ਮੋਰਬੀ ਪੁਲ ਹਾਦਸਾ: ਸੰਸਦ ਮੈਂਬਰ ਦੇ 11 ਰਿਸ਼ਤੇਦਾਰ ਮਾਰੇ ਗਏ, 'ਕਈ ਘਰਾਂ ਵਿਚ ਲਾਂਬੂ ਦੇਣ ਵਾਲਾ ਵੀ ਨਹੀਂ ਬਚਿਆ'

"ਮੇਰੇ ਜੀਜੇ ਦੇ ਭਾਈ ਦੀਆਂ ਚਾਰ ਕੁੜੀਆਂ, ਤਿੰਨ ਜਵਾਈ ਅਤੇ ਪੰਜ ਬੱਚੇ ਹਨ। ਗਿਆਰਾਂ ਲਾਸ਼ਾਂ ਮਿਲੀਆਂ ਹਨ ਅਤੇ ਇੱਕ ਹਾਲੇ ਲਾਪਤਾ ਹੈ।"
ਇਹ ਸ਼ਬਦ ਰਾਜੋਕਟ ਤੋਂ ਸੰਸਦ ਮੈਂਬਰ ਮੋਹਨ ਕੁੰਦਾਰੀਆਂ ਦੇ ਹਨ, ਜਿਨ੍ਹਾਂ ਦੇ ਮੋਰਬੀ ਪੁਲ਼ ਹਾਦਸੇ ਵਿਚ 11 ਰਿਸ਼ਤੇਦਾਰਾਂ ਦੀ ਮੌਤ ਹੋ ਗਈ ਹੈ।
ਸਮਸ਼ਾਨ ਘਾਟ ਵਿੱਚ ਸਸਕਾਰ ਦੀਆਂ ਤਿਆਰੀਆਂ ਕਰ ਰਹੇ ਇੱਕ ਸਮਾਜ ਸੇਵੀ ਨੇ ਦੱਸਿਆ ਕਿ ਉਨ੍ਹਾਂ ਨੇ 4 ਅਜਿਹੇ ਵਿਅਕਤੀਆਂ ਦੇ ਸਸਕਾਰ ਕੀਤੇ ਹਨ, ਜਿਨ੍ਹਾਂ ਦੇ ਘਰਾਂ ਵਿਚ ਕੋਈ ਚਿਤਾ ਨੂੰ ਅੱਗ ਦੇਣ ਵਾਲਾ ਵੀ ਨਹੀਂ ਬਚਿਆ।
ਮੋਰਬੀ ਦੇ ਮੱਛੂ ਨਦੀ ਦੇ ਤੱਟ ਉੱਤੇ ਰੋਂਦੇ ਘੁੰਮਦੇ ਇੱਕ ਨੌਜਵਾਨ ਦੀ ਕਹਾਣੀ ਇਸ ਹਾਦਸੇ ਵਿਚ ਬਚ ਗਏ ਲੋਕਾਂ ਦੇ ਦਰਦ ਨੂੰ ਬਿਆਨ ਕਰਦੀ ਹੈ।
''ਮੈਂ ਆਪਣੀ ਭੈਣ ਨਾਲ ਪੁਲ਼ ਉੱਤੇ ਸੈਲਫੀਆਂ ਖਿੱਚ ਰਿਹਾ ਸੀ, ਕਿ ਅਚਾਨਕ ਡਿੱਗ ਗਿਆ , ਮੈਂ ਤਾਂ ਬਚ ਗਿਆ ਪਰ ਮੇਰੀ ਭੈਣ ਦਾ ਅਜੇ ਤੱਕ ਪਤਾ ਨਹੀਂ ਲੱਗਿਆ।''
ਕੁੰਦਾਰੀਆਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਾਦਸੇ ਨੇ ਕਈ ਪੂਰੇ ਦੇ ਪੂਰੇ ਟੱਬਰ ਤਬਾਹ ਕਰ ਦਿੱਤੇ ਹਨ, ਜਿਸ ਦੀ ਟੀਸ ਬਿਆਨੀਂ ਨਹੀਂ ਜਾ ਸਕਦੀ।

ਐਤਵਾਰ ਨੂੰ ਗੁਜਰਾਤ ਦੇ ਮੋਰਾਬੀ ਜ਼ਿਲ੍ਹੇ ਵਿਚ ਇੱਕ ਪੁਰਾਣਾ ਵਿਰਾਸਤੀ ਪੁਲ਼ ਡਿੱਗਣ ਕਾਰਨ 141 ਲੋਕਾਂ ਦੀ ਮੌਤ ਹੋ ਗਈ ਅਤੇ ਇਹ ਅੰਕੜਾ ਹੋਰ ਵਧਣ ਦਾ ਖ਼ਦਸ਼ਾ ਹੈ।
ਮੋਰਾਬੀ ਜ਼ਿਲ੍ਹਾ ਜਿੱਥੇ ਇਹ ਦੁਰਘਟਨਾ ਵਾਪਰੀ ਹੈ, ਉਹ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਦੇ ਪੱਛਮ ਵਿਚ ਕਰੀਬ 222 ਕਿਲੋਮੀਟਰ ਦੂਰੀ ਉੱਤੇ ਪੈਂਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਗੁਜਰਾਤ ਵਿਚ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਨ ਨਾਲ ਸਬੰਧਤ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸੀ।
ਨਰਿੰਦਰ ਮੋਦੀ ਨੇ ਸਮਾਗਮ ਵਿੱਚ ਬੋਲਦਿਆਂ ਕਿਹਾ, "ਮੈਂ ਏਕਤਾ ਨਗਰ ਵਿੱਚ ਹਾਂ ਪਰ ਮੇਰਾ ਮਨ ਮੋਰਬੀ ਦੇ ਪੀੜਤਾਂ ਨਾਲ ਜੁੜਿਆ ਹੋਇਆ ਹੈ।"
ਉਹਨਾਂ ਕਿਹਾ, "ਸ਼ਾਇਦ ਹੀ ਜੀਵਨ ਵਿੱਚ ਬਹੁਤ ਘੱਟ ਅਜਿਹੀ ਪੀੜਾ ਮੈਨੂੰ ਅਨੁਭਵ ਹੋਈ ਹੋਵੇ। ਇਕ ਪਾਸੇ ਦਰਦ ਨਾਲ ਭਰਿਆ ਦਿਲ ਹੈ ਤਾਂ ਦੂਜੇ ਪਾਸੇ ਕਰਮ ਅਤੇ ਕਰਤੱਵ ਦਾ ਭਰਿਆ ਰਸਤਾ ਹੈ।"
ਉਨ੍ਹਾਂ ਮੋਰਾਬੀ ਦੀ ਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤੀ ਅਤੇ ਸਾਰੇ ਸੱਭਿਆਚਾਰਕ ਪ੍ਰੋਗਰਾਮ ਰੱਦ ਕਰ ਦਿੱਤੇ।
ਸੂਬੇ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਤੇ ਗ੍ਰਹਿ ਮੰਤਰੀ ਹਰਸ਼ ਸੰਘਵੀ ਖੁਦ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ ਅਤੇ ਵੱਖ-ਵੱਖ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ।

- ਮੋਰਬੀ ਵਿੱਚ ਪੁੱਲ ਟੁੱਟਣ ਨਾਲ 141 ਲੋਕਾਂ ਦੀ ਮੌਤ ਹੋ ਗਈ ਹੈ।
- ਲਗਭਗ 177 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ 19 ਲੋਕ ਇਲਾਜ ਅਧੀਨ ਹਨ।
- ਪੁਲ ਦੀ ਪ੍ਰਬੰਧਕ ਟੀਮ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 304, 308 ਅਤੇ 144 ਤਹਿਤ ਕੇਸ ਦਰਜ।
- ਸਦੀ ਪੁਰਾਣੇ ਪੁਲ ਨੂੰ ਮੁਰੰਮਤ ਤੋਂ ਬਾਅਦ ਪਿਛਲੇ ਸਮੇਂ ਹੀ ਲੋਕਾਂ ਲਈ ਖੋਲਿਆ ਗਿਆ ਸੀ।
- ਇਹ ਹਾਦਸਾ ਐਤਵਾਰ ਸ਼ਾਮ 7 ਵਜੇ ਦੇ ਕਰੀਬ ਵਾਪਰਿਆ।
- ਮ੍ਰਿਤਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਹਤ ਫੰਡ 'ਚੋਂ 2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50,000 ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ।
- ਸੂਬੇ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ।
- ਜਾਣਕਾਰੀ ਮੁਤਾਬਕ, ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ ਪੁਲ਼ ਉੱਤੇ ਲਗਭਗ 150 ਲੋਕ ਮੌਜੂਦ ਸਨ।
- ਹਾਦਸੇ ਨਾਲ ਸਬੰਧਤ ਪੀੜਤ ਪਰਿਵਾਰਾਂ ਲਈ ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਦਾ ਨੰਬਰ ਜਾਰੀ ਕੀਤਾ ਗਿਆ ਹੈ।
- ਅਧਿਕਾਰੀਆਂ ਅਨੁਸਾਰ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਫਸੇ ਜਾਂ ਲਾਪਤਾ ਹਨ, ਉਨ੍ਹਾਂ ਦੀ ਜਾਣਕਾਰੀ ਫੋਨ ਨੰਬਰ 02822 243300 'ਤੇ ਦਿੱਤੀ ਜਾ ਸਕਦੀ ਹੈ।

"ਕਈਆਂ ਦੀਆਂ ਲਾਸ਼ਾਂ ਨੂੰ ਕੋਈ ਅੱਗ ਦੇਣ ਵਾਲਾ ਨਹੀਂ ਰਿਹਾ"
ਇਲਾਕੇ ਦੇ ਕਈ ਸਮਾਜ ਸੇਵਕਾਂ ਨੇ ਰਾਹਤ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਈ ਅਤੇ ਰਾਤ ਭਰ ਸ਼ਮਸ਼ਾਨਘਾਟਾਂ 'ਚ ਤਿਆਰੀ ਕੀਤੀ।
ਮੋਰਬੀ ਸ਼ਹਿਰ ਦੇ ਇਲੈਕਟਰਿਕ ਅਤੇ ਲੱਕੜ ਨਾਲ ਸਸਕਾਰ ਕਰਨ ਵਾਲੇ ਸ਼ਮਸ਼ਾਨਘਾਟਾਂ ਵਿੱਚ ਲੋਕਾਂ ਵੱਲੋਂ ਪਾਣੀ, ਲਾਈਟਾਂ ਅਤੇ ਲੱਕੜਾਂ ਦੇ ਪ੍ਰਬੰਧ ਕੀਤੇ ਗਏ।
ਇਕ ਸਮਾਜ ਸੇਵੀ ਨੇ ਕਿਹਾ, "ਅਸੀਂ ਚਾਰ ਲੋਕਾਂ ਦੀਆਂ ਲਾਸ਼ਾਂ ਨੂੰ ਅੱਗ ਦਿੱਤੀ ਹੈ। ਉਹਨਾਂ ਦੇ ਘਰ ਕੋਈ ਅੱਗ ਦੇਣ ਵਾਲਾ ਵੀ ਨਹੀਂ ਰਿਹਾ ਸੀ। ਸਾਰਾ ਹੀ ਪਰਿਵਾਰ ਸਾਫ਼ ਹੋ ਗਿਆ।"
"ਕੋਈ ਸਰਕਾਰ ਦੇ ਪੈਸਿਆਂ ਦਾ ਕੀ ਕਰੇਗਾ, ਜਦੋਂ ਪਿਛੇ ਕੋਈ ਲੈਣ ਵਾਲਾ ਹੀ ਨਹੀਂ ਰਿਹਾ।"
ਸ਼ਮਸ਼ਾਨਘਾਟ ਵਿੱਚ ਸੇਵਾ ਕਰ ਰਹੇ ਸਮਾਜ ਸੇਵੀ ਸ਼ਤੀਸ਼ ਬਾਈ ਨੇ ਕਿਹਾ ਕਿ, "ਹਿੰਦੂ ਧਰਮ ਵਿੱਚ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਜਲਾਇਆ ਨਹੀਂ ਜਾਂਦਾ। ਇਸ ਲਈ ਅਸੀਂ ਉਹਨਾਂ ਨੂੰ ਦਬਾਉਣ ਦਾ ਵੀ ਪ੍ਰਬੰਧ ਕੀਤਾ। ਪਰ ਲੋਕਾਂ ਵਿੱਚ ਗੁੱਸਾ ਬਹੁਤ ਹੈ।"
ਉਹਨਾਂ ਕਿਹਾ, "ਸਰਕਾਰੀ ਵਿਭਾਗ ਇੱਕ ਦੂਸਰੇ ਵਿਭਾਗ ਨੂੰ ਦੋਸ਼ੀ ਕਹਿਣਗੇ ਪਰ ਲੋਕਾਂ ਦੀਆਂ ਜਾਨਾਂ ਗਈਆਂ ਹਨ। ਸਰਕਾਰ ਪੈਸੇ ਦੇਵੇਗੀ ਪਰ ਇਸ ਨਾਲ ਮਰਿਆ ਵਿਅਕਤੀ ਵਾਪਸ ਨਹੀਂ ਆ ਸਕਦਾ।"

ਚਿੱਤਰਾਂ ਦੀ ਮਦਦ ਨਾਲ ਦੇਖੋ ਘਟਨਾ ਵਾਪਰਨ ਤੋਂ ਕੁਝ ਚਿਰ ਪਹਿਲਾਂ ਦਾ ਮਾਹੌਲ


'ਮੈਂ ਬਚ ਗਿਆ ਪਰ ਭੈਣ ਨਹੀਂ ਮਿਲ ਰਹੀ'
ਮੋਰਬੀ ਵਿੱਚ ਇੱਕ ਨੌਜਵਾਨ ਨੇ ਰੋਂਦੇ ਹੋਏ ਬੀਬੀਸੀ ਨੂੰ ਦੱਸਿਆ, "ਮੇਰੀ ਭੈਣ ਨਹੀਂ ਮਿਲ ਰਹੀ। ਕੱਲ੍ਹ ਮੇਰੇ ਨਾਲ ਹੀ ਸੀ। ਅਸੀਂ ਪੁਲ ਉਪਰ ਮੋਬਾਇਲ ਨਾਲ ਤਸਵੀਰਾਂ ਖਿੱਚ ਰਹੇ ਸੀ। ਉੱਥੇ ਕਈ ਹੋਰ ਲੋਕ ਵੀ ਸਨ। ਅਚਾਨਕ ਪੁਲ ਹਿੱਲਣ ਲੱਗਾ ਅਤੇ ਡਿੱਗ ਗਿਆ।"
"ਅਸੀਂ ਬਿਲਕੁਲ ਵਿਚਕਾਰ ਖੜੇ ਸੀ। ਮੈਂ ਆਪਣੀ ਭੈਣ ਦਾ ਹੱਥ ਫੜਿਆ ਹੋਇਆ ਸੀ। ਮੇਰਾ ਹੱਥ ਛੁੱਟ ਗਿਆ। ਮੈਂ ਬਚ ਗਿਆ ਪਰ ਭੈਣ ਨਹੀਂ ਮਿਲੀ।"
ਉਹ ਕਹਿੰਦਾ ਹੈ, "ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਰ ਥਾਂ ਗਿਆ ਪਰ ਉਹ ਕਿਤੇ ਨਹੀਂ ਮਿਲੀ। ਸਰਕਾਰੀ ਹਸਪਤਾਲ ਗਿਆ, ਉੱਥੇ ਵੀ ਨਹੀਂ ਦਿਖੀ। ਮੇਰੀ ਭੈਣ ਛੋਟੀ ਜਿਹੀ ਸੀ, ਸਿਰਫ਼ 6 ਸਾਲ ਦੀ। ਇਸ ਪੁਲ ਉਪਰ ਮੈਂ ਕੱਲ੍ਹ ਹੀ ਪਹਿਲੀ ਵਾਰ ਆਇਆ ਸੀ।"
ਇਹ ਨੌਜਵਾਨ ਮਜ਼ਦੂਰੀ ਕਰਦਾ ਹੈ ਅਤੇ ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ ਉਪਰ ਰਹਿੰਦਾ ਹੈ।
ਉਹ ਵੀ ਹੋਰ ਲੋਕਾਂ ਵਾਂਗ ਆਪਣੀ ਭੈਣ ਨਾਲ ਘੁੰਮਣ ਆਇਆ ਸੀ।
ਸਾਬਕਾ ਵਿਧਾਇਕ ਨੇ 160 ਲੋਕ ਬਾਹਰ ਕੱਢੇ
ਮੋਰਬੀ ਦੇ ਸਾਬਕਾ ਵਿਧਾਇਕ ਕਾਂਤੀਬਾਈ ਘਟਨਾ ਸਮੇਂ ਨਜਦੀਕੀ ਇਲਾਕੇ ਵਿੱਚੋਂ ਨਿਕਲ ਰਹੇ ਸਨ।
ਉਨ੍ਹਾਂ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਇੱਕ ਵੀਡੀਓ ਬਣਾ ਕੇ ਸਾਰੇ ਕਾਰਕੁਨਾਂ ਨੂੰ ਭੇਜੀ ਗਈ ਤੇ ਮਦਦ ਲਈ ਪਹੁੰਚਣ ਲਈ ਕਿਹਾ ਗਿਆ।
ਕਾਂਤੀਬਾਈ ਨੇ ਕਿਹਾ, "ਸਾਰੇ ਇਸ ਥਾਂ ਉਪਰ ਆ ਗਏ। ਜਦੋਂ ਮੈਂ ਘਟਨਾ ਵਾਲੀ ਥਾਂ ਉੱਤੇ ਗਿਆ ਤਾਂ ਮੈਂ ਖੁਦ ਨਦੀ ਵਿਚ ਕੁੱਦ ਪਿਆ।
ਕਾਂਤੀਬਾਈ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਹੋਰ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਅਸੀਂ 160 ਜਿਊਂਦੇ ਲੋਕ ਬਾਹਰ ਕੱਢੇ।"
"ਅਸੀਂ ਆਪਣੇ ਪਹਿਨੇ ਹੋਏ ਕੱਪੜਿਆਂ ਉਤਾਰ ਕੇ ਲੋਕਾਂ ਵੱਲ ਸੁੱਟਿਆ ਨੂੰ ਬਚਾਅ ਲਈ ਵਰਤਿਆ।"
ਇੰਨੇ ਨੂੰ ਆਸ ਪਾਸ ਦੇ ਪਿੰਡਾਂ ਦੇ ਲੋਕ ਟੋਬਿਆਂ ਨਦੀਆਂ ਵਿਚ ਤੈਰਨ ਲਈ ਰੱਖੀਆਂ ਗੱਡੀਆਂ ਦੇ ਟਾਇਰਾਂ ਦੀਆਂ ਟਿਊਬਾਂ ਵੀ ਲੈ ਆਏ। ਉਨ੍ਹਾਂ ਟਿਊਬਾਂ ਦੀ ਮਦਦ ਨਾਲ ਡੁੱਬ ਰਹੇ ਲੋਕਾਂ ਨੂੰ ਬਾਹਰ ਕੱਢਿਆ ਗਿਆ।"

ਇਹ ਵੀ ਪੜ੍ਹੋ-













