You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ': ਕੌਣ ਸੀ ਹਰੀ ਸਿੰਘ ਨਲਵਾ ਜਿਨ੍ਹਾਂ ਦਾ ਜ਼ਿਕਰ ਮੂਸੇਵਾਲਾ ਦੇ ਨਵੇਂ ਗੀਤ 'ਚ ਹੈ
ਮਰਹੂਮ ਗਾਇਕ ਅਤੇ ਕਾਂਗਰਸੀ ਆਗੂ ਰਹੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਦੂਜਾ ਗੀਤ 'ਵਾਰ' ਅੱਜ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।
ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵਲੋਂ ਗਾਇਕ ਦੇ ਪ੍ਰਸੰਸਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਗੀਤ ਨੂੰ ਸੁਣਿਆ ਜਾਵੇ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਰਿਲੀਜ਼ ਹੋਣ ਵਾਲੇ ਇਸ ਗੀਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਦੀ ਵਾਰ ਗਾਈ ਗਈ ਹੈ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ।
ਇਸ ਤੋਂ ਪਹਿਲਾਂ 24 ਜੂਨ ਨੂੰ ਉਨ੍ਹਾਂ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋਇਆ ਸੀ।
ਹਾਲਾਂਕਿ ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਦਾ ਜ਼ਿਕਰ ਕਰਦਾ ਗੀਤ ਦੋ ਦਿਨ ਬਾਅਦ ਯਾਨਿ ਕਿ 26 ਜੂਨ ਨੂੰ ਭਾਰਤ ਵਿੱਚ ਯੂ-ਟਿਊਬ ਤੋਂ ਹਟਾ ਵੀ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
'ਵਾਰ' ਗੀਤ ਵਿੱਚ ਕੀ ਹੈ
ਸਿੱਧੂ ਮੂਸੇਵਾਲਾ ਦੇ ਗੀਤ 'ਵਾਰ' ਵਿੱਚ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਬਹਾਦਰੀ ਤੇ ਉਨ੍ਹਾਂ ਵਲੋਂ ਲੜੀਆਂ ਗਈਆਂ ਜੰਗਾਂ ਦਾ ਜ਼ਿਕਰ ਕੀਤਾ ਗਿਆ ਹੈ।
ਗਾਣਾ ਰਿਲੀਜ਼ ਹੋਣ ਦੇ 20 ਮਿੰਟ ਦੇ ਅੰਦਰ ਅੰਦਰ 10 ਲੱਖ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਸੀ ਤੇ ਖ਼ਬਰ ਲਿਖੇ ਜਾਣ ਤੱਕ ਇਹ ਗਿਣਤੀ ਲਗਾਤਾਰ ਵੱਧ ਰਹੀ ਸੀ।
ਗੀਤ ਬਾਰੇ ਇੱਕ ਨਿੱਜੀ ਖ਼ਬਰ ਚੈਨਲ ਨਾਲ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਧਾਰਮਿਕ ਗੀਤ ਲਿਖਣ ਵੱਲ ਸਿੱਧੂ ਦਾ ਰੁਝਾਨ ਸੀ।
ਉਹ ਕਹਿੰਦੇ ਹਨ, "ਅਸੀਂ ਇਹ ਹਰੀ ਸਿੰਘ ਨਲਵਾ ਬਾਰੇ ਗਾਈ ‘ਵਾਰ’ ਪਾਕਿਸਤਾਨ ਜਾ ਕੇ ਫ਼ਿਲਮਾਉਣਾ ਚਾਹੁੰਦੇ ਸੀ। ਪਰ ਸਿੱਧੂ ਦੀ ਮੌਤ ਕਾਰਨ ਇਹ ਸੁਫ਼ਨਾ ਹੀ ਰਹਿ ਗਿਆ।"
ਉਨ੍ਹਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤ ਬਾਰੇ ਕਿਹਾ, "ਸੁਫ਼ਨਾ ਤਾਂ ਪੂਰਾ ਨਹੀਂ ਹੋਇਆ ਪਰ ਵੀਡੀਓ ਚੰਗੀ ਹੈ।"
- ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਦੂਜਾ ਗੀਤ ਹੈ।
- ਇਸ ਤੋਂ ਪਹਿਲਾਂ 24 ਜੂਨ ਨੂੰ 'ਐੱਸਵਾਈਐੱਲ' ਟਾਈਟਲ ਅਧੀਨ ਇੱਕ ਗੀਤ ਰਿਲੀਜ਼ ਕੀਤਾ ਗਿਆ ਸੀ।
- ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ।
- ਇਸ ਕਤਲ ਮਾਮਲੇ ਵਿੱਚ ਕੈਨੇਡਾ ਸਥਿਤ ਗੋਲਡੀ ਬਰਾੜ ਨੂੰ ਮਾਸਟਰ ਮਾਈਂਡ ਕਰਾਰ ਦਿੱਤਾ ਗਿਆ।
- ਕੁੱਲ ਛੇ ਸ਼ੂਟਰ ਸਨ ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋ ਦੀ ਮੌਤ ਪੁਲਿਸ ਮੁਕਾਬਲੇ ਵਿੱਚ ਹੋ ਗਈ ਸੀ।
- ਮੂਸੇਵਾਲਾ ਦੇ ਪਰਿਵਾਰ ਤੇ ਪ੍ਰਸ਼ੰਸਕਾ ਵਲੋਂ 'ਜਸਟਿਸ ਫ਼ਾਰ ਮੂਸੇਵਾਲਾ' ਮੁਹਿੰਮ ਵੀ ਚਲਾਈ ਗਈ।
ਕੌਣ ਸਨ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ
ਸਿੱਖ ਇਤਿਹਾਸ ਦੇ ਖੋਜਕਾਰ ਜਹਾਂਦਾਦ ਖ਼ਾਨ ਤਨੋਲੀ ਮੁਤਾਬਕ ਹਰੀ ਸਿੰਘ ਨਲਵਾ ਸਿੱਖ ਖ਼ਾਲਸਾ ਫ਼ੌਜ ਦਾ ਅਹਿਮ ਹਿੱਸਾ ਸਨ।
ਹਰੀ ਸਿੰਘ ਨਲਵਾ ਨੇ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਅਤੇ ਜਿੱਤਾਂ ਵਿੱਚ ਖ਼ਾਸ ਭੂਮਿਕਾ ਨਿਭਾਈ ਸੀ।
ਨਲਵਾ ਨੇ ਇੱਕ ਦਰਜਨ ਤੋਂ ਵੱਧ ਇਤਿਹਾਸਕ ਜੰਗਾਂ ਦੀ ਅਗਵਾਈ ਕੀਤੀ ਜਾਂ ਉਨ੍ਹਾਂ ਵਿੱਚ ਹਿੱਸਾ ਲਿਆ।
ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਜੰਗਾਂ ਸਨ ਜਿਨ੍ਹਾਂ ਵਿੱਚ ਹਰੀ ਸਿੰਘ ਨਲਵਾ ਨੇ ਅਗਵਾਈ ਕੀਤੀ ਸੀ।
ਜਹਾਂਦਾਦ ਖ਼ਾਨ ਕਹਿੰਦੇ ਹਨ, "ਸਿੱਖ ਯੁੱਗ ਵਿੱਚ ਬਹੁਤ ਘੱਟ ਉਦਾਹਰਣਾਂ ਹਨ ਜਿੱਥੇ ਸਿੱਖ ਸ਼ਾਸਕਾਂ ਨੇ ਕੋਈ ਉਸਾਰੀ ਕੀਤੀ ਹੋਵੇ ਪਰ ਹਰੀ ਸਿੰਘ ਨਲਵਾ ਨੇ ਘੱਟੋ-ਘੱਟ 56 ਵੱਖ-ਵੱਖ ਇਮਾਰਤਾਂ ਬਣਵਾਈਆਂ ਸਨ ਜਿਨ੍ਹਾਂ ਵਿੱਚ ਕਿਲ੍ਹੇ, ਗੁਰਦੁਆਰੇ, ਬਾਗ਼, ਮਹਿਲ ਅਤੇ ਸਰਾਵਾਂ ਸ਼ਾਮਲ ਹਨ।"
ਜਹਾਂਦਾਦ ਖ਼ਾਨ ਤਨੋਲੀ ਮੁਤਾਬਕ, ਉਨ੍ਹਾਂ ਨੇ ਅਜੋਕੇ ਖ਼ੈਬਰ ਪਖ਼ਤੂਨਖਵਾ, ਕਸ਼ਮੀਰ ਅਤੇ ਪੰਜਾਬ ਵਿੱਚ ਜ਼ਿਆਦਾਤਰ ਇਮਾਰਤਾਂ ਬਣਾਈਆਂ ਸਨ।
"ਜਿਨ੍ਹਾਂ ਵਿੱਚੋਂ ਕਈ ਅੱਜ ਵੀ ਮੌਜੂਦ ਹਨ ਅਤੇ ਕਈਆਂ ਨੂੰ ਸੱਭਿਆਚਾਰਕ ਵਿਰਾਸਤ ਵਜੋਂ ਸੰਭਾਲਿਆ ਗਿਆ ਹੈ।"
ਉਨ੍ਹਾਂ ਨੇ ਦੱਸਿਆ, "19ਵੀਂ ਸਦੀ ਵਿੱਚ ਉਨ੍ਹਾਂ ਦੇ ਫੌਜੀ ਜੀਵਨ ਅਤੇ ਜਿੱਤਾਂ ਉੱਤੇ ਬਹੁਤ ਸਾਰੇ ਯਾਦਗਾਰੀ ਗੀਤ ਲਿਖੇ ਗਏ।"
2013 ਵਿੱਚ ਹੀ, ਭਾਰਤ ਸਰਕਾਰ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਟਿਕਟ ਜਾਰੀ ਵੀ ਕੀਤੀ।
ਤਤਕਾਲੀ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਇਹ ਡਾਕ ਟਿਕਟ ਜਾਰੀ ਕੀਤੀ ਸੀ। ਕਪਿਲ ਸਿੱਬਲ ਉਸ ਵੇਲੇ ਭਾਰਤ ਦੇ ਦੂਰਸੰਚਾਰ ਮੰਤਰੀ ਸਨ।
ਇਹ ਵੀ ਪੜ੍ਹੋ-
ਹਜ਼ਾਰਾ ਡਿਵੀਜ਼ਨ ਨੂੰ ਅਧੀਨ ਕਰਨਾ
ਖ਼ੈਬਰ ਪਖ਼ਤੂਨਖ਼ਵਾ ਦੇ ਹਜ਼ਾਰਾ ਡਿਵੀਜ਼ਨ ਦੇ ਇਤਿਹਾਸ ਦੇ ਖੋਜਕਾਰ ਇਜਾਜ਼ ਅਹਿਮਦ ਦੱਸਦੇ ਹਨ ਕਿ ਹਰੀ ਸਿੰਘ ਨਲਵਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਬੇਸ਼ੱਕ ਥੋੜ੍ਹੇ ਸਮੇਂ ਲਈ, ਪਰ ਲਾਹੌਰ ਤਖ਼ਤ ਦੇ ਸਾਰੇ ਖੇਤਰ ਨੂੰ ਆਪਣੇ ਅਧੀਨ ਕਰ ਲਿਆ ਸੀ।
ਰਣਜੀਤ ਸਿੰਘ ਨੇ ਵਿਦਰੋਹ ਨੂੰ ਰੋਕਣ ਲਈ ਉਨ੍ਹਾਂ ਨੂੰ ਇੱਥੇ ਨਿਯੁਕਤ ਕੀਤਾ ਸੀ ਕਿਉਂਕਿ ਉਸ ਤੋਂ ਪਹਿਲਾਂ ਨਿਯੁਕਤ ਕੀਤੇ ਗਏ ਗਵਰਨਰ ਸਫ਼ਲ ਨਹੀਂ ਹੋ ਸਕੇ ਸਨ।
ਖੋਜਕਾਰ ਸਾਹਿਬਜ਼ਾਦਾ ਜਵਾਦ ਅਲ-ਫੈਜ਼ੀ ਮੁਤਾਬਕ, "ਹਜ਼ਾਰਾ ਡਿਵੀਜ਼ਨ ਵਿੱਚ ਸਿੱਖ ਰਾਜ ਵਿਰੁੱਧ ਵੱਡੀ ਬਗ਼ਾਵਤ ਹੋਈ ਸੀ।"
"ਕਸ਼ਮੀਰ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਪਰ ਹਜ਼ਾਰਾ ਡਿਵੀਜ਼ਨ ਵਿੱਚ ਕਬਜ਼ਾ ਉਦੋਂ ਤੱਕ ਸੰਭਵ ਨਹੀਂ ਹੋ ਸਕਿਆ ਸੀ। ਹਰੀ ਸਿੰਘ ਨਲਵਾ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਿੱਖ ਜਰਨੈਲਾਂ ਨੂੰ ਇੱਥੇ ਮਾਰ ਦਿੱਤਾ ਗਿਆ ਸੀ।"
ਉਨ੍ਹਾਂ ਨੇ ਕਿਹਾ ਕਿ ਹਜ਼ਾਰਾ ਡਿਵੀਜ਼ਨ ਦਾ ਦਰਬੰਦ ਇਲਾਕਾ, ਜਿਸ ਦਾ ਜ਼ਿਆਦਾਤਰ ਹਿੱਸਾ ਮੌਜੂਦਾ ਤਰਬੇਲਾ ਡੈਮ ਅਧੀਨ ਆਉਂਦਾ ਹੈ, ਉਸ ਵੇਲੇ ਦੇ ਸ਼ਕਤੀਸ਼ਾਲੀ ਅੰਬ ਰਾਜ ਦੀ ਰਾਜਧਾਨੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਖਿਲਾਫ਼ ਹੋ ਰਹੇ ਵਿਰੋਧ ਕਾਰਨ ਕਸ਼ਮੀਰ ਉੱਤੇ ਸਿੱਖਾਂ ਦਾ ਕੰਟਰੋਲ ਕਰਨਾ ਵੀ ਔਖਾ ਹੁੰਦਾ ਜਾ ਰਿਹਾ ਸੀ।
ਅਜਿਹੇ ਹਾਲਾਤ ਵਿੱਚ ਅਮਰ ਸਿੰਘ ਮਜੀਠੀਆ ਦਾ ਕਤਲ ਲਾਹੌਰ ਦੇ ਤਖ਼ਤ ਲਈ ਇੱਕ ਚੁਣੌਤੀ ਸੀ।
ਇਸੇ ਲਈ ਰਣਜੀਤ ਸਿੰਘ ਨੇ ਆਪਣੇ ਸਭ ਤੋਂ ਭਰੋਸੇਮੰਦ ਜਰਨੈਲ ਹਰੀ ਸਿੰਘ ਨਲਵਾ ਨੂੰ ਹਜ਼ਾਰਾ ਡਵੀਜ਼ਨ ਦਾ ਗਵਰਨਰ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੂੰ ਬਗ਼ਾਵਤ ਨੂੰ ਕੁਚਲਣ ਅਤੇ ਸਿੱਖ ਰਾਜ ਨੂੰ ਸਥਾਪਤ ਕਰਨ ਦਾ ਹੁਕਮ ਦਿੱਤਾ ਸੀ।
ਇਸ ਤੋਂ ਪਹਿਲਾਂ ਹਰੀ ਸਿੰਘ ਨਲਵਾ ਕਸ਼ਮੀਰ ਦੇ ਗਵਰਨਰ ਰਹੇ ਸਨ।
ਇਹ ਵੀ ਪੜ੍ਹੋ-