ਅਮਿਤਾਭ ਬੱਚਨ ਨੂੰ ਜਦੋਂ ਨਿਰਦੇਸ਼ਕ ਨੇ ਕਿਹਾ, 'ਕਵੀ ਦੇ ਬੇਟੇ ਹੋ, ਹੀਰੋ ਕਿਵੇਂ ਬਣੋਗੇ, ਕਵਿਤਾ ਲਿਖੋ'

ਅਮਿਤਾਭ ਬੱਚਨ

ਤਸਵੀਰ ਸਰੋਤ, NIYOGI BOOKS

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਚਾਲੀ ਦੇ ਦਹਾਕੇ 'ਚ ਮਸ਼ਹੂਰ ਅਮਰੀਕੀ ਗਾਇਕ ਅਤੇ ਅਭਿਨੇਤਾ ਫ੍ਰੈਂਕ ਸਿਨਾਟਰਾ ਨੂੰ ਮਸ਼ਹੂਰ ਕਰਨ ਲਈ ਉਨ੍ਹਾਂ ਦੇ ਪ੍ਰੈਸ ਏਜੰਟ ਜਾਰਜ ਇਵਾਨਜ਼ ਨੇ ਇੱਕ ਜ਼ਬਰਦਸਤ ਚਾਲ ਚੱਲੀ ਸੀ।

ਉਨ੍ਹਾਂ ਨੇ 12 ਮੁੰਡੇ-ਕੁੜੀਆਂ ਨੂੰ ਕਿਰਾਏ 'ਤੇ ਲਿਆ ਅਤੇ ਉਨ੍ਹਾਂ ਨੂੰ ਸਿਖਾਇਆ ਗਿਆ ਕਿ ਜਿਵੇਂ ਹੀ ਫ੍ਰੈਂਕ ਆਪਣਾ ਗਾਣਾ ਗਾਉਣਾ ਸ਼ੁਰੂ ਕਰਨ ਤਾਂ ਉਹ 'ਓ ਫ੍ਰੈਂਕੀ, ਓ ਫ੍ਰੈਂਕੀ' ਕਹਿ ਕੇ ਚੀਕਣਾ ਸ਼ੁਰੂ ਕਰ ਦੇਣ ਅਤੇ ਕੁਝ ਦੇਰ ਬਾਅਦ ਬੇਹੋਸ਼ ਹੋਣ ਦਾ ਨਾਟਕ ਕਰਨ।

ਇਵਾਨਜ਼ ਨੇ ਉਨ੍ਹਾਂ ਬੇਹੋਸ਼ ਹੋਣ ਵਾਲੀਆਂ ਕੁੜੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦਾ ਵੀ ਬੰਦੋਬਸਤ ਕੀਤਾ ਹੋਇਆ ਸੀ। ਉਨ੍ਹਾਂ ਨੇ ਇਸ ਮੌਕੇ ਲਈ ਫੋਟੋਗ੍ਰਾਫਰਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਸੀ ਤਾਂ ਜੋ ਉਸ ਸਮੇਂ ਖਿੱਚੀਆਂ ਗਈਆਂ ਤਸਵੀਰਾਂ ਰਾਹੀਂ ਪ੍ਰਚਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਇਹ ਸਭ ਕਰਨ ਲਈ ਉਨ੍ਹਾਂ ਕੁੜੀਆਂ ਨੂੰ 5-5 ਡਾਲਰ ਦਿੱਤੇ ਗਏ ਸਨ। ਇਸ ਦੇ ਲਈ ਇਵਾਨਜ਼ ਨੇ ਆਪਣੀ ਨਿਗਰਾਨੀ ਹੇਠ ਤਿੰਨ ਦਿਨਾਂ ਤੱਕ ਉਨ੍ਹਾਂ ਕੁੜੀਆਂ ਨੂੰ ਤਿਆਰੀ ਵੀ ਕਰਵਾਈ ਸੀ।

ਨਿਊਯਾਰਕ ਦੇ ਪੈਰਾਮਾਉਂਟ ਥੀਏਟਰ 'ਚ ਫ੍ਰੈਂਕ ਸਿਨਾਟਰਾ ਦੇ ਸ਼ੋਅ ਦੇ ਖ਼ਤਮ ਹੋਣ ਤੋਂ ਪਹਿਲਾਂ, ਇਵਾਨਜ਼ ਇਹ ਵੇਖ ਕੇ ਹੈਰਾਨ ਹੋ ਗਏ ਕਿ ਉਨ੍ਹਾਂ ਨੇ ਤਾਂ ਸਿਰਫ਼ 12 ਕੁੜੀਆਂ ਨੂੰ ਕਿਰਾਏ 'ਤੇ ਇਸ ਕੰਮ ਲਈ ਲਿਆਂਦਾ ਸੀ, ਜਦੋਂ ਕਿ ਹਕੀਕਤ 'ਚ 30 ਕੁੜੀਆਂ ਬੇਹੋਸ਼ ਹੋ ਗਈਆਂ ਸਨ।

ਇੱਕ ਵਾਰ ਜਦੋਂ ਇਹ ਕਹਾਣੀ ਅਮਿਤਾਭ ਬੱਚਨ ਨੂੰ ਸੁਣਾਈ ਗਈ ਤਾਂ ਉਹ ਪਹਿਲਾਂ ਤਾਂ ਹੱਸੇ ਅਤੇ ਫਿਰ ਉਨ੍ਹਾਂ ਨੇ ਕਿਹਾ, "ਕਿਸੇ ਨੂੰ ਜ਼ਬਰਦਸਤੀ ਫੜ੍ਹ ਕੇ ਹੀਰੋ ਤਾਂ ਬਣਾਇਆ ਜਾ ਸਕਦਾ ਹੈ, ਪਰ ਉਦੋਂ ਤੱਕ ਹੀ। ਪਰ ਇੱਕ ਵਾਰ ਕੈਮਰਾ ਸਟਾਰਟ ਹੋਣ 'ਤੇ ਉਹ ਇੱਕਲਾ ਰਹਿ ਜਾਂਦਾ ਹੈ। ਅਦਾਕਾਰੀ ਤਾਂ ਉਸ ਨੂੰ ਕਰਨੀ ਹੀ ਪਵੇਗੀ।"

ਦਰਅਸਲ, ਅਮਿਤਾਭ ਬੱਚਨ ਸਮਝਾਉਣਾ ਚਾਹੁੰਦੇ ਸਨ ਕਿ ਪ੍ਰਚਾਰ ਦਾ ਸ਼ੋਰ ਕਿਸੇ ਵਿਅਕਤੀ ਨੂੰ ਇੱਕ ਮੁਕਾਮ ਤੱਕ ਤਾਂ ਪਹੁੰਚਾ ਸਕਦਾ ਹੈ ਪਰ ਉਸ ਤੋਂ ਅਗਾਂਹ ਜਾਣ ਲਈ ਉਸ 'ਚ ਹੁਨਰ ਅਤੇ ਕਾਬਲੀਅਤ ਹੋਣੀ ਵੀ ਜ਼ਰੂਰੀ ਹੈ।

ਮਸ਼ਹੂਰ ਅਮਰੀਕੀ ਗਾਇਕ ਸਿਨਾਟਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਸ਼ਹੂਰ ਅਮਰੀਕੀ ਗਾਇਕ ਸਿਨਾਟਰਾ

ਸ਼ੁਕਰ ਹੈ ਕਿ ਅਮਿਤਾਭ ਨੂੰ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਇੰਨ੍ਹਾਂ ਸਾਰੇ ਹੱਥਕੰਢਿਆਂ, ਸਾਜਿਸ਼ਾਂ ਦਾ ਸਹਾਰਾ ਨਹੀਂ ਲੈਣਾ ਪਿਆ।

ਸੁਮਿਤਰਾਨੰਦਨ ਪੰਤ ਨੇ ਕੀਤਾ ਸੀ ਨਾਮਕਰਨ

ਅਮਿਤਾਭ ਦਾ ਜਨਮ 11 ਅਕਤੂਬਰ,1942 ਨੂੰ ਇਲਾਹਾਬਾਦ 'ਚ ਹੋਇਆ ਸੀ। ਉਨ੍ਹਾਂ ਦੇ ਜਨਮ ਮੌਕੇ ਹੀ ਉਨ੍ਹਾਂ ਦਾ ਨਾਮਕਰਨ ਵੀ ਹੋ ਗਿਆ ਸੀ।

ਹੋਇਆ ਇੰਝ ਕੇ ਉਨ੍ਹਾਂ ਦੇ ਮਾਤਾ-ਪਿਤਾ ਦੇ ਪਰਿਵਾਰਕ ਮਿੱਤਰ ਪੰਡਿਤ ਅਮਰਨਾਥ ਝਾਅ ਨੇ ਸੁਝਾਅ ਦਿੱਤਾ ਕਿ ਉਸ ਸਮੇਂ ਦੇ ਦੇਸ਼ ਦੇ ਮਾਹੌਲ ਦੇ ਮੱਦੇਨਜ਼ਰ ਉਨ੍ਹਾਂ ਦਾ ਨਾਮ 'ਇਨਕਲਾਬ' ਰੱਖਿਆ ਜਾਵੇ।

ਹਾਲ 'ਚ ਹੀ ਅਮਿਤਾਭ ਬੱਚਨ 'ਤੇ ਪ੍ਰਕਾਸ਼ਿਤ ਹੋਈ ਕਿਤਾਬ 'ਅਮਿਤਾਭ ਬੱਚਨ ਦਿ ਫਾਰਐਵਰ ਸਟਾਰ' ਦੇ ਲੇਖਕ ਪ੍ਰਦੀਪ ਚੰਦਰਾ ਦੱਸਦੇ ਹਨ, "ਜਿਸ ਦਿਨ ਅਮਿਤਾਭ ਦਾ ਜਨਮ ਹੋਇਆ ਸੀ, ਉਸੇ ਦਿਨ ਮਸ਼ਹੂਰ ਕਵੀ ਸੁਮਿਤਰਾਨੰਦਨ ਪੰਤ ਉਨ੍ਹਾਂ ਨੂੰ ਵੇਖਣ ਲਈ ਨਰਸਿੰਗ ਹੋਮ ਆਏ ਸਨ।"

ਉਨ੍ਹਾਂ ਨੇ ਬੱਚੇ ਨੂੰ ਵੇਖਦਿਆਂ ਹੀ ਕਿਹਾ, "ਬੱਚਨ, ਵੇਖੋ ਇਹ ਕਿੰਨਾ ਸ਼ਾਂਤ ਹੈ, ਠੀਕ ਜਿਵੇਂ ਧਿਆਨ ਮਗਨ ਅਮਿਤਾਭ ਹੋਵੇ।"

ਪੰਤ ਜੀ ਵੱਲੋਂ ਕਹੇ ਗਏ ਸ਼ਬਦਾਂ ਨੂੰ ਤੇਜੀ ਬੱਚਨ ਨੇ ਆਪਣੇ ਮਨ 'ਚ ਦੁਹਰਾਇਆ, 'ਅਮਿਤਾਭ', 'ਅਮਿਤਾਭ' ਅਤੇ ਕਿਹਾ ਵਾਹ ਕਿੰਨਾ ਵਧੀਆ ਨਾਮ ਹੈ।

ਹਰਿਵੰਸ਼ ਅਤੇ ਤੇਜੀ ਦੋਵਾਂ ਨੇ ਫੈਸਲਾ ਲਿਆ ਕਿ ਉਹ ਆਪਣੇ ਪੁੱਤਰ ਦਾ ਨਾਮ ਅਮਿਤਾਭ ਰੱਖਣਗੇ।

ਹਾਲਾਂਕਿ, ਪਰਿਵਾਰ ਦਾ ਉਪਨਾਮ ਸ਼੍ਰੀਵਾਸਤਵ ਸੀ, ਪਰ ਅਮਿਤਾਭ ਨੂੰ ਉਨ੍ਹਾਂ ਦੇ ਪਿਤਾ ਹਰਿਵੰਸ਼ ਰਾਏ ਬੱਚਨ ਦਾ ਉਪਨਾਮ 'ਬੱਚਨ' ਦਿੱਤਾ ਗਿਆ।

ਘਰ 'ਚ ਉਨ੍ਹਾਂ ਨੂੰ ਅਮਿਤ ਕਹਿ ਕੇ ਬੁਲਾਇਆ ਜਾਂਦਾ ਸੀ, ਪਰ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ 'ਮੁੰਨਾ' ਕਹਿ ਕੇ ਬੁਲਾਉਂਦੀ ਸੀ। ਅਮਿਤਾਭ ਦੇ ਛੋਟੇ ਭਰਾ ਅਜਿਤਾਭ ਦੇ ਘਰ ਦਾ ਨਾਮ 'ਬੰਟੀ' ਸੀ।

ਬੀਬੀਸੀ

ਅਮਿਤਾਭ ਬਾਰੇ ਕੁਝ ਦਿਲਚਸਪ ਗੱਲਾਂ

  • ਅਮਿਤਾਭ ਦਾ ਜਨਮ 11 ਅਕਤੂਬਰ,1942 ਨੂੰ ਇਲਾਹਾਬਾਦ 'ਚ ਹੋਇਆ ਸੀ।
  • ਨੈਨੀਤਾਲ ਦੇ ਸ਼ੇਰਵੁੱਡ ਸਕੂਲ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕੀਤੀ ਅਤੇ ਫਿਰ ਦਿੱਲੀ ਦੇ ਕਰੋੜੀਮੱਲ ਕਾਲਜ 'ਚ ਦਾਖ਼ਲਾ ਲਿਆ।
  • ਉੱਥੇ ਉਨ੍ਹਾਂ ਨੂੰ ਨਾਟਕਾਂ 'ਚ ਕੰਮ ਕਰਨ ਦੇ ਬਹੁਤ ਮੌਕੇ ਮਿਲੇ।
  • ਬੀਏ ਪਾਸ ਕਰਨ ਤੋਂ ਬਾਅਦ, ਅਮਿਤਾਭ ਨੇ ਕੋਲਕਾਤਾ ਦੀ ਟਿਊਬਰਡਸ ਐਂਡ ਕੰਪਨੀ 'ਚ ਨੌਕਰੀ ਸ਼ੁਰੂ ਕੀਤੀ।
  • ਹਿੰਦੀ ਫਿਲਮਾਂ 'ਚ ਅਮਿਤਾਭ ਦੀ ਐਂਟਰੀ ਤੇਜੀ ਬੱਚਨ ਅਤੇ ਸੁਨੀਲ ਦੱਤ ਅਤੇ ਨਰਗਿਸ ਦੱਤ ਦੀ ਦੋਸਤੀ ਦੇ ਕਾਰਨ ਹੋਈ ਸੀ।
  • ਕਈ ਫਿਲਮ ਨਿਰਮਾਤਾਵਾਂ ਨੇ ਨਜ਼ਰਅੰਦਾਜ਼ ਵੀ ਕੀਤਾ ।
  • ਕੁਝ ਸਾਲਾਂ ਬਾਅਦ ਬੜਜਾਤੀਆ ਨੇ ਹੀ ਅਮਿਤਾਭ ਨੂੰ ਆਪਣੀ ਫਿਲਮ 'ਸੌਦਾਗਰ' 'ਚ ਬਤੌਰ ਹੀਰੋ ਸਾਈਨ ਕੀਤਾ।
  • ਅਮਿਤਾਭ ਨੂੰ ਪਹਿਲੀ ਫਿਲਮ ਮਸ਼ਹੂਰ ਫਿਲਮ ਨਿਰਦੇਸ਼ਕ ਖ਼ਵਾਜਾ ਅਹਿਮਦ ਅੱਬਾਸ ਨੇ ਦਿੱਤੀ ਸੀ।
  • ਅਮਿਤਾਭ ਨੂੰ ਆਪਣੀ ਪਹਿਲੀ ਹੀ ਫਿਲਮ 'ਸਾਤ ਹਿੰਦੁਸਤਾਨੀ' 'ਚ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
  • 1971 'ਚ ਉਨ੍ਹਾਂ ਦੀ ਫਿਲਮ 'ਪਰਵਾਨਾ' ਆਈ, ਜਿਸ 'ਚ ਨਵੀਨ ਨਿਸ਼ਚਲ ਹੀਰੋ ਸਨ ਅਤੇ ਅਮਿਤਾਭ ਨੇ ਉਸ ਫਿਲਮ 'ਚ ਇੱਕ 'ਨੈਗੇਟਿਵ' ਭੂਮਿਕਾ ਨਿਭਾਈ ਸੀ।
ਬੀਬੀਸੀ

ਕਰੋੜੀਮੱਲ ਕਾਲਜ ਦੀ ਡਰਾਮਾ ਸੁਸਾਇਟੀ ਨਾਲ ਅਦਾਕਾਰੀ ਦਾ ਕੀਤਾ ਆਗਾਜ਼

ਨੈਨੀਤਾਲ ਦੇ ਸ਼ੇਰਵੁੱਡ ਸਕੂਲ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਅਮਿਤਾਭ ਬੱਚਨ ਨੇ ਦਿੱਲੀ ਦੇ ਕਰੋੜੀਮੱਲ ਕਾਲਜ 'ਚ ਦਾਖ਼ਲਾ ਲਿਆ। ਉੱਥੇ ਉਨ੍ਹਾਂ ਨੂੰ ਨਾਟਕਾਂ 'ਚ ਕੰਮ ਕਰਨ ਦੇ ਬਹੁਤ ਮੌਕੇ ਮਿਲੇ।

ਕਾਲਜ ਦੀ ਡਰਾਮਾ ਸੁਸਾਇਟੀ ਦੇ ਮੁਖੀ ਫ੍ਰੈਂਕ ਠਾਕੁਰਦਾਸ ਅਮਿਤਾਭ ਦੀ ਕੰਬਦੀ ਹੋਈ ਆਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ। ਹੋਇਆ ਕੁਝ ਇਸ ਤਰ੍ਹਾਂ ਕਿ ਪ੍ਰਸਿੱਧ ਰੰਗਮੰਚ ਸ਼ਖਸੀਅਤ ਪ੍ਰਤਾਪ ਸ਼ਰਮਾ ਦੇ ਭਰਾ ਨੂੰ ਇੱਕ ਨਾਟਕ 'ਚ ਮੁੱਖ ਭੂਮਿਕਾ ਲਈ ਚੁਣਿਆ ਗਿਆ।

ਪਰ ਕੁਝ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੇ ਮੌਕੇ 'ਤੇ ਨਾਟਕ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।

ਠਾਕੁਰਦਾਸ ਦੇ ਸਾਹਮਣੇ ਇੱਕ ਪਰੇਸ਼ਾਨੀ ਸੀ ਕਿ ਹੁਣ ਇਸ ਭੂਮਿਕਾ ਲਈ ਕਿਸ ਨੂੰ ਲਿਆ ਜਾਵੇ। ਅਮਿਤਾਭ ਨੇ ਉਹ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਰੱਖੀ।

ਅਮਿਤਾਭ ਬੱਚਨ

ਤਸਵੀਰ ਸਰੋਤ, AMARYLLIS

ਠਾਕੁਰਦਾਸ ਇਸ ਲਈ ਰਾਜ਼ੀ ਹੋ ਗਏ। ਅਮਿਤਾਭ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਦਿਆਂ ਸ਼ਾਨਦਾਰ ਅਦਾਕਾਰੀ ਕੀਤੀ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਬਾਅਦ 'ਚ ਅਮਿਤਾਭ ਨੇ ਮਿਰਾਂਡਾ ਹਾਊਸ 'ਚ ਹੋਣ ਵਾਲੇ ਨਾਟਕ 'ਰੇਪ ਆਫ਼ ਦਿ ਬੈਲਟ' 'ਚ ਵੀ ਅਦਾਕਾਰੀ ਕੀਤੀ।

ਉਸ ਸਮੇਂ ਮੁੰਬਈ ਰੰਗਮੰਚ ਦੀ ਦੁਨੀਆ 'ਚ ਨਾਮਨਾ ਖੱਟਣ ਵਾਲੀ ਡੌਲੀ ਠਕੋਰ ਮਿਰਾਂਡਾ ਹਾਊਸ 'ਚ ਪੜ੍ਹਦੀ ਸੀ।

ਉਨ੍ਹਾਂ ਨੇ ਅਮਿਤਾਭ ਨੂੰ ਯਾਦ ਕਰਦਿਆਂ ਕਿਹਾ, "ਉਨ੍ਹਾਂ ਦਿਨਾਂ 'ਚ ਅਮਿਤਾਭ ਚੁੱਪਚਾਪ ਇੱਕ ਕੋਨੇ 'ਚ ਬੈਠੇ ਰਹਿੰਦੇ ਸਨ। ਉਹ ਬਹੁਤ ਹੀ ਸ਼ਰਮੀਲੇ ਸੁਭਾਅ ਦੇ ਸਨ। ਉਨ੍ਹਾਂ ਦੇ ਛੋਟੇ ਭਰਾ ਅਜਿਤਾਭ ਵੇਖਣ 'ਚ ਉਨ੍ਹਾਂ ਨਾਲੋਂ ਬਹਿਤਰ ਸਨ।"

ਬੀਏ ਪਾਸ ਕਰਨ ਤੋਂ ਬਾਅਦ, ਅਮਿਤਾਭ ਨੇ ਕੋਲਕਾਤਾ ਦੀ ਟਿਊਬਰਡਸ ਐਂਡ ਕੰਪਨੀ 'ਚ ਨੌਕਰੀ ਸ਼ੁਰੂ ਕੀਤੀ। ਦੋ ਸਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ 'ਬਲੈਕਰ ਐਂਡ ਕੰਪਨੀ' 'ਚ ਕੰਮ ਕਰਨਾ ਸ਼ੁਰੂ ਕੀਤਾ।

ਉੱਥੇ ਜਿੱਥੇ ਉਨ੍ਹਾਂ ਦੀ ਤਨਖਾਹ 'ਚ ਵਾਧਾ ਹੋਇਆ ਉੱਥੇ ਹੀ ਦਫ਼ਤਰ ਆਉਣ-ਜਾਣ ਲਈ ਉਨ੍ਹਾਂ ਨੂੰ ਇੱਕ ਮੋਰਿਸ ਮਈਨਰ ਕਾਰ ਵੀ ਦਿੱਤੀ ਗਈ ਸੀ।

'ਫਿਲਮਫੇਅਰ-ਮਾਧੁਰੀ ਮੁਕਾਬਲੇ' 'ਚ ਹੋਏ ਅਸਫ਼ਲ

ਅਮਿਤਾਭ ਦੀ ਅਦਾਕਾਰੀ 'ਚ ਦਿਲਚਸਪੀ ਨੂੰ ਵੇਖਦਿਆਂ ਉਨ੍ਹਾਂ ਦੇ ਛੋਟੇ ਭਰਾ ਅਜਿਤਾਭ ਨੇ ਉਨ੍ਹਾਂ ਦੀ ਇੱਕ ਤਸਵੀਰ 'ਫਿਲਮਫੇਅਰ-ਮਾਧੁਰੀ ਟੈਲੇਂਟ ਮੁਕਾਬਲੇ' 'ਚ ਭੇਜ ਦਿੱਤੀ।

ਹਰੀਵੰਸ਼ ਰਾਏ ਬੱਚਨ (ਖੱਬੇ), ਸੁਮਿਤਰਾਨੰਦਨ ਪੰਤ (ਕੇਂਦਰ) ਅਤੇ ਤੇਜੀ ਬੱਚਨ (ਸੱਜੇ)

ਤਸਵੀਰ ਸਰੋਤ, AMARYLLIS

ਤਸਵੀਰ ਕੈਪਸ਼ਨ, ਹਰੀਵੰਸ਼ ਰਾਏ ਬੱਚਨ (ਖੱਬੇ), ਸੁਮਿਤਰਾਨੰਦਨ ਪੰਤ (ਕੇਂਦਰ) ਅਤੇ ਤੇਜੀ ਬੱਚਨ (ਸੱਜੇ)

ਪ੍ਰਦੀਪ ਚੰਦਰਾ ਦੱਸਦੇ ਹਨ, "ਇਸ ਮੁਕਾਬਲੇ ਦੇ ਜੇਤੂ ਨੂੰ 2500 ਰੁਪਏ ਅਤੇ ਹਿੰਦੀ ਫਿਲਮ 'ਚ ਕੰਮ ਕਰਨ ਦਾ ਮੌਕਾ ਦਿੱਤਾ ਜਾਣਾ ਸੀ। ਪਰ ਉਦੋਂ ਤੱਕ ਅਮਿਤਾਭ ਦਾ ਸਮਾਂ ਨਹੀਂ ਆਇਆ ਸੀ, ਇਸ ਲਈ ਉਨ੍ਹਾਂ ਦੀ ਚੋਣ ਨਹੀਂ ਹੋਈ।"

"ਉਸ ਸਾਲ ਸੰਜੇ ਅਤੇ ਫਿਰੋਜ਼ ਖ਼ਾਨ ਦੇ ਭਰਾ ਸਮੀਰ ਨੇ ਉਹ ਮੁਕਾਬਲਾ ਜਿੱਤਿਆ ਸੀ।"

"ਇਸ ਤੋਂ ਪਹਿਲਾਂ ਧਰਮਿੰਦਰ ਅਤੇ ਰਾਜੇਸ਼ ਖੰਨਾ ਇਸ ਮੁਕਾਬਲੇ ਨੂੰ ਜਿੱਤ ਚੁੱਕੇ ਸਨ। ਇਹ ਵੀ ਵਿਡੰਬਨਾ ਹੀ ਸੀ ਕਿ ਆਪਣੀ ਆਵਾਜ਼ ਦਾ ਲੋਹਾ ਮਨਾਉਣ ਵਾਲੇ ਅਮਿਤਾਭ ਨੂੰ ਆਕਾਸ਼ਵਾਣੀ ਨੇ 'ਸਵਰ ਪ੍ਰੀਕਸ਼ਾ' 'ਚ ਫੇਲ੍ਹ ਕਰ ਦਿੱਤਾ ਸੀ।"

ਹਿੰਦੀ ਫਿਲਮਾਂ 'ਚ ਅਮਿਤਾਭ ਦੀ ਐਂਟਰੀ ਤੇਜੀ ਬੱਚਨ ਅਤੇ ਸੁਨੀਲ ਦੱਤ ਤੇ ਨਰਗਿਸ ਦੱਤ ਦੀ ਦੋਸਤੀ ਦੇ ਕਾਰਨ ਹੋਈ ਸੀ।

ਇਸ ਤੋਂ ਵੀ ਪਹਿਲਾਂ ਤੇਜੀ ਬੱਚਨ ਮਸ਼ਹੂਰ ਫਿਲਮ ਨਿਰਦੇਸ਼ਕ ਸਾਵਨ ਕੁਮਾਰ ਟਾਕ ਨਾਲ 1968 'ਚ ਦਿੱਲੀ ਵਿਖੇ ਮਿਲ ਚੁੱਕੇ ਸਨ। ਉਨ੍ਹਾਂ ਨੇ ਸਾਵਨ ਕੁਮਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਫਿਲਮਾਂ 'ਚ ਕੰਮ ਕਰਨ ਦਾ ਚਾਹਵਾਨ ਹੈ।

ਟਾਕ ਉਨ੍ਹਾਂ ਦਿਨਾਂ 'ਚ ਮਿਰਜ਼ਾ ਗਾਲਿਬ 'ਤੇ ਇੱਕ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਸਨ।

ਉਨ੍ਹਾਂ ਨੇ ਅਮਿਤਾਭ ਨੂੰ ਮਿਰਜ਼ਾ ਗਾਲਿਬ ਦੀ ਭੂਮਿਕਾ ਨਿਭਾਉਣ ਦਾ ਮੌਕਾ ਦੇਣ ਦਾ ਫੈਸਲਾ ਵੀ ਕਰ ਲਿਆ ਸੀ। ਪਰ ਉਨ੍ਹਾਂ ਦੇ ਜਾਣਕਾਰਾਂ ਨੇ ਦਲੀਲ ਦਿੱਤੀ ਸੀ ਕਿ ਅਮਿਤਾਭ ਗਾਲਿਬ ਦੀ ਭੂਮਿਕਾ 'ਚ ਫਿੱਟ ਨਹੀਂ ਬੈਠਣਗੇ, ਕਿਉਂਕਿ ਉਹ ਬਹੁਤ ਲੰਮੇ ਹਨ, ਜਦੋਂ ਕਿ ਗਾਲਿਬ ਦਾ ਕੱਦ ਬਹੁਤ ਛੋਟਾ ਸੀ।

ਕਈ ਫਿਲਮ ਨਿਰਮਾਤਾਵਾਂ ਨੇ ਕੀਤਾ ਨਜ਼ਰਅੰਦਾਜ਼

ਨਿਰਮਾਤਾ ਨਿਦੇਸ਼ਕ ਤਾਰਾਚੰਦ ਬੜਜਾਤੀਆ

ਤਸਵੀਰ ਸਰੋਤ, RAJSHRI FILMS

ਤਸਵੀਰ ਕੈਪਸ਼ਨ, ਨਿਰਮਾਤਾ ਨਿਦੇਸ਼ਕ ਤਾਰਾਚੰਦ ਬੜਜਾਤੀਆ

ਸੁਨੀਲ ਦੱਤ ਦੀ ਸਿਫਾਰਿਸ਼ 'ਤੇ ਮਸ਼ਹੂਰ ਨਿਰਦੇਸ਼ਕ ਬੀਆਰ ਚੋਪੜਾ ਅਮਿਤਾਭ ਦਾ ਸਕਰੀਨ ਟੈਸਟ ਲੈਣ ਲਈ ਤਿਆਰ ਹੋ ਗਏ ਸਨ। ਸਕਰੀਨ ਟੈਸਟ ਦੌਰਾਨ ਅਮਿਤਾਭ ਦੀਆਂ ਲਾਈਨਾਂ ਸਨ- 'ਤੁਮ ਜਬ ਭੀ ਮੁਝੇ ਯੂੰ ਦੇਖਤੀ ਹੋ ਮੈਂ ਸਭ ਭੂਲ ਜਾਤਾ ਹੂੰ, ਕਿਆ ਹੂੰ ਕਹਾਂ ਹੂੰ ਕੁਛ ਸਮਝ ਮੇਂ ਨਹੀਂ ਆਤਾ।'

ਪਰ ਬੀ ਆਰ ਚੋਪੜਾ ਵੱਲੋਂ ਅਮਿਤਾਭ ਨੂੰ ਕੋਈ ਬੁਲਾਵਾ ਨਹੀਂ ਆਇਆ। ਹਾਂ, 'ਜੰਜੀਰ' ਫਿਲਮ ਰਿਲੀਜ਼ ਹੋਣ ਤੋਂ ਬਾਅਦ ਜ਼ਰੂਰ ਉਨ੍ਹਾਂ ਨੇ ਅਮਿਤਾਭ ਨੂੰ ਆਪਣੀ ਫਿਲਮ 'ਜ਼ਮੀਰ' 'ਚ ਸਾਈਨ ਕੀਤਾ।

ਉਨ੍ਹੀ ਦਿਨੀਂ ਅਮਿਤਾਭ ਮਸ਼ਹੂਰ ਫਿਲਮ ਨਿਰਮਾਤਾ ਤਾਰਾਚੰਦ ਬੜਜਾਤੀਆ ਨੂੰ ਵੀ ਮਿਲਣ ਗਏ ਸਨ।

ਪਰ ਉੱਥੇ ਵੀ ਉਨ੍ਹਾਂ ਦੀ ਗੱਲ ਨਾ ਬਣੀ। ਬੜਜਾਤੀਆ ਨੇ ਉਨ੍ਹਾਂ ਨੂੰ ਕਿਹਾ, "ਤੁਸੀਂ ਬਹੁਤ ਲੰਮੇ ਹੋ। ਤੁਹਾਨੂੰ ਆਪਣੇ ਮਾਤਾ-ਪਿਤਾ ਦੇ ਪੇਸ਼ੇ ਨੂੰ ਹੀ ਅਪਣਾਉਣਾ ਚਾਹੀਦਾ ਹੈ। ਤੁਸੀਂ ਉਨ੍ਹਾਂ ਦੀ ਤਰ੍ਹਾਂ ਇੱਕ ਵਧੀਆ ਕਵੀ ਬਣ ਸਕਦੇ ਹੋ।"

ਕਰੋੜੀ ਮਲ ਕਾਲਜ

ਤਸਵੀਰ ਸਰੋਤ, KIRORI MAL COLLEGE

ਕੁਝ ਸਾਲਾਂ ਬਾਅਦ ਬੜਜਾਤੀਆ ਨੇ ਹੀ ਅਮਿਤਾਭ ਨੂੰ ਆਪਣੀ ਫਿਲਮ 'ਸੌਦਾਗਰ' 'ਚ ਬਤੌਰ ਹੀਰੋ ਸਾਈਨ ਕੀਤਾ। ਇੰਨਾ ਹੀ ਨਹੀਂ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਉਚਾਈਆਂ' 'ਚ ਤਾਰਾਚੰਦ ਦੇ ਪੋਤੇ ਸੂਰਜ ਬੜਜਾਤੀਆ ਨੇ ਅਮਿਤਾਭ ਨੂੰ ਲੀਡ ਰੋਲ ਦਿੱਤਾ ਸੀ।

ਖ਼ਵਾਜਾ ਅਹਿਮਦ ਅੱਬਾਸ ਨੇ ਦਿੱਤਾ ਪਹਿਲਾ ਮੌਕਾ

ਅਮਿਤਾਭ ਨੂੰ ਪਹਿਲੀ ਫਿਲਮ ਮਸ਼ਹੂਰ ਫਿਲਮ ਨਿਰਦੇਸ਼ਕ ਖ਼ਵਾਜਾ ਅਹਿਮਦ ਅੱਬਾਸ ਨੇ ਦਿੱਤੀ ਸੀ।

ਨਿਰਦੇਸ਼ਕ ਟੀਨੂੰ ਆਨੰਦ ਦੀ ਮਿੱਤਰ ਨੀਨਾ ਸਿੰਘ ਨੇ ਉਨ੍ਹਾਂ ਨੂੰ ਗੁਜਾਰਿਸ਼ ਕੀਤੀ ਕਿ ਉਹ ਅਮਿਤਾਭ ਦੀਆਂ ਕੁਝ ਤਸਵੀਰਾਂ ਅੱਬਾਸ ਸਾਹਿਬ ਨੂੰ ਵਿਖਾਉਣ।

ਪ੍ਰਦੀਪ ਚੰਦਰਾ ਦੱਸਦੇ ਹਨ, "ਤਸਵੀਰਾਂ ਵੇਖਣ ਤੋਂ ਬਾਅਦ ਅੱਬਾਸ ਸਾਹਿਬ ਨੇ ਅਮਿਤਾਭ ਨੂੰ ਬੁਲਾਇਆ। ਅਮਿਤਾਭ ਕੋਲਕਾਤਾ ਤੋਂ ਖਾਸ ਤੌਰ 'ਤੇ ਅੱਬਾਸ ਨੂੰ ਮਿਲਣ ਲਈ ਆਏ ਸਨ।"

ਅਮਿਤਾਭ ਬੱਚ ਦੇ ਛੋਟੇ ਭਰਾ ਦਾ ਨਾ ਅਜਿਤਾਭ ਬੱਚਨ ਹਨ

ਤਸਵੀਰ ਸਰੋਤ, NIYOGI BOOKS

ਤਸਵੀਰ ਕੈਪਸ਼ਨ, ਅਮਿਤਾਭ ਬੱਚ ਦੇ ਛੋਟੇ ਭਰਾ ਦਾ ਨਾ ਅਜਿਤਾਭ ਬੱਚਨ ਹਨ

"ਅਮਿਤਾਭ ਦੇ ਜਾਣ ਤੋਂ ਬਾਅਦ ਅੱਬਾਸ ਨੇ ਟੀਨੂੰ ਨੂੰ ਕਿਹਾ ਕਿ ਉਹ ਅਮਿਤਾਭ ਨੂੰ 5 ਹਜ਼ਾਰ ਰੁਪਏ ਦੇਣਗੇ, ਭਾਵੇਂ ਇਹ ਫਿਲਮ ਇੱਕ ਮਹੀਨੇ 'ਚ ਬਣੇ ਜਾਂ ਫਿਰ ਇੱਕ ਸਾਲ 'ਚ। ਜਦੋਂ ਟੀਨੂੰ ਨੇ ਇਹ ਗੱਲ ਅਮਿਤਾਭ ਅਤੇ ਉਨ੍ਹਾਂ ਦੇ ਭਰਾ ਨੂੰ ਦੱਸੀ ਤਾਂ ਉਹ ਜ਼ਿਆਦਾ ਖੁਸ਼ ਨਹੀਂ ਹੋਏ। ਇਹ ਰਕਮ ਅਮਿਤਾਭ ਦੀ ਦੋ ਮਹੀਨਿਆਂ ਦੀ ਤਨਖਾਹ ਦੇ ਬਰਾਬਰ ਸੀ।"

ਖਵਾਜਾ ਅਹਿਮਦ ਅੱਬਾਸ ਨਾਲ ਅਮਿਤਾਭ ਦੀ ਮੁਲਾਕਾਤ ਦਾ ਜ਼ਿਕਰ ਅੱਬਾਸ ਦੀ ਭਤੀਜੀ ਸਈਦਾ ਸੱਯਦੇਨ ਹਮੀਦ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕੀਤਾ ਸੀ।

ਸਈਦਾ ਨੇ ਦੱਸਿਆ, "ਅੱਬਾਸ ਨੇ ਆਪਣੇ ਸਕੱਤਰ ਅਬਦੁਲ ਰਹਿਮਾਨ ਨੂੰ ਬੁਲਾਇਆ ਅਤੇ ਅਮਿਤਾਭ ਦਾ ਇਕਰਾਰਨਾਮਾ ਸਮਝਾਉਣ ਲੱਗੇ। ਉਨ੍ਹਾਂ ਨੇ ਇੱਕ ਵਾਰ ਫਿਰ ਅਮਿਤਾਭ ਤੋਂ ਉਨ੍ਹਾਂ ਦਾ ਪੂਰਾ ਨਾਮ ਅਤੇ ਪਤਾ ਪੁੱਛਿਆ।"

"ਅਮਿਤਾਭ ਨੇ ਆਪਣਾ ਨਾਮ ਦੱਸਿਆ ਅਤੇ ਫਿਰ ਥੋੜਾ ਰੁਕ ਕੇ ਕਿਹਾ, ਪੁੱਤਰ ਡਾਕਟਰ ਹਰਿਵੰਸ਼ ਰਾਏ ਬੱਚਨ।"

ਰੁਕੋ, ਅੱਬਾਸ ਬੋਲੇ। ਉਨ੍ਹਾਂ ਨੇ ਕਿਹਾ, "ਇਸ ਇਕਰਾਰਨਾਮੇ 'ਤੇ ਉਦੋਂ ਤੱਕ ਦਸਤਖ਼ਤ ਨਹੀਂ ਹੋ ਸਕਦੇ ਹਨ ਜਦੋਂ ਤੱਕ ਮੈਨੂੰ ਤੁਹਾਡੇ ਪਿਤਾ ਤੋਂ ਇਜਾਜ਼ਤ ਨਹੀਂ ਮਿਲ ਜਾਂਦੀ। ਉਹ ਮੇਰੇ ਜਾਣਕਾਰ ਹਨ ਅਤੇ ਸੋਵੀਅਤ ਲੈਂਡ ਨਹਿਰੂ ਐਵਾਰਡ ਕਮੇਟੀ 'ਚ ਮੇਰੇ ਸਾਥੀ ਹਨ। ਤੁਹਾਨੂੰ ਦੋ ਦਿਨਾਂ ਤੱਕ ਉਡੀਕ ਕਰਨੀ ਪਵੇਗੀ।"

ਇਸ ਤਰ੍ਹਾਂ ਖਵਾਜਾ ਅਹਿਮਦ ਅੱਬਾਸ ਨੇ ਇਕਰਾਰਨਾਮੇ ਦੀ ਬਜਾਏ ਹਰਿਵੰਸ਼ਰਾਏ ਬੱਚਨ ਦੇ ਲਈ ਇੱਕ ਟੈਲੀਗ੍ਰਾਮ ਡਿਕਟੇਟ ਕੀਤਾ ਅਤੇ ਪੁੱਛਿਆ, "ਕੀ ਤੁਸੀਂ ਆਪਣੇ ਪੁੱਤਰ ਨੂੰ ਅਦਾਕਾਰ ਬਣਾਉਣ ਲਈ ਰਾਜ਼ੀ ਹੋ?"

ਅਮਿਤਾਭ ਬੱਚਨ

ਤਸਵੀਰ ਸਰੋਤ, AMARYLLIS

ਦੋ ਦਿਨ ਬਾਅਦ ਸੀਨੀਅਰ ਬੱਚਨ ਦਾ ਜਵਾਬ ਆਇਆ, "ਮੈਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਅੱਗੇ ਵੱਧ ਸਕਦੇ ਹੋ।"

ਇਸ ਤਰ੍ਹਾਂ ਅਮਿਤਾਭ ਨੇ 15 ਫਰਵਰੀ, 1969 ਨੂੰ ਆਪਣੀ ਪਹਿਲੀ ਫਿਲਮ 'ਸਾਤ ਹਿੰਦੁਸਤਾਨੀ' ਸਾਈਨ ਕੀਤੀ ਸੀ।

ਅੱਬਾਸ ਨੇ ਲਿਆ ਉਰਦੂ ਦਾ ਟੈਸਟ

ਇਸ ਫਿਲਮ 'ਚ ਟੀਨੂੰ ਆਨੰਦ ਵੀ ਕੰਮ ਕਰਨ ਵਾਲੇ ਸਨ, ਪਰ ਉਸੇ ਸਮੇਂ ਸਤਿਆਜੀਤ ਰਾਏ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਿਆ।

ਨਤੀਜਾ ਇਹ ਹੋਇਆ ਕਿ ਟੀਨੂੰ ਆਨੰਦ ਦਾ ਰੋਲ ਅਮਿਤਾਭ ਬੱਚਨ ਨੂੰ ਦੇ ਦਿੱਤਾ ਗਿਆ ਅਤੇ ਜੋ ਰੋਲ ਅਮਿਤਾਭ ਕਰ ਰਹੇ ਸਨ ਉਹ ਭੂਮਿਕਾ ਮਹਿਮੂਦ ਦੇ ਭਰਾ ਅਨਵਰ ਅਲੀ ਨੂੰ ਦੇ ਦਿੱਤੀ ਗਈ।

ਉਦੋਂ ਹੀ ਅਮਿਤਾਭ ਦੀ ਰਿਸ਼ੀ ਕਪੂਰ ਨਾਲ ਮੁਲਾਕਾਤ ਹੋਈ।

ਰਿਸ਼ੀ ਕਪੂਰ ਨੇ ਆਪਣੀ ਸਵੈ-ਜੀਵਣੀ 'ਖੁੱਲਮਖੁੱਲਾ' 'ਚ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਹੈ, "ਮੈਂ ਟੀਨੂੰ ਆਨੰਦ ਦਾ ਦੋਸਤ ਸੀ ਅਤੇ ਅਕਸਰ ਹੀ ਉਨ੍ਹਾਂ ਦੇ ਘਰ ਚਲਾ ਜਾਂਦਾ ਸੀ।"

"ਇੱਕ ਵਾਰ ਮੈਂ ਵੇਖਿਆ ਕਿ ਇੱਕ ਦੁਬਲਾ-ਪਤਲਾ ਛਬੀਲਾ ਵਿਅਕਤੀ ਜ਼ਮੀਨ 'ਤੇ ਚੌਂਕੜੀ ਮਾਰ ਕੇ ਬੈਠਿਆ ਹੋਇਆ ਸੀ ਅਤੇ ਖਵਾਜਾ ਅਹਿਮਦ ਅੱਬਾਸ ਨੂੰ ਇੱਕ ਲਿਖਤੀ ਇਮਤਿਹਾਨ ਦੇ ਰਿਹਾ ਸੀ।"

ਅਮਿਤਾਭ ਬੱਚਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸਾਵਨ ਕੁਮਾਰ ਟਾਕ

"ਦਰਅਸਲ ਅੱਬਾਸ ਚਾਹੁੰਦੇ ਸਨ ਕਿ ਅਮਿਤਾਭ ਉਰਦੂ ਦਾ ਇਮਤਿਹਾਨ ਦੇਣ, ਕਿਉਂਕਿ ਫਿਲਮ ਦੇ ਬਹੁਤ ਸਾਰੇ ਸੰਵਾਦ ਉਰਦੂ 'ਚ ਸਨ। ਅਮਿਤਾਭ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ, "ਉਸ ਸਮੇਂ ਮੈਨੂੰ ਉਰਦੂ ਬਿਲਕੁੱਲ ਨਹੀਂ ਆਉਂਦੀ ਸੀ। ਉਹ ਪਹਿਲਾ ਮੌਕਾ ਸੀ ਜਦੋਂ ਮੈਂ ਉਰਦੂ ਦਾ ਸ਼ਬਦ 'ਜ਼ਾਇਕਾ' ਸੁਣਿਆ ਸੀ, ਜਿਸ ਦਾ ਅਰਥ ਹੁੰਦਾ ਹੈ 'ਸਵਾਦ'।"

ਸ਼ਰਾਬ ਤੋਂ ਕੀਤੀ ਤੋਬਾ

ਅਮਿਤਾਭ ਨੂੰ ਆਪਣੀ ਪਹਿਲੀ ਹੀ ਫਿਲਮ 'ਸਾਤ ਹਿੰਦੁਸਤਾਨੀ' 'ਚ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਪ੍ਰਦੀਪ ਚੰਦਰਾ ਆਪਣੀ ਕਿਤਾਬ 'ਚ ਲਿਖਦੇ ਹਨ, "ਅੱਬਾਸ ਸਾਹਿਬ ਬਹੁਤ ਘੱਟ ਬਜਟ 'ਚ ਫਿਲਮ ਬਣਾਉਂਦੇ ਸਨ। ਪਰ ਕਈ ਵਾਰ ਜਦੋਂ ਉਹ ਬਹੁਤ ਖੁਸ਼ ਹੁੰਦੇ ਸਨ ਤਾਂ ਆਪਣੇ ਨਾਲ ਕੰਮ ਕਰਨ ਵਾਲਿਆਂ 'ਚੋਂ ਕਿਸੇ ਨੂੰ 50 ਰੁਪਏ ਦੇ ਕੇ ਕਹਿੰਦੇ ਸਨ ਕਿ ਲਓ ਜਸ਼ਨ ਮਨਾਓ।"

ਇਹ 50 ਰੁਪਏ ਇੱਕ ਵਾਰ ਅਮਿਤਾਭ ਨੂੰ ਮਿਲੇ ਸਨ। ਪੈਸੇ ਮਿਲਦੇ ਹੀ ਤਿੰਨਾਂ ਦੋਸਤਾਂ ਬੱਚਨ, ਜਲਾਲ ਆਗਾ ਅਤੇ ਅਨਵਰ ਅਲੀ ਨੇ ਇਸ ਨੂੰ ਇੱਕ ਯਾਦਗਾਰ ਸ਼ਾਮ ਬਣਾਉਣ ਦਾ ਫੈਸਲਾ ਕੀਤਾ। ਤਿੰਨ੍ਹਾਂ ਨੇ ਖੂਬ ਸ਼ਰਾਬ ਪੀਤੀ।

ਅਮਿਤਾਭ ਨੂੰ ਬ੍ਰੇਕ ਦੇਣ ਵਾਲੇ ਨਿਰਦੇਸ਼ਕ ਖਵਾਜਾ ਅਹਿਮਦ ਅੱਬਾਸ

ਤਸਵੀਰ ਸਰੋਤ, KHWAJA AHMAD ABBAS MEMORIAL TRUST

ਤਸਵੀਰ ਕੈਪਸ਼ਨ, ਅਮਿਤਾਭ ਨੂੰ ਬ੍ਰੇਕ ਦੇਣ ਵਾਲੇ ਨਿਰਦੇਸ਼ਕ ਖਵਾਜਾ ਅਹਿਮਦ ਅੱਬਾਸ

ਅਗਲੇ ਦਿਨ ਅਨਵਰ ਅਲੀ ਨੇ ਬੱਚਨ ਨੂੰ ਸਲਾਹ ਦਿੱਤੀ ਕਿ ਜਦੋਂ ਤੱਕ ਇੰਡਸਟਰੀ 'ਚ ਤੁਹਾਡਾ ਨਾਮ ਨਾ ਹੋ ਜਾਵੇ, ਉਦੋਂ ਤੱਕ ਸ਼ਰਾਬ ਨੂੰ ਹੱਥ ਵੀ ਨਾ ਲਗਾਉਣਾ। ਅਮਿਤਾਭ ਨੇ ਉਸੇ ਸਮੇਂ ਸ਼ਰਾਬ ਛੱਡਣ ਦਾ ਫੈਸਲਾ ਕੀਤਾ।

ਉਸ ਤੋਂ ਬਾਅਦ ਉਨ੍ਹਾਂ ਨੇ ਪੂਰੀ ਉਮਰ ਇਸ ਫੈਸਲੇ ਦੀ ਪਾਲਣਾ ਕੀਤੀ। ਹਾਂ, ਜਦੋਂ ਉਨ੍ਹਾਂ ਦੇ ਛੋਟੇ ਭਰਾ ਅਜਿਤਾਭ ਦਾ ਵਿਆਹ ਹੋਇਆ ਸੀ, ਤਾਂ ਉਦੋਂ ਉਨ੍ਹਾਂ ਨੇ ਜ਼ਰੂਰ ਸ਼ਰਾਬ ਦੇ ਦੋ ਘੁੱਟ ਪੀਤੇ ਸਨ।

ਮ੍ਰਿਣਾਲ ਸੇਨ ਨੇ ਵਾਇਸ ਓਵਰ ਦਾ ਦਿੱਤਾ ਕੰਮ

ਉਨ੍ਹੀਂ ਦਿਨੀਂ ਮਸ਼ਹੂਰ ਫਿਲਮ ਨਿਰਦੇਸ਼ਕ ਮ੍ਰਿਣਾਲ ਸੇਨ ਨੇ ਅਮਿਤਾਭ ਬੱਚਨ ਨੂੰ ਇੱਕ ਵਾਇਸ ਓਵਰ ਦਾ ਕੰਮ ਦਿੱਤਾ।

ਅੱਬਾਸ (ਖੱਬਿਓਂ ਦੂਜੇ) ਅਮਿਤਾਭ ਬੱਚਨ ਨਾਲ

ਤਸਵੀਰ ਸਰੋਤ, KHWAJA AHMAD ABBAS MEMORIAL TRUST

ਤਸਵੀਰ ਕੈਪਸ਼ਨ, ਅੱਬਾਸ (ਖੱਬਿਓਂ ਦੂਜੇ) ਅਮਿਤਾਭ ਬੱਚਨ ਨਾਲ

ਸੇਨ ਅੱਬਾਸ ਦੇ ਘਰ ਆਏ ਹੋਏ ਸਨ। ਉਨ੍ਹਾਂ ਨੂੰ ਇੱਕ ਵਧੀਆ ਆਵਾਜ਼ ਵਾਲੇ ਵਿਅਕਤੀ ਦੀ ਭਾਲ ਸੀ, ਜਿਸ ਨੂੰ ਉਹ ਆਪਣੀ ਫਿਲਮ 'ਭੁਵਨ ਸ਼ੋਮ' 'ਚ ਇੱਕ ਨਰੇਟਰ ਦੀ ਤਰ੍ਹਾਂ ਵਰਤ ਸਕਣ।

ਜਦੋਂ ਅਮਿਤਾਭ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਮ੍ਰਿਣਾਲ ਨੂੰ ਕਿਹਾ ਕਿ ਉਹ ਬੰਗਾਲੀ ਜਾਣਦੇ ਹਨ। ਮ੍ਰਿਣਾਲ ਨੇ ਉਨ੍ਹਾਂ ਦੀ ਆਵਾਜ਼ ਸੁਣੀ। ਉਨ੍ਹਾਂ ਨੂੰ ਆਵਾਜ਼ ਤਾਂ ਪਸੰਦ ਆਈ ਪਰ ਮ੍ਰਿਣਾਲ ਨੂੰ ਅਮਿਤਾਭ ਦਾ ਬੰਗਾਲੀ ਬੋਲਣ ਦਾ ਲਹਿਜਾ ਪਸੰਦ ਨਹੀਂ ਆਇਆ।

ਉਨ੍ਹਾਂ ਨੇ ਅਮਿਤਾਭ ਨੂੰ ਆਪਣੀ ਫਿਲਮ 'ਚ ਹਿੰਦੀ 'ਚ ਨਰੇਸ਼ਨ ਦੇਣ ਲਈ ਚੁਣਿਆ। ਇਸ ਕੰਮ ਲਈ ਉਨ੍ਹਾਂ ਨੇ ਅਮਿਤਾਭ ਨੂੰ 300 ਰੁਪਏ ਦਿੱਤੇ ਸਨ।

ਜਦੋਂ 'ਭੁਵਨ ਸ਼ੋਮ' ਰਿਲੀਜ਼ ਹੋਈ ਤਾਂ ਉਸ ਦੇ ਕ੍ਰੈਡਿਟ 'ਚ ਅਮਿਤਾਭ ਦਾ ਵੀ ਨਾਮ ਸੀ। ਇਹ ਫਿਲਮ ਭਾਰਤੀ ਸਿਨੇਮਾ 'ਚ ਮੀਲ ਦਾ ਪੱਥਰ ਸਾਬਤ ਹੋਈ। ਇਸ ਫਿਲਮ ਨੂੰ ਤਿੰਨ ਰਾਸ਼ਟਰੀ ਪੁਰਸਕਾਰ- ਸਰਬੋਤਮ ਫਿਲਮ, ਨਿਰਦੇਸ਼ਕ ਅਤੇ ਅਦਾਕਾਰ ਮਿਲੇ ਸਨ।

ਵੀਡੀਓ ਕੈਪਸ਼ਨ, ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ : ‘ਇਹ ਘਰੇ ਬੈਠਣ ਲਈ ਸੰਕੇਤ ਹੈ?’

'ਆਨੰਦ' ਦੇ ਰੋਲ ਨੇ ਸਾਰਿਆਂ ਦਾ ਧਿਆਨ ਖਿੱਚਿਆ

'ਸਾਤ ਹਿੰਦੁਸਾਤਨੀ' ਤੋਂ ਬਾਅਦ ਕਿਸਮਤ ਨੇ ਅਮਿਤਾਭ ਬੱਚਨ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਦੀਆਂ ਲਗਾਤਾਰ 10 ਫਿਲਮਾਂ ਬਾਕਸ ਆਫਿਸ 'ਤੇ ਫਲਾਪ ਰਹੀਆਂ।

1971 'ਚ ਉਨ੍ਹਾਂ ਦੀ ਫਿਲਮ 'ਪਰਵਾਨਾ' ਆਈ, ਜਿਸ 'ਚ ਨਵੀਨ ਨਿਸ਼ਚਲ ਹੀਰੋ ਸਨ ਅਤੇ ਅਮਿਤਾਭ ਨੇ ਉਸ ਫਿਲਮ 'ਚ ਇੱਕ 'ਨੈਗੇਟਿਵ' ਭੂਮਿਕਾ ਨਿਭਾਈ ਸੀ।

ਇਸ ਦੌਰਾਨ ਸੁਨੀਲ ਦੱਤ ਨੇ ਉਨ੍ਹਾਂ ਨੂੰ ਆਪਣੀ ਫਿਲਮ 'ਰੇਸ਼ਮਾ ਔਰ ਸ਼ੇਰਾ' 'ਚ ਕੰਮ ਕਰਨ ਦਾ ਮੌਕਾ ਦਿੱਤਾ। ਦਿਲਚਸਪ ਗੱਲ ਇਹ ਸੀ ਕਿ ਇਹ ਇੱਕ ਗੂੰਗੇ ਦਾ ਰੋਲ ਸੀ।

ਬਾਅਦ 'ਚ ਹਰੀਵੰਸ਼ ਰਾਏ ਬੱਚਨ ਨੇ ਆਪਣੀ ਸਵੈ-ਜੀਵਨੀ 'ਚ ਲਿਖਿਆ, "ਇਹ ਅਮਿਤਾਭ ਦੀ ਅਦਾਕਾਰੀ ਦੇ ਹੁਨਰ ਦੀ ਅਸਲ ਪ੍ਰੀਖਿਆ ਸੀ, ਕਿਉਂਕਿ ਉਨ੍ਹਾਂ ਨੂੰ ਇੱਕ ਵੀ ਸ਼ਬਦ ਬੋਲੇ ਬਿਨ੍ਹਾਂ ਹੀ ਆਪਣੀਆਂ ਸਾਰੀਆਂ ਭਾਵਨਾਵਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਸੀ।"

ਇੱਕ ਵਾਰ ਅਮਿਤਾਭ ਬੱਚਨ ਖਵਾਜਾ ਅਹਿਮਦ ਅੱਬਾਸ ਦੇ ਨਾਲ ਹਰੀਸ਼ੀਕੇਸ਼ ਮੁਖਰਜੀ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ। ਉਹ ਉਨ੍ਹੀਂ ਦਿਨੀਂ ਆਪਣੀ ਫਿਲਮ 'ਆਨੰਦ' ਲਈ ਇੱਕ ਅਦਾਕਾਰ ਦੀ ਤਲਾਸ਼ ਕਰ ਰਹੇ ਸਨ।

ਅਮਿਤਾਭ ਨੂੰ ਵੇਖਦਿਆਂ ਹੀ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਆਪਣਾ 'ਬਾਬੂ ਮੋਸ਼ਾਏ' ਮਿਲ ਗਿਆ। ਇਸ ਤੋਂ ਪਹਿਲਾਂ ਉਹ ਇਸ ਰੋਲ ਲਈ ਮਸ਼ਹੂਰ ਬੰਗਾਲੀ ਅਦਾਕਾਰ ਉੱਤਮ ਕੁਮਾਰ ਨੂੰ ਲੈਣਾ ਚਾਹੁੰਦੇ ਸਨ।

ਬਾਅਦ 'ਚ ਉਨ੍ਹਾਂ ਨੇ ਇੱਕ ਇੰਟਰਵਿਊ 'ਚ ਕਿਹਾ, "ਅਮਿਤਾਭ ਦੀ ਆਵਾਜ਼ ਅਤੇ ਗੰਭੀਰ ਅੱਖਾਂ ਦੇ ਕਾਰਨ ਹੀ ਮੈਂ ਉਨ੍ਹਾਂ ਨੂੰ ਚੁਣਿਆ। ਮੈਨੂੰ ਇਹ ਕਹਿਣ 'ਚ ਕੋਈ ਪਰਹੇਜ਼ ਨਹੀਂ ਹੈ ਕਿ ਇਸ ਫਿਲਮ 'ਚ ਅਮਿਤਾਭ ਰਾਜੇਸ਼ ਖੰਨਾ 'ਤੇ ਭਾਰੀ ਪਏ ਸਨ।"

ਅਮਿਤਾਭ ਅਤੇ ਜਯਾ ਵਿਚਾਲੇ ਵਧੀਆਂ ਨਜ਼ਦੀਕੀਆਂ

ਜਾਵੇਦ ਅਖ਼ਤਰ ਅਤੇ ਅਮਿਤਾਭ ਬੱਚਨ

ਤਸਵੀਰ ਸਰੋਤ, NIYOGI BOOKS

ਤਸਵੀਰ ਕੈਪਸ਼ਨ, ਜਾਵੇਦ ਅਖ਼ਤਰ ਅਤੇ ਅਮਿਤਾਭ ਬੱਚਨ

ਇਸ ਸਭ ਦੇ ਬਾਵਜੂਦ ਅਮਿਤਾਭ ਦੀ ਅਜੇ ਤੱਕ ਕੋਈ ਸੋਲੋ ਫਿਲਮ ਹਿੱਟ ਨਹੀਂ ਹੋਈ ਸੀ। ਅਮਿਤਾਭ ਦੀਆਂ ਜਯਾ ਭਹਾਦੁਰੀ ਨਾਲ ਨਜ਼ਦੀਕੀਆਂ ਵੱਧ ਗਈਆਂ ਸਨ ਅਤੇ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਸਨ।

ਸਾਲ 1971 'ਚ ਹਰਿਸ਼ੀਕੇਸ਼ ਮੁਖਰਜੀ ਦੋਵਾਂ ਨੂੰ ਆਪਣੀ ਫਿਲਮ 'ਗੁੱਡੀ' 'ਚ ਲੈਣਾ ਚਾਹੁੰਦੇ ਸਨ, ਪਰ ਆਖਰੀ ਸਮੇਂ 'ਤੇ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਲਿਆ। ਇਸ ਨਾਲ ਦੋਵੇਂ ਹੀ ਬਹੁਤ ਦੁਖੀ ਹੋਏ।

ਅਗਲੇ ਸਾਲ ਬੀਆਰ ਇਸ਼ਾਰਾ ਨੇ ਅਮਿਤਾਭ ਅਤੇ ਜਯਾ ਨੂੰ ਆਪਣੀ ਫਿਲਮ 'ਏਕ ਨਜ਼ਰ' 'ਚ ਇੱਕਠੇ ਕੰਮ ਕਰਨ ਦਾ ਮੌਕਾ ਦਿੱਤਾ।

ਇਹ ਫਿਲਮ ਉਨ੍ਹਾਂ ਨੇ ਧਰਮਿੰਦਰ ਦੇ ਸਕੱਤਰ ਦੀਨਾਨਾਥ ਸ਼ਾਸਤਰੀ ਦੇ ਕਹਿਣ 'ਤੇ ਅਮਿਤਾਭ ਅਤੇ ਜਯਾ ਨੂੰ ਆਫ਼ਰ ਕੀਤੀ ਸੀ। ਪਰ ਉਹ ਅੰਦਰੋਂ ਇਹ ਚਾਹ ਰਹੇ ਸਨ ਕਿ ਜਯਾ ਸਕ੍ਰਿਪਟ ਸੁਣਨ ਤੋਂ ਬਾਅਦ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦੇਣ।

'ਭੁਵਨ ਸ਼ੋਮ' ਦੇ ਨਿਰਦੇਸ਼ਕ ਮ੍ਰਿਣਾਲ ਸੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਭੁਵਨ ਸ਼ੋਮ' ਦੇ ਨਿਰਦੇਸ਼ਕ ਮ੍ਰਿਣਾਲ ਸੇਨ

ਪਰ ਇਸ਼ਾਰਾ ਦੀ ਇਹ ਇੱਛਾ ਪੂਰੀ ਨਾ ਹੋਈ ਅਤੇ ਦੋਵਾਂ ਨੇ ਫਿਲਮ 'ਚ ਕੰਮ ਕਰਨ ਦਾ ਫੈਸਲਾ ਕੀਤਾ।

ਦੋਵਾਂ ਨੂੰ ਇੱਕ ਹੋਰ ਫਿਲਮ 'ਏਕ ਥੀ ਸੁਧਾ, ਏਕ ਥਾ ਚੰਦਰ' 'ਚ ਸਾਈਨ ਕੀਤਾ ਗਿਆ ਸੀ।

ਇਹ ਮਸ਼ਹੂਰ ਹਿੰਦੀ ਸਾਹਿਤਕਾਰ ਡਾ. ਧਰਮਵੀਰ ਭਾਰਤੀ ਦੇ ਨਾਵਲ 'ਗੁਨਾਹਾਂ ਦਾ ਦੇਵਤਾ' 'ਤੇ ਅਧਾਰਤ ਸੀ। ਪਰ ਵਿੱਤੀ ਤੰਗੀ ਦੇ ਕਾਰਨ ਇਸ ਫਿਲਮ ਦੀ ਸ਼ੂਟਿੰਗ ਮੁਕੰਮਲ ਨਹੀਂ ਹੋ ਸਕੀ ਸੀ।

ਲਗਾਤਾਰ 12 ਫਿਲਮਾਂ ਹੋਈਆਂ ਫਲਾਪ

ਅਮਿਤਾਭ ਦੀਆਂ ਸ਼ੁਰੂਆਤੀ ਫਿਲਮਾਂ ਭਾਵੇਂ ਚੱਲੀਆਂ ਨਾ ਹੋਣ ਪਰ ਉਨ੍ਹਾਂ ਦੀ ਅਦਾਕਾਰੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਪ੍ਰਦੀਪ ਚੰਦਰਾ ਦਾ ਕਹਿਣਾ ਹੈ, "ਜੇਕਰ ਅਮਿਤਾਭ ਟੈਲੇਂਟ, ਪ੍ਰਤੀਭਾ ਦੇ ਮਾਲਕ ਨਾ ਹੁੰਦੇ ਤਾਂ ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ 12 ਫਿਲਮਾਂ ਨਾ ਮਿਲਦੀਆਂ। ਉਨ੍ਹਾਂ ਨੂੰ ਤੀਜੀ ਫਿਲਮ ਤੋਂ ਬਾਅਦ ਹੀ ਆਪਣਾ ਬੋਰੀ-ਬਿਸਤਰਾ ਬੰਨ੍ਹਣਾ ਪੈਣਾ ਸੀ।"

ਉਨ੍ਹਾਂ ਨਾਲ ਕੰਮ ਕਰਨ ਵਾਲੇ ਦੂਜੇ ਕਲਕਾਰਾਂ ਨੇ ਉਨ੍ਹਾਂ ਦੀਆਂ ਤਾਰੀਫਾਂ ਦੇ ਪੁੱਲ ਬੰਨਣੇ ਸ਼ੁਰੂ ਕਰ ਦਿੰਤੇ ਸਨ। ਸਭ ਤੋਂ ਪਹਿਲਾਂ 'ਪਰਵਾਨਾ' ਫਿਲਮ 'ਚ ਉਨ੍ਹਾਂ ਨਾਲ ਕੰਮ ਕਰ ਰਹੇ ਓਮ ਪ੍ਰਕਾਸ਼ ਨੇ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਕੀਤੀ ਸੀ।

ਪਿਤਾ ਹਰਿਵੰਸ਼ ਰਾਏ ਬੱਚਨ ਨਾਲ ਅਮਿਤਾਭ

ਤਸਵੀਰ ਸਰੋਤ, AMARYLLIS

ਤਸਵੀਰ ਕੈਪਸ਼ਨ, ਪਿਤਾ ਹਰਿਵੰਸ਼ ਰਾਏ ਬੱਚਨ ਨਾਲ ਅਮਿਤਾਭ

ਮਸ਼ਹੂਰ ਖਲਨਾਇਕ ਪ੍ਰੇਮ ਚੋਪੜਾ, ਜਿੰਨ੍ਹਾਂ ਨੇ ਅਮਿਤਾਭ ਬੱਚਨ ਨਾਲ 27 ਫਿਲਮਾਂ 'ਚ ਕੰਮ ਕੀਤਾ ਸੀ, ਨੇ ਵੀ ਅਮਿਤਾਭ ਦੀ ਅਦਾਕਾਰੀ ਦੀ ਖੂਬ ਸ਼ਲਾਘਾ ਕੀਤੀ। ਪਰ ਹਿੱਟ ਫਿਲਮ ਨਾ ਦੇ ਸਕਣ ਦੇ ਕਾਰਨ ਉਨ੍ਹਾਂ ਨੂੰ ਕਈ ਫਿਲਮਾਂ ਤੋਂ ਬਾਹਰ ਵੀ ਕੀਤਾ ਗਿਆ ਸੀ।

1972 'ਚ ਉਨ੍ਹਾਂ ਨੂੰ ਇੱਕ ਫਿਲਮ 'ਆਪਣੇ ਪਰਾਏ' ਲਈ ਸਾਈਨ ਕੀਤਾ ਗਿਆ ਸੀ।

ਇਸ ਫਿਲਮ ਦਾ ਨਿਰਦੇਸ਼ਨ ਕੁੰਦਨ ਕੁਮਾਰ ਕਰ ਰਹੇ ਸਨ। ਫਿਲਮ ਦਾ ਇੱਕ ਵੱਡਾ ਹਿੱਸਾ ਸ਼ੂਟ ਹੋਣ ਤੋਂ ਬਾਅਦ ਵੀ ਬੱਚਨ ਸਾਹਿਬ ਨੂੰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ 'ਤੇ ਸੰਜੇ ਖ਼ਾਨ ਨੂੰ ਲਿਆ ਗਿਆ ਸੀ। ਫਿਲਮ ਦਾ ਨਾਮ ਵੀ ਬਦਲ ਕੇ 'ਦੁਨੀਆ ਦਾ ਮੇਲਾ' ਰੱਖ ਦਿੱਤਾ ਗਿਆ ਸੀ।

ਜਾਵੇਦ ਅਖ਼ਤਰ ਦੀ ਸਿਫਾਰਿਸ਼ 'ਤੇ ਮਿਲਿਆ 'ਜ਼ੰਜੀਰ' ਦਾ ਰੋਲ

ਜਦੋਂ ਪ੍ਰਕਾਸ਼ ਮਹਿਰਾ ਨੇ 'ਜ਼ੰਜੀਰ' ਫਿਲਮ ਬਣਾਉਣੀ ਸ਼ੂਰੂ ਕੀਤੀ ਤਾਂ ਧਰਮਿੰਦਰ, ਰਾਜ ਕੁਮਾਰ ਅਤੇ ਦੇਵਾਨੰਦ ਨੇ ਕੋਈ ਨਾ ਕੋਈ ਬਹਾਨਾ ਮਾਰ ਕੇ ਇਸ ਫਿਲਮ ਨੂੰ ਕਰਨ ਤੋਂ ਮਨਾ ਕਰ ਦਿੱਤਾ ਸੀ।

ਪ੍ਰਦੀਪ ਚੰਦਰਾ ਦਸਦੇ ਹਨ, "ਫਿਰ ਜਾਵੇਦ ਅਖ਼ਤਰ ਨੇ ਕਿਸੇ ਤਰ੍ਹਾਂ ਉਨ੍ਹਾਂ ਦਾ ਫੋਨ ਨੰਬਰ ਲੱਭਿਆ ਅਤੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੀ ਸਕ੍ਰਿਪਟ ਸੁਣਾਉਣਾ ਚਾਹੁੰਦੇ ਹਨ।"

ਨਿਰਦੇਸ਼ਕ ਹਰਿਸ਼ੀਕੇਸ਼ ਮੁਖਰਜੀ ਨਾਲ ਅਮਿਤਾਭ

ਤਸਵੀਰ ਸਰੋਤ, NIYOGI BOOKS

ਤਸਵੀਰ ਕੈਪਸ਼ਨ, ਨਿਰਦੇਸ਼ਕ ਹਰਿਸ਼ੀਕੇਸ਼ ਮੁਖਰਜੀ ਨਾਲ ਅਮਿਤਾਭ

"ਅਮਿਤਾਭ ਉਨ੍ਹੀਂ ਦਿਨੀਂ ਵਧੇਰੇ ਰੁਝੇਵਿਆਂ 'ਚ ਫਸੇ ਹੋਏ ਨਹੀਂ ਸਨ, ਇਸ ਲਈ ਉਨ੍ਹਾਂ ਨੇ ਜਾਵੇਦ ਨੂੰ ਤੁਰੰਤ ਆਉਣ ਲਈ ਕਿਹਾ। ਜਾਵੇਦ ਅਖ਼ਤਰ ਟੈਕਸੀ ਕਰਕੇ ਅਮਿਤਾਭ ਬੱਚਨ ਦੇ ਘਰ 'ਮੰਗਲ' ਪਹੁੰਚੇ, ਜਿੱਥੇ ਕਿ ਉਨ੍ਹਾਂ ਦਿਨਾਂ 'ਚ ਬੱਚਨ ਰਿਹਾ ਕਰਦੇ ਸਨ।"

"ਸਕ੍ਰਿਪਟ ਸੁਣਨ ਤੋਂ ਬਾਅਦ ਅਮਿਤਾਭ ਨੇ ਜਾਵੇਦ ਅਖ਼ਤਰ ਨੂੰ ਪੁੱਛਿਆ ਕਿ 'ਕੀ ਉਨ੍ਹਾਂ 'ਚ ਇਸ ਭੂਮਿਕਾ ਨੂੰ ਨਿਭਾਉਣ ਦੀ ਸਮਰੱਥਾ ਹੈ? ਜਾਵੇਦ ਨੇ ਉਨ੍ਹਾਂ ਨੂੰ ਸਮਝਾਇਆ ਕਿ 'ਜੇਕਰ ਕੋਈ ਇਹ ਭੂਮਿਕਾ ਨਿਭਾ ਸਕਦਾ ਹੈ ਤਾਂ ਉਹ ਤੁਸੀਂ ਹੀ ਹੋ।"

ਕਈ ਸਾਲਾਂ ਬਾਅਦ, ਅਮਿਤਾਭ ਬੱਚਨ ਨੇ ਜਾਵੇਦ ਅਖ਼ਤਰ ਨੂੰ ਪੁੱਛਿਆ, "ਤੁਸੀਂ ਕੀ ਸੋਚ ਕੇ ਪ੍ਰਕਾਸ਼ ਮਹਿਰਾ ਨੂੰ ਮੈਨੂੰ ਫਿਲਮ 'ਚ ਲੈਣ ਲਈ ਕਿਹਾ ਸੀ?

ਜਾਵੇਦ ਨੇ ਜਵਾਬ ਦਿੱਤਾ, "ਮੈਂ 'ਬੰਬੇ ਟੂ ਗੋਆ' ਫਿਲਮ ਵੇਖੀ ਸੀ। ਉਸ ਫਿਲਮ 'ਚ ਤੁਹਾਡੇ ਅਤੇ ਸ਼ਤਰੂਘਨ ਸਿਨਹਾ ਦਰਮਿਆਨ ਇੱਕ ਫਾਈਟ ਸੀਨ ਸੀ।"

"ਫਾਈਟ ਦੀ ਸ਼ੁਰੂਆਤ 'ਚ ਤੁਸੀਂ ਚਿਊਇੰਗਮ ਚਬਾ ਰਹੇ ਸੀ ਅਤੇ ਮੁੱਕਾ ਖਾਣ ਤੋਂ ਬਾਅਦ ਤੁਸੀਂ ਉੱਠੇ ਤਾਂ ਉਸ ਸਮੇਂ ਵੀ ਤੁਸੀਂ ਚਿਊਇੰਗਮ ਚਬਾ ਰਹੇ ਸੀ। ਉਸ ਸੀਨ ਨੂੰ ਵੇਖਣ ਤੋਂ ਬਾਅਦ ਹੀ ਮੈਂ ਤੈਅ ਕੀਤਾ ਸੀ ਕਿ 'ਜ਼ੰਜੀਰ' ਫਿਲਮ ਤੁਹਾਡੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਕਰ ਸਕਦਾ ਹੈ।"

में ਅਮਿਤਾਭ ਬੱਚਨ ਅਤੇ ਜਯਾ ਭਾਦੁੜੀ ਫਿਲਮ 'ਇੱਕ ਨਜ਼ਰ' ਵਿੱਚ

ਤਸਵੀਰ ਸਰੋਤ, AMARYLLIS

ਤਸਵੀਰ ਕੈਪਸ਼ਨ, में ਅਮਿਤਾਭ ਬੱਚਨ ਅਤੇ ਜਯਾ ਭਾਦੁੜੀ ਫਿਲਮ 'ਇੱਕ ਨਜ਼ਰ' ਵਿੱਚ

ਜਾਵੇਦ ਅਖ਼ਤਰ ਪ੍ਰਕਾਸ਼ ਮਹਿਰਾ ਨੂੰ ਲੈ ਕੇ ਰੂਪਤਾਰਾ ਸਟੂਡਿਓ ਪਹੁੰਚੇ, ਜਿੱਥੇ ਅਮਿਤਾਭ, ਜਤਿੰਦਰ ਅਤੇ ਹੇਮਾ ਮਾਲਿਨੀ ਨਾਲ 'ਗਹਿਰੀ ਚਾਲ' ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਉੱਥੇ ਹੀ ਅਮਿਤਾਭ ਨੇ ਆਪਣੇ ਕਰੀਅਰ ਦੀ 13ਵੀਂ ਫਿਲਮ ਸਾਈਨ ਕੀਤੀ ਸੀ।

ਇੰਨਾਂ ਹੀ ਨਹੀਂ ਇਸ ਫਿਲਮ 'ਚ ਉਨ੍ਹਾਂ ਦੀ ਹੋਣ ਵਾਲੀ ਪਤਨੀ ਜਯਾ ਬਹਾਦੁਰੀ ਨੂੰ ਉਨ੍ਹਾਂ ਦੀ ਹੀਰੋਇਨ ਵੱਜੋਂ ਸਾਈਨ ਕੀਤਾ ਗਿਆ ਸੀ। ਬਾਅਦ 'ਚ ਅਮਿਤਾਭ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ 'ਜ਼ੰਜੀਰ' ਫਿਲਮ ਨਾ ਮਿਲੀ ਹੁੰਦੀ ਤਾਂ ਉਹ ਕੀ ਕਰਦੇ?

ਅਮਿਤਾਭ ਦਾ ਜਵਾਬ ਸੀ, " ਮੇਰੇ ਕੋਲ ਕੋਈ ਦੂਜੀ ਯੋਜਨਾ ਨਹੀਂ ਸੀ। ਕੋਈ ਵੀ ਮੈਨੂੰ ਰੋਲ ਨਹੀਂ ਦੇ ਰਿਹਾ ਸੀ। ਉਸ ਸਮੇਂ 'ਜ਼ੰਜੀਰ' ਹੀ ਇਕਲੌਤੀ ਫਿਲਮ ਸੀ, ਜੋ ਕਿ ਮੇਰੇ ਹੱਥ 'ਚ ਸੀ।"

ਅਮਿਤਾਭ ਬੱਚਨ

ਤਸਵੀਰ ਸਰੋਤ, AMARYLLIS

'ਐਂਗਰੀ ਯੰਗ ਮੈਨ ਦਾ ਉਭਾਰ'

1973 'ਚ ਰਿਲੀਜ਼ ਹੋਈ 'ਜ਼ੰਜੀਰ' ਫਿਲਮ ਸੁਪਰਹਿੱਟ ਫਿਲਮ ਸਾਬਤ ਹੋਈ ਸੀ।

ਫਿਲਮਫੇਅਰ ਪੁਰਸਕਾਰਾਂ 'ਚ ਇਸ ਫਿਲਮ ਨੂੰ 9 ਸ਼੍ਰੇਣੀਆਂ 'ਚ ਨਾਮਜ਼ਦਗੀ ਮਿਲੀ। ਪ੍ਰਾਣ 'ਤੇ ਫਿਲ਼ਮਾਇਆ ਗਿਆ ਇਸ ਫਿਲਮ ਦਾ ਗੀਤ 'ਯਾਰੀ ਹੈ ਇਮਾਨ…' ਉਸ ਸਾਲ ਦਾ ਸਭ ਤੋਂ ਮਸ਼ਹੂਰ ਗੀਤ ਸਾਬਤ ਹੋਇਆ।

ਅਮਿਤਾਭ ਬੱਚਨ

ਤਸਵੀਰ ਸਰੋਤ, AMARYLLIS

ਤਸਵੀਰ ਕੈਪਸ਼ਨ, ਫਿਲਮ ਜੰਜ਼ੀਰ ਵਿੱਚ ਅਮਿਤਾਭ ਬੱਚਨ ਅਤੇ ਜਯਾ ਭਾਦੁੜੀ

ਇਸ ਫਿਲਮ ਨੇ ਇੱਕ ਅਣਜਾਣ ਅਭਿਨੇਤਾ ਨੂੰ ਸੁਪਰਸਟਾਰ ਦੀ ਸ਼੍ਰੇਣੀ 'ਚ ਖੜ੍ਹਾ ਕਰ ਦਿੱਤਾ। ਇੱਥੋਂ ਹੀ ਉਨ੍ਹਾਂ ਦੀ 'ਐਂਗਰੀ ਯੰਗ ਮੈਨ' ਦੇ ਅਕਸ ਦਾ ਆਗਾਜ਼ ਹੋਇਆ ਅਤੇ ਉਹ ਨੈਸ਼ਨਲ ਕ੍ਰੇਜ਼ ਬਣ ਗਏ।

ਹਾਲਾਂਕਿ ਅਮਿਤਾਭ ਬੱਚਨ ਦਾ ਮੰਨਣਾ ਹੈ ਕਿ 'ਐਂਗਰੀ ਯੰਗ ਮੈਨ' ਦੇ ਅਕਸ ਦੇ ਬੀਜ ਹਰੀਸ਼ੀਕੇਸ਼ ਮੁਖਰਜੀ ਦੀ ਫਿਲਮ 'ਨਮਕਹਰਾਮ' ਫਿਲਮ ਦੌਰਾਨ ਬੀਜੇ ਗਏ ਸਨ।

ਹਰੀਸ਼ੀਕੇਸ਼ ਮੁਖਰਜੀ ਦਾ ਮੰਨਣਾ ਸੀ ਕਿ ਉਨ੍ਹਾਂ ਨੇ 'ਆਨੰਦ' 'ਚ ਅਮਿਤਾਭ ਨੂੰ ਨਿਰਦੇਸ਼ਿਤ ਕਰਦੇ ਸਮੇਂ ਹੀ ਉਨ੍ਹਾਂ ਦੀ ਆਨ ਸਕਰੀਨ ਮੌਜੂਦਗੀ ਨੂੰ ਭਾਂਪ ਲਿਆ ਸੀ।

ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, "ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਉਨ੍ਹਾਂ 'ਚ ਸਿਰਫ ਆਪਣੀਆਂ ਨਜ਼ਰਾਂ ਅਤੇ ਆਪਣੀ ਆਵਾਜ਼ ਸਦਕਾ ਆਪਣੀ ਭੂਮਿਕਾ ਨੂੰ ਤਾਕਤਵਾਰ ਬਣਾਉਣ ਦੀ ਅਦਭੁਤ ਸਮਰੱਥਾ ਮੌਜੂਦ ਸੀ।"

"ਇਹੀ ਕਾਰਨ ਸੀ ਕਿ ਮੈਂ ਉਨ੍ਹਾਂ ਨੂੰ 'ਨਮਕਹਰਾਮ' ਫਿਲਮ 'ਚ ਐਂਗਰੀ ਯੰਗ ਮੈਨ ਦੀ ਭੂਮਿਕਾ ਦਿੱਤੀ ਸੀ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)