ਮਹਿਲਾ ਟੀ20 ਵਰਲਡ ਕੱਪ: ਇੰਗਲੈਂਡ ਹੱਥੋਂ ਹਾਰੀ ਟੀਮ ਇੰਡੀਆ, ਹਰਮਨਪ੍ਰੀਤ ਇਸ ਰਿਕਾਰਡ ਤੋਂ ਰਹਿ ਗਏ ਵਾਂਝੇ

ਤਸਵੀਰ ਸਰੋਤ, Getty Images
ਇੰਗਲੈਂਡ ਦੇ 152 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਭਾਰਤੀ ਟੀਮ ਨੇ 11 ਦੌੜਾਂ ਨਾਲ ਇਹ ਮੈਚ ਗੁਆ ਲਿਆ ਹੈ। ਭਾਰਤ ਦੀ ਟੀਮ 140 ਦੌੜਾਂ ਹੀ ਬਣਾ ਸਕੀ।
ਇਸ ਰੋਮਾਂਚਕ ਮੁਕਾਬਲੇ ਵਿੱਚ ਇੰਗਲੈਂਡ ਨੇ ਭਾਰਤ ਨੂੰ 11 ਦੌੜਾਂ ਨਾਲ ਹਰਾ ਦਿੱਤਾ।
ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਉੱਤੇ 151 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 20 ਓਵਰਾਂ ਵਿੱਚ ਪੰਜ ਵਿਕਟਾਂ ਉੱਤੇ 140 ਦੌੜਾਂ ਬਣਾ ਸਕੀ।
ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਉੱਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਬਣਾਈਆਂ। ਮੰਧਾਨਾ ਨੇ 41 ਗੇਂਦਾਂ ਉੱਤੇ ਸੱਤ ਚੌਕੇ, ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਚਾ ਘੋਸ਼ ਨੇ 34 ਗੇਂਦਾਂ ਨਾਲ 47 ਦੌੜਾਂ ਬਣਾਈਆਂ।
ਉਧਰ ਕਪਤਾਨ ਹਰਮਨਪ੍ਰੀਤ ਕੌਰ ਸਿਰਫ਼ 4 ਦੌੜਾਂ ਹੀ ਬਣਾ ਸਕੇ ਅਤੇ ਜੇਮਿਮਾ ਰੌਡ੍ਰਿਗਸ ਨੇ 13 ਦੌੜਾਂ ਬਣਾਈਆਂ।
ਕਪਤਾਨ ਹਰਮਨਪ੍ਰੀਤ ਕੌਰ ਜਿੱਥੇ 11ਵੇਂ ਓਵਰ ਦੀ ਦੂਜੀ ਗੇਂਦ ਉੱਤੇ ਆਊਟ ਹੋਏ ਤਾਂ ਉਧਰ 10ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਜੇਮਿਮਾ ਰੌਡ੍ਰਿਗਸ ਆਊਟ ਹੋਏ।
ਭਾਰਤ ਦਾ ਪਹਿਲਾ ਵਿਕਟ ਚੌਥੇ ਓਵਰ ਦੀ ਆਖਰੀ ਗੇਂਦ ਉੱਤੇ ਗਿਆ ਅਤੇ ਇਹ ਸ਼ਫ਼ਾਲੀ ਵਰਮਾ ਦਾ ਸੀ। ਸ਼ਫ਼ਾਲੀ ਵਰਮਾ ਇੰਗਲੈਂਡ ਦੀ ਗੇਂਦਬਾਜ਼ ਬੇਲ ਦੀ ਸ਼ਾਰਟ ਗੇਂਦ ਨੂੰ ਹਿੱਟ ਕਰਨ ਦੀ ਕੋਸ਼ਿਸ਼ ਵਿੱਚ ਮਿਡ ਆਨ ਉੱਤੇ ਕੈਦ ਦੇ ਬੈਠੇ।
ਸ਼ਫ਼ਾਲੀ ਨੇ ਆਊਟ ਹੋਣ ਤੋਂ ਪਹਿਲਾਂ 11 ਗੇਂਦਰ ਉੱਤੇ 8 ਦੌੜਾਂ ਬਣਾਈਆਂ। ਉਨ੍ਹਾਂ ਸਮ੍ਰਿਤੀ ਮੰਧਾਨਾ ਨਾਲ ਪਹਿਲੇ ਵਿਕਟ ਲਈ 29 ਦੌੜਾਂ ਜੋੜੀਆਂ।
ਭਾਰਤ ਨੇ ਆਪਣੀ ਪਾਰੀ ਦੀ ਸ਼ੁਰੂਆਤ ਹੌਲੀ ਕੀਤੀ, ਪਹਿਲੇ ਦੋ ਓਵਰਾਂ ਵਿੱਚ ਸਿਰਫ਼ 11 ਦੌੜਾਂ ਬਣੀਆਂ। ਇਸ ਤੋਂ ਬਾਅਦ ਤੀਜੇ ਓਵਰ ਵਿੱਚ ਉੱਪ-ਕਪਤਾਨ ਸਮ੍ਰਿਤੀ ਮੰਧਾਨਾ ਨੇ 4 ਚੌਕੇ ਲਗਾਏ ਅਤੇ ਟੀਮ ਦਾ ਸਕੋਰ 27 ਦੌੜਾਂ ਉੱਤੇ ਲੈ ਗਏ।

ਤਸਵੀਰ ਸਰੋਤ, Getty Images
ਮਹਿਲਾ ਟੀ20 ਵਰਲਡ ਕੱਪ ਵਿੱਚ ਗਰੁੱਪ-2 ਦੇ ਅਹਿਮ ਮੁਕਾਬਲੇ ਵਿੱਚ ਇੰਗਲੈਂਡ ਨੇ ਭਾਰਤੀ ਟੀਮ ਸਾਹਮਣੇ 152 ਦੌੜਾਂ ਦਾ ਟੀਚਾ ਰੱਖਿਆ ਹੈ।
ਭਾਰਤ ਵੱਲੋਂ ਰੇਣੁਕਾ ਸਿੰਘ ਠਾਕੁਰ ਨੇ ਪੰਜ ਖਿਡਾਰੀਆਂ ਨੂੰ ਆਊਟ ਕੀਤਾ। ਦੂਜੇ ਪਾਸੇ ਇੰਗਲੈਂਡ ਵੱਲੋਂ ਨੈਟ ਸਿਵਰ ਬਨਰਟ ਨੇ ਅੱਧੀ ਸੈਂਚੂਰੀ ਬਣਾਈ।
ਮਹਿਲਾ ਟੀ20 ਵਰਲਡ ਕੱਪ ਵਿੱਚ ਗਰੁੱਪ-2 ਦੇ ਸਭ ਤੋਂ ਅਹਿਮ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਹਰਮਨਪ੍ਰੀਤ ਕੌਰ ਨੇ ਇਸ ਟੀ20 ਵਰਲਡ ਕੱਪ ਵਿੱਚ ਪਹਿਲੀ ਵਾਰ ਟਾਸ ਜਿੱਤਿਆ ਹੈ।
ਭਾਰਤ ਦਾ ਇਹ ਫ਼ੈਸਲਾ ਉਦੋਂ ਸਹੀ ਸਾਬਤ ਹੁੰਦਾ ਦਿਖਿਆ ਜਦੋਂ ਪਹਿਲੇ ਹੀ ਓਵਰ ਵਿੱਚ ਰੇਣੁਕਾ ਸਿੰਘ ਠਾਕੁਰ ਨੇ ਪਹਿਲੇ ਓਵਰ ਦੀ ਤੀਜੀ ਗੇਂਦ ਉੱਤੇ ਇੰਗਲੈਂਡ ਦੀ ਓਪਨਰ ਡੈਨੀ ਵਾਟ ਨੂੰ ਵਿਕਟ ਦੇ ਪਿੱਛੇ ਕੈਚ ਆਊਟ ਕੀਤਾ।
ਰੇਣੁਕਾ ਠਾਕੁਰ ਨੇ ਆਪਣੇ ਦੋ ਓਵਰਾਂ ਵਿੱਚ ਦੋ ਹੋਰ ਵਿਕਟਾਂ ਲਈਆਂ।

ਤਸਵੀਰ ਸਰੋਤ, Getty Images
ਆਪਣੇ ਦੂਜੇ ਓਵਰ ਦੀ ਪਹਿਲੀ ਗੇਂਦ ਉੱਤੇ ਰੇਣੁਕਾ ਨੇ ਐਲਿਸ ਕੈਪਸੀ ਨੂੰ ਬੋਲਡ ਕੀਤਾ ਤਾਂ ਤੀਜੇ ਓਵਰ ਦੀ ਚੌਥੀ ਗੇਂਦ ਉੱਤੇ ਉਨ੍ਹਾਂ ਨੇ ਇੰਗਲੈਂਡ ਦੀ ਦੂਜੀ ਓਪਨਰ ਸੋਫ਼ੀਆ ਡੰਕਲੀ ਨੂੰ ਬੋਲਡ ਕੀਤਾ।
ਪਹਿਲੇ ਪੰਜ ਓਵਰ ਵਿੱਚ ਇੰਗਲੈਂਡ ਨੇ ਰੇਣੁਕਾ ਠਾਕੁਰ ਦੇ ਦਿੱਤੇ ਝਟਕਿਆਂ ਕਾਰਨ ਤਿੰਨ ਵਿਕਟ ਉੱਤੇ ਸਿਰਫ਼ 29 ਦੌੜਾਂ ਜੋੜੀਆਂ।
ਸ਼ਿਖਾ ਪਾਂਡੇ ਦੀ ਪਹਿਲਾ ਟੀ20 ਇੰਟਰਨੈਸ਼ਨਲ ਵਿਕਟ
ਇਸ ਤੋਂ ਬਾਅਦ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਅਤੇ ਨੈਟ ਸਿਵਰ ਬਨਰਟ ਦੀ ਜੋੜੀ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਅਤੇ ਫ਼ਿਰ ਇਨ੍ਹਾਂ ਦੋਵਾਂ ਨੇ ਦੌੜਾਂ ਦੀ ਰਫ਼ਤਾਰ ਨੂੰ ਵੀ ਤੇਜ਼ੀ ਦਿੱਤੀ।
ਹਾਲੇ ਚੌਥੇ ਵਿਕਟ ਲਈ ਦੋਵਾਂ ਬੱਲੇਬਾਜ਼ਾਂ ਨੇ 51 ਦੌੜਾਂ ਹੀ ਜੋੜੀਆਂ ਸਨ ਕਿ ਸ਼ਿਖਾ ਪਾਂਡੇ ਨੇ ਕਪਤਾਨ ਹੀਥਰ ਨਾਈਟ ਨੂੰ ਆਊਟ ਕਰ ਦਿੱਤਾ।
ਹੀਥਰ ਨਾਈਟ ਨੇ 23 ਗੇਂਦਾ ਉੱਥੇ 121.73 ਦੇ ਸਟ੍ਰਾਈਕ ਰੇਟ ਨਾਲ 28 ਦੌੜਾਂ ਬਣਾਈਆਂ।
ਇਹ ਸ਼ਿਖਾ ਪਾਂਡੇ ਦੀ ਇੰਟਰਨੈਸ਼ਨਲ ਟੀ20 ਕ੍ਰਿਕਟ ਵਿੱਚ ਪਹਿਲੀ ਵਿਕਟ ਸੀ।
ਨੈਟ ਸਿਵਰ ਦੀ ਹਾਫ਼ ਸੈਂਚੂਰੀ
ਨਾਈਟ ਦੇ ਆਊਟ ਹੋਣ ਉੱਤੇ ਏਮੀ ਜੋਨਸ ਵਿਕਟ ਉੱਤੇ ਆਏ ਅਤੇ ਉਨ੍ਹਾਂ ਨੇ ਨੈਟ ਸਿਵਰ ਬਰਨਟ ਨਾਲ ਪੰਜਵੇਂ ਵਿਕਟ ਲਈ 40 ਦੌੜਾਂ ਜੋੜੀਆਂ।
ਨੈਟ ਸਿਵਰ ਨੇ ਇਸ ਦੌਰਾਨ ਆਪਣੀ ਹਾਫ਼ ਸੈਂਚੂਰੀ ਪੂਰੀ ਕੀਤੀ ਪਰ 50 ਦੇ ਸਕੋਰ ਉੱਤੇ ਦੀਪਤੀ ਸ਼ਰਮਾ ਨੇ ਉਨ੍ਹਾਂ ਨੂੰ ਸਮ੍ਰਿਧੀ ਮੰਧਾਨਾ ਦੇ ਹੱਥੀਂ ਕੈਚ ਆਊਟ ਕਰਵਾ ਦਿੱਤਾ।
ਇੰਗਲੈਂਡ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਉੱਤੇ 151 ਦੌੜਾਂ ਬਣਾਈਆਂ।
ਹਰਮਨਪ੍ਰੀਤ ਰਿਕਾਰਡ ਦੇ ਨੇੜੇ

ਤਸਵੀਰ ਸਰੋਤ, ANI
ਇਹ ਇਸ ਟੂਰਨਾਮੈਂਟ ਵਿੱਚ ਭਾਰਤੀ ਮਹਿਲਾ ਟੀਮ ਦਾ ਤੀਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਖੇਡੇ ਗਏ ਆਪਣੇ ਦੋਵੇਂ ਮੁਕਾਬਲੇ ਭਾਰਤ ਜਿੱਤ ਚੁੱਕਿਆ ਹੈ।
ਦੂਜੇ ਪਾਸੇ ਇੰਗਲੈਂਡ ਦੀ ਟੀਮ ਵੀ ਆਪਣੇ ਦੋਵੇਂ ਮੁਕਾਬਲੇ ਆਸਾਨੀ ਨਾਲ ਜਿੱਤ ਚੁੱਕੀ ਹੈ।
ਇੰਗਲੈਂਡ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ। ਦੁਜੇ ਪਾਸੇ ਭਾਰਤੀ ਟੀਮ ਨੇ ਇੱਕ ਬਦਲਾਅ ਕਰਦੇ ਹੋਏ ਦੇਵਿਕਾ ਵੈਧ ਦੀ ਥਾਂ ਉੱਤੇ ਸ਼ਿਖਾ ਪਾਂਡੇ ਨੂੰ ਲਿਆ ਹੈ।
ਦੋਵੇਂ ਟੀਮਾਂ ਵਿਚਾਲੇ ਹੋ ਰਹੇ ਇਸ ਮੈਚ ਦੀ ਚਰਚਾ ਟੂਰਨਾਮੈਂਟ ਤੋਂ ਪਹਿਲਾਂ ਹੀ ਸੀ ਕਿਉਂਕਿ ਜੇ ਅੱਗੇ ਕੋਈ ਵੱਡਾ ਉਲਟਫੇਰ ਨਾ ਹੋਇਆ ਤਾਂ ਇਸ ਨੂੰ ਜਿੱਤਣ ਵਾਲੀ ਟੀਮ ਹੀ ਗਰੁੱਪ-2 'ਚੋਂ ਨੰਬਰ ਇੱਕ ਟੀਮ ਬਣੇਗੀ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਵੱਡੇ ਸਕੋਰ ਨਹੀਂ ਕੀਤੇ ਹਨ। ਅੱਜ ਹਰਮਨਪ੍ਰੀਤ ਤੌਕ ਇੱਕ ਰਿਕਾਰਡ ਵੀ ਬਣਾਉਣ ਦੇ ਕੰਢੇ ਉੱਤੇ ਹਨ।
ਹਰਮਨਪ੍ਰੀਤ ਕੌਰ ਨੂੰ ਮਹਿਲਾ ਟੀ20 ਕ੍ਰਿਕਟ ਵਿੱਚ ਤਿੰਨ ਹਜ਼ਾਰ ਦੌੜਾਂ ਪੂਰਾ ਕਰਨ ਲਈ 11 ਦੌੜਾਂ ਦੀ ਜ਼ਰੂਰਤ ਹੈ।
ਭਾਰਤ ਨੇ ਪਹਿਲਾਂ ਕਿਹੜੇ ਮੁਕਾਬਲੇ ਖੇਡੇ ਤੇ ਜਿੱਤੇ
ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦਾ ਟੀ20 ਵਰਲਡ ਕੱਪ ਵਿੱਚ ਸਭ ਤੋਂ ਪਹਿਲਾ ਮੁਕਾਬਲਾ ਪਾਕਿਸਤਾਨ ਦੀ ਟੀਮ ਨਾਲ ਸੀ।
12 ਫ਼ਰਵਰੀ ਨੂੰ ਆਪਣੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਮਾਤ ਦਿੰਦਿਆਂ ਜਿੱਤ ਹਾਸਲ ਕੀਤੀ ਸੀ।
ਸਾਊਥ ਅਫ਼ਰੀਕਾ ਦੇ ਕੇਪ ਟਾਊਨ ਵਿੱਚ ਹੋਏ ਇਸ ਮੈਚ ਨੂੰ ਭਾਰਤੀ ਟੀਮ ਨੇ 4 ਵਿਕਟਾਂ ਨਾਲ ਜਿੱਤਿਆ ਸੀ।
ਇਸ ਤੋਂ ਬਾਅਦ ਭਾਰਤ ਦਾ ਦੂਜਾ ਮੁਕਾਬਲਾ 15 ਫ਼ਰਵਰੀ ਨੂੰ ਵੈਸਟ ਇੰਡੀਜ਼ ਦੀ ਟੀਮ ਨਾਲ ਸੀ।
ਕੇਪ ਟਾਊਨ ਵਿੱਚ ਹੀ ਹੋਏ ਇਸ ਮੈਚ ਨੂੰ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਸੀ।
ਅੰਕੜਿਆਂ ਵਿੱਚ ਇੰਗਲੈਂਡ ਕਾਫ਼ੀ ਅੱਗੇ
ਗੱਲ ਜੇ ਅੰਕੜਿਆਂ ਦੀ ਕੀਤੀ ਜਾਵੇ ਤਾਂ ਦੋਵੇਂ ਟੀਮਾਂ ਵਿਚਾਲੇ ਲੰਘੇ ਸਾਲ ਚਾਰ ਟੀ20 ਮੈਚ ਖੇਡੇ ਗਏ। ਉਦੋਂ ਦੋਵੇਂ ਟੀਮਾਂ ਨੇ 2-2 ਮੈਚ ਜਿੱਤੇ ਸਨ।
ਦੂਜੇ ਪਾਸੇ ਟੀ20 ਵਰਲਡ ਕੱਪ ਵਿੱਚ ਹੁਣ ਤੱਕ ਭਾਰਤੀ ਮਹਿਲਾ ਟੀਮ ਇੰਗਲੈਂਡ ਨੂੰ ਨਹੀਂ ਹਰਾ ਸਕੀ ਹੈ। ਟੀ20 ਵਰਲਡ ਕੱਪ ਵਿੱਚ ਇੰਗਲੈਂਡ 5-0 ਤੋਂ ਅੱਗੇ ਹੈ।
ਜੇ ਹੁਣ ਤੱਕ ਦੋਵੇਂ ਟੀਮਾਂ ਵਿਚਾਲੇ ਖੇਡੇ ਗਏ ਟੀ20 ਮੁਕਾਬਲਿਆਂ ਦੇ ਅੰਕੜੇ ਦੇਖੀਏ ਤਾਂ ਉੱਥੇ ਵੀ 19-07 ਨਾਲ ਇੰਗਲੈਂਡ ਦਾ ਪਲੜਾ ਕਾਫ਼ੀ ਭਾਰੀ ਹੈ।

ਇਹ ਵੀ ਪੜ੍ਹੋ:












