ਵਿੱਕੀ ਗੌਂਡਰ ਨੂੰ ਅੰਤਰਰਾਸ਼ਟਰੀ ਖਿਡਾਰੀ ਬਣਾਉਣ ਦੀ ਚਾਹਤ ਰੱਖਦੇ ਪਿਤਾ ਦੇ ਆਖ਼ਰੀ ਬੋਲ: 'ਪਤਾ ਨਹੀਂ ਮੇਰੇ ਪੁੱਤ ਨੇ ਰੋਟੀ ਖਾਧੀ ਹੋਣੀ ਜਾਂ ਨਹੀਂ...'

ਤਸਵੀਰ ਸਰੋਤ, BBC/Surinder Maan and FB
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
ਸਮਾਂ : ਦੁਪਹਿਰ 2 ਵੱਜ ਕੇ 20 ਮਿੰਟ
ਤਰੀਖ਼: 09 ਫ਼ਰਵਰੀ 2023
ਸਥਾਨ : ਪਿੰਡ ਸਰਾਵਾਂ ਬੋਦਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਜਦੋਂ ਅਸੀਂ ਪਿੰਡ ਸਰਾਵਾਂ ਬੋਦਲਾ ਪਹੁੰਚੇ ਤਾਂ ਬਾਹਰਵਾਰ ਬਣੀ ਢਾਣੀ 'ਚ ਬਣੇ ਸਧਾਰਨ ਘਰ ਵਿੱਚ ਇੱਕ ਔਰਤ ਵਿਰਲਾਪ ਕਰ ਰਹੀ ਸੀ। ਪਿੰਡ ਵਾਲਿਆਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਔਰਤ ਜੁਰਮ ਦੀ ਦੁਨੀਆਂ ਵਿੱਚ ਸਰਗਰਮ ਰਹੇ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਦੇ ਮਾਤਾ ਹਨ।
ਅਸਲ ਵਿਚ ਇਸ ਵਿਰਲਾਪ ਦਾ ਕਾਰਨ ਘਰ ਦੇ ਮੁਖੀ ਮਹਿਲ ਸਿੰਘ ਦੀ ਮੌਤ ਹੈ। ਮਹਿਲ ਸਿੰਘ ਵਿੱਕੀ ਗੌਂਡਰ ਦੇ ਪਿਤਾ ਸਨ, ਜਿਨ੍ਹਾਂ ਨੇ 7 ਫਰਵਰੀ ਦੀ ਰਾਤ ਨੂੰ ਪਿੰਡ ਨੇੜਲੇ ਇੱਕ ਰੇਲਵੇ ਟ੍ਰੈਕ 'ਤੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ।

ਤਸਵੀਰ ਸਰੋਤ, BBC/Surinder Maan
ਇਸ ਮੌਕੇ ਘਰ ਵਿੱਚ ਥੋੜ੍ਹੇ ਬਹੁਤ ਰਿਸ਼ਤੇਦਾਰ ਵੀ ਮੌਜੂਦ ਸਨ। ਹਰ ਪਾਸੇ ਚੁੱਪ ਪੱਸਰੀ ਦੇਖੀ, ਸੱਥਰ 'ਤੇ ਬੈਠੇ ਲੋਕਾਂ ਨਾਲ ਗੱਲ ਤੋਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਪਸਰੀ ਖਾਮੋਸ਼ੀ ਨੇ ਕਰਵਟ ਨਹੀਂ ਲਈ।
ਸੱਥਰ 'ਤੇ ਬੈਠੇ ਇਹ ਲੋਕ ਮਹਿਲ ਸਿੰਘ ਦਾ ਅੰਤਿਮ ਸੰਸਕਾਰ ਕਰ ਕੇ ਹਾਲੇ ਹੁਣੇ ਹੀ ਘਰ ਮੁੜੇ ਸਨ।
'ਵਿੱਕੀ ਦੀ ਮੌਤ ਤੋਂ ਬਾਅਦ ਪਿਓ ਧੁਰ ਅੰਦਰੋਂ ਟੁੱਟ ਗਿਆ ਸੀ'
ਆਖਰਕਾਰ ਮੇਰੇ ਕੰਨੀ ਆਵਾਜ਼ ਪਈ, "ਪਹਿਲਾਂ ਸਾਡਾ ਸ਼ੇਰ ਵਰਗਾ ਪੁੱਤ ਜੱਗ ਤੋਂ ਤੁਰ ਗਿਆ ਤੇ ਹੁਣ ਉਸ ਦੇ ਵਿਛੋੜੇ ਦੇ ਦਰਦ 'ਚ ਸਹਿਕਦਾ ਮੇਰਾ ਭਰਾ ਨਹੀਂ ਰਿਹਾ।"
ਇਹ ਸ਼ਬਦ ਵਿੱਕੀ ਗੌਂਡਰ ਦੇ ਚਾਚਾ ਰਾਣਾ ਜਗਦੀਸ਼ ਸਿੰਘ ਦੇ ਸਨ। ਮੈਂ ਉਨਾਂ ਦੇ ਨੇੜੇ ਗਿਆ ਤਾਂ ਗੱਲ ਤੁਰ ਪਈ।

ਤਸਵੀਰ ਸਰੋਤ, Surinder mann/bbc
ਜਗਦੀਸ਼ ਸਿੰਘ ਕਹਿੰਦੇ ਹਨ, "ਵਿੱਕੀ ਦੀ ਮੌਤ ਤੋਂ ਬਾਅਦ ਉਸ ਦਾ ਪਿਓ ਧੁਰ ਅੰਦਰੋਂ ਟੁੱਟ ਗਿਆ ਸੀ। ਵਿੱਕੀ ਹੋਣਹਾਰ ਮੁੰਡਾ ਸੀ, ਇਕੱਲੌਤਾ ਪੁੱਤ ਸੀ ਤੇ ਜਲੰਧਰ ਪੜ੍ਹਨ ਲਈ ਭੇਜਿਆ ਸੀ, ਬੱਸ ਫਿਰ ਉਹ ਕਿਵੇਂ ਗੈਂਗਸਟਰ ਬਣ ਗਿਆ, ਪਤਾ ਹੀ ਨਹੀਂ ਲੱਗਿਆ।"
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿੱਕੀ ਦੋ ਭੈਣਾਂ ਦਾ ਭਰਾ ਸੀ। ਇੱਕ ਭੈਣ ਵਿਆਹੀ ਹੋਈ ਹੈ ਤੇ ਦੂਜੀ ਪੜ੍ਹਾਈ ਲਈ ਵਿਦੇਸ਼ ਗਈ ਹੋਈ ਹੈ।
ਵਿੱਕੀ ਦੇ ਚਾਚਾ ਜਗਦੀਸ਼ ਸਿੰਘ ਕਹਿੰਦੇ ਹਨ, "ਗੈਂਗਸਟਰ ਬਣਦੇ ਨਹੀਂ ਹਨ ਸਗੋਂ ਸਿਆਸਤਦਾਨ ਆਪਣੇ ਸੌੜੇ ਫਾਇਦਿਆਂ ਲਈ ਨੌਜਵਾਨਾਂ ਨੂੰ ਗਲਤ ਰਾਹ 'ਤੇ ਤੋਰਦੇ ਹਨ। ਸਾਡਾ ਘਰ ਗੰਦੀ ਸਿਆਸਤ ਨੇ ਪੱਟਿਆ ਹੈ।"
''ਮਹਿਲ ਸਿੰਘ ਪੁੱਤਰ ਵਿੱਕੀ ਨੂੰ ਅੰਤਰਰਾਸ਼ਟਰੀ ਖਿਡਾਰੀ ਵਜੋਂ ਦੇਖਣਾ ਚਾਹੁੰਦੇ ਸੀ''
ਦੱਸ ਦਈਏ ਕਿ ਵਿੱਕੀ ਗੌਂਡਰ ਨੇ ਜਲੰਧਰ ਸਪੋਰਟਸ ਸਕੂਲ 'ਚ ਦਾਖ਼ਲਾ ਲਿਆ ਸੀ ਤੇ ਉਹ ਡਿਸਕਸ ਥ੍ਰੋਅ ਦਾ ਚੰਗਾ ਖਿਡਾਰੀ ਸੀ।
ਵਿੱਕੀ ਗੌਂਡਰ ਵੱਲੋਂ ਅਥਲੈਟਿਕਸ ਵਿੱਚ ਜਿੱਤੇ ਹੋਏ ਮੈਡਲ ਘਰ ਦੀ ਇੱਕ ਸ਼ੀਸ਼ਾਨੁਮਾ ਅਲਮਾਰੀ ਵਿੱਚ ਸਾਂਭ ਕੇ ਰੱਖੇ ਹੋਏ ਹਨ।
ਫਿਰ ਮੇਰੀ ਮੁਲਾਕਾਤ ਵਿੱਕੀ ਗੌਂਡਰ ਨਾਲ ਪੜ੍ਹਨ ਵਾਲੇ ਨੌਜਵਾਨ ਗੁਰਵਿੰਦਰ ਸਿੰਘ ਨਾਲ ਹੋਈ।
ਗੁਰਵਿੰਦਰ ਸਿੰਘ ਕਹਿੰਦੇ ਹਨ, "ਮਹਿਲ ਸਿੰਘ ਵਿੱਕੀ ਗੌਂਡਰ ਨੂੰ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਦਿਆਂ ਦੇਖਣਾ ਚਾਹੁੰਦੇ ਸਨ। ਵਿੱਕੀ ਦੀ ਮੌਤ ਤੋਂ ਬਾਅਦ ਉਹ ਜਦੋਂ ਵੀ ਰੋਟੀ ਖਾਂਦੇ ਸਨ ਤਾਂ ਇਹੀ ਕਹਿੰਦੇ ਸਨ ਕਿ ਮੇਰੇ ਪੁੱਤ ਨੇ ਪਤਾ ਨਹੀਂ ਰੋਟੀ ਖਾਧੀ ਹੋਣੀ ਜਾਂ ਨਹੀਂ।"
"ਇਹ ਕਹਿ ਕੇ ਉਹ ਰੋਣ ਲੱਗ ਜਾਂਦੇ ਸਨ। ਬੱਸ, ਫਿਰ ਉਹ ਆਪਣੇ ਪੁੱਤਰ ਦੇ ਵਿਯੋਗ ਵਿਚ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਏ। ਆਖਰਕਾਰ ਭਾਣਾ ਵਰਤ ਗਿਆ।"

ਤਸਵੀਰ ਸਰੋਤ, BBC/Surinder Maan
ਪਿੰਡ ਸਰਾਵਾਂ ਬੋਦਲਾ ਦੇ ਵਸਨੀਕ ਨਵਦੀਪ ਸਿੰਘ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਦੇ ਪਰਿਵਾਰ ਬਾਰੇ ਦੱਸਦੇ ਹਨ।
ਉਹ ਕਹਿੰਦੇ ਹਨ, "ਵਿੱਕੀ ਗੌਂਡਰ ਦੇ ਪਰਿਵਾਰ ਦਾ ਪਿਛੋਕੜ ਪਾਕਿਸਤਾਨ ਨਾਲ ਜੁੜਦਾ ਹੈ। ਦੇਸ਼ ਦੀ ਵੰਡ ਵੇਲੇ ਇਹ ਪਰਿਵਾਰ ਇਸ ਢਾਣੀ 'ਚ ਆਇਆ ਸੀ।"
"ਹੁਣ ਇਹ ਪਰਿਵਾਰ ਆਪਣੀ ਜੱਦੀ 2 ਏਕੜ ਜ਼ਮੀਨ 'ਚ ਖੇਤੀ ਕਰਦਾ ਹੈ ਤੇ ਥੋੜ੍ਹੀ ਬਹੁਤ ਜ਼ਮੀਨ ਮਹਿਲ ਸਿੰਘ ਠੇਕੇ 'ਤੇ ਵੀ ਲੈਂਦੇ ਸਨ। ਮਹਿਲ ਸਿੰਘ ਦੀ ਆਸ ਵਿੱਕੀ ਗੌਂਡਰ 'ਤੇ ਹੀ ਸੀ ਪਰ ਬਦਕਿਸਮਤੀ ਨਾਲ ਉਹ ਹੋਰ ਰਾਹ ਤੁਰ ਗਿਆ।"

ਇਸ ਖ਼ਬਰ ਦੀਆਂ ਮੁੱਖ ਗੱਲਾਂ...
- ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ
- 7 ਫ਼ਰਵਰੀ ਨੂੰ ਉਨ੍ਹਾਂ ਦੀ ਲਾਸ਼ ਪਿੰਡ ਸਰਾਵਾਂ ਬੋਦਲਾ ਨੇੜੇ ਰੇਲਵੇ ਟ੍ਰੈਕ ਕੋਲ ਮਿਲੀ
- ਵਿੱਕੀ ਦੇ ਚਾਚਾ ਜਗਦੀਸ਼ ਸਿੰਘ ਮੁਤਾਬਕ ਪੁੱਤਰ ਦੀ ਮੌਤ ਤੋਂ ਬਾਅਦ ਮਹਿਲ ਸਿੰਘ ਟੁੱਟ ਗਏ ਸੀ
- ਵਿੱਕੀ ਦਾ ਉਭਾਰ ਸਾਲ 2015 ਵਿੱਚ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਹੋਣਾ ਸ਼ੁਰੂ ਹੋਇਆ
- ਵਿੱਕੀ ਦਾ ਨਾਮ ਹਾਈ ਸਕਿਓਰਿਟੀ ਵਾਲੀ ਨਾਭਾ ਜੇਲ੍ਹ ਬ੍ਰੇਕ ਕਾਂਡ ਨਾਲ ਵੀ ਜੁੜਿਆ
- ਜਨਵਰੀ 2018 ਵਿੱਚ ਵਿੱਕੀ ਗੌਂਡਰ ਦੀ ਪੰਜਾਬ-ਰਾਜਸਥਾਨ ਸਰਹੱਦ 'ਤੇ ਇੱਕ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ

ਕੌਣ ਸੀ ਵਿੱਕੀ ਗੌਂਡਰ?
ਅਸਲ ਵਿਚ ਪੰਜਾਬ 'ਚ ਵਿੱਕੀ ਗੌਂਡਰ ਦਾ ਉਭਾਰ ਸਾਲ 2015 ਵਿੱਚ ਦੁਆਬੇ ਦੇ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਹੋਣਾ ਸ਼ੁਰੂ ਹੋਇਆ ਸੀ।

ਤਸਵੀਰ ਸਰੋਤ, BBC/sukhcharanpreet
ਸੁੱਖਾ ਕਾਹਲਵਾਂ ਨੂੰ ਇੱਕ ਗਰੁੱਪ ਨੇ ਫਗਵਾੜਾ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਲਜ਼ਾਮ ਵਿੱਕੀ ਅਤੇ ਉਸਦੇ ਸਾਥੀਆਂ ਉੱਤੇ ਆਇਆ।
ਸੁੱਖਾ ਕਾਹਲਵਾਂ ਸ਼ਾਰਪ ਸ਼ੂਟਰ ਵੱਜੋਂ ਜਾਣਿਆ ਜਾਂਦਾ ਸੀ, ਉਸ ਉੱਤੇ ਕਈ ਕੇਸ ਚੱਲਦੇ ਸਨ, ਇਨ੍ਹਾਂ ਵਿੱਚੋਂ ਜਲੰਧਰ ਵਿੱਚ ਇੱਕ ਕੇਸ ਦੀ ਸੁਣਵਾਈ ਮਗਰੋਂ ਕਾਹਲਵਾਂ ਨੂੰ ਪੁਲਿਸ ਸੁਰੱਖਿਆ ਵਿੱਚ ਨਾਭਾ ਜੇਲ੍ਹ ਵਿੱਚ ਲਿਆਇਆ ਜਾ ਰਿਹਾ ਸੀ।
21 ਜਨਵਰੀ 2015 ਨੂੰ ਫਗਵਾੜਾ ਨੇੜੇ ਤਕਰੀਬਨ 14 ਲੋਕਾਂ ਨੇ ਪੁਲਿਸ ਵੈਨ ਘੇਰੀ ਅਤੇ ਕਾਹਲਵਾਂ ਉੱਤੇ ਕਈ ਰਾਊਂਡ ਫਾਇਰ ਕੀਤੇ ਗਏ ਅਤੇ ਭੰਗੜਾ ਪਾਇਆ ਗਿਆ।
ਇਹ ਸਭ ਪੁਲਿਸ ਵਾਲਿਆਂ ਸਾਹਮਣੇ ਹੋਇਆ, ਮੁਲਜ਼ਮ ਉੱਥੋਂ ਬੜੇ ਹੀ ਅਰਾਮ ਨਾਲ ਨਿਕਲ ਗਏ ਸੀ, ਬਾਅਦ ਵਿੱਚ ਵਿੱਕੀ ਗੌਂਡਰ ਨੂੰ ਉਸਦੇ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ

ਤਸਵੀਰ ਸਰੋਤ, capt amarinder singh/twitter
ਜਦੋਂ ਵਿੱਕੀ ਗੌਂਡਰ ਦਾ ਨਾਮ ਹਾਈ ਸਕਿਓਰਿਟੀ ਨਾਭਾ ਜੇਲ੍ਹ ਬ੍ਰੇਕ ਕਾਂਡ ਨਾਲ ਜੁੜਿਆ ਤਾਂ ਉਹ ਇੱਕ ਜੁਰਮ ਦੀ ਦੁਨੀਆਂ ਵਿੱਚ ਉਸਦੀ ਮੁੜ ਚਰਚਾ ਹੋਣ ਲੱਗੀ।
27 ਨਵੰਬਰ 2016 ਨੂੰ ਵਿੱਕੀ ਗੌਂਡਰ ਜਦੋਂ ਨਾਭਾ ਜੇਲ੍ਹ 'ਚੋਂ ਫਰਾਰ ਹੋਇਆ ਸੀ ਤਾਂ ਉਸ ਵੇਲੇ ਉਸ ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਇੱਕ ਕਾਰਕੁਨ ਵੀ ਜੇਲ੍ਹ 'ਚੋਂ ਭੱਜ ਗਿਆ ਸੀ।
ਵਿੱਕੀ ਗੌਂਡਰ ਨੂੰ ਪੰਜਾਬ ਪੁਲਿਸ ਨੇ ਪਹਿਲਾਂ ਪਟਿਆਲਾ ਨੇੜੇ ਬਨੂੰੜ ਤੋਂ ਇੱਕ ਕੈਸ਼ ਵੈਨ ਨੂੰ ਘੇਰ ਕੇ ਇੱਕ ਕਰੋੜ 33 ਲੱਖ ਰੁਪਏ ਲੁੱਟਣ ਅਤੇ ਪਿੰਡ ਸਰਾਵਾਂ ਬੋਦਲਾ ਦੇ ਇੱਕ ਬੈਂਕ ਨੂੰ ਲੁੱਟਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ।
ਨਾਭਾ ਜੇਲ੍ਹ ਬ੍ਰੇਕ ਕਾਂਡ ਮਗਰੋਂ ਪੰਜਾਬ ਪੁਲਿਸ ਨੇ ਵਿੱਕੀ ਗੌਂਡਰ ਦਾ ਸਰਗਰਮੀ ਨਾਲ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ।
ਆਖਰਕਾਰ, ਜਨਵਰੀ 2018 ਵਿੱਚ ਪੰਜਾਬ ਪੁਲਿਸ ਦੇ ਇਕ ਸਪੈਸ਼ਲ ਦਸਤੇ ਨੇ ਵਿੱਕੀ ਗੌਂਡਰ ਨੂੰ ਪੰਜਾਬ-ਰਾਜਸਥਾਨ ਸਰਹੱਦ 'ਤੇ ਪਿੰਡ ਹਿੰਦੂਮਲ ਕੋਟ ਨੇੜੇ ਘੇਰਿਆ ਸੀ, ਇਸ ਮੁਕਾਬਲੇ ਵਿੱਚ ਵਿੱਕੀ ਗੌਂਡਰ ਦੀ ਮੌਤ ਹੋ ਗਈ ਸੀ।
ਇਸ ਮੁਕਾਬਲੇ ਵਿੱਚ ਜੁਰਮ ਦੀ ਦੁਨੀਆਂ ਦਾ ਇੱਕ ਹੋਰ ਵੱਡਾ ਨਾਂ ਪ੍ਰੇਮਾ ਲਾਹੌਰੀਆ ਵੀ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ:













