ਕਾਸਿਮ ਸੁਲੇਮਾਨੀ ਕੌਣ ਸਨ, ਜਿੰਨ੍ਹਾਂ ਦੀ ਮੌਤ ਲਈ ਇਰਾਨ ਜਾਸੂਸ ਨੂੰ ਦੇਣ ਜਾ ਰਿਹਾ ਹੈ ਮੌਤ ਦੀ ਸਜ਼ਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਈਰਾਨ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਈਰਾਨ ਦੇ ਚੋਟੀ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਜਾਸੂਸੀ ਕਰਨ ਵਾਲੇ ਮਹਿਮੂਦ ਮੁਸਾਵੀ ਮਜੀਦ ਇਹ ਜਾਣਕਾਰੀ ਇਜ਼ਰਾਇਲ ਤੇ ਅਮਰੀਕਾ ਨੂੰ ਦੇਣ ਦੇ ਦੋਸ਼ੀ ਹਨ। ਉਸ ਨੂੰ ਜਲਦ ਹੀ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

ਬੀਤੇ 3 ਜਨਵਰੀ ਨੂੰ ਸੁਲੇਮਾਨੀ ਇਕ ਅਮਰੀਕੀ ਡਰੋਨ ਦੇ ਹਮਲੇ ਵਿਚ ਮਾਰਿਆ ਗਿਆ ਸੀ। ਸੁਲੇਮਾਨੀ ਪ੍ਰਮੁੱਖ ਈਰਾਨੀ ਫੌਜ ਅਤੇ ਮੁਲਕ ਦੇ ਵੱਡੇ ਆਗੂ ਤੇ ਕੁਦਜ਼ ਫੋਰਸ ਦੇ ਮੁੱਖ ਕਮਾਂਡਰ ਸਨ।

ਉਨ੍ਹਾਂ ਇਜ਼ਰਾਈਲ ਅਤੇ ਅਮਰੀਕਾ ਦੇ ਵਿਰੁੱਧ ਕਈ ਵੱਡੇ ਆਪ੍ਰੇਸ਼ਨ ਕੀਤੇ ਸਨ।

ਈਰਾਨ ਦੀ ਸੁਪਰੀਮ ਕੋਰਟ ਦੇ ਬੁਲਾਰੇ ਗੁਲਾਮ ਹੁਸੈਨ ਇਸਮਾਲੀ ਨੇ ਮੰਗਲਵਾਰ ਨੂੰ ਇੱਕ ਟੀਵੀ ਕਾਨਫਰੰਸ ਵਿੱਚ ਕਿਹਾ, "ਮਹਿਮੂਦ ਮੁਸਾਵੀ ਸੀਆਈਏ ਅਤੇ ਮੋਸਾਦ ਲਈ ਜਾਸੂਸੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸਨੂੰ ਇਸ ਜੁਰਮ ਲਈ ਮੌਤ ਦੀ ਸਜਾ ਸੁਣਾਈ ਜਾ ਰਹੀ ਹੈ।"ਪਤਾ ਲੱਗਿਆ ਹੈ ਕਿ ਮਹਿਮੂਦ ਮੌਸਵੀ ਨੇ ਸੁਲੇਮਾਨੀ ਨਾਲ ਜੁੜੀ ਸਾਰੀ ਜਾਣਕਾਰੀ ਸਾਡੇ ਦੁਸ਼ਮਣਾਂ ਨੂੰ ਦਿੱਤੀ। "

ਕਾਸਿਮ ਸੁਲੇਮਾਨੀ ਕੌਣ ਸਨ?

ਸਾਲ 1998 ਤੋਂ ਬਾਅਦ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੇ ਈਰਾਨ ਦੀਆਂ ਕੁਦਸ ਫੋਰਸਿਜ਼ ਦੀ ਅਗਵਾਈ ਕੀਤੀ। ਇਹ ਈਰਾਨ ਦੀ ਰੈਵਲੂਸ਼ਨਰੀ ਗਾਰਡਜ਼ ਦਾ ਇੱਕ ਚੋਣਵਾਂ ਦਸਤਾ ਹੈ।

ਇਸ ਹੈਸੀਅਤ ਵਿੱਚ ਸੁਲੇਮਾਨੀ ਨੇ ਬਸ਼ਰ-ਅੱਲ-ਅੱਸਦ ਦੀ ਈਰਾਨੀ ਹਮਾਇਤ ਵਾਲੀ ਸਰਕਾਰ ਦੀ ਸੀਰੀਆ ਦੇ ਗ੍ਰਹਿ ਯੁੱਧ ਵਿੱਚ ਅਤੇ ਇਸਲਾਮਿਕ ਸਟੇਟ (ਆਈਐੱਸ) ਗੁਰੱਪ ਖ਼ਿਲਾਫ਼ ਇਰਾਕ ਵਿੱਚ ਹਮਾਇਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।

ਮਰਹੂਮ ਸੁਲੇਮਾਨੀ ਈਰਾਨੀ ਸੱਤਾ ਦਾ ਇੱਕ ਉੱਭਰਦਾ ਚਿਹਰਾ ਸਨ। ਜਿਨ੍ਹਾਂ ਦੀ ਕੁਦਸ ਫੋਰਸਿਜ਼ ਸਿੱਧੀ ਦੇਸ਼ ਪ੍ਰਮੁੱਖ ਅਇਤਾਉੱਲ੍ਹਾ ਅਲੀ ਖ਼ਮੇਨੀ ਨੂੰ ਰਿਪੋਰਟ ਕਰਦੀ ਸੀ।

ਉਹ ਪਹਿਲੀ ਵਾਰ 1980ਵਿਆਂ ਵਿੱਚ ਈਰਾਨ-ਇਰਾਕ ਯੁੱਧ ਦੌਰਾਨ ਉੱਭਰ ਕੇ ਸਾਹਮਣੇ ਵਿੱਚ ਆਏ ਸਨ ।

ਸਾਲ 2015 ਵਿੱਚ ਇੱਕ ਵੀਡੀਓ ਈਰਾਨ ਵਿੱਚ ਬਹੁਤ ਜ਼ਿਆਦਾ ਸਾਂਝੀ ਕੀਤੀ ਗਈ। ਇਹ ਇੱਕ ਸੰਗੀਤਕ ਵੀਡੀਓ ਸੀ, ਜਿਸ ਵਿੱਚ ਇਰਾਕ ਦੇ ਸ਼ੀਆ ਲੜਾਕੇ ਇੱਕ ਕੰਧ ਉੱਤੇ ਸੁਲੇਮਾਨੀ ਦੀ ਤਸਵੀਰ ਛਾਪ ਕੇ ਉਸ ਦੇ ਸਾਹਮਣੇ ਪਰੇਡ ਕਰਦੇ ਹਨ ਤੇ ਇੱਕ ਜੋਸ਼ੀਲਾ ਤਰਾਨਾ ਗਾਉਂਦੇ ਹਨ।

ਸੁਲੇਮਾਨੀ ਉਸ ਸਮੇਂ ਉੱਤਰੀ ਇਰਾਕ ਦੇ ਸਲਾਉਦੀਨ ਸੂਬੇ ਵਿੱਚ ਇਰਾਕੀ ਤੇ ਸ਼ੀਆ ਲੜਾਕਿਆਂ ਦੀ ਅਗਵਾਈ ਕਰ ਰਹੇ ਸਨ। ਇਹ ਲੜਾਕੇ ਤਿਰਕਿਤ ਸ਼ਹਿਰ ਨੂੰ ਇਸਲਾਮਿਕ ਸਟੇਟ ਦੇ ਲੜਾਕਿਆਂ ਤੋਂ ਵਾਪਸ ਲੈਣ ਲਈ ਲੜ ਰਹੇ ਸਨ।

ਇਰਾਨੀ ਖ਼ਬਰ ਏਜੰਸੀ ਫਾਰਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਸੁਲੇਮਾਨੀ ਨੇ ਇਰਾਕੀ ਲੜਾਕਿਆਂ ਦੀ ਇਸ ਮਿਸ਼ਨ ਦੀ ਤਿਆਰੀ ਵਿੱਚ ਕੁਝ ਸਮਾਂ ਮਦਦ ਕੀਤੀ ਸੀ।

ਜੇਹਾਦੀਆਂ ਖ਼ਿਲਾਫ਼ ਮੋਰਚੇ ਦਾ ਜਰਨੈਲ

ਇਹ ਪਹਿਲੀ ਵਾਰ ਨਹੀਂ ਸੀ ਕਿ ਸੁਲੇਮਾਨੀ ਨੇ ਜਿਹਾਦੀਆਂ ਖ਼ਿਲਾਫ਼ ਮੋਰਚਾ ਲਿਆ ਹੋਵੇ। ਗੁਆਂਢੀ ਸੀਰੀਆ ਵਿੱਚ ਵੀ ਉਨ੍ਹਾਂ ਨੇ ਰਾਸ਼ਟਰਪਤੀ ਬਸ਼ਰ-ਅੱਲ-ਅੱਸਦ ਦੀ ਜਿਹਾਦੀਆਂ ਤੋਂ ਪ੍ਰਮੁੱਖ ਸ਼ਹਿਰ ਵਾਪਸ ਲੈਣ ਵਿੱਚ ਮਦਦ ਕੀਤੀ ਸੀ।

ਹਾਲਾਂਕਿ ਈਰਾਨ ਹਮੇਸ਼ਾ ਹੀ ਸੀਰੀਆ ਤੇ ਇਰਾਕ ਵਿੱਚ ਆਪਣੇ ਦਖ਼ਲ ਤੋਂ ਇਨਕਾਰੀ ਰਿਹਾ ਹੈ ਪਰ ਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਮਰਨ ਵਾਲੇ ਲੜਾਕਿਆਂ ਦੇ ਆਗੂਆਂ ਦੇ ਸੋਗ ਸਮਾਗਮ ਈਰਾਨ ਵਿੱਚ ਹੁੰਦੇ ਰਹੇ ਹਨ ਤੇ ਸੁਲੇਮਾਨੀ ਵੀ ਇਨ੍ਹਾਂ ਵਿੱਚ ਜਾਂਦੇ ਸਨ।

ਭਾਵੇਂ ਈਰਾਨ ਤੇ ਅਮਰੀਕਾ ਦੀਆਂ ਤਲਵਾਰਾਂ ਖਿੱਚੀਆਂ ਰਹਿੰਦੀਆਂ ਹੋਣ ਪਰ ਆਈਐੱਸ ਦੀ ਸਾਂਝੀ ਵਿਪਤਾ ਨੇ ਇਨ੍ਹਾਂ ਨੂੰ ਅਸਿੱਧਾ ਸਹਿਯੋਗ ਕਰਨ ਲਈ ਮਜਬੂਰ ਕੀਤਾ।

ਸਾਲ 2001 ਵਿੱਚ ਸੁਲੇਮਾਨੀ ਨੇ ਇਸ ਨੀਤੀ ਦਾ ਮੁੱਢ ਬੰਨ੍ਹਿਆ ਸੀ। ਜਦੋਂ ਈਰਾਨ ਨੇ ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਲੜਾਕਿਆਂ ਨਾਲ ਜੰਗ ਕਰਨ ਲਈ ਫੌਜੀ ਜਾਣਕਾਰੀਆਂ ਮੁਹਈਆ ਕਰਵਾਈਆਂ ਸਨ।

ਫਿਰ 2007 ਵਿੱਚ ਦੋਹਾਂ ਦੇਸ਼ਾਂ ਨੇ ਤਹਿਰਾਨ ਦੀ ਨਿੱਘਰਦੀ ਜਾ ਰਹੀ ਸਥਿਤੀ ਦੇ ਮੱਦੇਨਜ਼ਰ ਆਪਣੇ ਨੁਮਾਇੰਦੇ ਭੇਜੇ।

ਸਮੇਂ ਦੇ ਨਾਲ-ਨਾਲ ਸੁਲੇਮਾਨੀ ਦਾ ਕੱਦ ਈਰਾਨ ਦੀ ਵਿਦੇਸ਼ ਨੀਤੀ ਵਿੱਚ ਉੱਚਾ ਹੁੰਦਾ ਗਿਆ। ਉਹ ਈਰਾਨ ਦਾ ਅਜਿਹਾ ਚਿਹਰਾ ਬਣੇ ਜੋ ਹਰ ਸੰਕਟ ਵਿੱਚ ਪਹੁੰਚਦਾ ਸੀ।

ਈਰਾਨ ਵੱਲੋਂ ਕੀਤੇ ਇੱਕ ਐਲਾਨ ਮੁਤਾਬਕ ਉਨ੍ਹਾਂ ਨੇ ਇਰਾਕ ਦੇ ਮਰਹੂਮ ਸ਼ਾਸ਼ਕ ਸੱਦਾਮ ਹੁਸੈਨ ਬਾਰੇ ਬਣਾਈ ਜਾਣ ਵਾਲੀ ਦਸਤਾਵੇਜ਼ੀ ਫ਼ਿਲਮ ਦੀ ਨਜ਼ਰਸਾਨੀ ਵੀ ਕਰਨੀ ਸੀ।

ਹਾਲਾਂਕਿ ਹਰ ਕੋਈ ਸੁਲੇਮਾਨੀ ਦੇ ਵਧਦੇ ਵਕਾਰ ਤੋਂ ਖ਼ੁਸ਼ ਨਹੀਂ ਸੀ। ਦਸੰਬਰ 2014 ਵਿੱਚ ਈਰਾਨ-ਕੈਨੇਡਾ ਸਿਖ਼ਰ ਸੰਮੇਲਨ ਦੌਰਾਨ ਕੈਨੇਡਾ ਦੇ ਤਤਕਾਲੀ ਵਿਦੇਸ਼ ਮੰਤਰੀ ਨੇ ਸੁਲੇਮਾਨੀ ਬਾਰੇ ਟਿੱਪਣੀ ਕੀਤੀ ਕਿ ਉਹ ਆਈਐੱਸ ਨਾਲ ਲੜਨ ਵਾਲੇ ਦੇ ਨਕਾਬ ਵਿੱਚ ਦਹਿਸ਼ਤ ਦੇ ਏਜੰਟ ਹਨ।

ਹਾਲਾਂਕਿ ਈਰਾਨ ਦੇ ਬਲਾਗਰਾਂ ਨੇ ਇੱਕ ਲਹਿਰ ਅਜਿਹੀ ਵੀ ਚਲਾਈ ਕਿ ਸੁਲੇਮਾਨੀ ਨੂੰ ਸਿਆਸਤ ਵਿੱਚ ਦਾਖ਼ਲ ਹੋ ਜਾਣਾ ਚਾਹੀਦਾ ਹੈ।

ਸੁਲੇਮਾਨੀ ਨੂੰ ਈਰਾਨ ਦਾ ਸਭ ਤੋਂ ਪਾਕ ਦਾਮਨ ਸ਼ਖ਼ਸ਼ ਹੋਣ ਦੇ ਨਾਤੇ, ਵਰਦੀ ਲਾਂਭੇ ਰੱਖ ਕੇ, ਇਹ ਲੋਕ ਸੁਲੇਮਾਨੀ ਨੂੰ 2017 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੜ੍ਹੇ ਹੋਣ ਲਈ ਕਹਿ ਰਹੇ ਸਨ।

ਹਾਲਾਂਕਿ ਸਾਰੇ ਈਰਾਨੀ ਇਸ ਖ਼ਿਆਲ ਨਾਲ ਇਤਫ਼ਾਕ ਨਹੀਂ ਰੱਖਦੇ ਸਨ। ਇੱਕ ਤਬਕਾ ਦੇਸ਼ ਵਿੱਚ ਸੁਲੇਮਾਨੀ ਦੀ ਅਗਵਾਈ ਵਾਲੇ ਰੈਵਲੂਸ਼ਨਰੀ ਗਾਰਡਜ਼ ਦੇ ਵਧਦੇ ਕੰਟਰੋਲ ਤੋਂ ਫਿਕਰਮੰਦ ਸੀ।

ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਜਾਰੀ ਰਿਹਾ ਤਾਂ ਈਰਾਨ ਵਿੱਚ ਵੀ ਮਿਸਰ ਦਾ ਇਤਿਹਾਸ ਦੁਹਰਾਇਆ ਜਾ ਸਕਦਾ ਹੈ। ਜਿੱਥੇ ਫ਼ੌਜ ਨੇ ਤਖ਼ਤਾ ਪਲਟ ਦਿੱਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਸੁਲੇਮਾਨੀ ਈਰਾਨ ਦੇ "ਅੱਲ-ਸੀਸੀ" ਬਣ ਸਕਦੇ ਹਨ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)