ਟਰੱਕ ਪਿੱਛੇ ਲਿਖੇ ਨਾਂ ਨਾਲ ਇੰਝ ਸੁਲਝੀ ਪਿਓ-ਪੁੱਤਰ ਦੇ ਦੋਹਰੇ ਕਤਲ ਦੀ ਬੁਝਾਰਤ

ਤਸਵੀਰ ਸਰੋਤ, SANKET SIDANA
- ਲੇਖਕ, ਭਾਰਗਵ ਪਾਰਿਖ਼
- ਰੋਲ, ਬੀਬੀਸੀ ਗੁਜਰਾਤੀ
- ਪ੍ਰਕਾਸ਼ਿਤ
ਗੁਜਰਾਤ ਦੇ ਮੇਹਸਾਣਾ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਯੋਗੇਸ਼ ਪਟੇਲ ਨਾਂ ਦੇ ਨੌਜਵਾਨ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ ਢਾਈ ਸਾਲ ਦੇ ਅੰਦਰ ਆਪਣੇ ਚਾਚੇ ਅਤੇ ਚਚੇਰੇ ਭਰਾ ਦੇ ਕਤਲ ਇੱਕ ਹੀ ਤਰੀਕੇ ਨਾਲ ਕਰਵਾਏ।
ਚਾਚੇ ਦੇ ਕਤਲ ਦਾ ਮਾਮਲਾ ਢਾਈ ਸਾਲ ਤੱਕ ਪਕੜ ਵਿੱਚ ਨਾ ਆਉਣ ਦੇ ਬਾਅਦ ਉਸ ਨੇ ਚਚੇਰੇ ਭਰਾ ਦਾ ਵੀ ਕਤਲ ਕਰਵਾ ਦਿੱਤਾ।
ਪਰ ਕਤਲ ਵਿੱਚ ਵਰਤੇ ਗਏ ਮਿਨੀ ਟਰੱਕ ਰਾਹੀਂ ਪੁਲਿਸ ਆਖਿਰ ਯੋਗੇਸ਼ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਰਹੀ।
ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮ ਯੋਗੇਸ਼ ਪਟੇਲ ਨੇ ਦੱਸਿਆ, ''ਸਾਡੀ ਗਿਫ਼ਟ ਦੇ ਸਾਮਾਨ ਦੀ ਦੁਕਾਨ ਸੀ। ਉਸ ਵਿੱਚ ਮੈਂ ਦਿਨ-ਰਾਤ ਕੰਮ ਕਰਦਾ ਸੀ। ਪਰ ਮੇਰੇ ਚਾਚੇ ਨੇ ਮੇਰੇ 'ਤੇ ਚੋਰੀ ਦਾ ਦੋਸ਼ ਲਾਇਆ।''
''ਸਮਾਜਿਕ ਤੌਰ 'ਤੇ ਮੇਰਾ ਬਾਈਕਾਟ ਕਰਾਇਆ ਤਾਂ ਕਿ ਮੈਨੂੰ ਹਿੱਸਾ ਨਾ ਦੇਣਾ ਪਏ।''

ਤਸਵੀਰ ਸਰੋਤ, SANKET SIDANA
''ਢਾਈ ਸਾਲ ਪਹਿਲਾਂ, ਮੈਂ ਬਦਲਾ ਲੈਣ ਲਈ ਚਾਚੇ ਦਾ ਕਤਲ ਕਰਵਾ ਦਿੱਤਾ ਅਤੇ ਉਸ ਨੂੰ ਦੁਰਘਟਨਾ ਦਾ ਨਾਂ ਦੇ ਦਿੱਤਾ।''
''ਮੈਂ ਫੜਿਆ ਨਹੀਂ ਗਿਆ, ਇਸ ਦੇ ਬਾਅਦ ਮੈਂ ਆਪਣੇ ਚਚੇਰੇ ਭਰਾ ਨੂੰ ਵੀ ਇਸੇ ਤਰ੍ਹਾਂ ਮਰਵਾ ਦਿੱਤਾ।''
ਕਿਸੇ ਥ੍ਰਿਲਰ ਫ਼ਿਲਮ ਦੀ ਕਹਾਣੀ ਵਰਗੀ ਘਟਨਾ ਕਿਸੇ ਨੂੰ ਵੀ ਹੈਰਾਨੀ ਵਿੱਚ ਪਾ ਸਕਦੀ ਹੈ।
ਇਹ ਕਬੂਲਨਾਮਾ ਦਿੰਦੇ ਹੋਏ ਮੇਹਸਾਣਾ ਵਿੱਚ ਨਾਨੀ ਕਡੀ ਰੋਡ ਸਥਿਤ ਬੰਗਲੇ ਵਰਗੇ ਮਕਾਨ ਵਿੱਚ ਰਹਿਣ ਵਾਲੇ ਮੁਲਜ਼ਮ ਯੋਗੇਸ਼ ਦੇ ਚਿਹਰੇ 'ਤੇ ਨਾ ਤਾਂ ਕੋਈ ਦਰਦ ਸੀ ਅਤੇ ਨਾ ਹੀ ਕੋਈ ਪਛਤਾਵਾ।
ਉਸ ਨੇ ਕਿਹਾ, ''ਮੈਂ ਜੋ ਕੀਤਾ, ਉਹ ਸਹੀ ਕੀਤਾ।''
ਬੀਬੀਸੀ ਗੁਜਰਾਤੀ ਨੇ ਇਸ ਮਾਮਲੇ ਬਾਰੇ ਜਾਣਨ ਲਈ ਘਟਨਾ ਨਾਲ ਜੁੜੇ ਲੋਕਾਂ ਨਾਲ ਗੱਲ ਕਰਕੇ ਇਸ ਘਿਨੌਣੀ ਘਟਨਾ ਦੇ ਕਾਰਨਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।

ਤਸਵੀਰ ਸਰੋਤ, SANKET SIDANA
ਕੀ ਸੀ ਕਤਲ ਦੀ ਵਜ੍ਹਾ?
ਬੀਬੀਸੀ ਗੁਜਰਾਤੀ ਨੇ ਇਸ ਪੂਰੇ ਮਾਮਲੇ ਵਿੱਚ ਪੁਲਿਸ ਦੇ ਅਧਿਕਾਰੀਆਂ ਅਤੇ ਪੁਲਿਸ ਹਿਰਾਸਤ ਦੇ ਦੌਰਾਨ ਯੋਗੇਸ਼ ਪਟੇਲ ਨਾਲ ਗੱਲਬਾਤ ਕਰਕੇ ਘਟਨਾ ਅਤੇ ਉਸ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਪੁਲਿਸ ਕਸਟੱਡੀ ਦੇ ਦੌਰਾਨ ਯੋਗੇਸ਼ ਪਟੇਲ ਨੇ ਦੱਸਿਆ, ''ਸਾਡੇ ਕੋਲ ਇੱਕ ਸਾਂਝੀ ਜਾਇਦਾਦ ਸੀ। ਚਾਚਾ ਜਾਦਵਜੀ ਪਟੇਲ ਨਾਲ ਮਿਲ ਕੇ ਅਸੀਂ ਕੁਝ ਜ਼ਮੀਨ ਵੇਚ ਦਿੱਤੀ ਅਤੇ ਨਾਨੀ ਕਡੀ ਵਿੱਚ ਇੱਕ ਗਿਫਟ ਸ਼ੌਪ ਸ਼ੁਰੂ ਕੀਤੀ। ਦੁਕਾਨ ਚੰਗੀ ਤਰ੍ਹਾਂ ਚੱਲ ਰਹੀ ਸੀ।''
''2017 ਵਿੱਚ ਮੇਰਾ ਚਾਚਾ ਸੇਵਾਮੁਕਤ ਹੋਇਆ ਅਤੇ ਮੇਰਾ ਚਚੇਰਾ ਭਰਾ ਵਿਜੇ ਕਾਰੋਬਾਰ ਵਿੱਚ ਸ਼ਾਮਲ ਹੋਇਆ। ਸਾਡੀ ਸੰਤਰਾਮ ਕੰਪਲੈਕਸ ਵਿੱਚ ਇੱਕ ਦੁਕਾਨ ਸੀ।''
''ਵਿਜੇ ਨੇ ਮੇਰੇ 'ਤੇ ਦੁਕਾਨ ਤੋਂ ਚੋਰੀ ਕਰਨ ਦਾ ਦੋਸ਼ ਲਾਇਆ, ਮੇਰਾ ਚਾਚਾ ਮੰਨ ਗਿਆ ਅਤੇ ਮੈਨੂੰ ਕੱਢ ਦਿੱਤਾ।''

ਮਾਮਲੇ ਦੀ ਕੁਝ ਖਾਸ ਪਹਿਲੂ:
- ਚਾਚੇ ਅਤੇ ਚਚੇਰੇ ਭਰਾ ਨੂੰ ਇੱਕੋਂ ਤਰੀਕੇ ਨਾਲ ਕਤਲ ਕਰਨ ਦਾ ਮਾਮਲਾ
- ਪੁਲਿਸ ਮੁਤਾਬਕ ਦੋਵਾਂ ਕਥਿਤ ਕਤਲਾਂ ਵਿੱਚ ਮਿਨੀ ਟਰੱਕ ਦੀ ਵਰਤੋਂ ਕੀਤੀ
- ਮ੍ਰਿਤਕਾਂ ਨੇ ਮੁਲਜ਼ਮ ਉਪਰ ਦੁਕਾਨ ਤੋਂ ਚੋਰੀ ਕਰਨ ਦਾ ਲਗਾਇਆ ਸੀ ਇਲਜ਼ਾਮ
- ਚਾਚੇ ਦੇ ਕਤਲ ਤੋਂ ਢਾਈ ਸਾਲ ਬਾਅਦ ਚਚੇਰੇ ਭਰਾ ਦਾ ਕੀਤਾ ਸੀ ਕਤਲ

ਆਪਣੇ ਚਾਚੇ ਅਤੇ ਚਚੇਰੇ ਭਰਾ ਨਾਲ ਸਬੰਧਾਂ ਵਿੱਚ ਖਟਾਸ ਬਾਰੇ ਦੱਸਦੇ ਹੋਏ ਯੋਗੇਸ਼ ਪਟੇਲ ਨੇ ਕਿਹਾ, ''ਮੈਂ ਆਪਣਾ ਹਿੱਸਾ ਮੰਗਿਆ, ਪਰ ਉਨ੍ਹਾਂ ਨੇ ਮੈਨੂੰ ਦੁਕਾਨ ਦੀ ਕੀਮਤ ਅਤੇ ਆਪਣੀ ਹੈਸੀਅਤ ਦੇ ਮੁਤਾਬਿਕ ਪੈਸੇ ਨਹੀਂ ਦਿੱਤੇ ਕਿਉਂਕਿ ਉਨ੍ਹਾਂ ਕੋਲ ਜ਼ਿਆਦਾ ਪੈਸਾ ਸੀ।''
''ਉਨ੍ਹਾਂ ਨੇ ਸਾਡਾ ਸਮਾਜਿਕ ਰੂਪ ਨਾਲ ਬਾਈਕਾਟ ਕਰ ਦਿੱਤਾ। ਉਦੋਂ ਮੈਨੂੰ ਗੁੱਸਾ ਆ ਗਿਆ।''
ਯੋਗੇਸ਼ ਪਟੇਲ ਦੇ ਦਾਅਵੇ ਦੇ ਮੁਤਾਬਿਕ ਉਨ੍ਹਾਂ ਨੇ ਚਾਚੇ ਨਾਲ ਹਿੱਸੇਦਾਰੀ ਵਿੱਚ ਦੁਕਾਨ ਸ਼ੁਰੂ ਕੀਤੀ ਸੀ। ਜਿਸ ਦੀ ਬਾਜ਼ਾਰ ਦੀ ਕੀਮਤ ਇੱਕ ਕਰੋੜ ਰੁਪਏ ਦੇ ਆਸ ਪਾਸ ਹੋ ਗਈ ਸੀ।
ਪਰ ਉਨ੍ਹਾਂ ਨੇ ਯੋਗੇਸ਼ ਦੇ ਹਿੱਸੇ ਦੇ 60 ਲੱਖ ਰੁਪਏ ਦੀ ਜਗ੍ਹਾ ਕੇਵਲ ਪੰਜ ਲੱਖ ਰੁਪਏ ਦੇਣ ਦੀ ਗੱਲ ਕੀਤੀ ਅਤੇ ਫਿਰ ਪਰਿਵਾਰ ਨੂੰ ਸਮਾਜ ਤੋਂ ਬੇਦਖਲ ਵੀ ਕਰਵਾ ਦਿੱਤਾ।
ਇਸ ਨਾਰਾਜ਼ਗੀ ਦੇ ਚੱਲਦੇ ਚਾਚੇ ਦੇ ਕਤਲ ਦੀ ਗੱਲ ਸਵੀਕਾਰ ਕਰਦੇ ਹੋਏ ਯੋਗੇਸ਼ ਨੇ ਕਿਹਾ, ''ਮੇਰੇ ਚਾਚਾ ਜਾਦਵਜੀ ਰੋਜ਼ ਸ਼ਾਮ ਨੂੰ ਨਹਿਰ 'ਤੇ ਟਹਿਲਣ ਜਾਂਦੇ ਸਨ।''
''ਢਾਈ ਸਾਲ ਪਹਿਲਾਂ 2020 ਵਿੱਚ ਮੈਂ ਮਿਨੀ ਟਰੱਕ ਤੋਂ ਐਕਸੀਡੈਂਟ ਕਰਵਾ ਕੇ ਉਨ੍ਹਾਂ ਨੂੰ ਮਾਰ ਦਿੱਤਾ ਸੀ।''
''ਘਟਨਾ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਅਣਪਛਾਤੇ ਡਰਾਈਵਰ ਖਿਲਾਫ਼ ਦੁਰਘਟਨਾ ਵਿੱਚ ਮੌਤ ਦਾ ਮਾਮਲਾ ਦਰਜ ਕੀਤਾ ਗਿਆ।''
''ਬਾਅਦ ਵਿੱਚ ਮਾਮਲਾ ਬੰਦ ਕਰ ਦਿੱਤਾ ਗਿਆ ਸੀ।''

ਤਸਵੀਰ ਸਰੋਤ, SANKET SIDANA
ਪੁਲਿਸ ਕਿਵੇਂ ਪਹੁੰਚੀ ਮਾਮਲੇ ਦੀ ਤਹਿ ਤੱਕ?
ਆਪਣੇ ਚਾਚੇ ਦੇ ਕਤਲ ਦੇ ਬਾਅਦ ਵੀ ਨਾ ਫੜੇ ਜਾਣ ਨਾਲ ਯੋਗੇਸ਼ ਖੁਦ ਨੂੰ ਸਾਹਸੀ ਮਹਿਸੂਸ ਕਰਨ ਲੱਗਿਆ ਸੀ।
ਯੋਗੇਸ਼ ਨੇ ਦੱਸਿਆ, ''ਉਸ ਸਮੇਂ ਮੇਰੇ ਚਚੇਰੇ ਭਰਾ ਵਿਜੇ ਨੇ ਮੇਰੇ ਖਿਲਾਫ਼ ਸਬੂਤ ਇਕੱਠੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੁਝ ਨਹੀਂ ਮਿਲਿਆ।''
''ਵਿਜੇ ਵੀ ਮੇਰੇ ਹਿੱਸੇ ਦੇ ਪੈਸੇ ਨਹੀਂ ਦੇ ਰਿਹਾ ਸੀ, ਇਸ ਲਈ ਆਖਿਰਕਾਰ ਮੈਂ 24 ਜਨਵਰੀ ਨੂੰ ਚਾਚੇ ਦੀ ਤਰ੍ਹਾਂ ਇੱਕ ਮਿੰਨੀ ਟਰੱਕ ਨਾਲ ਦੁਰਘਟਨਾ ਕਰ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ, ਪਰ ਇਸ ਵਾਰ ਫੜਿਆ ਗਿਆ।''
ਇਸ ਮਾਮਲੇ ਵਿੱਚ ਪੁਲਿਸ ਮੁਲਜ਼ਮ ਤੱਕ ਕਿਵੇਂ ਪਹੁੰਚੀ ਅਤੇ ਕਿਵੇਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ, ਇਸ ਬਾਰੇ ਗੱਲ ਕਰਦੇ ਹੋਏ ਮੇਹਸਾਣਾ ਦੇ ਡਿਪਟੀ ਐੱਸਪੀ ਆਰਆਰ ਦੇਸਾਈ ਨੇ ਦੱਸਿਆ, ''ਕੁਝ ਦਿਨ ਪਹਿਲਾਂ ਇੱਕ ਘਟਨਾ ਸਾਹਮਣੇ ਆਈ ਜਦੋਂ ਕਡੀ ਵਿੱਚ ਗਿਫਟ ਸ਼ੌਪ ਬੰਦ ਕਰਕੇ ਘਰ ਜਾ ਰਹੇ ਇੱਕ ਨੌਜਵਾਨ ਨੂੰ ਰਾਤ ਦੇ ਸਮੇਂ ਨਵੀਂ ਕਡੀ ਦੇ ਕੋਲ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।''
''ਜਦੋਂ ਸਥਾਨਕ ਲੋਕ ਉਸ ਨੂੰ ਹਸਪਤਾਲ ਲੈ ਗਏ ਤਾਂ ਮੋਟਰਸਾਈਕਲ ਸਵਾਰ ਵਿਜੇ ਪਟੇਲ ਦੀ ਮੌਤ ਹੋ ਗਈ।''

ਤਸਵੀਰ ਸਰੋਤ, SANKET SIDANA
ਡਿਪਟੀ ਐੱਸਪੀ ਨੇ ਦੱਸਿਆ, ''ਸ਼ੁਰੂਆਤ ਵਿੱਚ ਅਸੀਂ ਦੁਰਘਟਨਾ ਨਾਲ ਮੌਤ ਦਾ ਮਾਮਲਾ ਦਰਜ ਕੀਤਾ, ਪਰ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕੁਝ ਹੀ ਸਮੇਂ ਵਿੱਚ ਇੱਕੋ ਜਿਹੀ ਦੁਰਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ।''
''ਉਨ੍ਹਾਂ ਨੇ ਕਿਹਾ ਕਿ ਇਹ ਦੁਰਘਟਨਾ ਨਹੀਂ ਬਲਕਿ ਕਤਲ ਹੈ।''
''ਅਸੀਂ ਹਿਊਮਨ ਇੰਟੈਲੀਜੈਂਸ ਨੂੰ ਫੋਨ ਕੀਤਾ ਅਤੇ ਤਕਨੀਕੀ ਨਿਗਰਾਨੀ ਸ਼ੁਰੂ ਕੀਤੀ।''
''ਜਾਂਚ ਦੇ ਬਾਅਦ ਅਸੀਂ ਬਨਾਸਕਾਂਠਾ ਦੇ ਛੋਟੇ ਪਿੰਡਾਂ ਤੋਂ ਤਿੰਨ ਲੋਕਾਂ ਅਤੇ ਮ੍ਰਿਤਕ ਵਿਜੇ ਪਟੇਲ ਦੇ ਚਚੇਰੇ ਭਰਾ ਯੋਗੇਸ਼ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਪੰਜ ਲੱਖ ਰੁਪਏ ਦੀ ਸੁਪਾਰੀ ਦੇ ਕੇ ਵਿਜੇ ਦਾ ਕਤਲ ਕਰਾਇਆ ਸੀ।''
ਪੁਲਿਸ ਨੇ ਕੀ ਤਰਕੀਬ ਅਪਣਾਈ?
ਇਸ ਮਾਮਲੇ ਦੀ ਜਾਂਚ ਕਰਨ ਵਾਲੇ ਕਡੀਨਾ ਪੁਲਿਸ ਇੰਸਪੈਕਟਰ ਐੱਨਆਰ ਪਟੇਲ ਨੇ ਦੱਸਿਆ, ''ਪਰਿਵਾਰ ਨੇ ਜਦੋਂ ਹੱਤਿਆ ਦਾ ਸ਼ੱਕ ਪ੍ਰਗਟਾਇਆ ਤਾਂ ਅਸੀਂ ਜਾਂਚ ਉਸ ਦਿਸ਼ਾ ਵਿੱਚ ਵਧਾਈ।''
''ਘਟਨਾ ਸਥਾਨ 'ਤੇ ਮੋਟਰਸਾਈਕਲ ਜਿਸ ਤਰ੍ਹਾਂ ਨਾਲ ਮਿਲਿਆ ਸੀ, ਉਸ ਤੋਂ ਸਾਨੂੰ ਵੀ ਲੱਗਿਆ ਕਿ ਇਹ ਕੋਈ ਆਮ ਦੁਰਘਟਨਾ ਨਹੀਂ ਹੈ।''
''ਅਸੀਂ ਤੁਰੰਤ ਫੋਰੈਂਸਿਕ ਟੀਮ ਦੀ ਮਦਦ ਲਈ ਅਤੇ ਦੇਖਿਆ ਕਿ ਮੋਟਰਸਾਈਕਲ ਨੂੰ ਇਸ ਤਰ੍ਹਾਂ ਨਾਲ ਟੱਕਰ ਮਾਰੀ ਗਈ ਸੀ ਕਿ ਜੇਕਰ ਉਹ ਡਿੱਗਦਾ ਤਾਂ ਸਵਾਰ ਨੂੰ ਸਿਰ ਵਿੱਚ ਗੰਭੀਰ ਸੱਟ ਲੱਗਦੀ।''
''ਅਸੀਂ ਤੁਰੰਤ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ। ਉਦੋਂ ਸਾਨੂੰ ਬਿਨਾਂ ਨੰਬਰ ਪਲੇਟ ਵਾਲਾ ਇੱਕ ਮਿੰਨੀ ਟਰੱਕ ਦਿਖਿਆ। ਇਹ ਮਿੰਨੀ ਟਰੱਕ ਸਾਡੇ ਲਈ ਸ਼ੱਕੀ ਸੀ।''

ਤਸਵੀਰ ਸਰੋਤ, SANKET SIDANA
ਪਟੇਲ ਕਹਿੰਦੇ ਹਨ, ''ਬਿਨਾਂ ਨੰਬਰ ਪਲੇਟ ਵਾਲਾ ਮਿਨੀ ਟਰੱਕ ਲੱਭਣਾ ਫੂਸ ਦੇ ਢੇਰ ਵਿੱਚੋਂ ਸੂਈ ਲੱਭਣ ਵਰਗਾ ਸੀ। ਇਸ ਦੀ ਵਜ੍ਹਾ ਇਹ ਸੀ ਕਿ ਕਡੀਨਾ ਬਾਜ਼ਾਰ ਤੋਂ ਰੋਜ਼ਾਨਾ ਅਲੱਗ-ਅਲੱਗ ਰਾਜਾਂ ਦੇ ਕਈ ਮਿਨੀ ਟਰੱਕ ਗੁਜ਼ਰਦੇ ਹਨ।''
''ਅਸੀਂ ਧਿਆਨ ਨਾਲ ਟਰੱਕ ਦਾ ਰੰਗ ਦੇਖਿਆ, ਉਸ ਦੇ ਪਿੱਛੇ ਦੋ ਨਾਮ ਅੰਸ਼ ਅਤੇ ਜਯੇਸ਼ ਨਾਲ ਲੱਗੇ ਚਿੱਤਰਾਂ ਨੂੰ ਵੀ ਦੇਖਿਆ।''
''ਜਿਸ ਤੋਂ ਅਸੀਂ ਤੈਅ ਕੀਤਾ ਕਿ ਟਰੱਕ ਦਾ ਮਾਲਕ ਗੁਜਰਾਤ ਦਾ ਹੋਣਾ ਚਾਹੀਦਾ ਹੈ।''
''ਕਿਉਂਕਿ ਗੁਜਰਾਤ ਵਿੱਚ ਜਯੇਸ਼ ਨਾਂ ਆਮ ਨਾਮ ਹੈ, ਉਦੋਂ ਅਸੀਂ ਦੇਖਿਆ ਕਿ ਫੁੱਲਾਂ ਅਤੇ ਟਾਹਣੀਆਂ ਦੇ ਪੈਟਰਨ ਨੂੰ ਟਰੱਕਾਂ 'ਤੇ ਬਣਾਇਆ ਗਿਆ ਸੀ।''
''ਅੰਗਰੇਜ਼ੀ ਵਿੱਚ 'ਗਤੀ' ਅਤੇ 'ਕਿਲੋਮੀਟਰ' ਲਿਖਣ ਦਾ ਪੈਟਰਨ ਮੁੱਖ ਰੂਪ ਨਾਲ ਬਨਾਸਕਾਂਠਾ ਦੇ ਟਰੱਕਾਂ 'ਤੇ ਜ਼ਿਆਦਾ ਆਮ ਸੀ।''
''ਜਦੋਂਕਿ ਸਤਲਾਸਨ ਦੇ ਤੇਲਗੜ੍ਹ ਖੇਤਰ ਦੇ ਮਿੰਨੀ ਟਰੱਕ 'ਤੇ ਇਸ ਪ੍ਰਕਾਰ ਲਿਖਣ ਦੀ ਸੰਭਾਵਨਾ ਜ਼ਿਆਦਾ ਸੀ।''
''ਇਸ ਲਈ ਅਸੀਂ ਚਿੱਤਰਕਾਰਾਂ ਨੂੰ ਤੇਲਗੜ੍ਹ ਅਤੇ ਉਸ ਦੇ ਆਸਪਾਸ ਵਾਹਨਾਂ ਨੂੰ ਪੇਂਟ ਕਰਨ ਲਈ ਭੇਜਿਆ।''
ਮੁਲਜ਼ਮਾਂ ਤੱਕ ਪਹੁੰਚਣ ਦੇ ਆਪਣੇ ਯਤਨਾਂ ਬਾਰੇ ਗੱਲ ਕਰਦੇ ਹੋਏ ਇੰਸਪੈਕਟਰ ਪਟੇਲ ਕਹਿੰਦੇ ਹਨ, ''ਕਿਉਂਕਿ ਪਿੰਡ ਛੋਟਾ ਹੈ, ਇਸ ਲਈ ਸਾਨੂੰ ਜਲਦੀ ਹੀ ਇੱਕ ਪੇਂਟਰ ਮਿਲ ਗਿਆ, ਜਿਸ ਨੇ ਇਸ ਮਿੰਨੀ ਟਰੱਕ 'ਤੇ ਪੇਂਟਿੰਗ ਕੀਤੀ ਸੀ।''
''ਉਸ ਜ਼ਰੀਏ ਅਸੀਂ ਟਰੱਕ ਦੇ ਮਾਲਕ ਤੱਕ ਪਹੁੰਚ ਗਏ। ਜਦੋਂ ਮਾਲਕ ਨੇ ਕਿਹਾ ਕਿ ਦੁਰਘਟਨਾ ਦੇ ਦਿਨ ਉਸ ਨੇ ਕਡੀ ਦੇ ਯੋਗੇਸ਼ ਪਟੇਲ ਨੂੰ 1500 ਰੁਪਏ ਪ੍ਰਤੀ ਦਿਨ ਦੇ ਕਿਰਾਏ 'ਤੇ ਟਰੱਕ ਦਿੱਤਾ ਸੀ।''

ਤਸਵੀਰ ਸਰੋਤ, Getty Images
ਸੀਸੀਟੀਵੀ ਨਾ ਹੋਣ ਦੇ ਕਾਰਨ ਢਾਈ ਸਾਲ ਤੱਕ ਫੜਿਆ ਨਹੀਂ ਗਿਆ
ਇਸ ਤੋਂ ਬਾਅਦ ਯੋਗੇਸ਼ ਦੇ ਫੋਨ ਦੀ ਲੋਕੇਸ਼ਨ ਮਾਰੀ ਪਿੰਡ ਵਿੱਚ ਟਰੇਸ ਕੀਤੀ ਗਈ। ਉਹ ਉਨ੍ਹਾਂ ਦਿਨਾਂ ਵਿੱਚ ਮਾਰੀ ਪਿੰਡ ਅਤੇ ਨਾਲ ਦੇ ਦਧਨਾ ਪਿੰਡ ਦੇ ਰਾਜਦੀਪ ਸਿੰਘ ਅਤੇ ਰਾਜੁਭਾ ਝਾਲਾ ਦੇ ਫੋਨ 'ਤੇ ਲਗਾਤਾਰ ਸੰਪਰਕ ਵਿੱਚ ਪਾਇਆ ਗਿਆ।
ਅਸੀਂ ਇੱਕ ਪਾਸੇ ਯੋਗੇਸ਼ ਪਟੇਲ 'ਤੇ ਨਜ਼ਰ ਰੱਖੀ ਸੀ ਅਤੇ ਦੂਜੇ ਪਾਸੇ ਜਦੋਂ ਅਸੀਂ ਰਾਜਦੀਪ ਸਿੰਘ ਅਤੇ ਰਾਜੁਭਾ ਨੂੰ ਫੜਿਆ ਤਾਂ ਉਨ੍ਹਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਉਸ ਰਾਤ ਲਾਲ ਰੰਗ ਦੇ ਇੱਕ ਮੋਟਰਸਾਈਕਲ ਸਵਾਰ ਨੂੰ ਮਾਰਨ ਲਈ ਸਾਨੂੰ ਪੰਜ ਲੱਖ ਰੁਪਏ ਦਿੱਤੇ ਗਏ ਸਨ।
ਸਬੂਤਾਂ ਦੇ ਆਧਾਰ 'ਤੇ ਪੁਲਿਸ ਯੋਗੇਸ਼ ਪਟੇਲ ਤੱਕ ਕਿਵੇਂ ਪਹੁੰਚੀ, ਇਸ ਬਾਰੇ ਇੰਸਪੈਕਟਰ ਪਟੇਲ ਨੇ ਕਿਹਾ, ''ਇਨ੍ਹਾਂ ਤੱਥਾਂ ਦੇ ਆਧਾਰ 'ਤੇ ਅਸੀਂ ਯੋਗੇਸ਼ ਨੂੰ ਗ੍ਰਿਫ਼ਤਾਰ ਕੀਤਾ ਅਤੇ ਸਾਰਿਆਂ ਨਾਲ ਆਹਮੋ-ਸਾਹਮਣੇ ਪੁੱਛਗਿੱਛ ਕੀਤੀ।''
''ਉਦੋਂ ਜਾ ਕੇ ਇਨ੍ਹਾਂ ਸਾਰਿਆਂ ਨੇ ਮੰਨਿਆ ਕਿ ਉਹ ਇਸ ਅਪਰਾਧ ਵਿੱਚ ਸ਼ਾਮਲ ਸਨ।''
ਉਨ੍ਹਾਂ ਨੇ ਅੱਗੇ ਕਿਹਾ, ''ਯੋਗੇਸ਼ ਨੇ ਨਹਿਰ ਦੇ ਕੋਲ ਆਪਣੇ ਟਰੱਕ ਦੀ ਨੰਬਰ ਪਲੇਟ 'ਤੇ ਸਟੀਕਰ ਲਾ ਕੇ ਆਪਣੇ ਚਾਚੇ ਨੂੰ ਮਾਰ ਦਿੱਤਾ ਸੀ, ਪਰ ਨਹਿਰ ਦੇ ਕੋਲ ਸੀਸੀਟੀਵੀ ਨਾ ਹੋਣ ਦੇ ਕਾਰਨ ਉਹ ਢਾਈ ਸਾਲ ਤੱਕ ਫੜਿਆ ਨਹੀਂ ਗਿਆ।''
''ਉਸ ਨੇ ਆਪਣੇ ਚਚੇਰੇ ਭਰਾ ਨੂੰ ਵੀ ਇਸੇ ਚਾਲ ਨਾਲ ਮਾਰਿਆ ਸੀ, ਪਰ ਇਸ ਬਾਰ ਉਹ ਪੁਲਿਸ ਦੀਆਂ ਅੱਖਾਂ ਵਿੱਚ ਧੂੜ ਨਹੀਂ ਪਾ ਸਕਿਆ।''
ਵਿਜੇ ਦੀ ਪਤਨੀ ਭੂਮੀ ਪਟੇਲ ਨੇ ਬੀਬੀਸੀ ਗੁਜਰਾਤੀ ਨਾਲ ਟੈਲੀਫੋਨ 'ਤੇ ਗੱਲਬਾਤ ਵਿੱਚ ਕਿਹਾ, ''ਮੇਰੇ ਪਤੀ ਵਿਜੇ ਬਹੁਤ ਚੰਗੀ ਤਰ੍ਹਾਂ ਡਰਾਈਵਿੰਗ ਕਰਦੇ ਸਨ, ਇਸ ਲਈ ਦੁਰਘਟਨਾ ਦਾ ਕੋਈ ਡਰ ਨਹੀਂ ਸੀ।''
''ਮੇਰੇ ਪਤੀ ਨੇ ਮੇਰੇ ਸਹੁਰੇ ਦੇ ਕਤਲ ਦੇ ਖਿਲਾਫ਼ ਸਬੂਤ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਉਸ ਟਰੱਕ ਦਾ ਨੰਬਰ ਕੋਈ ਨਹੀਂ ਦੇਖ ਸਕਿਆ, ਇਸ ਲਈ ਮਾਮਲਾ ਸਾਬਤ ਨਹੀਂ ਹੋਇਆ।''
''ਪਰ ਜਿਸ ਤਰ੍ਹਾਂ ਨਾਲ ਮੇਰੇ ਪਤੀ ਦੀ ਦੁਰਘਟਨਾ ਵਿੱਚ ਮੌਤ ਹੋਈ, ਮੈਨੂੰ ਅਤੇ ਮੇਰੇ ਭਰਾ ਨੂੰ ਸ਼ੱਕ ਸੀ ਕਿ ਕਿਸੇ ਨੇ ਉਨ੍ਹਾਂ ਨੂੰ ਮਾਰਿਆ ਹੈ।''
''ਪਰ ਕਾਤਲ ਸਾਡੇ ਪਰਿਵਾਰ ਦਾ ਹੀ ਹੋਵੇਗਾ, ਇਹ ਕਿਸੇ ਨੇ ਨਹੀਂ ਸੋਚਿਆ ਸੀ।''
ਮਾਮਲੇ ਵਿੱਚ ਸਾਜ਼ਿਸ਼ ਕਰਕੇ ਹੱਤਿਆ ਕਰਾਉਣ ਦੇ ਮਾਮਲੇ ਵਿੱਚ ਮੁਲਜ਼ਮ ਯੋਗੇਸ਼ ਪਟੇਲ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਯੋਗੇਸ਼ ਪਟੇਲ ਦੇ ਪਰਿਵਾਰ ਵਿੱਚ ਵੀ ਉਨ੍ਹਾਂ ਦੇ ਪਿਤਾ ਅਤੇ ਪਤਨੀ ਹਨ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ-












