ਨਰਿੰਦਰ ਮੋਦੀ ਦਾ ਜਨਮਦਿਨ: ਚੀਤਿਆਂ ਦਾ 'ਤੋਹਫ਼ਾ' ਅਤੇ ਡ੍ਰੋਨ ਨਾਲ ਨਿਗਰਾਨੀ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚਾਲੇ ਦਾ ਇਲਾਕਾ ਇੱਕ ਛਾਉਣੀ ਵਾਂਗ ਬਣ ਚੁੱਕਿਆ ਹੈ ਕਿਉਂਕਿ ਅਧਿਕਾਰੀਆਂ ਮੁਤਾਬਕ ਇਸ ਵਿੱਚ ਦਿਨ-ਰਾਤ ਇੱਕ ਕਰਕੇ ਹੈਲੀਪੈਡ ਬਣਾ ਦਿੱਤਾ ਗਿਆ ਹੈ।

ਇਸ ਹੈਲੀਪੈਡ ਤੋਂ ਸਿਰਫ਼ 200 ਮੀਟਰ ਦੀ ਦੂਰੀ ਉੱਤੇ ਇੱਕ 150 ਮੀਟਰ ਦਾ ਕੁਆਰੰਟੀਨ ਜ਼ੋਨ ਬਣਾਇਆ ਗਿਆ ਹੈ ਜਿਸ 'ਚ 17 ਸਤੰਬਰ ਦੇ ਦਿਨ ਨਾਮੀਬੀਆ ਤੋਂ ਅੱਠ ਚੀਤੇ ਪਹੁੰਚੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਹੈਲੀਪੈਡ ਉੱਤੇ ਲੈਂਡ ਹੋਣ ਤੋਂ ਕੁਝ ਘੰਟੇ ਪਹਿਲਾਂ ਇਹ ਚੀਤੇ ਇੱਥੇ ਲੈਂਡ ਕੀਤੇ। ਇਨ੍ਹਾਂ ਵਿੱਚੋਂ ਦੋ ਨੂੰ ਪ੍ਰਧਾਨ ਮੰਤਰੀ ਦੇ ਇੱਕ ਲੋਹੇ ਦੀ ਮਚਾਨ 'ਤੇ ਲੀਵਰ ਖਿੱਚ ਕੇ ਕੁਆਰੰਟੀਨ ਜ਼ੋਨ ਵਿੱਚ ਛੱਡ ਦਿੱਤਾ।

ਪਰ 1.15 ਲੱਖ ਹੈਕਟੇਅਰ ਖ਼ੇਤਰਫਲ ਵਾਲੇ ਕੂਨੋ ਨੈਸ਼ਨਲ ਪਾਰਕ ਵਿੱਚ ਛੱਡੇ ਜਾਣ ਤੋਂ ਪਹਿਲਾਂ ਪੰਜ-ਛੇ ਸਾਲ ਦੀ ਉਮਰ ਵਾਲੇ ਇਨ੍ਹਾਂ ਚੀਤਿਆਂ ਨੂੰ ਇੱਕ ਮਹੀਨੇ ਤੱਕ ਕੁਆਰੰਟੀਨ ਜ਼ੋਨ 'ਚ ਹੀ ਰੱਖਿਆ ਜਾਵੇਗਾ ਜਿਸ ਨਾਲ ਉਹ ਇਸ ਆਬੋ-ਹਵਾ ਦੇ ਆਦੀ ਹੋ ਸਕਣ।

ਮੱਧ ਪ੍ਰਦੇਸ਼ ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ, "ਇਸ ਇੱਕ ਮਹੀਨੇ ਦੌਰਾਨ ਚੀਤੇ ਆਪੋ-ਆਪਣੇ ਜ਼ੋਨ ਵਿੱਚ ਹੀ ਰਹਿਣਗੇ ਅਤੇ ਸ਼ਿਕਾਰ ਨਹੀਂ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਹਰ ਦੂਜੇ-ਤੀਜੇ ਦਿਨ ਮੱਝ ਦਾ ਮੀਟ ਪਰੋਸਿਆ ਜਾਵੇਗਾ।"

"ਇੱਕ ਮਹੀਨੇ ਬਾਅਦ ਇਨ੍ਹਾਂ ਚੀਤਿਆਂ ਨੂੰ 500 ਹੈਕਟੇਅਰ ਵਾਲੇ ਜ਼ੋਨ ਵਿੱਚ ਭੇਜਿਆ ਜਾਵੇਗਾ ਜਿਸ ਵਿੱਚ ਉਹ ਇੱਕ-ਦੁਜੇ ਦੇ ਨੇੜੇ ਵੀ ਰਹਿ ਸਕਣ ਅਤੇ ਲੋੜ ਪੈਣ ਉੱਤੇ ਉਨ੍ਹਾਂ ਨੂੰ ਵੱਖਰਾ ਵੀ ਕੀਤਾ ਜਾ ਸਕੇ।"

ਭਾਰਤ ਆਉਣ ਵਾਲੇ ਚੀਤਿਆਂ ਨੂੰ ਸੈਂਕਚੁਰੀਆਂ ਤੋਂ ਹੀ ਲਿਆ ਗਿਆ ਹੈ ਜਿੱਥੇ ਉਨ੍ਹਾਂ ਦਾ ਪ੍ਰਜਨਨ ਸਹੀ ਢੰਗ ਨਾਲ ਕੀਤਾ ਗਿਆ ਹੈ। ਦੱਖਣੀ ਅਫ਼ਰੀਕਾ ਵਿੱਚ ਲਗਭਗ 50 ਅਜਿਹੀਆਂ ਸੈਂਕਚੁਰੀਆਂ ਹਨ ਜਿਨ੍ਹਾਂ ਵਿੱਚ 500 ਬਾਲਗ ਚੀਤੇ ਹਨ।

ਚੀਤਾ ਕੰਜ਼ਰਵੇਸ਼ਨ ਫੰਡ ਨਾਮ ਦੀ ਨਾਮੀ ਅੰਤਰਰਾਸ਼ਟਰੀ ਸੰਸਥਾ ਦੀ ਨਿਦੇਸ਼ਕ ਲੌਰੀ ਮਾਰਕਰ ਨੇ ਬੀਬੀਸੀ ਨਾਲ ਹੋਈ ਇੱਕ ਖ਼ਾਸ ਗੱਲਬਾਤ ਵਿੱਚ ਨਾਮੀਬੀਆ ਤੋਂ ਦੱਸਿਆ, ''ਇਸ ਪ੍ਰੋਜੈਕਟ ਲਈ ਅਸੀਂ ਕਾਫ਼ੀ ਮਿਹਨਤ ਕੀਤੀ ਸੀ ਅਤੇ ਉਮੀਦ ਹੈ ਕਿ ਸਭ ਕੁਝ ਚੰਗਾ ਰਹੇਗਾ।"

"ਇਹ ਚੀਤੇ, ਸ਼ੇਰ ਅਤੇ ਤੇਂਦੁਏ ਤੋਂ ਇਲਾਵਾ ਦੁਜੇ ਜਾਨਵਰਾਂ ਦੇ ਆਲੇ-ਦੁਆਲੇ ਰਹਿੰਦੇ ਹੋਏ ਵੱਡੇ ਹੋਏ ਹਨ। ਭਾਰਤ ਵਿੱਚ ਵੀ ਇਹ ਆਪਣਾ ਘਰ ਵਸਾ ਲੈਣਗੇ। ਪੰਜ-ਸੱਤ ਸਾਲ ਦਾ ਸਮਾਂ ਦਿਓ, ਇਹ ਪ੍ਰੋਜੈਕਟ ਬਹੁਤ ਤੇਜ਼ੀ ਨਾਲ ਵਧੇਗਾ।''

ਇਹ ਵੀ ਪੜ੍ਹੋ:

ਚੀਤਿਆਂ ਦਾ 'ਤੋਹਫ਼ਾ'

2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਆਮ ਤੌਰ ਉੱਤੇ ਆਪਣਾ ਜਨਮਦਿਨ (17 ਸਤੰਬਰ) ਗੁਜਰਾਤ ਵਿੱਚ ਮਨਾਉਂਦੇ ਰਹੇ ਹਨ।

ਅਕਸਰ ਉਹ ਆਪਣੀ ਮਾਂ ਨੂੰ ਮਿਲਣ ਜਾਂਦੇ ਹਨ, ਸਰਦਾਰ ਸਰੋਵਰ ਬੰਨ੍ਹ ਵਰਗੀਆਂ ਅਹਿਮ ਥਾਂਵਾਂ ਦੀ ਇੰਸਪੈਕਸ਼ਨ ਜਾਂ 1965 ਵਿੱਚ ਹੋਏ ਭਾਰਤ-ਪਾਕ ਯੁੱਧ ਵਾਰ ਐਗਜ਼ੀਬਿਸ਼ਨ ਦੀ ਘੁੰਢ ਚੁਕਾਈ ਜਾਂ ਸਵੱਛਤਾ ਦਿਹਾੜੇ ਦੀ ਸ਼ੁਰੂਆਤ ਜਾਂ ਸਕੂਲ ਬੱਚਿਆਂ ਦੇ ਨਾਲ ਮਿਲ ਕੇ ਆਪਣੀ ਸਾਲਗਿਰਾਹ ਮਨਾਉਂਦੇ ਹਨ।

ਪਰ ਇਸ ਵਾਰ ਉਨ੍ਹਾਂ ਦੀ ਲਿਸਟ ਵਿੱਚ ਭਾਰਤ 'ਚ ਚੀਤਿਆਂ ਦੀ ਵਾਪਸੀ ਟੌਪ ਹੈ।

ਕੂਨੋ ਪਾਰਕ ਵਿੱਚ ਚੀਤਿਆਂ ਨੂੰ ਛੱਡਣ ਤੋਂ ਬਾਅਦ ਪ੍ਰਧਾਨ ਮੰਤਰੀ ਨੇੜੇ ਦੇ ਪੌਪੂਲਰ ਗੈਸਟ-ਹਾਊਸ ਵਿੱਚ ਫਾਰੈਸਟ ਗਾਰਡਸ ਅਤੇ ਕਰੀਬ 150 'ਚੀਤਾ ਮਿੱਤਰਾਂ' ਨਾਲਾ ਮੁਲਾਕਾਤ ਕਰਨ ਵਾਲੇ ਹਨ।

ਕੂਨੋ ਨੈਸ਼ਨਲ ਪਾਰਕ ਜਾ ਕੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਲੀ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਦੀ ਪੱਤਰਕਾਰ ਇਰਮ ਸਿੱਦੀਕੀ ਮੁਤਾਬਕ, "ਇਹ ਚੀਤਾ ਮਿੱਤਰ ਦਰਅਸਲ 400 ਨੌਜਵਾਨ ਹਨ ਜਿਨ੍ਹਾਂ ਨੂੰ ਇਲਾਕੇ ਦੇ ਪਿੰਡਾਂ ਵਿੱਚ ਚੀਤਿਆਂ ਬਾਰੇ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਸਿਖਲਾਈ ਦਿੱਤੀ ਗਈ ਹੈ। ਇਹ ਲੋਕ ਪਿੰਡ ਵਾਲਿਆਂ ਨੂੰ ਇਹ ਵੀ ਦੱਸਣਗੇ ਕਿ ਚੀਤੇ ਅਤੇ ਤੇਂਦੁਏ ਵਿੱਚ ਕੀ ਫ਼ਰਕ ਹੁੰਦਾ ਹੈ।"

ਅਧਿਕਾਰੀਆਂ ਮੁਤਾਬਕ ਨਾਮੀਬੀਆ ਵਿੱਚ ਤਾਂ ਚੀਤੇ ਅਤੇ ਤੇਂਦੁਏ ਜੰਗਲ ਵਿੱਚ ਨਾਲ ਹੀ ਰਹਿੰਦੇ ਹਨ ਪਰ ਫ਼ਿਲਹਾਲ ਮੱਧ ਪ੍ਰਦੇਸ਼ ਆ ਰਹੇ ਚੀਤਿਆਂ ਨੂੰ ਕੂਨੋ ਪਾਰਕ ਵਿੱਚ ਤੇਂਦੁਏ ਤੋਂ ਦੂਰ ਰੱਖਿਆ ਜਾ ਰਿਹਾ ਹੈ। ਹਾਲਾਂਕਿ ਅੱਗੇ ਚੱਲ ਕੇ ਉਨ੍ਹਾਂ ਨੂੰ ਜੰਗਲ ਵਿੱਚ ਮੌਜੂਦ 150 ਤੋਂ ਵੀ ਜ਼ਿਆਦਾ ਤੇਂਦੁਏ ਨਾਲ ਜੂਝਨਾ ਪਵੇਗਾ।

ਇਸ ਦਾ ਇੱਕ ਕਾਰਨ ਵੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਚੀਤੇ ਬਾਰੇ ਜਾਣੋ ਇਹ ਦਿਲਚਸਪ ਜਾਣਕਾਰੀ

  • ਚੀਤੇ...ਬਾਘ, ਸ਼ੇਰ ਜਾਂ ਤੇਂਦੁਏ ਦੀ ਤਰ੍ਹਾਂ ਦਹਾੜਦੇ ਨਹੀਂ ਹਨ, ਉਨ੍ਹਾਂ ਦੇ ਗਲੇ ਵਿੱਚ ਉਹ ਹੱਡੀ ਨਹੀਂ ਹੁੰਦੀ ਜਿਸ ਨਾਲ ਅਜਿਹੀ ਆਵਾਜ਼ ਨਿਕਲ ਸਕੇ, ਚੀਤੇ ਬਿੱਲੀਆਂ ਵਾਂਗ ਹੌਲੀ ਆਵਾਜ਼ ਕੱਢਦੇ ਹਨ ਅਤੇ ਕਈ ਵਾਰ ਚਿੜੀਆਂ ਦੀ ਤਰ੍ਹਾਂ ਬੋਲਦੇ ਹਨ।
  • ਚੀਤਾ ਦੁਨੀਆਂ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਹੈ ਪਰ ਉਹ ਬਹੁਤ ਲੰਬੀ ਦੂਰੀ ਇੱਕ ਤੇਜ਼ ਰਫ਼ਤਾਰ ਨਾਲ ਨਹੀਂ ਦੌੜ ਸਕਦਾ, ਆਮ ਤੌਰ 'ਤੇ ਇਹ ਦੂਰੀ 300 ਮੀਟਰ ਤੋਂ ਜ਼ਿਆਦਾ ਨਹੀਂ ਹੁੰਦੀ।
  • ਚੀਤੇ ਦੌੜਨ ਵਿੱਚ ਸਭ ਤੋਂ ਭਾਵੇਂ ਤੇਜ਼ ਹੋਣ ਪਰ ਕੈਟ ਪ੍ਰਜਾਤੀ ਦੇ ਬਾਕੀ ਜਾਨਵਰਾਂ ਵਾਂਗ ਉਹ ਕਾਫ਼ੀ ਸਮਾਂ ਸੁਸਤੀ ਵਿੱਚ ਬਿਤਾਉਂਦੇ ਹਨ।
  • ਰਫ਼ਤਾਰ ਦੇ ਮਾਮਲੇ ਵਿੱਚ ਚੀਤੇ ਸਪੋਰਟਸ ਕਾਰ ਤੋਂ ਤੇਜ਼ ਹੁੰਦੇ ਹਨ, ਜ਼ੀਰੋ ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ੍ਹਨ ਵਿੱਚ ਇਨ੍ਹਾਂ ਨੂੰ ਤਿੰਨ ਸਕਿੰਟ ਲਗਦੇ ਹਨ।
  • ਚੀਤੇ ਦਾ ਨਾਮ ਹਿੰਦੀ ਦੇ ਸ਼ਬਦ ਚਿੱਤੀ ਤੋਂ ਬਣਿਆ ਹੈ ਕਿਉਂਕਿ ਇਸ ਦੇ ਸ਼ਰੀਰ ਦੇ ਚਿੱਤੀਦਾਰ ਨਿਸ਼ਾਨ ਇਸ ਦੀ ਪਛਾਣ ਹੁੰਦੇ ਹਨ।
  • ਚੀਤਾ ਕੈਟ ਪ੍ਰਜਾਤੀ ਦੇ ਹੋਰ ਜਾਨਵਰਾਂ ਤੋਂ ਇਸ ਮਾਮਲੇ ਵਿੱਚ ਵੱਖਰਾ ਹੈ ਕਿ ਉਹ ਰਾਤ 'ਚ ਸ਼ਿਕਾਰ ਨਹੀਂ ਕਰਦਾ ਹੈ।
  • ਚੀਤੇ ਦੀਆਂ ਅੱਖਾਂ ਦੇ ਹੇਠਾਂ ਜੋ ਕਾਲੀ ਧਾਰੀਆਂ ਅੱਥਰੂਆਂ ਵਾਂਗ ਦਿਖਦੀਆਂ ਹਨ ਉਹ ਦਰਅਸਲ ਸੂਰਜ ਦੀ ਤੇਜ਼ ਰੌਸ਼ਨੀ ਨੂੰ ਰਿਫ਼ਲੈਕਟ ਕਰਦੀ ਹੈ ਜਿਸ ਨਾਲ ਉਹ ਤੇਜ਼ ਧੁੱਪ ਵਿੱਚ ਸਾਫ਼ ਦੇਖ ਸਕਦੇ ਹਨ।
  • ਮੁਗ਼ਲਾਂ ਨੂੰ ਚੀਤੇ ਪਾਲਣ ਦਾ ਸ਼ੌਂਕ ਸੀ, ਉਹ ਆਪਣੇ ਨਾਲ ਚੀਤਿਆਂ ਨੂੰ ਸ਼ਿਕਾਰ ਉੱਤੇ ਲੈ ਜਾਂਦੇ ਸਨ ਜੋ ਅੱਗੇ-ਅੱਗੇ ਚਲਦੇ ਸਨ ਅਤੇ ਹਿਰਣਾਂ ਦਾ ਸ਼ਿਕਾਰ ਕਰਦੇ ਸਨ।
  • ਭਾਰਤ ਵਿੱਚ ਚੀਤੇ ਨੂੰ 1952 ਵਿੱਚ ਲੁਪਤ ਐਲਾਨ ਦਿੱਤਾ ਗਿਆ ਸੀ, ਹੁਣ ਇੱਕ ਵਾਰ ਫ਼ਿਰ ਉਨ੍ਹਾਂ ਨੂੰ ਮੁੜ ਭਾਰਤ ਵਿੱਚ ਵਸਾਉਣ ਦੀ ਕੋਸ਼ਿਸ਼ ਹੋ ਰਹੀ ਹੈ।
  • ਭਾਰਤ ਵਿੱਚ ਜਿਹੜੇ ਚੀਤੇ ਲਿਆਏ ਗਏ ਹਨ ਉਹ ਖੁੱਲ੍ਹੇ ਮੈਦਾਨਾਂ ਵਿੱਚ ਸ਼ਿਕਾਰ ਕਰਨ ਦੇ ਆਦੀ ਹਨ, ਉਨ੍ਹਾਂ ਵੱਲੋਂ ਮੱਧ ਪ੍ਰਦੇਸ਼ ਦੇ ਜੰਗਲਾਂ ਵਿੱਚ ਸ਼ਿਕਾਰ ਕਰਨਾ ਕਿੰਨਾ ਸੌਖਾ ਹੋਵੇਗਾ, ਇਹ ਦੇਖਣਾ ਬਾਕੀ ਹੈ।

ਸਰੋਤ - ਜ਼ੂਲੌਜਿਕਲ ਸੁਸਾਇਟੀ ਆਫ਼ ਲੰਡਨ

ਬਾਘ ਉੱਤੇ ਲੰਮੇ ਸਮੇਂ ਤੋਂ ਅਧਿਐਨ ਕਰਦੇ ਰਹੇ ਵਾਈਲਡਲਾਈਫ਼ ਫ਼ਿਲਮਮੇਕਰ ਅਜੇ ਸੂਰੀ ਨੇ ਦੱਸਿਆ, "ਤੇਂਦੁਆ ਬੇਹੱਦ ਹਮਲਾਵਰ ਹੁੰਦਾ ਹੈ ਜਦਕਿ ਚੀਤੇ ਉਸ ਮੁਕਾਬਲੇ ਘੱਟ ਹਮਲਾ ਕਰਦੇ ਹਨ।"

"ਦੂਜੀ ਗੱਲ ਇਹ ਹੈ ਕਿ ਤੇਂਦੁਆ ਆਪਣੇ ਇਲਾਕੇ ਵਿੱਚ ਬਿਰਾਦਰੀ ਦੇ ਦੂਜੇ ਜਾਨਵਰਾਂ ਦਾ ਰਹਿਣਾ ਪਸੰਦ ਨਹੀਂ ਕਰਦਾ। ਹੁਣ ਸ਼ੇਰ ਜਾਂ ਬਾਘ ਨਾਲ ਤਾਂ ਉਹ ਲੜਦਾ ਨਹੀਂ, ਪਰ ਚੀਤਿਆਂ ਉੱਤੇ ਹਮਲਾ ਕਰਨਾ ਆਮ ਗੱਲ ਹੈ।"

ਦੁਨੀਆਂ ਭਰ ਵਿੱਚ ਇਸ ਸਮੇਂ ਚੀਤਿਆਂ ਦੀ ਗਿਣਤੀ ਲਗਭਗ ਸੱਤ ਹਜ਼ਾਰ ਹੈ ਜਿਸ ਵਿੱਚੋਂ ਅੱਧੇ ਤੋਂ ਜ਼ਿਆਦਾ ਚੀਤੇ ਦੱਖਣੀ ਅਫ਼ਰੀਕਾ, ਨਾਮੀਬੀਆ ਅਤੇ ਬੋਤਸਵਾਨਾ ਵਿੱਚ ਮੌਜੂਦ ਹਨ।

ਭਾਰਤ ਨੇ 1950 ਦੇ ਦਹਾਕੇ ਵਿੱਚ ਚੀਤਿਆਂ ਨੂੰ ਅਲੋਪ ਐਲਾਨ ਦਿੱਤਾ ਸੀ ਅਤੇ ਦੇਸ਼ ਵਿੱਚ ਇੱਕ ਵੀ ਜਿਉਂਦਾ ਚੀਤਾ ਨਹੀਂ ਬਚਿਆ ਸੀ।

ਵੈਸੇ ਇਹ ਪਹਿਲਾਂ ਮੌਕਾ ਹੈ ਜਦੋਂ ਇੱਕ ਇੰਨੇ ਵੱਡੇ ਮਾਸਾਹਾਰੀ ਜਾਨਵਰ ਨੂੰ ਇੱਕ ਮਹਾਦੀਪ ਤੋਂ ਕੱਢ ਕੇ ਦੂਜੇ ਮਹਾਦੀਪ ਦੇ ਜੰਗਲਾਂ ਵਿੱਚ ਲਾਇਆ ਜਾ ਰਿਹਾ ਹੈ।

ਬਾਘਾਂ ਦੇ ਮਾਮਲੇ ਵਿੱਚ ਭਾਰਤ ਇੰਝ ਮਿਸਾਲ ਬਣ ਸਕਦਾ ਹੈ

ਗੱਲ ਭਾਰਤ ਦੀ ਹੋਵੇ ਤਾਂ ਅਜਿਹਾ ਨਹੀਂ ਹੈ ਕਿ ਪਹਿਲਾਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਸਨ।

ਸੁਰੱਖਿਆਵਾਦੀ ਅਤੇ ਵਾਈਲਡਲਾਈਫ਼ ਜੀਵ ਵਿਗਿਆਨੀ ਰਵੀ ਚੇਲਮ ਮੁਤਾਬਕ, "1970 ਦੇ ਦਹਾਕੇ ਵਿੱਚ ਜਦੋਂ ਈਰਾਨ ਵਿੱਚ ਸ਼ਾਹ ਦਾ ਸ਼ਾਸਨ ਸੀ, ਭਾਰਤ ਨੇ ਉੱਥੋਂ ਚੀਤੇ ਲਿਆ ਕੇ ਵਸਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਈਰਾਨ 'ਚ ਸੱਤਾ ਬਦਲਦੇ ਹੀ ਸਭ ਖ਼ਤਮ ਹੋ ਗਿਆ।"

"ਇਸ ਤੋਂ ਬਾਅਦ ਨਾਮੀਬੀਆ ਤੋਂ ਅਜਿਹੀ ਹੀ ਇੱਕ ਪਹਿਲ 2009 ਵਿੱਚ ਸ਼ੁਰੂ ਹੋਈ ਸੀ ਜਿਸ ਤਹਿਤ ਕੂਨੋ ਨੈਸ਼ਨਲ ਪਾਰਕ ਵਰਗੀਆਂ ਤਿੰਨ ਥਾਂਵਾਂ ਤੋਂ ਵਸਾਉਣ ਉੱਤੇ ਰਾਏ ਬਣੀ ਸੀ।"

ਇੱਕ ਵੱਡੀ ਪਹਿਲ 2010 ਵਿੱਚ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਨੇ ਕੀਤੀ ਸੀ ਜਿਸ ਦੇ ਇੱਕ ਦਹਾਕੇ ਬਾਅਦ 2020 ਵਿੱਚ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਚੀਤਿਆਂ ਨੂੰ ਲਿਆਉਣ ਦੀ ਇਜਾਜ਼ਤ ਦੇ ਦਿੱਤੀ।

ਕੋਰਟ ਨੇ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਿਟੀ ਨੂੰ ਚੀਤਿਆਂ ਦੇ ਸੁਰੱਖਿਅਤ ਤਰੀਕੇ ਨਾਲ ਵਸਾਏ ਜਾਣ ਲਈ ਇੱਕ ਬਿਹਤਰ ਥਾਂ ਲੰਭਣ ਦੇ ਹੁਕਮ ਦਿੱਤੇ ਸਨ।

ਜ਼ਾਹਿਰ ਹੈ ਕਿ ਚੀਤਿਆਂ ਦੇ ਆਉਣ ਦੀ ਗੱਲ ਨੂੰ ਲੈ ਕੇ ਚੰਗਾ ਉਤਸ਼ਾਹ ਵੀ ਹੈ ਅਤੇ ਜਿਗਿਆਸਾ ਵੀ ਕਿ ਸ਼ੇਰ-ਚੀਤਿਆਂ ਨੂੰ ਉਨ੍ਹਾਂ ਦੀਆਂ ਸੈਂਕਚੁਰੀਆਂ ਤੋਂ ਕਿਸੇ ਦੂਜੀ ਥਾਂ ਉੱਤੇ ਸ਼ਿਫ਼ਟ ਹੋਣ ਦਾ ਇਤਿਹਾਸ ਹੈ।

ਇਸ ਪਰਿਯੋਜਨਾ ਨਾਲ ਜੁੜੇ ਵਾਈਲਡਲਾਈਫ਼ ਇੰਸਟੀਚਿਊਟ ਆਫ਼ ਇੰਡੀਆ ਦੇ ਡੀਨ ਯਾਦਵੇਂਦਰ ਦੇਵ ਝਾਲਾ ਕਹਿੰਦੇ ਹਨ, ''ਇਹ ਕਾਫ਼ੀ ਉਤਸ਼ਾਹਿਤ ਕਰਨ ਵਾਲੀ ਗੱਲ ਹੈ, ਪਰ ਇਹ ਚੁਣੌਤੀਆਂ ਨਾਲ ਭਰਿਆ ਵੀ ਹੈ। ਅਲੋਪ ਜਾਨਵਰਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਵਿੱਚ ਇਹ ਭਾਰਤ ਦੀ ਇੱਕ ਵੱਡੀ ਕਾਮਯਾਬੀ ਹੈ।''

ਬੰਗਲਾਦੇਸ਼ 'ਚ ਬਾਘਾਂ ਦਾ ਖ਼ਾਤਮਾ ਕਰਨ ਵਾਲੇ ਮਾਫ਼ੀਆ

ਸਵਾਲ ਸਾਰਿਆਂ ਦੇ ਮਨ ਵਿੱਚ ਇਹੀ ਹੈ ਕਿ ਕੀ ਇਹ ਪ੍ਰੋਜੈਕਟ ਕਾਮਯਾਬ ਰਹੇਗਾ।

ਵਾਈਲਡਲਾਈਫ਼ ਫ਼ਿਲਮਮੇਕਰ ਅਜੇ ਸੂਰੀ ਨੇ ਦੱਸਿਆ, "ਪਿਛਲੇ ਦੋ ਦਹਾਕਿਆਂ ਵਿੱਚ ਸਰਿਸਕਾ ਅਤੇ ਪੰਨਾ ਟਾਈਗਰ ਰਿਜ਼ਰਵ ਵਿੱਚ ਬਾਘ ਵਿਲੁਪਤ ਹੋ ਗਏ ਸਨ, ਫ਼ਿਰ ਰਣਥੰਭੌਰ ਅਤੇ ਕਾਨਹਾ ਟਾਈਗਰ ਰਿਜ਼ਰਵ ਤੋਂ ਉਨ੍ਹਾਂ ਨੂੰ ਇੱਥੇ ਲਿਆਇਆ ਗਿਆ।"

"ਅੱਜ ਚਾਰੇ ਥਾਂਵਾਂ ਉੱਤੇ ਉਨ੍ਹਾਂ ਦੀ ਗਿਣਤੀ ਵੱਧ ਰਹੀ ਹੈ। ਪਿਛਲੀ ਸ਼ਤਾਬਦੀ ਵਿੱਚ ਅਮਰੀਕਾ ਦੇ ਯੇਲੋਸਟੋਨ ਨੈਸ਼ਨਲ ਪਾਰਕ ਤੋਂ ਗ੍ਰੇ ਵੁਲਫ਼ (ਭੇੜੀਏ) ਅਲੋਪ ਹੋ ਗਏ ਸਨ। ਇੱਕ ਵੱਡੇ ਰਿਲੋਕੇਸ਼ਨ ਪ੍ਰੋਗਰਾਮ ਤਹਿਤ ਉਨ੍ਹਾਂ ਨੂੰ ਕੈਨੇਡਾ ਤੋਂ ਲਿਆ ਕੇ ਵਸਾਇਆ ਗਿਆ ਅਤੇ ਉਹ ਦੁਬਾਰਾ ਵੱਸ ਗਏ।"

ਫ਼ਿਲਹਾਲ ਤਾਂ ਕੂਨੋ ਨੈਸ਼ਨਲ ਪਾਰਕ ਵਿੱਚ ਚੀਤਿਆਂ ਨੂੰ ਰੱਖਣ ਵਿੱਚ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਹੈ।

ਪਰ ਭਾਰਤ ਵਿੱਚ ਬੇਸ਼ਕੀਮਤੀ ਜੰਗਲੀ ਜਾਨਵਰਾਂ ਦੇ ਗੈਰ-ਕਾਨੂੰਨੀ ਸ਼ਿਕਾਰ ਦੀ ਸਮੱਸਿਆ ਅੱਜ ਵੀ ਕਾਇਮ ਹੈ।

ਵਰਲਡ ਵਾਈਲਡ ਫੰਡ ਅਤੇ ਲੰਡਨ ਦੀ ਜੂਲੌਜਿਕਲ ਸੁਸਾਇਟੀ ਦੀ ਰਿਪੋਰਟ ਮੁਤਾਬਕ ਭਾਰਤ ਅਜੇ ਵੀ ਜੰਗਲੀ ਜਾਨਵਰਾਂ ਦੇ ਸਿਕਾਰ ਦਾ ਇੱਕ ਵੱਡਾ ਗੜ੍ਹ ਬਣਿਆ ਹੋਇਆ ਹੈ।

ਹਾਥੀ ਦੇ ਦੰਦ ਅਤੇ ਗੈਂਡੇ ਦੇ ਸ਼ਿਕਾਰ ਤੋਂ ਇਲਾਵਾ ਬਾਘ ਅਤੇ ਤੇਂਦੁਏ ਦੀ ਖਾਲ, ਉਨ੍ਹਾਂ ਦੀ ਹੱਡੀ ਅਤੇ ਸ਼ਰੀਰ ਦੇ ਹੋਰ ਅੰਗ ਅਜੇ ਵੀ ਤਸਕਰਾਂ ਨੂੰ ਆਪਣੇ ਵੱਲ ਖਿੱਚਦੇ ਹਨ।

ਖੈਰ, 'ਚੀਤਾ ਮਿੱਤਰ' ਹੋਣ ਜਾਂ ਡ੍ਰੋਨ ਟੀਮ, ਇਨ੍ਹਾਂ ਸਾਰਿਆਂ ਦਾ ਅਸਲ ਇਮਤਿਹਾਨ ਸ਼ੁਰੂ ਹੋਣ ਵਿੱਚ ਹੁਣ ਬੇਹੱਦ ਘੱਟ ਸਮਾਂ ਬਚਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)