ਮੋਰਬੀ ਪੁਲ਼ ਹਾਦਸਾ : 140 ਸਾਲ ਤੋਂ ਵੱਧ ਪੁਰਾਣੇ ਪੁਲ਼ ਦਾ ਕੀ ਹੈ ਇਤਿਹਾਸ, ਕਦੋਂ ਤੇ ਕਿਸ ਨੇ ਬਣਾਇਆ

ਮੋਰਬੀ ਦਾ ਸਸਪੈਨਸ਼ਨ ਬ੍ਰਿਜ

ਤਸਵੀਰ ਸਰੋਤ, GUJARATTOURISM

ਤਸਵੀਰ ਕੈਪਸ਼ਨ, ਮੋਰਬੀ ਦਾ ਸਸਪੈਂਸ਼ਨ ਬ੍ਰਿਜ
ਪ੍ਰਕਾਸ਼ਿਤ
  • ਗੁਜਰਾਤ ਸੂਬੇ ਦੇ ਜ਼ਿਲ੍ਹੇ ਮੋਰਬੀ ਇਲਾਕੇ ਦੀ ਮੱਛੂ ਨਦੀ 'ਤੇ ਐਤਵਾਰ ਰਾਤ ਪੁਰਾਤਨ ਵਿਰਾਸਤੀ ਪੁਲ਼ ਡਿੱਗਣ ਨਾਲ ਹਾਦਸਾ ਵਾਪਰਿਆ।
  • ਪੁਲ਼ ਦੀ ਸਮਰੱਥਾ ਸਿਰਫ਼ 100 ਦੇ ਕਰੀਬ ਲੋਕਾਂ ਦੀ ਸੀ, ਪਰ ਇਸ ਉੱਤੇ 400 ਦੇ ਕਰੀਬ ਲੋਕ ਚੜ੍ਹ ਗਏ ਸਨ।
  • ਘਟਨਾ ਤੋਂ ਬਾਅਦ ਪੁਲ਼ ਦੀ ਪ੍ਰਬੰਧਕ ਟੀਮ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 304, 308 ਅਤੇ 144 ਤਹਿਤ ਇਰਾਦਾ ਕਤਲ ਦਾ ਕੇਸ ਦਰਜ ਕੀਤੀ ਗਿਆ ਹੈ।
  • ਮੌਤਾਂ ਦੀ ਗਿਣਤੀ 140 ਤੋਂ ਟੱਪ ਚੁੱਕੀ ਹੈ ਅਤੇ ਮਰਨ ਵਾਲਿਆਂ ਵਿੱਚ ਜ਼ਿਆਦਾ ਬੱਚੇ ਤੇ ਔਰਤਾਂ ਸ਼ਾਮਲ ਹਨ।
  • ਪੁਲਿਸ ਨੇ ਮਾਮਲਾ ਦਰਜ ਕਰਕੇ ਪੁਲ਼ ਦਾ ਰੱਖ ਰਖਾਅ ਕਰਨ ਵਾਲੀ ਕੰਪਨੀ ਦੇ 2 ਮੈਨੇਜਰਾਂ ਸਣੇ 9 ਲੋਕ ਗ੍ਰਿਫ਼ਤਾਰ ਕੀਤੇ ਹਨ।
ਬੀਬੀਸੀ

ਗੁਜਰਾਤ ਦੇ ਮੋਰਬੀ 'ਚ ਐਤਵਾਰ ਨੂੰ ਮਾਛੂ ਨਦੀ 'ਤੇ ਬਣੇ ਸਸਪੈਂਸ਼ਨ ਪੁਲ਼ ਡਿੱਗਣ ਨਾਲ ਸੈਂਕੜੇ ਲੋਕ ਨਦੀ 'ਚ ਡਿੱਗ ਗਏ ਅਤੇ ਕਈ ਲੋਕਾਂ ਦੀ ਮੌਤ ਹੋ ਗਈ।

ਖ਼ਬਰ ਲਿਖੇ ਜਾਣ ਤੱਕ ਮਰਨ ਵਾਲਿਆਂ ਦੀ ਗਿਣਤੀ 140 ਨੂੰ ਪਾਰ ਕਰ ਚੁੱਕੀ ਹੈ।

ਇਸ ਦੁਖਾਂਤ ਤੋਂ ਬਾਅਦ ਵੀ ਕਈ ਲੋਕ ਲਾਪਤਾ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਕਈ ਸਾਲ ਪੁਰਾਣਾ ਇਹ ਪੁਲ਼ ਮੋਰਬੀ ਦੇ ਸ਼ਾਹੀ ਦਿਨਾਂ ਦੀ ਯਾਦ ਦਿਵਾਉਂਦਾ ਸੀ। ਮੋਰਬੀ ਦੇ ਰਾਜੇ ਸਰ ਵਾਘਜੀ ਠਾਕੋਰ ਨੇ ਲਗਭਗ 150 ਸਾਲ ਪਹਿਲਾਂ ਆਧੁਨਿਕ ਯੂਰਪੀ ਤਕਨੀਕ ਦੀ ਵਰਤੋਂ ਕਰਦਿਆਂ ਹੋਇਆ ਇਸ ਪੁਲ਼ ਨੂੰ ਨਿਰਮਾਣ ਕਰਵਾਇਆ ਸੀ।

ਮੋਰਬੀ ਸਸਪੈਂਸ਼ਨ ਬ੍ਰਿਜ: ਇੱਕ 'ਕਲਾਤਮਕ ਅਤੇ ਤਕਨੀਕੀ ਚਮਤਕਾਰ'

ਸਸਪੈਂਸ਼ਨ ਬ੍ਰਿਜ ਦਾ ਉਦਘਾਟਨ 20 ਫਰਵਰੀ 1879 ਨੂੰ ਮੁੰਬਈ ਦੇ ਤਤਕਾਲੀ ਗਵਰਨਰ ਰਿਚਰਡ ਟੈਂਪਲ ਨੇ ਕੀਤਾ ਸੀ।

ਮੋਰਬੀ ਦਾ ਸਸਪੈਨਸ਼ਨ ਬ੍ਰਿਜ

ਤਸਵੀਰ ਸਰੋਤ, MORBI.NIC.IN

ਪੁਲ਼ ਦੀ ਉਸਾਰੀ ਲਈ ਲੋੜੀਂਦੀ ਸਾਰੀ ਸਮੱਗਰੀ ਇੰਗਲੈਂਡ ਤੋਂ ਆਈ ਸੀ ਅਤੇ ਉਸ ਸਮੇਂ ਨਿਰਮਾਣ ਦੀ ਲਾਗਤ 3.5 ਲੱਖ ਰੁਪਏ ਸੀ।

ਸਸਪੈਂਸ਼ਨ ਬ੍ਰਿਜ ਕਾਰਨ ਵੱਡੀ ਗਿਣਤੀ ਵਿੱਚ ਸੈਲਾਨੀ ਸ਼ਹਿਰ ਵੱਲ ਆਉਂਦੇ ਸਨ ਅਤੇ ਉਸ ਸਮੇਂ ਇਸ ਨੂੰ ਇੱਕ 'ਕਲਾਤਮਕ ਅਤੇ ਤਕਨੀਕੀ ਚਮਤਕਾਰ' ਵਜੋਂ ਦੇਖਿਆ ਗਿਆ।

ਸਸਪੈਂਸ਼ਨ ਬ੍ਰਿਜ 1.25 ਮੀਟਰ ਚੌੜਾ ਅਤੇ 233 ਮੀਟਰ ਲੰਬਾ ਸੀ। ਇਹ ਪੁਲ ਦਰਬਾਰਗੜ੍ਹ ਪੈਲੇਸ ਅਤੇ ਸ਼ਾਹੀ ਨਿਵਾਸ ਨਾਜ਼ਰਬਾਗ਼ ਪੈਲੇਸ ਨੂੰ ਵੀ ਜੋੜਦਾ ਹੈ।

ਇਹ ਪੁਲ਼ 2001 ਵਿੱਚ ਗੁਜਰਾਤ ਵਿੱਚ ਆਏ ਭਿਆਨਕ ਭੂਚਾਲ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ।

ਇਸ ਪੁਲ ਦੇ ਨਿਰਮਾਣ ਪਿੱਛੇ ਸਰ ਵਾਘਜੀ ਠਾਕੋਰ 'ਤੇ ਬਸਤੀਵਾਦੀ ਯੁੱਗ ਦੇ ਆਰਕੀਟੈਕਚਰ ਦਾ ਸਪੱਸ਼ਟ ਪ੍ਰਭਾਵ ਸੀ। ਵਾਘਜੀ ਠਾਕੋਰ ਨੇ ਮੋਰਬੀ ਸ਼ਹਿਰ ਦੇ ਵਿਕਾਸ ਨੂੰ ਤੇਜ਼ ਲੈ ਕੇ ਆਉਣ ਲਈ ਇਸ ਤੋਂ ਪ੍ਰੇਰਿਤ ਹੋਏ ਸਨ।

ਮੋਰਬੀ ਦਾ ਸਸਪੈਨਸ਼ਨ ਬ੍ਰਿਜ

ਤਸਵੀਰ ਸਰੋਤ, GUJARATTOURISM

ਸਰ ਵਾਘਜੀ ਠਾਕੋਰ ਨੇ 1922 ਤੱਕ ਮੋਰਬੀ ਉੱਤੇ ਰਾਜ ਕੀਤਾ। ਸ਼ਾਹੀ ਕਾਲ ਦੌਰਾਨ ਮੋਰਬੀ ਸ਼ਹਿਰ ਦੀ ਵਿਉਂਤਬੰਦੀ ਵਿੱਚ ਯੂਰਪੀ ਸ਼ੈਲੀ ਦਾ ਪ੍ਰਭਾਵ ਸਾਫ਼ ਦੇਖਿਆ ਜਾ ਸਕਦਾ ਹੈ।

ਸ਼ਹਿਰ ਦੇ ਮੁੱਖ ਚੌਕ ਨੂੰ 'ਗਰੀਨ ਚੌਕ' ਵਜੋਂ ਜਾਣਿਆ ਜਾਂਦਾ ਹੈ, ਜਿਸ ਤੱਕ ਤਿੰਨ ਵੱਖ-ਵੱਖ ਗੇਟਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।

ਇਨ੍ਹਾਂ ਤਿੰਨਾਂ ਦਰਵਾਜ਼ਿਆਂ ਦੀ ਉਸਾਰੀ ਵਿੱਚ ਰਾਜਪੂਤ ਅਤੇ ਇਤਾਲਵੀ ਸ਼ੈਲੀ ਦਾ ਸੁਮੇਲ ਸਾਫ਼ ਦੇਖਿਆ ਜਾ ਸਕਦਾ ਹੈ।

ਮੋਰਬੀ ਜ਼ਿਲ੍ਹੇ ਦੀ ਵੈੱਬਸਾਈਟ ਮੁਤਾਬਕ, ਸਸਪੈਨਸ਼ਨ ਪੁਲ਼ ਮੋਰਬੀ ਰਾਇਲਟੀ ਦੀ "ਪ੍ਰਗਤੀਸ਼ੀਲ ਅਤੇ ਵਿਗਿਆਨਕ ਪਹੁੰਚ" ਨੂੰ ਦਰਸਾਉਂਦਾ ਹੈ।

ਬੀਬੀਸੀ
  • ਲਗਭਗ 150 ਸਾਲ ਪਹਿਲਾਂ, ਮੋਰਬੀ ਦੇ ਰਾਜਾ ਸਰ ਵਾਘਜੀ ਠਾਕੋਰ ਨੇ ਸਸਪੈਂਸ਼ਨ ਪੁਲ਼ ਬਣਵਾਇਆ ਸੀ।
  • ਉਸ ਸਮੇਂ ਇਸ ਨੂੰ 'ਕਲਾਤਮਕ ਅਤੇ ਤਕਨੀਕੀ ਚਮਤਕਾਰ' ਕਿਹਾ ਜਾਂਦਾ ਸੀ।
  • ਪੁਲ ਦਾ ਉਦਘਾਟਨ 20 ਫਰਵਰੀ 1879 ਨੂੰ ਮੁੰਬਈ ਦੇ ਤਤਕਾਲੀ ਗਵਰਨਰ ਰਿਚਰਡ ਟੈਂਪਲ ਨੇ ਕੀਤਾ ਸੀ।
  • ਪੁਲ਼ ਦੀ ਉਸਾਰੀ ਲਈ ਲੋੜੀਂਦੀ ਸਾਰੀ ਸਮੱਗਰੀ ਇੰਗਲੈਂਡ ਤੋਂ ਆਈ ਸੀ ਅਤੇ ਉਸ ਸਮੇਂ ਨਿਰਮਾਣ ਦੀ ਲਾਗਤ 3.5 ਲੱਖ ਰੁਪਏ ਸੀ।
ਬੀਬੀਸੀ

ਪੁਲ਼ ਦਾ ਮਾਲਕ ਕੌਣ ਹੈ?

ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈਸ' ਮੁਤਾਬਕ ਇਸ ਪੁਲ਼ ਦੀ ਮਲਕੀਅਤ ਫਿਲਹਾਲ ਮੋਰਬੀ ਨਗਰ ਪਾਲਿਕਾ ਕੋਲ ਹੈ।

ਨਗਰਪਾਲਿਕਾ ਨੇ ਹਾਲ ਹੀ ਵਿੱਚ ਓਰੇਵਾ ਕੰਪਨੀ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖ਼ਰ ਕੀਤੇ ਸਨ ਅਤੇ ਪੁਲ਼ ਦੇ ਰੱਖ-ਰਖਾਅ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਲਈ ਇਸ ਨੂੰ 15 ਸਾਲਾਂ ਲਈ ਕੰਪਨੀ ਨੂੰ ਸੌਂਪ ਦਿੱਤਾ ਸੀ।

ਓਰੇਵਾ ਸਮੂਹ ਦੇ ਬੁਲਾਰੇ ਨੇ ਅਖ਼ਬਾਰ ਨੂੰ ਦੱਸਿਆ, "ਬਹੁਤ ਸਾਰੇ ਲੋਕਾਂ ਨੇ ਪੁਲ਼ ਨੂੰ ਵਿਚਕਾਰੋਂ ਹਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਪਹਿਲੀ ਨਜ਼ਰ ਵਿੱਚ ਇਹ ਜਾਪਦਾ ਹੈ ਕਿ ਇਹੀ ਕਾਰਨ ਹੈ ਕਿ ਪੁਲ ਢਹਿ ਗਿਆ।"

ਮੋਰਬੀ ਦਾ ਸਸਪੈਨਸ਼ਨ ਬ੍ਰਿਜ

ਤਸਵੀਰ ਸਰੋਤ, SAM PANTHAKY

ਪੁਲ਼ ਦੀ ਤਾਜ਼ਾ ਮੁਰੰਮਤ ਤੋਂ ਬਾਅਦ, ਇਸ ਨੂੰ 26 ਅਕਤੂਬਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।

ਹਾਲਾਂਕਿ, ਨਗਰਪਾਲਿਕਾ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਮੋਰਬੀ ਨਗਰ ਪਾਲਿਕਾ ਦੇ ਮੁੱਖ ਅਫ਼ਸਰ ਸੰਦੀਪ ਸਿੰਘ ਝਾਲਾ ਨੇ ਕਿਹਾ, "ਇਹ ਪੁਲ਼ ਮੋਰਬੀ ਨਗਰ ਪਾਲਿਕਾ ਦੀ ਜਾਇਦਾਦ ਹੈ, ਪਰ ਅਸੀਂ ਕੁਝ ਮਹੀਨੇ ਪਹਿਲਾਂ ਇਸ ਨੂੰ 15 ਸਾਲਾਂ ਲਈ ਰੱਖ-ਰਖਾਅ ਅਤੇ ਪ੍ਰਬੰਧਨ ਵਾਸਤੇ ਓਰੇਵਾ ਗਰੁੱਪ ਨੂੰ ਸੌਂਪ ਦਿੱਤਾ ਸੀ।"

"ਪਰ ਪ੍ਰਾਈਵੇਟ ਫਰਮ ਨੇ ਸਾਨੂੰ ਬਿਨਾਂ ਦੱਸੇ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ। ਇਸ ਲਈ ਅਸੀਂ ਪੁਲ਼ ਦੀ ਸੁਰੱਖਿਆ ਆਡਿਟ ਨਹੀਂ ਕਰ ਸਕੇ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਓਰੇਵਾ ਗਰੁੱਪ ਸਸਪੈਂਸ਼ਨ ਬ੍ਰਿਜ ਲਈ ਟਿਕਟਾਂ ਵੀ ਵੇਚਦੀ ਹੈ। ਟਿਕਟ ਦੀ ਕੀਮਤ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 12 ਰੁਪਏ ਅਤੇ ਬਾਲਗਾਂ ਲਈ 17 ਰੁਪਏ ਰੱਖੀ ਗਈ ਹੈ।

ਓਰੇਵਾ ਗਰੁੱਪ ਘੜੀਆਂ ਤੋਂ ਲੈ ਕੇ ਈ-ਬਾਈਕ ਤੱਕ ਕਈ ਤਰ੍ਹਾਂ ਦੇ ਇਲੈਕਟ੍ਰੀਕਲ ਉਤਪਾਦਾਂ ਦਾ ਨਿਰਮਾਣ ਕਰਦੀ ਹੈ।

ਕੰਪਨੀ ਦੀ ਵੈੱਬਸਾਈਟ ਮੁਤਾਬਕ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਘੜੀ ਬਣਾਉਣ ਵਾਲੀ ਕੰਪਨੀ ਹੈ।

ਕੀ ਹੈ ਪੂਰੀ ਘਟਨਾ?

ਮੱਛੂ ਨਦੀ 'ਤੇ ਬਣਿਆ ਪੁਲ਼ ਐਤਵਾਰ ਸ਼ਾਮ ਕਰੀਬ 6.30 ਵਜੇ ਡਿੱਗ ਗਿਆ, ਜਿਸ ਕਾਰਨ ਕਈ ਲੋਕ ਨਦੀ 'ਚ ਡਿੱਗ ਗਏ।

ਨੌਰਬੀ

ਤਸਵੀਰ ਸਰੋਤ, ANI

ਆਈਜੀ ਅਸ਼ੋਕ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ 141 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਲੋਕ ਅਜੇ ਵੀ ਲਾਪਤਾ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਤ੍ਰਾਸਦੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਗੁਜਰਾਤ ਸਰਕਾਰ ਨੇ ਵੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।

ਧਿਆਨ ਯੋਗ ਹੈ ਕਿ ਪੁਲ਼ ਨੂੰ ਛੇ ਮਹੀਨੇ ਪਹਿਲਾਂ ਮੁਰੰਮਤ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਚਾਰ ਦਿਨ ਪਹਿਲਾਂ 26 ਅਕਤੂਬਰ ਨੂੰ ਇਸ ਨੂੰ ਮੁੜ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।

ਬੀਬੀਸੀ

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)