ਮੋਰਬੀ ਪੁਲ਼ ਹਾਦਸਾ : ਮੁਰੰਮਤ ਉੱਤੇ ਕਰੋੜਾਂ ਰੁਪਏ ਖ਼ਰਚ ਕੇ ਕੁਝ ਦਿਨ ਪਹਿਲਾਂ ਖੁੱਲ੍ਹਿਆ ਪੁਲ਼ ਕਿਵੇਂ ਟੁੱਟ ਗਿਆ

ਗੁਜਰਾਤ ਦੀ ਮੋਰਬੀ ਨਦੀ ਤੇ ਸੋਮਵਾਰ ਦੀ ਸਵੇਰ ਆਮ ਨਾਲੋਂ ਕੁਝ ਵੱਖਰੀ ਸੀ। ਸਭ ਪਾਸੇ ਹਫ਼ੜਾ ਤਫ਼ੜੀ ਤੇ ਲੋਕ ਨਦੀ ਦਾ ਪੁਲ ਟੁੱਟਣ ਕਾਰਨ ਹੋਏ ਹਾਦਸੇ ਤੋਂ ਉਦਾਸ ਹਨ।
ਇੱਕ ਪਾਸੇ ਬਚਾਅ ਕਾਰਜ ਚੱਲ ਰਹੇ ਨੇ ਤਾਂ ਦੂਜੇ ਪਾਸੇ ਲੋਕ ਹਾਦਸੇ ਲਈ ਜਵਾਬਦੇਹੀ ਦੀ ਗੱਲ ਕਰ ਰਹੇ ਹਨ।
ਐਤਵਾਰ ਦੇਰ ਸ਼ਾਮ ਮੋਰਬੀ ਨਦੀ ਦਾ ਪੁਲ ਟੁੱਟਣ ਨਾਲ ਕਰੀਬ 141 ਲੋਕਾਂ ਦੀ ਮੌਤ ਹੋ ਗਈ। ਕੁਝ ਨੂੰ ਜ਼ਿੰਦਾ ਬਚਾ ਲਿਆ ਗਿਆ ਤੇ ਕੁਝ ਦੀ ਭਾਲ ਹਾਲੇ ਜਾਰੀ ਹੈ।
ਗੁਜਰਾਤ ਸਰਕਾਰ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀਂ ਨੇ ਘਟਨਾ ਸਥਾਨ ਉੱਤੇ ਸੋਮਵਾਰ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ 141 ਮੌਤਾਂ ਦੀ ਪੁਸ਼ਟੀ ਕਰਦਿਆਂ ਅੰਕੜਾ ਹੋਰ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਸੀ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਲਗਭਗ 177 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ 19 ਲੋਕ ਇਲਾਜ ਅਧੀਨ ਹਨ।

ਤਸਵੀਰ ਸਰੋਤ, BBC
ਇਸ ਮਾਮਲੇ ਵਿੱਚ ਗੁਜਰਾਤ ਪੁਲਿਸ ਨੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 4 ਓਰੇਵਾ ਕੰਪਨੀ ਦੇ ਮੈਨੇਜਰ ਹਨ ਜਿਸ ਕੰਪਨੀ ਨੂੰ ਪੁਲ ਬਣਾਉਣ ਦਾ ਕਾਨਟਰੈਕਟ ਪ੍ਰਾਪਤ ਸੀ।
ਇਸ ਤੋਂ ਇਲਾਵਾ ਤਿੰਨ ਠੇਕੇਦਾਰ ਵੀ ਸਨ ਜਿਨ੍ਹਾਂ ਦੀ ਪੁਲ ਦੇ ਰੱਖ-ਰਖਾਵ ਕਰਨ ਦੀ ਜ਼ਿੰਮੇਵਾਰੀ ਸੀ। ਇਸ ਤੋਂ ਇਲਾਵਾ ਟਿਕਟ ਕਲੈਕਟਰਾਂ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਗੁਜਰਾਤ ਪੁਲਿਸ ਦੇ ਆਈਜੀ ਅਸ਼ੋਕ ਕੁਮਾਰ ਨੇ ਦਿੱਤੀ।
ਹਾਦਸੇ ਤੋਂ ਬਾਅਦ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਹਨ, ਇਸ ਰਿਪੋਰਟ ਰਾਹੀਂ ਕੁਝ ਹਾਦਸੇ ਤੋਂ ਬਾਅਦ ਖੜ੍ਹੇ ਹੋਏ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।
ਹਾਦਸਾ ਕਿੱਥੇ ਵਾਪਰਿਆ
ਗੁਜਰਾਤ ਸੂਬੇ ਦੇ ਜ਼ਿਲ੍ਹੇ ਮੋਰਬੀ ਇਲਾਕੇ ਦੀ ਮੱਛੂ ਨਦੀ 'ਤੇ ਐਤਵਾਰ ਰਾਤ ਹਾਦਸਾ ਵਾਪਰਿਆ।
ਮੱਛੂ ਨਦੀ ਉੱਤੇ ਬਣਿਆ ਪੁਲ਼ ਉਸ ਸਮੇਂ ਟੁੱਟ ਗਿਆ ਜਦੋਂ ਪੁਲ ਦੀ ਭਾਰ ਚੁੱਕਣ ਦੀ ਸਮਰੱਥਾ ਤੋਂ ਵੱਧ ਲੋਕ ਇਸ 'ਤੇ ਚੜ੍ਹ ਗਏ।
ਬੀਬੀਸੀ ਗੁਜਰਾਤੀ ਦੇ ਪੱਤਰਾਕਰ ਰੌਕਸੀ ਗਾਡੇਕਰ ਛਾਰਾ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਦੱਸਿਆ ਕਿ ਪੁਲ਼ ਦੀ ਸਮਰੱਥਾ ਸਿਰਫ਼ 100 ਦੇ ਕਰੀਬ ਲੋਕਾਂ ਦੀ ਸੀ, ਪਰ ਇਸ ਉੱਤੇ 400 ਦੇ ਕਰੀਬ ਲੋਕ ਚੜ੍ਹ ਗਏ ਸਨ।

ਭਾਰ ਨਾ ਸਹਾਰਣ ਦੀ ਹਾਲਤ ਵਿੱਚ ਪੁਲ਼ ਦਾ ਇੱਕ ਹਿੱਸਾ ਟੁੱਟ ਗਿਆ ਜਿਸ ਕਾਰਨ ਸੈਂਕੜੇ ਲੋਕ ਨਦੀ ਵਿੱਚ ਡਿੱਗ ਗਏ।
ਬਹੁਤ ਸਾਰੇ ਲੋਕਾਂ ਨੂੰ ਸਥਾਨਕ ਲੋਕਾਂ ਨੇ ਡੁੱਬਣ ਤੋਂ ਬਚਾਅ ਲਿਆ ਪਰ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਵੀ ਸੀ, ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸਨ ਤੇ 141 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਸੀ। ਮਰਨ ਵਾਲਿਆਂ ਵਿੱਚ ਜ਼ਿਆਦਾ ਬੱਚੇ ਤੇ ਔਰਤਾਂ ਸ਼ਾਮਲ ਹਨ।
ਮਰਨ ਵਾਲਿਆਂ ਵਿਚ ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਦੀ ਹੈ, ਜੋ 20ਵਿਆਂ ਤੇ 30ਵਿਆਂ ਦੀ ਉਮਰ ਵਿਚ ਸਨ।

- ਗੁਜਰਾਤ ਸੂਬੇ ਦੇ ਜ਼ਿਲ੍ਹੇ ਮੋਰਬੀ ਇਲਾਕੇ ਦੀ ਮੱਛੂ ਨਦੀ 'ਤੇ ਐਤਵਾਰ ਰਾਤ ਹਾਦਸਾ ਵਾਪਰਿਆ।
- ਪੁਲ਼ ਦੀ ਸਮਰੱਥਾ ਸਿਰਫ਼ 100 ਦੇ ਕਰੀਬ ਲੋਕਾਂ ਦੀ ਸੀ, ਪਰ ਇਸ ਉੱਤੇ 400 ਦੇ ਕਰੀਬ ਲੋਕ ਚੜ੍ਹ ਗਏ ਸਨ।
- ਘਟਨਾ ਤੋਂ ਬਾਅਦ ਪੁਲ਼ ਦੀ ਪ੍ਰਬੰਧਕ ਟੀਮ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 304, 308 ਅਤੇ 144 ਤਹਿਤ ਇਰਾਦਾ ਕਤਲ ਦਾ ਕੇਸ ਦਰਜ ਕੀਤੀ ਗਿਆ ਹੈ।
- ਮਰਨ ਵਾਲਿਆਂ ਵਿੱਚ ਜ਼ਿਆਦਾ ਬੱਚੇ ਤੇ ਔਰਤਾਂ ਸ਼ਾਮਲ ਹਨ।
- ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਲਈ ਭੀੜ ਜ਼ਿੰਮੇਵਾਰ ਹੈ ਪਰ ਇੰਨੀ ਭੀੜ ਪੁਲ਼ ਤੇ ਕਿਸ ਤਰ੍ਹਾਂ ਆਈ ਇਸ ਦਾ ਜਵਾਬ ਮਿਲਣਾ ਹਾਲੇ ਬਾਕੀ ਹੈ।

ਇਹ ਹਾਦਸਾ ਕਿਵੇਂ ਹੋਇਆ
ਬੀਬੀਸੀ ਗੁਜਰਾਤੀ ਪੱਤਰਕਾਰ ਨੇ ਉਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਪੁਲ਼ 'ਤੇ ਚੜੇ ਹੋਏ ਸਨ, ਜਿਸ ਕਾਰਨ ਪੁਲ਼ ਟੁੱਟ ਗਿਆ।
ਹਾਦਸੇ ਦੀ ਸੀਸੀਟੀਵੀ ਫ਼ੁਟਏਜ਼ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਪੁਲ 'ਤੇ ਖੜ੍ਹੇ ਸਨ ਕਿ ਅਚਾਨਕ ਪੁਲ ਹਿੱਲਣ ਲੱਗਿਆ ਤੇ ਉਸ ਦੀਆਂ ਇੱਕ ਪਾਸੇ ਦੀਆਂ ਰੱਸੀਆਂ ਟੁੱਟ ਗਈਆਂ, ਜਿਸ ਨਾਲ ਪੁਲ 'ਤੇ ਖੜ੍ਹੇ ਲੋਕ ਨਦੀ ਵਿੱਚ ਡਿੱਗ ਗਏ।
ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਲਈ ਭੀੜ ਜ਼ਿੰਮੇਵਾਰ ਹੈ ਪਰ ਇੰਨੀ ਭੀੜ ਪੁਲ਼ 'ਤੇ ਕਿਸ ਤਰ੍ਹਾਂ ਆਈ ਇਸ ਦਾ ਜਵਾਬ ਮਿਲਣਾ ਹਾਲੇ ਬਾਕੀ ਹੈ।
ਪੁਲ਼ 'ਤੇ ਭੀੜ ਹੋਣ ਦੇ ਨਾਲ-ਨਾਲ ਇੱਕ ਸਵਾਲ ਇਹ ਵੀ ਅਹਿਮ ਹੈ ਕਿ ਜਿਸ ਪੁਲ਼ ਦੀ ਕਰੋੜਾਂ ਰੁਪਏ ਲਗਾ ਕੇ ਮੁਰੰਮਤ ਕੀਤੀ ਗਈ ਸੀ ਅਤੇ ਕੁਝ ਦਿਨ ਪਹਿਲਾਂ ਹੀ ਪੁਲ਼ ਖੋਲਿਆ ਗਿਆ ਸੀ।

ਕੀ ਉਹ ਸਰੁੱਖਿਅਤ ਨਹੀਂ ਸੀ। ਜਾਂ ਉਸ ਪੁਲ਼ ਨੂੰ ਕੀ ਲੋਕਾਂ ਦੀ ਸੁਰੱਖਿਅਤ ਹੋਣ ਦੀ ਕਿਸੇ ਨੇ ਪ੍ਰਵਾਨਗੀ ਦਿੱਤੀ ਸੀ।
ਇਸ ਲਈ ਕੌਣ ਜ਼ਿੰਮੇਵਾਰ
ਸਰਕਾਰ ਨੇ ਇਸ ਲਈ ਹਾਲੇ ਤੱਕ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ।
ਪੁਲ਼ ਤੋਂ ਸਿਰਫ਼ ਇੱਕ ਆਦਮੀ ਦੇ ਜਾਣ ਦੀ ਜਗ੍ਹਾ ਹੈ। ਜਦੋਂ ਕੱਲ੍ਹ ਹਾਦਸਾ ਵਾਪਰਿਆ ਉਸ ਸਮੇਂ ਦੀਆਂ ਵਾਇਰਲ ਵੀਡੀਓਜ਼ ਤੋਂ ਦੇਖਿਆ ਜਾ ਸਕਦਾ ਹੈ ਕਿ ਪੁਲ਼ 'ਤੇ ਸੈਂਕੜੇ ਲੋਕ ਮੌਜੂਦ ਸਨ।

ਇਹ ਵੀ ਪੜ੍ਹੋ-

ਇਸ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਕੱਲ੍ਹ ਕਰੀਬ 400 ਲੋਕ ਇਕੋ ਸਮੇਂ ਪੁਲ਼ 'ਤੇ ਸਨ, ਜਿਨ੍ਹਾਂ ਦਾ ਭਾਰ ਪੁਲ਼ ਦੀ ਸਮਰੱਥਾ ਤੋਂ ਕਿਤੇ ਵੱਧ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਹਾਲੇ ਤੱਕ ਸੂਬਾ ਸਰਕਾਰ ਵਲੋਂ ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ ਇਹ ਕੁਝ ਨਹੀਂ ਕਿਹਾ ਗਿਆ।
ਸੂਬੇ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਦਾ ਕਹਿਣਾ ਹੈ ਕਿ ਉਹ ਬਚਾਅ ਕਾਰਜਾਂ ਨੂੰ ਪਹਿਲ ਦੇ ਰਹੇ ਹਨ ਤੇ ਹਾਦਸੇ ਦੀ ਵਜ੍ਹਾ ਜਾਣਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਪੇਸ਼ ਕਰੇਗੀ।
ਸਿੰਘਵੀ ਮੁਤਾਬਕ ਇਸ ਮਾਮਲੇ ਵਿਚ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ, ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਰ ਫ਼ਿਲਹਾਲ ਸਰਕਾਰ ਦਾ ਧਿਆਨ ਰਾਹਤ ਕਾਰਜਾਂ ਉੱਤੇ ਕੇਂਦ੍ਰਿਤ ਹਨ।

ਚਿੱਤਰਾਂ ਦੀ ਮਦਦ ਨਾਲ ਦੇਖੋ ਘਟਨਾ ਵਾਪਰਨ ਤੋਂ ਕੁਝ ਚਿਰ ਪਹਿਲਾਂ ਦਾ ਮਾਹੌਲ


ਕੁਝ ਲੋਕਾਂ ਨੂੰ ਬਚਾਇਆ ਕਿਵੇਂ ਗਿਆ
ਇਸ ਇਲਾਕੇ ਦੇ ਸਾਬਕਾ ਵਿਧਾਇਕ ਕਾਂਤੀਬਾਈ ਉਸ ਸਮੇਂ ਇਥੋਂ ਹੀ ਨਿਕਲ ਰਹੇ ਸਨ।
ਉਨ੍ਹਾਂ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਇੱਕ ਵੀਡੀਓ ਬਣਾ ਕੇ ਸਾਰੇ ਕਾਰਕੁਨਾਂ ਨੂੰ ਭੇਜੀ ਗਈ ਤੇ ਮਦਦ ਲਈ ਇਥੇ ਆਉਣ ਦਾ ਕਿਹਾ ਗਿਆ।
''ਸਾਰੇ ਇਥੇ ਆ ਗਏ ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਤੇ ਅਸੀਂ 160 ਜਿਉਂਦੇ ਲੋਕ ਬਾਹਰ ਕੱਢੇ। ਅਸੀਂ ਪਾਏ ਕੱਪੜਿਆਂ ਨੂੰ ਬਚਾਅ ਲਈ ਵਰਤਿਆ ਤੇ ਟਿਊਬਾਂ ਦੀ ਮਦਦ ਨਾਲ ਡੁੱਬ ਰਹੇ ਲੋਕਾਂ ਨੂੰ ਬਾਹਰ ਕੱਢਿਆ।''
''ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਅਜਿਹਾ ਕੋਈ ਹਾਦਸਾ ਨਾ ਹੋਵੇ, ਪ੍ਰਾਰਥਨਾਵਾਂ ਕੀਤੀਆਂ ਪਰ ਅਜਿਹਾ ਹੋ ਗਿਆ।''

ਤਸਵੀਰ ਸਰੋਤ, BBC
ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਇੱਕ ਪ੍ਰੈਸ ਕਾਨਫ਼ਰੈਂਸ ਦੌਰਾਨ ਦੱਸਿਆ ਕਿ ਬਚਾਅ ਕਾਰਜ ਕੱਲ੍ਹ ਤੋਂ ਚੱਲ ਰਹੇ ਹਨ ਜਦੋਂ ਤੱਕ ਗੁਆਚੇ ਲੋਕਾਂ ਦੀਆਂ ਲਾਸ਼ਾਂ ਨਹੀਂ ਮਿਲ ਜਾਂਦੀਆਂ ਤਦ ਤੱਕ ਬਚਾਅ ਕਾਰਜ ਜਾਰੀ ਰਹਿਣਗੇ।
ਇੱਕ ਬਲਡੋਜ਼ਰ ਰਾਹੀਂ ਪਾਣੀ ਦਾ ਪੱਧਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਜੋ ਬਚਾਅ ਕਾਰਜ ਤੇਜ਼ ਹੋ ਸਕਣ।
15 ਦੇ ਕਰੀਬ ਬਚਾਅ ਕਿਸ਼ਤੀਆਂ ਲਾਸ਼ਾਂ ਕੱਢਣ ਦੇ ਕੰਮ 'ਤੇ ਲੱਗੀਆਂ ਹੋਈਆਂ ਹਨ। ਖ਼ਬਰ ਲਿਖੇ ਜਾਣ ਤੱਕ 6 ਲੋਕਾਂ ਦੀ ਭਾਲ ਬਾਕੀ ਸੀ।
ਆਰਐੱਸਐੱਸ ਦੇ ਕਾਰਕੁਨ ਦਿਪੇਸ਼ ਬਾਨੂਸ਼ਾਲੀ ਜੋ ਕਿ ਘਟਨਾ ਸਥਨ ਤੇ ਮੌਜੂਦ ਸਨ, ਨੇ ਦੱਸਿਆ ਕਿ ਜਦੋਂ ਹੀ ਹਾਦਸਾ ਵਾਪਰਿਆ ਮੰਦਰ ਦੇ ਲੋਕ ਤੇ ਨੇੜੇ ਰਹਿੰਦੇ ਮੁਸਲਮਾਨ ਭਾਈਚਾਰੇ ਦੇ ਲੋਕ ਮਦਦ ਲਈ ਅੱਗੇ ਆਏ।
ਐੱਨਡੀਆਰਐੱਫ਼, ਐੱਸਡੀਆਰਐੱਫ਼ ਤੇ ਨੇਵੀ ਦੀਆਂ ਟੀਮਾਂ ਬਚਾਅ ਲਈ ਆਈਆਂ ਤੇ ਉਨ੍ਹਾਂ ਨੇ ਲਾਸ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਹਸਪਤਾਲ ਪਹੁੰਚਾਇਆ ਗਿਆ। ਕਰੀਬ 250 ਲੋਕ ਸਨ। ਇਥੇ ਜੋ ਲਾਸ਼ਾਂ ਮਿਲੀਆਂ ਉਨ੍ਹਾਂ 'ਚ ਬਹੁਤੀਆਂ ਔਰਤਾਂ ਤੇ ਬੱਚਿਆਂ ਦੀਆਂ ਸਨ।

ਤਸਵੀਰ ਸਰੋਤ, ANI
ਬੀਬੀਸੀ ਗੁਜਰਾਤੀ ਦੇ ਪੱਤਰਕਾਰ ਰੌਕਸੀ ਨੂੰ ਆਮ ਲੋਕਾਂ ਨੇ ਦੱਸਿਆ ਕਿ ਨਦੀ ਵਿੱਚ ਸੀਵਰੇਜ਼ ਦਾ ਪਾਣੀ ਪੈਣ ਕਾਰਣ ਇਥੇ ਦਲਦਲ ਤੇ ਮਿੱਟੀ ਬਹੁਤ ਸੀ ਹੈ। ਇਸ ਕਾਰਨ ਬਚਾਅ ਕਾਰਜਾਂ ਵਿੱਚ ਵੀ ਮੁਸ਼ਕਿਲ ਆ ਰਹੀ ਹੈ।
ਪੁਲ਼ ਨੂੰ ਐੱਨਓਸੀ ਕਿਸ ਨੇ ਦਿੱਤੀ ਸੀ
ਇਹ ਹਾਦਸਾ ਜਿਸ ਪੁਲ ਤੋਂ ਹੋਇਆ, ਉਹ ਸੌ ਸਾਲ ਪੁਰਾਣਾ ਹੈ ਤੇ ਵਰਤੋਂ ਲਈ ਸੁਰੱਖਿਅਤ ਨਾ ਹੋਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲ ਹੀ ਵਿੱਚ ਨੂੰ ਉਰੇਵਾ ਨਾਮ ਦੀ ਇੱਕ ਪ੍ਰਾਈਵੇਟ ਕੰਪਨੀ ਨੇ ਕਰੀਬ 2 ਕਰੋੜ ਦੀ ਲਾਗਤ ਨਾਲ ਇਸ ਦੀ ਮੁਰੰਮਤ ਕੀਤੀ ਸੀ।
26 ਅਕਤੂਬਰ, ਗੁਜਰਾਤੀ ਨਵੇਂ ਸਾਲ ਦੇ ਦਿਨ ਇਸ ਪੁਲ਼ ਨੂੰ ਚਾਲੂ ਕੀਤਾ ਗਿਆ ਤੇ ਚਾਰ ਦਿਨ ਬਾਅਦ ਹੀ ਐਤਵਾਰ ਰਾਤ ਇਹ ਹਾਦਸਾ ਵਾਪਰ ਗਿਆ।
ਪੁਲ਼ ਨੂੰ ਚਾਲੂ ਕਰਨ ਤੋਂ ਪਹਿਲਾਂ ਕਲੀਅਰੈਂਸ ਸਰਟੀਫ਼ਿਕੇਟ ਕਿਵੇਂ ਮਿਲਿਆ ਇਸ ਸਵਾਲ ਦਾ ਜਵਾਬ ਵੀ ਬਾਕੀ ਹੈ।
ਤਾਜ਼ਾ ਹਾਲਾਤ
ਰਾਹਤ ਕਾਗਜ਼ਾਂ ਦੀ ਅਗਵਾਈ ਕਰ ਰਹੇ ਐੱਨਡੀਆਰਐੱਫ਼ ਬਟਾਲੀਅਨ-6 ਦੇ ਪ੍ਰਸੰਨਾ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਡੋਦਰਾ ਤੋ ਇਥੇ ਪਹੁੰਚੀ ਹੈ।
ਉਨ੍ਹਾਂ ਦੱਸਿਆ, ''ਅਸੀਂ ਰਾਤ ਇਥੇ ਪਹੁੰਚ ਗਈ ਸੀ, ਸਾਡੇ ਕੋਲ ਮਾਹਰਾਂ ਦੀਆਂ ਟੀਮਾਂ ਹਨ ਜਿਨ੍ਹਾਂ ਵਿੱਚ ਤੇਜ਼ ਤੈਰਾਕ, ਗੋਤਾਖ਼ੋਰ ਤੇ ਡੂੰਘੇ ਪਾਣੀ ਵਿੱਚ ਬਚਾਅ ਕਾਰਜ ਕਰਨ ਵਾਲੀ ਟੀਮ ਹੈ। ਅਸੀਂ ਰਾਤ ਨੂੰ ਇਥੇ ਕੰਮ ਜਾਰੀ ਕੀਤਾ ਪਰ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ।''
ਉਨ੍ਹਾਂ ਦੱਸਿਆ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਲੋਕ ਹਾਲੇ ਵੀ ਪਾਣੀ ਵਿੱਚ ਹੋ ਸਕਦੇ ਹਨ।
ਪਾਣੀ ਖੜਾ ਹੈ ਤੇ ਸੀਵਰੇਜ਼ ਦਾ ਪਾਣੀ ਹੋਣ ਕਾਰਨ ਦੇਖਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਸੀ ਤੇ ਪੁਲ ਵੀ ਪਾਣੀ ਵਿੱਚ ਹੀ ਸੀ ਇਸ ਕਰਕੇ ਕੰਮ ਔਖਾ ਸੀ।
ਬ੍ਰਿਜ ਦਾ ਇੱਕ ਹਿੱਸਾ ਹੇਠਾਂ ਨਦੀ ਵਿੱਚ ਡਿੱਗ ਗਿਆ ਸੀ, ਜਿਸ ਕਾਰਨ ਬਚਾਅ 'ਤੇ ਆਈਆਂ ਟੀਮਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪਰ ਅੱਜ ਸਵੇਰ ਬਲਡੋਜ਼ਰਾਂ ਦੀ ਮਦਦ ਨਾਲ ਪੁਲ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਕਿੰਨੇ ਲੋਕ ਹਾਲੇ ਵੀ ਪਾਣੀ ਵਿੱਚ ਹਨ ਇਹ ਕਹਿਣਾ ਔਖਾ ਹੈ।
ਇਸ ਤੋਂ ਪਹਿਲਾਂ ਵੀ ਮੱਛੂ ਨਦੀ ਉੱਤੇ ਬਣੇ ਮੱਛੂ ਡੈਮ ਟੁੱਟਣ ਕਾਰਨ ਤਰਾਸਦੀ ਝੱਲ ਚੁੱਕੇ ਹਨ।

ਇਹ ਵੀ ਪੜ੍ਹੋ-












