You’re viewing a text-only version of this website that uses less data. View the main version of the website including all images and videos.
ਬਟਾਲਾ ਪੁਲਿਸ ਥੱਪੜ ਕਾਂਡ: "ਇਹ ਨੌਜਵਾਨਾਂ ਦੀ ਅਜ਼ਾਦੀ 'ਤੇ ਥੱਪੜ ਹੈ", ਪੰਜਾਬ ਪੁਲਿਸ ਦੀ ਕਿਉਂ ਹੋ ਰਹੀ ਹੈ ਅਲੋਚਨਾ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਬਟਾਲਾ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਕੁੜੀਆਂ ਦੇ 'ਥੱਪੜ' ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਨੌਜਵਾਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।
ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ ਇੱਕ ਪਾਰਕ 'ਚ ਕੁਝ ਕੁੜੀਆਂ ਨਾਲ ਬਦਸਲੂਕੀ ਕਰਨ ਅਤੇ ਚਪੇੜਾਂ ਮਾਰਨ ਦਾ ਇੱਕ ਵੀਡੀਓ ਸੋਸ਼ਲ ਮੀਡੀਆਂ ਉਪਰ ਵਾਇਰਲ ਹੋ ਰਿਹਾ ਹੈ।
ਇਸ ਨਾਲ ਪੰਜਾਬ ਪੁਲਿਸ ਨੂੰ ਅਲੋਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ ਬਟਾਲਾ ਪੁਲਿਸ ਵਲੋਂ ਇਹਨਾਂ ਮਹਿਲਾ ਮੁਲਾਜ਼ਮਾਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਪਰ ਨੌਜਵਾਨਾਂ ਵੱਲੋਂ ਮਹਿਲਾ ਕਾਂਸਟੇਬਲ ਦੇ ਵਿਵਹਾਰ ਨੂੰ ਗੈਰ-ਲੋਕਤੰਤਰਿਕ ਅਤੇ ਗੈਰ ਜ਼ਿੰਮੇਵਾਰਾਨਾ ਕਰਾਰ ਦਿੱਤਾ ਜਾ ਰਿਹਾ ਹੈ।
ਨੌਜਵਾਨ ਇਸ ਨੂੰ ਬਾਲਗ ਲੋਕਾਂ ਦੀ 'ਅਜ਼ਾਦੀ ਉਪਰ ਚਪੇੜ' ਆਖ ਰਹੇ ਹਨ।
ਪੁਲਿਸ ਨੇ ਕੁੜੀਆਂ ਦੇ ਜਨਤਕ ਥਾਂ ਉਪਰ ਚਪੇੜਾਂ ਕਿਉਂ ਮਾਰੀਆਂ?
ਜਾਣਕਾਰੀ ਮੁਤਾਬਕ ਇਹ ਘਟਨਾ 11 ਅਕਤੂਬਰ ਦੀ ਹੈ। ਸ਼ਾਮ ਵੇਲੇ ਦਾ ਇਹ ਮਾਮਲਾ ਬਟਾਲਾ ਦੇ ਜਲੰਧਰ ਰੋਡ 'ਤੇ ਸਥਿਤ ਇੱਕ ਪਬਲਿਕ ਪਾਰਕ ਵਿੱਚ ਵਾਪਰਿਆ ਸੀ।
ਇਹ ਪਾਰਕ ਸ਼ਹਿਰ 'ਚ ਚੱਲ ਰਹੇ ਆਇਲਟਸ ਸੈਂਟਰਾਂ ਦੇ ਨੇੜੇ ਸਥਿਤ ਹੈ।
ਪਾਰਕ 'ਚ ਬਟਾਲਾ ਪੁਲਿਸ ਵੱਲੋਂ ਕੁਝ ਕੁੜੀਆਂ ਨੂੰ ਮੁੰਡਿਆਂ ਨਾਲ ਬੈਠਣ ਕਾਰਨ ਸਵਾਲ ਜਵਾਬ ਕੀਤੇ ਗਏ।
- ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਾਰਕ 'ਚ ਮਹਿਲਾ ਕਾਂਸਟੇਬਲਾਂ ਵੱਲੋਂ ਕੁਝ ਕੁੜੀਆਂ ਨਾਲ ਬਦਸਲੂਕੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
- ਘਟਨਾ 11 ਅਕਤੂਬਰ ਦੀ ਸ਼ਾਮ ਨੂੰ ਬਟਾਲਾ ਦੇ ਜਲੰਧਰ ਰੋਡ 'ਤੇ ਸਥਿਤ ਇੱਕ ਪਬਲਿਕ ਪਾਰਕ ਦੀ ਹੈ।
- ਬਟਾਲਾ ਪੁਲਿਸ ਵਲੋਂ ਇਹਨਾਂ ਮਹਿਲਾ ਮੁਲਾਜ਼ਮਾਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
- ਬੀਬੀਸੀ ਨੇ ਇਸ ਬਾਰੇ ਕਈ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਜਿੰਨ੍ਹਾਂ ਪੁਲਿਸ ਦੀ ਕਰਵਾਈ ਨੂੰ ਗਲਤ ਕਰਾਰ ਦਿੱਤਾ।
- ਨੌਜਵਾਨ ਇਸ ਨੂੰ ਬਾਲਗ ਲੋਕਾਂ ਦੀ 'ਅਜ਼ਾਦੀ ਉਪਰ ਚਪੇੜ' ਆਖ ਰਹੇ ਹਨ।
ਇਹਨਾਂ ਪੁਲਿਸ ਮੁਲਾਜ਼ਮਾਂ ਨੇ ਕੜਾ ਰੁੱਖ ਅਪਣਾਉਂਦੇ ਹੋਏ ਜ਼ਬਰਦਸਤੀ ਕੁੜੀਆਂ ਦੇ ਮੋਬਾਈਲ ਫੋਨ ਜਾਂਚੇ ਅਤੇ ਕੁਝ ਲੜਕੀਆਂ ਦੇ 'ਥੱਪੜ' ਵੀ ਮਾਰੇ ਸਨ।
ਪਾਰਕ 'ਚ ਰੌਲਾ ਪੈਣ ਤੋਂ ਬਾਅਦ ਇਕੱਤਰ ਹੋਏ ਲੋਕਾਂ ਅਤੇ ਪੱਤਰਕਾਰਾਂ ਵਲੋਂ ਮੋਬਾਇਲ ਫੋਨਾਂ ਵਿੱਚ ਇਸ ਘਟਨਾ ਨੂੰ ਕੈਦ ਕਰ ਲਿਆ ਗਿਆ।
ਕੁੜੀਆਂ ਨਾਲ ਕਥਿਤ ਬਦਸਲੂਕੀ ਦੀ ਘਟਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਤੇਜੀ ਨਾਲ ਵਾਇਰਲ ਹੋਈ ਸੀ।
'ਇਹ ਇੱਕ ਕੁੜੀ ਲਈ ਬਹੁਤ ਨਮੋਸ਼ੀ ਵਾਲੀ ਗੱਲ ਹੁੰਦੀ ਹੈ'
ਬੀਬੀਸੀ ਨੇ ਇਸ ਬਾਰੇ ਕਈ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਜਿੰਨ੍ਹਾਂ ਪੁਲਿਸ ਦੀ ਕਰਵਾਈ ਨੂੰ ਗਲਤ ਕਰਾਰ ਦਿੱਤਾ।
ਇੱਕ ਵਿਦਿਆਰਥਣ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਉਪਰ ਕਿਹਾ, "ਕੋਈ ਕਿਸੇ ਨੂੰ ਬੈਠਾ ਦੇਖ ਕੇ ਜੱਜ ਨਹੀਂ ਕਰ ਸਕਦਾ। ਪਾਰਕ ਵਿੱਚ ਹਰ ਵਰਗ ਦੇ ਲੋਕ ਜਾਂਦੇ ਹਨ। ਨੌਜਵਾਨ ਵੀ ਅਤੇ ਬਜ਼ੁਰਗ ਵੀ ਪਰ ਅਜਿਹੀ ਕੋਈ ਗਲਤ ਗੱਲ ਨਹੀਂ ਹੁੰਦੀ।"
"ਇਹ ਬਿਲਕੁਲ ਗਲਤ ਹੈ ਕਿ ਤੁਸੀਂ ਕਿਸੇ ਇਨਸਾਨ ਦੇ ਜਨਤਕ ਥਾਂ ਉਪਰ ਥੱਪੜ ਮਾਰੋ। ਜੇਕਰ ਉਹਨਾਂ ਨੇ ਅੱਗੋਂ ਹੱਥ ਚੁੱਕਿਆ ਹੁੰਦਾ ਤਾਂ ਪੁਲਿਸ ਕਾਂਸਟੇਬਲ ਨੇ ਕਹਿਣਾ ਸੀ ਕਿ ਮੇਰੇ ਵਰਦੀ ਪਾਈ ਹੋਈ ਹੈ।"
ਇੱਕ ਹੋਰ ਕੁੜੀ ਨੇ ਕਿਹਾ, "ਨੌਜਵਾਨ 18 ਸਾਲ ਦੀ ਉਮਰ ਤੋਂ ਵੱਧ ਹਨ। ਉਹ ਆਪਣਾ ਚੰਗਾ ਮਾੜਾ ਸੋਚ ਸਕਦੇ ਹਨ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਲਈ ਕੀ ਗਲਤ ਹੈ ਅਤੇ ਕੀ ਠੀਕ ਹੈ।"
"ਇਹ ਕਿਤੇ ਵੀ ਕਾਨੂੰਨ ਨਹੀਂ ਹੈ ਕਿ ਤੁਸੀਂ ਬਿਨਾਂ ਸਬੂਤ ਦੇ ਥੱਪੜ ਮਾਰ ਦੇਵੋ। ਮਾਤਾ-ਪਿਤਾ ਨੂੰ ਫੋਨ ਕਰਨ ਦਾ ਵੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ।"
"ਇਹ ਇਕ ਕੁੜੀ ਲਈ ਬਹੁਤ ਨਮੋਸ਼ੀ ਵਾਲੀ ਗੱਲ ਹੁੰਦੀ ਹੈ।"
ਕੀ ਪੁਲਿਸ ਨੂੰ ਕੁੜੀਆਂ ਦੇ ਜਨਤਕ ਥਾਂ ਉਪਰ ਥੱਪੜ ਮਾਰਨ ਦਾ ਅਧਿਕਾਰ ਹੈ?
ਸਮਾਜਕ ਕਾਰਕੁਨ ਜਗਜੋਤ ਸਿੰਘ ਦਾ ਕਹਿਣਾ ਸੀ ਕਿ ਇਹ ਥੱਪੜ ਨੌਜਵਾਨਾਂ ਦੀ ਅਜ਼ਾਦੀ 'ਤੇ ਚਪੇੜ ਹੈ। ਉਹ ਕਹਿੰਦੇ ਹਨ, "ਜੇਕਰ ਬੱਚੇ ਕੋਈ ਗੈਰਕਾਨੂੰਨੀ ਕੰਮ ਕਰਦੇ ਹਨ ਤਾਂ ਪੁਲਿਸ ਦੀ ਕਾਰਵਾਈ ਕਰਨੀ ਬਣਦੀ ਹੈ। ਪਰ ਬੱਚਿਆਂ ਨੂੰ ਜਨਤਕ ਤੌਰ ਉਪਰ ਥੱਪੜ ਮਾਰਨ ਨਾਲ ਮੈਂ ਸਹਿਮਤ ਨਹੀਂ ਹਾਂ।"
"ਜੇਕਰ ਬੱਚੇ ਕਿਸੇ ਗਲਤ ਰਸਤੇ ਪਏ ਸਨ ਤਾਂ ਉਸ ਨੂੰ ਪਿਆਰ ਅਤੇ ਚੰਗੇ ਤਰੀਕੇ ਨਾਲ ਵੀ ਸਮਝਾਇਆ ਜਾ ਸਕਦਾ ਸੀ।"
ਉਹ ਕਹਿੰਦੇ ਹਨ, "ਸਾਰੇ ਹੀ ਬੱਚੇ ਸਿਆਣੀ ਉਮਰ ਦੇ ਸਨ ਪਰ ਪੁਲਿਸ ਨੇ ਥੱਪੜ ਮਾਰ ਕੇ ਮਾਮਲੇ ਨੂੰ ਉਲਝਾ ਦਿੱਤਾ। ਲੜਕੀਆਂ ਨੂੰ ਜਨਤਕ ਤੌਰ ਉਪਰ ਥੱਪੜ ਮਾਰਨਾ ਜਾਇਜ਼ ਨਹੀਂ ਹੈ।"
ਜਗਜੋਤ ਸਿੰਘ ਕਹਿਦੇ ਹਨ, "ਵਿਦਿਆਰਥੀਆਂ ਨੂੰ ਇਹ ਥੱਪੜ ਆਪਣੀ ਆਜ਼ਾਦੀ ਉਪਰ ਵੱਜਾ ਨਜ਼ਰ ਆਇਆ ਹੈ।"
ਵਕੀਲ ਸਿਮਰਨਜੀਤ ਕੌਰ ਕਹਿੰਦੇ ਹਨ ਕਿ ਉਹਨਾਂ ਸੋਸ਼ਲ ਮੀਡਿਆ ਪਲੇਟਫਾਰਮ ਉਪਰ ਕੁੜੀਆਂ ਨੂੰ ਥੱਪੜ ਮਾਰਨ ਦੀ ਵਾਇਰਲ ਵੀਡੀਓ ਦੇਖੀ।
ਉਹ ਕਹਿੰਦੇ ਹਨ, "ਕਾਨੂੰਨੀ ਤੌਰ 'ਤੇ ਇਸ ਵੀਡੀਓ 'ਚ ਮੌਕੇ ਉਪਰ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਕਾਰਵਾਈ ਸਵਾਲ ਖੜੇ ਕਰਦੀ ਹੈ। ਉਹਨਾਂ ਨੂੰ ਅਧਿਕਾਰ ਨਹੀਂ ਹਨ ਕਿ ਉਹ ਕਿਸੇ ਨਾਲ ਇਸ ਤਰ੍ਹਾਂ ਕੁੱਟਮਾਰ ਕਰ ਸਕਣ।"
"ਜੇਕਰ ਉਥੇ ਪਾਰਕ 'ਚ ਕੁਝ ਗ਼ਲਤ ਜਾਂ ਇਤਰਾਜ਼ਯੋਗ ਹੋ ਰਿਹਾ ਸੀ ਤਾਂ ਉਹ ਪਹਿਲਾਂ ਮਾਮਲੇ ਦੀ ਜਾਂਚ ਕਰਦੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਜੋ ਕਿ ਪੁਲਿਸ ਦੀ ਡਿਊਟੀ ਹੈ। ਲੜਕੀਆਂ ਉਪਰ ਜੋ ਹੱਥ ਚੁੱਕਿਆ ਗਿਆ, ਉਹ ਗੈਰਕਾਨੂੰਨੀ ਹੈ।"
ਉਹ ਕਹਿੰਦੇ ਹਨ, "ਪੁਲਿਸ ਵਲੋਂ ਮੁਲਾਜ਼ਮਾਂ ਨੂੰ ਲਾਈਨ ਹਾਜ਼ਿਰ ਕੀਤਾ ਗਿਆ ਹੈ ਪਰ ਇਹ ਨਾਕਾਫੀ ਹੈ।"
ਇਹ ਵੀ ਪੜ੍ਹੋ-
ਪੁਲਿਸ ਵੱਲੋਂ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ
ਬਟਾਲਾ ਦੇ ਐੱਸਪੀ (ਇਨਵੈਸਟੀਗੇਸ਼ਨ) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਮਹਿਲਾ ਪੁਲਿਸ ਕਰਮਚਾਰੀਆਂ ਦਵਿੰਦਰ ਕੌਰ ਅਤੇ ਕੰਵਲਜੀਤ ਕੌਰ ਨੂੰ ਡਿਊਟੀ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।
ਐੱਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹਨਾਂ ਮੁਲਾਜ਼ਾਮਾਂ ਨੂੰ ਕੁੜੀਆਂ ਦੀ ਸਥਿਤੀ ਕੁਝ ਇਤਰਾਜ਼ਯੋਗ ਲੱਗੀ। ਵੀਡੀਓ ਵਿੱਚ ਇਹ ਵੀ ਗੱਲ ਆਈ ਕਿ ਉਹਨਾਂ ਨੇ ਥੱਪੜ ਮਾਰੇ।
"ਕਾਨੂੰਨੀ ਕਰਵਾਈ ਕਰਦੇ ਹੋਏ ਅਸੀਂ ਕੋਈ ਗਲਤ ਅਧਿਕਾਰਾਂ ਦਾ ਪ੍ਰਯੋਗ ਨਹੀਂ ਕਰਨਾ ਹੁੰਦਾ। ਇਹਨਾਂ ਵੱਲੋਂ ਕੁੜੀਆਂ ਦੇ ਮਾਰਨਾ ਗਲਤ ਸੀ। ਇਸ ਨੂੰ ਦੇਖਦੇ ਹੋਏ ਉਹਨਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ।"
ਮਹਿਲਾ ਕਾਂਸਟੇਬਲਾਂ ਦਾ ਕੀ ਕਹਿਣਾ ਹੈ?
ਮਹਿਲਾ ਕਾਂਸਟੇਬਲਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਰੁਟੀਨ ਡਿਊਟੀ ਦੌਰਾਨ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਾਰਕ 'ਚ ਜਿਆਦਾ ਲੜਕੇ ਲੜਕੀਆਂ ਗ਼ਲਤ ਕੰਮ ਕਰਦੇ ਹਨ ਅਤੇ ਬੈਠੇ ਰਹਿੰਦੇ ਹਨ।
ਕਾਂਸਟੇਬਲ ਦਵਿੰਦਰ ਕੌਰ ਨੇ ਕਿਹਾ ਹੈ, "ਇਹ ਘਰ ਵਾਲਿਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹਨ। ਸਾਨੂੰ ਸ਼ਿਕਾਇਤ ਮਿਲੀ ਸੀ ਅਤੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਬਹੁਤ ਕੁੜੀਆਂ ਮੁੰਡੇ ਏਥੇ ਬੈਠੇ ਹੋਏ ਸਨ।"
"ਉਹਨਾਂ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਦੋਂ ਉਹ ਨਹੀਂ ਸਮਝੇ ਤਾਂ ਦੂਸਰੀ ਤਰ੍ਹਾਂ ਵੀ ਸਮਝਾਇਆ। ਉਹਨਾਂ ਨੂੰ ਇਥੋਂ ਭਜਾਇਆ ਕਿ ਅੱਜ ਤੋਂ ਬਾਅਦ ਏਥੇ ਨਹੀਂ ਬੈਠਣਾ।"
ਇਹ ਵੀ ਪੜ੍ਹੋ-