ਅਫ਼ਸਾਨਾ ਖ਼ਾਨ ਤੋਂ ਐੱਨਆਈਏ ਨੇ ਸਿੱਧੂ ਮੂਸੇਵਾਲਾ ਸਣੇ ਹੋਰ ਕੀ ਪੁੱਛਿਆ ਅਤੇ ਕੀ ਹੈ ਗਾਇਕਾ ਦਾ ਪਿਛੋਕੜ

ਸਿੱਧੂ ਮੂਸੇਵਾਲਾ ਦੀ ਤਸਵੀਰ ਨਾਲ ਅਫ਼ਸਾਨਾ ਖ਼ਾਨ

ਤਸਵੀਰ ਸਰੋਤ, AFsana Khan/FB

ਪ੍ਰਕਾਸ਼ਿਤ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਮਾਮਲੇ ਵਿੱਚ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਤੋਂ ਪੁੱਛਗਿੱਛ ਕੀਤੀ ਗਈ ਹੈ।

ਬੁੱਧਵਾਰ ਨੂੰ ਸੋਸਲ ਮੀਡੀਆ ਉੱਤੇ ਲਾਈਵ ਹੋ ਕੇ ਅਫ਼ਸਾਨਾ ਖ਼ਾਨ ਨੇ ਖੁਦ ਦੱਸਿਆ ਕਿ ਐੱਨਆਈਏ ਵਲੋਂ ਉਨ੍ਹਾਂ ਤੋਂ 5-6 ਘੰਟੇ ਪੁੱਛਗਿੱਛ ਕੀਤੀ ਹੈ।

ਅਫ਼ਸਾਨਾ ਖਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਤੋਂ ਗਾਇਕੀ ਖੇਤਰ ਵਿਚ ਆਉਣ, ਸਿੱਧੂ ਮੂਸੇਵਾਲਾ ਨਾਲ ਰਿਸ਼ਤਿਆਂ ਅਤੇ ਸਿੱਧੂ ਮੂਸੇਵਾਲਾ ਨਾਲ 'ਧੱਕਾ' ਗਾਣੇ ਨੂੰ ਲੈ ਕੇ ਸਵਾਲ ਪੁੱਛੇ ਗਏ।

ਅਫ਼ਸਾਨਾ ਖ਼ਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੂੰ ਗੈਂਗਸਟਰਾਂ ਨਾਲ ਕਥਿਤ ਸੰਬੰਧਾਂ ਕਾਰਨ ਐੱਨਆਈਏ ਨੇ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਬਠਿੰਡਾ ਤੋਂ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਸੀ ਕਿ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ 25 ਅਕਤੂਬਰ ਨੂੰ ਅਫ਼ਸਾਨਾ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ।

ਅਫ਼ਸਾਨਾ ਖ਼ਾਨ ਦੀ ਸਿੱਧੂ ਮੂਸੇਵਾਲਾ ਨਾਲ ਕਾਫ਼ੀ ਨੇੜਤਾ ਸੀ। ਸਿੱਧੂ ਮੂਸੇਵਾਲਾ ਉਨ੍ਹਾਂ ਨੂੰ ਆਪਣੀ ਮੂੰਹਬੋਲੀ ਭੈਣ ਕਹਿੰਦੇ ਸਨ। ਅਫ਼ਸਾਨਾ ਸਿੱਧੂ ਨੂੰ ਰੱਖੜੀ ਬੰਨ੍ਹਦੀ ਸੀ ਅਤੇ ਉਹ ਮੂਸੇਵਾਲਾ ਨੂੰ ‘ਵੱਡਾ ਬਾਈ’ ਕਹਿੰਦੀ ਸੀ।

ਅਫ਼ਸਾਨਾ ਖ਼ਾਨ

ਤਸਵੀਰ ਸਰੋਤ, AFsana khan /Insta

ਤਸਵੀਰ ਕੈਪਸ਼ਨ, ਅਫ਼ਸਾਨਾ ਨੇ ਮੀਡੀਆ ਨੂੰ ਮਨਘੜਤ ਖ਼ਬਰਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ

29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ਼ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਸੀ ਅਤੇ ਪੁਲਿਸ ਨੇ ਵੀ ਇਸ ਨੂੰ ਗੈਂਗਜ਼ ਦੀ ਆਪਸੀ ਰੰਜ਼ਿਸ਼ ਦਾ ਨਤੀਜਾ ਦੱਸਿਆ ਸੀ।

ਇੱਕ ਹੋਰ ਬੰਬੀਹਾ ਗੈਂਗ ਨਾਲ ਸਬੰਧਤ ਕੁਝ ਲੋਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀਆਂ ਸੋਸ਼ਲ ਮੀਡੀਆ ਉੱਤੇ ਧਮਕੀਆਂ ਦਿੰਦੇ ਰਹਿੰਦੇ ਹਨ।

ਅਫ਼ਸਾਨਾ ਖ਼ਾਨ ਭਾਵੇਂ ਕਿ ਆਪਣੀ ਗਾਇਕੀ ਅਤੇ ਸਿੱਧੂ ਮੂਸੇਵਾਲਾ ਨਾਲ ਪਰਿਵਾਰਿਕ ਰਿਸ਼ਤਿਆ ਕਰਕੇ ਕਾਫ਼ੀ ਚਰਚਾ ਵਿੱਚ ਰਹੀ ਹੈ ਪਰ ਪੁੱਛਗਿੱਛ ਦੀਆਂ ਤਾਜ਼ਾ ਰਿਪੋਰਟਾਂ ਨੇ ਉਸ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ।

ਇਸ ਰਿਪੋਰਟ ਵਿੱਚ ਅਸੀਂ ਅਫ਼ਸਾਨਾ ਖ਼ਾਨ ਕੌਣ ਹੈ ਅਤੇ ਉਸ ਦੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੀ ਸਾਂਝ ਹੈ ਅਤੇ ਕਦੋਂ-ਕਦੋਂ ਉਹ ਚਰਚਾ ਵਿੱਚ ਰਹੀ ਹੈ, ਇਸ ਬਾਰੇ ਗੱਲ ਕਰਾਂਗੇ।

ਐੱਨਆਈਏ ਨੇ ਅਫ਼ਸਾਨਾ ਖਾਨ ਤੋਂ ਕੀ ਪੁੱਛਿਆ

ਐੱਨਆਈਏ ਵੱਲੋਂ ਪੁੱਛ ਪੜਤਾਲ ਬਾਰੇ ਬੋਲਦਿਆਂ ਅਫ਼ਸਾਨਾ ਖ਼ਾਨ ਨੇ ਕਿਹਾ, "ਮੈਨੂੰ ਖੁਸ਼ੀ ਹੋਈ ਕਿ ਮੇਰੀ ਪੁੱਛਗਿਛ ਹੋਈ ਹੈ। ਇਸ ਏਜੰਸੀ ਕੋਲ ਬਾਈ ਦਾ ਕੇਸ ਚਲਾ ਗਿਆ ਹੈ, ਇਹ ਇੱਕ ਸੱਚੀ ਏਜੰਸੀ ਹੈ।"

"ਮੇਰੀ ਵੀ ਹੋਈ, ਸੱਚੇ ਬੰਦੇ ਨੂੰ ਕੋਈ ਪਰਵਾਹ ਨਹੀਂ ਹੁੰਦੀ, ਮੈਨੂੰ ਵੀ ਕੋਈ ਦਿੱਕਤ ਨਹੀਂ ਹੋਈ। 5-6 ਘੰਟੇ ਮੇਰੀ ਪੁੱਛ ਪੜਤਾਲ ਹੋਈ, ਜੋ ਵੀ ਗੱਲਬਾਤ ਹੋਈ ਹੈ, ਮੈਨੂੰ ਪਤਾ ਹੈ ਜਾਂ ਏਜੰਸੀ ਨੂੰ ਅਤੇ ਰੱਬ ਨੂੰ ਪਤਾ ਹੈ। ਹੋਰ ਕੋਈ ਤੀਜਾ ਬੰਦਾ ਉੱਥੇ ਮੌਜੂਦ ਨਹੀਂ ਸੀ।"

ਅਫਸਾਨਾ ਖਾਨ -ਸਿੱਧੂ ਮੂਸੇਵਾਲਾ

ਅਫ਼ਸਾਨਾ ਨੇ ਅੱਗੇ ਕਿਹਾ, "ਉਨ੍ਹਾਂ ਨੇ ਮੈਨੂੰ ਧਮਕਾਇਆ ਨਹੀਂ, ਰਵਾਇਆ ਨਹੀਂ, ਭਟਕਾਇਆ ਨਹੀਂ, ਬਸ ਸੱਚਾਈ ਪੁੱਛੀ ਕਿ ਕਿਵੇਂ ਗਾਇਕੀ ਵਿੱਚ ਆਏ, ਪਰਿਵਾਰ 'ਚ ਕੌਣ-ਕੌਣ, ਸ਼ੋਅ ਕਿੱਥੇ ਕਿੱਥੇ ਲਾਏ, ਬਾਈ ਸਿੱਧੂ ਨਾਲ ਕਿਵੇਂ ਪਿਆਰ ਪਿਆ, 'ਧੱਕਾ' ਹੋਇਆ।"

ਏਜੰਸੀ ਨੇ ਸਾਨੂੰ ਮੇਰਾ ਬਾਈ ਨਾਲ ਪਿਆਰ ਬਾਰੇ ਪੁੱਛਿਆ, ਬਾਈ ਸਿੱਧੂ ਮੂਸੇਵਾਲਾ, ਮੈਨੂੰ ਭੈਣ ਵਾਲਾ ਧੀ ਵਾਲਾ ਪਿਆਰ ਕਰਦਾ ਸੀ। ਵੀਡੀਓਜ਼ ਵਿੱਚ ਤੁਹਾਨੂੰ ਵੀ ਨਜ਼ਰ ਆਇਆ ਹੋਣਾ।"

"ਤੁਸੀਂ ਇੰਨੀ ਕੁ ਤਾਂ ਕਦਰ ਕਰ ਲਓ, ਜੇ ਕੁੜੀ ਚੰਗੀ ਹੋਵੇ, ਸਿਆਣੀ ਹੋਵੇ ਤਾਂ ਹੀ ਅਗਲਾ ਭਰਾ ਬਣਦਾ ਐਂਵੇਂ ਨਹੀਂ ਕਿਸੇ ਦਾ ਭਰਾ ਬਣ ਜਾਂਦਾ ਕੋਈ।"

"ਲੋਕਾਂ ਨੇ ਮੈਨੂੰ ਕਿਹਾ ਫੇਮ ਭਾਲਦੀ ਹੈ, ਰੋਟੀਆਂ ਸੇਕਦੀਆਂ ਹੈ, ਰੋਟੀ ਖਾ ਕੇ ਸਾਰੇ ਸੌਂਦੇ ਹਨ, ਕੋਈ ਮਰਿਆ ਮਗਰੋਂ ਇਸ ਤਰ੍ਹਾਂ ਰੋਟੀ ਨਹੀਂ ਖਾਂਦਾ।"

"ਮੈਂ 4 ਮਹੀਨਿਆਂ ਬਾਅਦ ਲਾਈਵ ਹੋਈ ਤਾਂ ਤੁਸੀਂ ਇਸ ਦਾ ਮਜ਼ਾਕ ਨਾ ਬਣਾਓ, ਖ਼ਾਸ ਕਰ ਕੇ ਮੀਡੀਓ ਵਾਲਿਆਂ ਨੂੰ ਬੇਨਤੀ ਆ ਕੇ ਭਈ ਤੁਸੀਂ ਇਸ ਤਰ੍ਹਾਂ ਨਾ ਕਰੋ। ਮੇਰੇ 'ਤੇ ਗ਼ਲਤ ਇਲਜ਼ਾਮ ਨਾਲ ਲਗਾਓ।"

"ਜੇ ਪੁੱਛਣਾ ਹੀ ਤਾਂ ਏਜੰਸੀ ਨੂੰ ਜਾ ਕੇ ਪੁੱਛ ਲਓ ਕਿ ਕੀ ਪੁੱਛ ਪੜਤਾਲ ਹੋਈ ਹੈ।ਅਫ਼ਸਾਨਾ ਲੋਕਾਂ ਅਤੇ ਮੀਡੀਆ ਨੂੰ ਤਾੜਦਿਆਂ ਹੋਇਆ ਕਿਹਾ, "ਤੁਸੀਂ ਕਿਹਾ ਅਫ਼ਸਾਨਾ ਨੇ ਭਰਾ ਮਰਵਾ ਦਿੱਤਾ, ਗੈਂਗਸਟਰ ਨਾਲ ਸਬੰਧ ਸੀ, ਪਰ ਮੈਨੂੰ ਅਜਿਹਾ ਕੁਝ ਨਹੀਂ ਪੁੱਛਿਆ ਗਿਆ।"

ਅਫ਼ਸਾਨਾ ਖ਼ਾਨ ਨੇ ਇਹ ਵੀ ਆਖਿਆ, "ਪੰਜਾਬੀ ਗਾਇਕੀ ਮੇਰਾ ਧਰਮ, ਮੇਰੀ ਜਾਤ, ਮੇਰੀ ਇਨਸਾਨੀਅਤ ਹੈ, ਮੈਂ ਤੀਜੇ ਕੰਮ ਵਿੱਚ ਪੈ ਕੇ ਕੀ ਕਰਨਾ।"

ਅਫਸਾਨਾ ਖਾਨ -ਸਿੱਧੂ ਮੂਸੇਵਾਲਾ

ਤਸਵੀਰ ਸਰੋਤ, AFsana khan/insta

ਤਸਵੀਰ ਕੈਪਸ਼ਨ, ਪੁੱਛਗਿੱਛ ਬਾਰੇ ਕੌਮੀ ਜਾਂਚ ਏਜੰਸੀ ਨੇ ਅਜੇ ਤੱਕ ਅਧਿਕਾਰਤ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਮੁੜ ਦੁਹਰਾਇਆ, "ਮੈਨੂੰ ਐੱਆਈਏ ਏਜੰਸੀ ਨੇ ਕੁਝ ਨਹੀਂ ਪੁੱਛਿਆ। ਉਨ੍ਹਾਂ ਨੇ ਮੈਨੂੰ ਸਿਰਫ਼ ਇਹ ਪੁੱਛਿਆ ਕਿ ਤੁਸੀਂ ਸਿੱਧੂ ਨਾਲ ਕਿਵੇਂ ਮਿਲੇ। 'ਧੱਕਾ' ਗਾਣਾ ਕਿਵੇਂ ਮਿਲਿਆ, ਆਉਣ ਵਾਲੇ ਪ੍ਰੋਜੈਕਟ ਕਿਹੜੇ ਹਨ, ਇਨ੍ਹਾਂ ਸਵਾਲਾਂ ਬਾਰੇ ਪੁੱਛਿਆ। ਏਜੰਸੀ ਨੇ ਦੁਪਹਿਰ ਦਾ ਖਾਣੇ ਦਾ ਵੀ ਪ੍ਰਬੰਧ ਕੀਤਾ ਸੀ।"

"ਇੱਕ ਭੈਣ ਦਾ ਭਰਾ ਨਾਲ ਜੋ ਰਿਸ਼ਤਾ ਹੁੰਦਾ ਉਹੀ ਮੇਰਾ ਬਾਈ ਨਾਲ ਸੀ। ਕਦੇ ਕੋਈ ਭਰਾ ਆਪਣੀ ਭੈਣ ਨੂੰ ਨਹੀਂ ਦੱਸਦਾ ਕਿ ਉਹ ਕਦੋਂ, ਕਿਸ ਨੂੰ ਮਿਲਦਾ, ਬੱਸ ਉਹੀ ਮੇਰਾ ਰਿਸ਼ਤਾ ਸੀ।"

"ਅਸੀਂ ਸਾਰੇ ਇਨਸਾਫ਼ ਦੀ ਮੰਗ ਕਰ ਰਹੇ ਹਾਂ ਤੇ ਆਸ ਹੈ ਕਿ ਜਲਦੀ ਹੀ ਸਾਨੂੰ ਇਨਸਾਫ਼ ਮਿਲੇਗਾ।"

ਅਫ਼ਸਾਨਾ ਖ਼ਾਨ ਨੇ ਉਨ੍ਹਾਂ ਤੋਂ ਗੈਂਗਜ਼ ਬਾਬਤ ਕੋਈ ਵੀ ਪੁੱਛਗਿੱਛ ਹੋਣ ਤੋਂ ਇਨਕਾਰ ਕੀਤਾ ਹੈ। ਪਰ ਪੁੱਛਗਿੱਛ ਬਾਰੇ ਕੌਮੀ ਜਾਂਚ ਏਜੰਸੀ ਨੇ ਅਜੇ ਤੱਕ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਫ਼ਸਾਨਾ ਖ਼ਾਨ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਢੰਗ ਨਾਲ ਜ਼ੋਰਦਾਰ ਲਗਾਤਾਰ ਅਵਾਜ਼ ਉਠਾ ਰਹੀ ਹੈ।

ਕੌਣ ਹੈ ਅਫ਼ਸਾਨਾ ਖ਼ਾਨ

ਅਫ਼ਸਾਨਾ ਖ਼ਾਨ ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਮ ਹਨ। ਉਨ੍ਹਾਂ ਨੇ 'ਤਿਤਲੀਆਂ', 'ਜਾਨੀ', 'ਧੱਕਾ' ਸਣੇ ਹੋਰ ਕਈ ਹਿੱਟ ਗਾਣੇ ਗਾਏ ਹਨ।

ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਵੀ ਗੀਤ ਗਾਏ ਹਨ ਅਤੇ ਸਟੇਜ ਸ਼ੋਅ ਵੀ ਕੀਤੇ ਹਨ।

ਅਫ਼ਸਾਨਾ ਖ਼ਾਨ

ਤਸਵੀਰ ਸਰੋਤ, AFsana khan/fb

ਅਫ਼ਸਾਨਾ ਖ਼ਾਨ ਦਾ ਪਿਛੋਕੜ ਦੱਖਣੀ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਪਰਿਵਾਰ ਮੁੱਢ ਤੋਂ ਹੀ ਸੰਗੀਤ ਨਾਲ ਜੁੜਿਆ ਰਿਹਾ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਉਨ੍ਹਾਂ ਦੇ ਜੱਦੀ ਪਿੰਡ ਬਾਦਲ ਦੇ ਵਸਨੀਕ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਅਫਸਾਨਾ ਖ਼ਾਨ ਦੇ ਪਿਤਾ ਸ਼ੀਰਾ ਖ਼ਾਨ ਅਤੇ ਭਰਾ ਖ਼ੁਦਾ ਬਖ਼ਸ਼ ਚੰਗੇ ਸੰਗੀਤਕਾਰ ਵਜੋਂ ਜਾਣੇ ਜਾਂਦੇ ਰਹੇ ਹਨ।

ਸਾਲ 2012 ਵਿੱਚ ਅਫ਼ਸਾਨਾ ਖ਼ਾਨ ਇੱਕ ਗਾਇਕਾ ਦੇ ਰੂਪ ਵਿੱਚ ਉਸ ਵੇਲੇ ਪੰਜਾਬੀਆਂ ਦੇ ਸਾਹਮਣੇ ਆਏ ਜਦੋਂ ਉਨ੍ਹਾਂ ਨੇ ਵੁਆਇਸ ਆਫ ਪੰਜਾਬ ਸੀਜ਼ਨ ਤਿੰਨ ਵਿੱਚ ਹਿੱਸਾ ਲਿਆ ਅਤੇ ਇਸ ਸ਼ੋਅ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ।

ਬੀਬੀਸੀ
  • ਅਫ਼ਸਾਨਾ ਖ਼ਾਨ ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਮ ਹਨ ਅਤੇ ਉਨ੍ਹਾਂ ਨੂੰ ਮੂਸੇਵਾਲਾ ਦੀ ਮੂੰਹਬੋਲੀ ਭੈਣ ਕਿਹਾ ਜਾਂਦਾ ਹੈ।
  • ਅਫ਼ਸਾਨਾ ਅਕਸਰ ਹੀ ਆਪਣੇ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।
  • ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇੱਕ ਕੈਂਡਲ ਮਾਰਚ ਵੀ ਕੱਢਿਆ ਸੀ।
  • ਹਾਲ ਹੀ ਵਿੱਚ ਅਫ਼ਸਾਨਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਮੂਸੇਵਾਲਾ ਨਾਲ ਜੁੜੀ ਇੱਕ ਪੋਸਟ ਪਾਈ ਹੈ ਅਤੇ ਲਾਈਵ ਕੁਝ ਗੱਲਾਂ ਸਾਂਝੀਆਂ ਕਰਨ ਦੀ ਗੱਲ ਆਖੀ ਹੈ।
ਬੀਬੀਸੀ

ਅਫਸਾਨਾ ਖ਼ਾਨ ਨੂੰ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਪ੍ਰਸਿੱਧੀ ਉਨ੍ਹਾਂ ਵੱਲੋਂ ਗਾਏ ਗਏ ਗੀਤ "ਤਿੱਤਲੀਆਂ ਵਰਗਾ" ਨਾਲ ਮਿਲੀ ਸੀ।

ਅਫ਼ਸਾਨਾ ਖ਼ਾਨ ਇਸ ਵੇਲੇ ਆਪਣੇ ਪਤੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਜ਼ੀਰਕਪੁਰ ਵਿਖੇ ਰਹਿ ਰਹੇ ਹਨ।

ਅਫ਼ਸਾਨਾ ਖ਼ਾਨ ਦਾ ਸਿੱਧੂ ਮੂਸੇਵਾਲਾ ਨਾਲ ਰਿਸ਼ਤਾ

ਅਫ਼ਸਾਨਾ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਹਨ ਅਤੇ ਉਨ੍ਹਾਂ ਦੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਚੰਗੇ ਸਬੰਧ ਹਨ।

ਦੋਵਾਂ ਨੇ ਇਕੱਠਿਆਂ ਕਈ ਗੀਤ ਅਤੇ ਸਟੇਜ ਸ਼ੋਅ ਕੀਤੇ ਹਨ। ਇਸ ਤੋਂ ਇਲਾਵਾ, ਅਫ਼ਸਾਨਾ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਿੱਧੂ ਮੂਸੇਵਾਲਾ ਨਾਲ ਤਸਵੀਰਾਂ ਅਤੇ ਪੋਸਟਾਂ ਪਾਉਂਦੇ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਜਿਸ ਗੀਤ 'ਜਾਂਦੀ ਵਾਰ' ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਹੋਇਆ ਸੀ, ਉਸ 'ਚ ਅਫ਼ਸਾਨਾ ਖ਼ਾਨ ਦੀ ਵੀ ਆਵਾਜ਼ ਸੀ।

ਸਿੱਧੂ ਮੂਸੇਵਾਲਾ ਅਤੇ ਅਫ਼ਸਾਨਾ ਖ਼ਾਨ

ਤਸਵੀਰ ਸਰੋਤ, AFsana khan/fb

ਦਰਅਸਲ, ਬਾਲੀਵੁੱਡ ਸੰਗੀਤਕਾਰ ਸਲੀਮ ਮਰਚੈਂਟ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਦਾ ਰਿਕਾਰਡ ਕੀਤਾ ਗੀਤ 'ਜਾਂਦੀ ਵਾਰ' 2 ਸਤੰਬਰ 2022 ਨੂੰ ਰਿਲੀਜ਼ ਕਰਨ ਜਾ ਰਹੇ ਹਨ।

ਇਸ ਨੂੰ ਲੈ ਕੇ ਪਰਿਵਾਰ ਨੇ ਇਤਰਾਜ਼ ਜ਼ਾਹਰ ਕੀਤਾ ਸੀ ਕਿ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਇਹ ਗਾਣਾ ਜਾਰੀ ਕੀਤਾ ਜਾ ਰਿਹਾ ਹੈ। ਜਿਸ ਲਈ ਉਨ੍ਹਾਂ ਨੇ ਸਲੀਮ ਨੂੰ ਗਾਣਾ ਰੋਕਣ ਲਈ ਵੀ ਕਿਹਾ ਸੀ, ਜਿਸ ਤੋਂ ਬਾਅਦ ਗੀਤ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੀ ਸਲੀਮ ਨਾਲ ਮੁਲਾਕਾਤ ਵੀ ਅਫ਼ਸਾਨਾ ਨੇ ਹੀ ਕਰਵਾਈ ਸੀ।

ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਅਫ਼ਸਾਨਾ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਜਾਂ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਅਫ਼ਸਾਨਾ ਨੇ ਹਾਲ ਹੀ 'ਚ ਮੂਸੇਵਾਲਾ ਅਤੇ ਉਨ੍ਹਾਂ ਦੀ ਮਾਂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ''ਮਾਤਾ ਚਰਨ ਕੌਰ ਜੀ... ਸ਼ਰਮ ਕਰੋ ਦੋਸਤੀ ਦੇ ਨਾਂ 'ਤੇ ਕਲੰਕ ਨਿੱਕਲੇ ਸਿੱਧੂ ਵੀਰੇ ਦੇ ਸਾਰੇ ਸਹਿਯੋਗੀ ਗਾਇਕ ਦੋਸਤ।''

ਅਫ਼ਸਾਨਾ ਖ਼ਾਨ ਦੁਆਰਾ ਪੋਸਟ ਕੀਤੀ ਗਈ ਤਸਵੀਰ

ਤਸਵੀਰ ਸਰੋਤ, AFsana khan/fb

ਤਸਵੀਰ ਕੈਪਸ਼ਨ, ਅਫ਼ਸਾਨਾ ਖ਼ਾਨ ਦੁਆਰਾ ਪੋਸਟ ਕੀਤੀ ਗਈ ਤਸਵੀਰ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅਫ਼ਸਾਨਾ ਖ਼ਾਨ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਜ਼ਿਕਰ ਕਰਦਿਆਂ ਇਕ ਕੈਂਡਲ ਮਾਰਚ ਵੀ ਕੱਢਿਆ ਸੀ।

ਪਿਛਲੇ ਸਮੇਂ ਤੋਂ ਉਹ ਲਗਾਤਾਰ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਦੀ ਮੁਹਿੰਮ ਚਲਾ ਰਹੇ ਹਨ।

ਕੌਣ ਹੈ ਬੰਬੀਬਾ ਗੈਂਗ

ਬੰਬੀਹਾ ਗੈਂਗ ਦੀ ਅਗਵਾਈ ਗੌਰਵ (ਉਰਫ਼ ਲੱਕੀ) ਪਟਿਆਲ ਕਰ ਰਿਹਾ ਹੈ।

ਬੰਬੀਹਾ ਗੈਂਗ ਦਾ ਨਾਂ ਮ੍ਰਿਤਕ ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ 'ਤੇ ਰੱਖਿਆ ਗਿਆ ਸੀ ਜੋ 2016 'ਚ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਸੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗਿਰੋਹ ਲਾਰੈਂਸ ਬਿਸ਼ਨੋਈ ਗੈਂਗ ਦਾ ਵਿਰੋਧੀ ਹੈ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੀ ਅਗਵਾਈ ਇਸ ਸਮੇਂ ਲੱਕੀ ਪਟਿਆਲ ਕਰ ਰਿਹਾ ਹੈ ਅਤੇ "ਜਦੋਂ ਅਸੀਂ ਆਖ਼ਰੀ ਵਾਰ ਸੁਣਿਆ ਸੀ ਕਿ ਉਹ ਅਰਮੇਨੀਆ ਵਿੱਚ ਸੀ।"

ਉਸ ਦੇ ਸਹਿਯੋਗੀ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਰਮੇਨੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਨਵੰਬਰ 2019 ਵਿੱਚ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਪੁਲਿਸ ਦਾ ਇਲਜ਼ਾਮ ਹੈ ਕਿ ਸੁਖਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਵਿੱਚ ਡਰ ਅਤੇ ਦਹਿਸ਼ਤ ਫੈਲਾਈ ਸੀ।

ਕੁਝ ਮਹੀਨੇ ਪਹਿਲਾਂ ਪੰਜਾਬ ਪੁਲਿਸ ਨੇ ਚੰਡੀਗੜ੍ਹ ਤੋਂ ਸੇਵਾਮੁਕਤ ਡਿਪਟੀ ਪਾਸਪੋਰਟ ਅਫ਼ਸਰ ਬਿਧੀ ਚੰਦ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਸੂਤਰਾਂ ਮੁਤਾਬਕ, "ਉਸ ਨੇ ਗੌਰਵ ਪਟਿਆਲ ਤੋਂ 50 ਹਜ਼ਾਰ ਰੁਪਏ ਲਏ ਸਨ ਤਾਂ ਜੋ ਇੱਕ ਜਾਅਲੀ ਨਾਮ ਅਤੇ ਪਤੇ 'ਤੇ ਆਪਣਾ ਭਾਰਤੀ ਪਾਸਪੋਰਟ ਤਿਆਰ ਕੀਤਾ ਜਾ ਸਕੇ ਅਤੇ ਇਸ ਨੂੰ ਉਸ ਨੂੰ ਸੌਂਪਿਆ ਜਾ ਸਕੇ।"

ਸਿੱਧੂ ਮੂਸੇਵਾਲਾ ਦੀ ਤਸਵੀਰ ਨਾਲ ਅਫ਼ਸਾਨਾ ਖ਼ਾਨ

ਤਸਵੀਰ ਸਰੋਤ, AFsana khan/Insta

ਤਸਵੀਰ ਕੈਪਸ਼ਨ, "ਲੋਕਾਂ ਨੇ ਮੈਨੂੰ ਕਿਹਾ ਫੇਮ ਭਾਲਦੀ ਹੈ, ਰੋਟੀਆਂ ਸੇਕਦੀਆਂ ਹੈ, ਰੋਟੀ ਖਾ ਕੇ ਸਾਰੇ ਸੌਂਦੇ ਹਨ, ਕੋਈ ਮਰਿਆ ਮਗਰੋਂ ਇਸ ਤਰ੍ਹਾਂ ਰੋਟੀ ਨਹੀਂ ਖਾਂਦਾ।"

"ਬੁੱਢਾ ਆਪਣੀ ਹਿਰਾਸਤ ਦੇ ਸਮੇਂ ਅਰਮੇਨੀਆ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।"

"ਗਾਇਕ ਪਰਮੀਸ਼ ਵਰਮਾ 'ਤੇ ਹਮਲੇ ਤੋਂ ਬਾਅਦ ਅਪ੍ਰੈਲ 2018 'ਚ ਬੁੱਢਾ ਪੰਜਾਬ ਤੋਂ ਭੱਜ ਗਿਆ ਸੀ। ਉਸ ਨੂੰ ਇੰਟਰਪੋਲ ਵੱਲੋਂ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ ਸੀ।"

ਬੁੱਢਾ ਫ਼ਰੀਦਕੋਟ ਜੇਲ੍ਹ ਵਿੱਚ ਸੀ ਪਰ ਪੈਰੋਲ ਮਿਲਣ ਤੋਂ ਬਾਅਦ ਉਹ ਵਾਪਸ ਨਹੀਂ ਆਇਆ।

ਪੁਲਿਸ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਨਵਰੀ 2017 ਵਿੱਚ ਹਰਿਆਣਾ ਦੇ ਪਿੰਡ ਚੌਟਾਲਾ ਵਿੱਚ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਸੀ।

"14 ਅਪ੍ਰੈਲ, 2018 ਨੂੰ, ਉਸ ਨੇ ਗਾਇਕ ਪਰਮੀਸ਼ ਵਰਮਾ 'ਤੇ ਕਥਿਤ ਤੌਰ 'ਤੇ ਗੋਲੀ ਚਲਾ ਦਿੱਤੀ ਕਿਉਂਕਿ ਉਸ ਨੇ 20 ਲੱਖ ਰੁਪਏ ਦੀ ਜਬਰੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ।"

ਮੂਸੇਵਾਲਾ ਦਾ ਕਤਲ

29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਨੇੜੇ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ।

ਥਾਰ ਗੱਡੀ ਵਿੱਚ ਉਨ੍ਹਾਂ ਨਾਲ ਬੈਠੇ ਦੋ ਸਾਥੀਆਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਸਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਸੈਂਕੜੇ ਹਾਈ ਪ੍ਰੋਫ਼ਾਈਲ ਲੋਕਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਜਾਂ ਤਾਂ ਹਟਾ ਲਈ ਸੀ ਜਾਂ ਘਟਾ ਦਿੱਤੀ ਸੀ ਅਤੇ ਇਨ੍ਹਾਂ ਵਿੱਚੋਂ ਮੂਸੇਵਾਲਾ ਵੀ ਇੱਕ ਸਨ।

ਕਤਲ ਵਾਲੇ ਦਿਨ ਮੂਸੇਵਾਲਾ ਸੁਰੱਖਿਆ ਵਿੱਚ ਬਚੇ ਦੋ ਕਮਾਂਡੋਜ਼ ਦੇ ਬਗੈਰ ਨਿਕਲੇ ਸਨ।

ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਣ ਲੱਗੇ। ਉਨ੍ਹਾਂ ਦੀ ਅੰਤਮ ਯਾਤਰਾ ਅਤੇ ਸਸਕਾਰ ਵੇਲੇ ਵੀ ਲੋਕਾਂ ਦਾ ਵੱਡਾ ਹਜੂਮ ਦੇਖਣ ਨੂੰ ਮਿਲਿਆ।

ਇਸ ਕਤਲ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਵੀਂ ਬਣੀ ਭਗਵੰਤ ਮਾਨ ਸਰਕਾਰ ਉੱਤੇ ਕਈ ਸਵਾਲ ਖੜ੍ਹੇ ਹੋਏ।

ਤਸਵੀਰ ਸਰੋਤ, fb/sidhu moosewala

ਤਸਵੀਰ ਕੈਪਸ਼ਨ, ਇਸ ਕਤਲ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਵੀਂ ਬਣੀ ਭਗਵੰਤ ਮਾਨ ਸਰਕਾਰ ਉੱਤੇ ਕਈ ਸਵਾਲ ਖੜ੍ਹੇ ਹੋਏ।

ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ

ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ, ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ।

ਸੋਸ਼ਲ ਮੀਡੀਆ 'ਤੇ ਇੱਕ ਫੇਸਬੁੱਕ ਪੋਸਟ ਵਿੱਚ ਗੋਲਡੀ ਬਰਾੜ ਵੱਲੋਂ ਕਤਲ ਦੀ ਕਥਿਤ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਕੀਤਾ ਗਿਆ।

ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਇਰ ਹੋ ਚੁੱਕੀ ਹੈ। ਇਸ ਚਾਰਜਸ਼ੀਟ ਵਿੱਚ ਗੋਲਡੀ ਬਰਾੜ ਨੂੰ ਪੁਲਿਸ ਨੇ ਮਾਸਟਰਮਾਈਂਡ ਕਿਹਾ ਹੈ।

ਪੁਲਿਸ ਮੁਤਾਬਕ ਅਕਾਲੀ ਲੀਡਰ ਵਿੱਕੀ ਮਿੱਢੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਇਹ ਸਾਜਿਸ਼ ਰਚੀ ਗਈ ਸੀ।

ਦਿੱਲੀ ਦੇ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਬਿਸ਼ਨੋਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚੋਂ ਪੰਜਾਬ ਲਿਆਂਦਾ ਗਿਆ ਸੀ।

ਬਿਸ਼ਨੋਈ ਦਾ ਕਈ ਕੇਸਾਂ ਵਿੱਚ ਪੰਜਾਬ ਪੁਲਿਸ ਵਾਰ ਵਾਰ ਰਿਮਾਂਡ ਲੈ ਰਹੀ ਹੈ।

ਬੀਬੀਸੀ

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)