼ਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਏਅਰਨੌਟਿਕਲ ਸੰਚਾਰ ਦਾ ਪ੍ਰਬੰਧਨ ਵੀ ਸ਼ਾਮਲ ਸੀ।
ਹੇਦੀ ਪੇਲਟਿਅਰ ਦੇ ਅਨੁਮਾਨ ਮੁਤਾਬਕ ਕੇਬੀਆਰ ਨੂੰ ਅਮਰੀਕੀ ਰੱਖਿਆ ਮੰਤਰਾਲੇ ਤੋਂ 3.6 ਅਰਬ ਡਾਲਰ ਦੇ ਠੇਕੇ ਮਿਲੇ।
ਕੰਪਨੀ ਦੇ ਇੱਕ ਬੁਲਾਰੇ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਕੇਬੀਆਰ ਨੇ ਲੌਗਕੈਪ ਦੇ ਅਧੀਨ ਇੱਕ ਮੁਕਾਬਲੇ (ਟੈਂਡਰ) ਨਾਲ ਮਿਲੇ ਠੇਕੇ ਰਾਹੀਂ ਸਾਲ 2002 ਤੋਂ 2010 ਤੱਕ ਅਮਰੀਕੀ ਫੌਜ ਨੂੰ ਅਫ਼ਗਾਨਿਸਤਾਨ ਵਿੱਚ ਸਹਿਯੋਗ ਦਿੱਤਾ। ਸਾਨੂੰ ਇਹ ਠੇਕਾ (ਕਾਂਟ੍ਰੈਕਟ) 2001 ਵਿੱਚ ਮਿਲਿਆ ਸੀ।"
ਕੰਪਨੀ ਦੇ ਬੁਲਾਰੇ ਨੇ ਦੱਸਿਆ, "ਇਸ ਪ੍ਰੋਗਰਾਮ ਰਾਹੀਂ ਕੰਪਨੀ ਨੇ ਅਮਰੀਕੀ ਸੈਨਾ ਦੇ 82 ਫੌਜੀ ਟਿਕਾਣਿਆਂ ਨੂੰ ਭੋਜਨ, ਲਾਂਡਰੀ, ਬਿਜਲੀ, ਸਫਾਈ ਅਤੇ ਰੱਖ-ਰਖਾਅ ਸੇਵਾਵਾਂ ਮੁਹੱਈਆ ਕਰਵਾਈਆਂ।"
"ਜੁਲਾਈ 2009 ਵਿੱਚ ਫੌਜ ਨੇ ਇਹ ਕਾਂਟ੍ਰੈਕਟ ਡਾਇਨਕਾਰਪ ਅਤੇ ਫਲੂਅਰ ਨੂੰ ਦੇ ਦਿੱਤਾ ਜਿਨ੍ਹਾਂ ਨੇ ਸਾਂਝੇ ਤੌਰ 'ਤੇ ਇਸ 'ਤੇ ਕੰਮ ਕੀਤਾ। ਕੇਬੀਆਰ ਨੇ ਸਾਲ 2010 ਵਿੱਚ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਸਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਰੇਥੀਅਨ
ਸਭ ਤੋਂ ਵੱਧ ਕਮਾਈ ਕਰਨ ਵਾਲੀ ਚੌਥੀ ਕੰਪਨੀ ਰੇਥੀਅਨ ਸੀ, ਜੋ ਕਿ ਅਮਰੀਕਾ ਵਿੱਚ ਸਭ ਤੋਂ ਵੱਡੀਆਂ ਏਰੋਸਪੇਸ ਅਤੇ ਰੱਖਿਆ ਕੰਪਨੀਆਂ ਵਿੱਚੋਂ ਇੱਕ ਹੈ। ਇਸ ਕੰਪਨੀ ਨੂੰ ਅਫ਼ਗਾਨਿਸਤਾਨ ਵਿੱਚ ਆਪਣੀਆਂ ਸੇਵਾਵਾਂ ਲਈ 2.5 ਅਰਬ ਡਾਲਰ ਦੇ ਠੇਕੇ ਮਿਲੇ।
ਇਸ ਦਾ ਸਭ ਤੋਂ ਤਾਜ਼ਾ ਕੰਮ ਅਫ਼ਗਾਨ ਹਵਾਈ ਫੌਜ ਨੂੰ ਸਿਖਲਾਈ ਦੇਣਾ ਸੀ, ਜਿਸਦੇ ਲਈ ਕੰਪਨੀ ਨੂੰ ਸਾਲ 2020 ਵਿੱਚ 14 ਕਰੋੜ 50 ਲੱਖ ਡਾਲਰ ਦਾ ਠੇਕਾ ਮਿਲਿਆ ਸੀ।
ਏਜਿਸ ਐਲਐਲਸੀ
ਏਜਿਸ ਐਲਐਲਸੀ, ਵਰਜੀਨੀਆ ਸਥਿਤ ਇੱਕ ਸੁਰੱਖਿਆ ਅਤੇ ਖੂਫੀਆ ਕੰਪਨੀ ਹੈ। ਅਫ਼ਗਾਨਿਸਤਾਨ ਵਿੱਚ ਆਪਣੀਆਂ ਸੇਵਾਵਾਂ ਦੁਆਰਾ ਸਭ ਤੋਂ ਵੱਧ ਕਮਾਈ ਕਰਨ ਵਾਲੀ ਇਹ 5ਵੀਂ ਕੰਪਨੀ ਹੈ। ਇਸ ਨੂੰ 1.2 ਅਰਬ ਡਾਲਰ ਦੇ ਠੇਕੇ ਮਿਲੇ।
ਇਹ ਕੰਪਨੀ ਕਾਬੁਲ ਵਿੱਚ ਅਮਰੀਕੀ ਦੂਤਾਵਾਸ ਵਿੱਚ ਸੁਰੱਖਿਆ ਮੁਹੱਈਆ ਕਰਵਾਉਂਦੀ ਸੀ।
ਬੀਬੀਸੀ ਮੁੰਡੋ ਨੇ ਏਜਿਸ ਕੰਪਨੀ ਤੋਂ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਲੇਖ ਛਪਣ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ।
ਰੱਖਿਆ ਕੰਪਨੀਆਂ ਨੂੰ ਲਾਭ
ਬੀਬੀਸੀ ਮੁੰਡੋ ਨੇ ਜਿਨ੍ਹਾਂ ਮਾਹਰਾਂ ਨਾਲ ਗੱਲ-ਬਾਤ ਕੀਤੀ ਉਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਅਮਰੀਕੀ ਰੱਖਿਆ ਠੇਕੇਦਾਰਾਂ ਜਿਵੇਂ ਕਿ ਬੋਇੰਗ, ਰੇਥਿਅਨ, ਲਾਕਹੀਡ ਮਾਰਟਿਨ, ਜਨਰਲ ਡਾਇਨਾਮਿਕਸ ਅਤੇ ਨੌਰਥ੍ਰੌਪ ਗਰੁਮੈਨ ਨੂੰ ਅਫ਼ਗਾਨ ਯੁੱਧ ਤੋਂ ਬਹੁਤ ਲਾਭ ਹੋਇਆ।
ਲਿੰਡਾ ਬਿਲਮਸ ਕਹਿੰਦੇ ਹਨ, "ਇਨ੍ਹਾਂ ਨੇ ਜੰਗ ਤੋਂ ਬਹੁਤ ਪੈਸਾ ਕਮਾਇਆ।"
ਹਾਲਾਂਕਿ ਇਹ ਪਤਾ ਲਗਾਉਣਾ ਮੁਸ਼ਕਿਲ ਹੈ ਕਿ ਉਨ੍ਹਾਂ ਨੂੰ ਕਿੰਨਾ ਪੈਸਾ ਮਿਲਿਆ ਕਿਉਂਕਿ ਉਨ੍ਹਾਂ ਦੇ ਠੇਕੇ ਸਿੱਧੇ ਤੌਰ 'ਤੇ ਅਫ਼ਗਾਨਿਸਤਾਨ ਵਿੱਚ ਚੱਲ ਰਹੇ ਕਾਰਜਾਂ ਨਾਲ ਸਬੰਧਿਤ ਨਹੀਂ ਸਨ।
ਹੇਦੀ ਪੇਲਟਿਅਰ ਦੱਸਦੇ ਹਨ, "ਇਨ੍ਹਾਂ ਸਾਰਿਆਂ ਨੂੰ ਅਮਰੀਕਾ ਵਿੱਚ ਉਹ ਸਮਾਨ ਬਣਾਉਣ ਲਈ ਠੇਕੇ ਮਿਲੇ ਸਨ ਜਿਸਦੀ ਵਰਤੋਂ ਅਫ਼ਗਾਨਿਸਤਾਨ ਵਿੱਚ ਕੀਤੀ ਜਾਣੀ ਸੀ। ਇਸ ਲਈ ਇਹ ਖਰਚੇ ਅਫ਼ਗਾਨਿਸਤਾਨ ਵਿੱਚ ਹੋਏ ਖਰਚਿਆਂ ਵਿੱਚ ਸ਼ਾਮਲ ਨਹੀਂ ਹੋਏ।"
'ਕੋਸਟ ਆਫ਼ ਵਾਰ' ਪ੍ਰੋਜੈਕਟ ਦੀ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ 9/11 ਤੋਂ ਬਾਅਦ ਇਨ੍ਹਾਂ ਪੰਜ ਕੰਪਨੀਆਂ ਨੂੰ ਅਮਰੀਕੀ ਫੌਜੀ ਖਰਚਿਆਂ ਨਾਲ ਸਭ ਤੋਂ ਵੱਧ ਲਾਭ ਹੋਇਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ, "ਵਿੱਤੀ ਸਾਲ 2001-2020 ਦੇ ਵਿਚਕਾਰ ਇਨ੍ਹਾਂ ਪੰਜ ਕੰਪਨੀਆਂ ਨੂੰ ਅਮਰੀਕੀ ਰੱਖਿਆ ਮੰਤਰਾਲੇ ਤੋਂ 2.1 ਖਰਬ ਡਾਲਰ ਦੇ ਠੇਕੇ ਮਿਲੇ।"
ਬੀਬੀਸੀ ਮੁੰਡੋ ਨੇ ਇਨ੍ਹਾਂ ਪੰਜ ਕੰਪਨੀਆਂ ਨੂੰ ਪੁੱਛਿਆ ਕਿ ਅਫ਼ਗਾਨਿਸਤਾਨ ਵਿੱਚ ਜੰਗ ਨੇ ਉਨ੍ਹਾਂ ਦੇ ਕਾਰੋਬਾਰ ਅਤੇ ਠੇਕਿਆਂ (ਕਾਂਟ੍ਰੈਕਟਸ) ਨੂੰ ਕਿਵੇਂ ਪ੍ਰਭਾਵਿਤ ਕੀਤਾ।
ਜਨਰਲ ਡਾਇਨਾਮਿਕਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂਕਿ ਬਾਕੀਆਂ ਨੇ ਇਸ ਲੇਖ ਦੇ ਛਪਣ ਤੱਕ ਕੋਈ ਜਵਾਬ ਨਹੀਂ ਦਿੱਤਾ ਸੀ।
ਰੇਥਿਅਨ ਕੰਪਨੀ ਦੀ ਉਦਾਹਰਣ ਦਿੰਦੇ ਹੋਏ ਹੇਦੀ ਪੇਲਟਿਅਰ ਕਹਿੰਦੇ ਹਨ ਕਿ ਕੰਪਨੀ ਨੇ 2.5 ਅਰਬ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ ਕਿਉਂਕਿ ਇਹ ਅੰਕੜਾ ਸਿਰਫ਼ ਅਫ਼ਗਾਨਿਸਤਾਨ ਵਿੱਚ ਸਿੱਧੇ ਤੌਰ 'ਤੇ ਮਿਲੇ ਠੇਕਿਆਂ ਦਾ ਹੈ।
ਉਹ ਕਹਿੰਦੇ ਹਨ, "ਜੇਕਰ ਰੇਥਿਅਨ ਨੂੰ ਹਥਿਆਰਾਂ ਜਾਂ ਸੰਚਾਰ ਪ੍ਰਣਾਲੀ ਦਾ ਕਾਂਟ੍ਰੈਕਟ ਮਿਲਿਆ ਹੈ ਅਤੇ ਉਹ ਅਮਰੀਕਾ ਵਿੱਚ ਬਣੇ ਹਨ ਤੇ ਅਫ਼ਗਾਨਿਸਤਾਨ ਵਿੱਚ ਵਰਤੇ ਗਏ ਹਨ ਤਾਂ ਉਹ ਕਾਂਟ੍ਰੈਕਟ ਅਫ਼ਗਾਨਿਸਤਾਨ ਨਾਲ ਜੁੜਿਆ ਹੋਇਆ ਨਹੀਂ ਕਿਹਾ ਜਾਵੇਗਾ।"
ਬੋਇੰਗ ਵੀ, ਐੱਫ਼-15 ਅਤੇ ਐੱਫ਼-18 ਲੜਾਕੂ ਜਹਾਜ਼ ਬਣਾਉਂਦੀ ਹੈ। ਪਰ ਬੋਇੰਗ ਵੱਡੇ ਠੇਕਿਆਂ ਦੀ ਸੂਚੀ ਵਿੱਚ ਨਹੀਂ ਦਿਖਾਈ ਦਿੰਦੀ।
ਇਸੇ ਤਰ੍ਹਾਂ ਬਲੈਕਹੌਕ ਹੈਲੀਕਾਪਟਰ ਦੀ ਨਿਰਮਾਤਾ ਕੰਪਨੀ ਲਾਕਹੀਡ ਮਾਰਟਿਨ ਵੀ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ।
ਲਿੰਡਾ ਬਿਲਮਸ ਕਹਿੰਦੇ ਹਨ, "ਜਨਰਲ ਡਾਇਨਾਮਿਕਸ ਦੇ ਮਾਮਲੇ ਵਿੱਚ ਉਨ੍ਹਾਂ ਨੇ ਜ਼ਿਆਦਾਤਰ ਹਲਕੇ ਫੌਜੀ ਵਾਹਨ ਬਣਾਏ ਅਤੇ ਅਫ਼ਗਾਨਿਸਤਾਨ ਵਿੱਚ ਸਾਈਬਰ ਸੁਰੱਖਿਆ ਦਾ ਕਾਫੀ ਕੰਮ ਕੀਤਾ।"
ਬੀਬੀਸੀ ਮੁੰਡੋ ਦੇ ਸਵਾਲਾਂ 'ਤੇ ਪੈਂਟਾਗਨ ਦੇ ਬੁਲਾਰੇ ਜੈਸਿਕਾ ਮੈਕਸਵੈਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਪਤਾ ਲਗਾਉਣਾ ਮੁਸ਼ਕਿਲ ਹੈ ਕਿ ਇਨ੍ਹਾਂ ਪੰਜ ਰੱਖਿਆ ਠੇਕੇਦਾਰਾਂ (ਡਿਫੈਂਸ ਕਾਂਟ੍ਰੈਕਟਰਜ਼) ਨੇ ਅਫ਼ਗਾਨਿਸਤਾਨ ਵਿੱਚ ਸਾਜੋ-ਸਮਾਨ ਅਤੇ ਸੇਵਾਵਾਂ ਦੇ ਕੇ ਕਿੰਨੀ ਕਮਾਈ ਕੀਤੀ।
ਉਨ੍ਹਾਂ ਨੇ ਕਿਹਾ, "ਇਸਦਾ ਅਨੁਮਾਨ ਲਗਾਉਣਾ ਅਸੰਭਵ ਹੈ। ਰੱਖਿਆ ਮੰਤਰਾਲਾ ਇਨ੍ਹਾਂ ਕੰਪਨੀਆਂ ਤੋਂ ਕਈ ਤਰ੍ਹਾਂ ਦੇ ਉਤਪਾਦ ਅਤੇ ਸੇਵਾਵਾਂ ਪ੍ਰਾਪਤ ਕਰਦਾ ਹੈ, ਪਰ ਉਹ ਸਿਰਫ਼ ਅਫ਼ਗਾਨਿਸਤਾਨ ਦੇ ਲਈ ਨਹੀਂ ਹੁੰਦੀਆਂ।"
"ਅਸੀਂ ਉਨ੍ਹਾਂ ਨੂੰ ਦੁਨੀਆਂ ਭਰ ਦੀਆਂ ਮੁਹਿੰਮਾਂ ਲਈ ਖਰੀਦਦੇ ਹਾਂ। ਕੁਝ ਦੀ ਵਰਤੋਂ ਅਫ਼ਗਾਨਿਸਤਾਨ ਵਿੱਚ ਕੀਤੀ ਗਈ ਹੈ।"
ਕੀਮਤਾਂ 'ਤੇ ਏਕਾਧਿਕਾਰ
ਲਿੰਡਾ ਬਿਲਮਸ ਦਾ ਕਹਿਣਾ ਹੈ ਕਿ ਅਫ਼ਗਾਨ ਯੁੱਧ ਵਿੱਚ ਸੇਵਾਵਾਂ ਦੀਆਂ ਕੀਮਤਾਂ ਦੇ ਮਾਮਲੇ ਵਿੱਚ ਕੰਪਨੀਆਂ ਨੇ ਮਨਮਰਜ਼ੀ ਕੀਤੀ ਹੈ।
ਉਹ ਕਹਿੰਦੇ ਹਨ, "ਕਈ ਠੇਕੇ ਬਿਨਾ ਮੁਕਾਬਲੇ ਦਿੱਤੇ ਗਏ ਜਾਂ ਉਨ੍ਹਾਂ ਲਈ ਬਹੁਤ ਘੱਟ ਮੁਕਾਬਲਾ ਹੋਇਆ। ਅਜਿਹੀਆਂ ਸੇਵਾਵਾਂ ਦੇਣ ਵਾਲੀਆਂ ਬਹੁਤ ਘੱਟ ਕੰਪਨੀਆਂ ਹਨ, ਇਸ ਲਈ ਕੁਝ ਕੰਪਨੀਆਂ ਦਾ ਏਕਾਧਿਕਾਰ ਹੋ ਜਾਂਦਾ ਹੈ।"
ਲਿੰਡਾ ਦੱਸਦੇ ਹਨ ਕਿ ਕਈ ਮਾਮਲਿਆਂ ਵਿੱਚ ਕੰਪਨੀਆਂ ਕੀਮਤਾਂ ਵਧਾ ਦਿੰਦਿਆਂ ਹਨ। ਸੇਵਾਵਾਂ ਵਾਲੀ ਥਾਂ 'ਤੇ ਮਾੜੇ ਸੁਰੱਖਿਆ ਹਾਲਾਤ ਅਤੇ ਉੱਥੇ ਤੱਕ ਪਹੁੰਚਣ ਵਿੱਚ ਹੋਣ ਵਾਲੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦੀਆਂ ਹਨ।
ਅਫ਼ਗਾਨ ਯੁੱਧ ਵਿੱਚ ਠੇਕੇ ਦਿੱਤੇ ਜਾਣ ਦੇ ਤਰੀਕਿਆਂ ਬਾਰੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ, "ਰੱਖਿਆ ਮੰਤਰਾਲੇ ਦੀ ਨੀਤੀ ਹੈ ਕਿ ਜਿੰਨਾ ਸੰਭਵ ਹੋ ਸਕੇ ਠੇਕੇ ਮੁਕਾਬਲੇ ਦੇ ਆਧਾਰ 'ਤੇ ਦਿੱਤੇ ਜਾਣ। ਹਾਲਾਂਕਿ, ਜ਼ਿਆਦਾਤਰ ਹਥਿਆਰ ਪ੍ਰਣਾਲੀਆਂ ਨੂੰ ਉਨ੍ਹਾਂ ਦੇ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਹੀ ਟੈਂਡਰ ਦਿੱਤੇ ਗਏ ਸਨ।
ਲਿੰਡਾ, ਇਸ ਵਿੱਚ ਭ੍ਰਿਸ਼ਟਾਚਾਰ ਹੋਣ ਦੀ ਗੱਲ ਵੀ ਕਹਿੰਦੇ ਹਨ। ਉਨ੍ਹਾਂ ਕਿਹਾ, "ਕਿਸੇ ਕੰਧ ਨੂੰ ਪੇਂਟ ਕਰਨ ਦੇ ਲਈ 20 ਗੁਣਾ ਕੀਮਤ ਵਸੂਲਣਾ ਇੱਕ ਵੱਖਰੀ ਗੱਲ ਹੈ, ਪਰ ਪੈਸੇ ਲੈਣਾ ਅਤੇ ਕੰਧ ਨੂੰ ਪੇਂਟ ਨਾ ਕਰਨਾ ਭ੍ਰਿਸ਼ਟਾਚਾਰ ਹੈ। ਮਤਲਬ ਕਿ ਪੇਂਟ ਕਰਨ ਲਈ ਕੁਝ ਵੀ ਨਹੀਂ ਹੈ, ਫਿਰ ਵੀ ਪੈਸੇ ਰੱਖੇ ਗਏ ਹਨ।"
ਇਸਦੇ ਨਾਲ ਹੀ ਉਹ ਦੱਸਦੇ ਹਨ ਕਿ ਅਫ਼ਗਾਨਿਸਤਾਨ ਵਿੱਚ ਸਬ-ਕਾਂਟ੍ਰੈਕਟਰਜ਼ ਨੂੰ ਵੀ ਕੰਮ ਦਿੱਤਾ ਗਿਆ। ਇਸ ਦਾ ਮਤਲਬ ਹੈ ਕਿ ਮੁੱਖ ਠੇਕੇਦਾਰ ਜਿਸ ਨੂੰ ਸਰਕਾਰ ਤੋਂ ਕੰਮ ਮਿਲਿਆ ਸੀ, ਉਸਨੇ ਕਿਸੇ ਹੋਰ ਨੂੰ ਠੇਕਾ ਦੇ ਕੇ ਕੰਮ ਪੂਰਾ ਕਰਵਾ ਲਿਆ।
ਲਿੰਡਾ ਬਿਲਮਸ ਦੇ ਅਨੁਸਾਰ ਇਸ ਗੱਲ ਦਾ ਕੋਈ ਹਿਸਾਬ ਨਹੀਂ ਹੈ ਕਿ ਸਬ-ਕਾਂਟ੍ਰੈਕਟਰਜ਼ ਕੋਲ ਕਿੰਨਾ ਪੈਸਾ ਗਿਆ।
ਇਸ ਬਾਰੇ ਰੱਖਿਆ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਦੇਸ ਦੇ ਨਿਯਮ ਅਤੇ ਕਾਨੂੰਨ "ਵਸਤੂਆਂ ਅਤੇ ਸੇਵਾਵਾਂ ਦੀਆਂ ਉਚਿਤ ਕੀਮਤਾਂ ਦੀ ਗਰੰਟੀ ਦੇ ਲਈ ਇੱਕ ਮਜ਼ਬੂਤ ਸੁਰੱਖਿਆ ਪ੍ਰਣਾਲੀ ਦਿੰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਪ੍ਰਕਿਰਿਆਵਾਂ ਵਿੱਚ ਵੀ ਜਿਨ੍ਹਾਂ ਵਿੱਚ ਸਿਰਫ਼ ਇੱਕ ਸਪਲਾਇਰ ਹੁੰਦਾ ਹੈ।"
ਕਥਿਤ ਭ੍ਰਿਸ਼ਟਾਚਾਰ ਦੇ ਇਲਜਾਮਾਂ ਬਾਰੇ ਮੈਕਸਵੈਲ ਦਾ ਕਹਿਣਾ ਸੀ ਕਿ ਧੋਖਾਧੜੀ, ਦੁਰਵਰਤੋਂ ਜਾਂ ਭ੍ਰਿਸ਼ਟਾਚਾਰ ਦੇ ਕਿਸੇ ਵੀ ਸਬੂਤ ਨੂੰ ਲੈ ਕੇ ਰੱਖਿਆ ਵਿਭਾਗ ਦੇ ਇੰਸਪੈਕਟਰ ਜਨਰਲ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਇੰਸਪੈਕਟਰ ਜਨਰਲ ਦੇ ਦਫ਼ਤਰ ਨੇ ਦੱਸਿਆ ਕਿ 2008 ਤੋਂ 2017 ਦੇ ਵਿਚਕਾਰ ਅਮਰੀਕਾ ਨੂੰ ਅਫਗਾਨਿਸਤਾਨ ਦੀ ਮੁੜ ਉਸਾਰੀ ਦੇ ਯਤਨਾਂ ਵਿੱਚ ਦੁਰਵਰਤੋਂ ਜਾਂ ਧੋਖਾਧੜੀ ਦੇ ਕਾਰਨ ਲਗਭਗ 15.5 ਅਰਬ ਡਾਲਰ ਦਾ ਨੁਕਸਾਨ ਹੋਇਆ।
ਲਿੰਡਾ ਬਿਲਮਸ ਕਹਿੰਦੇ ਹਨ ਕਿ ਯੁੱਧ ਨਾਲ ਇੱਕ ਹੀ ਤਰ੍ਹਾਂ ਦੀ ਕੰਪਨੀ ਨੂੰ ਫਾਇਦਾ ਨਹੀਂ ਹੋਇਆ ਹੈ, ਬਲਕਿ ਰੱਖਿਆ ਉਪਕਰਣਾਂ ਨਾਲ ਸੰਬੰਧਿਤ ਵੱਖੋ-ਵੱਖਰੀਆਂ ਕੰਪਨੀਆਂ ਨੂੰ ਫਾਇਦਾ ਹੋਇਆ ਹੈ। ਜਿਨ੍ਹਾਂ ਵਿੱਚ ਲੌਜਿਸਟਿਕਸ ਨਾਲ ਜੁੜੀਆਂ ਕੰਪਨੀਆਂ, ਨਿਰਮਾਣ ਕੰਪਨੀਆਂ ਅਤੇ ਇੰਧਨ ਸਪਲਾਇਰ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ: