ਵੀਮੈੱਨ ਪ੍ਰੀਮੀਅਰ ਲੀਗ : ਹਰਮਨਪ੍ਰੀਤ 1.8 ਕਰੋੜ ਰੁਪਏ ਵਿੱਚ ਮੁੰਬਈ ਇੰਡੀਅਨਜ਼ ਦੇ ਹੋਏ, ਸਮ੍ਰਿਤੀ ਮੰਧਾਨਾ ਨੂੰ ਵੀ ਮਿਲੀ ਵੱਡੀ ਰਕਮ

ਸਮ੍ਰਿਤੀ ਮੰਧਾਨਾ ਤੇ ਹਰਮਨਪ੍ਰੀਤ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਵੀਮੈੱਨ ਪ੍ਰੀਮੀਅਰ ਲੀਗ ਲਈ ਇਸ ਵੇਲੇ ਖਿਡਾਰਨਾਂ ਦੀ ਨਿਲਾਮੀ ਜਾਰੀ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਜ਼ ਨੇ 1.8 ਕਰੋੜ ਰੁਪਏ ਵਿੱਚ ਖਰੀਦਿਆ ਹੈ। ਸਮ੍ਰਿਤੀ ਮੰਧਾਨਾ ਨੂੰ ਆਰਸੀਬੀ ਨੇ 3.4 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਸਾਲ 2008 ਵਿੱਚ ਆਈਪੀਐੱਲ ਦਾ ਪਹਿਲਾ ਸੀਜ਼ਨ ਖੇਡਿਆ ਗਿਆ ਸੀ। ਉਸ ਤੋਂ ਇੱਕ ਸਾਲ ਪਹਿਲਾਂ ਹੀ ਭਾਰਤ ਨੇ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ।

ਆਈਪੀਐੱਲ ਦੇ ਆਗਾਜ਼ ਤੋਂ 16 ਸਾਲ ਬਾਅਦ ਬੀਸੀਸੀਆਈ ਹੁਣ ਵੀਮੈੱਨ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਲੈ ਕੇ ਆ ਰਹੀ ਹੈ।

ਹੁਣ ਤੱਕ ਕਿਵੇਂ ਰਹੀ ਨਿਲਾਮੀ

ਖਿਡਾਰਨਾਂ ਦੀ ਨਿਲਾਮੀ

ਕਿੰਨੀਆਂ ਟੀਮਾਂ ਕਿਸ ਕੀਮਤ 'ਤੇ ਵਿਕੀਆਂ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਕਰਵਾਈ ਜਾ ਰਹੀ ਇਸ ਲੀਗ ਵਿੱਚ 5 ਟੀਮਾਂ ਸ਼ਾਮਲ ਹੋਣਗੀਆਂ। ਉਮੀਦ ਹੈ ਕਿ ਇਹ ਲੀਗ ਮਾਰਚ ਵਿੱਚ ਖੇਡੀ ਜਾਵੇਗੀ।

ਅਡਾਨੀ ਗਰੁੱਪ ਨੇ ਅਹਿਮਦਾਬਾਦ ਟੀਮ ਲਈ 1289 ਕਰੋੜ ਰੁਪਏ ਦੀ ਕੀਮਤ ਅਦਾ ਕੀਤੀ ਹੈ। ਇਹ ਪੰਜਾਂ ਟੀਮਾਂ ਵਿੱਚੋਂ ਸਭ ਤੋਂ ਵੱਧ ਕੀਮਤ ਹੈ।

ਦੂਜੇ ਨੰਬਰ ਉੱਤੇ ਮੁੰਬਈ ਇੰਡੀਅਨਜ਼ ਨੂੰ ਕਰੀਬ 913 ਕਰੋੜ ਵਿੱਚ ਖਰੀਦਿਆ ਗਿਆ ਹੈ।

ਵੂਮੈਨ ਪ੍ਰੀਮੀਅਰ ਲੀਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਪੀਐੱਲ ਦੇ ਆਗਾਜ਼ ਤੋਂ 16 ਸਾਲ ਬਾਅਦ ਬੀਸੀਸੀਆਈ ਹੁਣ ਵੁਮੈਨ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਲੈ ਕੇ ਆ ਰਹੀ ਹੈ

ਇਸ ਦੇ ਨਾਲ ਹੀ ਆਰਸੀਬੀ ਨੂੰ 901 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ।

ਦਿੱਲੀ ਕੈਪੀਟਲ ਨੂੰ 810 ਕਰੋੜ ਤੇ ਲਖਨਊ ਨੂੰ 757 ਕਰੋੜ ਵਿੱਚ ਖਰੀਦਿਆ ਗਿਆ ਹੈ।

ਵੀਮੈੱਨ ਪ੍ਰੀਮੀਅਰ ਲੀਗ ਕਦੋਂ ਤੇ ਕਿੱਥੇ ਹੋਵੇਗੀ

ਵੀਮੈੱਨ ਪ੍ਰੀਮੀਅਰ ਲੀਗ ਦਾ ਇਹ ਪਹਿਲਾ ਐਡੀਸ਼ਨ 4 ਮਾਰਚ ਤੋਂ 23 ਮਾਰਚ 2023 ਤੱਕ ਖੇਡਿਆ ਜਾਵੇਗਾ। ਕੁੱਲ 22 ਮੈਚ ਇਸ ਲੀਗ ਵਿੱਚ ਖੇਡੇ ਜਾਣਗੇ।

ਸਾਰੇ ਮੈਚ ਮੁੰਬਈ ਵਿੱਚ ਹੀ ਖੇਡੇ ਜਾਣਗੇ। ਇਸ ਦੇ ਲਈ ਮੁੰਬਈ ਦੇ ਸਟੇਡੀਅਮਾਂ ਦੀ ਚੋਣ ਹੋ ਗਈ ਹੈ।

ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਤੇ ਸੀਸੀਆਈ ਬ੍ਰੇਬੋਰਨ ਸਟੇਡੀਅਮ ਵਿੱਚ ਇਹ ਮੈਚ ਖੇਡੇ ਜਾਣਗੇ।

ਕਿਵੇਂ ਹੋ ਰਹੀ ਹੈ ਖਿਡਾਰਨਾਂ ਦੀ ਨਿਲਾਮੀ

ਹੁਣ ਤੱਕ ਟੀਮਾਂ ਵਿਕ ਚੁੱਕੀਆਂ ਹਨ। ਔਰਤਾਂ ਦੀ ਇਸ ਲੀਗ ਦੀਆਂ ਟੀਮਾਂ ਤੋਂ ਬੀਸੀਸੀਆਈ ਨੂੰ ਖਾਸੀ ਕਮਾਈ ਹੋਈ ਹੈ।

ਖਿਡਾਰਨਾਂ ਦੀ ਨਿਲਾਮੀ ਦੀ ਲਿਸਟ ਵਿੱਚ 409 ਖਿਡਾਰਨਾਂ ਹਨ। ਇਨ੍ਹਾਂ ਵਿੱਚ 246 ਭਾਰਤੀ ਖਿਡਾਰਨਾਂ ਹਨ ਜਦਕਿ 163 ਵਿਦੇਸ਼ੀ ਖਿਡਾਰਨਾਂ ਹਨ।

ਇਨ੍ਹਾਂ ਵਿੱਚ 202 ਕੈਪਡ ਖਿਡਾਰਨਾਂ ਹਨ ਯਾਨੀ ਉਹ ਖਿਡਾਰਨਾਂ ਜੋ ਕੌਮਾਂਤਰੀ ਪੱਧਰ ਉੱਤੇ ਖੇਡ ਚੁੱਕੀਆਂ ਹਨ। ਇਸ ਤੋਂ ਇਲਾਵਾ 199 ਉਹ ਖਿਡਾਰਨਾਂ ਹਨ, ਜਿਨ੍ਹਾਂ ਨੇ ਕੌਮਾਂਤਰੀ ਪੱਧਰ ਉੱਤੇ ਮੈਚ ਨਹੀਂ ਖੇਡੇ ਹਨ।

ਵੂਮੈਨ ਪ੍ਰੀਮੀਅਰ ਲੀਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੁਮਨਜ਼ ਪ੍ਰੀਮੀਅਰ ਲੀਗ ਦਾ ਇਹ ਪਹਿਲਾ ਐਡੀਸ਼ਨ 4 ਮਾਰਚ ਤੋਂ 23 ਮਾਰਚ 2023 ਤੱਕ ਖੇਡਿਆ ਜਾਵੇਗਾ

ਇਸ ਦੇ ਨਾਲ ਹੀ 8 ਖਿਡਾਰਨਾਂ ਐਸੋਸੀਏਟ ਮੈਂਬਰਾਂ ਤੋਂ ਚੁਣੀਆਂ ਗਈਆਂ ਹਨ। ਐਸੋਸੀਏਟ ਮੈਂਬਰ ਉਹ ਦੇਸ ਦੇ ਕ੍ਰਿਕਟ ਬੋਰਡ ਹੁੰਦੇ ਹਨ, ਜਿਨ੍ਹਾਂ ਨੂੰ ਆਈਸੀਸੀ ਵੱਲੋਂ ਮਾਨਤਾ ਤਾਂ ਮਿਲੀ ਹੁੰਦੀ ਹੈ ਪਰ ਉਹ ਪੱਕੇ ਮੈਂਬਰ ਨਹੀਂ ਹੁੰਦੇ ਹਨ। ਆਈਸੀਸੀ ਵਿੱਚ 94 ਐਸੋਸੀਏਟ ਮੈਂਬਰ ਹਨ।

ਨਿਲਾਮੀ ਦੀ ਇਹ ਪ੍ਰਕਿਰਿਆ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋ ਰਹੀ ਹੈ।

ਪੰਜ ਟੀਮਾਂ ਵਿੱਚ ਕੁੱਲ੍ਹ 90 ਖਿਡਾਰਨਾਂ ਖੇਡਣ ਲਈ ਚੁਣੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 30 ਵਿਦੇਸ਼ੀ ਖਿਡਾਰਨਾਂ ਹੋਣਗੀਆਂ।

ਖਿਡਾਰਨਾਂ ਦੀ ਵਿਕਰੀ ਲਈ ਕੀਮਤਾਂ ਦਾ ਕੀ ਹਿਸਾਬ ਹੈ

ਵੀਮੈੱਨ ਕ੍ਰਿਕਟ ਲੀਗ ਵਿੱਚ ਖਿਡਾਰਨਾਂ ਨੂੰ ਨਿਲਾਮੀ ਲਈ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

24 ਖਿਡਾਰਨਾਂ ਨੇ ਖੁਦ ਨੂੰ 50 ਲੱਖ ਦੇ ਬੇਸ ਪ੍ਰਾਈਜ਼ ਵਾਲੀ ਸ਼੍ਰੇਣੀ ਵਿੱਚ ਰੱਖਿਆ ਹੈ। ਇਸ ਸ਼੍ਰੇਣੀ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਦੀਪਤੀ ਸ਼ਰਮਾ ਵਰਗੀਆਂ ਸੀਨੀਅਰ ਖਿਡਾਰਨਾਂ ਦੇ ਖੁਦ ਨੂੰ ਰੱਖਿਆ ਹੈ।

ਵੂਮੈਨ ਪ੍ਰੀਮੀਅਰ ਲੀਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਲਾਮੀ ਦੀ ਇਹ ਪ੍ਰਕਿਰਿਆ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ 13 ਫਰਵਰੀ ਨੂੰ ਹੋ ਰਹੀ ਹੈ

ਅੰਡਰ-19 ਵਿਸ਼ਵ ਕੱਪ ਦੀ ਜੇਤੂ ਟੀਮ ਦੀ ਕਪਤਾਨ ਸ਼ਫਾਲੀ ਵਰਮਾ ਨੇ ਵੀ ਖੁਦ ਨੂੰ 50 ਲੱਖ ਰੁਪਏ ਦਾ ਬੇਸ ਪ੍ਰਾਈਜ਼ ਦਿੱਤਾ ਹੈ।

ਇਨ੍ਹਾਂ ਵਿੱਚ 13 ਵਿਦੇਸ਼ੀ ਖਿਡਾਰਨਾਂ ਨੇ ਖੁਦ ਨੂੰ 50 ਲੱਖ ਰੁਪਏ ਦਾ ਬੇਸ ਪ੍ਰਾਈਜ਼ ਦਿੱਤਾ ਹੈ। ਇਨ੍ਹਾਂ ਵਿੱਚ ਐਲੀਸ ਪੈਰੀ, ਸੋਫੀ ਐਕਲਸਟਨ, ਸੋਫ਼ੀ ਡੇਵਿਨ ਵਰਗੀਆਂ ਦਿੱਗਜ ਖਿਡਾਰਨਾਂ ਹਨ।

ਇਸ ਤੋਂ ਇਲਾਵਾ 30 ਖਿਡਾਰਨਾਂ 40 ਲੱਖ ਦੇ ਬੇਸ ਪ੍ਰਾਈਜ਼ ਵਿੱਚ ਹਨ। ਪੰਜਾਬ ਦੀ ਹਰਲੀਨ ਦਿਓਲ ਵੀ 40 ਲੱਖ ਦੇ ਬੇਸ ਪ੍ਰਾਈਜ਼ ਵਿੱਚ ਹਨ।

ਇਸ ਤੋਂ ਇਲਾਵਾ 30 ਲੱਖ ਰੁਪਏ ਦਾ ਵੀ ਬੇਸ ਪ੍ਰਾਈਜ਼ ਹੈ। ਗ਼ੈਰ-ਤਜਰਬੇਕਾਰ ਖਿਡਾਰਨਾਂ ਲਈ 20 ਲੱਖ ਰੁਪਏ ਤੇ 10 ਲੱਖ ਰੁਪਏ ਦਾ ਬੇਸ ਪ੍ਰਾਈਜ਼ ਰੱਖਿਆ ਗਿਆ ਹੈ।

50 ਲੱਖ ਰੁਪਏ ਦੇ ਬੇਸ ਪ੍ਰਾਈਜ਼ ਵਾਲੀਆਂ ਖਿਡਾਰਨਾਂ 'ਤੇ ਇੱਕ ਸੰਖੇਪ ਝਾਤ

ਹਰਮਨਪ੍ਰੀਤ ਕੌਰ - ਭਾਰਤ

ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਪੰਜਾਬ ਦੇ ਮੋਗਾ ਨਾਲ ਸੰਬਧਤ ਹਨ।

ਅੱਜ ਭਾਵੇਂ ਲੋਕ ਹਰਮਨ ਨੂੰ ਉਸ ਦੀ ਧਾਕੜ ਬੱਲੇਬਾਜ਼ੀ ਲਈ ਜਾਣਦੇ ਹਨ ਪਰ ਜਦੋਂ ਉਹ ਟੀਮ ਵਿੱਚ ਆਈ ਸੀ ਤਾਂ ਪਤਲੀ ਜਿਹੀ ਹਰਮਨਪ੍ਰੀਤ ਨੂੰ ਮੱਧਮ ਤੇਜ਼ ਗੇਂਦਬਾਜ਼ੀ ਲਈ ਟੀਮ ਵਿੱਚ ਜਗ੍ਹਾ ਮਿਲੀ ਸੀ।

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਪੰਜਾਬ ਦੇ ਮੋਗਾ ਨਾਲ ਸੰਬਧਤ ਹਨ

ਇੱਕ ਕਪਤਾਨ ਵਜੋਂ ਵੀ ਉਹ ਨਿਡਰ ਹੋ ਕੇ ਖੇਡਣ ਲਈ ਜਾਣੇ ਜਾਂਦੇ ਹਨ। ਭਾਰਤੀ ਟੀਮ ਨੂੰ ਕਈ ਵਾਰ ਹਰਮਨ ਨੇ ਮੁਸ਼ਕਿਲਾਂ ਚੋਂ ਉਭਾਰਿਆ ਹੈ।

ਉਨ੍ਹਾਂ ਦੇ ਨਾਮ ਕਈ ਰਿਕਾਰਡ ਬੋਲਦੇ ਹਨ।

ਸਮ੍ਰਿਤੀ ਮੰਧਾਨਾ - ਭਾਰਤ

ਅਰਜੁਨ ਐਵਾਰਡੀ ਸਮ੍ਰਿਤੀ ਮੰਧਾਨਾ ਅੱਜ ਵਿਸ਼ਵ ਕ੍ਰਿਕਟ ਦਾ ਵੱਡਾ ਨਾਂ ਹਨ।

ਸਮ੍ਰਿਤੀ ਦਾ ਜਨਮ ਮੁੰਬਈ ਵਿੱਚ ਹੋਇਆ ਸੀ, ਜਦੋਂ ਉਹ 4 ਸਾਲ ਦੀ ਸੀ ਤਾਂ ਉਨ੍ਹਾਂ ਦੀ ਕ੍ਰਿਕਟ ਵਿੱਚ ਦਿਲਚਸਪੀ ਜਾਗੀ ਅਤੇ ਉਨ੍ਹਾਂ ਨੇ ਆਪਣੇ ਵੱਡੇ ਭਰਾ ਸ਼ਰਵਨ ਮੰਧਾਨਾ ਦੇ ਨਾਲ ਘਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਸਮ੍ਰਿਤੀ ਮੰਧਾਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਜੁਨ ਐਵਾਰਡੀ ਸਮ੍ਰਿਤੀ ਮੰਧਾਨਾ ਅੱਜ ਵਿਸ਼ਵ ਕ੍ਰਿਕਟ ਦਾ ਵੱਡਾ ਨਾਂ ਹਨ

ਸਮ੍ਰਿਤੀ ਦੀ ਗਿਣਤੀ ਅੱਜ ਦੁਨੀਆ ਦੇ ਸਟਾਈਲਿਸ਼ ਲੈਫਟ ਹੈਂਡ ਦੇ ਬੱਲੇਬਾਜ਼ਾਂ ਵਿੱਚ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਵੱਡੀ ਬੋਲੀ ਲਾਈ ਗਈ ਹੈ।

ਦੀਪਤੀ ਸ਼ਰਮਾ - ਭਾਰਤ

ਖੱਬੂ ਬੱਲੇਬਾਜ਼ ਅਤੇ ਸੱਜੇ ਹੱਥ ਨਾਲ ਆਫ ਸਪਿਨਿੰਗ ਗੇਂਦਬਾਜ਼ੀ ਕਰਨ ਵਾਲੀ, ਦੀਪਤੀ ਸ਼ਰਮਾ ਨੇ ਨਵੰਬਰ 2014 ਵਿੱਚ ਆਪਣਾ ਪਹਿਲਾ ਇੱਕਰੋਜ਼ਾ ਮੈਚ ਖੇਡਿਆ ਸੀ।

ਉਨ੍ਹਾਂ ਨੇ ਜਨਵਰੀ 2016 ਵਿੱਚ ਸਿਡਨੀ ਵਿੱਚ ਆਪਣਾ ਪਹਿਲਾ ਟੀ-20 ਖੇਡਿਆ।

ਦੀਪਤਾ ਨੇ ਰਾਂਚੀ ਵਿੱਚ ਸ਼੍ਰੀਲੰਕਾ ਦੇ ਖਿਲਾਫ ਛੇ ਵਿਕਟਾਂ ਹਾਸਲ ਕਰਕੇ ਆਪਣਾ ਸਰਵੋਤਮ ਇੱਕਰੋਜ਼ਾ ਗੇਂਦਬਾਜ਼ੀ ਦਾ ਅੰਕੜਾ ਦਰਜ ਕਰਵਾਇਆ।

ਉਨ੍ਹਾਂ ਦਾ ਇੱਕ ਰੋਜ਼ਾ ਮੈਚ ਵਿੱਚ ਸਭ ਤੋਂ ਵੱਧ 188 ਸਕੋਰ ਹੈ ਅਤੇ ਇਹ ਕਿਸੇ ਭਾਰਤੀ ਮਹਿਲਾ ਕ੍ਰਿਕਟਰ ਲਈ ਸਭ ਤੋਂ ਵੱਧ ਨਿੱਜੀ ਸਕੋਰ ਬਣਿਆ ਹੋਇਆ ਹੈ।

ਸੌਫੀ ਡਿਵਾਈਨ - ਨਿਊਜ਼ੀਲੈਂਡ

ਸੌਫੀ ਡਿਵਾਈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੌਫੀ ਡਿਵਾਈਨ ਖੇਡ ਦੇ ਮੋਹਰੀ ਆਲਰਾਊਂਡਰਾਂ ਅਤੇ ਸਭ ਤੋਂ ਧਾਕੜ ਬੱਲੇਬਾਜ਼ਾਂ ਵਜੋਂ ਇੱਕ ਹਨ

ਸ਼ੁਰੂਆਤ ਵਿੱਚ ਗੇਂਦਬਾਜ਼ ਵਜੋਂ ਖੇਡਣਾ ਸ਼ੁਰੂ ਕਰਨ ਵਾਲੇ ਸੌਫੀ ਡਿਵਾਈਨ ਜੋ ਕਦੇ-ਕਦੇ ਨੰਬਰ 11 'ਤੇ ਬੱਲੇਬਾਜ਼ੀ ਕਰਦੇ ਸਨ ਉਹ ਖੇਡ ਦੇ ਮੋਹਰੀ ਆਲਰਾਊਂਡਰਾਂ ਅਤੇ ਸਭ ਤੋਂ ਧਾਕੜ ਬੱਲੇਬਾਜ਼ਾਂ ਵਜੋਂ ਇੱਕ ਬਣ ਕੇ ਉਭਰੇ ਹਨ।

ਉਨ੍ਹਾਂ ਦੇ ਨਾਮ 'ਤੇ ਟੀ-20 ਕੌਮਾਂਤਰੀ ਮੈਚਾਂ ਵਿੱਚ 5 ਅਰਧ ਸੈਂਕੜੇ ਬਣਾਉਣ ਦਾ ਰਿਕਾਰਡ ਹੈ।

ਹੈਲੀ ਮੈਥਿਊਜ਼ - ਵੈਸਟ ਇੰਡੀਜ਼

ਜਦੋਂ ਉਹ 11 ਸਾਲ ਦੀ ਸੀ ਤਾਂ ਹੇਲੀ ਮੈਥਿਊਜ਼ ਨੇ ਆਪਣੇ ਸਕੂਲ ਵਿੱਚ ਮੁੰਡਿਆਂ ਦੀ ਟੀਮ ਦੀ ਕਪਤਾਨੀ ਕੀਤੀ ਸੀ ਅਤੇ ਜਦੋਂ ਉਹ 12 ਸਾਲ ਦੀ ਸੀ ਤਾਂ ਉਨ੍ਹਾਂ ਬਾਰਬਾਡੋਸ ਸੀਨੀਅਰ ਮਹਿਲਾ ਟੀਮ ਤੋਂ ਆਪਣੀ ਸ਼ੁਰੂਆਤ ਕੀਤੀ ਸੀ।

ਹੈਲੀ ਮੈਥਿਊਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਈਟ ਹੈਂਡ ਬੱਲੇਬਾਜ਼ ਮੈਥਿਊਜ਼ ਨੇ ਸਤੰਬਰ 2014 ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਇੱਕ ਟੀ-20 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ

ਰਾਈਟ ਹੈਂਡ ਬੱਲੇਬਾਜ਼ ਮੈਥਿਊਜ਼ ਨੇ ਸਤੰਬਰ 2014 ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਇੱਕ ਟੀ-20 ਵਿੱਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਉਨ੍ਹਾਂ ਨੇ ਆਸਟ੍ਰੇਲੀਆ ਦੇ ਖਿਲਾਫ 4 ਇੱਕਰੋਜ਼ਾ ਮੈਚਾਂ ਦੀ ਸੀਰੀਜ਼ ਵਿੱਚ ਪਹਿਲੇ ਮੈਚ ਦੌਰਾਨ 55 ਅਤੇ ਕੁੱਲ 241 ਦੌੜਾਂ ਬਣਾਈਆਂ ਹਨ।

ਐਲਿਸ ਪੈਰੀ - ਆਸਟ੍ਰੇਲੀਆ

ਸਾਲ 2007 ਤੋਂ ਸ਼ੁਰੂਆਤ ਕਰਨ ਵਾਲੀ ਐਲਿਸ ਪੈਰੀ ਆਪਣੇ 17ਵੇਂ ਜਨਮ ਦਿਨ ਤੋਂ ਪਹਿਲਾਂ ਹੀ ਕੌਮਾਂਤਰੀ ਮੈਚ ਖੇਡਣ ਵਾਲੀ ਆਸਟ੍ਰੇਲੀਆ ਦੀ ਸਭ ਤੋਂ ਛੋਟੀ ਉਮਰ ਖਿਡਾਰਨ ਬਣ ਗਈ ਸੀ।

ਸ਼ਫਾਲੀ ਵਰਮਾ- ਭਾਰਤ

ਸ਼ਫ਼ਾਲੀ ਨੇ ਆਪਣੇ ਟੀ20 ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਤੰਬਰ 2019 ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਖਿਲਾਫ ਖੇਡ ਕੇ ਕੀਤੀ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ ਹੁਣ ਤੱਕ 2 ਅਤੇ 51 ਇੱਕਰੋਜ਼ਾ ਮੈਚ ਖੇਡੇ ਹਨ।

ਸ਼ਫਾਲੀ ਵਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਫ਼ਾਲੀ ਨੇ ਆਪਣੇ ਟੀ20 ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਤੰਬਰ 2019 ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਖਿਲਾਫ ਖੇਡ ਕੇ ਕੀਤੀ ਸੀ

ਸ਼ਫਾਲੀ ਨੇ ਆਪਣੇ ਪਹਿਲੇ ਹੀ ਟੈਸਟ ਮੈਚ ਵਿੱਚ 159 ਦੌੜਾਂ ਬਣਾਈਆਂ ਸਨ ਅਤੇ ਇਸ ਤਰ੍ਹਾਂ ਉਹ ਅੰਤਰਾਸ਼ਟਰੀ ਪੱਧਰ 'ਤੇ ਪਹਿਲੇ ਹੀ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)